ਪੁਸਤਕ ਸਮੀਖਿਆ । ਮਿੰਟੂ ਬਰਾੜ ਦਾ ਕੈਂਗਰੂਨਾਮਾ

kangroonama mintu brar punjabi book articles book review jaswant zafar
ਪੁਸਤਕ ਸਮੀਖਿਆ । ਕੈਂਗਰੂਨਾਮਾ । ਮਿੰਟੂ ਬਰਾੜ
ਜਦ ਅੰਗਰੇਜ਼ ਲੋਕ ਨਵੇਂ ਨਵੇਂ ਅਸਟ੍ਰੇਲੀਆ ‘ਚ ਆਏ ਸਨ ਤਾਂ ਉਹਨਾਂ ਪਿਛਲੀਆਂ ਦੋ ਲੱਤਾਂ ਤੇ ਦੌੜਨ ਵਾਲਾ ਇਕ ਅਨੋਖਾ ਜਾਨਵਰ ਪਹਿਲੀ ਵਾਰ ਦੇਖਿਆ ਸੀ। ਉਹਨਾਂ ਸਥਾਨਕ ਲੋਕਾਂ ਤੋਂ ਅੰਗਰੇਜ਼ੀ ਵਿਚ ਇਸ ਜਾਨਵਰ ਦਾ ਨਾਂ ਪੁੱਛਿਆ ਤਾਂ ਸਥਾਨਕ ਲੋਕਾਂ ਨੂੰ ਅੰਗਰੇਜ਼ੀ ਸਮਝ ਨਾ ਆਵੇ। ਜਦ ਅੰਗਰੇਜ਼ਾਂ ਨੇ ਛਤੀ ਅੱਗੇ ਹੱਥ ਲਟਕਾ ਕੇ ਛੜੱਪੇ ਮਾਰ ਕੇ ਇਸ਼ਾਰਿਆਂ ਨਾਲ ਇਸ ਜਾਨਵਰ ਬਾਰੇ ਪੁੱਛਣਾ ਚਾਹਿਆ ਤਾਂ ਅਸਟ੍ਰੇਲੀਅਨ ਆਦਿ-ਵਾਸੀਆਂ ਨੇ ਕਿਹਾ,”ਕੰਗ ਹੂਅ ਰੂਹ।” ਉਹਨਾਂ ਦੀ ਭਾਸ਼ਾ ਵਿਚ “ਕੰਗ ਹੂਅ ਰੂਹ” ਦਾ ਮਤਲਬ ਸੀ- “ਗੱਲ ਸਮਝ ਨਹੀਂ ਆ ਰਹੀ।” ਪਰ ਅੰਗਰੇਜ਼ਾਂ ਨੇ ਸੋਚਿਆ ਕਿ ਇਸ ਜਾਨਵਰ ਦਾ ਨਾਂ ਕੈਂਗਰੂ ਹੈ। ਕੰਗਾਰੂ ਹੁਣ ਸਾਰੀ ਦੁਨੀਆਂ ਵਿਚ ਅਸਟ੍ਰੇਲੀਆ ਦੇ ਪ੍ਰਤੀਕ ਵਜੋਂ ਜਾਣਿਆਂ ਜਾਂਦਾ ਹੈ। ਮਿੰਟੂ ਬਰਾੜ ਅਸਟ੍ਰੇਲੀਆ ਵਿਚ ਰਹਿੰਦਾ ਹੈ ਅਤੇ ਆਪਣੇ ਰੁਜ਼ਗਾਰ ਦੇ ਨਾਲ-ਨਾਲ ਆਪਣੇ ਭਾਈਚਾਰੇ ਲਈ ਉਥੇ ਪੰਜਾਬੀ ਰੇਡੀਓ ਚੈਨਲ ਚਲਾਉਂਦਾ ਹੈ, ਪੰਜਾਬੀ ਸਾਹਿਤਕ ਰਸਾਲਾ ਕੂਕਾਬਾਰਾ ਛਾਪਦਾ ਹੈ, ਪੰਜਾਬੀ ਅਖਬਾਰ ਕੱਢਦਾ ਹੈ ਅਤੇ ਹੋਰ ਕਈ ਭਾਂਤ- ਸੁਭਾਂਤੀਆਂ ਪੰਜਾਬੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ, ਜਾਣੀ ਕਿ ਅਸਟ੍ਰੇਲੀਆ ਵਿਚ ਪੰਜਾਬੀ ਸ਼ਬਦ ਸੱਭਿਆਚਾਰ ਦਾ ਸੂਤਰਧਾਰ ਹੈ ਮਿੰਟੂ ਬਰਾੜ। ਪਿੱਛੇ ਜਿਹੇ ਉਸ ਨੇ ਉਥੋਂ ਦੇ ਜਨ ਜੀਵਨ ਅਤੇ ਪ੍ਰਬੰਧ ਬਾਰੇ ਲੇਖ ਸੰਗ੍ਰਹਿ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਨੂੰ ਉਸ ਨੇ ‘ਕੈਂਗਰੂਨਾਮਾ’ ਦਾ ਨਾਮ ਦਿੱਤਾ ਹੈ। ਇਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਉਸ ਨੂੰ ਉਥੇ ਵੱਸਦੇ ਵਿਚਰਦੇ ਪੰਜਾਬੀਆਂ ਦੇ ਕਾਰ, ਵਿਹਾਰ, ਆਚਾਰ, ਵਪਾਰ, ਪਿਆਰ, ਸਤਿਕਾਰ, ਪਰਿਵਾਰ, ਨਿਘਾਰ, ਪ੍ਰਚਾਰ, ਰਫ਼ਤਾਰ, ਮਾਰਾ-ਮਾਰ ਅਤੇ ਹਾਹਾਕਾਰ ਜਾਣੀ ਕਿ ਹਰ ਪੱਖ ਦੀ ‘ਗੱਲ ਪੂਰੀ ਤਰ੍ਹਾਂ ਸਮਝ ਆ ਰਹੀ ਹੈ’। ਇਹ ਲੇਖ ‘ਕਿੰਜ ਹੈ’ ਅਤੇ ‘ਕਿੰਜ ਹੋਣਾ ਚਾਹੀਦਾ ਹੈ’ ਦੇ ਵਿਚਕਾਰਲੇ ਪਾੜੇ ਵਿਚ ਤੜਪਦੇ ਲਫ਼ਜ਼ਾਂ ਦਾ ਸੰਗ੍ਰਹਿ ਹਨ। ਪਰ ਇਹ ਤੜਪ ਕਿਸੇ ਤਰ੍ਹਾਂ ਦੀ ਭਟਕਣ ਜਾਂ ਨਿਰਾਸ਼ਾ ਦੀ ਬਜਾਏ ਆਤਮ ਚਿੰਤਨ ਰਾਹੀਂ ਰੌਸ਼ਨੀ ਪੈਦਾ ਕਰਨ ਵਾਲੀ ਹੈ। ਸੁਹਿਰਦ ਅਤੇ ਕਰਮਯੋਗੀ ਬੰਦਿਆਂ ਦੀ ਵੇਦਨਾ ਵਿਚ ਆਪਣੇ ਭਾਈਚਾਰੇ ਨੂੰ ਚੰਗੇਰੀ ਦਿਸ਼ਾ ਵਿਚ ਲਿਜਾਣ ਦੀ ਊਰਜਾ ਹੁੰਦੀ ਹੈ। ਬੋਲ ਚਾਲ ਦੀ ਦਿਲਚਸਪ ਭਾਸ਼ਾ ਵਿਚ ਹੋਣ ਕਰਕੇ ਪੁਸਤਕ ਪੜਦਿਆਂ ਲੱਗਦਾ ਜਿਵੇਂ ਮਿੰਟੂ ਤੁਹਾਡੇ ਨਾਲ ਬੈਠ ਕੇ ਗੱਲਾਂ ਸੁਣਾ ਰਿਹਾ ਹੋਵੇ। ਇਸ ਨੂੰ ਪੜ੍ਹ ਮੇਰੇ ਦਿਲ ਵਿਚ ਮਿੰਟੂ ਬਰਾੜ ਪ੍ਰਤੀ ਬਹੁਤ ਆਦਰ ਪੈਦਾ ਹੋਇਆ ਹੈ। 
-ਜਸਵੰਤ ਸਿੰਘ ਜ਼ਫ਼ਰ

Posted

in

by

Comments

One response to “ਪੁਸਤਕ ਸਮੀਖਿਆ । ਮਿੰਟੂ ਬਰਾੜ ਦਾ ਕੈਂਗਰੂਨਾਮਾ”

  1. Unknown Avatar

    ਦੋਸਤੋ! 'ਕੈਂਗਰੂਨਾਮਾ' ਕਿਤਾਬ ਆਈ ਨੂੰ ਤਕਰੀਬਨ ਤਿੰਨ ਮਹੀਨੇ ਬੀਤ ਗਏ ਹਨ, ਇਸ ਦੌਰਾਨ ਦੁਨੀਆ ਭਰ ਤੋਂ ਪਾਠਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਪਹਿਲਾ ਐਡੀਸ਼ਨ ਛੇਤੀ ਖ਼ਤਮ ਹੋਣ ਕਾਰਨ ਕਈ ਥਾਈਂ ਹਾਲੇ ਕਿਤਾਬ ਪੁੱਜਦੀ ਨਹੀਂ ਕਰ ਸਕੇ। ਜਿਸ ਲਈ ਕੋਸ਼ਿਸ਼ ਜਾਰੀ ਹੈ। ਜ਼ਿਆਦਾਤਰ ਨੌਜਵਾਨ ਪਾਠਕਾਂ ਨੇ ਕਿਤਾਬ ਪੜ੍ਹ ਕੇ ਉਸ ਬਾਰੇ ਆਪਣੇ ਵਿਚਾਰ ਵੀ ਭੇਜੇ। ਵਿਚਾਰ ਪੜ੍ਹ ਖ਼ੁਸ਼ੀ ਹੋਣੀ ਸੁਭਾਵਿਕ ਸੀ। ਪਰ ਅੱਜ ਜਦੋਂ ਬੜੇ ਹੀ ਸਤਿਕਾਰਯੋਗ ਅਤੇ ਪੰਜਾਬੀ ਮਾਂ ਬੋਲੀ ਦੇ ਕੁਝ ਚੋਣਵੇਂ ਮੋਤੀਆਂ ਵਿਚੋਂ ਇਕ 'ਜਨਾਬ ਜਸਵੰਤ ਜ਼ਫ਼ਰ ਜੀ' ਦੀ ਵਾਲ ਤੇ ਹਥਲੀ ਪੋਸਟ ਦੇਖੀ ਤਾਂ ਖ਼ੁਸ਼ੀ ਸ਼ਬਦਾਂ 'ਚ ਵਲ੍ਹੇਟਣੀ ਔਖੀ ਹੋ ਰਹੀ ਹੈ। ਰਾਤ ਨੀਂਦ ਦੀ ਆਗੋਸ਼ ਨਾਲੋਂ ਆਪਣੀ ਵਧੀ ਜ਼ੁੰਮੇਵਾਰੀ ਬਾਰੇ ਸੋਚਦਿਆਂ ਲੰਘ ਗਈ। ਜ਼ਫ਼ਰ ਸਾਹਿਬ ਵੱਲੋਂ ਲਿਖੇ ਇਹ ਚਾਰ ਸ਼ਬਦਾਂ ਦੇ ਮਾਅਨੇ ਮੇਰੇ ਲਈ ਕਿ ਹਨ ਸ਼ਾਇਦ ਹਨੂਮਾਨ ਵਾਂਗ ਸੀਨਾ ਪਾੜ ਕੇ ਹੀ ਦੇਖੇ ਜਾਂ ਦਿਖਾਏ ਜਾ ਸਕਦੇ ਹਨ।
    'ਕੈਂਗਰੂਨਾਮਾ' ਵਿਚ ਲਿਖੇ ਜ਼ਫ਼ਰ ਸਾਹਿਬ ਦੇ ਚਾਰ ਸ਼ਬਦ ਲਿਖਣ ਪਿੱਛੇ ਦੀ ਕਹਾਣੀ ਆਪ ਜੀ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਗੱਲ ਇਸ ਸਾਲ ਦੇ ਸ਼ੁਰੂ ਦੀ ਹੈ। ਆਪਣੀਆਂ ਕੁਝ ਲਿਖਤਾਂ ਕਿਤਾਬ ਛਪਵਾਉਣ ਲਈ ਬਾਈ ਭੁਪਿੰਦਰ ਪੰਨੀਵਾਲੀਆ ਕੋਲ ਭੇਜ ਦਿੱਤੀਆਂ ਕਿ ਤੁਸੀਂ ਕੰਮ ਸ਼ੁਰੂ ਕਰੋ। ਨਾਲ ਹੀ ਡਰਦੇ-ਡਰਦੇ ਜਿਹੇ ਨੇ ਉਹੀ ਖਰੜਾ ਆਪਣੇ ਕੁਝ ਮਰਗ ਦਰਸ਼ਕਾਂ ਨੂੰ ਭੇਜ ਦਿੱਤਾ ਅਤੇ ਬੇਨਤੀ ਕੀਤੀ ਕਿ ਇਸ ਖਰੜੇ ਬਾਰੇ ਮੇਰਾ ਮਾਰਗ-ਦਰਸ਼ਨ ਕਰੋ ਜੀ। ਜਦ ਖਰੜਾ ਸਾਰਾ ਤਿਆਰ ਹੋ ਗਿਆ ਤਾਂ ਬਾਈ ਭੁਪਿੰਦਰ ਕਹਿੰਦੇ ਕਿ ਸਭ ਦੇ ਵਿਚਾਰ ਆ ਗਏ ਤਾਂ ਫਾਈਨਲ ਕਰ ਦੇਵਾਂ। ਪਰ ਮੈਨੂੰ ਹਾਲੇ ਇਕ ਉਡੀਕ ਸੀ। ਉਹ ਸੀ ਜ਼ਫ਼ਰ ਸਾਹਿਬ ਕੀ ਸੋਚਦੇ ਹਨ ਇਸ ਕਿਤਾਬ ਬਾਰੇ। ਪ੍ਰਿੰਟਿੰਗ ਨੂੰ ਭੇਜਣ ਤੋਂ ਇਕ ਰਾਤ ਪਹਿਲਾਂ ਹੌਸਲਾ ਜਿਹਾ ਕਰ ਕੇ ਜ਼ਫ਼ਰ ਸਾਹਿਬ ਨੂੰ ਫ਼ੋਨ ਲਾ ਲਿਆ ਤੇ ਬੇਨਤੀ ਕੀਤੀ ਕਿ ਕੱਲ੍ਹ ਕਿਤਾਬ ਭੇਜਣੀ ਚਾਹੁੰਦਾ ਹਾਂ ਜੇ ਤੁਸੀਂ ਕਿਤਾਬ ਤੇ ਝਾਤ ਮਾਰ ਲਈਂ ਤਾਂ ਜ਼ਰੂਰ ਆਪਣੇ ਵਿਚਾਰ ਦਿਓ ਜੀ। ਉਨ੍ਹਾਂ ਨੇ ਅੱਗੋਂ ਕਿਹਾ ਕਿ ਛੋਟੇ ਵੀਰ ਅੱਜ ਰਾਤ ਨੂੰ 'ਪਾਠ' ਕਰਾਂਗਾ ਤੇ ਕੱਲ ਸਵੇਰੇ ਜੇ ਮੇਰੀ ਈਮੇਲ ਆ ਗਈ ਤਾਂ ਕਿਤਾਬ 'ਚ ਛਾਪ ਲਵੀਂ ਜੇ ਨਾ ਆਈ ਤਾਂ ਵੀ ਆਪਣੀ ਕਿਤਾਬ ਛਾਪ ਲਈਂ। ਉਨ੍ਹਾਂ ਦੇ ਇਹ ਚਾਰ ਸ਼ਬਦ ਮੈਨੂੰ ਘੁੰਮਣਘੇਰੀ ਵਿਚ ਪਾ ਗਏ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਵੱਲੋਂ ਕਿਤਾਬ ਪੜ੍ਹਨ ਨੂੰ 'ਪਾਠ' ਕਰਨਾ ਕਿਹਾ ਤਾਂ ਸਾਡੀ ਛੋਟੀ ਬੁੱਧੀ 'ਚ ਇਹ ਗੱਲ ਆਈ ਨਹੀਂ। ਹੋਲੀ ਹੋਲੀ ਪਤਾ ਲੱਗਿਆ ਕਿ ਕਿਸੇ ਲਿਖਤ ਪ੍ਰਤੀ ਕੀ ਸਤਿਕਾਰ ਹੁੰਦਾ! ਨਹੀਂ ਤਾਂ ਸਾਡੇ ਵਰਗੇ ਵੱਡੇ-ਵੱਡੇ ਲੇਖਕਾਂ ਨੂੰ ਹੁਣ ਤੱਕ ਪੜ੍ਹਦੇ ਰਹੇ। ਜ਼ਫ਼ਰ ਸਾਹਿਬ ਇਕ ਊੜਾ ਲਿਖਣ ਸਿੱਖ ਰਹੇ ਨੌਂਸੀਖਆ ਦੀਆਂ ਮਾਰੀਆਂ ਝਰੀਟਾਂ ਨੂੰ ਵੀ ਸਤਿਕਾਰ ਦੇ ਰਹੇ ਸਨ। ਸੋ ਪਹਿਲਾ ਪਾਠ ਮਿਲਿਆ ਮਹਿਸੂਸ ਹੋਇਆ। ਦੂਜੀ ਗੱਲ ਨੇ ਸਾਰੀ ਰਾਤ ਉੱਸਲਵੱਟੇ ਲਾਈ ਰੱਖੇ ਤੇ ਆਪਣੇ ਆਪ ਨਾਲ ਸੰਵਾਦ ਰਚਦਾ ਰਿਹਾ ਕਿ ਜੇ ਲੇਖ ਨਾ ਪਸੰਦ ਆਏ ਤਾਂ ਉਨ੍ਹਾਂ ਈਮੇਲ ਨਹੀਂ ਕਰਨੀ ਪਰ ਫੇਰ ਵੀ ਉਡੀਕਾਂਗਾ, ਦੁਪਹਿਰ ਕੁ ਤੱਕ ਆਪੇ ਕਾਲ ਕਰ ਲਵਾਂਗਾ ਤੇ ਬੇਨਤੀ ਕਰਾਂਗਾ ਕਿ ਤੁਸੀਂ ਕਿਤਾਬ ਲਈਂ ਭਾਵੇਂ ਚਾਰ ਸ਼ਬਦ ਨਾ ਲਿਖੋ ਪਰ ਕੁਝ ਨਾ ਕੁਝ ਤਾਂ ਦੱਸੋ ਇਸ 'ਕੈਂਗਰੂਨਾਮਾ' ਰੂਪੀ ਲਿਖੇ 'ਊੜੇ' ਬਾਰੇ। ਰਾਤ ਨੂੰ ਆਪਣੇ ਅਹਿਸਾਸਾਂ 'ਚ ਹੀ ਉਡੀਕ ਵਾਲਾ ਸਫ਼ਰ ਤਹਿ ਕਰ ਲਿਆ ਸੀ। ਤੜਕਸਾਰ ੭ ਕੁ ਵਜੇ ਫ਼ੋਨ ਖੜਕਿਆ। ਅੱਗੋਂ ਜ਼ਫ਼ਰ ਸਾਹਿਬ ,
    ''ਕੀ ਗੱਲ ਹਾਲੇ ਉੱਠੇ ਨਹੀਂ?''
    ''ਨਹੀਂ ਜੀ ਬੱਸ ਉੱਠ ਖੜਿਆ ਜੀ।''
    ''ਈਮੇਲ ਚੈੱਕ ਕੀਤੀ।''
    ''ਨਈ ਜੀ, ਇਥੇ ਨੈੱਟ ਨਹੀਂ ਚੱਲ ਰਿਹਾ''
    ''ਚਲੋ ਉੱਠ ਕੇ ਦੇਖੋ ਫੇਰ''
    ''ਡਰਦੇ ਜੇ ਨੇ ਪੁੱਛਿਆ ਕਿਵੇਂ ਲੱਗੇ''
    ''ਈਮੇਲ ਪੜ੍ਹ''
    ''ਜੀ ਉਹ ਤਾਂ ਘੰਟਾ ਲੱਗ ਜਾਣਾ ਤੇ ਧੜਕਣ ਹੁਣੇ ਤੇਜ ਆ''
    ਕਹਿੰਦੇ! ''ਚਲੋ ਸਾਰਾ ਤਾਂ ਪੜ੍ਹ ਲਿਓ ਬੱਸ ਇਕ ਗੱਲ ਕਹਾਂਗਾ ਕਿ ਰਾਤ ਜਦੋਂ ਇਹ ਖਰੜਾ ਪੜ੍ਹ ਰਿਹਾ ਸੀ ਤਾਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਤੂੰ ਮੇਰੇ ਨਾਲ ਰਜਾਈ 'ਚ ਬੈਠ ਕੇ ਮੈਨੂੰ ਸੁਣਾ ਰਿਹਾ ਹੋਵੇ।''
    ਇਹਨਾਂ ਸ਼ਬਦਾਂ ਨੂੰ ਸਾਂਭਣਾ ਕਾਫ਼ੀ ਔਖਾ ਸੀ। ਪਰ ਨਾਲ ਹੀ ਉਨ੍ਹਾਂ ਕਿਹਾ ''ਆਹ ਮੈਂ, ਮੇਰੀ, ਮੈਨੂੰ ਮਾਰ ਲੈ, ਵਾਹਿਗੁਰੂ ਬਹੁਤ ਰਾਹ ਖੋਲ੍ਹੇਗਾ।''
    ਬੱਸ ਫੇਰ ਕੀ ਸੀ ਕਿਸ ਤੋਂ ਇੰਤਜ਼ਾਰ ਹੋ ਸਕਦਾ ਸੀ ਈਮੇਲ ਦੇਖਣ ਦਾ। ਛੱਤ ਤੇ ਜਾ ਚੜ੍ਹਿਆ ਠੰਢ 'ਚ ਤੇ ਅਗਾਂਹ ਪਾਣੀ ਵਾਲੀ ਟੈਂਕੀ ਦੀ ਟੀਸੀ ਤੇ, ਆ ਗਈ ਕਵਰੇਜ, ਈਮੇਲ ਖੋਲ੍ਹੀ, ਉਹ ਫ਼ੋਨ ਤੇ ਪੜ੍ਹੀ ਨਾ ਜਾਵੇ, ਫਾਰਵਰਡ ਕੀਤੀ ਬਾਈ ਭੁਪਿੰਦਰ ਨੂੰ ਕਿਹਾ ਹੁਣੇ ਪੜ੍ਹ ਕੇ ਸੁਣਾ। ਸੱਚੀ ਬਹੁਤ ਹੀ ਸਿਰੇ ਦਾ ਵਕਤ ਸੀ ਉਹ। ਜਦੋਂ ਈਮੇਲ ਸੁਣ ਕੇ ਇੰਝ ਲੱਗਿਆ ਕਿ ਕਲਮ, ਕਮਾਈ ਕਰਨ ਲੱਗ ਪਈ ਹੈ। ਪਰ ਨਾਲ ਹੀ ਮੈਂ, ਮੇਰੀ, ਮੈਨੂੰ ਨੂੰ ਮਾਰਨ ਵਾਲਾ ਇਕ ਔਖਾ ਹੋਮ-ਵਰਕ ਜੋ ਮਿਲਿਆ ਉਸ ਬਾਰੇ ਸੋਚ ਕੇ ਠੰਢ 'ਚ ਵੀ ਮੁੜ੍ਹਕਾ ਆਈ ਜਾਵੇ। ਖ਼ੁਦ ਨੂੰ ਦਿਲਾਸੇ ਦਿੰਦੀਆਂ ਕਿ ਕੋਈ ਨਾ ਕੋਸ਼ਿਸ਼ ਤਾਂ ਕਰਕੇ ਦੇਖ ਹੋ ਸਕਦਾ ਕਿਸੇ ਦਿਨ ਇਹ ਮੈਂ ਨੂੰ ਮਾਰ ਹੀ ਲਵੇ!
    ਫੇਰ ਫ਼ੋਨ ਲਾ ਲਿਆ ਧੰਨਵਾਦ ਕੀਤਾ ਤੇ ਨਾਲ ਹੀ ਇਕ ਮੰਗ ਰੱਖ ਦਿੱਤੀ। ਕਿ ਆਪ ਜੀ ਨਾਲ ਗੱਲਬਾਤ ਕਰਦਿਆਂ ਅਖਾਈ ਜਿਹੀ ਮਹਿਸੂਸ ਕਰਦਾ ਹਾਂ ਜੀ। ਸੋ ਜੇ ਇਕ ਅਧਿਕਾਰ ਦੇ ਦੇਵੋ ਤਾਂ!
    ਕਹਿੰਦੇ! ''ਕੀ।''
    'ਬਾਈ ਜੀ' ਕਹਿਣ ਦਾ।
    ਕਿਉਂਕਿ ਬਠਿੰਡੇ ਵਾਲੀਆਂ ਨੂੰ ਜੋ ਅਪਣੱਤ ਬਾਈ ਜੀ ਕਹਿ ਕੇ ਆਉਂਦੀ ਹੈ ਉਹ ਉਂਝ ਨਹੀਂ ਆਉਂਦੀ।
    ਕਹਿੰਦੇ! ''ਚੰਗਾ ਜਿਵੇਂ ਤੂੰ ਖ਼ੁਸ਼।''
    ਸੋ ਹੁਣ 'ਜ਼ਫ਼ਰ ਸਾਹਿਬ' ਹੋਣਗੇ ਆਪਣੇ ਦਫ਼ਤਰ 'ਚ, ਸਾਡੇ ਤਾਂ ਜ਼ਫ਼ਰ ਬਾਈ ਜੀ ਨੇ; ਮਿੰਟੂ ਬਰਾੜ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com