ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ ਦੀ ਅਸਲੀਅਤ ਨਾ ਕਦੇ ਦਰਸ਼ਕ ਨੂੰ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਨ੍ਹਾਂ ਨਾਲ ਕਾਰ-ਵਿਹਾਰ ਕਰਨ ਵਾਲੇ ਹੋਰ ਲੋਕਾਂ ਨੂੰ ਇਸ ਪਰਤ ਦੇ ਪਾਰ ਝਾਕਣ ਦਾ ਮੌਕਾ ਸੌਖਿਆਂ ਮਿਲਦਾ ਹੈ। ਇਸੇ ਕਰਕੇ ਗਲੈਮਰ ਦੀ ਦੁਨੀਆਂ ਦੇ ਚਿਹਰਿਆਂ ਪਿਛਲੀ ਅਸਲੀਅਤ ਜਾਣਨ ਦੀ ਉਤਸੁਕਤਾ ਦਰਸ਼ਕਾਂ ਵਿਚ ਬਣੀ ਰਹਿੰਦੀ ਹੈ। ਇਸ ਨਾਲ ਮਨੋਰੰਜਨ ਉਦਯੋਗ ਦੀਆਂ ਖ਼ਬਰਾਂ ਸਮੁੱਚੇ ਪੱਤਰਕਾਰੀ ਦੇ ਖੇਤਰ ਦਾ ਵੱਡਾ ਹਿੱਸਾ ਘੇਰਦੀਆਂ ਹਨ।
![]() |
ਦੀਪ ਜਗਦੀਪ ਸਿੰਘ |
ਇਸ ਖੇਤਰ ਦੀ ਪੱਤਰਕਾਰੀ ਪੱਤਰਕਾਰਾਂ ਲਈ ਬਹੁਤ ਹੀ ਚੁਣੌਤੀਪੂਰਨ ਅਤੇ ਜ਼ਿੰਮੇਵਾਰੀ ਨਾਲ ਕਰਨ ਵਾਲਾ ਕਾਰਜ ਹੁੰਦਾ ਹੈ। ਲੋਕ ਕਲਾਕਾਰਾਂ ਨੂੰ ਸਿਤਾਰੇ ਬਣਾਉਂਦੇ ਹਨ ਅਤੇ ਪੱਤਰਕਾਰ ਉਨ੍ਹਾਂ ਸਿਤਾਰਿਆਂ ਦੀ ਜ਼ਿੰਦਗੀ ਦੀ ਅੰਦਰ ਝਾਤ ਲੋਕਾਂ ਤੱਕ ਪਹੁੰਚਾਉਂਦਾ ਹੈ। ਪੱਤਰਕਾਰ ਕੰਮ ਕਰਦੇ ਹੋਏ ਸਿਰਫ਼ ਪੱਤਰਕਾਰ ਹੁੰਦਾ ਹੈ, ਉਸ ਨੂੰ ਆਪਣੇ ਪੇਸ਼ੇ ਦੇ ਫਰਜ਼ ਨਿਭਾਉਂਦੇ ਹੋਏ ਆਪਣੇ ਅੰਦਰਲਾ ਦਰਸ਼ਕ ਅਤੇ ਕਿਸੇ ਸਿਤਾਰੇ ਦਾ ਫੈਨ ਇਕ ਪਾਸੇ ਰੱਖਣਾ ਲਾਜ਼ਮੀ ਹੁੰਦਾ ਹੈ। ਸੱਭ ਤੋਂ ਵੱਡੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ।
ਹੀ ਗਾਉਂਦੇ ਹਨ। ਇਸ ਤੋਂ ਉਲਟ ਜਿਨ੍ਹਾਂ ਪੱਤਰਕਾਰਾਂ ਨੂੰ ਇਹ ਕਲਾਕਾਰ ਇਹ ਖੁੱਲ੍ਹ ਨਹੀਂ ਦਿੰਦੇ ਉਹ ਕਦੇ ਸੱਭਿਆਚਾਰ ਜਾਂ ਕਿਸੇ ਹੋਰ ਬਹਾਨੇ ਇਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਜਾਂਦੇ ਹਨ। ਉਦੋਂ ਉਨ੍ਹਾਂ ਨੂੰ ਸਮਾਜ ਜਾਂ ਸੱਭਿਆਚਾਰ ਨਾਲੋਂ, ਆਪਣਾ ਜ਼ਿਆਦਾ ਫ਼ਿਕਰ ਹੁੰਦਾ ਹੈ। ਥੋੜ੍ਹੇ ਦਿਨਾਂ ਬਾਅਦ ਉਹੀ ਪੱਤਰਕਾਰ ਉਸ ਕਲਾਕਾਰ ਦੀ ਬੱਲੇ-ਬੱਲੇ ਕਰ ਰਹੇ ਹੁੰਦੇ ਹਨ, ਕਿਉਂਕਿ ਉਸ ਕਲਾਕਾਰ ਨੇ ਇਸ ਦਾ ਮਨਚਾਹਿਆ ਮਨਪਰਚਾਵਾ ਕਰ ਦਿੱਤਾ ਹੁੰਦਾ ਹੈ।
![]() |
ਪਛਾਣੋ ਜ਼ਰਾ ! ਕਿਹੜਾ ਪੱਤਰਕਾਰ, ਕਿਹੜਾ ਕਲਾਕਾਰ |
ਉੱਪਰ ਦੱਸੀਆਂ ਗੱਲਾਂ ਬਹੁਤ ਸਾਰੇ ਸੂਝਵਾਨਾਂ ਨੂੰ ਪਤਾ ਹਨ ਅਤੇ ਉਹ ਕਹਿਣਗੇ ਕਿ ਇਸ ਵਿਚ ਨਵੀਂ ਗੱਲ ਕੀ ਹੈ।ਪਰ ਹੁਣ ਇਹ ਸਭ ਕੁਝ ਜਿੰਨਾ ਆਮ ਹੋ ਗਿਆ ਹੈ ਇਸ ਵੱਲ ਧਿਆਨ ਦੇਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜ਼ਿਆਦਾਤਰ ਪੱਤਰਕਾਰ ਉੱਪਰ ਦੱਸੇ ਗਲੈਮਰ ਦੇ ਭੁਲਾਵੇ ਵਿਚ ਆ ਕੇ ਨਾ ਸਿਰਫ਼ ਸਮਾਜ ਅਤੇ ਸੱਭਿਆਚਾਰ ਦਾ ਨੁਕਸਾਨ ਕਰਦੇ ਹਨ ਬਲਕਿ ਆਪਣੇ ਪਾਠਕਾਂ ਅਤੇ ਦਰਸ਼ਕਾਂ ਦਾ ਮਾਨਸਿਕ, ਆਰਥਿਕ ਅਤੇ ਵਕਤ ਦਾ ਵੀ ਭਾਰੀ ਨੁਕਸਾਨ ਕਰਦੇ ਹਨ। ਇਹੀ ਨਹੀਂ ਇਹ ਪੱਤਰਕਾਰ ਧੱਕੇ ਨਾਲ ਬਣੇ ਕਈ ਕਲਾਕਾਰਾਂ ਨੂੰ ਰਾਤੋਂ ਰਾਤ ਸਟਾਰ ਬਣਨ ਵਿਚ ਮਦਦ ਕਰ ਜਾਂਦੇ ਹਨ ਅਤੇ ਕਈ ਚੰਗੇ ਹੁਨਰਮੰਦ ਕਲਾਕਾਰਾਂ ਤੋਂ ਬਣਦੀ ਪ੍ਰਸੰਸਾ ਦਾ ਹੱਕ ਵੀ ਖੋਹ ਲੈਂਦੇ ਹਨ। ਸਰਮਾਏਦਾਰੀ ਦੇ ਦੌਰ ਵਿਚ ਉਂਜ ਤਾਂ ਹਰ ਖੇਤਰ ਦੀ ਪੱਤਰਕਾਰੀ ਵਿਚ ਭ੍ਰਿਸ਼ਟਾਚਾਰ ਦਾ ਘੁਣ ਲੱਗਿਆ ਮਿਲ ਜਾਂਦਾ ਹੈ, ਪਰ ਇਸ ਖੇਤਰ ਵਿਚ ਲੱਗਿਆ ਅੰਨੇਵਾਹ ਪੈਸਾ, ਜਿਸਦਾ ਕਦੇ ਕੋਈ ਹਿਸਾਬ ਵੀ ਨਹੀਂ ਮੰਗਿਆ ਜਾਂਦਾ, ਪੱਤਰਕਾਰਾਂ ਨੂੰ ਗਲੈਮਰ ਦਾ ਸ਼ਿਕਾਰ ਹੋਣ ਵਿਚ ਵੱਡੀ ਭੂਮਿਕਾ ਨਿਭਾ ਜਾਂਦਾ ਹੈ। ਬਹੁਤ ਸਾਰੇ ਪੱਤਰਕਾਰ ਆਪਣੇ ਚਾਅ-ਚਾਅ ਦੇ ਅਣਜਾਣਪੁਣੇ ਵਿਚ ਇਨ੍ਹਾਂ ਕਲਾਕਾਰਾਂ ਦਾ ਫਾਇਦਾ ਕਰ ਜਾਂਦੇ ਹਨ, ਜਿਸ ਤੋਂ ਉਹ ਤਾਂ ਕਰੋੜਾਂ ਰੁਪਏ ਕਮਾ ਜਾਂਦੇ ਹਨ, ਪਰ ਪੱਤਰਕਾਰ ਕਲਾਕਾਰ ਨਾਲ ਫੋਟੋ ਖਿੱਚਾ ਕੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ।
ਮੁੰਬਈ ਮਨੋਰੰਜਨ ਉਦਯੋਗ ਵਿਚ ਢਾਈ ਦਹਾਕੇ ਤੋਂ ਵੱਧ ਪੱਤਰਕਾਰੀ ਕਰ ਚੁੱਕੇ ਹਿੰਦੀ ਪੱਤਰਕਾਰ ਅਤੇ ਫ਼ਿਲਮ ਸਮੀਖਿਅਕ ਅਜੇ ਬ੍ਰਹਮਾਤਮਜ ਆਖਦੇ ਹਨ ਕਿ ਸ਼ੁਰੂਆਤੀ ਦੌਰ ਵਿਚ ਨੌਜਵਾਨ ਪੱਤਰਕਾਰਾਂ ਨੂੰ ਇਹ ਗਲੈਮਰ ਆਪਣੇ ਵੱਲ ਖਿੱਚਦਾ ਹੈ, ਪਰ ਵਕਤ ਨਾਲ ਪੱਤਰਕਾਰਾਂ ਨੂੰ ਸਹਿਜ ਹੋ ਜਾਣਾ ਚਾਹੀਦਾ ਹੈ। ਮਨੋਰੰਜਨ ਉਦਯੋਗ ਦੇ ਪੱਤਰਕਾਰਾਂ ਅਤੇ ਸਮੀਖਿਅਕਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਨ੍ਹਾਂ ‘ਤੇ ਭਰੋਸਾ ਕਰਕੇ ਜਨਤਾ ਆਪਣੀ ਮਿਹਨਤ ਦੀ ਕਮਾਈ ਅਤੇ ਕੀਮਤੀ ਸਮਾਂ ਖਰਚ ਕਰਦੀ ਹੈ। ਪੱਤਰਕਾਰ ਆਪਣੇ ਪਾਠਕ ਨੂੰ ਸਹੀ ਜਾਣਕਾਰੀ ਦੇਵੇ ਇਹ ਉਸਦਾ ਫ਼ਰਜ਼ ਬਣਦਾ ਹੈ। ਅਜੇ ਮੰਨਦੇ ਹਨ ਕਿ ਨਵੇਂ ਪੀੜ੍ਹੀ ਦੇ ਪੱਤਰਕਾਰਾਂ ਵਿਚ ਭਾਵੁਕਤਾ ਬਹੁਤ ਜ਼ਿਆਦਾ ਹੈ। ਭਾਵੁਕਤਾ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਕੰਮ ਕਰਨ ਦੀ ਲੋੜ ਹੈ।
ਸਾਡੇ ਦੇਸ਼ ਵਿਚ ਅਤੇ ਖ਼ਾਸ ਕਰ ਪੰਜਾਬੀ ਮੀਡੀਆ ਵਿਚ ਸਿਖਲਾਈ ਲੈ ਕੇ ਪੱਤਰਕਾਰੀ ਵਰਗੇ ਵੱਡੀ ਜ਼ਿੰਮੇਵਾਰੀ ਵਾਲੇ ਖੇਤਰ ਵਿਚ ਆਉਣ ਦਾ ਰਿਵਾਜ ਹਾਲੇ ਤੱਕ ਵੱਡੇ ਪੱਧਰ ‘ਤੇ ਸ਼ੁਰੂ ਨਹੀਂ ਹੋਇਆ। ਜਿਸ ਕਰਕੇ ਆਮ ਮੀਡੀਆ ਅਦਾਰਿਆਂ ਵਿਚ ਕਿਸੇ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਪੱਤਰਕਾਰ ਨਾ-ਮਾਤਰ ਹਨ। ਪਿਛਲੀ ਪੀੜ੍ਹੀ ਨੂੰ ਛੱਡ ਦੇਈਏ ਤਾਂ ਭਾਵੇਂ ਸਿਆਸਤ ਹੋਵੇ, ਸਾਹਿਤ, ਕਲਾ ਜਾਂ ਮਨੋਰੰਜਨ ਹਰ ਖੇਤਰ ਦੀ ਪੱਤਰਕਾਰੀ ਨੌਸੀਖੀਆਂ ਦੇ ਹੱਥਾਂ ਵਿਚ ਆ ਗਈ ਹੈ। ਬਹੁਤੇ ਤਾਂ ਕਿਸੇ ਕਿਸਮ ਦੀ ਖੋਜ ਜਾਂ ਹੋਮਵਰਕ ਕਰਨ ਨੂੰ ਵੀ ਤਰਜੀਹ ਨਹੀਂ ਦਿੰਦੇ। ਬਾਕੀ ਬਚਿਆਂ ਲਈ ਖੋਜ ਦਾ ਮਤਲਬ ਗੂਗਲ ਤੋਂ ਸ਼ੁਰੂ ਹੋ ਕੇ ਇੱਥੇ ਹੀ ਮੁੱਕ ਜਾਂਦਾ ਹੈ। ਜਦੋਂ ਮੈਂ ਜਲੰਧਰ ਵਿਚ ਦੈਨਿਕ ਭਾਸਕਰ ਅਖ਼ਬਾਰ ਲਈ ਪੱਤਰਕਾਰੀ ਕਰਦਾ ਸਾਂ ਤਾਂ ਇਕ ਹੋਰ ਅਖ਼ਬਾਰ ਲਈ ਮਨੋਰੰਜਨ ਦੀਆਂ ਖ਼ਬਰਾਂ ਉਹੀ ਪੱਤਰਕਾਰ ਲਿਖਦਾ ਸੀ ਜਿਸ ਦੇ ਸਿਰ ਅਪਰਾਧਿਕ ਖ਼ਬਰਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਸੀ। ਉਸਦਾ ਬਹੁਤਾ ਸਮਾਂ ਅਪਰਾਧਿਕ ਖ਼ਬਰਾਂ ਹੀ ਖਾ ਜਾਂਦੀਆਂ ਸਨ। ਉਸ ਕੋਲ ਕਲਾਕਾਰਾਂ ਉਨ੍ਹਾਂ ਨਾਲ ਸੰਬੰਧਤ ਸੰਗੀਤ, ਗੀਤਾਂ ਅਤੇ ਫ਼ਿਲਮਾਂ ਬਾਰੇ ਜਾਣਕਾਰੀ ਇੱਕਠੀ ਕਰਨ ਦਾ ਸਮਾਂ ਹੀ ਨਹੀਂ ਸੀ ਹੁੰਦਾ। ਉਹ ਜ਼ਿਆਦਾਤਰ ਉਨ੍ਹਾਂ ਕਲਾਕਾਰਾਂ ਦੀਆਂ ਪ੍ਰੈਸ ਕਾਨਫਰੰਸਾਂ ਵਿਚ ਹਾਜ਼ਰ ਹੁੰਦਾ ਸੀ, ਜਿਨ੍ਹਾਂ ਨਾਲ ਉਹਦੀ ਪੁਰਾਣੀ ਜਾਣ-ਪਛਾਣ ਹੁੰਦੀ ਸੀ ਜਾਂ ਜਿਨ੍ਹਾਂ ਨਾਲ ਇਸ਼ਤਿਹਾਰਾਂ ਵਾਲਾ ਹਿਸਾਬ ਕਿਤਾਬ ਚੱਲਦਾ ਸੀ। ਅਜਿਹੇ ਵਿਚ ਜ਼ਿਆਦਾਤਰ ਖ਼ਬਰਾਂ ਪ੍ਰੈੱਸ-ਨੋਟ ਦੇ ਆਧਾਰ ‘ਤੇ ਹੀ ਲਿਖੀਆਂ ਜਾਂਦੀਆਂ ਹਨ। ਬਹੁਤ ਹੀ ਪੁਰਾਣਾ ਅਤੇ ਹੰਢਿਆ ਹੋਇਆ ਪੱਤਰਕਾਰ ਹੋਣ ਕਰਕੇ ਉਹ ਇਹ ਕੰਮ ਕਿਵੇਂ ਨਾ ਕਿਵੇਂ ਚਲਾ ਲੈਂਦਾ ਸੀ।
ਮੇਰੇ ਖ਼ਿਆਲ ਵਿਚ ਪੱਤਰਕਾਰੀ ਦੇ ਖਿੱਤੇ ਵਿਚ ਕੰਮ ਕਰ ਰਹੇ ਅਤੇ ਕੰਮ ਕਰਨ ਦੇ ਚਾਹਵਾਨਾਂ ਨੂੰ ਇਸ ਵੇਲੇ ਸਵੈ-ਪੜਚੋਲ ਜ਼ਰੂਰ ਕਰਨੀ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਆਪਣੇ ਚਾਅ ਪੂਰੇ ਕਰਨ ਲਈ ਪੱਤਰਕਾਰੀ ਦਾ ਪੇਸ਼ਾ ਅਪਣਾਇਆ ਹੈ ਜਾਂ ਲੋਕਾਂ ਤੱਕ ਗਲੈਮਰ ਦੇ ਪਰਦੇ ਪਿੱਛੇ ਦੀਆਂ ਸੱਚਾਈਆਂ ਪਹੁੰਚਾਉਣ ਲਈ। ਮੀਡੀਆ ਅਦਾਰਿਆਂ ਨੂੰ ਵੀ ਇਹ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਸਾਹਿਤ, ਕਲਾ ਅਤੇ ਮਨੋਰੰਜਨ ਆਦਿ ਖੇਤਰ ਖ਼ਾਸ ਕਲਾਤਮਕ ਹੁਨਰ ਵਾਲੇ ਖੇਤਰ ਹਨ, ਇਨ੍ਹਾਂ ਖੇਤਰਾਂ ਦੀ ਪੱਤਰਕਾਰੀ ਲਈ ਅਜਿਹੇ ਪੱਤਰਕਾਰਾਂ ਦੀ ਚੋਣ ਕਰਨੀ ਚਾਹੀਦੀ ਹੈ, ਜਿਹੜੇ ਕਲਾਤਮਕਤਾ ਦੀ ਸੂਝ ਰੱਖਦੇ ਹੋਣ। ਇਕ ਸੂਝਵਾਨ ਪੱਤਰਕਾਰ ਕਿਸੇ ਚੰਗੇ ਕਲਾਕਾਰ ਦੇ ਹੁਨਰ ਨੂੰ ਸਾਹਮਣੇ ਲਿਆ ਕੇ ਨਾ ਸਿਰਫ਼ ਉਸਦੀ ਜ਼ਿੰਦਗੀ ਸਵਾਰ ਸਕਦਾ ਹੈ, ਬਲਕਿ ਹੋਰ ਉਭਰਦੇ ਕਲਾਕਾਰਾਂ ਨੂੰ ਵੀ ਪ੍ਰੇੁਰਿਤ ਕਰ ਸਕਦਾ ਹੈ। ਦੂਜੇ ਪਾਸੇ ਉਹ ਕਿਸੇ ਪੈਸੇ ਦੇ ਲੋਭੀ ਕਲਾਕਾਰ ਜਾਂ ਕੰਪਨੀ ਦਾ ਪੱਖ ਪੂਰ ਕੇ ਆਪਣੇ ਸਮਾਜ, ਸੱਭਿਆਚਾਰ ਅਤੇ ਹੁਨਰਮੰਦ ਕਲਾਕਾਰਾਂ ਦਾ ਨੁਕਸਾਨ ਵੀ ਕਰ ਸਕਦਾ ਹੈ। ਫੈਸਲਾ ਉਸਨੇ ਆਪ ਕਰਨਾ ਹੈ ਕਿ ਉਸ ਨੂੰ ਕਿਸ ਗੱਲ ਲਈ ਚੇਤੇ ਰੱਖਿਆ ਜਾਵੇ।