ਮੈਂਗਜੀਨ ਸਮੀਖਿਆ । ਵਾਹਗਾ ਦਾ ਦੂਜਾ ਅੰਕ

ਪੰਨੇ – 196 । ਮੁੱਲ – 50/-

ਵਾਹਗਾ ਨਾਂ ਉਚਾਰਦਿਆ ਹੀ ਪਾਕਿਸਤਾਨ ਭਾਰਤ ਦੀ ਸਰਹੱਦ ਅੱਖਾਂ ਅੱਗੇ ਆ ਗਈ। ਸੰਪਾਦਕੀ ਵਿਚੋਂ ਹੋਰ ਸਾਫ ਹੋਇਆ ਕਿ “ਵਾਹਗਾ ਪੰਜਾਬ ਦੀ ਵੰਡ ਦੇ ਸੰਤਾਪ ਤੋਂ ਜ਼ਿਆਦਾ ਸਾਂਝੇ ਸੁਪਨਿਆਂ ਦਾ ਪਰਤੀਕ ਹੈ।”

Sticky notes and pen on a desk
Sticky notes and pen on a desk by Markus Spiske is licensed under CC-CC0 1.0
ਟਾਇਟਲ ਦੀ ਤਸਵੀਰ ਕੰਵਲ ਧਾਲੀਵਾਲ ਹੁਰਾਂ ਬਣਾਈ ਜੋ ਮੰਟੋ ‘ਤੇ 47 ਦੀ ਅਸਮਾਨੀ ਬਿਜਲੀ ਡਿਗਣ ਦੀ ਪੇਸ਼ਕਾਰੀ ਕਰਦੀ ਹੈ। ਕਾਰਜਕਾਰੀ ਸੰਪਾਦਕ ਤੇਜਿੰਦਰ ਬਾਵਾ, ਸੰਪਾਦਕ ਚਰਨਜੀਤ ਸੋਹਲ ਹੁਰਾਂ, ਸੁਖਚੈਨ ਢਿੱਲੋਂ ਨਾਲ ਪੰਜਾਬੀ ਦੇ ਪਰਮੁੱਖ ਵਿਦਵਾਨ ਲੇਖਕ ਅਮਰਜੀਤ ਚੰਦਨ, ਸਤਯਪਾਲ ਗੌਤਮ,  ਤੇਜਵੰਤ ਗਿੱਲ, ਭਗਵਾਨ ਜੋਸ਼, ਪਰਮਿੰਦਰ ਸਿੰਘ, ਕੇਵਲ ਧਾਲੀਵਾਲ, ਪਰਮਜੀਤ ਜੱਜ, ਬਲਬੀਰ ਮਾਧੋਪੁਰੀ, ਸੁਖਪਾਲ, ਨਵਸ਼ਰਨ, ਅਮਨਪਰੀਤ ਗਿੱਲ, ਸਵਰਾਜਬੀਰ  ਸਹਿਯੋਗੀ ਸੰਪਾਦਕ ਹਨ,  ਇਹ ਦੱਸਣ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ।
ਮੋਹਨਜੀਤ ਤੇ ਸੁਖਪਾਲ ਦੀਆਂ ਲੰਮੀਆਂ ਕਵਿਤਾਵਾਂ ਕਰਮਵਾਰ ‘ਚੇਤਿਆਂ ਦੇ ਵਰਕੇ’ ਤੇ ‘ਛੋਟਾ ਖੱਫਣ’ ਸ਼ਾਨਦਾਰ ਕਵਿਤਾਵਾਂ ਹਨ।
ਸੁਰਜੀਤ ਸਹੋਤੇ ਦੇ ਗੈਰ ਕਾਨੂੰਨੀ ਪਰਵਾਸੀਆਂ ਬਾਰੇ ਅੰਗਰੇਜ਼ੀ ਨਾਵਲ “The Year of The Runaways” ਤੇ ਸੁਰਜੀਤ ਹਾਂਸ ਨੇ ਬਹੁਤ ਵਧੀਆ ਚਰਚਾ ਕੀਤੀ ਹੈ।
‘ਪਿਆਰ ਦੇ ਆਲੇ ਵਿੱਚ ਵਿਦਰੋਹ ਦਾ ਦੀਵਾ’ ਸਿਰਲੇਖ ਹੇਠ ਸੁਖਪਾਲ ਨੇ ਸੰਸਾਰ ਦੇ ਵਿਦਰੋਹੀ ਕਵੀਆਂ ਫੈਜ਼, ਨਰੂਦਾ, ਮਾਰਕਸ, ਹਿਕਮਤ, ਮਹਿਮੂਦ ਦਰਵੇਸ਼, ਪਾਸ਼, ਮਾਰਿਨ ਸੋਰੈਸਕੂ ਆਦਿ ਦੀ ਪਿਆਰ ਕਵਿਤਾ ਦਾ ਜ਼ਿਕਰ ਕਰਦਿਆਂ ਕਿਹਾ,
“ਪੰਜਾਬੀ ਲੋਕਧਾਰਾ ਵਿੱਚ ਏਨਾ ਕਿੱਸਾ ਕਾਵਿ ਹੁੰਦੇ ਹੋਏ ਵੀ ਪਿਆਰ ਅਤੇ ਵਿਦਰੋਹ ਦੀ ਕਵਿਤਾ ਵਿੱਚ ਸਾਨੂੰ ਏਡਾ ਵਖਰੇਵਾਂ ਕਿਉਂ ਮਹਿਸੂਸ ਹੁੰਦਾ ਹੈ? ਪਿਆਰ ਸਾਡੇ ਲਈ ਓਵੇਂ ਹੀ ਸਹਿਜ ਕਿਉਂ ਨਹੀਂ ਜਿਵੇਂ ਨਾਜ਼ਿਮ ਜਾਂ ਨਰੂਦਾ ਲਈ ਹੈ?”
ਸਅਦਤ ਹਸਨ ਮੰਟੋ ਦੀਆਂ ਵੰਡ ਤੇ ਲਿਖਤਾਂ ਨੂੰ ਆਪਣੇ ਲੇਖ ਵਾਲੇ ਤੇਜਵੰਤ ਸਿੰਘ ਗਿੱਲ ਨੇ ਪੜਚੋਲਿਆ ਹੈ।
ਪਰਸਿੱਧ ਪਾਕਿਸਤਾਨੀ ਕਵੀ ਅਹਿਮਦ ਸਲੀਮ ਦਾ ਲੇਖ ‘ਮੇਰਾ ਦਿਲ ਪਾਸ਼ ਪਾਸ਼’ ਇਨਕਲਾਬੀ ਕਵੀ ਪਾਸ਼ ਨਾਲ ਹੋਏ ਚਿੱਠੀ ਪੱਤਰਾਂ, ਕਵਿਤਾਵਾਂ  ਦਾ ਜ਼ਿਕਰ ਕਰਦਾ ਪਾਸ਼ ਪਾਸ਼ ਨਾਲ ਸੰਵਾਦ ਕਰਦਾ।
‘ਪਾਸ਼ ਨਾਲ ਮੁਲਾਕਾਤਾਂ ਦਾ ਸਬੱਬ’ ਵਿੱਚ  ਪਰਦੀਪ ਬੋਸ ਨੇਡ਼ੇਓ ਹੋਈਆਂ ਪਾਸ਼ ਨਾਲ  ਮਿਲਣੀਆਂ ਲਿਖਦਾ।
ਵਿਦਵਾਨ ਲੇਖਕ ਅਮਨਪਰੀਤ ਸਿੰਘ ਗਿੱਲ ਨੇ
“ਪਰ ਜੇ ਦੇਸ਼ ਰੂਹ ਦੀ
ਵਗਾਰ ਦਾ ਕੋਈ ਕਾਰਖਾਨਾ ਹੈ …”
(ਪਾਸ਼ ਦੇ ਬਹਾਨੇ ਰਾਸ਼ਟਰਵਾਦ ਦੀ ਗੱਲ)
ਲੇਖ ਵਿੱਚ ਅਾਰ. ਅੈਸ. ਅੈਸ. ਦੇ ਰਾਜਨੀਤਿਕ ਵਿੰਗ  ਭਾਰਤੀ ਜਨਤਾ ਪਾਰਟੀ ਵੱਲੋਂ ਪਾਸ਼ ਦੀਆਂ ਕਵਿਤਾਵਾਂ ਨੂੰ ਯੂਨੀਵਰਸਿਟੀ ਸਿਲੇਬਸ ਵਿਚੋਂ ਕੱਢਣ ਦੀ ਮੰਗ ਤੇ ਚਿੰਤਾ ਜ਼ਾਹਰ ਕਰਦਿਆਂ ਰਾਸ਼ਟਰਵਾਦੀ,  ਦੇਸ਼ ਭਗਤੀ ਦੀ ਜੜ ਖੋਜਣ ਦੀ ਕੋਸ਼ਿਸ਼ ਕੀਤੀ ਹੈ। ਇਹ ਲੇਖ ਭਾਵੇਂ ਪੰਜ ਪੰਨਿਆਂ ਦਾ ਹੈ,  ਪਰ ਅੱਖਰ-ਅੱਖਰ ਇਤਿਹਾਸ ਦੀ ਪੜਚੋਲਵੀਂ ਨਜ਼ਰ ਵਿੱਚੋਂ ਨਿਕਲਿਆ ਹੋਇਆ।
ਇਕ ਪਾਤਰੀ ਨਾਟਕ ‘ਪਸੰਦ’ ਸਵਰਾਜਬੀਰ ਦੀ ਨੌਜਵਾਨ ਕੁੜੀਆਂ ਦੇ ਮਾਨਸਿਕ ਦਬਾਅ, ਸਮਾਜ ਦਾ ਚਿਤਰਨ ਕਰਦਾ।

ਸਮਾਜਿਕ ਸਰੋਕਾਰਾਂ ਨੂੰ ਪਰਨਾਏ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਤੇ ਉਹਨਾਂ ਦੀ ਵਾਰਿਸ ਨਵਸ਼ਰਨ ਦਾ ਲੇਖ ‘ਪੰਜਾਬ ਦਲਿਤ ਖੇਤ ਮਜ਼ਦੂਰ ਅੌਰਤ’ ਇਹਨਾਂ ਸਮਿਆਂ ਵਿੱਚ ਦਲਿਤ ਔਰਤਾਂ ਦੀ ਚੇਤਨਾ, ਸੰਗਠਿਤਾ ਦਾ ਵਿਸ਼ਲੇਸਣ ਕਰਦਾ ਹੈ।
ਪੁਸਤਕ ਰੀਵਿਊ ਵਿੱਚ ਮੰਗਤ ਰਾਮ ਨੇ ਬਾਬੇ ਸੋਹਣ ਸਿੰਘ ਭਕਨੇ ਦੀ 1951  ਵਿੱਚ ਲਿਖੀ ਉਰਦੂ ਪੁਸਤਕ “ਆਪ-ਬੀਤੀ”  ਦੇ ਪੰਜਾਬੀ ਅਨੁਵਾਦ ਦੀ ਪਾਠਕਾਂ ਨੂੰ ਜਾਣ ਪਛਾਣ ਕਰਵਾਈ ਹੈ।
ਬਲਬੀਰ ਮਾਧੋਪੁਰੀ ਨੇ ਗਦਰੀ ਬਾਬੇ ਅਤੇ ਆਦਿ ਧਰਮ ਲਹਿਰ ਦੇ ਆਗੂ ਮੰਗੂ ਰਾਮ ਮੂਗੋਵਾਲੀਆਂ ਦੇ ਜੀਵਨ ਨਾਲ ਸਮਕਾਲ ਨੂੰ ਛੋਹਿਆ ਹੈ।
ਸਿਨੇਮਾ ਕਾਲਮ ਵਿੱਚ ਡਾ. ਜਤਿੰਦਰ ਸਿੰਘ ਨੇ ਪਾਕਿਸਤਾਨੀ ਫਿਲਮ ‘ਬੋਲ’ ਅਤੇ ਭਾਰਤੀ ਕਲਾ ਫਿਲਮ ‘ਕਿੱਸਾ’ ਤੇ ਚਰਚਾ ਕਰਦਿਆਂ ਔਰਤਾਂ ਦੀ ਹੋਣੀ, ਧਾਰਮਿਕ, ਸਮਾਜਿਕ ਦਾਬੇ ਦੀ ਗੱਲ ਕੀਤੀ ਹੈ।
-ਵਰਿੰਦਰ ਦੀਵਾਨਾ

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com