ਕੁਰੂਕਸ਼ੇਤਰ ਤੋਂ ਪਾਰ । ਅਜਮੇਰ ਸਿੱਧੂ
ਅਜਮੇਰ ਸਿੱਧੂਜਹਾਜ਼ ਨੇ ਜਿਉਂ ਹੀ ਲੈਂਡ ਕੀਤਾ, ਇਹ ਸ਼ੂਟ ਵੱਟ ਕੇ ਦੌੜਨ ਲਗ ਪਿਆ ਏ। ਮੈਨੂੰ ਇਉਂ ਲਗ ਰਿਹਾ ਜਿਵੇਂ ਹਵਾਈ ਪੱਟੀ 'ਤੇ ਜਹਾਜ਼ ਨਹੀਂ, ਮੈਂ ਦੌੜ ਰਿਹਾ ਹੋਵਾਂ। ਬਸ ਦੌੜ ਹੀ ਦੌੜ। ਹੱਫ ਵੀ ਗਿਆ ਹਾਂ। ਜਹਾਜ਼ ਦਾ ਡੋਰ ਐਗਜ਼ਿਟ ਪੋਰਟ ਨਾਲ ਅਟੈਚ ਹੋ ਗਿਆ ਹੈ। ਪਾਇਲਟ ਨੇ ਸੀਟ ਬੈਲਟ ਖੋਲ੍ਹਣ ਦੀ ਅਨਾਊਂਸਮੈਂਟ ਕੀਤੀ ਹੈ। ਮੈਂ ਹੈਂਡ ਬੈਗ ਚੁੱਕ ਕੇ ਤੁਰ ਪਿਆ ਹਾਂ। ਏਅਰ ਹੋਸਟੈਸ ਦੀ ਮੁਸਕੁਰਾਹਟ ਦਾ ਜਵਾਬ ਵੀ ਨਹੀਂ ਦੇ ਹੋਇਆ।ਸ਼ੁਕਰ ਆ! ਇਮੀਗਰੇਸ਼ਨ ਅਫ਼ਸਰ ਨੇ ਜਲਦੀ ਹੀ ਵਿਹਲਾ ਕਰ ਦਿਤਾ। ਏਅਰ ਪੋਰਟ ਤੋਂ ਬਾਹਰ ਆਇਆ ਹਾਂ। ਤੱਤੀ ਹਵਾ ਮੇਰੇ ਮੂੰਹ 'ਤੇ ਵਜੀ ਏ। ਬਿੰਦ 'ਚ ਮੂੰਹ ਲਾਲ ਸੂਹਾ ਹੋ ਗਿਆ। ਇਹ ਹਵਾ ਪੰਜਾਬ ਵਲੋਂ ਆਈ ਲਗਦੀ ਹੈ। ਇਸ ਹਵਾ ਨੇ ਹੀ ਮੈਨੂੰ ਅਮਰੀਕਾ ਬੈਠੇ ਨੂੰ ਲੂਹਿਆ ਸੀ। ਇਹ ਹਵਾ ਈ ਐਸੀ ਏ ਜਿਹੜੀ ਕਦੇ ਮੈਨੂੰ ਸਕੂਨ ਦਿੰਦੀ ਸੀ ਪਰ ਹੁਣ ਭਸਮ ਕਰਦੀ ਜਾਪਦੀ ਹੈ।ਮੇਰੇ ਵਾਲੀ ਫਲਾਈਟ ਦਾ ਇਕ ਯਾਤਰੂ ਆਲ਼ੇ ਦੁਆਲ਼ੇ ਦੇਖ ਰਿਹਾ ਹੈ। ਸੋਹਣੀ ਜਿਹੀ ਮੁਟਿਆਰ ਉਹਦੇ ਗਲ਼ੇ ਆ ਚਿੰਬੜੀ ਹੈ। ਜੇ ਉਹ ਉਹੋ ਜਿਹੀ ਨਾ ਹੁੰਦੀ। ਉਹ ਨੇ ਵੀ ਬੁਕੇ ਫੜ ਕੇ ਮੇਰੇ ਸਵਾਗਤ ਲਈ ਖੜ੍ਹੀ ਹੋਣਾ ਸੀ। ਇਸ ਮੁਟਿਆਰ ਵਾਂਗ ਹੀ ਮੇਰੀ ਤਿੰਨ ਸਾਲ ਦੀ ਪਿਆਸ ਬੁਝਾ ਦੇਣੀ ਸੀ। ਹੁਣ ਤੇ ਉਹ। ਸਭ ਕੁਝ ਉਜਾੜ ਦਿਤਾ। ਕੀ ਸੋਚਿਆ ਸੀ ਤੇ ਕੀ ਹੋ ਗਿਆ, ਵਾਹਿਗੁਰੂ! ਮੇਰੇ ਤੋਂ ਉਹ ਬਚਣ ਨਹੀਂ ਲਗੇ। ਮੈਂ ਅਖਾਂ ਪੂੰਝੀਆਂ ਹਨ।"ਭਾਅ ਜੀ, ਪੰਜਾਬ ਜਾਣੈ? ਸਸਤੇ ਭਾੜੇ 'ਤੇ ਛਡ ਆਉਣਾਂ। ਫਿਰ ਵੀ ਤੁਹਾਡਾ ਪੰਜਾਬੀ ਭਰਾ ਆਂ।" ਟੈਕਸੀ ਡਰਾਈਵਰ ਨੇ ਪੱਗ ਦਾ ਲੜ ਅੱਖ ਵਲ ਨੂੰ ਖਿੱਚਦਿਆਂ, ਮੈਨੂੰ ਖ਼ਿਆਲਾਂ 'ਚੋਂ ਕਢਿਆ ਏ।"ਹਾਂ, ਜਾਣਾ ਤਾਂ ਹੈ।" ਮੇਰੇ ਮੂੰਹੋਂ ਮਸਾਂ ਹੀ ਚਾਰ ਸ਼ਬਦ ਨਿਕਲੇ ਹਨ।ਥੋੜ੍ਹਾ ਮਨ ਟਿਕਾਣੇ ਕਰਨ ਦਾ ਯਤਨ ਕਰਦਾ ਹਾਂ। ਕਾਹਲ਼ੀ ਕਾਹਲ਼ੀ ਇਹਦੇ ਨਾਲ ਰੇਟ ਮੁਕਾਇਆ ਏ। ਮੈਂ ਹੈਂਡ ਬੈਗ ਮੋਢੇ ਲਟਕਾ ਕੇ ਡਰਾਈਵਰ ਦੇ ਮਗਰ ਤੁਰ ਪਿਆ ਹਾਂ।"ਭਾਅ ਜੀ, ਵੱਡੇ ਬੈਗ ਵੀ ਆ?" ਡਰਾਈਵਰ ਨੇ ਖ਼ਾਲੀ ਲਗੇਅਜ ਕਾਰਟ ਵਲ ਦੇਖ ਕੇ ਪੁਛਿਆ ਹੈ।"ਬੱਸ ਮੈਂ ਈ ਆਂ ਜਾਂ ਹੈਂਡ ਬੈਗ।" ਬੈਗ ਤਾਂ ਕੀ ਪਰਬਤੋਂ ਭਾਰੀਆਂ ਸੋਚਾਂ ਚੁੱਕੀ ਲਿਜਾ ਰਿਹਾਂ।ਆਲ਼ੇ ਦੁਆਲ਼ੇ ਅੱਗ ਲੱਗੀ ਹੋਵੇ ਤਾਂ ਮੋਮ ਵਰਗੇ ਅਹਿਸਾਸ ਮਨਾਂ ਵਿਚ ਹੀ ਸੜ ਬਲ਼ ਜਾਂਦੇ ਹਨ। ਮਨਪ੍ਰੀਤ ਤੇ ਉਹ ਬਚਣ ਨਹੀਂ ਲਗੇ। ਦੁਪਹਿਰ ਦੇ ਤਿੰਨ ਵਜੇ ਹਨ। ਰਾਤ ਨੂੰ ਦਸ ਗਿਆਰਾਂ ਵਜੇ ਤੱਕ। ਮੇਰਾ ਸਿਰ ਘੁੰਮਿਆ ਹੈ।"ਭਾਅ ਜੀ, ਇਕੱਲਿਆਂ ਨੇ ਜਾਣਾ ਜਾਂ?" ਡਰਾਈਵਰ ਨੇ ਪਿੱਛੇ ਵੱਲ ਦੇਖਦਿਆਂ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ ਹੈ।"ਇਕੱਲਾ ਈ ਆਇਆਂ, ਭਰਾਵਾ। ਇਕੱਲਾ ਹੀ ਜਾਵਾਂਗਾ।" ਮੈਂ ਟਿਸ਼ੂ ਪੇਪਰ ਨਾਲ ਪਸੀਨਾ ਸਾਫ਼ ਕੀਤਾ ਏ।"ਤੁਸੀਂ ਉਦਾਸ ਨਜ਼ਰ ਆਉਂਦੇ ਓ। ਕਹੋ ਤਾਂ ਕੁਛ ਪ੍ਰਬੰਧ ਕਰ ਦਵਾਂ ਤੁਹਾਡਾ? ਜਾਂਦੀ-ਜਾਂਦੀ ਤੁਹਾਡਾ ਮਨ ਲਾਏਗੀ। ਆਉਂਦੀ ਵਾਰੀ ਯਾਰ ਕਾਟੋ ਫੁੱਲਾਂ 'ਤੇ ਖਿਡਾਉਣਗੇ। ਬਸ ਦੋ ਕੁ ਹਜ਼ਾਰ ਰੁਪਏ ਦੀ ਗਲ ਏ। ਇਕ ਨਾਲੋਂ ਇਕ ਵਧ ਕੇ ਆ। ਜਿਹਤੇ ਮਰਜ਼ੀ ਉਂਗਲੀ ਰੱਖ ਲੈਣੀ।