ਦਰਦ । ਜਿੰਦਰ

ਕੁਝ ਹਫਤਿਆਂ ਤੋਂ ਮੈਂ ਇਕੱਲਾ ਨਹੀਂ ਰਹਿੰਦਾ। ਇਕੱਲਾ ਹੋਵਾਂ ਤਾਂ ਮੈਨੂੰ ਜਮੀਲ ਦੀ ਯਾਦ ਆ ਜਾਂਦੀ ਹੈ। ਮੈਂ ਪ੍ਰੇਸ਼ਾਨ ਹੁੰਦਾ ਹਾਂ। ਜ਼ਖ਼ਮੀ ਹੋਇਆ ਜਮੀਲ ਮੇਰੇ ਸਾਹਮਣੇ ਆ ਖੜਦਾ ਹੈ। ਮੇਰੇ ਵੱਲ ਸਿੱਧਾ ਹੀ ਦੇਖਦਾ ਹੋਇਆ ਪੁੱਛਦਾ ਹੈ, ‘‘ਤੁਹਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਇਹੀ ਸਵਾਲ ਵਾਰ-ਵਾਰ ਮੈਥੋਂ ਕਿਉਂ ਪੁੱਛਦਾ ਹੈ। ਮੈਂ ਉਸ ਦਿਨ ਉਸ ਨੂੰ ਦੱਸਿਆ ਤਾਂ ਸੀ। ਉਸ ਦੀ ਤਸੱਲੀ ਕਰਵਾਈ ਸੀ। ਮੈਂ ਉਹਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਮੈਂ ਪੰਮੇ ਨੂੰ ਰੱਸਿਆਂ ਉਪਰੋਂ ਦੀ ਪੁੱਠਾ ਹੋ ਕੇ ਡਿਗਦਿਆਂ ਹੋਇਆਂ ਦੇਖਿਆ ਸੀ ਤਾਂ ਮੈਨੂੰ ਪਹਿਲੀ ਵਾਰ
punjabi story writer jinder
ਜਿੰਦਰ
ਮੌਤ ਦਾ ਖੌਫ਼ ਆਇਆ ਸੀ। ਮੈਨੂੰ ਪਤਾ ਲੱਗਾ ਸੀ ਕਿ ਮੌਤ ਆਹ ਹੁੰਦੀ ਹੈ। ਪੰਮਾ ਮੇਰਾ ਦੋਸਤ ਸੀ। ਅਸੀਂ ਇਕੱਠੇ ਭਰਤੀ ਹੋਏ ਸੀ। ਲਾਗਲੇ ਪਿੰਡਾਂ ਦੇ ਸੀ। ਇਕ ਦੂਜੇ ਦੇ ਹਮਰਾਜ਼ ਸੀ। ਦੁੱਖ-ਸੁੱਖ ਦੀ ਸਾਂਝ ਸੀ। ਉਸ ਜ਼ੋਰ ਦੇ ਕੇ ਆਪਣਾ ਨਾਂ ਮੇਰੀ ਕੰਪਨੀ ’ਚ ਪਵਾਇਆ ਸੀ। ਉਸ ਦੀ ਮੌਤ ਨੇ ਮੈਨੂੰ ਬੁਰੀ ਤਰ੍ਹਾਂ ਹਿਲਾਇਆ ਸੀ। ਪਰ ਲੜਾਈ ਦਾ ਮੈਦਾਨ ਹੋਣ ਕਰਕੇ ਮੈਂ ਉਸ ਬਾਰੇ ਬਹੁਤਾ ਕੁਝ ਸੋਚ ਨਹੀਂ ਸਕਿਆ ਸੀ। ਮੈਂ ਤਾਂ ਅੱਗੋਂ ਆਉਂਦੀਆਂ ਗੋਲੀਆਂ ਤੋਂ ਬਚਣ ਲਈ ਆਪਣੀ ਸਾਰੀ ਤਾਕਤ ਲਗਾ ਰੱਖੀ ਸੀ। ਗੋਲੀਆਂ ਚਲਾਉਣ ਬਾਰੇ ਇਕਾਗਰਚਿਤ ਹੋਇਆ ਸੀ। ਪਰ ਜਦੋਂ ਵੀ ਕਿਸੇ ਜੁਆਨ ਦੀ ਲਾਸ਼ ਦੇਖਦਾ ਸੀ ਤਾਂ ਮੈਨੂੰ ਪੰਮਾ ਦਿੱਸ ਪੈਂਦਾ ਸੀ। ਮੈਂ ਗੁੱਸੇ ਨਾਲ ਭਰ ਜਾਂਦਾ ਸੀ। ਦੁਸ਼ਮਣ ਨੂੰ ਡਿਗਦਿਆਂ ਦੇਖ ਮੈਨੂੰ ਸਤੁੰਸ਼ਟੀ ਹੁੰਦੀ ਸੀ। ..ਮੈਨੂੰ ਪੰਮੇ ਦਾ ਗੋਲੀਆਂ ਨਾਲ ਉੱਡਿਆ ਸਿਰ ਅਕਸਰ ਦਿੱਸਦਾ ਰਹਿੰਦਾ ਹੈ। ਲੜਾਈ ਦੀਆਂ ਹੋਈਆਂ ਬੀਤੀਆਂ ਯਾਦ ਆਉਣ ਲੱਗਦੀਆਂ ਹਨ ਤਾਂ ਮੈਂ ਯਕਦਮ ਆਪਣਾ ਧਿਆਨ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰਦਾ ਹਾਂ। ਕੁਲਵੰਤ ਨੂੰ ਆਵਾਜ਼ ਮਾਰ ਲੈਂਦਾ ਹਾਂ ਜਾਂ ਟ੍ਰਾਂਜਿਸਟਰ ਉੱਚੀ ਆਵਾਜ਼ ’ਚ ਲਾ ਦਿੰਦਾ ਹਾਂ। ਘਰ ’ਚ ਮੇਰੇ ਕਰਨ ਗੋਚਰਾ ਕੋਈ ਕੰਮ ਨਹੀਂ ਹੈ। ਜੇ ਕਿਤੇ ਹੋਵੇ ਵੀ ਤਾਂ ਕੁਲਵੰਤ ਕਰਨ ਨਹੀਂ ਦਿੰਦੀ। ਝੱਟ ਅਗਾਂਹ ਹੋ ਕੇ ਆਪ ਕਰਨ ਲੱਗ ਜਾਂਦੀ ਹੈ। ਮੇਰਾ ਮੁੱਖ ਕੰਮ ਤਾਂ ਅਖ਼ਬਾਰਾਂ ’ਚ ਐਕਸ ਸਰਵਿਸਮੈਨ ਜਾਂ ਹੈਂਡੀਕੈਪਡਾਂ ਲਈ ਖਾਲੀ ਥਾਵਾਂ ਦੇਖਣ ਦਾ ਹੈ। ਮੈਂ ਕਈ ਥਾਵਾਂ ’ਤੇ ਅਪਲਾਈ ਕੀਤਾ ਹੋਇਆ ਹੈ। ਦੋ-ਚਾਰ ਥਾਵਾਂ ’ਤੇ ਇੰਟਰਵਿਊ ਵੀ ਦੇ ਆਇਆ ਹਾਂ। ਅਜੇ ਤਾਈਂ ਕਿਸੇ ਪਾਸਿਉਂ ਕੋਈ ਜਵਾਬ ਨਹੀਂ ਆਇਆ। ਸ਼ਾਮ ਨੂੰ ਮੈਂ ਲੰਬੀ ਸੈਰ ਕਰਨ ਦੀ ਰੁਟੀਨ ਬਣਾ ਲਈ ਹੈ। ਮੇਰੇ ਕੁੜਤੇ ਦੀ ਜੇਬ ’ਚ ਹਮੇਸ਼ਾ ਹੀ ਛੋਟਾ ਟ੍ਰਾਂਜਿਸਟਰ ਰਹਿੰਦਾ ਹੈ। ਆਉਂਦਾ ਜਾਂਦਾ ਕੋਈ ਨਾ ਕੋਈ ਮਿਲ ਜਾਂਦਾ ਹੈ ਤਾਂ ਮੈਂ ਟ੍ਰਾਂਜਿਸਟਰ ਦੀ ਆਵਾਜ਼ ਮੱਧਮ ਕਰ ਦਿੰਦਾ ਹਾਂ। ਅਗਾਂਹ ਜਾ ਕੇ ਆਵਾਜ਼ ਵਧਾ ਦਿੰਦਾ ਹਾਂ। ਕਦੇ ਕਦਾਈਂ ਨਾਨਕਸਰ ਗੁਰਦਵਾਰੇ ਵੱਲ ਵੀ ਜਾਂਦਾ ਹਾਂ। ਉਧਰੋਂ ਗੁਰਬਾਣੀ ਦੀ ਆਵਾਜ਼ ਆਉਂਦੀ ਹੈ। ਜਿਵੇਂ-ਜਿਵੇਂ ਮੈਂ ਗੁਰਦਵਾਰੇ ਦੇ ਨੇੜੇ ਹੁੰਦਾ ਜਾਂਦਾ ਹਾਂ ਇਹ ਆਵਾਜ਼ ਉੱਚੀ ਹੁੰਦੀ ਜਾਂਦੀ ਹੈ। ਮੇਰਾ ਇਕ ਘੰਟਾ ਵਧੀਆ ਬੀਤ ਜਾਂਦਾ ਹੈ। ਮੇਰੀਆਂ ਸੋਚਾਂ ਕਿਸੇ ਪਾਸੇ ਵੀ ਨਹੀਂ ਜਾਂਦੀਆਂ। ਇਸ ਪਾਸੇ ਵੱਲ ਜਾਂਦਿਆਂ ਮੈਨੂੰ ਕੋਈ ਨਹੀਂ ਮਿਲਦਾ। ਨਾ ਜਾਂਦਿਆਂ ਹੋਇਆਂ। ਨਾ ਹੀ ਵਾਪਸੀ ’ਤੇ। ਮੈਂ ਆਪਣੇ ਆਪ ਨੂੰ ਐਨਾ ਕੁ ਥਕਾ ਲੈਂਦਾ ਹਾਂ ਜਿਸ ਨਾਲ ਰਾਤ ਨੂੰ ਮੈਨੂੰ ਜਲਦੀ ਨੀਂਦ ਆ ਜਾਵੇ। ਦਸ ਕੁ ਵਜੇ ਤਾਈਂ ਕੁਲਵੰਤ ਗੱਲਾਂ ਕਰਦੀ ਰਹਿੰਦੀ ਹੈ। ਬੱਚੇ ਆਪਣੀਆਂ-ਆਪਣੀਆਂ ਕਲਾਸਾਂ ਦੀਆਂ ਗੱਲਾਂ ਸੁਣਾ ਕੇ ਬੀਬੀ ਕੋਲ ਸੌਣ ਚਲੇ ਜਾਂਦੇ ਹਨ। ਫੇਰ ਮੈਂ ਕੁਲਵੰਤ ਦੀਆਂ ਛਾਤੀਆਂ ਵਿਚਕਾਰ ਸਿਰ ਰੱਖ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਸਿਰ ’ਚ ਉਹ ਉਨ੍ਹਾਂ ਚਿਰ ਮਾਲਿਸ਼ ਜਿਹੀ ਕਰਦੀ ਰਹਿੰਦੀ ਹੈ ਜਿੰਨਾ ਚਿਰ ਮੈਂ ਸੌਂਦਾ ਨਹੀਂ ਹਾਂ।
ਅੱਜ ਮੈਨੂੰ ਨੀਂਦ ਨਹੀਂ ਆ ਰਹੀ। ਕੁਲਵੰਤ ਨੇ ਥੱਕ ਕੇ ਪਾਸਾ ਲੈ ਲਿਆ ਹੈ। ਮੇਰੇ ਸੱਜੇ ਗਿੱਟੇ ਕੋਲ ਲਗਾਤਾਰ ਜਲਣ ਜਿਹੀ ਹੋ ਰਹੀ ਹੈ। ਇਹ ਵਧਦੀ ਹੋਈ ਗੋਡੇ ਤੱਕ ਚਲੇ ਜਾਂਦੀ ਹੈ। ਮੈਂ ਖਾਜ ਕਰਦਾ-ਕਰਦਾ ਥੱਕ ਤੇ ਅੱਕ ਜਾਂਦਾ ਹਾਂ। ਸੋਚਦਾ ਹਾਂ ਕਿ ਇਥੇ ਕੀ ਲੜ ਗਿਆ ਸੀ। ਸ਼ਾਇਦ ਲੇਂਦੜਿਆਂ ਕਰਕੇ ਹੈ। ਬਾਰੀਕ-ਬਾਰੀਕ ਕੰਡੇ ਅਜੇ ਵੀ ਚਮੜੀ ਨਾਲ ਚੁੰਬੜੇ ਹੋਏ ਹਨ। ਮੈਂ ਕੁਲਵੰਤ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੇ ਪੁੱਛਦਾ ਹਾਂ, ‘‘ਜਾਗਦੀ ਆਂ ਕਿ ਸੌਂ ਗਈ?’’ ਉਹ ਮੇਰੇ ਵੱਲ ਨੂੰ ਪਾਸਾ ਲੈ ਕੇ ਪੁੱਛਦੀ ਹੈ, ‘‘ਤੁਸੀਂ ਸੁੱਤੇ ਨੀਂ। ਮੈਂ ਤਾਂ ਕਿਹਾ-ਤੁਸੀਂ ਸੌਂ ਗਏ ਸੀ। ਕੀ ਗੱਲ ਹੋ ਗਈ? ਤੁਹਾਨੂੰ ਨੀਂਦ ਕਿਉਂ ਨੀਂ ਆਈ? ਕਿੰਨੇ ਵੱਜ ਗਏ ਆ?’’ ਉਸ ਇਕੋ ਸਾਹੇ ਹੀ ਕਿੰਨੇ ਸਵਾਲ ਪੁੱਛ ਲਏ ਹਨ। ਮੈਂ ਆਪਣੀ ਖਾਜ ਬਾਰੇ ਦੱਸਦਾ ਹਾਂ। ਉਹਨੂੰ ਕਹਿੰਦਾ ਹਾਂ ਕਿ ਉਹ ਮੈਨੂੰ ਤੇਲ ਲੱਭ ਕੇ ਦਵੇ। ਮੈਂ ਮਲਕੜੇ ਜਿਹੇ ਉੱਠ ਕੇ ਤੇਲ ਦੀ ਸ਼ੀਸ਼ੀ ਲੱਭੀ ਸੀ। ਪਰ ਮੈਨੂੰ ਇਹ ਕਿਤੋਂ ਵੀ ਮਿਲੀ ਨਹੀਂ ਸੀ। ਉਹ ਤੇਲ ਲੱਭਣ ਦੀ ਥਾਂ ’ਤੇ ਖਾਜ ਕਰਨ ਲੱਗੀ ਹੈ। ਮੈਨੂੰ ਸਕੂਨ ਮਿਲਦਾ ਹੈ। ਮੇਰਾ ਮਨ ਕਰਦਾ ਹੈ ਕਿ ਉਹ ਲਗਾਤਾਰ ਖਾਜ ਕਰੀ ਜਾਵੇ। ਕੁਝ ਚਿਰ ਪਿਛੋਂ ਮੈਂ ਉਸ ਨੂੰ ਕਹਿੰਦਾ ਹਾਂ ਕਿ ਉਹ ਖੱਬੇ ਗਿੱਟੇ ਕੋਲ ਖਾਜ ਕਰੇ। ਮੈਨੂੰ ਲੱਗਦਾ ਹੈ ਕਿ ਹੁਣ ਸੱਜੇ ਗਿੱਟੇ ਵਾਂਗੂ ਖੱਬੇ ਗਿੱਟੇ ਕੋਲ ਵੀ ਖਾਜ ਹੋਣੀ ਸ਼ੁਰੂ ਹੋ ਗਈ ਹੈ। ਉਹ ਉੱਠ ਕੇ ਬੈਠ ਜਾਂਦੀ ਹੈ। ਉਸ ਦਾ ਹਉਕਾ ਨਿਕਲ ਜਾਂਦਾ ਹੈ। ਮੈਂ ਉਸ ਨੂੰ ਪੁੱਛਦਾ ਹਾਂ ਕਿ ਉਹ ਖਾਝ ਕਿਉਂ ਨਹੀਂ ਕਰਦੀ। ਜੇ ਉਹ ਥੱਕ ਗਈ ਹੈ ਤਾਂ ਤੇਲ ਲੱਗਾ ਦੇਵੇ। ਮੇਰਾ ਚਿਤ ਕਾਹਲਾ ਪੈਣ ਲੱਗਾ ਹੈ। ਮੈਂ ਉਸ ਨੂੰ ਫੇਰ ਕਹਿੰਦਾ ਹਾਂ ਤਾਂ ਉਹ ਹੌਲੀ ਜਿਹੇ ਕਹਿੰਦੀ ਹੈ, ‘‘ਤੁਹਾਡਾ ਖੱਬਾ ਗਿੱਟਾ ਤਾਂ ਹੈ ਨੀਂ।’’
ਮੈਂ ਜ਼ੋਰ ਦੇ ਕੇ ਕਹਿੰਦਾ ਹਾਂ, ‘‘ਹੈਗਾ। ਜੇ ਹੈਗਾ ਤਾਂ ਹੀ ਖਾਜ ਆਉਂਦੀ ਆ।’’
‘‘ਤੁਹਾਨੂੰ ਭੁਲੇਖਾ ਪੈਂਦਾ। ਗੋਡੇ ਕੋਲ ਆਉਂਦੀ ਹੋਣੀ।’’
‘‘ਗੋਡੇ ਕੋਲੋਂ ਨੀਂ-ਗਿੱਟੇ ਕੋਲੋਂ ਸ਼ੁਰੂ ਹੁੰਦੀ ਆ। ਫੇਰ ਉਤਾਂਹ ਨੂੰ ਜਾਂਦੀ ਆ।’’
ਮੇਰਾ ਸਾਰਾ ਧਿਆਨ ਖੱਬੇ ਗਿੱਟੇ ’ਤੇ ਹੁੰਦੀ ਖਾਜ ’ਤੇ ਲੱਗਾ ਹੋਇਆ ਹੈ। ਮੈਨੂੰ ਆਪਣੇ ਦੋਵੇਂ ਪੈਰ ਸਹੀ ਸਲਾਮਤ ਲੱਗਦੇ ਹਨ।
ਸ਼ਾਇਦ ਉਸ ਸੋਚ ਲਿਆ ਹੈ ਕਿ ਮੈਂ ਅਰਧ-ਸੁੱਤ ਅਵਸਥਾ ’ਚ ਗੁਜ਼ਰ ਰਿਹਾ ਹਾਂ। ਇਸੇ ਲਈ ਉਸ ਲਾਈਟ ਜਗਾ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਖੱਬੀ ਲੱਤ ਗੋਡੇ ਹੇਠੋਂ ਹੈ ਨਹੀਂ। ਪਰ ਮੈਨੂੰ ਤਾਂ ਐਦਾਂ ਮਹਿਸੂਸ ਹੁੰਦਾ ਹੈ ਕਿ ਮੇਰੀ ਖੱਬੀ ਲੱਤ ਵੀ ਠੀਕ-ਠਾਕ ਹੈ। ਜੇ ਠੀਕ-ਠਾਕ ਹੈ ਤਾਂ ਹੀ ਤਾਂ ਖਾਜ ਆਉਂਦੀ ਹੈ।
‘‘ਤੁਸੀਂ ਪਹਿਲਾਂ ਆਪਣੀ ਲੱਤ ’ਤੇ ਹੱਥ ਫੇਰ ਕੇ ਦੇਖੋ।’’ ਉਹ ਮੈਨੂੰ ਹਲੂਣ ਕੇ ਕਹਿੰਦੀ ਹੈ।
‘‘ਮੈਂ ਕੋਈ ਝੂਠ ਬੋਲਦਾਂ।’’
‘‘ਮੈਂ ਇਹ ਕਦੋਂ ਕਿਹਾ।’’
‘‘ਤੂੰ ਛੇਤੀ-ਛੇਤੀ ਖਾਜ ਕਰ। ਮੇਰੀ ਲੱਤ ਵੀ ਹੈਗੀ ਆਂ। ਜਮੀਲ ਵੀ ਹੈਗਾ।’’
‘‘ਕੌਣ ਜਮੀਲ?’’ ਉਹ ਕਾਹਲੀ-ਕਾਹਲੀ ਪੁੱਛਦੀ ਹੈ।
‘‘ਪਾਕਿਸਤਾਨੀ ਫੌਜ ਦਾ ਸਿਪਾਹੀ।’’
‘‘ਉਹਨੂੰ ਕੀ ਹੋਇਆ ਸੀ?’’
‘‘ਸ਼ਾਇਦ ਮੈਂ ਉਹਨੂੰ ਮਾਰਿਆ ਸੀ।’’
‘‘ਇਹ ਕਿਹੜੀ ਨਵੀਂ ਗੱਲ ਆ। ਆਪ ਹੀ ਦੱਸਿਆ ਸੀ ਕਿ ਤੁਸੀਂ ਪੰਮੇ ਦੀ ਮੌਤ ਮਗਰੋਂ ਗੁੱਸੇ ’ਚ ਅਨੇਕਾਂ ਪਾਕਿਸਤਾਨੀ ਮਾਰੇ ਸੀ। ਕਿਸੇ ’ਤੇ ਵੀ ਤਰਸ ਨੀਂ ਕੀਤਾ ਸੀ।’’
‘‘ਪਰ ਜਮੀਲ ਉਨ੍ਹਾਂ ’ਚੋਂ ਨੀਂ ਸੀ।’’
‘‘ਫੇਰ ਉਹ ਕੌਣ ਸੀ?’’
‘‘ਉਹ ਮੇਰਾ ਯਾਰ ਸੀ…ਛੋਟਾ ਭਰਾ ਸੀ…ਦੁਸ਼ਮਣ ਸੀ…ਹੋਰ ਪਤਾ ਨੀਂ ਕੀ-ਕੀ ਸੀ…।’’
‘‘ਮੈਨੂੰ ਤਾਂ ਕੋਈ ਪਤਾ ਨੀਂ ਲੱਗ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ।’’
‘‘ਉਹ ਬਹੁਤ ਸੋਹਣਾ ਜੁਆਨ ਸੀ। ਅੱਠ ਦਸ ਘੰਟਿਆਂ ’ਚ ਹੀ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ। ਉਹ ਅਜੇ ਵੀ ਮੇਰੇ ਨੇੜੇ ਆ। ਅੰਗ ਸੰਗ ਆ। ਮੈਂ ਉਹਨੂੰ ਕਦੇ ਨੀਂ ਭੁੱਲਿਆ। ਕਦੇ ਵੀ ਨੀਂ।’’
‘‘ਤੁਹਾਨੂੰ ਕਿੰਨਾ ਚਿਰ ਹੋ ਗਿਆ ਘਰੇ ਆਇਆਂ ਨੂੰ। ਪਹਿਲਾਂ ਤਾਂ ਕਦੇ ਉਹ ਦੀ ਗੱਲ ਨੀਂ ਕੀਤੀ। ਸੁਪਨਿਆਂ ’ਚ ਬੁੜਬੜਾ ਕੇ ‘ਜਮੀਲ’, ‘ਜਮੀਲ’ ਕਰਦੇ ਹੁੰਦੇ ਆਂ। ਮੈਂ ਜਿੰਨੀ ਵਾਰੀ ਵੀ ਪੁੱਛਿਆ ਤੁਸੀਂ ਕੁਸ਼ ਨੀਂ ਦੱਸਿਆ। ਵਿਚੋਂ ਕਹਾਣੀ ਕੀ ਆ। ਦੱਸੋ। ਹੁਣੇ ਦੱਸੋ। ਉਨਾ ਚਿਰ ਮੈਂ ਤੁਹਾਨੂੰ ਸੌਣ ਨੀਂ ਦੇਣਾ। ਆਪ ਵੀ ਨੀਂ ਸੌਣਾ….।’’ ਉਸ ਨੇ ਮੇਰੀਆਂ ਅੱਖਾਂ ’ਚ ਸਿੱਧਿਆਂ ਹੀ ਦੇਖਦਿਆਂ ਹੋਇਆਂ ਕਿਹਾ ਹੈ।
‘‘ਪਹਿਲਾਂ ਮੈਨੂੰ ਪਾਣੀ ਦਾ ਗਿਲਾਸ ਲਿਆ ਕੇ ਦੇ। ਫੇਰ ਚਾਹ ਬਣਾ ਕੇ ਲਿਆ…ਮੈਂ ਤੈਨੂੰ ਸਾਰੀ ਕਹਾਣੀ ਸੁਣਾਉਣਾ।’’
****
ਕਾਰਗਿਲ ’ਚ ਕੁਸ਼ ਐਸੀਆਂ ਚੌਕੀਆਂ ਆ ਜਿੱਥੇ ਨਵੰਬਰ-ਦਸੰਬਰ ’ਚ ਬਹੁਤ ਜ਼ਿਆਦਾ ਬਰਫ਼ ਪੈਂਦੀ ਆ। ਬਰਫਬਾਰੀ ਤੋਂ ਪਹਿਲਾਂ ਅਕਸਰ ਹੀ ਅਸੀਂ ਇਹਨਾਂ ਚੌਂਕੀਆਂ ਨੂੰ ਖ਼ਾਲੀ ਕਰਕੇ ਪਿਛਾਂਹ ਹਟ ਜਾਂਦੇ ਆਂ। ਉੱਥੇ ਖ਼ਾਲੀ ਜਗ੍ਹਾਂ ਆ ਜਿੱਥੇ ਸਾਡੇ ਜੁਆਨ ਵੀਹ-ਪੱਚੀ ਦਿਨਾਂ ਬਾਅਦ ਗੇੜਾ ਮਾਰਦੇ ਆ। ਪਿਛਲੀ ਵਾਰ ਉਨ੍ਹਾਂ ਨੂੰ ਗੇੜਾ ਮਾਰਨ ’ਚ ਦੇਰ ਹੋ ਗਈ ਸੀ। ਫੇਰ ਜਿਉਂ ਹੀ ਮਾਰਚ ਮਹੀਨਾ ਬੀਤਦਾ ਆ ਤਾਂ ਅਸੀਂ ਵਾਪਸ ਇਹਨਾਂ ਚੌਕੀਆਂ ’ਤੇ ਚਲੇ ਜਾਂਦੇ ਆਂ। ਕਿੰਨੇ ਹੀ ਸਾਲਾਂ ਤੋਂ ਅਸੀਂ ਆਪਣੀ ਸਹੂਲਤ ਲਈ ਇਹੀ ਕਰਦੇ ਆ ਰਹੇ ਆਂ। ਪਾਕਿਸਤਾਨੀ ਫੌਜ ਨੇ ਕਦੇ ਵੀ ਸਾਡੀ ਇਸ ਸਹੂਲਤ ਵਿੱਚ ਦਖਲ ਨਹੀਂ ਦਿੱਤਾ। ਪਿਛਲੀ ਵਾਰ ਠੰਢ ਪੈਣ ਤੋਂ ਪਹਿਲਾਂ ਅਸੀਂ ਪਿਛਾਂਹ ਹਟੇ ਤਾਂ ਪਾਕਿਸਤਾਨੀ ਫੌਜ ਦੇ ਨਵੇਂ ਬਣੇ ਜਰਨੈਲ ਦੇ ਮਨ ਵਿੱਚ ਬੇਈਮਾਨੀ ਆ ਗਈ। ਉਸ ਨੇ ਪਲੈਨਿੰਗ ਕੀਤੀ ਕਿ ਇਹਨਾਂ ਚੌਕੀਆਂ ’ਤੇ ਕਬਜ਼ਾ ਕਰ ਲਿਆ ਜਾਵੇ। ਮਗਰੋਂ ਸ਼੍ਰੀਨਗਰ ਤੇ ਲੇਹ ਲੱਦਾਖ ਵੱਲ ਨੂੰ ਜਾਣ ਵਾਲੀ ਵੱਡੀ ਸੜਕ ਨੂੰ ਆਪਣੇ ਕੰਟਰੋਲ ’ਚ ਲੈ ਕੇ ਉਪਰਲੇ ਏਰੀਏ ਨੂੰ ਬਾਕੀ ਦੇਸ਼ ਨਾਲੋਂ ਕੱਟ ਦਿੱਤਾ ਜਾਵੇ। ਉਸ ਵੇਲੇ ਦੋਹਾਂ ਦੇਸ਼ਾਂ ’ਚ ਹਾਲਾਤ ਵੀ ਇੰਨੇ ਮਾੜੇ ਨਹੀਂ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਲਾਹੌਰ ਵਿੱਚ ਮਿਲ ਕੇ ਪੱਕੀ ਦੋਸਤੀ ਲਈ ਹੱਥ ਅਗਾਂਹ ਵਧਾਉਣ ਦੀ ਤਿਆਰੀ ਕਰ ਰਹੇ ਸੀ। ਉੱਧਰ ਪਾਕਿਸਤਾਨੀ ਫੌਜ ਦਾ ਜਰਨੈਲ ਇਸ ਸ਼ਾਂਤੀ ਵਾਰਤਾ ਨੂੰ ਹਰ ਹੀਲੇ ਫੇਲ੍ਹ ਕਰਨਾ ਚਾਹੁੰਦਾ ਸੀ। ਫੇਰ ਸ਼ਾਂਤੀ ਵਾਰਤਾ ਦਾ ਸਮਾਂ ਆਇਆ। ਜਦੋਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਭਵਿੱਖ ’ਚ ਨਾ ਲੜਨ ਦੇ ਵਾਅਦੇ ਕਰਦੇ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਸੀ ਤਾਂ ਪਾਕਿਤਸਾਨੀ ਫੌਜ ਦਾ ਜਰਨੈਲ ਉਦੋਂ ਤੱਕ ਬਹੁਤ ਸਾਰਾ ਏਰੀਆ ਆਪਣੇ ਕਬਜ਼ੇ ਹੇਠਾਂ ਕਰ ਚੁੱਕਿਆ ਸੀ ਤੇ ਵਾਹੋ ਦਾਹੀ ਅਗਾਂਹ ਵੱਧ ਰਿਹਾ ਸੀ।
ਸਾਡੇ ਜੁਆਨ ਗੇੜਾ ਮਾਰਨ ਗਏ ਤਾਂ ਉਹਨਾਂ ਦਾ ਸਾਹਮਣਾ ਗੋਲੀਆਂ ਨਾਲ ਹੋਇਆ। ਸਾਡੇ ਅਫਸਰਾਂ ਨੇ ਹੈਲੀਕਾਪਟਰਾਂ ਨਾਲ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਪਾਕਿਸਤਾਨੀ ਫੌਜ ਤਾਂ ਸਾਡੀਆਂ ਸਾਰੀਆਂ ਚੌਂਕੀਆਂ ’ਤੇ ਕਬਜ਼ਾ ਕਰੀ ਬੈਠੀ ਸੀ।
ਜੋ ਕੁਝ ਹੋਣਾ ਸੀ ਉਹ ਹੋ ਚੁੱਕਾ ਸੀ। ਆਉਣ ਵਾਲੀ ਵੱਡੀ ਲੜਾਈ ਸਾਹਮਣੇ ਦਿੱਸ ਰਹੀ ਸੀ। ਸਾਡੀਆਂ ਫੌਜਾਂ ਕਾਰਗਿਲ ਵੱਲ ਇਕੱਠੀਆਂ ਹੋਣ ਲੱਗੀਆਂ। ਫੌਜੀਆਂ ਦੀਆਂ ਛੁੱਟੀਆਂ ਕੈਂਸਲ ਕਰਕੇ ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ। ਐਦਾਂ ਹੀ ਮੈਨੂੰ ਵੀ ਛੁੱਟੀ ਵਿਚਾਲੇ ਛੱਡ ਕੇ ਵਾਪਸ ਜਾਣਾ ਪਿਆ ਸੀ। ਤੈਨੂੰ ਯਾਦ ਆ ਨਾ ਉਦੋਂ ਹੀ ਤੇਰੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਤੂੰ ਸਾਰੀ ਰਾਤ ਮੈਨੂੰ ਨਾ ਜਾਣ ਲਈ ਮਨਾਉਂਦੀ ਰਹੀ ਸੀ। ਮੇਰੇ ਸਾਹਮਣੇ ਸਰਕਾਰੀ ਡਿਊਟੀ ਸੀ। ਤੂੰ ਵਾਰ ਵਾਰ ਇਹੀ ਕਹੀ ਗਈ ਸੀ, ‘‘ਕੋਈ ਗੋਲੀ ਨੀਂ ਚਲ ਗਈ। ਤੁਸੀਂ ਮੈਡੀਕਲ ਲੀਵ ਲੈ ਲਉ। ਵਿਆਹ ਦਾ ਦਿਨ ਲੰਘਾ ਦਿਉ।’’ ਮੈਂ ਤੈਨੂੰ ਮਸਾਂ ਮਨਾਇਆ ਸੀ। ਦੱਸਿਆ ਸੀ ਕਿ ਫੌਜ ਦੀ ਨੌਕਰੀ ’ਚ ਬਹਾਨੇਬਾਜ਼ੀ ਨਹੀਂ ਚਲਦੀ ਹੁੰਦੀ। ਜੇ ਮੈਂ ਨਾ ਗਿਆ ਤਾਂ ਨਤੀਜਾ ਭੈੜਾ ਨਿਕਲੇਗਾ। ….ਸਾਨੂੰ ਹੁਕਮ ਹੋਇਆ ਕਿ ਭਰਵਾਂ ਹਮਲਾ ਕਰਕੇ ਪਾਕਿਸਤਾਨੀ ਫੌਜ ਨੂੰ ਲਾਈਨ ਆਫ ਕੰਟਰੋਲ ਤੋਂ ਪਿਛਾਂਹ ਧੱਕ ਦਿਉ। ਲੜਨ ਵਾਲੀਆਂ ਬਟਾਲੀਅਨਾਂ ’ਚ ਮੇਰੇ ਵਾਲੀ ਕੰਪਨੀ ਸਭ ਤੋਂ ਅੱਗੇ ਸੀ। ਜੁਆਨਾਂ ਨੂੰ ਕੰਪਨੀਆਂ ਵਿੱਚ ਵੰਡ ਕੇ ਅਗਾਂਹ ਵਧਣ ਦੀ ਟਰੇਨਿੰਗ ਦਿੱਤੀ ਗਈ ਸੀ। ਹਰ ਰੋਜ਼ ਟਰੇਨਿੰਗ ਪ੍ਰਾਪਤ ਕੰਪਨੀਆਂ, ਚੌਂਕੀਆਂ ਵਾਪਸ ਲੈਣ ਲਈ ਪੂਰੀ ਤਿਆਰੀ ਨਾਲ ਅਗਾਂਹ ਵਧਦੀਆਂ ਤੇ ਦੁਸ਼ਮਣ ’ਤੇ ਹਮਲਾ ਕਰਦੀਆਂ। ਆਹਮਣੇ ਸਾਹਮਣੇ ਦੀ ਲੜਾਈ ਵਿੱਚ ਬੇਗਿਣਤ ਜੁਆਨ ਮਾਰੇ ਗਏ। ਪਾਕਿਸਤਾਨੀ ਫੌਜ ਫਾਇਦੇ ’ਚ ਸੀ। ਇੱਕ ਤਾਂ ਉਹ ਉਚਾਈ ’ਤੇ ਬੈਠੀ ਸੀ। ਦੂਜਾ ਉਹ ਸੁਰੱਖਿਅਤ ਟਿਕਾਣਿਆਂ ’ਚ ਸੀ। ਅਸੀਂ ਰੜੇ ਮੈਦਾਨ ਤੇ ਨੰਗੇ ਧੜ ਲੜ ਰਹੇ ਸੀ। ਇਸੇ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਸੀ। ਇੰਨਾ ਨੁਕਸਾਨ ਕਰਵਾ ਕੇ ਵੀ ਸਾਡਾ ਅੱਗੇ ਵਧਣਾ ਜਾਰੀ ਸੀ। ਆਖਿਰ ਪਾਕਿਸਤਾਨੀ ਫੌਜ ਦੇ ਪੈਰ ਉਖੜਨ ਲੱਗੇ। ਅਸੀਂ ਹੋਰ ਅਗਾਂਹ ਵੱਧਣ ਲੱਗੇ। ਪਾਕਿਸਤਾਨੀ ਫੌਜ ਕਬਜੇ ਹੇਠਲੀਆਂ ਚੌਂਕੀਆਂ ਇੱਕ ਇੱਕ ਕਰਕੇ ਖ਼ਾਲੀ ਕਰਨ ਲੱਗੀ। ਅਸੀਂ ਮੁੜ ਤੋਂ ਆਪਣੀਆਂ ਚੌਂਕੀਆਂ ’ਤੇ ਝੰਡਾ ਲਹਿਰਾਉਣ ਲੱਗੇ। ਪੂਰੇ ਜ਼ੋਰਾਂ ਦੀ ਲੜਾਈ ਚੱਲ ਰਹੀ ਸੀ। ਦੋਹਾਂ ਪਾਸਿਆਂ ਦੇ ਜੁਆਨ ਮਰ ਰਹੇ ਸਨ। ਜਦੋਂ ਸਾਡੇ ਅਫਸਰਾਂ ਨੂੰ ਇਹ ਯਕੀਨ ਹੋ ਗਿਆ ਕਿ ਪਾਕਿਸਤਾਨੀ ਫੌਜ ਐਡੀ ਛੇਤੀ ਸਾਰੀਆਂ ਚੌਂਕੀਆਂ ਖ਼ਾਲੀ ਨਹੀਂ ਕਰਨ ਲੱਗੀ ਤਾਂ ਉਨ੍ਹਾਂ ਦੇ ਦਿਮਾਗ ’ਚ ਇੱਕ ਹੋਰ ਵਿਚਾਰ ਆਇਆ।
ਕਾਰਗਿਲ ਤੋਂ ਪਹਿਲਾਂ ਇੱਕ ਪੁਆਇੰਟ ਐਸਾ ਆ ਜਿਹੜਾ ਉਪਰ ਨੂੰ ਜਾਂਦੀ ਸੜਕ ’ਤੇ ਬਿਲਕੁਲ ਨੇੜੇ ਰਹਿ ਜਾਂਦਾ ਆ। ਇਸ ਪੁਆਇੰਟ ਦਾ ਨਾਂ ਦਰਾਸ ਪੁਆਇੰਟ ਆ। ਵੈਸੇ ਤਾਂ ਇਹ ਹਰ ਵੇਲੇ ਸਾਡੇ ਖ਼ਾਸ ਪਹਿਰੇ ਹੇਠ ਰਹਿੰਦਾ ਆ। ਪਰ ਇਸ ਵੇਲੇ ਸਾਰਾ ਜ਼ੋਰ ਕਾਰਗਿਲ ’ਚ ਲੱਗਿਆ ਹੋਣ ਕਰਕੇ ਫੌਜੀ ਨਜ਼ਰੀਏ ਤੋਂ ਇਹ ਪੁਆਇੰਟ ਕਮਜ਼ੋਰ ਸੀ। ਸਾਡੇ ਅਫਸਰਾਂ ਦਾ ਵਿਚਾਰ ਸੀ ਕਿ ਪਿੱਛੇ ਹੱਟਦੀ ਪਾਕਿਸਤਾਨੀ ਫੌਜ ਕਿਤੇ ਤਕੜਾ ਹਮਲਾ ਕਰਕੇ ਇਹ ਦਰਾਸ ਪੁਆਇੰਟ ਹੀ ਨਾ ਹਥਿਆ ਲਏ। ਇਸ ਨਾਲ ਅਗਲੀ ਫੌਜ ਦੀ ਸਪਲਾਈ ਲਾਈਨ ਕੱਟੀ ਜਾ ਸਕਦੀ ਸੀ। ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨ ਲਈ ਅਫਸਰਾਂ ਨੇ ਜੰਗਲਾਂ ’ਚ ਲੜਾਈ ਦੀ ਮਾਹਿਰ ਫੌਜ ਦੀਆਂ ਸਪੈਸ਼ਲ ਕੰਪਨੀਆਂ ਮੰਗਵਾਈਆਂ। ਇਹਨਾਂ ਸਪੈਸ਼ਲ ਕੰਪਨੀਆਂ ਨੇ ਇਹ ਸਾਰਾ ਏਰੀਆ ਕਵਰ ਕਰ ਲਿਆ। ਇਸ ਪਾਸੇ ਜੰਗਲ ਸੀ। ਉੱਚੇ ਲੰਬੇ ਰੁੱਖ। ਇਸ ਫੌਜ ਨੂੰ ਜਿੱਦਾਂ ਦੀ ਟਰੇਨਿੰਗ ਦਿੱਤੀ ਜਾਂਦੀ ਸੀ ਉਸ ਨੇ ਉਸੇ ਢੰਗ ਨਾਲ ਆਪਣਾ ਕੰਮ ਸ਼ੁਰੂ ਕੀਤਾ। ਇਹਨਾਂ ਜੁਆਨਾਂ ਨੇ ਰੁੱਖਾਂ ਨਾਲ ਲੰਬੇ ਰੱਸੇ ਬੰਨ੍ਹੇ। ਇਕ ਰੁੱਖ ਨੂੰ ਦੂਜੇ ਨੂੰ ਨਾਲ ਜੋੜਿਆ। ਐਦਾਂ ਕਰਦਿਆਂ ਹੋਇਆਂ ਸਾਰੇ ਏਰੀਏ ਦੇ ਰੁੱਖਾਂ ਨੂੰ ਆਪਸ ਵਿੱਚ ਜੋੜ ਦਿੱਤਾ। ਇਹਨਾਂ ਰੱਸਿਆਂ ਦੇ ਸਹਾਰੇ ਜੁਆਨ ਇੱਕ ਰੁੱਖ ਤੋਂ ਦੂਜੇ ਰੁੱਖ ਤੱਕ ਜਾਂਦਿਆਂ ਹੋਇਆਂ ਸਾਰਾ ਜੰਗਲ ਘੁੰਮ ਸਕਦੇ ਸੀ। ਐਨਾ ਹੀ ਨਹੀਂ ਕੋਈ ਵੀ ਜੁਆਨ ਇੱਕ ਰੁਖ ’ਤੇ ਬੈਠਾ ਆਪਣੇ ਹੱਥਲੇ ਰੱਸੇ ਦੇ ਆਸਰੇ ਉਪਰ ਥੱਲੇ ਵੀ ਆ ਜਾ ਸਕਦਾ ਸੀ।
ਪੂਰੀ ਤਿਆਰੀ ਕਰਕੇ ਜੁਆਨ ਰਾਤ ਵੇਲੇ ਹੀ ਰੁੱਖਾਂ ’ਤੇ ਚੜ੍ਹ ਕੇ ਬੈਠ ਗਏ। ਸਾਡੇ ਅਫਸਰਾਂ ਦਾ ਤੌਖਲਾ ਸੱਚ ਸਾਬਤ ਹੋਇਆ। ਅਗਲੇ ਦਿਨ ਕਾਰਗਿਲ ਵੱਲੋਂ ਪਿੱਛੇ ਹਟੀ ਪਾਕਿਸਤਾਨੀ ਫੌਜ ਨੇ ਸਵੱਖਤੇ ਹੀ ਦਰਾਸ ਪੁਆਇੰਟ ’ਤੇ ਹਮਲਾ ਕਰ ਦਿੱਤਾ। ਜਿਉਂ ਹੀ ਪਾਕਿਸਤਾਨੀ ਫੌਜ ਅੱਗੇ ਵੱਧਣ  ਲੱਗੀ ਤਾਂ ਪਹਿਲਾਂ ਹੀ ਰੁੱਖਾਂ ’ਤੇ ਚੜ੍ਹੇ ਬੈਠੇ ਸਾਡੇ ਜੁਆਨਾਂ ਨੇ ਉਹਨਾਂ ਨੂੰ ਫੁੰਡਣਾ ਸ਼ੁਰੂ ਕਰ ਦਿੱਤਾ। ਉਹ ਯਾ ਅਲੀ ਯਾ ਅਲੀ ਦੇ ਨਾਅਰੇ ਲਾਉਂਦੇ ਅਗਾਂਹ ਵਧਦੇ ਪਰ ਰੁੱਖਾਂ ’ਤੇ ਚੜ੍ਹੇ ਬੈਠੇ ਸਾਡੇ ਜੁਆਨ ਉਹਨਾਂ ਨੂੰ ਥਾਂ ’ਤੇ ਹੀ ਢੇਰੀ ਕਰ ਦਿੰਦੇ। ਪਾਕਿਸਤਾਨੀਆਂ ਲਈ ਵੱਡੀ ਮੁਸ਼ਕਲ ਇਹ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਗੋਲੀਆਂ ਕਿਧਰੋਂ ਆ ਰਹੀਆਂ। ਪਾਕਿਸਤਾਨੀ ਫੌਜ ਅਗਾਂਹੋਂ ਗੋਲਬਾਰੀ ਦੇ ਦਬਾਅ ਕਾਰਨ ਪਿਛਾਂਹ ਹਟਣ ਲੱਗੀ ਸੀ। ਪਿਛੋਂ ਉਹਨਾਂ ਦੇ ਅਫਸਰ ਉਹਨਾਂ ਨੂੰ ਫਿਰ ਅਗਾਂਹ ਨੂੰ ਧੱਕਣ ਲੱਗੇ। ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ। ਦਰਾਸ ਪੁਆਇੰਟ ਪਾਕਿਸਤਾਨੀ ਫੌਜ ਲਈ ਮੌਤ ਦੀ ਥਾਂ ਬਣ ਗਿਆ। ਕੋਈ ਵਾਹ ਨਾ ਜਾਂਦੀ ਦੇਖ ਕੇ ਪਾਕਿਸਤਾਨੀ ਅਫਸਰਾਂ ਨੇ ਦਰਾਸ ਪੁਆਇੰਟ ਤੋਂ ਫੌਜ ਨੂੰ ਵਾਪਸ ਬੁਲਾ ਲਿਆ। ਲਾਸ਼ਾਂ ਦੇ ਢੇਰ ਛੱਡ ਕੇ ਬਚੀ ਖੁਚੀ ਪਾਕਿਸਤਾਨੀ ਫੌਜ ਦਰਾਸ ਪੁਆਇੰਟ ਨੂੰ ਖ਼ਾਲੀ ਕਰ ਗਈ। ਇਧਰ ਸਾਡੇ ਜੁਆਨਾਂ ਨੂੰ ਵੀ ਵਾਪਸ ਮੁੜਨ ਦੇ ਹੁਕਮ ਹੋ ਗਏ। ਸ਼ਾਮ ਪੈ ਗਈ ਸੀ। ਸਾਡੇ ਜੁਆਨ ਬਾਂਦਰਾਂ ਵਾਂਗੂੰ ਰੱਸੇ ਟੱਪਦੇ ਤੇ ਦੁੜੰਗੇ ਮਾਰਦੇ ਵਾਪਸ ਮੁੜਨ ਲੱਗੇ। ਵਾਪਸੀ ’ਤੇ ਮੈਂ ਪਿਛੇ ਰਹਿ ਗਿਆ। ਇਕ ਵਾਰੀ ਪਿੱਛੇ ਰਿਹਾ ਤਾਂ ਫਿਰ ਮੈਂ ਦੂਜਿਆਂ ਤੋਂ ਪਿੱਛੇ ਹੀ ਰਹਿੰਦਾ ਗਿਆ। ਮੈਂ ਰੱਸਿਆਂ ਦੀ ਦੁਨੀਆਂ ’ਚ ਐਸਾ ਗੁਆਚਿਆ ਕਿ ਆਲੇ ਦੁਆਲੇ ਰਸਤਾ ਲੱਭਦਾ ਮੈਂ ਹੋਰ ਗੁਆਚ ਗਿਆ। ਇਧਰ-ਉਧਰ ਘੁੰਮਦਾ ਥੱਕ ਗਿਆ। ਕੁਸ਼ ਚਿਰ ਆਰਾਮ ਕਰਨ ਲਈ ਮੈਂ ਇਕ ਰੁੱਖ ਦੇ ਦੁਸਾਂਗ ਨਾਲ ਢੋਅ ਲਾ ਕੇ ਬੈਠ ਗਿਆ। ਮੇਰਾ ਤਿਆਹ ਨਾਲ ਬੁਰਾ ਹਾਲ ਸੀ। ਮੈਂ ਆਪਣੀ ਬੋਤਲ ਹਿਲਾਈ। ਉਸ ਵਿੱਚ ਇਕ ਬੂੰਦ ਵੀ ਪਾਣੀ ਦੀ ਨਹੀਂ ਸੀ। ਮੇਰੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੋਈ ਸੀ। ਮੈਂ ਆਪਣੇ ਖੁਸ਼ਕ ਬੁੱਲ੍ਹਾਂ’ਤੇ ਜੀਭ ਫੇਰੀ। ਆਪਣੇ ਸਾਥੀਆਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਪਰ ਮੈਨੂੰ ਕੋਈ ਆਵਾਜ਼ ਨਾ ਸੁਣੀ। ਸੂਰਜ ਛਿਪ ਚੁੱਕਾ ਸੀ। ਮੈਂ ਆਲੇ ਦੁਆਲੇ ਨਜ਼ਰ ਮਾਰੀ। ਪਰ ਰੁੱਖਾਂ ਤੋਂ ਬਿਨਾਂ ਉੱਥੇ ਕੁਸ਼ ਵੀ ਨਾ ਦਿੱਸਿਆ। ਮੈਂ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਨਾ ਲੱਗਾ ਸੀ ਕਿ ਮੈਂ ਪਾਕਿਸਤਾਨ ਵਾਲੇ ਪਾਸੇ ਹਾਂ ਜਾਂ ਹਿੰਦੁਸਤਾਨ ਵਾਲੇ ਪਾਸੇ। ਉਦੋਂ ਹੀ ਮੈਨੂੰ ਹੇਠਾਂ ਵੱਲ ਹਲਚਲ ਜਿਹੀ ਸੁਣੀ। ਮੈਂ ਮੋਟੇ ਰੁੱਖ ਦੇ ਟਾਹਣੇ ਨਾਲ ਸਹਿ ਕੇ ਬੈਠ ਗਿਆ। ਇੱਕ ਪਾਕਿਸਤਾਨੀ ਫੌਜੀ ਝਾੜੀਆਂ ’ਚੋਂ ਨਿਕਲ ਕੇ ਮੇਰੇ ਸਾਹਮਣੇ ਆ ਗਿਆ। ਉਹ ਇੱਕ ਛੋਟੇ ਜਿਹੇ ਟਿੱਲੇ ’ਤੇ ਖੜ ਗਿਆ। ਜਿੱਥੇ ਉਹ ਖੜਾ ਸੀ ਉਹ ਥਾਂ ਮੇਰੇ ਬਿਲਕੁਲ ਸਾਹਮਣੇ ਪੈਂਦੀ ਸੀ। ਉਹ ਘਬਰਾਇਆ ਹੋਇਆ ਜਿਹਾ ਇਧਰ ਉਧਰ ਦੇਖ ਰਿਹਾ ਸੀ। ਉਸ ਦੀ ਹਾਲਤ ਦੇਖ ਕੇ ਮੈਂ ਸਮਝ ਗਿਆ ਕਿ ਉਹ ਵੀ ਆਪਣੀ ਕੰਪਨੀ ਨਾਲੋਂ ਵਿਛੜਿਆ ਹੋਇਆ ਸੀ। ਉਹ ਕਦੇ ਬੈਠ ਜਾਂਦਾ। ਕਦੇ ਖੜਾ ਹੋ ਕੇ ਦੂਰ-ਦੂਰ ਤੱਕ ਨਜ਼ਰ ਮਾਰਦਾ। ਉਸ ਨੂੰ ਵੀ ਇਸ ਜੰਗਲ ’ਚੋਂ ਨਿਕਲਣ ਦਾ ਰਸਤਾ ਲੱਭ ਨਹੀਂ ਸੀ ਰਿਹਾ।
‘‘ਅਜੇ ਲੜਾਈ ਜਾਰੀ ਆ। ਇਹ ਮੇਰੀ ਦੁਸ਼ਮਣ ਫੌਜ ਦਾ ਸਿਪਾਹੀ ਆ।’’ ਮੈਂ ਇਹ ਸੋਚਦਿਆਂ ਹੀ ਰਾਈਫਲ ਉਸ ਵੱਲ ਸਿੱਧੀ ਕਰਦਿਆਂ ਟ੍ਰੀਗਰ ’ਤੇ ਉਂਗਲ ਰੱਖ ਲਈ। ਪਹਾੜੀ ’ਤੇ ਬੈਠਾ ਪਾਕਿਸਤਾਨੀ ਇਕ ਵਾਰ ਫਿਰ ਖੜਾ ਹੋਇਆ। ਉਸ ਨੇ ਆਲੇ ਦੁਆਲੇ ਦੇਖਿਆ। ਉਹ ਮੋਢੇ ਉੱਪਰ ਦੀ ਪੁੱਠਾ ਹੱਥ ਕਰਕੇ ਪਿੱਠ ’ਤੇ ਹੋਏ ਜ਼ਖ਼ਮਾਂ ’ਤੇ ਹੱਥ ਫੇਰਨ ਦੀ ਕੋਸ਼ਿਸ਼ ਕਰਦਾ। ਪਰ ਜ਼ਖ਼ਮਾਂ ਤੱਕ ਹੱਥ ਨਾ ਪਹੁੰਚਣ ਕਰਕੇ ਉਹ ਕਸੀਸ ਵੱਟ ਕੇ ਹਟ ਜਾਂਦਾ। ਮੈਂ ਉਸ ਦੀਆਂ ਹਰਕਤਾਂ ਦੇਖੀ ਗਿਆ।
‘‘ਜੇ ਉਸ ਨੇ ਉਤਾਂਹ ਮੇਰੇ ਵੱਲ ਦੇਖ ਲਿਆ ਤਾਂ ਉਸ ਨੇ ਗੋਲੀ ਮਾਰਨ ਲੱਗਿਆਂ ਮਿੰਟ ਨੀਂ ਲਾਉਣਾ।’’ ਇਹ ਸੋਚਦਿਆਂ ਹੀ ਮੈਂ ਹੋਰ ਸਾਵਧਾਨ ਹੋ ਗਿਆ। ਪਰ ਮੈਂ ਉਸ ਤੋਂ ਬਿਹਤਰ ਪੁਜੀਸ਼ਨ ’ਚ ਸੀ। ਉਸ ਦੇ ਗੋਲੀ ਚਲਾਉਣ ਤੋਂ ਪਹਿਲਾਂ ਹੀ ਮੈਂ ਟ੍ਰੀਗਰ ਦੱਬ ਦੇਣਾ ਸੀ। ਉਹ ਦੂਜੇ ਪਾਸੇ ਦੇਖਦਾ ਹੋਇਆ ਮੇਰੇ ਵੱਲ ਪਿੱਠ ਕਰਕੇ ਖੜ ਗਿਆ।
ਹੁਣ ਮੈਨੂੰ ਕੋਈ ਖਤਰਾ ਨਹੀਂ ਸੀ। ਮੇਰੇ ਹੱਥ ਢਿੱਲੇ ਪੈ ਗਏ। ਫੇਰ ਮੈਨੂੰ ਖ਼ਿਆਲ ਆਇਆ ਕਿ ਉਹ ਮੇਰੇ ਨਿਸ਼ਾਨੇ ਦੀ ਮਾਰ ਹੇਠ ਆ। ਕਿਉਂ ਨਾ ਉਸ ਨੂੰ ਲਲਕਾਰ ਕੇ ਉਸ ਦੇ ਹਥਿਆਰ ਸੁੱਟਵਾ ਲਵਾਂ। ਉਸ ਨੂੰ ਕੈਦੀ ਬਣਾ ਲਵਾਂ।
ਮੈਂ ਦੇਖਿਆ ਕਿ ਉਹ ਹੇਠਾਂ ਖੜਾ ਫੇਰ ਪਾਸਾ ਪਰਤਣ ਲੱਗਾ ਸੀ। ਹੁਣ ਉਸ ਦੀ ਨਜ਼ਰ ਮੇਰੇ ਖੱਬੇ ਹੱਥ ਦੇ ਰੁੱਖ ਵੱਲ ਸੀ। ਉਹ ਰੁੱਖਾਂ ਦੇ ਉੱਪਰ ਦੀ ਦੇਖਦਾ ਹੋਇਆ ਦਿਸ਼ਾ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੁੱਖਾਂ ਵੱਲ ਦੇਖਦਿਆਂ ਹੀ ਉਸ ਦੀ ਨਜ਼ਰ ਹੌਲੀ ਹੌਲੀ ਮੇਰੇ ਰੁੱਖ ਵੱਲ ਆ ਗਈ। ਮੈਂ ਸਾਵਧਾਨ ਹੋ ਗਿਆ। ਉਹ ਥੋੜ੍ਹਾ ਕੁ ਹੋਰ ਮੁੜਿਆ ਤਾਂ ਮੈਂ ਬਿਲਕੁਲ ਉਸ ਦੇ ਸਾਹਮਣੇ ਸੀ। ਹੈਰਾਨੀ ਨਾਲ ਉਸ ਦੀਆਂ ਨਜ਼ਰਾਂ ਮੇਰੇ ਚਿਹਰੇ ’ਤੇ ਟਿਕ ਗਈਆਂ। ਉਸ ਨੇ ਦੇਖ ਲਿਆ ਸੀ ਕਿ ਮੈਂ ਉਸ ਵੱਲ ਰਾਈਫਲ ਕਰੀ ਟ੍ਰੀਗਰ ’ਤੇ ਉਂਗਲ ਰੱਖੀ ਹੋਈ ਸੀ। ਟ੍ਰੀਗਰ ਦੱਬਣ ਦੀ ਦੇਰ ਸੀ ਤੇ ਬੱਸ ਠਾਅ। ਫੇਰ ਉਸ ਦਾ ਖੱਬਾ ਹੱਥ, ਸੱਜੇ ਹੱਥ ’ਚ ਫੜੀ ਰਾਈਫਲ ਵੱਲ ਨੂੰ ਵਧਿਆ।
‘‘ਹਥਿਆਰ ਸੁੱਟ ਦੇ, ਨੀਂ ਤਾਂ ਗੋਲੀ ਆਈ ਲੈ।’’ ਮੈਂ ਚੀਕਦਿਆਂ ਹੋਇਆਂ ਕਿਹਾ।
ਉਸ ਦਾ ਹੱਥ ਰੁਕ ਗਿਆ। ਮੇਰੀ ਆਵਾਜ਼ ਸੁਣ ਕੇ ਉਸ ਨੇ ਮੋਢਿਉਂ ਲਾਹ ਕੇ ਰਾਈਫਲ ਪਰਾਂ ਸੁੱਟ ਦਿੱਤੀ। ਉੱਪਰ ਨੂੰ ਹੱਥ ਕਰਕੇ ਖੜ ਗਿਆ।
ਮੈਂ ਉਸ ਦਿਆਂ ਖਾਲੀ ਹੱਥਾਂ ਵੱਲ ਦੇਖਦਿਆਂ ਹੋਇਆਂ ਹੇਠਾਂ ਉਤਰਿਆ। ਉਸ ਦੀ ਤਲਾਸ਼ੀ ਲਈ। ਉਸ ਦੀ ਰਾਈਫਲ ਆਪਣੇ ਕਬਜ਼ੇ ’ਚ ਕੀਤੀ। ਉਸ ਦੇ ਹੱਥ ਪਿਛਾਂਹ ਨੂੰ ਮੋੜਣ ਲੱਗਾ ਤਾਂ ਉਸ ਦੀ ਲੇਰ ਨਿਕਲ ਗਈ।
‘‘ਮੇਰੀ ਪਿੱਠ ’ਤੇ ਗੋਲੀਆਂ ਲੱਗੀਆਂ ਹੋਈਆਂ।’’ ਉਸ ਦੀ ਅਵਾਜ਼ ’ਚ ਅਥਾਹ ਪੀੜ ਸੀ। ਮੈਂ ਉਸ ਦੇ ਪੈਰ ਬੰਨ੍ਹਣ ਲੱਗਾ। ਉਸ ਦੇ ਪੈਰ ਵੀ ਲਹੂ ਲੁਹਾਣ ਸੀ।
‘‘ਗੋਲੀਆਂ ਨਾਲ ਤਾਂ ਮੈਂ ਵਿੰਨਿਆ ਪਿਆਂ। ਨੱਸਣ ਜੋਗਾ ਕਿਥੇ ਆਂ ਮੈਂ। ਮੈਂ ਕਿਧਰੇ ਨਹੀਂ ਨੱਸਦਾ। ਮੈਨੂੰ ਕਸਮ ਏ ਮੇਰੇ ਅੱਲ੍ਹਾ ਪਾਕ ਦੀ ਮੈਂ ਤੈਨੂੰ ਧੋਖਾ ਨਹੀਂ ਦਿੰਦਾ। ਸੱਚ ਪੁੱਛਦੈਂ ਤਾਂ ਤੈਨੂੰ ਮਿਲਕੇ ਬੜਾ ਸਕੂਨ ਮਿਲਿਆ।’’
‘‘ਚੰਗਾ ਬੈਠ ਜਾ ਫੇਰ।’’ ਮੇਰੇ ਇੰਨਾ ਕਹਿਣ ’ਤੇ ਉਹ ਬੈਠਣ ਦੀ ਬਜਾਏ ਲੰਮਾ ਪੈ ਗਿਆ ਸੀ।
‘‘ਭੈਣ ਦੇਣਿਆਂ, ਕੀ ਨਾਂ ਆ ਤੇਰਾ?’’
‘‘ਗਾਲ੍ਹਾਂ ਕਿਉਂ ਕੱਢਦਾਂ। ਪ੍ਰੇਮ ਨਾਲ ਗੱਲ ਕਰ। ਸਾਰੀ ਰਾਤ ਕੱਠਿਆਂ ਲੰਘਾਉਣੀ ਏ। ਮੇਰਾ ਨਾਂ ਜਮੀਲ ਅਹਿਮਦ ਏ।’’
‘‘ਪਿੱਛੋਂ ਕਿਹੜਾ ਪਿੰਡ ਆ?’’
‘‘ਕਸੂਰ ਲਾਗੇ ਏ ਮੇਰਾ ਪਿੰਡ ਫਤਿਹਾਬਾਦ। ਦੋ ਕੁ ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆਂ। ਘਰ ’ਚ ਭੰਗ ਭੁਜਦੀ ਸੀ। ਭੁੱਖਾ ਮਰਦਾ ਕੀ ਨੀਂ ਕਰਦਾ। ਛੇ ਭੈਣਾਂ ਤੇ ਮੈਂ ਉਨ੍ਹਾਂ ਦਾ  ਇਕੋ ਇਕ ਭਰਾ। ਅੱਬਾ ਨੀਂ ਚਾਹੁੰਦਾ ਸੀ ਕਿ ਮੈਂ ਫੌਜ ’ਚ ਭਰਤੀ ਹੋਵਾਂ। ਪਰ ਮੇਰੇ ਅੱਗੇ ਕੋਈ ਹੋਰ ਰਾਹ ਵੀ ਨਾ ਸੀ। ਘਰ ਦੇ ਜੀਆਂ ਨੂੰ ਖਾਣ-ਪੀਣ ਲਈ ਸ਼ੈਵਾਂ ਵੀ ਲੋੜੀਂਦੀਆਂ ਸੀ। ਹੁਣ ਘਰ ਮੇਰੇ ਭੇਜੇ ਪੈਸਿਆਂ ਨਾਲ ਹੀ ਚਲਦਾ। ਜੇ ਮੈਂ ਨਾ ਰਿਹਾ ਤਾਂ ਉਸ ਘਰ ਦਾ ਕੀ ਹੋਵੇਗਾ-ਅੱਲ੍ਹਾ ਈ ਜਾਣਦਾ।’’
ਉਸ ਦੀ ਕਥਾ ਸੁਣਕੇ ਮੈਨੂੰ ਉਸ ਨਾਲ ਹਮਦਰਦੀ ਹੋਣ ਲੱਗੀ ਸੀ।
‘‘ਭਰਾ, ਤੂੰ ਹੁਣੇ ਚੁੱਪ ਕਰ ਗਿਆਂ। ਗੱਲਾਂ ਕਰ। ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ। ਤੂੰ ਵੀ ਆਪਣੇ ਬਾਰੇ ਦੱਸ ਛੱਡ।’’
‘‘ਮੇਰੀ ਵੀ ਹਾਲਤ ਤੇਰੇ ਜਿਹੀ ਹੀ ਆ। ਮੈਂ ਵੀ ਭੁੱਖ ਦਾ ਮਾਰਿਆ ਫੌਜ ’ਚ ਭਰਤੀ ਹੋਇਆਂ। ਮੇਰਾ ਪਿਉ ਸੁਨਿਆਰਾ ਕੰਮ ਕਰਦਾ ਸੀ। ਸੋਨੇ ਦਾ ਭਾਅ ਵਧ ਗਿਆ। ਲੋਕ ਗਹਿਣੇ ਬਣਾਉਣੋ ਹਟ ਗਏ। ਮੇਰੇ ਪਿਉ ਨੂੰ ਰਾਤ ਨੂੰ ਬੋਤਲ ਪੀਤਿਆਂ ਬਿਨਾਂ ਨੀਂਦ ਨੀਂ ਆਉਂਦੀ ਸੀ। ਘਰ ’ਚ ਜਿਹੜੇ ਚਾਰ ਪੈਸੇ ਸੀ-ਉਹ ਵੀ ਮੁਕ ਗਏ। ਰੋਟੀ ਪਾਣੀ ਦੇ ਲਾਲੇ ਪੈ ਗਏ। ਮੈਨੂੰ ਘਰਦਿਆਂ ਨੇ ਬੀ. ਏ. ਤੱਕ ਪੜ੍ਹਾਇਆ। ਪਰ ਨੌਕਰੀ ਨੀਂ ਮਿਲੀ। ਨਾ ਸਰਕਾਰੀ। ਨਾ ਹੀ ਪ੍ਰਾਈਵੇਟ। ਜੇ ਪ੍ਰਾਈਵੇਟ ਮਿਲੀ ਵੀ ਤਾਂ ਤਨਖਾਹ ਐਨੀ ਘੱਟ  ਸੀ ਕਿ ਮੇਰਾ ਆਪਣਾ ਖਰਚਾ ਵੀ ਨੀਂ ਤੁਰਦਾ ਸੀ। ਘਰਦਿਆਂ ਤੋਂ ਚੋਰੀ ਹੀ ਮੈਂ ਫੌਜ ’ਚ ਭਰਤੀ ਹੋਇਆਂ। ਫੌਜ ਕਰਕੇ ਹੀ ਮੇਰਾ ਵਿਆਹ ਹੋਇਆ। ਹੁਣ ਪਿੱਛੇ ਦੋ ਨਿਆਣੇ ਆ।…ਵੱਡਾ ਮੁੰਡਾ ਕਾਲਜ ’ਚ ਪੜ੍ਹਦਾ। ਕੁੜੀ ਸਕੂਲ ’ਚ।’’ ਮੈਥੋਂ ਅਗਾਂਹ ਆਪਣੇ ਬਾਰੇ ਦੱਸਿਆ ਨਹੀਂ ਗਿਆ ਸੀ।
‘‘ਫਿਰ ਤਾਂ ਆਪਾਂ ਇਕੋ ਜਿਹੇ ਆਂ।’’
‘‘ਹੂੰ।’’
ਮੇਰਾ ਤਿਆਹ ਨਾਲ ਬੁਰਾ ਹਾਲ ਹੋ ਗਿਆ ਸੀ। ਮੇਰਾ ਪਾਣੀ ਮੁੱਕ ਗਿਆ ਸੀ। ਮੈਂ ਉਹਨੂੰ ਪੁੱਛਿਆ ਸੀ, ‘‘ਤੇਰੇ ਕੋਲ ਪਾਣੀ ਹੈਗਾ?’’
ਉਹ ਨੇ ਕੂਹਣੀ ਪਰਨੇ ਹੋ ਕੇ ਬੋਤਲ ਦਾ ਢੱਕਣ ਮੂੰਹ ’ਚ ਲੈਂਦਿਆਂ ਖੋਲ੍ਹਿਆ। ਬੋਤਲ ਮੇਰੇ ਮੂੰਹ ਵਿੱਚ ਉਲੱਦ ਦਿੱਤੀ। ਪੁੱਛਿਆ ਸੀ, ‘‘ਹੁਣ ਕਿਵੇਂ ਏ?’’
‘‘ਪਾਣੀ ਪੀ ਕੇ ਕੁਸ਼ ਰਾਹਤ ਮਿਲੀ ਆ?’’
ਉਸ ਦੀ ਦਰਦ ਨਾਲ ਲੇਰ ਨਿਕਲੀ ਗਈ ਸੀ। ਮੈਂ ਆਪਣੇ ਪਿੱਠੂ ’ਚੋਂ ਪੱਟੀ ਕੱਢੀ। ਉਸ ਦੀ ਪਿੱਠ ਦੇ ਜ਼ਖ਼ਮ ’ਤੇ ਰੱਖੀ। ਆਪਣੀ ਪੱਗ ਦੇ ਲੜ ਨਾਲੋਂ ਲੰਬੀ ਸਾਰੀ ਲੀਰ ਪਾੜੀ। ਉਪਰੋਂ ਦੀ ਬੰਨ੍ਹ ਦਿੱਤੀ। ਉਸ ਨੂੰ ਕੁਝ ਕੁ ਰਾਹਤ ਮਿਲੀ।
‘‘ਭਰਾ-ਤੂੰ ਆਪਣਾ ਨਾਂ ਤਾਂ ਦੱਸਿਆ ਨੀਂ।’’ ਕੁਸ਼ ਚਿਰ ਬਾਅਦ ਉਹ ਨੇ ਪੁੱਛਿਆ।
‘‘ਮੇਰਾ ਨਾਂ ਅਜਾਇਬ ਆ। ਮੈਨੂੰ ਲੱਗਦਾ ਕਿ ਤੇਰੀ ਵੱਖੀ ਦੇ ਪਿਛਲੇ ਪਾਸੇ ਵੱਡਾ ਜ਼ਖ਼ਮ ਆ।’’
‘‘ਗੋਲੀ ਮੇਰੀ ਵੱਖੀ ਕੋਲ ਦੀ ਲੰਘ ਗਈ। ਪਸਲੀ ਤਾਂ ਬਚ ਗਈ ਪਰ ਲੱਗਦਾ ਮਾਸ ਦਾ ਲੋਥੜਾ ਉਡ ਗਿਆ। ਹੁਣ ਇਸ ਢਿੱਡ ਦਾ ਕੀ ਕਰਾਂ?’’
‘‘ਕੀ ਹੋਇਆ?’’
‘‘ਮੈਂ ਸਾਝਰੇ ਦਾ ਭੁੱਖਾ ਤੁਰਿਆ ਫਿਰਦਾਂ। ਖਾਣ ਨੂੰ ਮੇਰੇ ਕੋਲ ਕੁਝ ਨਹੀਂ।’’
‘‘ਇਸ ਗੱਲ ਦਾ ਤੂੰ ਫਿਕਰ ਨਾ ਕਰ। ਮੇਰੇ ਕੋਲ ਵਾਧੂ ਸਾਮਾਨ ਆ।’’ ਮੈਂ ਪਿੱਠੂ ਖੋਲ੍ਹ ਕੇ ਦੋਹਾਂ ਦੇ ਵਿਚਕਾਰ ਰੱਖ ਲਿਆ। ਅਸੀਂ ਦੋਵੇਂ ਸ਼ੱਕਰਪਾਰੇ, ਗੁੜ ਤੇ ਭੁੱਜੇ ਹੋਏ ਛੋਲੇ ਖਾਣ ਲੱਗੇ।
‘‘ਯਾਰ ਜਮੀਲ ਠੰਢ ਲੱਗਣ ਲੱਗ ਪਈ ਆ।’’ ਹੱਥ ਮਲਦਿਆਂ ਹੋਇਆਂ ਮੈਂ ਆਲੇ ਦੁਆਲੇ ਦੇਖਿਆ।
‘‘ਠੰਢ ਤਾਂ ਭਰਾ ਹੋਈ ਈ ਆ ਉਪਰੋਂ ਰਾਤ ਉਤਰ ਆਈ ਏ।’’
ਗੱਲਾਂ ਕਰਦਿਆਂ ਨੂੰ ਸਾਨੂੰ ਪਤਾ ਹੀ ਨਾ ਲੱਗਿਆ ਕਿ ਸਾਡੇ ਦੁਆਲੇ ਹਨੇਰਾ ਪਸਰ ਚੁੱਕਿਆ ਸੀ। ਚਾਰੇ ਪਾਸੇ ਧੁੰਦ ਜਿਹੀ ਫੈਲਣ ਲੱਗੀ ਸੀ। ਠੰਢੀ ਹਵਾ ਦੇ ਬੁੱਲ੍ਹੇ ਆਉਣ ਲੱਗ ਪਏ ਸਨ।
‘‘ਆ ਫਿਰ ਔਖੇ ਸੌਖੇ ਲੱਕੜਾਂ ਇਕੱਠੀਆਂ ਕਰੀਏ।’’ ਅਸੀਂ ਦੋਵੇਂ ਗੋਡਣੀਆਂ ਭਾਰ ਹੁੰਦੇ ਹੋਏ ਘਾਹ ਫੂਸ ਤੇ ਛੋਟੀਆਂ ਛੋਟੀਆਂ ਟਾਹਣੀਆਂ ਇਕੱਠੀਆਂ ਕਰਨ ਲੱਗੇ। ਥੋੜ੍ਹੀ ਦੇਰ ’ਚ ਵਾਹਵਾ ਢੇਰੀ ਬਣ ਗਈ। ਜਮੀਲ ਨੇ ਪਿੱਠੂ ’ਚੋਂ ਇਕ ਕੱਪੜਾ ਕੱਢਿਆ ਤੇ ਜੇਬ ’ਚੋਂ ਡੱਬੀ ਕੱਢ ਕੇ ਅੱਗ ਬਾਲ ਲਈ। ਅੱਗ ਦੇ ਸੇਕ ਨਾਲ ਸਾਡੇ ਸਰੀਰਾਂ ਨੇ ਗਰਮਾਇਸ਼ ਫੜੀ। ਅਸੀਂ ਕੁਸ਼ ਠੀਕ-ਠੀਕ ਮਹਿਸੂਸ ਕਰਨ ਲੱਗੇ।
‘‘ਤੂੰ ਦਰੱਖਤ ’ਤੇ ਕਿਉਂ ਚੜਿਆ ਬੈਠਾ ਸੀ?’’
‘‘ਛੋਟੇ ਭਾਈ ਰੁੱਖ ’ਤੇ ਤਾਂ ਮੈਂ ਸਵੇਰ ਦਾ ਹੀ ਭੱਜਿਆ ਫਿਰਦਾ ਸੀ।  ਸਾਡੀ ਕੰਪਨੀ ਰੁੱਖਾਂ ’ਤੇ ਬੈਠ ਕੇ ਲੜਾਈ ਲੜਦੀ ਆ।’’
‘‘ਤਾਹੀਉਂ ਸਾਡੇ ਆਲਿਆਂ ਨੂੰ ਸਾਰਾ ਦਿਨ ਮੱਕੀ ਦੇ ਦਾਣਿਆਂ ਵਾਂਗੂੰ ਭੁੰਨੀ ਗਏ।’’
‘‘ਤੁਹਾਨੂੰ ਇਸ ਗੱਲ ਦਾ ਬਿਲਕੁਲ ਈ ਪਤਾ ਨੀਂ ਲੱਗਾ ਕਿ ਗੋਲੀਆਂ ਤਾਂ ਰੁੱਖਾਂ ਉਪਰੋਂ ਆ ਰਹੀਆਂ?’’
‘‘ਦਰਅਸਲ ’ਚ ਅਸੀਂ ਉਲਝਣ ’ਚ ਫਸ ਗਏ। ਇੱਕ ਤਾਂ ਤੁਸੀਂ ਅੱਗੋਂ ਬਹੁਤ ਜ਼ੋਰਦਾਰ ਗੋਲਬਾਰੀ ਕਰ ਰਹੇ ਸੀ। ਦੂਜਾ ਪਿਛੋਂ ਸਾਡੇ ਅਫਸਰ ਨਹੀਂ ਸੀ ਟਿਕਣ ਦੇ ਰਹੇ। ਹਫਲਿਆਂ ਹੋਇਆਂ ਨੂੰ ਕੁਝ ਨੀਂ ਸੀ ਸੁੱਝ ਰਿਹਾ। ਉਹ ਅੰਨ੍ਹੇਵਾਹ ਸਾਨੂੰ ਅਗਾਂਹ ਧੱਕੀ ਆ ਰਹੇ ਸੀ। ਸਾਨੂੰ ਸੋਚਣ ਦਾ ਮੌਕਾ ਹੀ ਨੀਂ ਮਿਲਿਆ ਕਿ ਅਸੀਂ ਕਰੀਏ ਤਾਂ ਕੀ ਕਰੀਏ।’’
‘‘ਲੜਾਈ ’ਚ ਤਾਂ ਐਦਾਂ ਹੀ ਹੁੰਦਾ।’’
‘‘ਮੈਨੂੰ ਇਸ ਗੱਲ ਦੀ ਸਮਝ ਨੀਂ ਪਈ ਕਿ ਮੈਂ ਤੇਰਾ ਦੁਸ਼ਮਣ ਤਕਰੀਬਨ ਦਸ ਮਿੰਟ ਤੇਰੇ ਸਾਹਮਣੇ ਖੜਾ ਰਿਹਾ ਪਰ ਤੂੰ ਮੈਨੂੰ ਮਾਰਿਆ ਕਿਉਂ ਨਹੀਂ?’’
‘‘ਲੜਾਈ ’ਚ ਦੁਸ਼ਮਣ ਨੂੰ ਮਾਰਨਾ ਹੀ ਜ਼ਰੂਰੀ ਨੀਂ ਹੁੰਦਾ। ਜੇ ਤੁਸੀਂ ਉਸ ਦੇ ਹਥਿਆਰ ਸੁੱਟਵਾ ਕੇ ਉਸ ਨੂੰ ਕੈਦੀ ਬਣਾ ਲੈਨੇ ਉਂ ਤਾਂ ਵੀ ਜਿੱਤ ਤੁਹਾਡੀ ਹੀ ਹੁੰਦੀ ਐ। ਨਾਲੇ ਇੱਕ ਗੱਲ ਹੋਰ………।’’
‘‘ਉਹ ਕੀ…?’’
‘‘ਮੈਂ ਸੋਚਿਆ ਕਿ ਜੇਕਰ ਤੇਰੇ ਹਥਿਆਰ ਸੁੱਟਵਾ ਕੇ ਮੈਂ ਤੈਨੂੰ ਕੈਦੀ ਬਣਾ ਲਵਾਂ ਤਾਂ ਕਮ ਸੇ ਕਮ ਇਸ ਉਜਾੜ ਜੰਗਲ ’ਚ ਰਾਤ ਕੱਟਣ ਲਈ ਕਿਸੇ ਦਾ ਸਾਥ ਤਾਂ ਮਿਲ ਜਾਵੇਗਾ। ਇਕੱਲੇ ਨੂੰ ਤਾਂ ਜੰਗਲ ’ਚ ਜਾਨਵਰ ਹੀ ਖਾ ਜਾਣਗੇ।’’
‘‘ਇਹ ਗੱਲ ਤਾਂ ਮੇਰੇ ਮਨ ’ਚ ਵੀ ਆਈ ਸੀ।’’
‘‘ਅੱਛਾ।’’
‘‘ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਮੁਸੀਬਤ ਦੇ ਇਸ ਮੁਕਾਮ ’ਤੇ ਨਾ ਤੂੰ ਮੈਨੂੰ ਮਾਰਨੈ, ਨਾ ਹੀ ਮੈਂ ਤੈਨੂੰ ਮਾਰਨੈ।’’
‘‘ਇਹ ਗੱਲ ਤੂੰ ਕਿਵੇਂ ਸੋਚੀ?’’
‘‘ਐਤਰਾਂ ਦੀ ਹਾਲਤ ਵਿੱਚ ਤਾਂ ਆਲੇ ਦੁਆਲੇ ਦੇ ਦਰੱਖਤ ਵੀ ਸਾਥੀ ਭਾਲਦੇ ਆ। ਆਪਾਂ ਤਾਂ ਫਿਰ ਵੀ ਇਨਸਾਨ ਆਂ।…ਸ਼ਾਇਦ ਤੈਨੂੰ ਪਤਾ ਨੀਂ-ਇਕ ਵੇਰ ਤਾਂ ਮੈਂ ਤੈਨੂੰ ਗੋਲੀ ਮਾਰਣ ਲੱਗਾ ਸੀ। ਮਾਰ ਵੀ ਸਕਦਾ ਸੀ। ਪਰ ਮੈਥੋਂ ਘੋੜੀ ਨੀਂ ਦੱਬੀ ਗਈ…ਕੀ ਪਤਾ ਖ਼ੁਦਾ ਦੇ ਫ਼ਜ਼ਲੋ ਕਰਮ ਨਾਲ ਤੂੰ ਬਚ ਗਿਆਂ….।’’ ਉਹ ਦੱਸਦਾ-ਦੱਸਦਾ ਰੁਕ ਗਿਆ। ਜਿਵੇਂ ਉਸ ਨੂੰ ਪਿਛੋਂ ਕਿਸੇ ਨੇ ਰੋਕ ਲਿਆ ਹੋਵੇ। ਫੇਰ ਉਹ ਬੋਲਿਆ ਸੀ, ‘‘ਹੁਣ ਆਪਾਂ ਇੱਕ ਦੂਜੇ ਦਾ ਆਸਰਾ ਬਣੇ ਹੋਏ ਆਂ। ਦਿਨ ਚੜ੍ਹਦਿਆਂ ਹੀ ਡਿਊਟੀ ਨਿਭਾਉਂਦਿਆਂ ਆਪਾਂ ਫਿਰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣਜਾਂਗੇ।’’
‘‘ਡਿਊਟੀ ਦੀ ਡਿਊਟੀ ਨਾਲ ਰਹੀ। ਪਰ ਫੌਜੀ ਕਿਹੜੇ ਇਨਸਾਨ ਨੀਂ ਹੁੰਦੇ। ਉਹ ਵੀ ਤਾਂ ਰੱਬ ਦੀ ਮਖ਼ਲੂਕ ਨੇ।’’
‘‘ਇਹ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਏ।’’
ਫਿਰ ਅਸੀਂ ਕਿੰਨਾ ਚਿਰ ਚੁੱਪ ਰਹੇ।
ਮੇਰੀ ਲੱਤ ’ਚੋਂ ਦਰਦ ਦੀਆਂ ਲਹਿਰਾਂ ਉੱਠਦੀਆਂ ਹੋਈਆਂ ਸਿਰ ਵੱਲ ਨੂੰ ਜਾਂਦੀਆਂ। ਮੇਰੇ ਹੱਥ-ਪੈਰ ਝੂਠੇ ਪੈਣ ਲੱਗਦੇ। ਮੈਂ ਸੋਚਦਾ ਕਿ ਮੇਰੇ ਸਾਹਮਣੇ ਬੈਠੇ ਜਮੀਲ ਦਾ ਕੀ ਹਾਲ ਹੋਵੇਗਾ। ਉਸ ਦੇ ਚਿਹਰੇ ’ਤੇ ਅਜੀਬ ਜਿਹਾ ਕਸਾਉ ਸੀ। ਮੈਂ ਦਰਦ ਨੂੰ ਭੁੱਲਣ ਲਈ ਉਸ ਨੂੰ ਹਲੂਣ ਕੇ ਪੁੱਛਿਆ ਸੀ, ‘‘ਕੀ ਸੋਚਣ ਲਗ ਪਿਆਂ?’’
‘‘ਕੁਛ ਨੀਂ।’’
‘‘ਕਿਉਂ ਝੂਠ ਬੋਲਦਾਂ।’’
‘‘ਝੂਠ ਕਿਉਂ ਬੋਲਣਾ। ਮੈਂ ਆਪਣੀ ਅੰਮੀ ਨਾਲ ਗੱਲਾਂ ਕਰ ਰਿਹਾ ਸੀ। ਉਹ ਮੇਰਾ ਬਹੁਤ ਮੋਹ ਕਰਦੀ ਏ। ਜਦੋਂ ਉਹਨੂੰ ਮੇਰੀ ਵਫ਼ਾਤ ਦਾ ਪਤਾ ਲੱਗਾ-ਉਹਨੇ ਅੱਧੀ ਕੁ ਉਸੇ ਵਕਤ ਮਰ ਜਾਣਾ। ਤੈਨੂੰ ਕੌਣ ਯਾਦ ਆ ਰਿਹਾ?’’
‘‘ਮੇਰੀ ਘਰਵਾਲੀ ਇਕ ਗੀਤ ਗਾਉਂਦੀ ਹੁੰਦੀ ਆ-ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕੱਜਲਾ, ਵੇ ਅੱਖੀਆਂ ’ਚ ਤੂੰ ਵੱਸਦਾ।…ਮੈਨੂੰ ਉਹ ਗੀਤ ਯਾਦ ਆ ਗਿਆ।’’
ਮੈਨੂੰ ਇਸ ਗੱਲ ਦਾ ਪਤਾ ਨਹੀਂ ਰਿਹਾ ਸੀ ਕਿ ਕੀ ਮੈਨੂੰ ਨੀਂਦ ਆ ਗਈ ਸੀ ਜਾਂ ਜ਼ਖ਼ਮਾਂ ਦੀ ਪੀੜ ਨੇ ਮੈਨੂੰ ਆਪਣੇ ਆਲੇ ਦੁਆਲੇ ਦੀ ਕੋਈ ਸੁੱਧ-ਬੁੱਧ ਨਹੀਂ ਰਹਿਣ ਦਿੱਤੀ ਸੀ ਜਾਂ ਮੈਂ ਕੁਝ ਚਿਰ ਲਈ ਬੇਹੋਸ਼ ਹੋ ਗਿਆ ਸੀ। ਮੇਰੀ ਅੱਖ ਖੁੱਲ੍ਹੀ ਸੀ ਤਾਂ ਮੈਂ ਡੌਰ-ਭੌਰ ਹੁੰਦਿਆਂ ਆਲੇ ਦੁਆਲੇ ਦੇਖਿਆ ਸੀ। ਮੈਨੂੰ ਜਮੀਲ ਕਿਧਰੇ ਨਹੀਂ ਦਿੱਸਿਆ ਸੀ। ਮੇਰੇ ਮੂੰਹੋਂ ਗਾਲ੍ਹ ਨਿਕਲੀ ਸੀ, ‘‘…ਕਰ ਦਿੱਤੀ ਨਾ ਦੁਸ਼ਮਣਾਂ ਵਾਲੀ ਗੱਲ………।’’ ਇਕ ਪਾਸੇ ਬੈਠੇ ਜਮੀਲ ਨੇ ਮੇਰੀ ਆਵਾਜ਼ ਸੁਣ ਲਈ ਸੀ। ਉਸ ਨੇ ਆਮ ਨਾਲੋਂ ਉੱਚੀ ਆਵਾਜ਼ ’ਚ ਕਿਹਾ ਸੀ, ‘‘ਘਬਰਾ ਨਾ ਭਰਾ ਮੈਂ ਤਾਂ ਇੱਧਰ ਬੈਠਾਂ।  ਮੈਂ ਤਾਂ ਅੱਲ੍ਹਾ ਦੇ ਕਹਿਰ ਤੋਂ ਡਰਦਾ ਹੋਇਆ ਇਧਰ ਆ ਗਿਆ ਸੀ। ਜੇ ਮੈਂ ਸੌਂ ਜਾਂਦਾ ਤਾਂ ਮੁਮਕਿਨ ਸੀ ਕਿ ਮੇਰੇ ਜਿਸਮ ਨੂੰ ਅੱਗ ਲੱਗ ਜਾਂਦੀ। ਮੈਂ ਦੋਜ਼ਖ਼ ਦੀ ਅੱਗ ਵਿਚ ਸੜ ਮਰਦਾ। ਫਿਰ ਅੱਲ੍ਹਾ ਨੂੰ ਕੀ ਜਵਾਬ ਦਿੰਦਾ….।’’
ਸਾਡੇ ਦੋਹਾਂ ਵਿਚਕਾਰ ਲੰਬੀ ਚੁੱਪ ਪਸਰ ਗਈ ਸੀ ਜਿਵੇਂ ਕੋਈ ਗੱਲ ਕਰਨ ਵਾਲੀ ਨਾ ਰਹਿ ਗਈ ਹੋਵੇ ਜਾਂ ਜੇ ਕੋਈ ਗੱਲ ਕਹਿਣਾ ਚਾਹੁੰਦੇ ਵੀ ਸੀ ਤਾਂ, ਉਹ ਸਾਡੇ ਕੋਲੋਂ ਕਹਿ ਨਹੀਂ ਹੋ ਰਹੀ। ਫੇਰ ਪਹਿਲ ਕਰਦਿਆਂ ਮੈਂ ਪੁੱਛਿਆ ਸੀ, ‘‘ਜਮੀਲ ਕੋਈ ਗੱਲ ਕਰ?’’
‘‘ਰਾਤੀਂ ਆਪਾਂ ਭਰਾਵਾਂ ਵਾਂਗੂ ਸਾਂ। ਹੁਣ ਦੁਸ਼ਮਣਾਂ….।’’
‘‘ਫੇਰ ਉਹੀ ਗੱਲ….ਤੂੰ ਐਦਾਂ ਕਿਉਂ ਸੋਚਦਾਂ?’’
‘‘ਇਹ ਵਕਤ ਦਾ ਸੱਚ ਏ।’’
‘‘ਮੈਨੂੰ ਲਗਦਾ ਵਿਚੋਂ ਕੋਈ ਹੋਰ ਗੱਲ ਆ।’’
ਉਹ ਚੁੱਪ ਰਿਹਾ ਸੀ।
‘‘ਖੁੱਲ੍ਹ ਕੇ ਦੱਸ ਵੀ।’’ ਮੈਂ ਜ਼ੋਰ ਪਾ ਕੇ ਪੁੱਛਿਆ ਸੀ।
‘‘ਤੂੰ ਮੇਰੇ ’ਤੇ ਇਕ ਫ਼ਜ਼ਲ ਕਰੀਂ-ਮੈਨੂੰ ਕਬਰ ਪੁੱਟ ਕੇ ਦਬ ਛੱਡੀਂ…।’’
ਉਸ ਦੀਆਂ ਗੱਲਾਂ ਨੇ ਮੇਰਾ ਸਿਰ ਘੁੰਮਾ ਦਿੱਤਾ ਸੀ। ਮੈਨੂੰ ਲੱਗਾ ਸੀ ਕਿ ਉਹ ਹੌਲੀ ਹੌਲੀ ਆਪਣੇ ਮਨ ਦੀਆਂ ਗੰਢਾਂ ਖੋਲ੍ਹ ਰਿਹਾ ਸੀ। ਮੈਂ ਆਪ ਚਾਹੁੰਦਾ ਸੀ ਕਿ ਉਹ ਮਨ ਦੀਆਂ ਗੰਢਾਂ ਖੋਲ੍ਹੇ। ਇਸ ਨਾਲ ਉਸ ਨੂੰ ਦਰਦਾਂ ਤੋਂ ਕੁਝ ਚਿਰ ਲਈ ਰਾਹਤ ਵੀ ਮਿਲ ਸਕਦੀ ਸੀ।
‘‘ਕੁਸ਼ ਹੋਰ?’’
‘‘ਤੂੰ ਮੇਰਾ ਦਰਦ ਨੀਂ ਜਾਣ ਸਕਦਾ।’’
‘‘ਯਾਰ ਦੱਸ ਤਾਂ ਸਈ।’’
‘‘ਮੈਂ ਬਹੁਤ ਔਖਾਂ। ਮੈਨੂੰ ਜਾਪਦਾ-ਮੈਂ ਬਚਣਾ ਨੀਂ। ਜਦੋਂ ਬਚਣਾ ਨੀਂ ਤਾਂ ਐਵੇਂ ਦਰਦ-ਤਕਲੀਫਾਂ ਸਹਿਣ ਦਾ ਕੀ ਫਾਇਦਾ? ਜੇ ਤੂੰ ਭਲੇ ਦਾ ਕੰਮ ਕਰ ਸਕਦਾਂ ਤਾਂ ਮੇਰੇ ਗੋਲੀ ਮਾਰ ਦੇ। ਹੁਣ ਮੈਂ ਮਰਣਾ ਚਾਹੁਣਾ। ਮੈਥੋਂ ਦਰਦ ਨੀਂ ਸਹਾਰਿਆ ਜਾ ਰਿਹਾ। ਅੱਲ੍ਹਾ ਪਾਕ ਦੇ ਘਰੋਂ ਤੇਰਾ ਪੁੰਨ ਹੋਵੇਗਾ।’’
ਮੈਂ ਦੂਜੇ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ ਸੀ।
‘‘ਭਰਾ, ਤਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਉਸ ਨੇ ਔਖਾ ਜਿਹਾ ਸਾਹ ਲੈਂਦਿਆਂ ਪੁੱਛਿਆ ਸੀ।
‘‘ਤੂੰ ਮੌਤ ਬਾਰੇ ਕਿਉਂ ਪੁੱਛਦਾਂ? ਜ਼ਿੰਦਗੀ ਬਾਰੇ ਗੱਲਾਂ ਕਰ?’’
‘‘ਪਹਿਲਾਂ, ਤੂੰ ਮੌਤ ਬਾਰੇ ਤਾਂ ਦੱਸ।’’
‘‘ਛੋਟੇ ਭਾਈ, ਮੈਂ ਕੋਈ ਗੁਣੀ ਗਿਆਨੀ ਤਾਂ ਹੈ ਨੀਂ। ਮੇਰੀ ਮਾਂ ਰੋਜ਼ ਗੁਰਦਵਾਰੇ ਜਾਂਦੀ ਆ। ਪਿਤਾ ਕ੍ਰਿਸ਼ਨ ਭਗਤ ਆ। ਘਰਵਾਲੀ ਸਾਰੇ ਦੇਵੀ ਦੇਵਤਿਆਂ ਨੂੰ ਮੰਨਦੀ ਆ। ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸਣ ਲੱਗਾਂ ਇਹ ਵੀ ਮੈਂ ਘਰੋਂ ਹੀ ਸਿੱਖੀਆਂ। ਮੌਤ ਬਾਰੇ ਭਗਵਤ ਗੀਤਾ ’ਚ ਲਿਖਿਆ ਆ ਕਿ ਜੋ ਜੀਅ ਆਇਆ ਆ-ਉਹਨੇ ਜਾਣਾ ਹੀ ਜਾਣਾ ਆ। ਜੀਵ ਕੀ-ਹਰ ਇਕ ਚੀਜ਼ ਨਾਸ਼ਵਾਨ ਆ। ਜਿੱਦਾਂ ਬੰਦਾ ਪੁਰਾਣੇ ਕੱਪੜੇ ਉਤਾਰ ਕੇ ਹੋਰ ਨਵੇਂ ਕੱਪੜੇ ਪਹਿਣ ਲੈਂਦਾ ਆ, ਉਵੇਂ ਹੀ ਦੇਹੀ ਪੁਰਾਣੇ ਸਰੀਰ ਨੂੰ ਤਿਆਗ ਕੇ ਦੂਜੇ ਨਵੇਂ ਸਰੀਰ ਨੂੰ ਧਾਰ ਲੈਂਦੀ ਆ। ਗੁਰਬਾਣੀ ਵੀ ਕਹਿੰਦੀ ਆ : ਰਾਮ ਗਇਉ ਰਾਵਨੁ ਗਇਉ ਜਾ ਕਉ ਬਹੁ ਪਰਵਾਰ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ॥’’
‘‘ਜੇਹੜੇ ਵਕਤੋਂ ਪਹਿਲਾਂ ਮਰ ਜਾਂਦੇ ਏ?’’
‘‘ਉਨ੍ਹਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ। ਉਨ੍ਹਾਂ ਰੂਹਾਂ ਦਾ ਧਿਆਨ ਘਰ ’ਚ ਹੀ ਰਹਿੰਦਾ। ਉਹ ਸਾਡੇ ਸੁਪਨਿਆਂ ’ਚ ਆਉਂਦੀਆਂ। ਸਾਨੂੰ ਅੰਦਰ ਤੇ ਬਾਹਰ ਤੁਰੀਆਂ ਫਿਰਦੀਆਂ ਦਿੱਸਦੀਆਂ। ਉਨ੍ਹਾਂ ਨੂੰ ਕੀਲਣਾ ਪੈਂਦਾ। ਇਕ ਧਾਰਮਿਕ ਅਸਥਾਨ ਆ। ਪਹੇਵਾ। ਉਨ੍ਹਾਂ ਦੀ ਉੱਥੇ ਜਾ ਕੇ ਗਤੀ ਕਰਵਾਉਣੀ ਪੈਂਦੀ ਆ। ਫੇਰ ਕਿਤੇ ਜਾ ਕੇ ਉਹ ਪਿੱਛਾ ਛੱਡਦੀਆਂ….।’’
ਸਾਡੇ ਵਿਚਕਾਰ ਫੇਰ ਲੰਬੀ ਚੁੱਪ ਪਸਰ ਗਈ ਸੀ।
ਉਸ ਮੌਤ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਹ ਕਿਸੇ ਮੌਲਵੀ ਦੇ ਕਹੇ ਲਫ਼ਜ਼ ਦੁਹਰਾਉਣ ਲੱਗਾ, ‘‘ਇਹ ਦੁਨੀਆਂ ਤਾਂ ਬਸ ਅਸਥਾਈ ਫ਼ਾਇਦਾ ਏ ਤੇ ਜੋ ਆਖਿਰਤ, ਉਹੀ ਪਾਏਦਾਰ ਘਰ ਏ।’’ ਫੇਰ ਉਹ ਪੈਦਾਇਸ਼ ਤੋਂ ਲੈ ਕੇ ਮੌਤ, ਆਲਮੇ ਬਰਜ਼ਖ਼ ਤੇ ਕਿਆਮਤ ਦੀ ਦੁਨੀਆਂ ’ਚ ਵਿਚਰਣ ਲੱਗਾ ਸੀ। ਉਸ ਨੂੰ ਐਦਾਂ ਲੱਗਾ ਸੀ ਜਿਵੇਂ ਦੋ ਫ਼ਰਿਸ਼ਤੇ ਉਹਨੂੰ ਮਿਲਣ ਆਏ ਸਨ। ਉਨ੍ਹਾਂ ਦੇ ਹੱਥਾਂ ’ਚ ਉਸ ਦਾ ਆਮਾਲਨਾਮਾ ਫੜਿਆ ਸੀ। ਇਕ ਫਰਿਸ਼ਤੇ ਨੇ ਉਸ ਨੂੰ ਉਸ ਦਾ ਆਮਾਲਨਾਮਾ ਸੱਜੇ ਹੱਥ ’ਚ ਫੜਾਇਆ ਸੀ। ਉਸ ਫਰਿਸ਼ਤੇ ਨੂੰ ਦੱਸਿਆ ਸੀ, ‘‘ਮੈਂ ਆਪਣੀ ਸਰਜ਼ਮੀਨ ਲਈ ਸ਼ਹੀਦ ਹੋਇਆ ਵਾਂ।’’..
ਮੇਰਾ ਗਲ਼ਾ ਵਾਰ-ਵਾਰ ਸੁੱਕ ਰਿਹਾ ਸੀ। ਪਾਣੀ ਵਾਲੀ ਬੋਤਲ ਖ਼ਾਲੀ ਹੋ ਗਈ। ਫੇਰ ਮੈਂ ਉਸ ਨੂੰ ਗੱਲੀਂ ਲਾਉਣਾ ਚਾਹਿਆ ਸੀ। ਉਸ ਕਿਹਾ ਸੀ, ‘‘ਮੈਂ ਕਦੀ ਬਹੁਤਾ ਬੋਲਿਆ ਹੀ ਨੀਂ। ਬੱਸ ਸੁਣਦਾ ਹੀ ਆਂ। ਤੂੰ ਸੁਣਾਈ ਚੱਲ।’’ ਮੈਂ ਦੂਜੇ ਪਾਸੇ ਮੂੰਹ ਘੁੰਮਾ ਲਿਆ ਸੀ।
ਉਸ ਕੋਲੋਂ ਹੋਰ ਇੰਤਜ਼ਾਰ ਨਹੀਂ ਹੋਇਆ ਸੀ। ਉਸ ਦੰਦਾਂ ਹੇਠਾਂ ਜੀਭ ਲੈ ਕੇ ਪਾਸਾ ਲਿਆ ਸੀ, ‘‘ਭਰਾ ਮੈਂ ਬਹੁਤ ਔਖਾਂ। ਤੂੰ ਮਾਰ ਦੇ ਨਾ ਮੈਨੂੰ ਗੋਲੀ। ਜ਼ਖ਼ਮਾਂ ’ਚ ਬੜੀਆਂ ਚੀਸਾਂ ਪੈ ਰਹੀਆਂ। ਖ਼ੁਦਾ ਦੇ ਨਾਂ ’ਤੇ ਇਹ ਕਰਮ ਕਰ ਦੇ।’’
ਮੈਨੂੰ ਉਸ ਦੀ ਹਾਲਤ ’ਤੇ ਤਰਸ ਆਇਆ ਸੀ। ਮੇਰਾ ਇਕ ਮਨ ਕਹਿ ਰਿਹਾ ਸੀ ਕਿ ਗੋਲੀਆਂ ਦੀ ਬਾਛੜ ਕਰਕੇ ਉਸ ਦੀ ਗਤੀ ਕਰ ਦਵਾਂ। ਅਜਿਹੀ ਜ਼ਿੰਦਗੀ ਨਾਲੋਂ ਮੌਤ ਚੰਗੀ। ਮੈਨੂੰ ਇਸ ਗੱਲ ਦਾ ਵੀ ਪੱਕ ਹੋ ਗਿਆ ਸੀ ਕਿ ਉਸ ਬਚਣਾ ਨਹੀਂ। ਉਹ ਕੁਝ ਘੰਟਿਆਂ ਜਾਂ ਦੋ ਚਾਰ ਦਿਨਾਂ ਦਾ ਮਹਿਮਾਨ ਸੀ। ਦੂਜਾ ਮਨ ਕਹਿਣ ਲੱਗਾ ਸੀ ਕਿ ਇਹ ਬਹੁਤ ਵੱਡਾ ਪਾਪ ਹੋਵੇਗਾ। ਇਕ ਪਾਸੇ ਤਾਂ ਮੈਂ ਉਸ ਨੂੰ ਛੋਟਾ ਭਾਈ ਕਹਿ ਰਿਹਾ ਸੀ। ਦੂਜੇ ਪਾਸੇ ਉਸ ਨੂੰ ਮਾਰਾਂ। ਇਹ ਕਿਸ ਪਾਸੇ ਦਾ ਨਿਆਂ ਆ।
ਮੈਨੂੰ ਲੱਗਾ ਸੀ ਕਿ ਸੀਜ਼ ਫਾਇਰ ਹੋ ਗਿਆ ਸੀ। ਸੂਰਜ ਰੁੱਖਾਂ ਦੇ ਸਿਰੇ ’ਤੇ ਆ ਗਿਆ ਸੀ। ਕਿਸੇ ਪਾਸਿਉਂ ਵੀ ਗੋਲੀਆਂ ਜਾਂ ਬੰਬ ਚੱਲਣ ਦੀ ਆਵਾਜ਼ ਨਹੀਂ ਆ ਰਹੀ ਸੀ।
ਮੈਂ ਉਸ ਨੂੰ ਕਿਹਾ ਸੀ, ‘‘ਚੱਲ ਤੈਨੂੰ ਤੇਰੇ ਵਾਲੇ ਪਾਸੇ ਛੱਡ ਆਵਾਂ। ਲਗਦਾ-ਲੜਾਈ ਖਤਮ ਹੋ ਗਈ ਆ।’’
ਉਸ ਦੇ ਚਿਹਰੇ ’ਤੇ ਰੌਣਕ ਆ ਗਈ ਸੀ। ਮੈਂ ਆਪ ਲੰਗੜਾਉਂਦਿਆਂ ਹੋਇਆਂ ਉਸ ਨੂੰ ਕਿੱਡੀ ਦੂਰ ਤੱਕ ਲੈ ਗਿਆ ਸੀ। ਉਹ ਤੁਰਦਾ-ਤੁਰਦਾ ਥੱਕ ਗਿਆ ਸੀ। ਪਰ ਉਸ ਨੇ ਹਿੰਮਤ ਨਹੀਂ ਹਾਰੀ ਸੀ। ਇਕ ਥਾਂ ’ਤੇ ਆ ਕੇ ਉਹ ਬੈਠ ਗਿਆ ਸੀ। ਉਸ ਨੇ ਲੰਬੇ-ਲੰਬੇ ਸਾਹ ਲਏ ਸਨ। ਦੋਵੇਂ ਹੱਥ ਜੋੜ ਕੇ ਕਿਹਾ ਸੀ, ‘‘ਭਰਾਵਾ-ਮੈਂ ਤੇਰਾ ਕਿਵੇਂ ਸ਼ੁਕਰੀਆ ਅਦਾ ਕਰਾਂ। ਤੂੰ ਮੈਨੂੰ ਮੇਰੀ ਭੌਇੰ ’ਤੇ ਲੈ ਆਇਆਂ।’’
ਮੈਂ ਉਸ ਵੱਲ ਦੇਖਿਆ ਸੀ। ਫੇਰ ਮੈਨੂੰ ਰੱਸਿਆਂ ਉਪਰੋਂ ਦੀ ਪੰਮਾ ਡਿਗਦਾ ਦਿਸਿਆ ਸੀ। ਪੰਮੇ ਦੀ ਚੀਕ ਸੁਣੀ ਸੀ। ਹੁਣ ਜਮੀਲ ਪਾਕਿਸਤਾਨੀ ਫ਼ੌਜ ਦਾ ਸਿਪਾਹੀ ਸੀ। ਫੇਰ ਮੈਂ ਗੁੱਸੇ ਨਾਲ ਪਾਗਲ ਹੋ ਗਿਆ ਸੀ। ਮੈਨੂੰ ਸਿਰਫ ਤੇ ਸਿਰਫ ਆਪਣਾ ਦੁਸ਼ਮਣ ਦਿੱਸ ਰਿਹਾ ਸੀ। ਹੁਣ ਜਮੀਲ ਮੇਰਾ ਦੁਸ਼ਮਣ ਸੀ।
ਮੈਂ ਉਸ ਵੱਲ ਨਿਸ਼ਾਨਾ ਸਾਧਣ ਲਈ ਰਾਈਫਲ ਦੇ ਟ੍ਰੀਗਰ ’ਤੇ ਉਂਗਲ ਦਾ ਦਬਾਉ ਪਾਉਣਾ ਸ਼ੁਰੂ ਕੀਤਾ ਸੀ। ਮੈਨੂੰ ਇਕ ਆਵਾਜ਼ ਸੁਣੀ ਸੀ। ਫੇਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਸੀ ਕਿ ਗੋਲੀ ਮੈਂ ਚਲਾਈ ਸੀ ਜਾਂ ਮੇਰੀ ਕੰਪਨੀ ਦੇ ਕਿਸੇ ਜੁਆਨ ਨੇ। ਜਦੋਂ ਮੈਨੂੰ ਹੋਸ਼ ਆਈ ਸੀ ਤਾਂ ਮੈਂ ਹਸਪਤਾਲ ਦੇ ਬੈੱਡ ’ਤੇ ਪਿਆ ਸੀ।
-ਜਿੰਦਰ, ਜਲੰਧਰ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: