ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਮਹਿਕਦੀਆਂ ਯਾਦਾਂ

ਰਾਹ ਫੱਕਰ ਦਾ ਪਰੇ-ਪਰੇਰੇ
ਵਗਦੀ ਪਈ ਸਵਾਂਅ ਢੋਲਾ..

ਮੈਂ ਕਈ ਵਾਰ ਸੋਚਦਾਂ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਨਾਲ਼ ਏਨਾਂ ਮੋਹ ਕਿਉਂ ਸੀ? ਉਸਦੇ ਬਾਰੇ ਅੱਜ ਵੀ ਪ੍ਰੀਤਨਗਰ ਤੇ ਆਸ-ਪਾਸ ਦੇ ਇਲਾਕੇ ਵਿਚ ਕਈ ਯਾਦਾਂ-ਮਿੱਥਾਂ ਪ੍ਰਚਿਲਤ ਹਨ।

ਮੈਂ ਕੁਝ ਵਿਅਕਤੀਆਂ ਤੋਂ ਬਲਰਾਜ ਸਾਹਨੀ ਬਾਰੇ ਯਾਦਾਂ ਦੇ ਅਧਾਰ ‘ਤੇ ਜਾਣਕਾਰੀ ਇੱਕੱਠੀ ਕੀਤੀ।ਹਿੰਦੀ ਸਿਨੇਮਾ ਵਿਚ ਆਪਣੇ ਕੈਰੀਅਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਤੋਂ ਬਾਅਦ ਵੀ ਲੱਗਦਾ ਸੀ ਕਿ ਉਸਦਾ ਅਤੀਤ ਪਰਛਾਵੇਂ ਵਾਂਗ ਉਸਦੇ ਪਿੱਛੇ ਮੰਡਰਾਉਂਦਾ ਰਹਿੰਦਾ ਇਸੇ ਅਤੀਤ ਦੀ ਪਰਛਾਵਾਂ ਉਸਨੂੰ ਹਵਾ ਦੇ ਬੁੱਲੇ ਵਾਂਗ ਉਡਾ ਕੇ ਪ੍ਰੀਤਨਗਰ ਲੈ ਆਉਂਦਾ। ਬੰਬਈ ਵਿਚ ਉਸ ਕੋਲ਼ ਅਥਾਹ ਸ਼ੌਹਰਤ ਤੇ ਪੈਸਾ ਤਾਂ ਸੀ, ਪਰ ਪਤਾ ਨਹੀਂ ਕਿਹੜੀ ਬੇਚੈਨੀ ਜਾਂ ਆਵਾਰਗੀ ਉਸ ਨੂੰ ਭਟਕਦੇ ਮਿਰਗ ਵਾਂਗ ਪੰਜਾਬ ਤੇ ਪ੍ਰੀਤਨਗਰ ਲੈ ਆਉਂਦੀ।
ਇਸੇ ਬੇਚੈਨ ਤਲਾਸ਼ ਦੀ ਬਦੌਲਤ ਹਿੰਦੀ ਸਿਨੇਮਾ ਜਗਤ ਦਾ ਆਪਣੇ ਸਮੇਂ ਦਾ ਸਭ ਤੋਂ ਨਾਮਵਰ ਹੀਰੋ ਚਾਦਰ ਕੁੜਤੇ ਦੇ ਜਟਕਾ ਪਹਿਰਾਵੇ ‘ਚ ਸਰਹੱਦ ‘ਤੇ ਵੱਸੇ ਪਛੜੇ ਜਿਹੇ ਕਸਬੇ ਚੋਗਾਵਾਂ ਦੀਆਂ ਸੜਕਾਂ ‘ਤੇ ਮਟਰਗਸਤੀ ਕਰ ਰਿਹਾ ਹੁੰਦਾ ਤੇ ਆਮ ਲੋਕਾਂ ਵਿਚ ਬੇਪਰਵਾਹੀ ਨਾਲ਼ ਫਿਰਦਿਆਂ ਰੇਹੜੀਆਂ ਤੋਂ ਫਲ ਖਰੀਦ ਰਿਹਾ ਹੁੰਦਾ।ਚੋਗਾਵਾਂ ਦੇ ਇਕ ਬਜੁਰਗ ਫਲ ਵੇਚਣ ਵਾਲੇ ਨੇ ਮੈਨੂੰ ਦੱਸਿਆ ਕਿ ” ਬਲਰਾਜ ਸਾਹਨੀ ਪ੍ਰੀਤਨਗਰ ਨੂੰ ਲੰਘਦਿਆਂ ਅਕਸਰ ਮੇਰੇ ਕੋਲ਼ ਰੁਕਿਆ ਕਰਦਾ ਸੀ”। ਇਕ ਵਾਰ ਬਲਰਾਜ ਸਾਹਨੀ ਪ੍ਰੀਤਨਗਰ ਤੋਂ ਸਈਕਲ ‘ਤੇ ਚੋਗਾਂਵੇਂ ਆਇਆ ਤੇ ਕੁਝ ਖਰੀਦਣ ਲੱਗਾ। ਚਾਦਰ ਕੁੜਤੇ ਦੇ ਸਾਦਾ ਪਹਿਰਾਵੇ ‘ਚ ਹੋਣ ਕਾਰਨ ਪਹਿਲਾਂ ਤਾਂ ਉਸ ਵੱਲ ਕਿਸੇ ਧਿਆਨ ਨਾਂ ਦਿੱਤਾ, ਪਰ ਜਲਦੀ ਹੀ ਇਕ ਵਿਅਕਤੀ ਦੀ ਨਜ਼ਰ ਪੈ ਗਈ ਉਸ ਦੁਆਲ਼ੇ ਭੀੜ ਇਕੱਠੀ ਹੋ ਗਈ। ਬਲਰਾਜ ਸਾਹਨੀ ਕਾਫੀ ਦੇਰ ਲੋਕਾਂ ਨਾਲ਼ ਹਾਸੇ-ਮਜਾਕ ਦੇ ਰੌਂਅ ਵਿਚ ਗੱਲਾਂ ਕਰਦਾ ਰਿਹਾ।
ਉਹ 1913 ਵਿਚ ਰਾਵਲਪਿੰਡੀ ਦੇ ਖੁਸ਼ਹਾਲ ਖੱਤਰੀ ਪਰਿਵਾਰ ਵਿਚ ਜਨਮਿਆਂ ਉਸ ਦਾ ਭਰਾ ਭੀਸ਼ਮ ਸਾਹਨੀ ਵੀ ਜ਼ਿਕਰਯੋਗ ਪੰਜਾਬੀ ਲੇਖਕ ਮੰਨਿਆ ਗਿਆ।ਰਾਵਲਪਿੰਡੀ ਦੇ ਕੋਲ਼ੋਂ ਸਵਾਂਅ ਨਦੀ ਵਗਦੀ ਹੈ। ਸਵਾਂਅ ਨਦੀ ਦੇ ਕਿਨਾਰਿਆਂ ‘ਤੇ ਉਸਦੇ  ਬਚਪਨ ਦੇ ਬਹੁਤ ਅਮੀਰ ਯਾਦਗਾਰੀ ਲਮਹੇ ਬੀਤੇ ਸਨ।ਇਹੀ ਕਾਰਨ ਸੀ ਕਿ ਉਹ ਜਦੋਂ ਪ੍ਰੀਤਨਗਰ ਆਉਂਦਾ ਤਾਂ ਰਾਵੀ ਦੇ ਕੰਢੇ ਸੈਰ ਕਰਨ ਨਿਕਲ਼ ਜਾਂਦਾ। ਉਹ ਅਕਸਰ ਕਿਹਾ ਕਰਦਾ ਸੀ ਕਿ ” ਮੈਨੂੰ ਰਾਵੀ ਨਾਲ਼ ਬੜਾ ਮੋਹ ਹੈ ਮੇਰਾ ਜੀਅ ਕਰਦਾ ਹੈ ਕਿ ਮੈਂ ਰਾਵੀ ਵਿਚ ਰੁੜ ਜਾਵਾਂ।” ਉਹ ਰਾਵੀ ਨਦੀ ‘ਚੋਂ ਸਵਾਂਅ ਨਦੀ ਦੇ ਕੰਢੇ ਗੁਆਚਿਆ ਆਪਣਾ ਅਤੀਤ ਲੱਭਣ ਦੀ ਕੋਸ਼ਿਸ਼ ਕਰਦਾ ਸੀ। ਸਾਹਨੀ ਅਕਸਰ ਰਾਵੀ ਨਦੀ ਦੇ ਕੰਢੇ ਖੜਾ ਰੋ ਪੈਂਦਾ ਤੇ ਨਮ ਅੱਖਾਂ ਨਾਲ਼ ਸਵਾਂਅ ਨਦੀ ਨੂੰ ਅਵਾਜਾਂ ਮਾਰਦਾ ਹੋਇਆ ਰਾਵਲਪਿੰਡੀ ਦੇ ਇਲਾਕੇ ਵਿਚ ਪ੍ਰਚਿਲਿਤ ਗੀਤ ਗਾਉਣ ਲੱਗਦਾ:

ਵਗਦੀ ਪਈ ਸਵਾਂਅ ਢੋਲਾ
ਛੋਡਸ ਮੇਰੀ ਬਾਂਹ ਢੋਲਾ

ਇਕ ਵਾਰ ਲੇਖਕ ਮੁਖ਼ਤਾਰ ਗਿੱਲ ਅਤੇ ਬਲਰਾਜ ਸਾਹਨੀ ਦਰਿਆ ਕਿਨਾਰੇ ਸੈਰ ਕਰ ਰਹੇ ਸਨ। ਇਕ ਬੰਨ੍ਹ ਬਣ ਰਿਹਾ ਸੀ ਜਿਸਤੇ ਕੁਝ ਮਜਦੂਰ ਮਿੱਟੀ ਪਾ ਰਹੇ ਸਨ।ਅੱਤ ਦੀ ਗਰਮੀ ਤੇ ਫਟੇਹਾਲ ਮਜਦੂਰਾਂ ਨੂੰ ਵੇਖ ਸਾਹਨੀ ਨੂੰ ਤਰਸ ਆਇਆ। ਇਹ 70ਵਿਆਂ ਦੇ ਦਹਾਕੇ ਦੀ ਗੱਲ ਹੈ ਉਸਨੇ 200 ਰੁਪਏ ਜੇਬ ‘ਚੋਂ ਕੱਢੇ ਤੇ ਮਜਦੁਰਾਂ ਨੂੰ ਦੇ ਦਿੱਤੇ। ਆਪ ਅਗਾਂਹ ਸੈਰ ਕਰਨ ਚਲੇ ਗਏ।ਸਾਹਨੀ ਦਾ ਵਿਚਾਰ ਸੀ ਕਿ ਅੱਜ ਇਹਨਾਂ ਦੇ ਪਰਿਵਾਰ ਵੀ ਰੋਟੀ ਪੇਟ ਭਰ ਕੇ ਖਾ ਲੈਣਗੇ। ਉਦੋਂ ਪੰਜ ਰੁਪਏ ਮਜਦੂਰ ਦੀ ਦਿਹਾੜੀ ਸੀ ਤੇ 200 ਰੁਪਏ ਅੱਜ ਦੇ ਹਜਾਰਾਂ ਵਰਗੇ ਸਨ।ਜਦੋਂ ਤਕਰੀਬਨ ਤਿੰਨ ਘੰਟਿਆਂ ਮਗਰੋਂ ਦੋਵੇਂ ਸੈਰ ਕਰਦੇ ਮੁੜੇ ਤਾਂ ਕੁਝ ਮਜਦੂਰ ਮਿੱਟੀ ਵਿਚ ਲੇਟ ਰਹੇ ਸਨ ਤੇ ਕੁਝ ਸ਼ਰਾਬੀ ਹਾਲਤ ਵਿਚ ਇਕ-ਦੂਜੇ ਨਾਲ ਲੜ-ਝਗੜ ਰਹੇ ਸਨ ,” ਮੁਖਤਾਰ ਗਿੱਲ ਹੱਸ ਕਿ ਕਹਿਣ ਲੱਗਾ ਲੈ ਪਹੁੰਚ ਗਈਆਂ ਈ ਇਹਨਾਂ ਦੇ ਘਰੇ ਰੋਟੀਆਂ”।
ਪ੍ਰੀਤਨਗਰ ਮੁਖ਼ਤਾਰ ਗਿੱਲ ਦੇ ਘਰੇ ਲੇਖਕਾਂ ਦੇ ਰੋਜ਼ ਹੀ ਉਤਾਰੇ ਹੋਏ ਰਹਿੰਦੇ। ਇਕ ਵਾਰ ਗੁਲ ਚੌਹਾਨ ਤੇ ਮੁਖ਼ਤਾਰ ਗਿੱਲ ਕੋਲ਼ ਸਿਰਫ ਦੋ ਹੀ ਪਰੌਂਠੇ ਸਨ। ਦੋਹਾਂ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਅਜੇ ਦੋਵੇਂ ਖਾਣ ਹੀ ਲੱਗੇ ਸਨ ਕਿ ਬਲਰਾਜ ਸਾਹਨੀ ਆਉਂਦਾ ਦਿਸ ਪਿਆ। ਦੋਵੇਂ ਸੋਚਣ ਲੱਗੇ ਕਿ ਇਹਨੂੰ ਸੁਲ੍ਹਾ ਕਾਹਦੀ ਮਾਰਾਂਗੇ। ਦੋਵਾਂ ਨੇ ਪਰੌਂਠੇ ਆਲ਼ੇ ‘ਤੇ ਰੱਖ ਦਿੱਤੇ ਤੇ ਬਲਰਾਜ ਸਾਹਨੀ ਨੂੰ ਮਿਲ਼ਨ ਲੱਗ ਪਏ। ਪੰਜਾਬੀਆਂ ਵਾਲ਼ੀ ਪ੍ਰਾਹੁਣਾਚਾਰੀ ਪਾਲਦਿਆਂ ਦੋਵਾਂ ਨੇ ਬਲਰਾਜ ਸਾਹਨੀ ਨੂੰ ਕਿਹਾ ਆਉ! ਪਰਸ਼ਾਦਾ ਛਕਦੇ ਹਾਂ।”
ਜਦੋਂ ਗੁਲ਼ ਚੌਹਾਨ ਪਰੌਂਠਿਆਂ ਵਾਲ਼ੀਆਂ ਪਲੇਟਾਂ ਚੁੱਕਣ ਆਲ਼ੇ ਲਾਗੇ ਪਹੁੰਚਿਆ ਤਾਂ ਏਨੀ ਦੇਰ ਨੂੰ ਇਕ ਕੁੱਤਾ ਪਰੌਂਠੇ ਚੁੱਕ ਕੇ ਲੈ ਗਿਆ ਤੇ ਵਿਹੜੇ ਵਿਚ ਬੈਠਾ ਖਾ ਰਿਹਾ ਸੀ। ਮੁਖ਼ਤਾਰ ਗਿਲ ਕਹਿਣ ਲੱਗਾ, ” ਪਤਾ ਹੁੰਦਾ ਪਹਿਲਾਂ ਪਰੌਂਠੇ ਖਾ ਲੈਂਦੇ ਸਾਹਨੀ ਸਾਹਬ ਨੂੰ ਤਾਂ ਬਾਅਦ ਵਿਚ ਵੀ ਮਿਲ਼ ਸਕਦੇ ਸਾਂ।” ਇਕ ਵਾਰ ਮੇਰੇ ਪਿੰਡ ਦਾ ਇਕ ਵਿਅਕਤੀ ਸਈਕਲ ‘ਤੇ ਅੰਮ੍ਰਿਤਸਰੋਂ ਬਲਰਾਜ ਸਾਹਨੀ ਦੀ ਫਿਲਮ ਵੇਖ ਕਿ ਆ ਰਿਹਾ ਸੀ। ਉਹ ਵਿਅਕਤੀ ਜਦੋਂ ਗੌਂਸਾਬਾਦ ਕੋਲ਼ ਪਹੁੰਚਿਆ ਤਾਂ ਬਲਰਾਜ ਸਾਹਨੀ ਦੀ ਗੱਡੀ ਖਰਾਬ ਹੋਈ ਸੜਕ ਦੇ ਕਿਨਾਰੇ ਖੜੀ ਸੀ ਤੇ ਕੋਲ਼ ਬਲਰਾਜ ਸਾਹਨੀ ਖੜਾ ਸੀ।ਉਸ ਵਿਅਕਤੀ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਬਲਰਾਜ ਸਾਹਨੀ ਦੀ ਕਾਰ ਖਰਾਬ ਹੋ ਗਈ ਸੀ ਉਹ ਵਿਅਕਤੀ ਸਈਕਲ ‘ਤੇ ਬਿਠਾ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਛੱਡ ਕੇ ਆਇਆ।

ਬਲਰਾਜ ਸਾਹਨੀ 1930 ‘ਟੈਗੋਰ ਦੀ ਯੂਨੀਵਰਸਿਟੀ ਵਿਸ਼ਵ ਭਾਰਤੀ ਸ਼ਾਂਤੀ ਨਿਕੇਤਨ ‘ਚ ਬਤੌਰ ਅੰਗਰੇਜ਼ੀ ਅਧਿਆਪਕ ਕੰਮ ਕੀਤਾ।ਇੱਥੇ ਉਸਦੇ ਲੜਕੇ ਪ੍ਰੀਕਸ਼ਤ ਸਾਹਨੀ ਦਾ ਜਨਮ ਹੋਇਆ।1936 ‘ਚ ਕੁਝ ਸਮਾਂ ਮਹਾਤਮਾ ਗਾਂਧੀ ਨਾਲ਼ ਬਿਤਾਉਣ ਮਗਰੋਂ ਬੀ ਬੀ ਸੀ ਲੰਦਨ ਤੋਂ ਅਨਾਉਂਸਰ ਵਜ੍ਹੋਂ ਸੇਵਾਵਾਂ ਦਿੱਤੀਆਂ।ਉਹ 1946 ਵਿਚ ਵਾਪਸ ਭਾਰਤ ਆ ਕੇ  ‘ਇਨਸਾਫ’ ਫਿਲਮ ਨਾਲ਼ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ‘ਧਰਤੀ ਕੇ ਲਾਲ’ ਫਿਲਮ ਨਾਲ਼ ਚਮਕਿਆ, ਪਰ 1953 ‘ਚ ਬਿਮਲ ਰਾਏ ਦੀ ਫਿਲਮ ‘ਦੋ ਬਿਘਾ ਜ਼ਮੀਨ’ ਬਲਰਾਜ ਸਾਹਨੀ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਫਿਲਮ ‘ਕਾਬਲੀਵਾਲਾ’ ਉਸ ਦੀ ਉਸ ਦੌਰ ਦੀ ਹਿੱਟ ਫਿਲਮ ਸੀ।

ਉਸ ਦੌਰ ਦੀਆਂ ਹਿੱਟ ਅਭਿਨੇਤਰੀਆਂ ਮੀਨਾ ਕੁਮਾਰੀ, ਵੈਯਜੰਤੀ ਮਾਲਾ, ਨੂਤਨ, ਨਰਗਿਸ ਉਸ ਨਾਲ਼ ਕਿਰਦਾਰ ਕਰਕੇ ਖੁਸ਼ੀ ਮਹਿਸੂਸਦੀਆਂ।ਉਸਨੇ ਫਿਲਮ ‘ਸੀਮਾ’ (1955), ‘ਬਾਬੀ ਕੀ ਚੂੜੀਆਂ'(1955), ‘ਕਠਪੁਤਲੀ’ (1957), ‘ਲਾਜਵੰਤੀ'(1958), ‘ਘਰ ਸੰਸਾਰ'(1958) ਤੋਂ ਇਲਾਵਾ ਹੋਰ ਅਨੇਕਾਂ ਫਿਲਮਾ ‘ਚ ਨਇਕ ਵਜ੍ਹੋਂ ਭੁਮਿਕਾ ਨਿਭਾਈ। ਫਿਲਮ ‘ਗਰਮ ਹਵਾ’ ‘ਚ ਉਸਦੀ ਭੁਮਿਕਾ ਆਪਣੀ ਚਰਮ ਸੀਮਾ ‘ਤੇ ਪਹੁੰਚਦੀ ਹੈ।ਉਸ ਨੇ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’, ਤੇ ‘ਸਤਲੁਜ ਦੇ ਕੰਢੇ’ ਵੀ ਬਣਾਈਆਂ।

ਬਲਰਾਜ ਸਾਹਨੀ ਐਕਟਰ ਤੋਂ ਇਲਾਵਾ ਲੇਖਕ ਵੀ ਸੀ।ਉਸ ਨੇ ‘ਮੇਰਾ ਰੂਸੀ ਸਫਰਨਾਮਾ’, ਤੇ ‘ਮੇਰਾ ਪਾਕਿਸਤਾਨੀ ਸਫਰਨਾਮਾ’ ਲਿਖਿਆ। ਉਸਨੇ 1951 ‘ਚ ਫਿਲਮ ‘ਬਾਜੀ’ ਦੀ ਕਹਾਣੀ ਲਿਖੀ। ਇਸ ਫਿਲਮ ਦਾ ਹੀਰੋ ਦੇਵ ਅਨੰਦ ਸੀ ਤੇ ਨਿਰਦੇਸ਼ਕ ਗੁਰੂ ਦੱਤ। ਇਸ ਫਿਲਮ ਦੀ ਕਹਾਣੀ ਨੂੰ ‘ਪਦਮ ਸ੍ਰੀ’ ਐਵਾਰਡ ਮਿਲਿਆ। ਉਹ ‘ਪੰਜਾਬੀ ਕਲਾ ਕੇਂਦਰ ਬੰਬਈ’ ਦਾ ਫਾਉਂਡਰ ਵੀ ਸੀ।

ਬਲਰਾਜ ਸਾਹਨੀ ਨੂੰ ਉਸਦੀ ਪਤਨੀ ਦਮਿਅੰਤੀ ਦੀ ਮੌਤ ਨੇ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਉਸਦੀ ਲਾਡਲੀ ਧੀ ਸ਼ਬਨਮ ਦੇ ਆਤਮ ਹੱਤਿਆ ਕਰ ਜਾਣ ਤੋਂ ਬਾਅਦ ਉਹ ਨਿਰਾਸ਼ ਤੇ ਉਦਾਸ ਰਹਿਣ ਲੱਗਾ। ਸਮੇਂ ਦਾ ਖਿਸਕਦਾ ਹੋਇਆ ਪੱਲਾ ਉਸਦਾ ਬਹੁਤ ਕੁਝ ਖੋਹ ਕੇ ਲੈ ਗਿਆ ਸੀ।ਅਤੇ ਉਸਦੀ ਹਿੱਕ ਦੁੱਖ ਵਿਚ ਧੁਖ਼ਦੀ ਰਹਿੰਦੀ।1973 ਦੀ ਇਕ ਬੇਹੱਦ ਉਦਾਸ ਸ਼ਾਮ ਸੀ ਖਾਮੋਸ਼ ਜਿਹੀ ਵਗਦੀ ਰਾਵੀ ਨਦੀ ਦੇ ਕਿਨਾਰੇ ਨੂੰ ਸ਼ਾਇਦ ਇਲਮ ਨਹੀਂ ਸੀ ਕਿ ਬਲਰਾਜ ਸਾਹਨੀ ਦੀਆਂ ਪੈੜਾਂ ਮੁੜ ਉਸਦੇ ਨਸੀਬ ਵਿਚ ਨਹੀਂ ਸਨ। ਬਲਰਾਜ ਸਾਹਨੀ ਸਮੁੰਦਰ ਦੇ ਕਿਨਾਰੇ ਸੈਰ ਕਰਨ ਨਿਕਲਿਆ। ਸੂਰਜ ਢਲਦੇ ਵੇਲਿਆਂ ਦੀ ਲਾਲੀ ਖਿਲਾਰ ਕੇ ਦੂਰ ਸਮੁੰਦਰ ‘ਚ ਲਹਿ ਰਿਹਾ ਸੀ, ਜਿਵੇਂ ਆਪਣੇ ਹੀ ਸੇਕ ਤੋਂ ਤੰਗ ਆਇਆ ਖੁਦਕੁਸ਼ੀ ਕਰ ਰਿਹਾ ਹੋਵੇ।ਬਲਰਾਜ ਸਾਹਨੀ ਨੇ ਡੁੱਬ ਰਹੇ ਸੂਰਜ ਵੱਲ ਵੇਖ ਕੇ ਗਹਿਰਾ ਹੌਕਾ ਲਿਆ ਅਤੇ ਜਿੰਦਗੀ ਦੇ ਸੇਕ ਦੇ ਸਮੁੰਦਰ ਵਿਚ ਲਹਿੰਦਾ ਹੋਇਆ ਸੰਸਾਰ ਤੋਂ ਚਲਾ ਗਿਆ। ਪੂਰੇ ਸੰਸਾਰ ਦੀ ਧੁਖ਼ਦੀ ਖਬਰ ਸੀ ਕਿ ਬਲਰਾਜ ਸਾਹਨੀ ਦਿਲ ਦਾ ਦੌਰਾ ਪੈਣ ਕਾਰਨ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

-ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ. ਕੋਹਾਲ਼ੀ, ਜਿਲਾ ਅੰਮ੍ਰਿਤਸਰ-143109.

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: