ਪੁਸਤਕ ਸਮੀਖਿਆ । ਪੰਜਾਬ ਦੀ ਇਤਿਹਾਸਕ ਗਾਥਾ । ਰਾਜਪਾਲ ਸਿੰਘ
ਪੰਜਾਬ ਦੀ ਇਤਿਹਾਸਕ ਗਾਥਾ (1849-2000) (ਇਤਿਹਾਸ)ਲੇਖਕ : ਰਾਜਪਾਲ ਸਿੰਘਸਫੇ: 205, ਮੁੱਲ:150 ਰੁਪਏਪ੍ਰਕਾਸ਼ਕ ਪੀਪਲਜ਼ ਫੋਰਮ, ਬਰਗਾੜੀ, ਪੰਜਾਬਇਤਿਹਾਸ ਕੀ ਹੈ? ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬੀਤੇ ਦਾ ਵਸਤੂਪਰਕ (objective) ਨਿਰੀਖਣ ਹੈ। ਅਗਲਾ ਸਵਾਲ ਇਹ ਹੈ ਕਿ ਕਿਸੇ ਨੂੰ ਇਹ ਨਿਰੀਖਣ ਕਰਨ ਦੀ ਅਤੇ ਹੋਰਾਂ ਨੂੰ ਇਹ ਪੜ੍ਹਨ ਦੀ ਲੋੜ ਕਿਉਂ ਹੈ? ਇਸ ਦਾ ਜਵਾਬ ਸਿੱਧਾ ਜਿਹਾ ਹੈ - ਕਿਉਂਕਿ ਸਾਡਾ ਵਰਤਮਾਨ ਸਾਡੇ ਭੂਤਕਾਲ ਵਿੱਚ ਬੀਜੇ ਹੋਏ ਦੀ ਫ਼ਸਲ ਹੀ ਹੈ। ਭੂਤਕਾਲ ਨੂੰ ਠੀਕ ਠੀਕ ਸਮਝੇ ਬਿਨਾਂ ਵਰਤਮਾਨ ਨੂੰ ਸਮਝਣਾ ਅਸੰਭਵ ਹੈ। ਅਸੀਂ ਭੂਤਕਾਲ ਵਿੱਚ ਕੀਤੀਆਂ ਗਲਤੀਆਂ ਦੇ ਨਤੀਜਿਆਂ ਤੋਂ ਭਵਿੱਖ ਵਿੱਚ ਸੁਚੇਤ ਹੋ ਸਕਦੇ ਹਾਂ। ਪਰ ਇਹ ਸਾਰਾ ਸਿਲਸਿਲਾ ਇੰਨਾ ਸੌਖਾ ਨਹੀਂ ਹੈ ਜਿੰਨਾ ਪਹਿਲੀ ਨਜ਼ਰੇ ਲਗਦਾ ਹੈ। ਸਭ ਤੋਂ ਪਹਿਲੇ ਤਾਂ ਘਟਨਾਵਾਂ ਦਾ ਬੇਲਾਗ ਵਿਸ਼ਲੇਸ਼ਣ ਹੀ ਮੁਸ਼ਕਿਲ ਹੈ ਖਾਸ ਤੌਰ 'ਤੇ ਜੇਕਰ ਉਹ ਤੁਹਾਡੇ ਆਪਣੇ ਧਰਮ, ਕੌਮ ਜਾਂ ਦੇਸ਼ ਨਾਲ ਸਬੰਧਿਤ ਹੋਣ। ਕਿਉਂਕਿ ਬਹੁਤੇ ਲੋਕਾਂ ਦੇ ਕਿਸੇ ਨਾ ਕਿਸੇ ਰੰਗ ਦਾ ਚਸ਼ਮਾ ਲੱਗਿਆ ਹੁੰਦਾ ਹੈ ਜਿਸ ਬਾਰੇ ਉਹ ਆਪ ਵੀ ਸੁਚੇਤ ਨਹੀਂ ਹੁੰਦਾ ਪਰ ਇਸ ਕਾਰਣ ਉਸ ਨੂੰ ਦੁਨੀਆਂ ਉਸੇ ਰੰਗ ਦੀ ਦਿਸਦੀ ਹੈ ਜਿਸ ਰੰਗ ਦੇ ਉਸਦੇ ਚਸ਼ਮੇ ਦੇ ਸ਼ੀਸੇ ਹਨ। ਪੰਜਾਬ ਦਾ ਸੋਹਲਵੀਂ ਤੋਂ ਅਠਾਹਰਵੀਂ ਸਦੀ ਤੱਕ ਦਾ ਤਿੰਨ ਸੌ ਸਾਲ ਦਾ ਇਤਿਹਾਸ ਪੜ੍ਹ ਕੇ ਲਗਦਾ ਹੈ ਕਿ ਇਤਿਹਾਸ ਮਾਤਰ ਧਰਮਾਂ ਦੀ ਲੜਾਈ ਤੀਕ ਹੀ ਸੀਮਿਤ ਹੁੰਦਾ ਹੈ। ਬਸ ਮੁਸਲਿਮ ਬਾਦਸ਼ਾਹ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਲੱਗੇ ਰਹਿੰਦੇ ਸਨ ਅਤੇ ਅਜੇਹਾ ਨਾ ਕਰਨ ਤੇ ਸ਼ਹੀਦ ਕਰ ਦਿੰਦੇ ਸੀ। ਪੰਜਾਬ ਵਿੱਚ ਇਨ੍ਹਾਂ ਤਿੰਨ ਸੌ ਸਾਲਾਂ ਦੌਰਾਨ ਇਹੋ ਕੁਝ ਨਹੀਂ ਵਾਪਰਿਆ, ਹੋਰ ਵੀ ਬਹੁਤ ਕੁਝ ਸੀ ਜਿਸ ਬਾਰੇ ਕਦੇ ਕੁਝ ਨਹੀਂ ਲਿਖਿਆ ਜਾਂਦਾ। ਪੰਜਾਬ ਦੇ ਸਤਾਹਰਵੀਂ ਸਦੀ ਦੇ ਇਤਿਹਾਸ ਦਾ ਬੇਹਤਰੀਨ ਨਮੂਨਾ ਡਾਕਟਰ ਚੇਤਨ ਸਿੰਘ ਦੀ ਕਿਤਾਬ ਰੀਜਨ ਐਂਡ ਐੰਪਾਇਰ: ਪੰਜਾਬ ਇਨ ਦਾ ਸੈਵਨਟੀਨਥ ਸੈਂਚਰੀ (ਆਕਸਫੌਰਡ, 1999) ਪੜ੍ਹ ਕੇ ਵੇਖੋ, ਪਤਾ ਲੱਗੇਗਾ ਕਿ ਇਤਿਹਾਸ ਹੁੰਦਾ ਕੀ ਹੈ।ਆਮਤੌਰ ਤੇ ਇਤਿਹਾਸਕਾਰ ਉਸ ਸਾਰੇ ਕੁਝ ਦਾ ਚਸ਼ਮਦੀਦ ਗਵਾਹ ਨਹੀਂ ਹੁੰਦਾ ਜਿਸ ਸਾਰੇ ਘਟਨਾਕ੍ਰਮ ਦਾ ਨਿਰੀਖਣ ਉਹ ਕਰ ਰਿਹਾ ਹੁੰਦਾ ਹੈ। ਇਸ ਲਈ ਉਸਨੂੰ ਹੋਰ ਸੋਮਿਆਂ ਤੋਂ ਤੱਥਾਂ ਨੂੰ ਜਾਨਣ ਦੀ ਲੋੜ ਪੈਂਦੀ ਹੈ। ਪੱਖਪਾਤੀ ਇਤਿਹਾਸਕਾਰ ਪਹਿਲੀ ਬੇਈਮਾਨੀ ਇਸ ਕਦਮ ਤੇ ਕਰਦਾ ਹੈ। ਉਹ ਸਿਰਫ਼ ਉਨ੍ਹਾਂ ਸੋਮਿਆਂ ਨੂੰ ਆਪਣਾ ਅਧਾਰ ਬਣਾਉਂਦਾ ਹੈ ਜੋ ਉਸ ਦੀ ਪੂਰਵ ਧਾਰਣਾਵਾਂ ਦੇ ਮੁਤਾਬਿਕ ਹੁੰਦੇ ਹਨ ਬਾਕੀਆਂ ਨੂੰ ਉਹ ਜਾਣ-ਬੁਝ ਕੇ ਅੱਖੋਂ ਪਰੋਖੇ ਕਰ ਦਿੰਦਾ ਹੈ। ਨਾਲੇ ਤੱਥ ਆਪਣੇ ਆਪ ਨਹੀਂ ਬੋਲਦੇ ਹੁੰਦੇ। ਬ੍ਰਿਟਿਸ਼ ਇਤਿਹਾਸਕਾਰ ਈ.ਐੱਚ. ਕਾਰ (1892-1982) ਮੁਤਾਬਿਕ ਤੱਥ ਤਾਂ ਮੱਛੀ-ਫਰੋਸ਼ ਦੀ ਸਿਲ ਤੇ ਪਈਆਂ ਮੱਛੀਆਂ ਵਾਂਙ ਹਨ। ਇਤਿਹਾਸਕਾਰ ਇਨ੍ਹਾਂ ਨੂੰ ਲੈ ਜਾਂਦਾ ਹੈ, ਜਿਵੇਂ ਉਸਨੂੰ ਭਾਉਂਦਾ ਹੈ ਉਵੇਂ ਪਕਾਉਂਦਾ ਹੈ ਅਤੇ ਤੁਹਾਨੂੰ