ਜਨਵਰੀ ਅੰਕ-ਆਜ਼ਾਦੀ


ਕਾਵਿ-ਸੰਵਾਦ
ਵਿਸ਼ਾ ਆਜ਼ਾਦੀ
ਅੰਕ ਪਹਿਲਾ (ਜਨਵਰੀ)

ਪਂਜਾਬੀ ਪਿਆਰਿਓ! ਲਫ਼ਜ਼ਾਂ ਦਾ ਪੁਲ ਪੰਜਾਬੀ ਭਾਸ਼ਾ ਵਿੱਚ ਸੰਵਾਦ ਰਚਾਉਣ ਦੇ ਜਿਸ ਉਪਰਾਲੇ ਨਾਲ ਸ਼ੁਰੂ ਕੀਤਾ ਗਿਆ ਹੈ, ਉਹ ਆਪਣੇ ਮਕਸਦ ਵੱਲ ਕਦਮ ਦਰ ਕਦਮ ਵੱਧ ਰਿਹਾ ਹੈ। ਇਸੇ ਲੜੀ ਵਿੱਚ ਮਾਸਿਕ ਇੰਟਰਨੈੱਟ ਰਸਾਲੇ ‘ਕਾਵਿ-ਸੰਵਾਦ’ ਦਾ ਪਹਿਲਾ ਅੰਕ ਜਿਸਦਾ ਵਿਸ਼ਾ ਆਜ਼ਾਦੀ ਰੱਖਿਆ ਗਿਆ ਹੈ, ਗਣਤੰਤਰ ਦਿਵਸ ਦੇ ਮੌਕੇ ‘ਤੇ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਆਜ਼ਾਦੀ ਵਿਸ਼ੇ ‘ਤੇ ਸਾਨੂੰ 10 ਕਵਿਤਾਵਾਂ ਮਿਲੀਆਂ ਹਨ। ਆਜ਼ਾਦੀ ਦੇ ਸਭ ਲਈ ਵੱਖਰੇ-ਵੱਖਰੇ ਅਰਥ ਹਨ ‘ਤੇ ਆਪਣੀਆਂ ਕਵਿਤਾਵਾਂ ਰਾਹੀਂ ਉਨ੍ਹਾਂ ਨੇ ਇਨ੍ਹਾਂ ਨੂੰ ਬਖੂਬੀ ਪ੍ਰਗਟਾਇਆ ਹੈ। ਸੋ ਅਸੀ ਸਭ ਕਵੀ ਸਾਥੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸੰਵਾਦ ਵਿੱਚ ਯੋਗਦਾਨ ਪਾਇਆ ਹੈ। ਤੁਸੀ ਸਾਰੇ ਇਸ ਸੰਵਾਦ ਨਾਲ ਰੂ-ਬ-ਰੂ ਹੋਵੋ ‘ਤੇ ਇਨ੍ਹਾਂ ਰਚਨਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ, ਆਪਣੀ ਟਿੱਪਣੀਆਂ ਰਾਹੀਂ ਜ਼ਰੂਰ ਦੱਸਣਾ।‘ਆਜ਼ਾਦੀ’ ਦੇ ਕਵੀ
ਸੁਰਜੀਤ ਪਾਤਰ|ਇੰਦਰਜੀਤ ਨੰਦਨ|ਹਰਪ੍ਰੀਤ ਸਿੰਘ|ਸੁਧੀਰ|ਗੁਰਪ੍ਰੀਤ ਮਾਨ|ਰੇਣੂ ਨੱਈਅਰ|ਇੰਦਰਜੀਤ ਕੌਰ|ਗੁਰਿੰਦਰਜੀਤ|ਚਰਨਜੀਤ ਸਿੰਘ ਤੇਜਾ|ਦੀਪ ਜਗਦੀਪ ਸਿੰਘ——————-
ਹਵਾ ਤੇ ਤਿਰੰਗਾ
——————-
ਡਾ. ਸੁਰਜੀਤ ਪਾਤਰ ਦੀ ਇਕ ਪੁਰਾਣੀ ਅਣਛਪੀ ਕਵਿਤਾ

ਝੱਲੀਏ ਹਵਾਏ
ਤੈਨੂੰ ਕੌਣ ਸਮਝਾਏ
ਅੱਜ ਜਸ਼ਨਾਂ ਦਾ ਦਿਨ
ਸੁਹਣਾ ਝੂਲਦਾ ਤਿਰੰਗਾ
ਕਿੰਨਾ ਲੱਗਦਾ ਸੀ ਚੰਗਾ

ਜਦੋ ਇਹਦੇ ਕੋਲ ਆਈਏ
ਨਾਲ ਮਹਿਕਾਂ ਹੀ ਲਿਆਈਏ

ਪਰ ਇਹ ਕਿਰਤੀਆਂ ਦੀ ਹਾਅ
ਬੁਝੇ ਚੁੱਲ੍ਹਿਆਂ ਦੀ ਰਾਖ਼
ਸੜ ਕੇ ਬੁਝ ਗਈਆਂ ਬਸਤੀਆਂ ਦਾ
ਚਿਖ਼ਾ ਜਿਹਾ ਧੂੰਆਂ
ਮਾਵਾਂ ਦਰਦਣਾਂ ਦੀ ਆਹ
ਕਿਉ ਤੂੰ ਨਾਲ ਲੈ ਕੇ ਆਈ
ਸੁਹਣੇ ਝੂਲਦੇ ਤਿਰੰਗੇ ਦੀ ਵੀ ਰੂਹ ਥਰਥਰਾਈ

ਹਰਾ ਕੇਸਰੀ ਸਫ਼ੈਦ
ਇਹਦੇ ਸੁਪਨਿਆਂ ਦੇ ਰੰਗ
ਏਦਾਂ ਸਿੱਲ੍ਹੇ ਜਿਹੇ ਹੋ ਗਏ
ਜਿਵੇ ਅੱਖ ਭਰ ਆਈ

ਵਿਚ ਚੱਕਰ ਅਸ਼ੋਕ
ਮੈਨੂੰ ਹੰਝੂ ਜਿਹਾ ਲੱਗਾ

ਝੱਲੀਏ ਹਵਾਏ
ਤੈਨੂੰ ਕੌਣ ਸਮਝਾਏ
ਅੱਜ ਜਸ਼ਨਾਂ ਦਾ ਦਿਨ
ਕਵੀ ਸੂਚੀ ‘ਤੇ ਜਾਉ

——————-
ਅਜ਼ਾਦੀ ਦੇ ਅਰਥ
——————-
ਇੰਦਰਜੀਤ ਨੰਦਨ

ਅਜ਼ਾਦੀ
ਅਜ਼ਾਦ ਨਹੀਂ ਹਾਂ ਅਸੀਂ
ਗੁਲਾਮ ਮਾਨਿਸਕਤਾ ਦੇ ਸ਼ਿਕਾਰ
ਅਸੀਂ ਹੋ ਹੀ ਨਹੀਂ ਸਕਦੇ ਅਜ਼ਾਦ …

ਆਪਣੇ ਝੰਡੇ ਦਾ ਅਰਥ
ਅਜ਼ਾਦੀ ਨਹੀਂ ਹੁੰਦਾ
ਜਦ ਤੀਕ ਮਨਾਂ ‘ਚ
ਜ਼ਹਿਰ ਹੋਵੇ
ਤੇ ਆਪੋ ਆਪਣੀ
‘ਮੈਂ’ ਦਾ ਅਲਾਪ
ਜਿੱਥੇ ਅਮੀਰਾਂ ਦੀਆਂ ਜੇਬਾਂ ‘ਚ
ਕਾਨੂੰਨ ਗਿਰਵੀ ਪਿਆ ਰਹੇ
ਤੇ ਗਰੀਬ ਦੀ ਝੁੱਗੀ ਵੀ
ਨਾਜਾਇਜ਼ ਕਰਾਰ ਦਿੱਤੀ ਜਾਵੇ
ਉੱਥੇ ਅਜ਼ਾਦੀ ਦੇ ਮਿਟ ਜਾਂਦੇ ਨੇ ਨਕਸ਼…

ਜਿੱਥੇ ਸ਼ੋਸ਼ਣ ਹੋਵੇ
ਦਾਇਰਿਆਂ ‘ਚ ਸਿਮਟੇ ਹੋਣ ਵਜੂਦ
ਜਿਥੇ ਪੇਸ਼ਿਆਂ ‘ਤੇ ਜਾਤਾਂ ਤੋਂ
ਮਨੁੱਖ ਦੀ ਪਹਿਚਾਣ ਹੋਵੇ
ਜਿਥੇ ਕੁਦਰਤ ਨਾਲ ਹਰ ਪਲ਼
ਮਜ਼ਾਕ ਕੀਤਾ ਜਾਵੇ
ਜਿਥੇ ਮਨੁੱਖ ਦੀ ਹੋਂਦ ਨੂੰ ਹੀ
ਖ਼ਤਰਾ ਹੋਵੇ
ਜਿੱਥੇ ਸੁਰੱਖਿਆ ਲਈ
ਹੋਵੇ ਹਰ ਪਲ਼ ਲੜਾਈ
ਜਿਥੇ ਹੱਕਾਂ ਲਈ
ਹਮੇਸ਼ਾਂ ਦੌੜਦਾ ਰਹੇ ਮਨੁੱਖ
ਜਿੱਥੇ ਹਰ ਕੋਈ
ਆਪਣੇ ਅੰਦਰਲੀ ਗੰਦਗੀ ਨੂੰ
ਢੋਈ ਜਾਵੇ
ਜਿੱਥੇ ਸਵਾਰਥ,
ਹੰਕਾਰ
ਪਸਿਰਆਂ ਹੋਏ ਹਰ ਤਰਫ਼
ਉੱਥੇ ਨਹੀਂ ਹੋ ਸਕਦੀ ਅਜ਼ਾਦੀ …

ਜਦ ਤੀਕ ਅਸੀਂ
ਨਹੀਂ ਹੋ ਜਾਂਦੇ
ਆਪਿਣਆਂ ਹੀ ਵਿਕਾਰਾਂ ਤੋਂ ਮੁਕਤ
ਜਦ ਤੀਕ
ਫੁੱਲਾਂ ਦੀ ਸੁਗੰਧ ਦਾ
ਨਹੀਂ ਹੁੰਦਾ ਅਹਿਸਾਸ
ਜਦ ਤੀਕ ਅਸੀਂ
ਸਭ ਕੁਝ ਦੇਖਣ,
ਸੁਣਨ ਦੇ
ਨਹੀਂ ਹੋ ਜਾਂਦੇ ਸਮਰੱਥ
ਤਦ ਤੱਕ ਨਹੀਂ ਹੋ ਸਕਦੇ ਅਜ਼ਾਦ
‘ਤੇ ਨਾ ਹੀ ਸਮਝ ਸਕਦੇ ਅਸੀਂ
ਅਜ਼ਾਦੀ ਦੇ ਅਸਲ ਅਰਥ…।

ਕਵੀ ਸੂਚੀ ‘ਤੇ ਜਾਉ

——————-
ਆਜ਼ਾਦੀ ਦਾ ਡਰਾਮਾ
——————-
ਹਰਪ੍ਰੀਤ ਸਿੰਘ

ਝੰਡੇ ਦੇ ਡੰਡੇ ਦੀ ਨੋਕ ਦੇਖੋ,
ਨੋਕ ਦੀ ਧਾਰ ਦੇਖੋ,
ਮੰਤਰੀ ਦੇ ਪੈਰ ਦੀ ਜੁੱਤੀ ਵੇਖੋ,
ਜੁੱਤੀ ਦੀ ਚਾਲ ਵੇਖੋ,
ਦੇਸ਼ ਦੇ ਸਾਫ-ਸੁਥਰੇ ਕਪੜਿਆਂ ਵਿੱਚ ਝੜਦੇ
ਤਿੰਨ ਰੰਗਾਂ ਤੋਂ ਪਹਿਲਾਂ
ਆਪਣੀਆਂ ਜੇਬਾਂ ਉੱਤੇ ਹੱਥ ਰੱਖੋ,
ਤੇ ਧੁੰਦਲੇ ਹੋਏ ਦਿਲ ਦੇ ਕਬੂਤਰਾਂ ਨੂੰ ਅਜ਼ਾਦ ਵੇਖੋ,
ਬੁਲਾਰੇ ਦੇ ਜਬਾੜੇ ਵਿਚੋਂ ਉਗਲੀ
ਦੇਸ਼ ਭਗਤੀ ਦੀ ਲਿਹਾਜ ਰੱਖੋ,
ਤੇ ਬਰੂਦ ਦੀਆਂ ਪੌੜੀਆਂ ਤੋਂ
ਭਵਿੱਖ ਦੀ ਤਰੱਕੀ ਕਰਦੇ ਵਿਚਾਰ ਸੁਣੋ,
ਹਵਾ ਵਿੱਚ ਲਹਿਰਾਉਂਦੇ ਝੰਡੇ ਨੂੰ ਸਲਾਮ ਕਹੋ,
ਤੇ ਪਹਿਰਾ ਲੱਗਣ ਤੋਂ ਪਹਿਲਾਂ-ਪਹਿਲ ਘਰਾਂ ਨੂੰ ਵਾਪਸੀ ਕਰੋ

ਕਵੀ ਸੂਚੀ ‘ਤੇ ਜਾਉ

————–
ਅਜ਼ਾਦੀ ???
————–
ਸੁਧੀਰ

ਬੰਬਈ, ਪੰਜਾਬ ਚਾਹੇ ਉਹ ਹੋਵੇ ਕਸ਼ਮੀਰ ਦੀ ਵਾਦੀ,
ਅੱਤਵਾਦ ਨੇ ਦੇਸ਼ ਦੇ ਹਰ ਕੋਨੇਂ ਤਬਾਹੀ ਮਚਾਤੀ,
ਭਗਵੇ ਕਪੜਿਆਂ ਨੇ ਵੀ ਅਪਣੀ ਅਸਲੀਅਤ ਦਿਖਾਤੀ,
ਕੀ ਇਨ੍ਹਾਂ ਨੂੰ ਹੀ ਮਿਲੀਐ ਅਜ਼ਾਦੀ….

ਅੱਜ ਪੁਲਿਸ ਮੁਜ਼ਰਿਮ ਛੱਡ ਕੇਸ ਬੇਗੁਨਾਹਾਂ ਤੇ ਪਾਂਦੀ,
ਅੱਜ ਪੱਤਰਕਾਰਤਾ ਵੀ ਖਬਰ ਵਧਾ ਚੜ੍ਹਾ ਕੇ ਲਾਂਦੀ,
ਬੇ-ਮਤਲਵੀ ਰੌਲੇ ਪਾ ਰਾਜਨਿਤੀ ਪਾਰਲੀਆਮੈਂਟ ਹਿਲਾਂਦੀ,
ਕੀ ਇਨ੍ਹਾਂ ਨੂੰ ਹੀ ਮਿਲੀਐ ਅਜ਼ਾਦੀ….

ਪੁੱਤ-ਮੋਹ ਨੇ ਧੀ ਕੁੱਖ ਦੀ ਕੈਦੋਂ ਛੁਡਾਤੀ,
ਦਹੇਜ-ਲੋਭੀਆਂ ਨੇ ਨੂੰਹ ਤੇਲ ਪਾ ਮੁਕਾਤੀ,
ਸਮਾਜ ਹੋਇਆ ਅਜੇਹੀਆਂ ਖਬਰਾਂ ਦਾ ਆਦੀ,
ਕੀ ਇਨ੍ਹਾਂ ਨੂੰ ਹੀ ਮਿਲੀਐ ਅਜ਼ਾਦੀ….

ਜਿਸਦੀ ਕੁੱਲੀ ਸਰਕਾਰ ਨੇਂ ਠੰਡ ‘ਚ ਢਾਹਤੀ,
ਜਿਸਨੇ ਦੋ ਦਿਨ ਤੋਂ ਰੋਟੀ ਨੀਂ ਖਾਧੀ,
ਓ ਭਟਕੇ ਲੋਕੋ ਉਸ ਗਰੀਬ ਤੋਂ ਪੁੱਛੋ,
ਕੀਹਨੂੰ ਕਹਿੰਦੇ ਨੇ ਅਜ਼ਾਦੀ,
ਜ਼ਰਾ ਦੱਸੋ ਕੀਹਨੂੰ ਮਿਲੀ ਹੈ ਅਜ਼ਾਦੀ???

ਕਵੀ ਸੂਚੀ ‘ਤੇ ਜਾਉ

—————–
ਅਜਾਇਬ ਘਰ
—————–
ਗੁਰਪ੍ਰੀਤਮਾਨ

ਅਜਾਇਬ ਘਰ ਦੀ ਇੱਕ ਨੁੱਕਰ ਤੇ
ਸ਼ੀਸ਼ੇ ਦੇ ਇੱਕ ਬਕਸੇ ਦੀ ਵਿੱਚ
ਜ਼ਿੰਦਾ ਇੱਕ ਔਰਤ ਖੜੀ ਹੈ
ਲਹੂ ਲੁਹਾਨ
ਰੁਨੀਆਂ ਅੱਖਾਂ
ਪਾਟੇ ਲੀੜੇ
ਕੋਲ ਇਕ ਪੋਥੀ
ਬੜੀ ਪੁਰਾਣੀ
ਉਸੇ ਵਰਗੀ
ਪਤਾ ਲੱਗਾ ਜਦ ਇਹ ਪੁਛੱਣ ਤੇ
ਇਹ ਸੀ ਸੋਹਣੀ ਨਾਰ ਸੁੱਨਖੀ
ਆਈ ਸੀ ਚੋਲਾ ਪਾ ਤਿੰਨ ਰੰਗਾ
ਪਰ ਧਰਮ ਦੇ ਧੱਕੇ ਚੜ੍ਹ ਗਈ
ਭ੍ਰਿਸ਼ਟਾਚਾਰ ਦੇ ਰੋੜੇ ਖਾਂਦੀ
ਲਾਪਰਵਾਹ ਸਰਕਾਰਾਂ ਦੇ ਹੱਥ
ਨੇਤਾ
ਕਲਾਕਾਰਾਂ ਦੇ ਹੱਥ
ਵਿਕੇ ਕਲਮਕਾਰਾਂ ਦੇ ਹੱਥ
ਘੁੰਮਦੀ ਜਾਂਦੀ
ਬਚਦੀ ਬਚਾਉਂਦੀ
ਇਹਦੇ ਹੱਥ ਵਿਚ ਸੰਵਿਧਾਨ ਹੈ
ਇਹ ‘ਆਜਾਦੀ’ ਭਾਰਤ ਦੀ ਹੈ
ਤੇ ਸਾਡਾ ਭਾਰਤ ਮਹਾਨ ਹੈ…

ਕਵੀ ਸੂਚੀ ‘ਤੇ ਜਾਉ

———————-
ਆਜ਼ਾਦੀ ਦਾ ਬਲਾਤਕਾਰ
———————-
ਰੇਣੂ ਨੱਈਅਰ

ਆਜ਼ਾਦੀ
ਸ਼ਾਇਦ 1947 ‘ਚ ਮਿਲੀ
ਕਿਸੇ ਸੌਗਾਤ ਨੂੰ ਕਹਿੰਦੇ ਹੋਣਗੇ
ਪਰ ਆਜ਼ਾਦੀ
ਸਿਰਫ ਇੱਕ ਦਿਨ ਦੀ ਦਾਸਤਾਨ ਨਹੀਂ
ਇਹ ਤਾਂ ਹਰ ਰੋਜ਼ ਦੀ ਜੰਗ ਹੈ
ਸੁਬਹਾ ਤੋਂ ਸ਼ਾਮ ਤੱਕ ਦੀ
15 ਅਗਸਤ ਜਾਂ 26 ਜਨਵਰੀ ਨੂੰ
ਲਾਉਡ ਸਪੀਕਰਾਂ ‘ਤੇ ਉੱਚੀ ਉੱਚੀ
ਦੇਸ਼ ਭਗਤੀ ਦੇ ਗਾਣੇ ਵਜਾਉਣ ਨਾਲ
ਆਜ਼ਾਦੀ ਨਹੀ ਮਨਾ ਹੁੰਦੀ
ਆਜ਼ਾਦੀ ਤਾਂ ਅੱਜ ਵੀ ਗੁਲਾਮ ਹੈ
ਪਰ ਦੁਸ਼ਮਣ ਹੁਣ ਬਾਹਰ ਦੇ ਨਹੀਂ
ਘਰ ਦੇ ਹੀ ਨੇ
ਤੇ ਆਪਣੇ ਹੀ ਘਰ ਦਿਆਂ ਦੇ ਹੱਥੋਂ
ਰੋਜ਼ ਹੁੰਦਾ ਹੈ ਇਸ ਦਾ
ਬਲਾਤਕਾਰ!!!

ਕਵੀ ਸੂਚੀ ‘ਤੇ ਜਾਉ

—————
ਤਿਰੰਗਾ
—————
ਇੰਦਰਜੀਤ ਕੌਰ

ਸਬਕ ਆਜ਼ਾਦੀ ਦਾ ਸਿਖਾਉਂਦਾ ਹੈ,
ਤਿਰੰਗਾ ਭੇਤ ਸਮਝਾਉਂਦਾ ਹੈਂ,
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਉਂਦਾ ਹੈ…

ਹੈ ਰੰਗ ਕੇਸਰੀ ਸ਼ਿੱਦਤ ਦਾ,
ਸਾਡੀ ਸਾਂਝ ਅਤੇ ਮੁਹਬੱਤ ਦਾ,
ਬਲੀਦਾਨ, ਹੌਸਲੇ ਅਤੇ ਹਿੰਮਤ ਦਾ,
ਇਹ ਦੇਸ਼ ਭਗਤੀ ਅਲਖ ਜਗਾਉਂਦਾ ਹੈ
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਉਂਦਾ ਹੈ…..

ਸੱਚਾ ਰੰਗ ਸਫੇਦ ਸੱਚਾਈ ਦਾ,
ਜਿਵੇਂ ਪਾਕ ਰੂਪ ਖੁਦਾਈ ਦਾ,
ਖਿਆਲੀ ਪਰਪੱਕਤਾ ਅਤੇ ਭਲਾਈ ਦਾ
ਅਸ਼ੋਕ ਚੱਕਰ ਵੀ ਖੂਬ ਸੁਹਾਉਂਦਾ ਹੈ
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਓਂਦਾ ਹੈ…

ਖਿੜਿਯਾ ਰੰਗ ਹਰਾ ਹਰਿਯਾਲੀ ਦਾ,
ਹੱਥੀਂ ਕਿਰਤ ਅਤੇ ਭਾਈਵਾਲੀ ਦਾ,
ਪੀਰਾਂ , ਫਕੀਰਾਂ ਦੀ ਰਖਵਾਲੀ ਦਾ,
ਨਵੇ ਜੋਸ਼ ਦਾ ਪਾਠ ਪੜਾਉਂਦਾ ਹੈ,
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਓਂਦਾ ਹੈ…

ਕਵੀ ਸੂਚੀ ‘ਤੇ ਜਾਉ

——————-
ਗੁਲਾਮ ਆਜ਼ਾਦੀ
——————-
ਗੁਰਿੰਦਰਜੀਤ

ਜਲਿਆਂਵਾਲ਼ੇ ਬਾਗ ਦਾ ਖੂਹ
ਅੱਜ ਵੀ ਭਰਦਾ ਹੈ,
ਆਜ਼ਾਦ ਵਤਨ ਦਾ ਪਾਣੀ ਹੀ
ਜਦ ਕੈਂਸਰ ਕਰਦਾ ਹੈ।

ਨਫਰਤ ਦੀਆਂ ਤਰੰਗਾਂ ਨਾਲ਼
ਹਵਾ ਵੀ ਭਰ ਜਾਂਦੀ
ਟੀ. ਵੀ. ਦੀ ਸਕਰੀਨ ਵੀ
ਸ਼ਰਮੋ-ਸ਼ਰਮੀ ਸੜ ਜਾਂਦੀ
ਜਦੋਂ ਵਰਦੀਧਾਰੀ ਅਧਿਕਾਰੀ ਹੀ
ਦੰਗਾ ਕਰਦਾ ਹੈ
ਜਲਿਆਂਵਾਲ਼ੇ ਬਾਗ ਦਾ ਖੂਹ……..

ਇੱਲ੍ਹ ਤੋਂ ਡਰਦੀ ਕੋਇਲ
ਮੌਤ ਦਾ ਗੀਤ ਸੁਣਾਓਂਦੀ ਹੈ
ਡੈਮੋਕਰੇਸੀ ਸਹਿਮ ਕੇ
ਫਿਰਕੂ ਸਾਜ਼ ਵਜਾਓਂਦੀ ਹੈ
ਜਦੋਂ ਭਗਤ ਸਿੰਘ ਦਾ ਕਾਤਲ ਬਣਿਆ
ਬੰਦਾ ਘਰ ਦਾ ਹੈ
ਜਲਿਆਂਵਾਲ਼ੇ ਬਾਗ ਦਾ ਖੂਹ……..

ਪੁਲ਼ਸ ਵਾਲਾ ਲਾਸ਼ ਦੀ ਪਹਿਲਾਂ
ਘੜੀ ਨੂੰ ਲਾਹੁੰਦਾ ਹੈ
ਜਾਂ ਚੌਰਾਹੇ ਵਿਚ ਮਰੇ ਦਾ
ਮੁਕਾਬਲਾ ਬਣਾਉਂਦਾ ਹੈ
ਤਾਂ ਮੇਰੇ ਅੰਦਰ ਗੁਲਾਮੀ ਦਾ
ਦੀਵਾ ਜਗਦਾ ਹੈ
ਜਲਿਆਂਵਾਲ਼ੇ ਬਾਗ ਦਾ ਖੂਹ……..

ਚੋਰ ਅਤੇ ਕਾਤਲ ਹੀ
ਤਿਰੰਗਾ ਲਹਿਰਾਉਂਦੇ ਨੇਂ
ਬਗਂਲੇ ਬਣ ਬਣ ਸੁਬਹ ਸ਼ਾਮ
ਜਨ ਗਨ ਮਨ ਗਾਉਂਦੇ ਨੇਂ
ਜਦ ਸੂਰਜ ਵੀ ਵਿਹੜੇ ਵਿੱਚ
ਜ਼ਾਤ ਪੁੱਛ ਕੇ ਚੜ੍ਹਦਾ ਹੈ

ਜਲਿਆਂਵਾਲ਼ੇ ਬਾਗ ਦਾ ਖੂਹ
ਅੱਜ ਵੀ ਭਰਦਾ ਹੈ,
ਆਜ਼ਾਦ ਵਤਨ ਦਾ ਪਾਣੀ ਹੀ
ਜਦ ਕੈਂਸਰ ਕਰਦਾ ਹੈ।

ਕਵੀ ਸੂਚੀ ‘ਤੇ ਜਾਉ

——————-
ਕਿਹੜੀ ਆਜ਼ਾਦੀ?
——————-
ਚਰਨਜੀਤ ਸਿੰਘ ਤੇਜਾ

ਮਨੁੱਖੀ ਚੇਤਨਾ ਦੀ ਸਭ ਤੋਂ ਖੁਸ਼ਹਾਲ ਅਵਸਥਾ
ਹਰ ਜਾਗਦੀ ਅੱਖ ਦਾ ਸੁਪਨਾ
ਕਤਰਿਆਂ ਪਰਾਂ ਦੀ ਤਾਂਘ
ਪਿੰਜਰੇ ‘ਚ ਪਿਆਂ ਦੀ ਅੱਥਰੀ ਉਡਾਣ
ਆਜ਼ਾਦੀ………..?

ਕਿਸੇ ਵਾਦੀ ‘ਚ ਗੂੰਜਦਾ ਗੀਤ
ਝੀਲ ‘ਚ ਖਰਮਸਤੀਆਂ ਕਰਦਾ ਸ਼ਿਕਾਰਾ
ਸੁੰਮਾਂ ਵਾਲੇ ਬੂਟਾਂ ਹੇਠਾਂ ਪਲਦਾ ਬਚਪਨ
ਮਾਵਾਂ ਤੇ ਭੈਣਾਂ ਦੀ ਪੱਤ
ਮਾਰ ਸਹਿੰਦੇ ਬੁੱਢੇ ਅੱਬਾ ਦੇ ਹੱਡ
ਤਾਰੋਂ ਪਾਰ ਜਾਣ ਦਾ ਵਿਚਾਰ
ਆਜ਼ਾਦੀ………..?

ਹਰੀਆਂ ਕਚੂਰ ਪਹਾੜੀਆਂ ‘ਚ ਸ਼ਾਂਤ ਵਹਿੰਦਾ ਜੀਵਨ
ਸਦੀਆਂ ਤੋਂ ਹੱਸਦੇ ਵੱਸਦੀਆਂ ਸੱਤੇ ਭੈਣਾਂ
ਨਕਸ਼ੇ ਦੀਆਂ ਹਾਬੜੀਆਂ ਲੀਕਾਂ
ਝੰਡੇ ਦਾ ਫੈਲਦਾ ਆਕਾਰ
ਮਾਂ ਬੋਲੀ ਤੇ ਸੱਭਿਅਤਾ ਦਾ ਘਾਣ
ਰੁਜ਼ਗਾਰ ਮੰਗਦੀ ਤੇ ਕੁੱਟ ਖਾਂਦੀ ਜਵਾਨੀ
ਆਜ਼ਾਦੀ………..?

ਅਮੀਰਾਂ ਦੇ ਦੇਸ ‘ਚ ਢਿੱਡ ਬੰਨ੍ਹ ਸੌਂਦੀ ਜਨਤਾ
ਲਚਾਰੀ ਤੇ ਬੇਬਸੀ ਸਾਹਮਣੇ ਮੂੰਹ ਮੋੜੀ ਬੈਠਾ ਰੱਬ
ਪਲ-ਪਲ ਥਾਵੇਂ ਇਕ ਫੱਟ ਮੌਤ ਦੀ ਚੋਣ
ਹਰ ਢਿੱਡ ਦੀ ਜੰਗ, ਲਾਲ ਸਲਾਮ
ਤਿਹਾਈ ਧਰਤ ਨੂੰ ਸਿੰਜਦਾ ਖੂਨ
ਹੱਕ ਮੰਗਣ ਦਾ ਸਹੀ ਤੇ ਸੁਖਾਲਾ ਰਾਹ
ਆਜ਼ਾਦੀ………..?

ਮੱਥੇ ਅੱਤਵਾਦੀ ਦੀ ਮੋਹਰ ਲਾ ਜੰਮਦੇ ਮਸੂਮ
ਜੰਮਣ ਤੋਂ ਮਰਨ ਤਕ ਦੇਸ਼ ਧਰੋਹੀ
ਇੱਜ਼ਤ ਤੇ ਮਾਣ ਲਈ ਜਹਾਦ
ਦੰਗਿਆਂ ਤੇ ਧਮਾਕਿਆਂ ਦੀ ਸਿਆਸਤ
ਬੁਸ਼ ਤੇ ਲਾਦੇਨ ਦੇ ਝਗੜੇ ‘ਚ ਕੁਟੀਦੇ ਹਨੀਫ਼ ਤੇ ਕਸਾਬ
ਆਜ਼ਾਦੀ………..?

ਵੱਡਿਆ ਦੇ ਭੁਲੇਖੇ ਦਾ ਸੰਤਾਪ
ਢਾਈ ਲੱਖ ਲੋਥਾਂ ਬਦਲੇ ਢਾਈ ਆਬ
ਆਗੂਆਂ ਦੀ ਕੁੱਕੜ ਖੇਹ, ਚੰਡੀਗੜ੍ਹ ਤੇ ਐਸ.ਵਾਈ.ਐਲ.
ਟਾਡਾ ਤੇ ਪੋਟਾ ਦੇ ਸਨਮਾਨ
ਧਰਮ ਅਸਥਾਨ ਤੇ ਲੱਖਾਂ ਜਵਾਨੀਆਂ ਦੀ ਅਹੂਤੀ
ਖੇਤਾਂ ਤੇ ਬਾਡਰਾਂ ‘ਤੇ ਮਰਦੇ ਬਲੀ ਦੇ ਬੱਕਰੇ
ਆਜ਼ਾਦੀ………..?

ਕਵੀ ਸੂਚੀ ‘ਤੇ ਜਾਉ

——————–
ਮੈਨੂੰ ਦਿਓ ਆਜ਼ਾਦੀ
——————–
ਦੀਪ ਜਗਦੀਪ ਸਿੰਘ

ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ‘ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ
ਮੌਤ ਤਾਂ ਮੇਰੇ ਵੱਸ ‘ਚ ਨਹੀਂ
ਪਰ ਦਿਓ ਆਜ਼ਾਦੀ ਜੀਣ ਦੀ
ਭਾਵੇਂ ਰੁੰਡ-ਮੁੰਡ ਹੋ ਜਾਵਾਂ
ਜਾਂ ਜਟਾਧਾਰੀ
ਦਿਓ ਆਜ਼ਾਦੀ
ਆਪਣਾ ਸਿਰ ਬਚਾਉਣ ਦੀ
ਘੁੰਮਾਂ ਨੰਗ-ਧੜੰਗ
ਵਿਖਾਵੇ ਦੇ ਕੱਪੜਿਆ ਦੀ ਕੈਦ ਤੋਂ
ਦੇ ਦਿਓ ਆਜ਼ਾਦੀ
ਜਦ ਜੀ ਚਾਹੇ
ਮਰਦ
ਔਰਤ
ਜਾਂ ਕੁਝ ਹੋਰ ਹੋ ਜਾਵਾਂ
ਦਿਓ ਆਜ਼ਾਦੀ
ਲਿੰਗ ਮੁਕਤ ਹੋ ਜਾਣ ਦੀ
ਉਹ ਟਾਪੂ ਦੱਸੋ
ਜਿੱਥੇ ਲਿੰਗ, ਰੰਗ, ਨਸਲ, ਕੌਮ ਦੀ
ਪਛਾਣ ਤੋਂ ਬਿਨ੍ਹਾਂ ਜੀ ਸਕਾਂ

ਵਿਚਾਰਧਾਰਾਵਾਂ ਦੀ ਕੈਦ ‘ਚੋਂ
ਕਰੋ ਆਜ਼ਾਦ ਮੈਨੂੰ
ਦਿਓ ਆਜ਼ਾਦੀ ਆਪਣੀ ਸੋਚ ਦਾ
ਮੁੱਕਾ ਕੱਸਣ ਦੀ

ਆਜ਼ਾਦੀ
ਅੱਗ ਠੰਡੀ ਕਰਨ ਦੀ
ਜ਼ਹਿਨਾਂ ‘ਚ ਬਲਦੇ ਲਾਂਬੂ ਬੁਝਾਵਾਂਗਾ
ਆਜ਼ਾਦੀ
ਪੱਥਰ ਪਿਘਲਾਉਣ ਦੀ
ਸੀਨੇ ‘ਚ ਜੰਮੇ ਦਿਲ ਮੋਮ ਬਣਾਵਾਂਗਾ
ਆਜ਼ਾਦੀ
ਪਾਣੀ ‘ਚ ਅੱਗ ਲਾਉਣ ਦੀ
ਬਰਫ ਹੋ ਚੁੱਕੇ ਲਹੂ ‘ਚ ਉਬਾਲੇ ਲਿਆਵਾਂਗਾ

ਕੱਟ ਦੇਵੋ ਬੇੜੀਆਂ
ਹੱਦਾਂ
ਸਰਹੱਦਾਂ
ਸਮਾਜ ਦੇ ਆਡੰਬਰਾਂ ਦੀਆਂ
ਹੁਣ ਮੇਰਾ ਨਹੀਂ ਸਰਨਾ
ਸਿਰਫ ਮੁਲਕ ਦੀ ਆਜ਼ਾਦੀ ਨਾਲ
ਮੈਨੂੰ ਦਿਓ
ਬ੍ਰਹਿਮੰਡ ਦੀ ਆਜ਼ਾਦੀ

ਕਵੀ ਸੂਚੀ ‘ਤੇ ਜਾਉ

3 thoughts on “ਜਨਵਰੀ ਅੰਕ-ਆਜ਼ਾਦੀ”

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: