ਪੰਜਾਬੀ ਲੇਖਕਾਂ ਦਾ ਭੂਤਵਾੜਾ
ਅਸੀਂ ਭੂਤਵਾੜਾ ਨਹੀਂ ਵੇਖਿਆ, ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ (ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੁੰਦੇ ਹਨ)। ਸਾਡੀ ਮੁਰਾਦ 1961-62 ਤੋਂ ਲੈ ਕੇ 1964-65 ਤਕ ਪਟਿਆਲੇ ਵਿਚ ਪੈਦਾ ਹੋਏ ਭੂਤਵਾੜੇ ਤੋਂ ਹੈ।ਮੁਢਲੇ ਤੌਰ ਤੇ ਇਹ ਸ਼ਬਦ ਮਹਿੰਦਰਾ ਕਾਲਜ ਪਟਿਆਲਾ ਦੀ ਐਮ.ਏ.ਪੰਜਾਬੀ ਦੇ 1961-62 ਵਿਚ ਦਾਖਲ ਹੋਏ ਵਿਦਿਆਰਥੀਆਂ ਦੇ ਉਸ ਟੋਲੇ ਨਾਲ ਜੁੜਿਆ ਹੈ, ਜਿਹੜਾ ਲੋਅਰ ਮਾਲ ਤੇ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ (ਮਹਾਂਭੂਤ) ਦੇ ਘਰ ਦੇ ਸਾਹਮਣੇ ਇਕ ਸੁੰਨੀ ਜਿਹੀ ਕੋਠੀ ਵਿਚ ਰਹਿੰਦੇ ਸਨ। ਇਸ ਜਮਾਤ ਵਿਚ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਹਰਬੰਸ ਬਰਾੜ, ਸੁਰਜੀਤ ਬੈਂਸ, ਸੁਰਿੰਦਰ ਚਾਹਲ, ਅਨੂਪ ਸਿੰਘ ਸਨ ਜਦੋਂ ਕਿ ਕੁਲਵੰਤ ਗਰੇਵਾਲ ਇਕ ਜਮਾਤ ਅੱਗੇ ਅਤੇ ਦਰਬਾਰਾ ਸਿੰਘ ਇਕ ਜਮਾਤ ਪਿੱਛੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਗੁਰਚਰਨ ਸਿੰਘ, ਪ੍ਰੋਫੈਸਰ ਉਮਰਾਓ ਸਿੰਘ ਇਨ੍ਹਾਂ ਦੇ ਅਧਿਆਪਕ ਸਨ ਅਤੇ ਉਸ ਸਮੇਂ ਅੰਗਰੇਜੀ ਦੇ ਪ੍ਰੋਫੈਸਰ ਸੋਮ ਪ੍ਰਕਾਸ਼ ਰੰਚਨ ਅਤੇ ਪ੍ਰੋਫੈਸਰ ਰਾਜਦਾਨ ਵੀ ਇੱਥੇ ਹੀ ਸਨ। ਉਸ ਸਮੇਂ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਗੋਵਰਧਨ ਲਾਲ ਬਖ਼ਸ਼ੀ ਸਨ। ਇਸੇ ਸਮੇਂ ਹੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਬੈਚ ਵੀ 1963-64 ਵਿਚ ਮਹਿੰਦਰਾ ਕਾਲਜ ਦੀ ਇਮਾਰਤ ਵਿਚ ਹੀ ਸ਼ੁਰੂ ਹੋਇਆ । ਸੁਰਜੀਤ ਪਾਤਰ, ਵੀਰ ਸਿੰਘ ਰੰਧਾਵਾ, ਅਜਮੇਰ ਔਲਖ ਅਤੇ ਤਰਲੋਕ ਸਿੰਘ ਅਨੰਦ ਹੋਰੀ ਵਿਦਿਆਰਥੀ ਸਨ। ਮਹਿੰਦਰਾ ਕਾਲਜ ਵਿਚ ਐਮ.ਏ. ਪੰਜਾਬੀ ਅੱਜ ਵੀ ਚਲਦੀ ਹੈ, ਪਰ ਪੰਜਾਬੀ ਯੂਨੀਵਰਸਿਟੀ ਬਣਨ ਨਾਲ ਬਹੁਤਾ ਰੁਝਾਨ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਵੱਲ ਹੋ ਗਿਆ , ਉਸ ਸਮੇਂ ਪਹਿਲਾ ਬੈਚ ਵੀ ਮਹਿੰਦਰਾ ਕਾਲਜ ਹੀ ਚੱਲਿਆ। ਸੋ ਇਕ ਤਰ੍ਹਾਂ ਨਾਲ 1961 ਤੋਂ 1965 ਤਕ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪੜ੍ਹਨ ਵਾਲੇ ਸਾਰੇ ਹੀ ਭੂਤ ਨਹੀਂ ਤਾਂ ਭੂਤਾਂ ਦੇ ਨੇੜੇ ਤੇੜੇ ਹੀ ਸਨ। ਜੇ ਇਸ ਭੂਤਵਾੜੇ ਦਾ ਦਾਇਰਾ ਹੋਰ ਵੀ ਵਧਾਉਣਾ ਹੋਵੇ ਤਾਂ ਉਸ ਸਮੇਂ ਦੀਆਂ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਇਸ ਦੀ ਜੱਦ ਵਿਚ ਆ ਜਾਂਦੀਆਂ ਹਨ ਕਿਉਂਕਿ ਇਸੇ ਸਮੇਂ ਹੀ ਖ਼ਾਲਸਾ ਕਾਲਜ, ਪਟਿਆਲਾ ਵੀ ਜੰਮਣ ਪੀੜਾ ਹੰਢਾ ਰਿਹਾ ਸੀ। ਕੁਝ ਭੂਤ ਉਥੇ ਵੀ ਪੜ੍ਹਦੇ ਪੜ੍ਹਾਉਦੇ ਸੀ। ਪੰਜਾਬੀ ਯੂਨੀਵਰਸਿਟੀ ਦੀਆਂ ਜਮਾਤਾਂ ਵੀ ਮਹਿੰਦਰਾ ਕਾਲਜ ਤੋਂ ਇਲਾਵਾ ਬਾਰਾਂਦਰੀ, ਜੀ.ਸੀ.ਜੀ. ਤੇ ਥਾਪਰ ਵਿਚ ਵੀ ਲਗਦੀਆਂ ਸਨ। ਬਹੁਤੇ ਭੂਤ ਭਾਵੇਂ ਪੰਜਾਬੀ ਦੇ ਸਨ ਪਰ ਕੁਝ ਅੰਗਰੇਜ਼ੀ ,ਫਿਲਾਸਫੀ, ਜੁਗਰਾਫੀ, ਲਿੰਗੁਇਸਟਿਕ ਆਦਿ ਵਿਚ ਵੀ ਤੁਰੇ ਫਿਰਦੇ ਸਨ। ਇਨ੍ਹਾਂ ਭੂਤ