ਕਹਾਣੀ । ਉਣੀਂਦੀ ਨਦੀ । ਅਜਮੇਰ ਸਿੱਧੂ

ਕਈ ਦਿਨਾਂ ਦਾ ਮਨ ਕਾਹਲਾ ਪਿਆ ਹੋਇਆ। ਸਵੇਰ ਦੀ ਆਪਣੇ ਆਪ ਨੂੰ ਸਹਿਜ ਕਰਨ ਵਿਚ ਲੱਗੀ ਹੋਈ ਹਾਂ। ਆਪਣੇ ਸੇਵਕਾਂ ਦੇ ਚਿਹਰਿਆਂ ’ਤੇ ਜਲੌਅ ਦੇਖ ਕੇ ਖੁਸ਼ ਵੀ ਹਾਂ। ਉਨ੍ਹਾਂ ਦੇ ਸਿਰੜ ’ਤੇ ਹੈਰਾਨ ਵੀ। ਉਨ੍ਹਾਂ ਦੀ ਮਿਹਨਤ ਰੰਗ ਲੈ ਆਈ। ਵਿਚਾਰੇ ਦਿਨ ਰਾਤ ਨੱਠੇ ਭੱਜੇ ਫਿਰ ਰਹੇ ਹਨ। ਮੇਰੇ ਨਿੱਕੇ ਜਿਹੇ ਇਸ਼ਾਰੇ ’ਤੇ…। ਮੇਰੇ ਵਿਚ ਐਨੀ ਸ਼ਰਧਾ! ਮੈਂ ਤਾਂ ਉਸ ਪ੍ਰਭੂ ਦਾ ਇਕ ਅੰਸ਼ ਹਾਂ। ਉਹਦੀ ਅਨਿਨ ਭਗਤ। ਉਹ ਮੈਨੂੰ ਹੀ ਪ੍ਰਭੂ ਦੇ ਰੂਪ ਵਿਚ ਦੇਖ ਰਹੇ ਹਨ। ਮੇਰੀ ਭਗਤੀ ਵਿਚ ਲੀਨ ਰਹਿੰਦੇ ਨੇ। ਮੈਂ ਮੱਠ ’ਚੋਂ ਬਾਹਰ ਆਈ ਹਾਂ। ਮਨ ਹੋਰ ਪਾਸੇ ਪਾਉਣ ਲਈ ਫੁੱਲ ਬੂਟਿਆਂ ਵਿਚ ਗੁਆਚ ਜਾਣ ਦੀ ਕੋਸ਼ਿਸ਼ ਕਰਦੀ ਹਾਂ। ਮੇਰਾ ਵਾਰ-ਵਾਰ ਧਿਆਨ ਮੁੱਖ ਦੁਆਰ ’ਤੇ ਚਿਪਕੇ ਪੋਸਟਰ ਵੱਲ ਜਾ ਰਿਹਾ। …ਮੈਂ ਮੁੱਖ ਦੁਆਰ ਕੋਲ ਆਈ ਹਾਂ। ਪੋਸਟਰ ਪੜ੍ਹਨ ਲੱਗੀ ਹਾਂ-

punjabi story writer ajmer sidhu short story unidi nadi
ਅਜਮੇਰ ਸਿੱਧੂ

ਪਿਆਰੇ ਪ੍ਰੇਮੀ ਜਨੋ,
ਆਪ ਸਭ ਦੇ ਆਦੇਸ਼ ਨੂੰ ਭਗਵਾਨ ਸ੍ਰੀ ਦਾ ਆਦੇਸ਼ ਸਮਝਦੇ ਹੋਏ, ਆਪ ਦੀ ਸ਼ਰਧਾ ਅਤੇ ਪ੍ਰੇਮ ਅੱਗੇ ਨਤ-ਮਸਤਕ ਹੁੰਦੇ ਹੋਏ 1008 ਸ੍ਰੀ ਸੁਆਮੀ ਪਰਮਾਨੰਦ ਜੀ ਮੰਡਲੇਸ਼ਵਰ ਦੀ ਯਾਦ ਵਿਚ ਮੱਠ ਦੀ ਉਸਾਰੀ ਦਾ ਕਾਰਜ ਸੰਪੂਰਨ ਹੋ ਗਿਆ ਹੈ। 27 ਮਾਰਚ ਦਾ ਸ਼ੁਭ ਦਿਵਸ ਮੂਰਤੀ ਸਥਾਪਨਾ ਲਈ ਨਿਯਤ ਕੀਤਾ ਗਿਆ ਹੈ। ਇਸ ਦਿਨ ਸਾਡੇ ਪੂਜਯ ਮਾਤਾ ਸ੍ਰੀ ਸਾਧਵੀ ਉਤਰਾ ਜੀ ਆਪਣੇ ਪਤਿਤ-ਪਾਵਨ ਕਰ ਕਮਲਾਂ ਨਾਲ ਸ਼ੁਭ ਆਰੰਭ ਕਰਨਗੇ। ਆਪ ਸਭ ਮਾਤਾ ਸ੍ਰੀ ਦੇ ਪਵਿੱਤਰ ਪ੍ਰਵਚਨ ਸ੍ਰਵਣ ਕਰਦੇ ਹੋਏ…
ਪੋਸਟਰ ਪੜ੍ਹਨਾ ਵਿੱਚੇ ਛੱਡ ਬਗੀਚੀ ਵਿਚ ਆ ਬੈਠੀ ਹਾਂ। ਸਮਾਗਮ ਦੀ ਤਿਆਰੀ ਵੱਲ ਧਿਆਨ ਚਲਾ ਗਿਆ ਹੈ। ਮੇਰੇ ਭਰਾਵਾਂ ਹਰੀਸ਼ ਚੰਦਰ, ਸ਼ਾਮ ਲਾਲ ਤੇ ਸਮੂਹ ਸੇਵਕਾਂ ਨੇ ਦਿਨ ਰਾਤ ਇਕ ਕਰਕੇ ਇਸ ਮੱਠ ਦੀ ਉਸਾਰੀ ਕਰਵਾਈ ਹੈ। ਸਭੀ ਜਨ ਸਮਾਗਮ ਦੀਆਂ ਤਿਆਰੀਆਂ ਵਿਚ ਮਗਨ ਹਨ। ਉਹ ਆਪੋ-ਆਪਣੀਆਂ ਜ਼ੁੰਮੇਵਾਰੀਆਂ ਸ਼ਰਧਾ ਨਾਲ ਨਿਭਾਅ ਰਹੇ ਹਨ। ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਤੋਂ ਆਸ਼ੀਰਵਾਦ ਲੈਂਦੇ ਹਨ। ਪਰ ਉਹ…। ਪ੍ਰਭੂ ਦੇ ਵੈਰੀ ਨੇ ਮੇਰਾ ਲਹੂ ਪੀਤਾ ਪਿਆ। ਹੁਣ ਹਾਅ ਪੋਸਟਰ ਹੀ ਲੈ ਲਓ। ਇਹ ਮੈਂ ਨ੍ਹੀਂ ਛਪਵਾਇਆ। ਇਹਦੇ ਉਤੇ ਮੇਰੀ, ਸੁਆਮੀ ਪਰਮਾਨੰਦ ਜੀ ਅਤੇ ਮੱਠ ਦੀ ਫੋਟੋ ਛਪੀ ਹੋਈ ਹੈ। ਮੇਰੀ ਮਹਿਮਾ ਕੀਤੀ ਹੋਈ ਹੈ। ਮੂਰਤੀ ਸਥਾਪਨਾ ਲਈ… ਮੇਰੇ ਪ੍ਰਵਚਨ ਸੁਣਨ ਲਈ ਸ਼ਰਧਾਲੂਆਂ ਨੂੰ ਸੱਦਾ ਦਿੱਤਾ ਗਿਆ ਹੈ। ਮੈਂ ਆਪਣੇ ਸੇਵਕਾਂ ਨੂੰ ਕਿਵੇਂ ਨਾਂਹ ਕਰ ਸਕਦੀ ਹਾਂ। ਇਹ ਸਾਰਾ ਉਸ ਭਗਵਾਨ ਦਾ ਜਾਂ ਉਨ੍ਹਾਂ ਦਾ ਹੀ ਪ੍ਰਤਾਪ ਹੈ। ਦੂਜੇ ਮੱਠ ਵਾਲਿਆਂ ਬਥੇਰੇ ਅੜਿੱਕੇ ਡਾਹੇ। ਜਦੋਂ ਤਕ ਉੱਸਰ ਨ੍ਹੀਂ ਗਿਆ, ਮੈਂ ਚਿੰਤਾ ਵਿਚ ਡੁੱਬੀ ਰਹੀ। ਮੈਤੋਂ ਵੱਧ ਚਿੰਤਾ ਮੇਰੇ ਭਰਾਵਾਂ ਨੂੰ ਸੀ। ਹੁਣ ਉਹਨਾਂ ਦਾ ਸਾਰਾ ਜ਼ੋਰ ਸਮਾਗਮ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ। ਦੋਨੋਂ ਮੈਤੋਂ ਛੋਟੇ ਨੇ। ਮੱਠ ਚੜ੍ਹਾਉਣ ਵੇਲੇ ਵੀ ਇਨ੍ਹਾਂ ਪੂਰਾ ਸਟੈਂਡ ਲਿਆ ਸੀ-

‘‘ਉੱਤਰਾ ਭੈਣ, ਇਸ ਘਰ ਦਾ ਦਸਤੂਰ ਰਿਹਾ – ਜੋ ਮਾਪਿਆਂ ਨੇ ਕਹਿ ’ਤਾ। ਬੱਚਿਆਂ ਨੇ ਕਹੇ ’ਤੇ ਫੁੱਲ ਚੜ੍ਹਾ ਤੇ।’’
ਉਦੋਂ ਮੇਰੀ ਹਾਲਤ ਬੜੀ ਤਰਸਯੋਗ ਸੀ। ਆਪਣੇ ਹੱਥੀਂ ਭਾਲੇ ਹਾਣ ਦਾ ਕੀ ਕਰਦੀ? ਮੈਂ ਤੇ ਰਿਸ਼ੀ ਇਕ ਹੋਣ ਦਾ ਫ਼ੈਸਲਾ ਲੈ ਚੁੱਕੇ ਸਾਂ। ਮੇਰੇ ਤਨ ਮਨ ’ਤੇ ਉਹਦਾ ਨਾਂ ਪੂਰੀ ਤਰ੍ਹਾਂ ਉਕਰਿਆ ਪਿਆ ਸੀ। ਕਿਹੜਾ ਰੀਮੂਵਰ ਲੈ ਕੇ ਮਿਟਾ ਦਿੰਦੀ।
‘‘ਨਾਲੇ ਇਹ ਕੋਈ ਪਾਪ ਨ੍ਹੀਂ ਕਰ ਰਹੇ। ਭਗਵਾਨ ਦੇ ਚਰਨੀਂ ਲਾ ਰਹੇ ਆ।’’ ਸ਼ਾਮ ਲਾਲ ਪ੍ਰਵਚਨ ਸੁਣਾਉਣ ਵਾਂਗ ਬੋਲਿਆ ਸੀ।
ਉਸ ਦਿਨ ਮੈਨੂੰ ਧਰਤੀ ਪ੍ਰੇਮ ਵਿਹੂਣੀ ਜਾਪੀ ਸੀ। ਮੈਂ ਧਰਤੀ ਵਿਚ ਧਸ ਜਾਣਾ ਚਾਹੁੰਦੀ ਸੀ। ਇਹ ਸੋਚ ਕੇ ਕਿ ਸਾਡੇ ਪਿਆਰ ਦੇ ਬੀਜੇ ਬੀਜ ਹੀ ਪੁੰਗਰ ਪੈਣਗੇ। ਸਾਡੀਆਂ ਰਹਿ ਗਈਆਂ ਖਾਹਸ਼ਾਂ ਪੂਰੀਆਂ ਕਰ ਦੇਣਗੇ। ਪਰ ਭਗਵਾਨ ਨੂੰ ਇਹ ਮਨਜ਼ੂੁਰ ਨ੍ਹੀਂ ਸੀ। ਮੋਈਆਂ ਸੱਧਰਾਂ ਨੂੰ ਫ਼ਲ ਕਿੱਥੋਂ ਲੱਗਣਾ ਸੀ। ਕਦੇ ਸੁੱਕੀਆਂ ਕੁੱਖਾਂ ਨੂੰ ਵੀ ਬੀਅ ਨਸੀਬ ਹੋਇਆ?
‘‘ਸਾਡੀ ਸੁੱਖ ਦਾ ਕੀ ਬਣੂੰਗਾ, ਬੇਟਾ?’’ ਝਾਈ ਬੁੜਬੁੜਾਈ ਸੀ।
ਮੈਂ ਆਪਣੇ ਮਾਂ-ਬਾਪ ਤੇ ਭਰਾਵਾਂ ਅੱਗੇ ਚੁੱਪ ਸੀ। ਮੇਰੀ ਹਾਲਤ ਤਾਂ ਸੁੱਕੇ ਪੱਤਿਆਂ ਵਰਗੀ ਸੀ। ਜਿਹੜੇ ਝੜ ਜਾਂਦੇ ਆ। ਰੁਲ਼ ਜਾਂਦੇ ਆ। ਸੜ ਜਾਂਦੇ ਆ। ਵਿਚਾਰੇ ਆਪਣੀ ਮੌਤੇ ਆਪ ਹੀ ਮਰ ਜਾਂਦੇ ਆ। ਹੁਣ ਤਾਂ ਜਲ਼ ਜਾਣਾ ਗੈਸਾਂ ਦਾ ਯੁੱਗ ਆ ਗਿਆ। ਪੱਤਿਆਂ ਦੀ ਕੋਈ ਅੱਗ ਵੀ ਨਈਂ ਬਾਲ਼ਦਾ। ਹੋਰ ਨ੍ਹੀਂ ਬੰਦਾ ਰਾਖ ਬਣ ਕੇ ‘ਸ਼ਾਂਤ’ ਹੋ ਜਾਂਦਾ ਸੀ। ਉਹਦਾ ਨਵਾਂ ‘ਜਨਮ’ ਹੋ ਜਾਂਦਾ। ਹੁਣ ਤੇ ‘ਰੂਹਾਂ’ ਦੇ ਭਟਕਣ ਤੋਂ ਸਿਵਾਅ ਕੋਈ ਚਾਰਾ ਨ੍ਹੀਂ ਰਹਿ ਗਿਆ।
ਮੈਂ ਪਿੰਡ ਵਿਚ ਜੰਮੀ ਪਲੀ ਤੇ ਸ਼ਹਿਰ ’ਚ ਪੜ੍ਹੀ। ਕੀ ਪਤਾ ਸੀ ਮੇਰੀ ਤਕਦੀਰ ਵਿਚ ਜੇਜੋਂ ਲਿਖਿਆ ਹੋਇਆ ਸੀ? ਪਹਿਲੀ ਵਾਰ ਛੋਟੀ ਹੁੰਦੀ ਮਾਂ-ਪਿਓ ਨਾਲ ਇਥੇ ਮੱਠ ਵਿਚ ਆਈ ਸੀ। ਬੱਸ ਫੇਰ ਕੀ ਸੀ? ਮਹੀਨੇ ਵਿਚ ਇਕ ਦੋ ਵਾਰ ਆ ਹੀ ਜਾਈਦਾ ਸੀ। ਮੱਥਾ ਟੇਕਣ। ਮੱਠ ਦੀ ਸੇਵਾ ਕਰਨੀ। ਸੁਆਮੀ ਜੀ ਦੇ ਚਰਨ ਛੂਹਣੇ। ਸਾਡਾ ਸਾਰੇ ਪਰਿਵਾਰ ਦਾ ਮੱਠ ਵਿਚ ਅਥਾਹ ਵਿਸ਼ਵਾਸ ਸੀ। ਮੱਠ ਦੀ ਹਰ ਚੀਜ਼ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਸੀ। ਜਿੱਥੇ ਪ੍ਰਭੂ ਨਾਲ ਪ੍ਰੇਮ ਸੀ ਉੱਥੇ ਡਰ ਵੀ ਸੀ। ਮੈਨੂੰ ਮੱਠ ਚੰਗਾ ਲਗਦਾ ਸੀ। ਇਥੋਂ ਦੇ ਸੁਆਮੀ ਜੀ, ਪੰਡਤ ਤੇ ਸ਼ਰਧਾਲੂ ਚੰਗੇ ਲਗਦੇ ਸਨ। ਮੱਠ ਵਿਚ ਸਫ਼ਾਈ ਬੜੀ ਸੀ। ਫੁੱਲ ਬੂਟੇ… ਬਾਗ ਬਗੀਚੀ। ਹਰ ਚੀਜ਼ ਖਿੱਚਦੀ ਸੀ।
ਇਕ ਵਾਰ ਡਾਇਟ ਦਾ ਟੂਰ ਵੀ ਇਥੇ ਆਇਆ ਸੀ। ਮੈਂ ਹੀ ਆਪਣੇ ਅਧਿਆਪਕਾਂ ਨੂੰ ਦੱਸ ਪਾਈ ਸੀ। ਉੱਚੀਆਂ-ਉੱਚੀਆਂ ਪਹਾੜੀਆਂ ਨੇ ਮਨ ਮੋਹ ਲਿਆ ਸੀ। ਮੀਂਹ ਪੈ ਕੇ ਹਟਿਆ ਸੀ। ਦੂਰ-ਦੂਰ ਤੱਕ ਫ਼ੈਲੀਆਂ ਪਹਾੜੀਆਂ ਉੱਤੇ ਹਰਿਆਵਲ, ਛੋਟੇ-ਵੱਡੇ ਦਰਖ਼ਤ, ਘਾਹ ਦੀਆਂ ਪੌੜੀਦਾਰ ਚਰਾਦਾਂ ਦੇ ਦ੍ਰਿਸ਼ ਵਾਤਾਵਰਣ ਨੂੰ ਸੁਹਾਵਣਾ ਬਣਾ ਰਹੇ ਸਨ। ਫੇਰ ਮੈਂ ਰਿਸ਼ੀ ਨਾਲ ਇਨ੍ਹਾਂ ਪਹਾੜੀਆਂ ਵਿਚ ਆਉਣ ਲੱਗ ਪਈ। ਉਸਨੇ ਆਪਣੀ ਫਿਲਾਸਫੀ ਘੋਟਣ ਲੱਗ ਪੈਣਾ।
‘‘ਜੇਜੋਂ ਨੂੰ ਰਾਜਿਆਂ ਤੇ ਵਪਾਰੀਆਂ ਨੇ ਆਪਣੇ ਐਸ਼ੋ-ਆਰਾਮ ਲਈ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਾਇਆ ਹੋਣਾ।’’
ਅਸੀਂ ਸੜਕ ਦੇ ਕੰਡੇ ਮਲ੍ਹੇ ਝਾੜੀਆਂ ਦਾ ਆਨੰਦ ਮਾਣਨਾ। ਨਾਲੇ ਕੰਡੇ ਲੁਆਉਣੇ, ਨਾਲੇ ਬੇਰ ਖਾਣੇ। ਬਾਂਦਰਾਂ ਦੀਆਂ ਝਪਟਾਂ। ਹਾਏ! ਮਰ ਜਾਂ।…ਰਿਸ਼ੀ ਦੀਆਂ ਸ਼ਰਾਰਤਾਂ ਮੇਰਾ ਖਹਿੜਾ ਨੀਂ ਛੱਡ ਰਹੀਆਂ।
ਮੇਰੀ ਭੂਆ ਦੀ ਧੀ ਪੂਨਮ ਦਾ ਵਿਆਹ ਉਹਦੇ ਦੋਸਤ ਸੁਤੰਤਰ ਨਾਲ ਹੋਇਆ ਸੀ। ਰਿਸ਼ੀ ਪਹਿਲੀ ਵਾਰ ਬਰਾਤ ਵਿਚ ਦੇਖਿਆ ਸੀ। ਕੀ ਪਤਾ ਸੀ ਵਿਆਹ ਦਾ ਸ਼ੁਗਲ ਮੇਲਾ ਪ੍ਰੇਮ ਵਿਚ ਵੱਟ ਜਾਊਗਾ। ਇਹ ਚਾਰ-ਪੰਜ ਦੋਸਤ ਸੁਤੰਤਰ ਜੀਜਾ ਜੀ ਨਾਲ ਸਾਡੇ ਘਰ ਆਉਣ ਲੱਗ ਪਏ। ਮੈਂ ਪਹਿਲਾਂ ਹੀ ਕਿਸੇ ਅਣਜਾਣ ਰੂਹ ਦੀ ਤਲਾਸ਼ ਵਿਚ ਸਾਂ। ਕਿਸੇ ਲਈ ਸੁਪਨੇ ਸਾਂਭ ਕੇ ਰੱਖੇ ਹੋਏ ਸਨ। ਆਪਣੀਆਂ ਪਲਕਾਂ ’ਚ ਸਾਂਭੇ ਸੁਪਨੇ ਉਹਦੀ ਝੋਲੀ ਪਾ ਦਿੱਤੇ। ਆਪਣਾ ਇਕ-ਇਕ ਸਾਹ ਇਹਦੇ ਨਾਂ ਕਰ ਦਿੱਤਾ। ਇਹਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਟਿਕਿਆ ਰਹਿੰਦਾ। ਮੈਨੂੰ ਇਉਂ ਲੱਗਦਾ-ਜੇ ਉਹ ਮੇਰੀ ਜ਼ਿੰਦਗੀ ਵਿਚ ਨਾ ਆਉਂਦਾ ਤਾਂ ਮੇਰੀ ਜ਼ਿੰਦਗੀ ਕਬਰਾਂ ਦੇ ਕੁੱਜੇ ਵਰਗੀ ਹੋ ਜਾਣੀ ਸੀ।
ਰਿਸ਼ੀ ਆਮ ਮੁੰਡਿਆਂ ਵਾਂਗ ਥੋੜ੍ਹਾ ਸੀ? ਉਹ ਮੈਨੂੰ ਸਭ ਤੋਂ ਅਲੱਗ ਲਗਦਾ। ਜਿੱਦਾਂ ਉਹਨੇ ਮੈਨੂੰ ਪਿਆਰ ਕੀਤਾ, ਇੱਦਾਂ ਦੁਨੀਆਂ ’ਚ ਕੋਈ ਨ੍ਹੀਂ ਕਰ ਸਕਦਾ। ਕਿੰਨਾ ਅਲੱਗ…ਕਿੰਨਾ ਚੰਗਾ…। ਮੇਰੇ ਕੰਡਾ ਵੀ ਚੁਭ ਜਾਣਾ। ਨੱਠੇ ਨੇ ਆਉਣਾ। ਮੇਰੀਆਂ ਅੱਖਾਂ ’ਚ ਹੰਝੂ ਤਾਂ ਕਦੇ ਆਉਣ ਹੀ ਨ੍ਹੀਂ ਸੀ ਦਿੰਦਾ। ਇਸ ਤੋਂ ਉੱਪਰ ਕੋਈ ਸੁੱਖ, ਕੋਈ ਪ੍ਰੇਮ ਨ੍ਹੀਂ ਹੋ ਸਕਦਾ। ਉਹ ਮੈਨੂੰ ਮੇਰਾ ਰੱਬ ਹੀ ਜਾਪਦਾ। ਜਿਉਂ ਇਸ ਧਰਤੀ ਉਪਰ ਕੋਈ ਫਰਿਸ਼ਤਾ ਉਤਰ ਆਇਆ ਹੋਵੇ।
ਅਸੀਂ ਇਕ ਦੂਜੇ ਦਾ ਹੱਥ ਫੜੀ ਪਹਾੜੀ ਦੀ ਟੀਸੀ ’ਤੇ ਬੈਠੇ ਹਾਂ। ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾਈ।…ਕੋਈ ਸੁੱਧ ਨ੍ਹੀਂ ਹੈ। ਚਾਰੇ ਪਾਸੇ ਚੁੱਪ। ਪ੍ਰੇਮ ਦੇ ਸਰੋਵਰ ’ਚ ਐਨਾ ਡੂੰਘਾ ਉਤਰ ਜਾਂਦੇ ਹਾਂ ਕਿ ਕਿਸੇ ਭਾਸ਼ਾ ਦੀ ਲੋੜ ਨ੍ਹੀਂ ਰਹਿੰਦੀ। ਇਕ ਦੂਜੇ ਦਾ ਰੂਪ ਵਟਾ ਲੈਂਦੇ ਹਾਂ।…ਮੈਂ ਉਹ ਹੋ ਜਾਂਦੀ ਹਾਂ ਤੇ ਉਹ ਮੈਂ।
ਇਕ ਸੁਪਨੇ ਵਿਚੋਂ ਨਿਕਲੀ ਹਾਂ। ਦੂਜੇ ਵਿਚ ਆ ਵੜੀ ਹਾਂ।…ਉਹ ਧਰਤੀ ’ਤੇ ਮਿਲਦਾ ਨਾ। ਉਹਨੂੰ ਲੱਭਦੀ ਬਾਵਰੀ ਹੋ ਜਾਂਦੀ।…ਦੂਰ ਕਿਸੇ ਹੋਰ ਗ੍ਰਹਿ ’ਤੇ ਪਹੁੰਚ ਜਾਂਦੀ। ਉਹ ਉਥੇ ਦੇਵਤਾ ਬਣ ਬੈਠਾ ਹੁੰਦਾ।…ਪ੍ਰੇਮ ਦਾ ਦੇਵਤਾ। ਮੈਂ ਪਰੀ ਬਣ ਜਾਂਦੀ। ਉਹ ਮੇਰੇ ਨਾਲ ਲੁਕਣ ਮੀਟੀ ਖੇਡਦਾ। ਲੁਕ ਜਾਂਦਾ। ਲੱਭਦਾ ਨਾ। ਮੈਂ ਹਾਰ ਕੇ ਧਰਤੀ ’ਤੇ ਆ ਜਾਂਦੀ। ਕੋਠੇ ’ਤੇ ਚੜ੍ਹ ਮੰਜੇ ਉੱਤੇ ਪੈ ਜਾਂਦੀ। ਤਾਰਿਆਂ ਵਿਚੋਂ ਉਹਦਾ ਚਿਹਰਾ ਤੱਕਦੀ। ਕੋਈ ਨਾ ਕੋਈ ਤਾਰਾ ਉਹਦਾ ਰੂਪ ਵਟਾ ਲੈਂਦਾ। ਉਸ ਤਾਰੇ ਨਾਲ ਪਿਆਰ ਉੱਮੜ-ਉੱਮੜ ਪੈਂਦਾ। ਆਪਣੀ ਬੁੱਕਲ ’ਚ ਉਸ ਤਾਰੇ ਨਾਲ ਇਕਮਿੱਕ ਹੋਈ ਸਾਰੀ ਰਾਤ ਭਿੱਜਦੀ ਰਹਿੰਦੀ। ਉਮਰਾਂ ਜਿੱਡੀ ਉਹ ਰਾਤ ਹੋ ਜਾਣ ਦੀ ਪ੍ਰਾਰਥਨਾ ਕਰਦੀ।
ਟੱਲ ਵੱਜਾ ਹੈ। ਇਸਨੇ ਮੈਤੋਂ ਮੇਰਾ ਪ੍ਰੇਮ ਸੰਸਾਰ ਖੋਹ ਲਿਆ ਹੈ। ਜੇ ਮੇਰਾ ਪ੍ਰਭੂ ਮੇਰੇ ’ਤੇ ਮਿਹਰਬਾਨ ਹੋ ਜਾਂਦਾ। ਮੇਰਾ ਉਹਦੇ ਨਾਲ ਵਿਆਹ ਹੋ ਜਾਣਾ ਸੀ। ਰਿਸ਼ਤੇਦਾਰੀ ਵਿਚ ਹੋਏ ਇਕ ਵਿਆਹ ਨੇ ਹੀ ਸਾਰਾ ਪੰਗਾ ਪਾਇਆ ਸੀ। ਪੂਨਮ ਭੈਣ ਤੇ ਸੁਤੰਤਰ ਜੀਜਾ ਜੀ ਨਾਲ ਰਿਸ਼ੀ ਤੇ ਹੋਰ ਦੋ-ਤਿੰਨ ਦੋਸਤ ਵਿਆਹ ’ਤੇ ਆਏ ਹੋਏ ਸਨ। ਡੋਲੀ ਗਈ ਤਾਂ ਇਹ ਵੀ ਤੁਰ ਪਏ ਸਨ। ਮੇਰੀ ਜ਼ਿੱਦ ਸੀ ਕਿ ਰਾਤ ਰਹਿਣ। ਇਹ ਟੈਕਸੀ ਕਰਕੇ ਆਏ ਹੋਏ ਸਨ। ਮੈਂ ਟੈਕਸੀ ਦੇ ਪਹੀਏ ਮੋਹਰੇ ਇਕ ਪੈਰ ਕਰ ਦਿੱਤਾ ਸੀ। ਦੋਨਾਂ ਪਾਸਿਆਂ ਦੀ ਅੜੀ ਸੀ।
ਇਸ ਇਮਤਿਹਾਨ ਵਿਚੋਂ ਮੈਂ ਪਾਸ ਹੋ ਗਈ ਸੀ।
ਟੈਕਸੀ ਦਾ ਪਹੀਆ ਮੇਰੇ ਪੈਰ ਉੱਤੋਂ ਦੀ ਲੰਘ ਗਿਆ ਸੀ। ਮੇਰਾ ਪੈਰ ਜ਼ਖ਼ਮੀ ਹੋ ਗਿਆ ਸੀ। ਪਲੱਸਤਰ ਲਾਉਣਾ ਪਿਆ ਸੀ। ਡੇਢ ਮਹੀਨਾ ਮੰਜੇ ’ਤੇ ਪਈ ਰਹੀ ਸੀ। ਘਰਦਿਆਂ ਨੂੰ ਅਸਲ ਘਟਨਾ ਦਾ ਪਤਾ ਨ੍ਹੀਂ ਲੱਗਿਆ ਸੀ। ਉਸ ਤੋਂ ਬਾਅਦ ਰਿਸ਼ੀ ਮੇਰਾ ਹੋ ਕੇ ਰਹਿ ਗਿਆ ਸੀ। ਉਹ ਪੂਨਮ ਭੈਣ ਤੇ ਸੁਤੰਤਰ ਜੀਜਾ ਜੀ ਨਾਲ ਖ਼ਬਰ ਲੈਣ ਆ ਜਾਂਦਾ।
ਮੇਰਾ ਪੈਰ ਠੀਕ ਹੋ ਗਿਆ ਸੀ। ਉਸ ਤੋਂ ਬਾਅਦ ਹੀ ਮੇਰੇ ਸੁਪਨੇ ਵੱਡੇ ਹੋਏ। ਰਿਸ਼ੀ ਘਰ ਆ ਜਾਂਦਾ। ਮੈਂ ਫੁਲਕਾਰੀ ਕੱਢ ਰਹੀ ਹੁੰਦੀ। ਉਹਦੇ ਉੱਤੇ ਦੇ ਦਿੰਦੀ। ਉਹ ਮੇਰੇ ਉੱਤੇ ਦੇ ਦਿੰਦਾ। ਮੇਰਾ ਚਿਹਰਾ ਸੂਹਾ ਲਾਲ ਹੋ ਜਾਂਦਾ।
‘‘ਉੱਤਰਾ, ਬੜੀ ਫ਼ਬਦੀ ਏ।’’
ਮੈਂ ਸੰਗ ਜਾਂਦੀ। ਮੂੰਹ ਗੋਡਿਆਂ ਵਿਚ ਲੈ ਲੈਂਦੀ। ਉਨ੍ਹਾਂ ਦਿਨਾਂ ਵਿਚ ਈ ਪਿਤਾ ਜੀ ਓਪਰੀਆਂ-ਓਪਰੀਆਂ ਗੱਲਾਂ ਕਰਨ ਲੱਗ ਪਏ-
‘‘ਭਗਵਾਨ ਵੀ ਇਮਤਿਹਾਨ ਲੈਂਦਾ। ਬੜਾ ਧੋਖਾ ਕੀਤਾ ਉਹਨੇ ਮੇਰੇ ਨਾਲ। ਜੇ ਕਿਤੇ ਜੇਠਾ ਪੁੱਤ ਜੰਮ ਪੈਂਦਾ। ਐਨੇ ਖਲਜਗਣ ਨਾ ਕਰਨੇ ਪੈਂਦੇ।’’
ਉਨ੍ਹਾਂ ਮੈਨੂੰ ਅਧਿਆਪਕ ਦੀ ਟ੍ਰੇਨਿੰਗ ਲਈ ਸ਼ਹਿਰ ਵਿਚ ਰਹਿੰਦੀ ਵਿਧਵਾ ਫ਼ੌਜਣ ਚਾਚੀ ਕੋਲ ਛੱਡ ਦਿੱਤਾ ਸੀ। ਸ਼ਰੀਕੇ ਵਿਚੋਂ ਚਾਚੀ ਲਗਦੀ ਸੀ। ਘਰਦਿਆਂ ਨੂੰ ਆਪਣੀ ਜ਼ੁੰਮੇਵਾਰੀ ਤੋਂ ਮੁਕਤ ਹੋਣ ਦੀ ਕਾਹਲ ਸੀ। ਰਿਸ਼ੀ ਨੇ ਵੀ ਥੋੜ੍ਹੀ ਦੂਰ ਕਮਰਾ ਕਿਰਾਏ ’ਤੇ ਲੈ ਲਿਆ ਸੀ। ਮੈਂ ਡਾਇਟ ਤੋਂ ਵਾਪਸੀ ’ਤੇ ਉਹਦੇ ਕੋਲ ਠਹਿਰ ਜਾਂਦੀ। ਉਹ ਮੁਹੱਬਤ ਦੇ ਤਾਰੇ ਤੋੜ ਕੇ ਮੇਰੀ ਝੋਲੀ ਪਾ ਦਿੰਦਾ। ਮੈਂ ਮਦਹੋਸ਼ ਹੋਈ ਮੀਰਾਂ ਵਾਂਗ ਰਾਗ ਅਲਾਪਣ ਲੱਗ ਪੈਂਦੀ। ਮੇਰੀਆਂ ਅੱਖਾਂ ਝੀਲ ਤੋਂ ਸਮੁੰਦਰ ਹੋ ਜਾਂਦੀਆਂ।
ਚਾਚੀ ਸਾਡੀ ਮਦਦਗਾਰ ਬਣ ਗਈ ਸੀ। ਰਿਸ਼ੀ ਨੂੰ ਮਿਲਣ ਦਾ ਟਾਇਮ ਸੈੱਟ ਕਰਦੀ ਤਾਂ ਕਦੇ ਕਦਾਈਂ ਲੇਟ ਹੋ ਜਾਂਦੀ। ਇਕ ਐਤਵਾਰ ਚਾਚੀ ਦੇ ਬੱਚਿਆਂ ਨੇ ਫ਼ਿਲਮ ਦੇਖਣ ਦਾ ਮੂਡ ਬਣਾਇਆ। ਮੈਂ ਬਾਰ੍ਹਾਂ ਵਜੇ ਦਾ ਰਿਸ਼ੀ ਨਾਲ ਟਾਇਮ ਸੈੱਟ ਕਰ ਲਿਆ। ਬੱਚੇ ਫ਼ਿਲਮ ਦੇਖਣ ਨਾ ਗਏ। ਹਾਰ ਕੇ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਗਈ ਸੀ। ਦੁਪਿਹਰ ਦੇ ਦੋ ਵੱਜ ਗਏ ਸਨ। ਅੰਤਾਂ ਦੀ ਗਰਮੀ। ਆਰਾਮ ਨਾਲ ਬੂਹਾ ਢੋਅ ਕੇ ਸੁੱਤਾ ਹੋਇਆ। ਧੁੱਪ ਵਿਚ ਲੂਹ ਹੁੰਦੀ ਗਈ ਸੀ। ਮੇਰਾ ਸੁਰਖ ਹੋਇਆ ਚਿਹਰਾ ਦੇਖ ਕੇ ਘਾਬਰ ਗਿਆ ਸੀ। ਅੰਦਰ ਲਿਜਾ ਕੇ ਮੈਨੂੰ ਘੁੱਟ ਲਿਆ ਸੀ। ਮੈਂ ਉਹਦੇ ਕੋਲ ਦੋ ਘੰਟੇ ਰਹੀ ਸੀ। ਉੱਦਣ ਰਾਤ ਉਹਦੇ ਸੁਪਨਿਆਂ ਵਿਚ ਕੱਟ ਦਿੱਤੀ। ਤੜਕੇ ਭੈੜਾ ਜਿਹਾ ਸੁਪਨਾ ਆਇਆ-
ਘਰ ਰਿਸ਼ੀ ਬਾਰੇ ਪਤਾ ਲੱਗ ਗਿਆ ਸੀ। ਹਫ਼ੜਾ-ਦਫ਼ੜੀ ਮੱਚ ਗਈ। ਅਸੀਂ ਘਰਾਂ ਤੋਂ ਭੱਜ ਗਏ ਸਾਂ। ਮੰਦਰ ਵਿਚ ਜਾ ਕੇ ਵਿਆਹ ਕਰਵਾ ਲਿਆ। ਕਿਰਾਏ ਦੇ ਕਮਰੇ ਵਿਚ ਰਹਿਣ ਲੱਗ ਪਏ ਸੀ। ਅਸੀਂ ਇਕ ਦੂਜੇ ਦੀਆਂ ਬਾਹਾਂ ਵਿਚ ਬੇਸੁਰਤ ਪਏ ਸਾਂ। ਪਿਉ-ਭਰਾ ਤੇ ਚਾਚੇ-ਤਾਏ ਆਏੇ। ਉਨ੍ਹਾਂ ਸਾਨੂੰ ਵੱਢ ਸੁੱਟਿਆ। ਸਾਡੇ ਲਾਗੇ ਪਿੰਡ ਮਹਿੰਦਪੁਰ ਹੈ। ਪਿੰਡ ਵਿਚ ਬਾਬੇ ਦਿਆਲੇ ਦਾ ਮੰਦਰ ਹੈ। ਪਿਤਾ ਜੀ ਦੱਸਿਆ ਕਰਦੇ ਸਨ ਕਿ ਰਾਤ ਸਮੇਂ ਉਨ੍ਹਾਂ ਦੇ ਅੰਗ ਖਿੱਲਰ ਜਾਂਦੇ। ਦਿਨੇ ਬਾਬਾ ਜੀ ਦੀ ਕਰਾਮਾਤ ਨਾਲ ਜੁੜ ਜਾਂਦੇ।
ਜੇ ਅਸੀਂ ਵੀ ਸੁਪਨਾ ਸੱਚ ਕਰ ਲੈਂਦੇ। ਜਿੰਨੇ ਵੀ ਸਾਡੇ ਅੰਗ ਘਰਦਿਆਂ ਨੇ, ਸਮਾਜ ਨੇ, ਸ਼ਰਧਾ ਨੇ ਤੇ ਵਿਸ਼ਵਾਸ ਨੇ ਵੱਢੇ ਸਨ। ਸ਼ਾਇਦ ਮੁੜ ਜੁੜ ਜਾਂਦੇ। ਹੁਣ ਤੇ ਯਾਦਾਂ ਹੀ ਰਹਿ ਗਈਆਂ ਹਨ।
ਥੋੜ੍ਹੇ ਦਿਨਾਂ ਬਾਅਦ ਰਿਸ਼ੀ ਨੂੰ ਮਿਲਣ ਦੀ ਫੇਰ ਗੜਬੜ ਹੋ ਗਈ ਸੀ। ਚਾਚੀ ਨੇ ਹੌਂਸਲਾ ਦਿੱਤਾ ਸੀ-
‘‘ਉੱਤਰਾ, ਤੜਕੇ ਚਲੇ ਜਾਈਂ। ਉਹ ਕਿਹੜਾ ਕੁੰਡਾ ਲਾ ਕੇ ਰੱਖਦਾ।’’
ਤੜਕੇ ਘਰੋਂ ਨਿਕਲੀ ਤਾਂ ਨ੍ਹੇਰਾ ਵੱਢ ਖਾਣ ਨੂੰ ਪਵੇ। ਮੈਂ ਔਖੀ ਸੌਖੀ ਕਮਰੇ ਤੱਕ ਪੁੱਜ ਗਈ ਸੀ। ਉਹਦੇ ਘਰਾੜਿਆਂ ਦੀਆਂ ਡਰਾਉਣੀਆਂ-ਡਰਾਉਣੀਆਂ ਆਵਾਜ਼ਾਂ ਨੇ ਮੈਨੂੰ ਹੋਰ ਡਰਾ ਦਿੱਤਾ ਸੀ। ਟੇਬਲ ’ਤੇ ਕਿਤਾਬਾਂ, ਨੋਟਸ, ਪੈੱਨ ਖਿੱਲਰੇ ਪਏ ਸਨ। ਇਵੇਂ ਲੱਗਾ ਜਿਵੇਂ ਬਹੁਤ ਲੇਟ ਸੁੱਤਾ ਹੋਵੇ। ਉਹਨੂੰ ਕੋਈ ਸੁਰਤ ਨ੍ਹੀਂ ਸੀ। ਮੈਂ ਸਭ ਤੋਂ ਪਹਿਲਾ ਕੰਮ ਸਫ਼ਾਈ ਕਰਨ ਦਾ ਕੀਤਾ। ਫੇਰ ਭਾਂਡੇ ਮਾਂਜੇ, ਨਲਕੇ ਕੋਲ ਬਹਿ ਕੇ ਕੱਪੜੇ ਧੋਤੇ। ਦਿਨ ਚੜ੍ਹ ਆਇਆ ਸੀ। ਸਾਰੇ ਕੰਮ ਨਿਬੇੜ ਕੇ ਪਰੌਂਠੇ ਪਕਾਉਣ ਲੱਗ ਪਈ। ਜਿਉਂ ਹੀ ਰਸੋਈ ਚੋਂ ਧੂੰਆਂ ਉੱਠਿਆ। ਉਦੋਂ ਤੱਕ ਉਹਦੀ ਅੱਖ ਖੁੱਲ੍ਹ ਗਈ ਸੀ।
ਰਸੋਈ ਵਿਚ ਆ ਵੜਿਆ ਸੀ। ਭਾਂਡਿਆਂ ਦੀ ਟੋਕਰੀ ਵੱਲ ਨਿਗ੍ਹਾ ਮਾਰੀ। ਧੋਤੇ ਹੋਏ ਕੱਪੜਿਆਂ ਵੱਲ ਵੇਖਣ ਲੱਗ ਗਿਆ। ਸਾਫ਼-ਸੁਥਰਾ ਕਮਰਾ ਟੇਢੀਆਂ ਅੱਖਾਂ ਨਾਲ ਦੇਖਿਆ ਸੀ। ਮੈਂ ਪਰੌਂਠਿਆਂ ਵਾਲਾ ਥਾਲ ਉਹਦੇ ਮੋਹਰੇ ਰੱਖ ਦਿੱਤਾ ਸੀ। ਉਹਦਾ ਗੁੱਸਾ ਜਾਂਦਾ ਲੱਗਾ ਸੀ।
ਫਾਈਨਲ ਪੇਪਰ ਆਏ ਤਾਂ ਚਾਚੀ ਨੇ ਰਿਸ਼ੀ ਨੂੰ ਮਿਲਣ ਤੋਂ ਵਰਜ ਦਿੱਤਾ ਸੀ। ਮੇਰੀ ਫ਼ੇਵਰੇਟ ਟੀਚਰ ਨੇ ਸਾਰੀਆਂ ਕੁੜੀਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ-
‘‘ਇਨਸਾਨ ਨੂੰ ਪਰਫ਼ੈਕਟ ਬਣਨਾ ਚਾਹੀਦਾ।…ਜੋ ਲੋਕ ਪਰਫ਼ੈਕਟ ਹੁੰਦੇ ਹਨ, ਉਹ ਪੜ੍ਹਾਈ…ਪਿਆਰ…ਹਰ ਖੇਤਰ ਵਿਚ ਮੰਜ਼ਲਾਂ ਮਾਰ ਲੈਂਦੇ ਨੇ।’’
ਮੈਂ ਪੜ੍ਹਾਈ ਦੇ ਇਮਤਿਹਾਨ ਵਿਚੋਂ ਤਾਂ ਪਾਸ ਹੋ ਗਈ। ਦੋਨਾਂ ਨੂੰ ਸਕੂਲ ਟੀਚਰ ਦੀ ਨੌਕਰੀ ਮਿਲ ਗਈ। ਖੁਸ਼ੀ ਦੀ ਕੋਈ ਹੱਦ ਨ੍ਹੀਂ ਸੀ। ਮੈਂ ਤੇ ਰਿਸ਼ੀ ਖੁਸ਼ੀ ਵਿਚ ਉੱਡੇ ਫਿਰ ਰਹੇ ਸਾਂ। ਅਸੀਂ ਚਾਚੀ ਨਾਲ ਵਿਆਹ ਦੀ ਗੱਲ ਕੀਤੀ ਸੀ।
ਚਾਚੀ ਨੇ ਪਿਤਾ ਜੀ ਨਾਲ ਗੱਲ ਤੋਰੀ। ਉਹ ਲੋਹਾ ਲਾਖਾ ਨਾ ਹੋਏ। ਉਹਨਾਂ ਮੋਹਰੋਂ ਆਪਣੀ ਸਮੱਸਿਆ ਰੱਖ ਦਿੱਤੀ-
‘‘ਪੁੱਤ, ਸਾਡੇ ਬੱਚਾ ਨੀਂ ਸੀ ਹੋ ਰਿਹਾ। ਅਸੀਂ ਵੈਦਾਂ, ਹਕੀਮਾਂ, ਡਾਕਟਰਾਂ, ਸਾਧਾਂ-ਸੰਤਾਂ ਕੋਲੋਂ ਬਥੇਰਾ ਇਲਾਜ ਕਰਵਾਇਆ। ਦੋਨੋਂ ਜੀਅ ਬਾਰਾਂ ਸਾਲ ਭੱਸੜਾਂ ਭੰਨਾਉਂਦੇ ਰਹੇ। ਪਰ ਤੇਰੀ ਮਾਂ ਦੀ ਕੁੱਖ ਹਰੀ ਨਾ ਹੋਈ। ਕਿਸੇ ਨੇ ਮੱਠ ਸੁੱਖ ਸੁੱਖਣ ਦੀ ਦੱਸ ਪਾਈ ਸੀ।’’
ਮੇਰਾ ਬਾਪ ਮੇਰੇ ਜੰਮਣ ਤੋਂ ਪਹਿਲਾਂ ਦੀ ਕਹਾਣੀ ਸੁਣਾਉਣ ਲੱਗ ਪਿਆ ਸੀ। ਅਸਿੱਧੇ ਢੰਗ ਨਾਲ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਸਨ। ਮੈਨੂੰ ਮੱਠ ਲਿਜਾਂਦੇ ਰਹਿਣਾ। ਉੱਥੇ ਕਈ-ਕਈ ਦਿਨ ਰੱਖੀ ਛੱਡਣਾ। ਪਰ ਮੈਨੂੰ ਅਸਲ ਕਹਾਣੀ ਦੀ ਹੁਣ ਸਮਝ ਆਉਣ ਲੱਗੀ ਸੀ। ਝਾਈ ਨੇ ਸਿੱਖਿਆ ਦੇਣੀ-
‘‘ਪੁੱਤ, ਇਹ ਭਗਵਾਨ ਸ਼ਿਵ ਦਾ ਮੱਠ ਆ। ਤੇਰਾ ਆਪਣਾ ਘਰ। ਤੂੰ ਬਹੁਤੀ ਦੁਨਿਆਵੀਂ ਚੱਕਰਾਂ ’ਚ ਨਾ ਪਵੀਂ। ਸੁਆਮੀ ਜੀ ਦੇ ਚਰਨੀਂ ਲੱਗ ਜਾਈਂ।’’
ਉਦੋਂ ਮੈਂ ਇਹਦੇ ਅਰਥ ਨ੍ਹੀਂ ਸੀ ਸਮਝਦੀ। ਕੋਈ ਖੁੱਲ੍ਹ ਕੇ ਗੱਲ ਵੀ ਨ੍ਹੀਂ ਸੀ ਕਰਦਾ। ਮੱਠ ਸਾਡਾ ਸੀ। ਸ਼ਰਧਾ ਨਾਲ ਮੱਥਾ ਟੇਕਣ ਜਾਣਾ। ਮੱਠ ਦੀ ਤੇ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਕਰਮ ਸੀ। ਜਿੱਥੇ ਜਾ ਕੇ ਸਾਡੇ ਸਿਰ ਝੁਕਦੇ ਸਨ। ਜਿਸ ਥਾਂ ਤੋਂ ਬਿਨਾਂ ਜੀਉਣਾ ਸਾਡੇ ਲਈ ਅਸੰਭਵ ਸੀ। ਉਸ ਨੂੰ ਲੈ ਕੇ ਘਰ ਵਿਚ ਸੋਗ ਪੈ ਗਿਆ ਸੀ। ਪਿਤਾ ਜੀ ਦੇ ਬੋਲ ਮਸਾਂ ਹੀ ਨਿਕਲ ਰਹੇ ਸਨ-
‘‘ਮੈਂ ਭਗਵਾਨ ਸ਼ਿਵ ਦੇ ਮੱਠ ਸੁੱਖ ਸੁੱਖੀ ਸੀ। ਹੇ ਮੇਰੇ ਪ੍ਰਭੂ, ਤਿੰਨ-ਚਾਰ ਬੱਚੇ ਮੇਰੀ ਝੋਲੀ ਪਾ ਦਿਓ। ਪਹਿਲਾ ਬੱਚਾ ਤੇਰੇ ਚੜ੍ਹਾਊਂਗਾ। ਉਸ ਪਰਮੇਸ਼ਵਰ ਨੇ ਮਿਹਰ ਕੀਤੀ। ਪਰ ਪਹਿਲੀ ਬੇਟੀ ਦੇ ਦਿੱਤੀ। ਮੈਂ ਸੁੱਖ ਸੁੱਖਣ ਵੇਲੇ ਧੋਖਾ ਖਾ ਗਿਆ। ਮੇਰੇ ਲਾਲ ਹੁੰਦਾ। ਮੈਂ ਪੰਜ-ਛੇ ਸਾਲ ਦੇ ਨੂੰ ਚੜ੍ਹਾ ਦੇਣਾ ਸੀ।’’ ਪਿਤਾ ਜੀ ਦੁਹੱਥੜੀ ਮਾਰ ਕੇ ਭੁੱਬੀਂ ਰੋ ਪਏ ਸਨ।
‘‘ਧੀਆਂ ਦੇ ਦੁੱਖ ਡਾਹਢੇ ਹੁੰਦੇ ਨੇ। ਪਤਾ ਨ੍ਹੀਂ ਤੂੰ ਕਿਹੜੇ ਕਸ਼ਟਾਂ ਵਿੱਚੋਂ ਲੰਘੇਂ। ਇਸੇ ਕਰਕੇ ਅਸੀਂ ਤੈਨੂੰ ਪੜ੍ਹਾਇਆ। ਨੌਕਰੀ ਲੁਆਇਆ। ਪੁੱਤ, ਅਸੀਂ ਆਪਣਾ ਫ਼ਰਜ਼ ਪੂਰਾ ਕੀਤਾ। ਹੁਣ ਤੂੰ ਪਿੱਠ ਨਾ ਦਿਖਾਈਂ। ਨ੍ਹੀਂ ਤੇ ਟੱਬਰ ’ਤੇ ਕਹਿਰ ਵਾਪਰੂ। ਸ਼ਿਵ ਬੜੀ ਕਰਨੀ ਵਾਲੇ ਨੇ। ਬਖਸ਼ਣ ਨ੍ਹੀਂ ਲੱਗੇ।’’ ਝਾਈ ਜੀ ਨੇ ਮੈਨੂੰ ਕਲਾਵੇ ਵਿਚ ਲੈ ਲਿਆ ਸੀ।
‘‘ਬੇਟਾ, ਭਾਰਤ ਦਾ ਇਹ ਪਹਿਲਾ ਮੱਠ ਹੈ, ਜਿੱਥੇ ਸ਼ੇਸ਼ਨਾਗ ਤੇ ਪੰਚਮੁਖੀ ਸ਼ਿਵਲਿੰਗ ਸਥਾਪਤ ਹੈ। ਇਹਨੂੰ ਮੁਗਲ ਬਾਦਸ਼ਾਹ ਬਾਬਰ ਨੇ ਬਣਾਇਆ ਸੀ। ਨੇਪਾਲ ਦੇ ਸ਼ਹਿਨਸ਼ਾਹ ਨੇ ਚਾਲੀ ਮਣ ਦਾ ਅਸ਼ਟਧਾਤੂ ਦਾ ਟੱਲ ਭੇਂਟ ਕੀਤਾ ਸੀ। ਇੱਥੇ ਜਿਹਨੇ ਸੁੱਖ ਸੁੱਖੀ, ਪੂਰੀ ਹੋਈ। ਜਿਹਨੇ ਸੁੱਖ ਨ੍ਹੀਂ ਉਤਾਰੀ, ਉਨ੍ਹਾਂ ਦੇ ਕੁਲ ਦਾ ਬੀਅ ਨਾਸ਼ ਹੋ ਗਿਆ। …ਭਗਵਾਨ ਸਾਡੇ ’ਤੇ ਰਹਿਮ ਕਰੋ।’’ ਪਿਤਾ ਜੀ ਮੱਠ ਅਤੇ ਭਗਵਾਨ ਦੀਆਂ ਫੋਟੋਆਂ ਅੱਗੇ ਝੁਕੇ ਹੋਏ ਸਨ।
ਮੈਂ ਤੀਏ ਦਿਨ ਸਕੂਲ ਗਈ। ਰੋਣਹਾਕੀ ਹੋਈ ਪਈ ਸੀ। ਰਿਸ਼ੀ ਪਹਿਲੋਂ ਆਇਆ ਬੈਠਾ ਸੀ। ਉਸਨੂੰ ਸਾਰੀ ਗੱਲ ਦੱਸੀ। ਉਹ ਮੈਨੂੰ ਪੈ ਨਿਕਲਿਆ-
‘‘ਆਪਣੇ ਝੂਠੇ ਵਿਸ਼ਵਾਸਾਂ ਨੂੰ ਪੱਠੇ ਪਾਉਣ ਲਈ ਤੈਨੂੰ ਕਿਉਂ ਦਾਅ ’ਤੇ ਲਾਇਆ ਜਾ ਰਿਹਾ। ਦੋ ਹੋਰ ਹੈਗੇ ਆ। ਉਨ੍ਹਾਂ ਨੂੰ…।’’
ਮੈਂ ਉਹਨੂੰ ਜੇਠੇ ਬੱਚੇ ਦੀ ਸੁੱਖ ਬਾਰੇ ਸਮਝਾਉਣ ਲੱਗ ਪਈ। ਮੈਂ ਭਗਵਾਨ ਅਤੇ ਮੱਠ ਨਾਲ ਜੁੜੀਆਂ ਕਰਾਮਾਤਾਂ ਬਾਰੇ ਦੱਸਿਆ। ਜਿਨ੍ਹਾਂ ਪਰਿਵਾਰਾਂ ਨੇ ਸੁੱਖਾਂ ਨ੍ਹੀਂ ਉਤਾਰੀਆਂ, ਉਨ੍ਹਾਂ ਦੇ ਉੱਜੜੇ ਵੰਸ਼ਾਂ ਬਾਰੇ ਦੱਸਿਆ। ਪਿਤਾ ਜੀ ਦੀਆਂ ਸੁਣਾਈਆਂ ਗੱਲਾਂ ਰਿਸ਼ੀ ਨੂੰ ਦੱਸੀਆਂ। ਮੇਰੇ ਅੰਦਰ ਭਗਵਾਨ ਦੇ ਘਰ ਬਾਰੇ ਜੋ ਡਰ ਸੀ, ਉਹ ਮੈਂ ਵਿਅਕਤ ਕਰ ਦਿੱਤਾ। ਰਿਸ਼ੀ ਭੜਕ ਪਿਆ ਸੀ-
‘‘ਇਥੇ ਕੋਈ ਭਗਵਾਨ ਦਾ ਘਰ ਨ੍ਹੀਂ ਹੈ। ਸਭ ਰੱਬ ਦੇ ਨਾਂ ’ਤੇ ਸਿਆਸਤ ਹੋ ਰਹੀ ਹੈ। ਸਿਆਸਤਦਾਨ ਡੇਰਿਆਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਤੇ ਗਿਰਜਿਆਂ ਜ਼ਰੀਏ ਸਿਆਸਤ ਚਲਾਉਂਦੇ ਆ। ਭਾਰਤ ਦੀ ਬਦਕਿਸਮਤੀ ਆ ਕਿ ਧਰਮ ਸਿਆਸਤ ਦੇ ਘੋੜੇ ਚੜ੍ਹਿਆ ਹੋਇਆ ਹੈ।…ਤੇ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਉਨ੍ਹਾਂ ਦੀ ਮਾਰ ਹੇਠ ਆਏ ਹੋਏ ਆ।’’
ਉਦੋਂ ਉਹਦੀਆਂ ਗੱਲਾਂ ਦੀ ਮੈਨੂੰ ਸਮਝ ਨ੍ਹੀਂ ਸੀ ਲੱਗੀ। ਉਹਨੇ ਦੱਬ ਕੇ ਮੱਠ ਦੇ ਖਿਲਾਫ਼… ਉਥੋਂ ਦੇ ਸੁਆਮੀ ਜੀ ਅਤੇ ਚੇਲਿਆਂ ਦੇ ਖਿਲਾਫ਼ ਭੜਾਸ ਕੱਢੀ ਸੀ। ਅਜਿਹਾ ਸੁਣਨਾ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਮੈਂ ਮੱਠ ਦੇ ਖਿਲਾਫ਼ ਇਕ ਸ਼ਬਦ ਵੀ ਨ੍ਹੀਂ ਸੁਣਨਾ ਚਾਹੁੰਦੀ ਸੀ। ਮੈਂ ਇਹ ਵੀ ਨ੍ਹੀਂ ਚਾਹੁੰਦੀ ਸੀ ਕਿ ਮੇਰਾ ਰਿਸ਼ੀ ਪਾਪ ਦਾ ਭਾਗੀਦਾਰ ਬਣੇ। ਉਹ ਮੇਰਾ ਪਿਆਰ ਸੀ। ਉਹਦੇ ਪਿਆਰ ਵਿਚ ਡੁੱਬੀ ਰਹਿਣਾ ਚਾਹੁੰਦੀ ਸਾਂ। ਮੈਂ ਪਿਆਰ ਦੀ ਨਦੀ ਨੂੰ ਕਿੱਦਾਂ ਆਖ ਦਿੰਦੀ ਕਿ ਆਪਣਾ ਵਹਾਅ ਮੋੜ ਲੈ। ਪਰ ਉਹਦਾ ਕਹਿਣਾ ਸੀ-
‘‘ਤੂੰ ਮੱਲੋ ਮੱਲੀ ਉਸ ਦਰਿਆ ਵਿਚ ਰਲਣਾ ਚਾਹੁੰਦੀ ਆਂ। ਜਿਹੜਾ ਪਹਿਲੋਂ ਹੀ ਰੇਗਿਸਤਾਨ ਬਣਿਆ ਹੋਇਆ।’’
ਮੈਂ ਰਿਸ਼ੀ ਨਾਲ ਸਹਿਮਤ ਨ੍ਹੀਂ ਸੀ। ਮੱਠ ਤੋਂ ਕਿਵੇਂ ਮੂੰਹ ਮੋੜ ਲੈਂਦੀ। ਸਾਨੂੰ ਸਾਰੇ ਸਾਹ ਉਥੋਂ ਹੀ ਮਿਲੇ ਹੋਏ ਸਨ। ਮੱਠ ਦੇ ਕਣ-ਕਣ ਨਾਲ ਰਿਸ਼ੀ ਜਿੰਨਾ ਹੀ ਪਿਆਰ ਤੇ ਵਿਸ਼ਵਾਸ ਸੀ। ਅਸੀਂ ਲਾਚਾਰ ਸੀ। ਸਾਡੇ ਵਿਸ਼ਵਾਸ ਸਨ। ਮੈਨੂੰ ਬੇਵੱਸ ਦੇਖ ਰਿਸ਼ੀ ਤੁਰ ਪਿਆ ਸੀ।
‘‘ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਹੋਇਆ ਕਿ ਦੋਸਤੀ, ਪਿਆਰ ਤੇ ਚਾਹਤ ਵੀ ਕਦੇ-ਕਦੇ ਬੇਵੱਸ ਹੋ ਜਾਂਦੇ ਹਨ।..ਜੇ ਤੂੰ ਮੱਠ ਚੜ੍ਹਨਾਂ, ਇਹਨੂੰ ਮੇਰੀ ਆਖ਼ਰੀ ਮੁਲਾਕਾਤ ਸਮਝੀਂ।’’
ਮੇਰੇ ਲੱਖ ਤਰਲੇ ਕੱਢਣ ਦੇ ਬਾਵਜੂਦ ਉਹ ਤੁਰਦਾ ਬਣਿਆ ਸੀ। ਮੈਂ ਉਸ ਦਿਨ ਘਰ ਨ੍ਹੀਂ ਜਾਣਾ ਚਾਹੁੰਦੀ ਸੀ। ਛੁੱਟੀ ਹੋਈ ਤਾਂ ਪਿਤਾ ਜੀ ਲੈਣ ਆਏ ਹੋਏ ਸਨ। ਮੈਂ ਘਰ ਗਈ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।
‘‘ਭਗਵਾਨ, ਮੈਨੂੰ ਮਾਫ਼ ਕਰੇ। ਆਪਣੀ ਬੱਚੇ ਸਮਝ ਕੇ। ਮੈਂ ਰਿਸ਼ੀ ਨਾਲ…।’’
ਸ਼ਬਦ ਮੇਰੇ ਮੂੰਹ ਵਿਚ ਹੀ ਸਨ। ਬਾਪ ਮੇਰੇ ਦੇ ਹੱਥ ਕੰਬਣ ਲੱਗ ਪਏ ਸਨ। ਝਾਈ ਨੂੰ ਦੰਦਲ ਪੈ ਗਈ। ਭਰਾ ਉਹਨੂੰ ਸੰਭਾਲਣ ਲੱਗ ਪਏ। ਪਿਤਾ ਜੀ ਮੇਰੇ ਦੁਆਲੇ ਹੋ ਗਏ। ਮੇਰੀਆਂ ਮਿੰਨਤਾਂ ਕਰਨ ਲੱਗ ਪਏ। ਮੈਂ ਚੁੱਪ ਸੀ। ਫੇਰ ਉਹ ਵੀ ਚੁੱਪ ਕਰਕੇ ਬੈਠ ਗਏ। ਉਨ੍ਹਾਂ ਦੇ ਚਿਹਰੇ ਦੇ ਕਈ ਰੰਗ ਬਦਲੇ। ਕਾਹਲੀ ਨਾਲ ਉਠੇ, ਪਤਾ ਨ੍ਹੀਂ ਕਿੱਧਰ ਨੂੰ ਚਲੇ ਗਏ। ਝਾਈ ਨੂੰ ਹੋਸ਼ ਆ ਗਈ ਸੀ।
ਹਰੀਸ਼ ਵੀ ਬਾਹਰ ਨਿਕਲ ਗਿਆ ਸੀ। ਉਹਨੀਂ ਪੈਰੀਂ ਚੀਕਾਂ ਮਾਰਦਾ ਮੁੜ ਆਇਆ ਸੀ। ਸਾਰੇ ਜਣੇ ਉਹਦੇ ਦੁਆਲੇ ਇਕੱਠੇ ਹੋ ਗਏ ਸਨ।
‘‘ਪਿਤਾ ਜੀ ਨੇ ਖੂਹ ਵਿਚ…।’’
ਅਸੀਂ ਸਾਰੇ ਖੂਹ ਵੱਲ ਭੱਜ ਲਏ। ਉਨ੍ਹਾਂ ਦੁਆਲੇ ਲੋਕਾਂ ਦਾ ਝੁਰਮਟ ਸੀ। ਉਨ੍ਹਾਂ ਦੇ ਢਿੱਡ ਵਿਚੋਂ ਪਾਣੀ ਕੱਢਿਆ ਜਾ ਰਿਹਾ ਸੀ। ਸਾਡੇ ਸ਼ਰੀਕੇ ਵਿਚੋਂ ਲੱਗਦੇ ਬਾਬੇ ਨੇ ਧਰਵਾਸ ਦਿੱਤਾ ਸੀ-
‘‘ਜੈ ਚੰਦ ਬਚ ਗਿਆ। ਭਾਈ, ਹੁਣ ਇਹਨੂੰ ਦੂਜੀ ਵਾਰ ਮਰਨ ਲਈ ਮਜ਼ਬੂਰ ਨਾ ਕਰਿਓ।’’
ਬਾਬੇ ਨੇ ਸ਼ਾਇਦ ਮੈਨੂੰ ਸੁਣਾ ਕੇ ਕਿਹਾ ਸੀ। ਹੁਣ ਸਭ ਕੁਝ ਮੇਰੇ ’ਤੇ ਨਿਰਭਰ ਸੀ। ਮੈਂ ਦੋਨਾਂ ਧਿਰਾਂ ਦੇ ਵਿਚਕਾਰ ਲਟਕ ਗਈ ਸੀ। ਨਾ ਜਮਾਉਣ ਤੇ ਪਾਲਣ ਵਾਲਿਆਂ ਨੂੰ ਛੱਡ ਸਕਦੀ ਸੀ ਤੇ ਨਾ ਆਪਣੇ ਪਿਆਰ ਨੂੰ ਧੱਕਾ ਦੇ ਸਕਦੀ ਸੀ। ਮੈਂ ਕਮਰੇ ਵਿਚ ਆ ਕੇ ਸੋਚਾਂ ਵਿਚ ਡੁੱਬ ਗਈ ਸੀ। ਮੈਂ ਰਿਸ਼ਤਿਆਂ ਦੇ ਚੱਕਰਵਿਊ ’ਚੋਂ ਬਾਹਰ ਕੱਢਣ ਵਾਲੇ ਅਭਿਮੰਨਿਯੂ ਦਾ ਇੰਤਜ਼ਾਰ ਕਰਨ ਲਗਦੀ। ਪਰ ਮੇਰਾ ਅਭਿਮੰਨਿਯੂ…। ਉਸੇ ਵਕਤ ਪਿਤਾ ਜੀ ਦੀ ਲਾਸ਼ ਖੂਹ ਵਿਚੋਂ ਨਿਕਲਦੀ ਪ੍ਰਤੀਤ ਹੁੰਦੀ।…ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ। ਦਿਨ ਦਿਹਾੜੇ ਭੈੜੇ-ਭੈੜੇ ਸੁਪਨੇ ਆਉਣ ਲੱਗ ਪਏ। ਹਨੇਰੀ ਆ ਗਈ ਸੀ। ਬਿਜਲੀ ਕੜਕੀ ਸੀ। ਮੈਨੂੰ ਲੱਗਿਆ ਭਗਵਾਨ ਸ਼ਿਵ ਆ ਗਏ ਹਨ। ਮੈਨੂੰ ਉਨ੍ਹਾਂ ਦਾ ਖੌਫ਼ ਖਾਣ ਲੱਗਾ। ਤ੍ਰਿਸ਼ੂਲ ਨਿਕਲਿਆ। ਮੈਂ ਸਹਿਮ ਗਈ। ਮੈਂ ਡਰਦੀ ਨੇ ਹੱਥ ਜੋੜ ਦਿੱਤੇ।
‘‘ਭਗਵਾਨ, ਮੈਂ ਤੇਰੇ ਦਰ ਦੀ ਦਾਸੀ ਬਣਾਂਗੀ।’’
ਮੈਨੂੰ ਲੱਗਿਆ ਕਮਰੇ ਵਿਚ ਰੋਸ਼ਨੀ ਹੋ ਗਈ ਹੈ। ਭਗਵਾਨ ਦੀ ਮੂਰਤੀ ਵੱਲ ਨਿਗਾਹ ਮਾਰੀ। ਉਹਨਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ। ਮੇਰਾ ਫ਼ੈਸਲਾ ਸੁਣ ਕੇ ਘਰ ਵਿਚ ਮਾਹੌਲ ਸੁਖਾਵਾਂ ਹੋ ਗਿਆ ਸੀ।
ਮੈਂ ਅਗਲੇ ਹਫ਼ਤੇ ਉੱਤਰਾ ਤੋਂ ਮਾਤਾ ਸ੍ਰੀ ਬਣ ਗਈ ਸੀ।
ਮੈਨੂੰ ਭਗਵਾਂ ਪੁਆਇਆ ਜਾ ਰਿਹਾ ਸੀ।…ਪਰ ਮੈਂ ਤਾਂ ਪਹਿਲਾਂ ਹੀ ਰਿਸ਼ੀ ਦੇ ਪਿਆਰ ’ਚ ਭਗਵਾਂ ਪਾਈ ਜੋਗਣ ਹੋਈ ਬੈਠੀ ਸੀ। ਮੈਨੂੰ ਸਾਧਣੀ ਬਣਾਉਣ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਮੈਨੂੰ ਰਿਸ਼ੀ ਦਾ ਖਿਆਲ ਆਈ ਜਾ ਰਿਹਾ ਸੀ। ਕਿਸੇ ਖੂੰਜੇ ਬੈਠਾ ਕੁਰਲਾ ਰਿਹਾ ਨਜ਼ਰ ਆ ਰਿਹਾ ਸੀ। ਉਹਦੀਆਂ ਅੱਖਾਂ ’ਚ ਵੀ ਪਾਣੀ ਸੀ ਤੇ ਮੇਰੀਆਂ ਅੱਖਾਂ ਵਿਚ ਵੀ। ਉਹਦੀ ਉੱਤਰਾ ਸਾਧਣੀ ਬਣ ਗਈ ਸੀ।
ਮੈਂ ਮੱਠ ਰਹਿਣ ਲੱਗੀ। ਮੱਠ ਘਰ ਤੋਂ 25 ਕਿਲੋਮੀਟਰ ਦੂਰ ਹੋਣਾਂ। ਸਕੂਲ ਦੋਨਾਂ ਦੇ ਵਿਚਾਲੇ ਸੀ। ਮੈਂ ਘਰ ਨਾ ਰਹਿਣ ਦਾ ਫ਼ੈਸਲਾ ਕੀਤਾ ਸੀ। ਮੱਠ ਤੋਂ ਸਕੂਲ ਜਾਂਦੀ ਤੇ ਸਕੂਲ ਤੋਂ ਮੱਠ। ਮੋਹਰੇ ਸ਼ਿਵਰਾਤਰੀ ਆ ਗਈ। ਸ਼ਿਵਰਾਤਰੀ ’ਤੇ ਭਾਰੀ ਮੇਲਾ ਲਗਦਾ ਹੈ। ਹਫ਼ਤਾ ਪਹਿਲਾਂ ਦੂਰੋਂ-ਦੂਰੋਂ ਸੰਤ ਮਹਾਤਮਾ ਆਉਣ ਲੱਗ ਪਏ ਸਨ। ਇਕ ਨਾਂਗੇ ਸਾਧੂਆਂ ਦੀ ਟੋਲੀ ਵੀ ਆਈ ਸੀ। ਇਹ ਮੇਰੇ ਮਨ ਪਸੰਦ ਦੇ ਸਾਧੂ ਸਨ। ਮੇਰੇ ਸਤਿਕਾਰ ਦੇ ਪਾਤਰ। ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਸੀ। ਸਾਰੇ ਨਾਂਗੇ ਸਾਧੂਆਂ ਨੇ ਆਪਣੀਆਂ ਇੰਦਰੀਆਂ ਨੂੰ ਸੰਗਲ ਲਾਏ ਹੋਏ ਸਨ। ਮੈਂ ਉਨ੍ਹਾਂ ਦੇ ਸਬਰ ਅਤੇ ਸਿਦਕ ਤੋਂ ਬਲਿਹਾਰੇ ਜਾਂਦੀ।
ਇਕ ਰਾਤ ਰੌਲਾ ਪੈ ਗਿਆ। ਅੱਖ ਖੁੱਲ੍ਹੀ ਤਾਂ ਰੌਲੇ ਵਾਲੀ ਜਗ੍ਹਾ ਚਲੇ ਗਈ ਸੀ। ਇਕ ਨਾਂਗਾ ਸਾਧੂ ਲੰਮਾ ਪਾਇਆ ਹੋਇਆ ਸੀ। ਉਹਦੀ ਇੰਦਰੀ ਦਾ ਕੜਾ ਟੁੱਟਿਆ ਹੋਇਆ ਸੀ। ਉਸਨੇ ਨਾਲ ਪਏ ਇਕ ਸੇਵਾਦਾਰ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਨੰਗੇ ਹੋਏ ਸੇਵਾਦਾਰ ਨੇ ਰੌਲਾ ਪਾ ਦਿੱਤਾ ਸੀ। ਸੁਆਮੀ ਜੀ ਨੇ ਨਾਂਗੇ ਸਾਧ ਦੇ ਘੋਟਣਾ ਫੇਰਨਾ ਸ਼ੁਰੂ ਕੀਤਾ ਤਾਂ ਉਹ ਅੜਾਹਟ ਪਾਉਣ ਲੱਗ ਪਿਆ ਸੀ। ਮੈਂ ਪੀੜਤ ਸੇਵਾਦਾਰ ਕੋਲ ਬੈਠ ਗਈ। ਵਿਚਾਰਾ ਡਰਿਆ ਪਿਆ ਸੀ। ਰੰਗ ਪੀਲਾ ਭੂਕ। ਡਰ ਅਤੇ ਸ਼ਰਮ ਨਾਲ ਸਹਿਮਿਆ ਬੈਠਾ ਸੀ। ਕੁਟਾਪਾ ਕਰਨ ਤੋਂ ਪਿੱਛੋਂ ਨਾਂਗੇ ਸਾਧ ਨੂੰ ਮੱਠ ਤੋਂ ਭਜਾ ਦਿੱਤਾ ਸੀ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਜਦੋਂ ਮੇਰੀ ਅੱਖ ਲਗਦੀ, ਉਸ ਸੇਵਾਦਾਰ ਦੀ ਜਗ੍ਹਾ ਮੈਂ ਹੁੰਦੀ। ਨਾਂਗੇ ਸਾਧੂਆਂ ਦੇ ਸੰਗਲ, ਕੜੇ ਟੁੱਟ ਜਾਂਦੇ। ਮੈਨੂੰ…। ਉੱਠ ਕੇ ਬੈਠ ਜਾਂਦੀ। ਦੁਬਾਰਾ ਪੈਂਦੀ ਤਾਂ ਸੁਪਨਾ ਸ਼ੁਰੂ ਹੋ ਜਾਂਦਾ। ਮੱਠ ਵਾਲੇ ਸਾਧੂ ਉਨ੍ਹਾਂ ਦੀ ਥਾਂ ਲੈ ਲੈਂਦੇ।
ਅਗਲੀ ਰਾਤ ਮੈਂ ਭੈੜੇ ਸੁਪਨੇ ਦੀ ਸ਼ਿਕਾਰ ਹੋ ਗਈ। ਮੱਠ ਵਿਚ ਵੱਡੇ ਸ਼ਿਵਲਿੰਗ ਦੇ ਨਾਲ ਛੋਟੇ-ਛੋਟੇ ਸ਼ਿਵਲਿੰਗ ਵੀ ਹਨ। ਕਹਿੰਦੇ ਇਕ ਬਾਦਸ਼ਾਹ ਨੇ ਜੇਜੋਂ ’ਤੇ ਹਮਲਾ ਕੀਤਾ ਸੀ। ਸੈਨਿਕ ਮੱਠ ਲੁੱਟਣ ਆ ਗਏ। ਇਕ ਹਮਲਾਵਰ ਨੇ ਤਲਵਾਰ ਨਾਲ ਸ਼ਿਵਲਿੰਗ ਵੱਢ ਦਿੱਤਾ ਸੀ। ਜਿੱਥੇ-ਜਿੱਥੇ ਉਹ ਡਿੱਗਿਆ, ਉਥੇ-ਉਥੇ ਹੋਰ ਕਿੰਨੇ ਸ਼ਿਵਲਿੰਗ ਉੱਗ ਆਏ ਸਨ। ਮੈਂ ਸਾਰੀ ਰਾਤ ਅੱਧ ਸੁੱਤੀ ਰਹੀ। ਉਸ ਰਾਤ ਮੇਰੇ ਦੁਆਲੇ ਵੀ ਸ਼ਿਵਲਿੰਗ ਉੱਗ ਆਏ ਸਨ। ਸ਼ਿਵਲਿੰਗ ਮੇਰੇ ਵੱਲ ਨੂੰ ਉੱਚੇ ਹੋਣ ਲੱਗਦੇ। ਮੇਰੀ ਚੀਕ ਨਿਕਲ ਜਾਂਦੀ।
ਸਵੇਰਾ ਹੋਇਆ ਤਾਂ ਮੱਠ ਵਿਚ ਰਾਤ ਨਾ ਰਹਿਣ ਦਾ ਨਿਰਣਾ ਲੈ ਲਿਆ ਸੀ। ਘਰਦਿਆਂ ਨੇ, ਸੁਆਮੀ ਜੀ ਨੇ ਮੈਨੂੰ ਬਥੇਰਾ ਸਮਝਾਇਆ ਪਰ ਉਹ ਮੈਨੂੰ ਸਹਿਮ ’ਚੋਂ ਨਾ ਕੱਢ ਸਕੇ। ਮੈਂ ਕਿਹੋ ਜਿਹੀ ਸਾਧਣੀ ਸੀ। ਗੇਰੂਏ ਰੰਗ ਦੇ ਕੱਪੜੇ ਨਾ ਪਾਉਂਦੀ। ਸਵੇਰੇ ਸਕੂਲ ਜਾਂਦੀ। ਬੱਚੇ ਪੜ੍ਹਾਉਂਦੀ। ਸਕੂਲ ਤੋਂ ਮੱਠ। ਸ਼ਾਮ ਪੈਂਦੀ ਤਾਂ ਪਿੰਡ ਨੂੰ ਚਲੇ ਜਾਂਦੀ। ਰੋਜ਼ਾਨਾ ਪੰਜਾਹ ਕਿਲੋਮੀਟਰ ਦਾ ਸਫ਼ਰ ਸਰੀਰ ਦਾ ਚਕਨਾਚੂਰ ਕਰ ਦਿੰਦਾ। ਰਿਸ਼ੀ ਮੇਰੇ ਨਾਲ ਲੜ ਝਗੜ ਕੇ ਘਰ ਬਹਿ ਗਿਆ ਸੀ। ਪਰ ਉਹ ਹਮੇਸ਼ਾ ਮੈਨੂੰ ਮੇਰੇ ਸੰਗ ਲਗਦਾ। ਮੈਂ ਭਗਵਾਨ ਨਾਲ ਲਿਵ ਲਾ ਲੈਂਦੀ। ਭਗਵਾਨ ਦੇ ਧੜ ਉਤੇ ਉਹਦਾ ਮੂੰਹ ਲੱਗ ਜਾਂਦਾ। ਮੈਂ ਉਹਦੇ ਸੁਪਨਿਆਂ ਵਿਚ ਗੁੰਮ ਹੋ ਜਾਂਦੀ।
ਉਹ ਯੋਗੀ ਹੋ ਜਾਂਦਾ। ਕੰਨਾਂ ’ਚ ਮੁੰਦਰਾਂ ਪਾ ਲੈਂਦਾ। ਦਰ-ਦਰ ’ਤੇ ਜਾ ਕੇ ਭਿੱਖਿਆ ਮੰਗਦਾ-
‘‘ਮੈਂ ਰਾਝਾਂ ਯੋਗੀ ਬਣਿਆ। ਮੇਰੀ ਝੋਲੀ ਪਾਓ ਹੀਰ ਵੇ।’’
ਭਗਵੇਂ ਕੱਪੜਿਆਂ ਵਿਚ ਸੋਹਣਾ ਲਗਦਾ। ਮੱਥੇ ’ਤੇ ਤੇਜ ਝਲਕਦਾ। ਚਿਹਰਾ ਜਿਉਂ ਅੱਗ ਦਾ ਗੋਲਾ ਇਉਂ ਮਘਦਾ।…ਆਖਦਾ ‘ਪ੍ਰੇਮ ਦੀ ਲਾਲੀ ਮੇਰੇ ਮੁੱਖ ’ਤੇ ਛਾਈ। ਮੈਂ ਸੂਰਜ ਆਪਣੀ ਧਰਤੀ ਦਾ।’ ਫਿਰ ਉਹ ਸੂਰਜ ਤੋਂ ਸਮੁੰਦਰ ਬਣ ਜਾਂਦਾ। ਉਸ ਵਿਚ ਮੈਂ ਇਕ ਮਛਲੀ ਹੁੰਦੀ। ਜਿਸ ’ਤੇ ਸਿਰ ਮੇਰਾ ਹੁੰਦਾ। ਮੈਂ ਆਖਦੀ-
‘‘ਮਛਲੀ ਜਲ ਦੀ ਰਾਣੀ ਹੈ। ਜੀਵਨ ਉਸਦਾ ਪਾਣੀ ਹੈ। ਬਾਹਰ ਕੱਢੇਂਗਾ ਤਾਂ ਮਰ ਜਾਏਗੀ।’’
ਏਨੇ ਨੂੰ ਮਗਰਮੱਛ ਆ ਜਾਂਦਾ। ਉਸਦਾ ਸਿਰ ਮੇਰੇ ਪਿਓ ਦਾ ਹੁੰਦਾ। ਨਾਲ ਭਰਾਵਾਂ ਦੇ ਸਿਰ ਲੱਗ ਜਾਂਦੇ। ਉਹ ਮੈਨੂੰ ਸਮੁੰਦਰ ’ਚੋਂ ਬਾਹਰ ਕੱਢ ਕੇ ਤਪਦੀ ਰੇਤ ’ਤੇ ਸੁੱਟ ਦਿੰਦੇ।
ਅਗਲੇ ਦਿਨ ਅਸੀਂ ਸ਼ਾਹ ਤਲਾਈ ਜਾਂਦੇ ਹਾਂ। ਚਰਨ ਗੰਗਾ ਪੁੱਜਦੇ ਹਾਂ। ਇੱਧਰ ਵੀ ਝਰਨਾ, ਉੱਧਰ ਵੀ ਝਰਨਾ। ਵਿਚਕਾਰ ਪੱਥਰ। ਚਾਨਣੀ ਰਾਤ। ਚੰਦ ਦੀ ਰੋਸ਼ਨੀ ਸਾਡੇ ਚਿਹਰਿਆਂ ’ਤੇ ਪੈ ਰਹੀ ਹੈ। ਉਹ ਚਰਨ ਗੰਗਾ ਤੋਂ ਪਾਣੀ ਦੀ ਚੁਲੀ ਭਰ ਕੇ ਲਿਆਉਂਦਾ। ਮੇਰੇ ਬੁੱਲ੍ਹਾਂ ਨੂੰ ਲਾਉਂਦਾ ਹੈ। ਪਾਣੀ ਵਾਸ਼ਪ ਬਣ ਕੇ ਉੱਡੀ ਜਾ ਰਿਹਾ। ਉਹ ਵਾਰ-ਵਾਰ ਪਾਣੀ ਲਾਈ ਜਾ ਰਿਹਾ ਹੈ। ਮੈਂ ਕਾਰਨ ਪੁੱਛਿਆ ਤਾਂ ਹੱਸ ਪਿਆ-
‘‘ਬੁੱਲ੍ਹ ਸੁੱਚੇ ਹੁੰਦੇ ਹਨ, ਵਾਸ਼ਨਾ ਤੋਂ ਬਗੈਰ।’’
ਮੈਂ ਉਹਦੇ ਸੁਪਨਿਆਂ ਵਿਚ ਜੀਉਂਦੀ ਹਾਂ। ਜਿਸ ਦਿਨ ਮੇਰੇ ਮੱਠ ਚੜ੍ਹਨ ਦੀ ਰਸਮ ਹੋਈ ਸੀ, ਸੜਿਆ ਜਿਹਾ ਰੂਪੋਸ਼ ਹੋ ਗਿਆ ਸੀ। ਮੈਂ ਤਾਂ ਪੂਨਮ ਭੈਣ ਕੋਲ ਵੀ ਮਿਲਣ ਲਈ ਸਿਫ਼ਾਰਸ਼ਾਂ ਪਾਈਆਂ ਤੇ ਜੀਜਾ ਜੀ ਕੋਲ ਵੀ। ਪਰ ਉਹ…। ਉਹਨੂੰ ਖ਼ਤ ਵੀ ਲਿਖੇ-
‘ਤੂੰ ਏਨਾ ਨਿਰਮੋਹਾ ਹੋਏਂਗਾ, ਮੈਂ ਸੋਚਿਆ ਵੀ ਨ੍ਹੀਂ ਸੀ। ਤੇਰੇ ਤੋਂ ਬਗੈਰ ਟਿਕਾਅ ਨਹੀਂ ਆਉਂਦਾ। ਆਵੇਂ ਵੀ ਕਿਵੇਂ? ਮੇਰਾ ਮੁਰਸ਼ਦ ਹੀ ਖੋਹ ਲਿਆ ਗਿਆ। ਕਿਸੇ ਕੋਲ ਖੋਹਣ ਦੇ ਹੱਕ ਹੋਣਗੇ। ਪਰ ਤੂੰ ਕਿਉਂ ਖੋਹ ਹੋ ਜਾਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ। ਮੈਨੂੰ ਆਸ ਆ ਤੂੰ ਜ਼ਰੂਰ ਮਿਲਣ ਆਏਂਗਾ। ਤੇਰੀ….।’
ਸਕੂਲ ਵਿਚ ਅੱਧੀ ਛੁੱਟੀ ਹੋਈ ਸੀ। ਸਟਾਫ਼ ਚਾਹ ਦੁਆਲੇ ਹੋ ਗਿਆ ਸੀ। ਨਲਕੇ ’ਤੇ ਬੱਚੇ ਫੱਟੀਆਂ ਧੋਣ ਲੱਗੇ ਹੋਏ ਸੀ। ਮੈਂ ਗਰਾਊਂਡ ਵੱਲ ਨੂੰ ਆ ਨਿਕਲੀ। ਮਿੱਟੀ ਵਿਚ ਉਂਗਲਾਂ ਫੇਰਨ ਲੱਗੀ। ਉਹਦਾ ਨਾਂ ਲਿਖ ਹੋ ਗਿਆ। ਪਤਾਨ੍ਹੀਂ ਕੀ ਝੱਲ ਉੱਠਿਆ। ਉਹਦਾ ਨਾਂ ਲਿਖ-ਲਿਖ ਮਿਟਾਈ ਗਈ। ਕਈ ਰਿਸ਼ਤੇ ਫ਼ੱਟੀ ’ਤੇ ਲਿਖੀ ਇਬਾਰਤ ਵਰਗੇ ਹੁੰਦੇ ਹਨ, ਜੋ ਇਕ ਵਾਰ ਪੂੰਝਣ ’ਤੇ ਮਿਟ ਜਾਂਦੇ ਨੇ। ਪਰ ਕੰਬਖਤ ਨਾ ਉਹਦਾ ਨਾਂ ਮਿਟਦਾ ਐ ਤੇ ਨਾ ਈ ਰਿਸ਼ਤਾ। ਘਰ ਆ ਕੇ ਖ਼ਤ ਲਿਖਣ ਬਹਿ ਗਈ-
‘ਮੈਨੂੰ ਪੂਨਮ ਨੇ ਦੱਸਿਆ ਕਿ ਤੂੰ ਸ਼ਰਾਬ ਪੀਣ ਲੱਗ ਪਿਆਂ। ਮੱਘੇ ਮਾਰਦਾਂ-
‘‘ਸਾਲੇ ਹੱਟੇ ਕੱਟੇ ਸਾਧ ਮੇਰੀ ਉੱਤਰਾ ਨੂੰ ਉਧਾਲ ਕੇ ਲੈ ਗਏ।’’
ਮੈਂ ਕਿਹੜਾ ਮਨੀ ਪਲਾਂਟ ਦੀ ਬੇਲ ਹਾਂ। ਤੇਰੇ ਖ਼ਤਾਂ ’ਚ ਊਟ ਪਟਾਂਗ ਲਿਖਿਆ ਹੁੰਦਾ। ਬਹੁਤੀ ਸਿੱਖਿਆ ਨਾ ਦਿਆ ਕਰ। ਅੱਖਾਂ ਤੋਂ ਓਹਲੇ ਤੇ ਮਰੇ ਹੋਏ ਬੰਦੇ ਵਿਚਕਾਰ ਬਹੁਤਾ ਫ਼ਰਕ ਨਹੀਂ ਹੁੰਦਾ।…ਤੂੰ ਉਸ ਦਿਨ ਪੱਤਰਕਾਰਾਂ ਨਾਲ ਮੱਠ ਵਿਚ ਆਇਆ ਸੀ। ਮੇਰੇ ਧਰਤੀ ਨਾਲ ਪੱਬ ਨਹੀਂ ਸੀ ਲਗਦੇ। ਇਸ ਜਿਸਮ ਵਿਚ ਜਾਨ ਪੈ ਗਈ ਸੀ। ਤੇਰਾ ਆਉਣਾ ਝੂਠ ਜਿਹਾ ਲੱਗਿਆ ਸੀ। ਜਿਵੇਂ ਮੈਂ ਸੁਪਨਾ ਦੇਖ ਰਹੀ ਹੋਵਾਂ। ਸੋਚਣ ਲੱਗੀ-ਇਹ ਇੱਥੇ ਕਿਵੇਂ? ਏਹੀ ਸੋਚਦੀ ਨੇ ਮੈਂ ਉਸ ਦਿਨ ਨੁਕਸਾਨ ਕਰਾ ਲਿਆ ਸੀ। ਤੁਸੀਂ ਤੁਰਦੇ ਬਣੇ ਸੀ। ਇਹ ਤਾਂ ਬਾਅਦ ਵਿਚ ਪਤਾ ਲੱਗਾ ਕਿ ਅੱਜ ਕੱਲ੍ਹ ਤੁਸੀਂ ਭਗਵਾਨ ਦੇ ਘਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ-ਉੱਤਰਾ।’
ਰਿਸ਼ੀ ਵਿਆਹਿਆ ਗਿਆ। ਅਗਲੀ ਕੀ ਸੋਚੂ। ਮੈਂ ਇਹ ਸੋਚ ਕੇ ਪਿੱਛੇ ਹੱਟ ਗਈ। ਮੇਰੀ ਕਿਸਮਤ ਨੇ ਤਾਂ ਸਾਥ ਨ੍ਹੀਂ ਦਿੱਤਾ। ਉਹ ਰਾਜ਼ੀ ਰਹੇ। ਸਕੂਲ ਵਿਚ ਬੱਚਿਆਂ ਨਾਲ ਮਨ ਪਰਚਾਅ ਲਈਦਾ ਸੀ। ਨਾਲੇ ਮੱਠ ਦੀ ਹਰ ਵਸਤ ਵਿਚ ਰਚਮਿਚ ਗਈ ਸੀ।
ਲੋਕ ਸੁੱਖੀਆਂ ਸੁੱਖਾਂ ਲਾਹੁਣ ਆਉਂਦੇ। ਇਕ ਵਾਰ ਇਕ ਟੱਬਰ ਸੁੱਖ ਦੇਣ ਆਇਆ। ਮੇਰੇ ਬਾਰੇ ਜਾਣ ਕੇ ਉਨ੍ਹਾਂ ਦਾ ਬਜ਼ੁਰਗ ਬੜਾ ਹੈਰਾਨ ਹੋਇਆ-
‘‘ਪੁੱਤ ਚੜ੍ਹਾਉਂਦੇ ਸੁਣੇ ਸੀ ਤੇ ਦੇਖੇ ਵੀ। ਪਰ ਧੀ ਚੜ੍ਹਾਈ ਪਹਿਲੀ ਵਾਰ ਦੇਖੀ ਹੈ।’’
ਮੱਠ ਵਿਚ ਸਾਰੇ ਆਪਣੇ ਆਪ ਨੂੰ ਸ਼ੁੱਧ ਬ੍ਰਾਹਮਣ ਦੱਸਦੇ ਸਨ। ਸਿਰਫ਼ ਵੱਡੇ ਸੰਤ ਪਰਮਾ ਨੰਦ ਜੀ ਨੂੰ ਸੁਆਮੀ ਜੀ ਕਹਿੰਦੇ। ਬਾਕੀ ਇਕ ਦੂਜੇ ਨੂੰ ਪੰਡਤ ਜੀ-ਪੰਡਤ ਜੀ ਕਹਿ ਕੇ ਬੁਲਾਉਂਦੇ। ਮੈਨੂੰ ਪੁੱਛ ਲੈਂਦੇ-
‘‘ਆਪ ਕੌਨ ਸੇ ਬ੍ਰਾਹਮਨ ਵੰਸ਼ ਸੇ ਹੈਂ?’’
ਮੈਂ ਇਨ੍ਹਾਂ ਨੂੰ ਕੀ ਦਸਦੀ। ਪਿਓ ਲੋਕਾਂ ਦਾ ਲਾਗਪੁਣਾ ਕਰਦਾ ਸੀ। ਅਗਾਂਹ ਭਰਾ ਵਾਲ ਕੱਟਣ ਲੱਗ ਪਏ। ਸਾਡੇ ਗੋਤ ਵਾਲਿਆਂ ਨੂੰ ਬਰਾਦਰੀ ਵਿਚ ਬੜਾ ਮਾਣ ਮਿਲਦਾ। ਪਰ ਮੱਠ ਵਿਚ…। ਇਹ ਲੋਕ ਗੱਲਾਂ ਏਹੋ ਜਿਹੀਆਂ ਕਰਦੇ ਰਹਿੰਦੇ। ਮੈਂ ਚਾਹੁੰਦੀ ਸੀ ਮੱਠ ਸਭਨਾਂ ਲੋਕਾਂ ਲਈ ਹੋਵੇ। ਮੈਂ ਸੁਆਮੀ ਜੀ ਅੱਗੇ ਮੱਠ ਵਿਚ ਲਾਇਬਰੇਰੀ ਖੋਲ੍ਹਣ ਅਤੇ ਸਕੂਲ ਚਲਾਉਣ ਦੀ ਤਜਵੀਜ਼ ਰੱਖੀ। ਆਮਦਨ ਥੋੜਹੀ ਸੀ? ਦੋ ਸੌ ਅੱਸੀ ਖੇਤ ਜ਼ਮੀਨ ਦੇ। ਚੜ੍ਹਾਵਾ ਵੱਖਰਾ। ਮੈਂ ਤਨਖਾਹ ਦਿੰਦੀ ਸੀਗੀ। ਪਰ ਉਨ੍ਹਾਂ ਨੂੰ ਵਿਹਲ ਕਿੱਥੋਂ। ਸੁਆਮੀ ਜੀ ਤਾਂ ਮਾਤਾ ਨਿਰਜਲਾ ਨਾਲ ਵਚਨ ਬਿਲਾਸ ਕਰਦੇ ਰਹਿੰਦੇ। ਬ੍ਰਹਮਚਾਰੀ ਬੰਦਾ ਤੇ…। ਇਕ ਰਿਸ਼ੀ ਵਰਗਾ ਸ਼ੰਕਰਨੰਦ ਹੈਗਾ। ਬੋਲ ਪੈਂਦਾ-
‘‘ਮਾਤਾ ਜੀ ਤਾਂ ਸੁਆਮੀ ਜੀ ਦੀ ਰਾਧਾ ਆ।’’
ਕਈ ਵਾਰ ਉਹ ਮੈਨੂੰ ਰਿਸ਼ੀ ਲੱਗਣ ਲੱਗ ਪੈਂਦਾ। ਉਹਨੂੰ ਦੇਖਕੇ ਮੇਰਾ ਸਰੀਰ ਭਖਣ ਲੱਗ ਪੈਂਦਾ। ਚਿਹਰਾ ਲਾਲ ਹੋ ਜਾਂਦਾ। ਸੁਆਮੀ ਜੀ ਝੱਟ ਮੇਰੇ ਸਿਰ ’ਤੇ ਹੱਥ ਰੱਖ ਦਿੰਦੇ।
‘‘ਉੱਤਰਾ ਬੇਟਾ। ਘਬਰਾਉਣਾ ਨ੍ਹੀਂ। ਇਹ ਮੱਠ ਤੇਰਾ ਆਪਣਾ ਆ। ਮੇਰੇ ਹੁੰਦਿਆਂ…।’’
ਉਨ੍ਹਾਂ ਦਾ ਹੱਥ ਮੇਰੀ ਪਿੱਠ ’ਤੇ ਆ ਜਾਂਦਾ। ਮੇਰੇ ਤਨ ’ਚੋਂ ਲਹਿਰ ਉਠਦੀ। ਤਨ ਮਨ ਮੱਚ ਉਠਦਾ। ਸੁਆਮੀ ਜੀ ਦੇ ਹੱਥਾਂ ਦੀ ਤਪਸ਼ ਮੈਤੋਂ ਝੱਲੀ ਨਾ ਜਾਂਦੀ। ਮੈਂ ਪ੍ਰੇਸ਼ਾਨ ਹੋ ਉੱਠਦੀ।
ਮੇਰਾ ਚਿੱਤ ਖ਼ਰਾਬ ਹੋ ਜਾਂਦਾ। ਸ਼ਰਧਾਲੂ ਆਉਂਦੇ। ਸਾਰੀਆਂ ਸਮਾਧਾਂ ’ਤੇ ਮੰਦਰਾਂ ਵਿਚ ਮੱਥਾ ਟੇਕਦੇ। ਫੇਰ ਸਾਰਿਆਂ ਦੇ ਪੈਰੀਂ ਹੱਥ ਲਾਉਂਦੇ। ਜਦੋਂ ਸ਼ਰਧਾਲੂ ਮੇਰੇ ਪੈਰਾਂ ਨੂੰ ਸਪਰਸ਼ ਕਰਦੇ, ਮੈਂ ਤੜਫ਼ਣ ਲਗਦੀ। ਸ਼ੰਕਰਾਨੰਦ ਵਲ ਦੇਖਦੀ। ਹੋਰ ਪਾਗਲ ਹੋ ਜਾਂਦੀ। ਮੈਤੋਂ ਮੇਰੇ ਸਰੀਰ ਦਾ ਸੇਕ ਨਾ ਝੱਲਿਆ ਜਾਂਦਾ। ਮੈਂ ਉੱਠ ਕੇ ਸਰੋਵਰ ਵੱਲ ਚਲੇ ਜਾਂਦੀ। ਕੱਪੜੇ ਵੀ ਨਾ ਲਾਹੁੰਦੀ। ਠੰਡਾ ਪਾਣੀ ਆਪਣੇ ਸਰੀਰ ’ਤੇ ਪਾਉਣ ਲੱਗ ਪੈਂਦੀ। ਮਸੀਂ ਸ਼ਾਂਤ ਹੁੰਦੀ। ਘਰ ਜਾਂਦੀ। ਉੱਥੇ ਹੋਰ ਵੀ ਮਾੜਾ ਹਾਲ ਹੁੰਦਾ। ਨਾਲ ਦੇ ਕਮਰਿਆਂ ਵਿਚ ਭਰਾ ਭਰਜਾਈਆਂ ਹੁੰਦੇ। ਮੇਰੇ ਕੰਨ ਬੜੇ ਤੇਜ਼ ਨੇ। ਕੰਧਾਂ ਵਿਚੋਂ ਵੀ ਆਵਾਜ਼ਾਂ ਸੁਣ ਲੈਂਦੇ। ਭਰਾ ਭਰਜਾਈਆਂ ਤਾਂ ਮਿੰਟਾਂ ਵਿਚ ਸ਼ਾਂਤ ਹੋ ਕੇ ਸੌਂ ਜਾਂਦੇ। ਪਰ ਮੈਂ ਸਾਰੀ ਰਾਤ ਨਾ ਸੌਂਦੀ। ਪਾਸੇ ਮਾਰਦੀ ਦੀ ਰਾਤ ਨਿਕਲ ਜਾਂਦੀ।
ਮਾਤਾ ਨਿਰਜਲਾ ਜੀ ਤੀਰਥ ਯਾਤਰਾ ’ਤੇ ਸੰਤਾਂ ਦੀ ਇਕ ਟੋਲੀ ਨਾਲ ਚਲੇ ਗਏ। ਉਨ੍ਹਾਂ ਦਿਨਾਂ ਵਿਚ ਮੇਰੀ ਹਾਲਤ ਵਿਗੜੀ ਹੋਈ ਸੀ। ਇਕ ਦਿਨ ਤਾਂ ਮੈਂ ਰੋ ਹੀ ਪਈ। ਸੁਆਮੀ ਜੀ ਮੈਨੂੰ ਚੁੱਪ ਕਰਾਉਣ ਲੱਗ ਪਏ। ਮੇਰੀ ਪਿੱਠ ’ਤੇ ਉਨ੍ਹਾਂ ਦਾ ਹੱਥ ਤੇਜ਼ ਹੋ ਗਿਆ। ਮੇਰੇ ਸਰੀਰ ਵਿਚੋਂ ਤਾਂ ਅੱਗ ਦੀਆਂ ਲਪਟਾਂ ਨਿਕਲਣ। ਸੁਆਮੀ ਜੀ ਤੋਂ ਤਾਂ ਬਚਾਅ ਕਰ ਲਿਆ। ਰਾਤ ਉਥੇ ਰਹਿ ਪਈ। ਮੈਤੋਂ ਰਿਹਾ ਨਾ ਗਿਆ। ਮੈਂ ਸ਼ੰਕਰਾਨੰਦ ਨੂੰ ਆਪਣੇ ਕੋਲ ਸੱਦ ਲਿਆ ਸੀ।…ਮਸਾਂ ਸ਼ਾਂਤ ਹੋਈ ਸੀ।
ਜਿੱਦਾਂ-ਜਿੱਦਾਂ ਉਮਰ ਵਡੇਰੀ ਹੁੰਦੀ ਜਾ ਰਹੀ ਹੈ, ਮੇਰੇ ਅੰਦਰਲੀ ਗਰਮੀ ਵਧਦੀ ਜਾ ਰਹੀ ਹੈ। ਉੱਨੀ ਸਾਲ ਦੀ ਨੌਕਰੀ ’ਚ ਆਈ ਸੀ। ਉਦੋਂ ਹੀ ਮੱਠ ਚਾੜ੍ਹ ਦਿੱਤੀ ਗਈ। ਮੈਨੂੰ ਨੌਕਰੀ ਤੇ… ਨੇ ਨਿਗਲ ਲਿਆ। ਡੈਪਰੈਸ਼ਨ ਦੀ ਮਰੀਜ਼ ਬਣ ਗਈ। ਜਲ਼ ਜਾਣਾ ਬਲੱਡ ਪ੍ਰੈਸ਼ਰ ਤਾਂ ਥੱਲੇ ਆਉਂਦਾ ਈ ਨ੍ਹੀਂ।
ਪੰਜਾਹ ਸਾਲ ਦੀ ਉਮਰ ਵਿਚ ਆ ਕੇ ਮੈਂ ਦੋ ਫ਼ੈਸਲੇ ਕੀਤੇ। ਪਹਿਲਾਂ ਨੌਕਰੀ ਤੋਂ ਪ੍ਰੀਮਿਚਊਰ ਰਿਟਾਇਰਮੈਂਟ ਲਈ। ਦੂਜਾ ਪੱਕੇ ਤੌਰ ’ਤੇ ਮੱਠ ਰਹਿਣ ਲੱਗੀ। ਭਰਾ ਭਰਜਾਈਆਂ ਵੀ ਏਹੀ ਚਾਹੁੰਦੇ ਸਨ ਕਿ ਮੈਂ ਮੱਠ ਰਵਾਂ। ਸ਼ਾਮ ਲਾਲ ਦੇ ਦੋ ਮੁੰਡੇ ਹਨ। ਹਰੀਸ਼ ਦੇ ਮੁੰਡਾ ਕੁੜੀ ਹੈ। ਦੋਨੋਂ ਭਰਾ ਮੈਨੂੰ ਇਕ-ਇਕ ਬੱਚਾ ਦੇਣ ਲਈ ਤਿਆਰ ਹਨ। ਸ਼ਾਮ ਲਾਲ ਕਹਿੰਦਾ ਮੱਠ ਲਈ ਮੇਰਾ ਮੁੰਡਾ ਲੈ ਲੈ। ਹਰੀਸ਼ ਕਹਿੰਦਾ ਦੋਨਾਂ ਨਿਆਣਿਆਂ ’ਚੋਂ ਜਿਹੜਾ ਮਰਜ਼ੀ ਲੈ ਲੈ। ਉਹ ਕੁੜੀ ਨੂੰ ਮੋਹਰੇ ਕਰ ਦਿੰਦਾ ਹੈ। ਜਦੋਂ ਦੇ ਪਿਤਾ ਤੇ ਝਾਈ ਜੀ ਦੁਨੀਆਂ ਤੋਂ ਚਲਦੇ ਹੋਏ ਹਨ, ਇਹ ਸਵੇਰੇ ਮੱਠ ਆ ਜਾਂਦੇ ਤੇ ਸ਼ਾਮ ਨੂੰ ਚਲੇ ਜਾਂਦੇ ਨੇ। ਪ੍ਰਬੰਧਕੀ ਕੰਮਾਂ ਵਿਚ ਦਖ਼ਲ ਦਿੰਦੇ ਹਨ। ਹੁਣ ਤਾਂ ਦੋਨੋਂ ਭਰਾ ਰਹਿੰਦੇ ਹੀ ਮੱਠ ਵਿਚ ਹਨ, ਜਿੱਦਣ ਦਾ ਇਹ ਬਣਨ ਲੱਗਾ। ਇਹਨੀਂ ਦੁਕਾਨਾਂ ਦੇ ਆਪਣੇ ਕੰਮ ਛੱਡੇ ਹੋਏ ਹਨ। ਨਵਾਂ ਮੱਠ ਬਣਾਉਣ ਵਿਚ ਲੱਗੇ ਰਹੇ। ਹੁਣ ਸਮਾਗਮ ਦੀ ਤਿਆਰੀ ਵਿਚ ਖੁਭੇ ਹੋਏ ਹਨ। ਜਦ ਕਿ ਮੈਂ ਕੁਝ ਹੋਰੇ ਸੋਚੀ ਜਾ ਰਹੀ ਹਾਂ।
ਕੱਲ੍ਹ ਮੈਡੀਕਲ ਕਾਲਿਜ ਦਾ ਇਕ ਡਾਕਟਰ ਮੱਥਾ ਟੇਕਣ ਆਇਆ ਸੀ। ਸੁਆਮੀ ਸ਼ੰਕਰਾਨੰਦ ਰੂਹਾਂ, ਪੁਨਰ-ਜਨਮ ਤੇ ਬੰਦੇ ਦੇ ਮਨ ਬਾਰੇ ਪ੍ਰਵਚਨ ਸੁਣਾ ਰਹੇ ਸਨ। ਉਸ ਡਾਕਟਰ ਨੇ ਦੱਸਿਆ-
‘‘ਮੈਂ ਅੱਜ ਤੋਂ ਅਠਾਰਾਂ ਸਾਲ ਪਹਿਲਾਂ ਮੈਡੀਕਲ ਕਾਲਿਜ ਪੜ੍ਹਾਉਣ ਲੱਗਾ ਸੀ। ਉਦੋਂ ਇਕ ਪ੍ਰੇਮੀ ਜੋੜਾ ਮੇਰੇ ਸਟੂਡੈਂਟ ਸਨ। ਐਕਸੀਡੈਂਟ ਵਿਚ ਕੁੜੀ ਮਾਰੀ ਗਈ। ਮੁੰਡਾ ਇਹ ਕਹਿ ਕੇ ਕਾਲਿਜ ਛੱਡ ਗਿਆ – ‘ਮੈਂ ਅਨੂਸ਼ਿਕਾ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਮੁੜ ਕੇ ਜਨਮ ਲਏਗੀ। ਪੜ੍ਹੇਗੀ। ਮੈਡੀਕਲ ਕਾਲਿਜ ਵਿਚ ਦਾਖ਼ਲਾ ਲਊਗੀ। ਮੈਂ ਉਹਦਾ ਪਿਆਰ ਪਾਉਣ ਲਈ ਤਦ ਪੜ੍ਹਨ ਲੱਗਾਂਗਾ।’ ਇਸ ਸੈਸ਼ਨ ਵਿਚ ਉਹਨੇ ਇਹ ਕਹਿ ਕੇ ਕਾਲਿਜ ਜੁਆਇਨ ਕਰ ਲਿਆ ਕਿ ਅਨੂਸ਼ਿਕਾ ਅਨੂਦੀਪ ਦੇ ਨਾਂ ਹੇਠ ਦਾਖ਼ਲ ਹੋ ਚੁੱਕੀ ਹੈ।’’
ਡਾਕਟਰ ਦੀ ਇਸ ਗੱਲ ਨੇ ਮੈਨੂੰ ਚੱਕਰ ਵਿਚ ਪਾਇਆ ਹੋਇਆ। ਸੋਚਿਆ ਕਿ ਜਿਹੜਾ ਰਿਸ਼ੀ ਇਨ੍ਹਾਂ ਗੱਲਾਂ ਨੂੰ ਮੰਨਦਾ ਨ੍ਹੀਂ ਧਾਰਮਿਕ ਸਥਾਨਾਂ ਖਿਲਾਫ਼ ਪ੍ਰੋਪੇਗੰਡਾ ਕਰਦਾ ਪਿਆ, ਇਨ੍ਹਾਂ ਨਾਲ ਗੱਲ ਕਰਾਵਾਂ? ਫੇ ਸੋਚਿਆ, ਉਹਨੇ ਕਿਹੜਾ ਮੰਨਣਾ। ਕਹੇਗਾ-
‘‘ਮੁੰਡਾ ਮਾਨਸਿਕ ਰੋਗੀ ਆ।’’
ਉਹ ਮਾਨਸਿਕ ਰੋਗੀ ਹੋਵੇ ਜਾਂ ਨਾ ਪਰ ਮੇਰਾ ਦਿਮਾਗ ਖ਼ਰਾਬ ਹੋ ਗਿਆ ਸੀ। ਗੱਲ ਪੁਨਰ ਜਨਮ ਦੀ ਨ੍ਹੀਂ ਹੈ। ਮਹੱਤਤਾ ਤਾਂ ਅਠਾਰਾਂ ਸਾਲ ਇੰਤਜ਼ਾਰ ਕਰਨ ਦੀ ਹੈ। ਅੱਜ ਵੀ ਉਹ ਅਨੂਸ਼ਿਕਾ ਨੂੰ ਅਨੂਦੀਪ ਵਿਚੋਂ ਲੱਭ ਰਿਹਾ। ਮੈਂ ਵੀ ਤਾਂ ਇਥੇ ਹਰ ਆਉਣ ਵਾਲੇ ਮਰਦ ਵਿਚੋਂ ਰਿਸ਼ੀ ਲੱਭਦੀ ਹਾਂ। ਪਰ ਉਹ…। ਜਦੋਂ ਦੀ ਮੈਂ ਇਥੇ ਪੱਕੇ ਤੌਰ ’ਤੇ ਰਹਿਣ ਲੱਗੀ ਹਾਂ, ਉਹ ਹੋਰ ਚਿੜ੍ਹ ਗਿਆ ਹੈ। ਕਿਤੇ ਉਹਨੂੰ ਸ਼ੰਕਰਾਨੰਦ ਦਾ ਨਾ ਪਤਾ ਲੱਗ ਗਿਆ ਹੋਵੇ?
ਸੁਤੰਤਰ ਤੇ ਪੂਨਮ ਫਗਵਾੜੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਲਈ ਸਕੂਲ ਚਲਾਉਂਦੇ ਹਨ। ਨਿਆਣਿਆਂ ਨੂੰ ਭੀਖ ਮੰਗਣ, ਚੋਰੀਆਂ ਕਰਨ, ਲਿਫ਼ਾਫ਼ੇ ਚੁਗਣ, ਕਬਾੜ ਦੇ ਕੰਮਾਂ ਤੋਂ ਹਟਾ ਕੇ ਪੜ੍ਹਨ ਲਾਏ ਹੋਇਆ। ਦਸਤਕਾਰੀ ਕੰਮ ਵੀ ਕਰਾਉਂਦੇ ਹਨ। ਤਾਂ ਕਿ ਬੱਚਿਆਂ ਦਾ ਗੁਜ਼ਾਰਾ ਤੇ ਸਕੂਲ ਦਾ ਪ੍ਰਬੰਧ ਚੱਲੇ। ਇਸ ਕੰਮ ਲਈ ਮੈਂ ਸੁਆਮੀ ਪਰਮਾਨੰਦ ਜੀ ਦੀਆਂ ਮਿੰਨਤਾਂ ਕਰਦੀ ਰਹੀ। ਪਤਾ ਨ੍ਹੀਂ ਉਹ ਲੋਕਾਂ ਨੂੰ ਗਿਆਨ ਦੇਣ ਤੋਂ ਡਰਦੇ ਸੀ ਜਾਂ ਪੈਸਾ ਖਰਚਣ ਤੋਂ। ਪਰ ਉਹ ਧੰਨ ਐ। ਸਭ ਕੁਝ ਗਰੀਬ ਬੱਚਿਆਂ ਲਈ ਕਰਦੇ ਹਨ। ਜਿੱਦਣ ਮੈਂ ਉਦਾਸ ਹੋਵਾਂ, ਉਨ੍ਹਾਂ ਦੇ ਸਕੂਲ ਚਲੇ ਜਾਂਦੀ ਹਾਂ। ਪਿੱਛੇ ਜਿਹੇ ਗਈ ਤਾਂ ਰਿਸ਼ੀ ਵੀ ਆਇਆ ਹੋਇਆ ਸੀ।
ਮੈਂ ਗੇਰੂਏ ਰੰਗ ਦਾ ਕੁੜਤਾ ਤੇ ਧੋਤੀ ਪਹਿਨੇ ਹੋਏ ਸਨ। ਸਿਰ ’ਤੇ ਦੁਪੱਟਾ ਬੰਨ੍ਹ ਲੈਂਦੀ ਹਾਂ। ਗਲ ਵਿਚ ਮਾਲਾ ਪਾ ਕੇ ਰੱਖਦੀ ਹਾਂ। ਬਾਹਾਂ ਵਿਚ ਰੁਦਰਾਕਸ਼ ਦੇ ਮਣਕਿਆਂ ਦੀ ਮਾਲਾ। ਮਣਕਿਆਂ ਵਿਚ ਚਿੱਟੇ ਰੰਗ ਦਾ ਧਾਗਾ। ਉਂਗਲੀਆਂ ਵਿਚ ਸੁੱਚੇ ਮੋਤੀ, ਮੂੰਗਾ ਤੇ ਪੁਖਰਾਜ ਵਾਲੀਆਂ ਮੁੰਦੀਆਂ-ਛੱਲੇ। ਪੈਰਾਂ ਵਿਚ ਲੱਕੜ ਦੀਆਂ ਖੜਾਵਾਂ। ਉਹਨੂੰ ਦੇਖ ਕੇ ਮੇਰੀ ਯਾਤਰਾ ਸਫ਼ਲ ਹੋ ਗਈ ਸੀ। ਉਨ੍ਹਾਂ ਦਾ ਸਕੂਲ ਤੀਰਥ ਸਥਾਨ ਲੱਗਿਆ ਸੀ।
ਮੇਰੇ ਕੋਲ ਢੇਰ ਸਾਰੀਆਂ ਗੱਲਾਂ ਸਨ। ਜਿਵੇਂ ਕਈ ਜਨਮਾਂ ਦੀਆਂ ਇਕੱਠੀਆਂ ਹੋਈਆਂ ਹੋਣ। ਉਹਦਾ ਧਿਆਨ ਮੇਰੀਆਂ ਗੱਲਾਂ ਵਿਚ ਨ੍ਹੀਂ ਸੀ। ਕਦੇ ਮੇਰੇ ਕੱਪੜਿਆਂ ਵੱਲ ਵੇਖਦਾ। ਕਦੇ ਮਾਲਾਵਾਂ ਵੱਲ ਤੇ ਕਦੇ ਖੜਾਵਾਂ ਵੱਲ। ਮੈਂ ਬੋਲੀ ਜਾ ਰਹੀ ਸੀ। ਉਹ ਤੁਰਦਾ ਬਣਿਆ। ਜੇ ਚਾਰ ਬੋਲ ਸਾਂਝੇ ਕਰ ਜਾਂਦਾ। ਉਹਦਾ ਕੀ ਵਿਗੜ ਜਾਣਾ ਸੀ? ਮੇਰੀ ਇਕ ਜਨਮ ਦੀ ਪਿਆਸ ਬੁਝ ਜਾਣੀ ਸੀ। ਮੇਰੇ ਹਿੱਸੇ ਦਾ ਸਾਰਾ ਪਿਆਰ ਆਪਣੀ ਪਤਨੀ ਦੀ ਝੋਲੀ ਪਾ ਦਿੱਤਾ। ਪਚਵੰਜਾ ਸਾਲ ਨੂੰ ਟੱਪੀਓ ਆਂ। ਮੈਂ ਵੀ ਉਹਦੀ ਪਤਨੀ ਦੀ ਤਰ੍ਹਾਂ ਮਾਂ ਬਣਨਾ ਚਾਹੁੰਦੀ ਸੀ। ਕਿਉਂਕਿ ਔਰਤ ਬੱਚਾ ਪੈਦਾ ਕਰਕੇ ਵੱਡਾ ਕਾਰਜ ਕਰਦੀ ਹੈ। ਮਰਦ ਖੋਜਾਂ ਕਰਦੇ ਹਨ। ਪਰ ਮਾਂ ਨਾਲੋਂ ਵੱਡਾ ਕੰਮ ਨਹੀਂ ਕਰਦੇ। ਇਥੇ ਸ਼ਰਧਾਲੂ ਆਉਂਦੇ ਹਨ, ਬੱਚਿਆਂ ਦਾ ਮੱਥਾ ਟਿਕਾਉਣ। ਮੈਂ ਕਿਹਦਾ ਮੱਥਾ ਟਿਕਾਵਾਂ? ਮੇਰੇ ਬੱਚੇ…।
ਅੱਜ ਦਾ ਇਹ ਜੇਜੋਂ ਖਾਣ ਨੂੰ ਪੈਂਦਾ। ਘਰਦਿਆਂ ਤੋਂ ਚੋਰੀ ਰਿਸ਼ੀ ਨਾਲ ਆ ਜਾਂਦੀ ਹੁੰਦੀ ਸੀ। ਜੇ ਕਿਤੇ ਆ ਨਾ ਹੋਣਾ, ਤਾਂ ਚੈਨ ਨਾ ਆਉਣਾ। ਉਦੋਂ ਇਹ ਮੇਰੇ ਲਈ ਸੈਰ ਸਪਾਟੇ ਦਾ ਕੇਂਦਰ ਸੀ। ਇਹਦੇ ਆਲੇ ਦੁਆਲੇ ਪਹਾੜੀਆਂ ਅਤੇ ਚਰਾਦਾਂ ਨੇ ਮਨ ਮੋਹ ਲੈਣਾਂ। ਬੜਾ ਸਕੂਨ ਮਿਲਣਾ। ਰਿਸ਼ੀ ਨੇ ਚਾਮ੍ਹਲ ਜਾਣਾ-
‘‘ਮੱਲੋ ਮੱਲੀ ਸਾਧ ਹੋਣ ਨੂੰ ਚਿੱਤ ਕਰਦਾ।’’
ਕੀ ਪਤਾ ਸੀ ਮਾੜੀ ਕਿਸਮਤ ਦਾ। ਇਹ ਵੀ ਮੇਰੀ ਕਿਸਮਤ ਵਿਚ ਲਿਖ ਹੋਣਾ ਸੀ। ਜਦੋਂ ਪਹਿਲਾਂ ਪਹਿਲ ਪਿਤਾ ਜੀ ਤੇ ਝਾਈ ਜੀ ਨਾਲ ਮੱਠ ਆਉਣਾ ਸ਼ੁਰੂ ਕੀਤਾ ਸੀ। ਉਦੋਂ ਮੇਰੇ ਲਈ ਮੱਠ ਵਿਚਲਾ ਸਰੋਵਰ, ਮੰਦਰ, ਟੱਲ, ਬਹੁਤ ਸਾਰੀਆਂ ਸਮਾਧਾਂ ਅਜੂਬਾ ਸਨ। ਸਾਡੀ ਸ਼ਰਧਾ ਬੇਈਂ ਹਾਰੇ ਵੱਲ ਸਾਧੂਆਂ ਦੇ ਕੱਚੇ ਪੱਕੇ ਭੋਰਿਆਂ ਵੱਲ ਲੈ ਤੁਰਦੀ। ਪਿਤਾ ਜੀ ਜੇਜੋਂ ਬਾਰੇ ਦੱਸਦੇ-
‘‘ਇਸ ਨਗਰ ਨੂੰ ਫਲੇਆਲੀ ਵੀ ਕਹਿੰਦੇ ਸੀ। ਖੱਡ ਵਿਚੋਂ ਇਕ ਰਾਹ ਜਾਂਦਾ ਸੀ। ਜਿਸ ਨੂੰ ਰਾਤ ਸਮੇਂ ਫਲਾਅ ਭਾਵ ਲੱਕੜੀ ਦਾ ਫਾਟਕ ਲਾ ਕੇ ਬੰਦ ਕਰ ਦਿੱਤਾ ਜਾਂਦਾ ਸੀ।’’
ਅੱਜ ਕੱਲ੍ਹ ਮੇਰੇ ਲਈ ਵੀ ਫਾਟਕ ਲੱਗੇ ਹੋਏ ਹਨ। ਰਿਸ਼ੀ ਦਸਦਾ ਸੀ-ਉਹਦੇ ਨਾਨਕਿਆਂ ਦਾ ਬਾਬਾ ਠਾਕੁਰ ਦਾਸ ਕੁਤਬੇਵਾਲ ਮਨੁੱਖਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਲੜਦਾ ਰਿਹਾ। ਪੁਲਿਸ ਬਾਬੇ ਨੂੰ ਜੂਹ ਬੰਦ ਕਰ ਦਿੰਦੀ ਸੀ। ਮੈਨੂੰ ਕਾਸ ਲਈ ਜੂਹ ਬੰਦ ਕੀਤਾ ਹੋਇਆ? ਦੱਖਣ ਵਾਲੇ ਪਾਸੇ ਇਕ ਖੂਹ ਹੈ। ਇਹ ਜੇਠੇ ਬੱਚੇ ਦੀ ਬਲੀ ਮੰਗਦਾ। ਮੈਂ ਵੀ ਜੇਠੀ ਹਾਂ। ਸ਼ਾਇਦ ਮੇਰੀ ਵੀ ਬਲੀ ਦਿੱਤੀ ਹੋਈ ਹੈ।
ਇਹਨਾਂ ਅੱਥਰੂਆਂ ਨੂੰ ਕਿੰਝ ਰੋਕਾਂ। ਜਿਸ ਕੁੜੀ ਦੀ ਬਲੀ ਦਿੱਤੀ ਗਈ ਹੋਵੇ, ਉਹ ਰੋ ਬਿਨੀ ਸਕਦੀ? ਮੇਰੇ ਰਾਹ ਵਿਚ ਤਾਂ ਕੱਚੇ ਪੱਕੇ ਭੋਰੇ ਨੇ। ਜਦੋਂ ਤੁਰਾਂਗੀ, ਉਨ੍ਹਾਂ ਵਿਚ ਡਿੱਗਾਂਗੀ। ਲੱਤਾਂ ਬਾਹਾਂ ਦੇ ਹੁੰਦਿਆਂ ਹੋਇਆਂ ਵੀ ਪੂਰਨ ਵਾਂਗ ਖੂਹ ਵਿਚ ਡਿੱਗੀ ਰਹਾਂਗੀ। ਕੋਈ ਗੋਰਖ ਨਾਥ ਬਿਨੀ ਬਹੁੜਿਆ। ਜਿਹੜਾ ਖੂਹ ’ਚੋਂ ਕੱਢ ਲੈਂਦਾ। ਇਥੇ ਤਾਂ ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਹੈ। ਭਰਾ ਟੱਬਰ ਸਮੇਤ ਮੱਠ ਆ ਬੈਠੇ ਹਨ।
ਇਕ ਦਿਨ ਸੁਪਨੇ ਵਿਚ ਰਿਸ਼ੀ ਆ ਗਿਆ। ਉਹਨੇ ਚਾਰ ਗੱਲਾਂ ਕਹੀਆਂ-
-‘‘ਭਗਵਾਨ ਦੇ ਨਾਂ ’ਤੇ ਕਾਰੋਬਾਰ ’ਚ ਕਦੇ ਘਾਟਾ ਨ੍ਹੀਂ ਪੈਂਦਾ।’’
-‘‘ਇਹ ਮੱਠ ਦੀਆਂ ਖੱਟੀਆਂ ਖਾਂਦੇ ਆ। ਇਹਨਾਂ ਤੈਨੂੰ ਚਾੜ੍ਹਿਆ ਇਸੇ ਲਈ ਸੀ।’’
-‘‘ਆਉਣ ਵਾਲੇ ਸਾਲਾਂ ਵਿਚ ਮੱਠ ਨੂੰ ਤੇਰੇ ਭਰਾ ਚਲਾਉਣਗੇ।’’
ਚੌਥੀ ਗੱਲ ਮੈਨੂੰ ਭੁੱਲ ਗਈ। ਬਿਮਾਰੀਆਂ ਨੇ ਯਾਦਾਸ਼ਤ ਖੋ ਦਿੱਤੀ ਹੈ। ਉਂਝ ਰਿਸ਼ੀ ਦੀਆਂ ਗੱਲਾਂ ਸੱਚੀਆਂ ਲਗਦੀਆਂ ਨੇ। ਇਕ ਦਿਨ ਬਾਜ਼ਾਰ ਵਿਚੋਂ ਲੰਘੀ ਸੀ। ਕਿਸੇ ਹੋਰ ਨੇ ਵੀ ਮਿਹਣਾ ਮਾਰਿਆ ਸੀ-
‘‘…ਨੇ ਮੱਠ ਸਾਂਭਣਾ ਐ। ਤਾਹੀਓਂ ਨੱਠੇ, ਭੱਜੇ ਫਿਰਦੇ ਐ।’’
ਸੁਆਮੀ ਪਰਮਾਨੰਦ ਜੀ ਕੈਂਸਰ ਤੋਂ ਪੀੜਤ ਸੀ। ਜਦੋਂ ਉਹ ਇਸ ਦੁਨੀਆਂ ਤੋਂ ਗਏ, ਮੱਠ ’ਤੇ ਕਬਜ਼ਾ ਕਰਨ ਲਈ ਕਈ ਸਰਗਰਮ ਹੋ ਗਏ ਸਨ। ਨਿਰਜਲਾ ਚਾਹੁੰਦੀ ਸੀ ਉਹਨੂੰ ਜਾਂ ਉਹਦੇ ਮੁੰਡੇ ਨੂੰ ਗੱਦੀ ਸੰਭਾਲੀ ਜਾਏ। ਚਾਰ-ਪੰਜ ਹੋਰ ਬ੍ਰਾਹਮਣ ਉਹਦੇ ਨਾਲੋਂ ਵੀ ਕਾਹਲੇ ਸਨ। ਮੇਰੇ ਭਰਾ ਮੇਰਾ ਹੱਕ ਜਤਾ ਰਹੇ ਸਨ। ਇਨ੍ਹਾਂ ਨੇ ਲੋਕਲ ਪੱਧਰ ’ਤੇ ਸਰਗਰਮੀਆਂ ਵਿੱਢੀਆਂ। ਥਾਂ-ਥਾਂ ਮੇਰੇ ਸਤਿਸੰਗ ਕਰਾਏ। ਝੂਠੀਆਂ ਸੱਚੀਆਂ ਕਰਾਮਾਤਾਂ ਮੇਰੇ ਨਾਂ ਲਾਈਆਂ। ਪ੍ਰਚਾਰੀਆਂ ਵੀ।
ਮੱਠ ਬਨਾਰਸ ਦੇ ਅੰਡਰ ਆਉਂਦਾ ਸੀ। ਗੱਦੀ ਬਾਰੇ ਉਨ੍ਹਾਂ ਫ਼ੈਸਲਾ ਕਰਨਾ ਹੁੰਦਾ ਹੈ। ਦਾਅਵੇਦਾਰਾਂ ਨੂੰ ਗੱਦੀ ਨਸੀਬ ਨਾ ਹੋਈ। ਯੂ. ਪੀ. ਤੋਂ ਇਕ ਸੁਆਮੀ ਗੋਬਰਧਨ ਦਾਸ ਭੇਜੇ ਗਏ ਹਨ। ਵੈਸੇ ਮੈਨੂੰ ਯਕੀਨ ਨ੍ਹੀਂ ਆਉਂਦਾ। ਸ਼ੰਕਰਾਨੰਦ ਦੱਸਦਾ ਸੀ-
‘‘ਬਨਾਰਸ ਡੇਰਿਆਂ ਦੀ ਬੋਲੀ ਲਗਦੀ ਆ। ਜਿਹੜਾ ਵੱਧ ਬੋਲੀ ਦੇ ਜਾਵੇ, ਉਹ ਮੱਠ ਦਾ ਸੁਆਮੀ ਬਣ ਜਾਂਦਾ। ਦੋ ਸੌ ਅੱਸੀ ਖੇਤਾਂ ਦੇ ਚੜ੍ਹਾਵੇ ਦਾ ਮਸਲਾ। ਯੂ. ਪੀ. ਵਾਲੇ ਗੋਬਰਧਨ ਦਾਸ ਨੇ ਮੱਲ ਮਾਰ ਲਈ। ਨਾਲੇ ਮੰਤਰੀ ਦੀ ਸਿਫ਼ਾਰਸ਼ ਵੀ ਆ।…ਹੈਰਾਨ ਕਿਉਂ ਹੁੰਦੇ ਹੋ, ਮਾਤਾ ਸ੍ਰੀ। ਅਗਲਿਆਂ ਨੇ ਵੋਟਾਂ ਨ੍ਹੀਂ ਲੈਣੀਆਂ?’’
ਧਰਮ, ਵਪਾਰ ਤੇ ਸਿਆਸਤ ਦੇ ਸੰਬੰਧਾਂ ਬਾਰੇ ਵਿਚ ਪੈ ਕੇ ਪਤਾ ਲੱਗਦਾ। ਮੈਂ ਐਵੇਂ ਰਿਸ਼ੀ ਨੂੰ ਦੋਸ਼ ਦੇਈ ਜਾਂਦੀ ਸੀ। ਉਹ ਸੱਚਾ ਆ-
‘‘ਘਰਾਂ ਲਈ ਤਾਂ ਇਨਸਾਨਾਂ ਦੀ, ਰਿਸ਼ਤਿਆਂ ਦੀ ਤੇ ਮੋਹ ਦੀਆਂ ਕੰਧਾਂ ਦੀ ਲੋੜ ਹੁੰਦੀ ਹੈ। ਮੱਠਾਂ ਨੂੰ, ਡੇਰਿਆਂ ਨੂੰ ਲੋੜ ਹੁੰਦੀ ਹੈ ਝੂਠੇ ਵਿਸ਼ਵਾਸਾਂ ਦੀ, ਅਹੰਕਾਰ ਦੀ, ਸਿਆਸਤ ਦੀ, ਧਨ ਦੀ ਤੇ…ਤੇਰੇ ਜਿਹੀਆਂ ਨਿਮਾਣੀਆਂ ਦੀ।’’
ਮੈਨੂੰ ਇਕ ਗੱਲ ਸਮਝ ਨ੍ਹੀਂ ਲੱਗੀ। ਰਿਸ਼ੀ ਮੇਰੇ ਜ਼ਿਹਨ ਵਿਚ ਕਿਉਂ ਫਸਿਆ ਹੋਇਆ? ਉਹ ਤਾਂ ਮੁਰਦਾ। ਮੈਂ ਕਿਆਮਤ ਦਾ ਉਹ ਦਿਨ ਉਡੀਕਦੀ ਰਹੀ। ਜਿਸ ਦਿਨ ਪਰਲੋਂ ਆਏਗੀ ਤੇ ਮੁਰਦੇ ਉੱਠ ਬੈਠਣਗੇ। ਮੈਨੂੰ ਨਿਮਾਣੀ ਨੂੰ ਕੀ ਪਤੈ। ਮੁਰਦੇ ਵੀ ਕਦੇ ਉੱਠੇ ਆ? ਜੀਉਂਦੇ ਹੋਏ ਆ? ਐਵੇਂ ਭਰਮ ਵਿਚ ਜੀਉਂਦੀ ਰਹੀ।
ਬਨਾਰਸ ਵਾਲਿਆਂ ਵਲੋਂ ਸੁਆਮੀ ਗੋਬਰਧਨ ਦਾਸ ਜੀ ਨੂੰ ਗੱਦੀ ’ਤੇ ਬਿਠਾਉਣ ਦੀ ਦੇਰ ਸੀ, ਭਰਾਵਾਂ ਨੇ ਹੰਗਾਮਾ ਕਰ ਦਿੱਤਾ। ਸੇਵਕ ਤੇ ਇਲਾਕੇ ਦੇ ਸ਼ਰਧਾਲੂ ਉਨ੍ਹਾਂ ਦੇ ਨਾਲ ਹਨ। ਮੇਰੀ ਰਾਇ ਬਿਨੀ ਲਈ। ਇਕ ਤਰ੍ਹਾਂ ਘੋਸ਼ਣਾ ਈ ਕਰਤੀ-
‘‘ਜੇ ਮਾਤਾ ਸ੍ਰੀ ਉੱਤਰਾ ਜੀ ਨੂੰ ਗੱਦੀ ਨ੍ਹੀਂ ਸੌਂਪਣੀ। ਅਸੀਂ ਹੋਰ ਮੱਠ ਦੀ ਉਸਾਰੀ ਕਰ ਲਵਾਂਗੇ।’’
ਮੈਂ ਨਾਂਹ ਨੁੱਕਰ ਕਰੀ ਜਾਵਾਂ। ਭਰਾਵਾਂ ਨੇ ਸੇਵਕਾਂ ਨੂੰ ਮੇਰੇ ਮਗਰ ਪਾ ਦਿੱਤਾ। ਸੁਆਮੀ ਸ਼ੰਕਰਾਨੰਦ ਨੇ ਵੀ ਮੇਰੇ ਹੱਕ ਵਿਚ ਸਟੈਂਡ ਲੈ ਲਿਆ। ਮੈਂ ਲਾਇਬਰੇਰੀ ਲਈ ਜ਼ਿੱਦ ਕੀਤੀ। ਹਰੀਸ਼ ਹੱਸ ਕੇ ਬੋਲਿਆ-
‘‘ਮਾਤਾ ਸ੍ਰੀ, ਮੱਠ ਵਿਚ ’ਕੱਲਾ ਗਿਆਨ ਦਾ ਖ਼ਜ਼ਾਨਾ ਨ੍ਹੀਂ ਹੋਣਾ। ਅਸੀਂ ਇਹਨੂੰ ਸਟੱਡੀ ਸੈਂਟਰ ਵਜੋਂ ਸਥਾਪਤ ਕਰਾਂਗੇ।’’
ਮੈਂ ਸਕੂਲ ਬਾਰੇ ਬੋਲਣ ਹੀ ਲੱਗੀ ਸੀ। ਸ਼ਾਮ ਲਾਲ ਨੇ ਪਹਿਲੋਂ ਹੀ ਹੱਥ ਜੋੜ ਦਿੱਤੇ-
‘‘ਪ੍ਰਾਚੀਨ ਸਮੇਂ ਵਿਚ ਵਿੱਦਿਆ ਮੰਦਰਾਂ ਵਿਚ ਹੀ ਦਿੱਤੀ ਜਾਂਦੀ ਸੀ, ਮਾਤਾ ਸ੍ਰੀ।’’
ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੁੰਦੀ ਸੀ। ਸ਼ੰਕਰਾਨੰਦ ਨੇ ਜ਼ਿਆਦਾ ਜ਼ੋਰ ਪਾਇਆ ਤਾਂ ਮੈਂ ਮੰਨ ਗਈ। ਸਤਿਸੰਗ ਹੋਣ ਲੱਗੇ। ਭਰਾਵਾਂ ਦਾ ਪ੍ਰਾਪੇਗੰਡਾ ਬੜਾ ਜ਼ਬਰਦਸਤ ਸੀ। ਸ਼ਰਧਾਲੂਆਂ ਦਾ ਹੜ੍ਹ ਆ ਗਿਆ। ਮਾਇਆ ਦੇ ਢੇਰ ਲਾ ਦਿੱਤੇ। ਭੱਠਿਆਂ ਵਾਲੇ ਇੱਟਾਂ ਸੁੱਟ ਗਏ। ਦੁਕਾਨਦਾਰ ਸੀਮੇਂਟ ਸਰੀਏ ਦੇ ਟਰੱਕ ਭਰ-ਭਰ ਛੱਡ ਗਏ। ਸ਼ਰਧਾਲੂਆਂ ਵਿਚੋਂ ਮਿਸਤਰੀ ਮਜ਼ਦੂਰ ਨਿੱਤਰ ਆਏ। ਭੂਮੀ ਪੂਜਨ ਕਰਨ ਦੀ ਦੇਰ ਸੀ। ਮੱਠ ਦੀ ਉਸਾਰੀ ਲਈ ਬੱਚੇ, ਬੁੱਢੇ, ਔਰਤਾਂ ਤੇ ਮਰਦਾਂ ਦਾ ਹੜ੍ਹ ਉੱਮੜ ਆਇਆ। ਜੇ ਰਿਸ਼ੀ ਕੋਲ ਹੁੰਦਾ। ਉਸਨੇ ਕਹਿਣਾ ਸੀ-
‘‘ਕਿਰਤ ਦੀ ਲੁੱਟ ਸਭ ਤੋਂ ਵੱਧ ਡੇਰਿਆਂ ਵਿਚ ਹੁੰਦੀ ਆ।’’
ਜਦੋਂ ਇਹ ਮੈਂ ਸੋਚ ਰਹੀ ਸੀ, ਤਦ ਸ਼ੰਕਰਾਨੰਦ ਨੇ ਮੇਰੇ ਮਨ ਦੀ ਬਾਤ ਬੁੱਝ ਲਈ ਸੀ। ਉਸਨੇ ਕਿਰਤ ਅਤੇ ਸੇਵਾ ਦਾ ਅੰਤਰ ਸਪੱਸ਼ਟ ਕੀਤਾ ਸੀ।
‘‘ਇਹ ਤਾਂ ਚੰਗੇ ਫਲ ਦੀ ਪ੍ਰਾਪਤੀ ਲਈ ਸੇਵਾ ਕਰ ਰਹੇ ਨੇ।’’
ਕੁਝ ਮਹੀਨਿਆਂ ਵਿੱਚ ਹੀ ਸ਼ਰਧਾਲੂਆਂ ਨੇ ਮੱਠ ਦੀ ਇਮਾਰਤ ਉਸਾਰ ਦਿੱਤੀ ਹੈ। ਪਰਸੋਂ ਨੂੰ ਮੂਰਤੀ ਸਥਾਪਨਾ ਦਿਵਸ ਹੈ। ਭਗਵਾਨ ਸ਼ਿਵਜੀ ਅਤੇ ਸੁਆਮੀ ਪਰਮਾਨੰਦ ਜੀ ਦੀਆਂ ਮੂਰਤੀਆਂ ਹਨ। ਮੇਰੀ ਸਿਹਤ ਵਿਗੜੀ ਹੋਈ ਹੈ। ਨੈਣਾਂ ’ਚ ਨੀਂਦ ਨ੍ਹੀਂ। ਜਿਵੇਂ ਸਦੀਆਂ ਤੋਂ ਉਣੀਂਦੀ ਹੋਵਾਂ। ਪਤਾ ਨ੍ਹੀਂ ਕਿਉਂ ਮੈਂ ਸਵੇਰ ਦੀ ਉਲਝੀ ਹੋਈ ਆ। ਹਾਅ ਪੋਸਟਰ ਮੇਰੀਆਂ ਕਰਾਮਾਤਾਂ ਨਾਲ ਭਰਿਆ ਪਿਆ। ਕੀ ਮੈਂ ਸੱਚ ਮੁੱਚ ਦੇਵੀ ਆਂ? ਸ਼ਕਤੀਆਂ ਨਾਲ ਭਰਪੂਰ। ਮੈਨੂੰ ਕਈ ਦਿਨਾਂ ਦਾ ਆਪਣਾ ਆਪ ਝੂਠਾ-ਝੂਠਾ ਲੱਗਣ ਲੱਗ ਪਿਆ। ਅੱਜ ਕੁਝ ਜ਼ਿਆਦਾ ਈ ਲਗਦਾ। ਐਨਾ ਝੂਠ ਤੂਫ਼ਾਨ। ਉਹ ਵੀ ਭਗਵਾਨ ਦੇ ਨਾਂ ’ਤੇ। ਮੈਂ ਹਾਰੀ ਹੋਈ ਔਰਤ ਤੇ ਕਰਾਮਾਤਾਂ…! ਤੌਬਾ! ਤੌਬਾ! ਮੈਨੂੰ ਵੱਡੀ ਸਾਧਣੀ…ਮਾਤਾ ਸ੍ਰੀ ਦੀ ਉਪਾਧੀ ਦਿੱਤੀ ਗਈ ਹੈ।
ਮੈਂ ਬਗੀਚੀ ਵਿਚੋਂ ਉੱਠੀ ਹਾਂ। ਮੁੜ ਦੁਆਰ ਕੋਲ ਆ ਗਈ ਹਾਂ। ਪੋਸਟਰ ’ਤੇ ਨਿਗ੍ਹਾ ਗੱਡ ਲਈ ਹੈ। ਦੁਬਾਰਾ ਪੋਸਟਰ ਪੜ੍ਹਣ ਲੱਗ ਪਈ ਹਾਂ।…ਇਹ ਕੀ? ਮੇਰੇ ਹੱਥ ਤੇਜ਼-ਤੇਜ਼ ਚੱਲਣ ਲੱਗ ਪਏ ਨੇ। ਪੋਸਟਰ ਪਾੜਨ ਲੱਗ ਪਈ ਹਾਂ। ਕੋਈ ਵੀ ਪੋਸਟਰ ਦੀਵਾਰ ’ਤੇ ਰਹਿਣ ਨ੍ਹੀਂ ਦੇਣਾ। ਮੈਨੂੰ ਸਾਹ ਚੜ੍ਹ ਗਿਆ ਹੈ। ਸਾਰੇ ਪੋਸਟਰ ਪਾੜ ਸੁੱਟੇ ਨੇ। ਸਾਹੋ ਸਾਹ ਹੋਈ ਜ਼ਮੀਨ ’ਤੇ ਬਹਿ ਗਈ ਹਾਂ।

-ਅਜਮੇਰ ਸਿੱਧੂ, ਨਵਾਂ ਸ਼ਹਿਰ
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: