ਬਾਪੂ । ਭੋਲਾ ਸਿੰਘ ਸੰਘੇੜਾ

Punjabi Story | Bapu | Bhola Singh Sanghera punjabi old man
Punjabi Story | Bapu | Bhola Singh Sanghera

ਮੇਰੇ ਲਈ ਫਿਰ ਬੇਗਾਨਾ ਹੋ ਗਿਆ ਸੀ ਉਹ ਪਿੰਡ।
ਬੇਗਾਨਾ ਤਾਂ ਉਹ ਪਹਿਲਾਂ ਵੀ ਸੀ। ਨਾ ਉਹ ਮੇਰੇ ਪੁਰਖਿਆਂ ਦੀ ਭੂਮੀ ਸੀ – ਨਾ ਹੀ ਮੇਰੀ ਜੰਮਣ ਭੋਇੰ – ਨਾ ਹੀ ਮੇਰਾ ਬਚਪਨ ਉੱਥੇ ਬੀਤਿਆ ਸੀ…. – ਤੇ ਨਾ ਹੀ ਜਵਾਨੀ ਦੀ ਦਹਿਲੀਜ ਉੱਥੇ ਟੱਪਿਆ ਸਾਂ।
ਅਜਬ ਦਸਤੂਰ ਹੈ ਇਸ ਦੁਨੀਆ ਦਾ।
ਜਦ ਉਸ ਪਿੰਡ ’ਚ ਦੀ ਲੰਘਕੇ ਜਾਂਦਾ ਸਾਂ ਤਾਂ ਸਵਾਲਾਂ ਦਾ ਘੇਰਾ ਮੇਰੇ ਆਲੇ-ਦੁਆਲੇ ਹੁੰਦਾ ਸੀ। ਹੁਣ ਜਦ ਉਸ ਰਸਤੇ ਨੂੰ ਸਲਾਮ ਆਖ ਦਿੱਤੀ ਹੈ ਤਾਂ ਵੀ ਸਵਾਲਾਂ ਦਾ ਘੇਰਾ ਮੇਰੇ ਦੁਆਲੇ ਹੈ।
ਹੋਵੇ ਵੀ ਕਿਉਂ ਨਾ? ਆਖ਼ਰ ਮੈਂ ਪੰਜ ਛੇ ਕਿਲੋਮੀਟਰ ਦੀ ਵਾਧੂ ਦੀ ਵਾਟ ਜੋ ਵਗਲਕੇ ਜਾਂਦਾ ਸਾਂ।
ਮੇਰਾ ਸਕੂਲ ਤਾਂ ਘਰ ਤੋਂ ਸਿਰਫ ਚਾਰ ਕਿਲੋਮੀਟਰ ਦੇ ਫਾਸਲੇ ਤੇ ਸੀ। ਨਾ ਵਿੰਗ ਨਾ ਵਲ। ਸਿੱਧੀ ਪੱਕੀ ਸੜਕ।
ਸਿੱਧੀ ਸੜਕ ਜਾਣ ਦੀ ਬਜਾਏ ਉਸ ਪਿੰਡ ਵਿੱਚਦੀ ਜਾਣ ਕਰਕੇ ਇਹ ਵਾਟ ਦਸ ਕਿਲੋਮੀਟਰ ਦੇ ਲਗਪਗ ਬਣ ਜਾਂਦੀ ਸੀ।
ਇਸ ਤੋਂ ਬਿਨਾਂ – ਨਾ ਇਸ ਪਿੰਡ ਵੱਲ ਮੇਰੀ ਜ਼ਮੀਨ ਸੀ – ਨਾ ਕੋਈ ਪਲਾਟ – ਨਾ ਹੀ ਕੋਈ ਵਪਾਰਕ ਧੰਦਾ ਸ਼ੁਰੂ ਕੀਤਾ ਸੀ – ਨਾ ਹੀ ਇੱਧਰ ਕੋਈ ਰਿਸ਼ਤੇਦਾਰੀ ਸੀ। ਸ਼ਾਇਦ ਇਹੀ ਵਜਾਹ ਸੀ, ਜਦੋਂ ਜਾਂਦਾ ਸਾਂ ਤਾਂ ਇਸਦਾ ਕਾਰਨ ਪੁੱਛਣ ਵਾਲੇ ਕਈ ਸਨ ਹੁਣ ਜਦ ਓਧਰ ਨਹੀਂ ਜਾਂਦਾ, ਇਸ ਦਾ ਕਾਰਨ ਪੁੱਛਣ ਵਾਲਿਆ ਦਾ ਤੋੜਾ ਨਹੀਂ।
ਵਾਧੂ ਦੀ ਵਾਟ – ਵਾਧੂ ਦਾ ਸਮਾਂ – ਤੇ ਵਾਧੂ ਦੇ ਤੇਲ ਖਰਚ ਵਾਲਾ ‘ਰਾਜ਼’ ਮੈਂ ਕਿਸੇ ਨੂੰ ਨਹੀਂ ਸੀ ਦੱਸਿਆ। ਇਹ ਭੇਤ ਮੈ ਆਪਣੇ ਅੰਦਰ ਹੀ ਸਮਾਅ ਕੇ ਰੱਖਿਆ ਹੋਇਆ ਸੀ।
ਸੱਚ ਜਾਣੋ ਇਸ ਭੇਦ ਨੂੰ ਛੁਪਾ ਕੇ ਮਨ ਨੂੰ ਇਕ ਵੱਖਰੀ ਹੀ ਕਿਸਮ ਦਾ ਸਕੂਨ ਮਿਲਦਾ ਸੀ।
ਉਂਜ ਵੀ ਇਸ ਭੇਤ ਦਾ ਮਹੱਤਵ ਮੇਰੇ ਲਈ ਸੀ। ਮੇਰੇ ਲਈ ਇਹ ਬੇਸ਼ਕੀਮਤੀ ਗੱਲ ਸੀ। ਪਰ ਆਮ ਲੋਕਾਂ ਲਈ ਨਹੀਂ। ਮੈਂ ਜਾਣਦਾ ਸਾਂ ਜੇ ਦੱਸ ਵੀ ਦਿੰਦਾ ਤਾਂ ਉਨ੍ਹਾਂ ਗੱਲ ਹਾਸੇ ਵਿਚ ਉਡਾ ਦੇਣੀ ਸੀ। ਫਿਰ ਇਹ ਭੇਤ ਵਾਲੀ ਗੱਲ ਮੇਰੇ ਪਰਿਵਾਰ, ਮਿੱਤਰਾਂ ਦੋਸਤਾਂ ਸ਼ਰੀਕੇ ਤੇ ‘ਉਸ ਬਜੁਰਗ’ ਕੋਲ ਵੀ ਜਾ ਪਹੁੰਚ ਜਾਣੀ ਸੀ…. ਤੇ ਕਈਆਂ ਮੈਨੂੰ ਝੱਲਾ ਵੀ ਆਖਣਾ ਸੀ।
ਇਸ ‘ਰਾਜ਼’ ਦੇ ਮੁੱਢ ਨੂੰ ਸਿਰਜਣ ਵਾਲਾ ਮੇਰਾ ਮਿੱਤਰ ਰਾਮ ਲਾਲ ਸੀ।
ਓਦੋਂ ਕੁੱਝ ਦਿਨ ਪਹਿਲਾਂ ਫ਼ੋਨ ਤੇ ਉਸਦੀ ਆਖੀ ਗੱਲ ਮੇਰੇ ਲਈ ਬੁਝਾਰਤ ਬਣ ਗਈ ਸੀ। ਇਸ ਬੁਝਾਰਤ ਨੂੰ ਬੁੱਝਣ ਲਈ ਮੇਰੇ ਵੱਲੋਂ ਲਾਏ ਸਾਰੇ ਲੱਖਣ ਅਸਫਲ ਹੋ ਗਏ ਸਨ।
ਉਸ ਦਿਨ ਉਹ ਕਾਹਲੀ ਕਾਹਲੀ ਬੋਲ ਰਿਹਾ ਸੀ, “ਕਿਤੋਂ ਉੱਡ ਕੇ ਸੋਹਣਿਆ ਆ ਜਾ…… ਆੜੀਆ ਦਸ ਮਿੰਟ ਲਾ ਆਪਣੀ ਦੁਕਾਨ ਤੇ ਪਹੁੰਚ……”
ਉਸਨੇ ਕਦੇ ‘ਮੇਰੀ ਦੁਕਾਨ’ ਨਹੀਂ ਸੀ ਕਿਹਾ, ਹਮੇਸ਼ਾ ‘ਆਪਣੀ ਦੁਕਾਨ’ ਹੀ ਆਖਦਾ।
ਪਰ ਮੈਂ ਤਾਂ ਸ਼ਹਿਰ ਤੋਂ ਖਾਸਾ ਦੂਰ ਸਾਂ। ਜ਼ੋਰ ਮਾਰ ਕੇ ਵੀ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਨਹੀਂ ਸਾਂ ਪਹੁੰਚ ਸਕਦਾ। ਮੈਂ ਆਪਣੀ ਅਸਮਰੱਥਤਾ ਜ਼ਾਹਰ ਕਰ ਦਿੱਤੀ ਸੀ।
ਫਿਰ ਵੀ ਮੈਂ ਪੁੱਛਿਆ ਸੀ,”ਐਡਾ ਕੀ ਜ਼ਰੂਰੀ ਕੰਮ ਸੀ….?”
“ਜ਼ਰੂਰੀ ਵਰਗਾ ਜ਼ਰੂਰੀ…. ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ….”
ਰਾਮ ਲਾਲ ਦਾ ਗੱਲ ਕਰਨ ਦਾ ਆਪਣਾ ਹੀ ਵੱਖਰਾ ਢੰਗ ਸੀ – ਸਦਾ ਹੰਸੂ-ਹੰਸੂ ਕਰਨ ਵਾਲਾ – ਟਹਿਕਦੇ ਗੁਲਾਬ ਵਰਗਾ – ਤੇ ਚੜ੍ਹਦੀ ਕਲਾ ’ਚ ਰਹਿਣ ਵਾਲਾ। ਉਹ ਅਕਸਰ ਆਪਣੀ ਗੱਲ ਬਾਤ ’ਚ ਅਖਾਣਾਂ, ਮੁਹਾਵਰੇ ਤੇ ਗੀਤਾਂ ਦੀਆਂ ਤੁਕਾਂ ਵਰਤ ਜਾਂਦਾ ਸੀ। ਉਸ ਦਾ ਇਹ ਪ੍ਰਭਾਵ ਕਈ ਮਿੱਤਰਾਂ ਦੋਸਤਾਂ ਨੇ ਵੀ ਕਬੂਲ ਲਿਆ ਸੀ।
ਫਿਰ ਉਹ ਇਕ ਆਸ ਜਿਹੀ ’ਚ ਬੋਲਿਆ ਸੀ,” ਬਸ ਆਏਂ ਸਮਝ ਲੈ ਸੋਹਣਿਆਂ ਬਈ ਤੈਨੂੰ ਇਕ ਤੋਹਫਾ ਦੇਣਾ ਸੀ….. ਇਕ ਸਰਪਰਾਈਜ਼……..। ਚੱਲੋ ਰੱਬ ਸੁੱਖ ਰੱਖੇ…. ਅੱਜ ਨਹੀਂ ਕਦੇ ਫੇਰ ਸਿਆ…. ਪਰ ਇਹ ਗੱਲ ਲੜ ਬੰਨ੍ਹ ਲੈ….. ਜਦੋਂ ਫੇਰ ਕਦੇ ਬੁਲਾਵਾਂ ਜਿਵੇਂ ਕਹਿੰਦੇ ਹੁੰਦੇ ਐ …. ਬਈ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ”
ਪਰ ਰਾਮ ਲਾਲ ਨੇ ਮੇਰੇ ਵਾਰ-ਵਾਰ ਪੁੱਛਣ ਤੇ ਵੀ ਸਰਪਰਾਈਜ਼ ਵਾਲੀ ਗੱਲ ਨਹੀਂ ਸੀ ਦੱਸੀ।
ਉਸ ਦਿਨ ਤੋਂ ਬਾਅਦ ਮੇਰਾ ਧਿਆਨ ਸਰਪਰਾਈਜ਼ ਨੂੰ ਤਲਾਸ਼ਣ ’ਚ ਹੀ ਲੱਗਿਆ ਰਹਿੰਦਾ ਸੀ।
ਭਾਵੇਂ ਅਸੀਂ ਇਕ ਦੂਜੇ ਦੇ ਭੇਤੀ ਸਾਂ। ਮੈਂ ਅਕਸਰ ਹੀ ਸੋਚਦਾ ਰਹਿੰਦਾ ਕਿ ਰਾਮ ਲਾਲ ਇਹੋ ਕਿਹੋ ਜਿਹਾ ਸਰਪਰਾਈਜ਼ ਆਪਣੇ ਅੰਦਰ ਦੱਬੀ ਬੈਠਾ ਹੈ।

punjabi story writer bhola singh sanghera
ਪੰਜਾਬੀ ਲੇਖਕ ਭੋਲਾ ਸਿੰਘ ਸੰਘੇੜਾ

ਇਸੇ ਸਰਪਰਾਈਜ਼ ਨੂੰ ਪ੍ਰਾਪਤ ਕਰਨ ਦੀ ਦੌੜ ’ਚ ਮੈਨੂੰ ਉਸਦੇ ਅਜਿਹੇ ਸੁਨੇਹੇ ਦੀ ਹੀ ਉਡੀਕ ਰਹਿੰਦੀ ਸੀ। ਜਦੋਂ ਵੀ ਫੋਨ ਦੀ ਘੰਟੀ ਖੜਕਦੀ, ਮੈਂ ਬੜੀ ਉਤਸੁਕਤਾ ਨਾਲ ਸਕਰੀਨ ਵੱਲ ਦੇਖਦਾ।
ਤੇ…. ਫਿਰ ਇਕ ਦਿਨ ਫ਼ੋਨ ਦੀ ਕੰਬਣੀ ਨੇ ਮੇਰੇ ਮਨ ਨੂੰ ਕੰਬਣੀ ਛੇੜ ਦਿੱਤੀ। ਕਾਲ ਰਾਮ ਲਾਲ ਦੀ ਹੀ ਸੀ।
“ਹੁਕਮ ਓ…. ਹਾਣੀਆ?” ਮੈਂ ਫੋਨ ਔਨ ਕਰਦਿਆਂ ਪੁੱਛਿਆ।
“ਹੁਕਮ ਕੋਈ ਨੀ……. ਹੁਕਮ ਓਸ ਮਾਲਕ ਦਾ……. ਬੱਸ ਗੋਲ਼ੀ ਵਾਂਗ ਆਜਾ ਤੇ ਮੇਰੀ ਹਿੱਕ ’ਚ ਵੱਜ”
ਰਾਮ ਲਾਲ ਦਾ ਫ਼ੋਨ ਸੁਣਦਿਆਂ ਹੀ ਮੈਂ ਮੋਟਰਸਾਈਕਲ ਦਾ ਮੂੰਹ ਦੁਕਾਨ ਵੱਲ ਕਰ ਦਿੱਤਾ ਸੀ। ਮਨ ਨੂੰ ਇਕ ਅੱਚਵੀ ਜਿਹੀ ਲੱਗ ਗਈ ਸੀ। ਇਸ ਅੱਚਵੀ ਨੇ ਮੈਨੂੰ ਕਾਹਲ ਜਿਹੀ ’ਚ ਪਾ ਦਿੱਤਾ ਸੀ।
ਰਾਮ ਲਾਲ ਨਾਲ ਮੇਰੀ ਗੂੜ੍ਹੀ ਸਾਂਝ ਸੀ। ਉਹ ਮੇਰਾ ਗਰਾਈਂ ਵੀ ਸੀ। ਪਹਿਲੀ ਤੋਂ ਲੈ ਕੇ ਬੀ. ਏ. ਤੱਕ ’ਕੱਠੇ ਹੀ ਪੜ੍ਹੇ ਸਾਂ।
ਪਿੰਡ ’ਚ ਉਸਦੇ ਬਾਪ ਹੀਰਾ ਮੱਲ ਦੀ ਦੁਕਾਨ ਦੀ ਬੜੀ ਚੜ੍ਹਤ ਹੁੰਦੀ ਸੀ। ਉਨ੍ਹਾਂ ਦੀ ਦੁਕਾਨ ਅਤੇ ਮਕਾਨ ਸਾਡੇ ਗੁਆਂਢ ’ਚ ਹੀ ਹੁੰਦੇ ਸਨ।
ਸਾਡੀ ਮਿੱਤਰਤਾ ਤੋਂ ਪਹਿਲਾਂ ਤਾਂ ਸਾਡੇ ਬੁਜ਼ਰਗਾਂ ਦੀ ਬੜੀ ਨੇੜਤਾ ਰਹੀ ਸੀ। ਮੇਰਾ ਬਾਪ ਆਪਣੇ ਕੰਮ ਧੰਦੇ ਨਿਪਟਾ ਕੇ ਜਦ ਵੀ ਵਿਹਲ ਮਿਲਦੀ ਅਕਸਰ ਸ਼ਾਮ ਨੂੰ ਹੀਰਾ ਮੱਲ ਦੀ ਦੁਕਾਨ ਤੇ ਜਾ ਬਹਿੰਦਾ। ਉਸਦੇ ਜਾਂਦਿਆਂ ਹੀ ਹੀਰਾ ਮੱਲ ਦੁਕਾਨ ਰਾਮ ਲਾਲ ਦੇ ਹਵਾਲੇ ਕਰ ਦਿੰਦਾ। ਦੋਵੇਂ ਬਜ਼ੁਰਗ ਆਪਣੀਆਂ ਕੁਰਸੀਆਂ ਲੈਕੇ ਦੁਕਾਨ ਤੋਂ ਪਾਸੇ ਹੋ ਗੱਲਾਂ ’ਚ ਮਸਰੂਫ਼ ਹੋ ਜਾਂਦੇ।
ਹੀਰਾ ਮੱਲ ਦੀ ਦੁਕਾਨ ਦੇ ਨਾਲ ਹੀ ਪਿੰਡ ਦੀ ਧਰਮਸ਼ਾਲਾ ਸੀ। ਇੱਥੇ ਤਾਸ਼ ਤੇ ਹੋਰ ਖੇਡਾਂ ਖੇਡਣ ਵਾਲਿਆਂ ਦਾ ਅਕਸਰ ਹੀ ਸ਼ੋਰ-ਸ਼ਰਾਬਾ ਰਹਿੰਦਾ। ਪਰ ਬਾਪ ਨੂੰ ਮੈਂ ਕਦੇ ਉੱਥੇ ਬੈਠੇ ਨਹੀਂ ਸੀ ਦੇਖਿਆ।
ਇਕ ਦਿਨ ਜਦ ਮੈਂ ਉਸ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲਿਆ ਸੀ,”ਕਾਕਾ ਹੀਰਾ ਮੱਲ ਸੱਚਮੁੱਚ ਦਾ ਹੀ ਹੀਰਾ ਐ….. ਆਏਂ ਸਮਝ ਲੈ ਬਈ ਐਨੇ ਬੰਦਿਆਂ ਚੋਂ ਉਹੀ ਮੇਰੀ ਚੋਣ ਐ…… ਜੇ ਹੀਰਾ ਮੇਰਾ ਮਿੱਤਰ ਨਾ ਹੁੰਦਾ ਤਾਂ ਹੁਣ ਨੂੰ ਵੱਟ-ਡੌਲੇ ਪਿੱਛੇ ਝਗੜ ਕੇ ਮੈਂ ਕਦੋਂ ਦਾ ਜੇਲ੍ਹ ’ਚ ਹੁੰਦਾ…. ਮੇਰਾ ਤਾਂ ਸੁਭਾਅ ਹੀ ਅੜਬ ਸੀ…. ਉਸ ਦੀਆਂ ਦੋ ਗੱਲਾ ਤਾਂ ਮੈਂ ਹਮੇਸ਼ਾ ਲੜ ਬੰਨ੍ਹ ਕੇ ਰੱਖੀਆਂ ਨੇ…..ਗੁੱਸੇ ਨੂੰ ਥੁੱਕਣਾ ਤੇ ਕਦੇ ਹੌਸਲਾ ਨਾ ਹਾਰਨਾ”
ਤੇ ਹੀਰਾ ਮੱਲ ਸੱਚਮੁੱਚ ਮੇਰੇ ਲਈ ਵੀ ਹੀਰਾ ਹੀ ਸਾਬਤ ਹੋਇਆ ਸੀ। ਜਦੋਂ ਦਸਵੀਂ ਕਰਨ ਤੋਂ ਬਾਅਦ ਬਾਪ ਨੇ ਮੈਨੂੰ ਪੜ੍ਹਾਈ ਤੋਂ ਹਟਾਕੇ ਖੇਤੀ ਦੇ ਕੰਮ ’ਚ ਪਾਉਂਣ ਬਾਰੇ ਸੋਚਿਆ ਸੀ ਤਾਂ ਹੀਰਾ ਮੱਲ ਨੇ ਹੀ ਮੇਰਾ ਪੱਖ ਪੂਰਿਆ ਸੀ।
ਉਹ ਬਾਪ ਨੂੰ ਰੁੱਖਾ ਹੋ ਕੇ ਬੋਲਿਆ ਸੀ, “ਕਮਲ਼ਾ ਹੋ ਗਿਐਂ ਸੱਜਣ ਸਿਆਂ….ਤੂੰ ਤਾਂ ਸਾਰੀ ਉਂਮਰ ਘੱਟਾ ਢੋਂਦਾ ਰਿਹੈਂ….ਜੁਆਕ ਨੂੰ ਤਾਂ ਕਿਸੇ ਲੇਖੇ ਲੱਗ ਲੈਣ ਦੇ… ਤੈਨੂੰ ਕੰਮ ਲਈ ਬੰਦੇ ਲੋੜ ਹੈ ਤੂੰ ਰੱਖ ਲੈ ਜਿੰਨੇ ਰੱਖਣੇ ਐਂ…..ਖਰਚਾ ਮੈਂ ਦਿਉਂ ਤੂੰ ਬੇਸ਼ੱਕ ਨਾ ਵਾਪਿਸ ਕਰੀਂ ਮੇਰੇ ਪੈਸੇ….।”
ਬੀ. ਏ. ਕਰਨ ਤੋਂ ਬਾਅਦ ਰਾਮ ਲਾਲ ਨੇ ਦੁਕਾਨਦਾਰੀ ਦਾ ਲਗਪਗ ਸਾਰਾ ਕੰਮ ਸੰਭਾਲ ਲਿਆ ਸੀ। ਇੱਧਰ ਸਾਡੀ ਕਬੀਲਦਾਰੀ ਦੀ ਜ਼ਿੰਮੇਵਾਰੀ ਮੇਰੇ ਵੱਡੇ ਭਰਾ ਨੇ ਸੰਭਾਲ ਲਈ ਸੀ ਤੇ ਮੈਂ ਬੀ. ਐੱਡ. ਕਰਨ ਲੱਗ ਗਿਆ ਸਾਂ।
ਪਤਾ ਨਹੀ ਦੋਵਾਂ ਬਜ਼ੁਰਗਾਂ ਦੀ ਪਹਿਲਾਂ ਹੀ ਕੋਈ ਯੋਜਨਾਂ ਸੀ ਜਾਂ ਸਬੱਬ ਦੋਵੇਂ ਜਣੇ ਪਿੰਡ ਦੀ ਪੰਚਾਇਤ ’ਚ ਸਰਬ-ਸੰਮਤੀ ਨਾਲ ਮੈਂਬਰੀ ਦੇ ਲੜ ਲੱਗ ਗਏ ਸਨ। ਇਨ੍ਹਾਂ ਹੀ ਦਿਨਾਂ ’ਚ ਮੈਂ ਦੋਵਾਂ ਨੂੰ ਕਿੰਨੇ ਹੀ ਉਲਝੇ ਹੋਏ ਮਸਲੇ ਸੁਲਝਾਉਂਦੇ ਦੇਖਿਆ/ਸੁਣਿਆ ਸੀ। ਸਮਝਾਉਣ/ਬੁਝਾਉਣ ਦੀਆਂ ਇਹ ਮੱਤਾਂ ਮੇਰੇ ਜ਼ਿਹਨ ਤੇ ਵੀ ਅਸਰ ਅੰਦਾਜ਼ ਹੁੰਦੀਆਂ ਰਹੀਆਂ।
ਫਿਰ ਜਦ ਪੰਜਾਬ ਦੀ ਆਬੋ ਹਵਾ ’ਚ ਦਹਿਸ਼ਤ ਘੁਲਣ ਲੱਗੀ ਤਾਂ ਹੀਰਾ ਮੱਲ ਨੇ ਪਿੰਡ ਛੱਡਣ ਦਾ ਮਨ ਬਣਾ ਲਿਆ। ਜਦ ਮੇਰੇ ਬਾਪ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਭੱਜਿਆ-ਭੱਜਿਆ ਹੀਰਾ ਮੱਲ ਦੇ ਘਰ ਗਿਆ।
ਆਖਰ ਹੀਰਾ ਮੱਲ ਨੇ ਆਪਣਾ ਫੈਸਲਾ ਸੁਣਾ ਦਿੱਤਾ, “ਜਿਹੋ ਜਿਹੀ ਵਾਅ…. ਉਹੋ ਜਿਹਾ ਉਹਲਾ ਸੱਜਣ ਸਿਆਂ….ਵਾਲੀਆਂ ਗੱਲਾਂ ਦਾ ਹੁਣ ਕੀ ਫਾਇਦਾ”
ਜਾਂਦਾ ਹੋਇਆ ਹੀਰਾ ਮੱਲ ਭਰੀਆਂ ਅੱਖਾਂ ਨਾਲ ਬਾਪ ਨੂੰ ਆਪਣੇ ਘਰ ਦੀ ਚਾਬੀ ਫੜਾਉਂਦਾ ਹੋਇਆ ਬੋਲਿਆ ਸੀ,”ਸੱਜਣ ਸਿਆਂ, ਮੈਂ ਜਿਉਂਦੇ ਜੀਅ ਤਾਂ ਨੀ ਇਸ ਘਰ ਨੂੰ ਵੇਚਣ ਦਿੰਦਾ…… ਜੇ ਮਰ ਮੁੱਕ ਗਏ…. ਫਿਰ ਮੁੰਡੇ ਦੀ ਮਰਜ਼ੀ”
ਬਾਪੂ ਮਿੱਤਰ ਵਿਹੂਣਾ ਹੋ ਗਿਆ ਸੀ। ਮਿੱਤਰਤਾ ਦੀ ਕਸਕ ਦੀ ਧੜਕਣ ਉਸ ਦੇ ਸੀਨੇ ਵਿੱਚੋਂ ਨਹੀਂ ਸੀ ਗਈ।
ਸ਼ੁਰੂ-ਸ਼ੁਰੂ ’ਚ ਤਾਂ ਉਸ ਨੂੰ ਹੀਰਾ ਮੱਲ ਦੇ ਪਿੰਡ ’ਚ ਮੌਜੂਦ ਹੋਣ ਦੇ ਹੀ ਭੁਲੇਖੇ ਪੈਂਦੇ ਰਹੇ ਸਨ।
ਹੀਰਾ ਮੱਲ ਦੇ ਪਿੰਡ ਛੱਡਣ ਤੋਂ ਦੂਜੇ ਦਿਨ ਹੀ ਸ਼ਾਮ ਨੂੰ ਉਹ ਖੇਤੋਂ ਆਮ ਵਾਂਗ ਘਰ ਆਇਆ। ਨਹਾ ਕੇ ਧੋਤੇ ਸਮਾਰੇ ਕੱਪੜੇ ਪਾਏ। ਪੱਗ ਬੰਨ੍ਹੀ ਤੇ ਬਗੈਰ ਕੁੱਝ ਦੱਸੇ ਹੀ ਘਰੋਂ ਬਾਹਰ ਹੋ ਗਿਆ।
ਮੈਂ ਤੇ ਮੇਰੀ ਮਾਂ ਉਸ ਵੱਲ ਬਿਟਰ-ਬਿਟਰ ਦੇਖਦੇ ਰਹੇ। ਉਨ੍ਹਾਂ ਨੂੰ ‘ਕਿੱਥੇ ਚੱਲੇ ਓ?’ ਪੁੱਛਣਾ ਬਦਸ਼ਗਨੀ ਮੰਨੀ ਜਾਣੀ ਸੀ, ਇਸ ਲਈ ਖਾਮੋਸ਼ ਹੀ ਰਹੇ। ਮਾਂ ਨੇ ਮੈਨੂੰ ਇਸ਼ਾਰੇ ਨਾਲ ਸਮਝਾ ਕੇ ਬਾਪ ਦੇ ਪਿੱਛੇ-ਪਿੱਛੇ ਭੇਜ ਦਿੱਤਾ। ਉਹ ਅਜੇ ਅੱਧ-ਵਿਚਕਾਰ ਹੀ ਗਿਆ ਸੀ ਕਿ ਪਿਛਾਂਹ ਮੁੜ ਆਇਆ। ਮੈਂ ਵੀ ਪਿਛਾਂਹ ਮੁੜ ਆਇਆ। ਘਰ ਆਉਂਦਿਆਂ ਹੀ ਪੱਗ ਉਤਾਰ ਕੇ ਉਹ ਮੰਜੀ ’ਚ ਬਿਮਾਰਾਂ ਵਾਂਗ ਡਿੱਗ ਪਿਆ ਸੀ।
ਅਗਲੇ ਦਿਨ ਉਹ ਉਸੇ ਤਰ੍ਹਾਂ ਹੀ ਤਿਆਰ-ਬਰ-ਤਿਆਰ ਹੋ ਕੇ ਹੀਰਾ ਮੱਲ ਦੀ ਦੁਕਾਨ ਦੇ ਸਾਹਮਣੇ ਜਾ ਖੜਿਆ। ਉਦਾਸ ਨਜ਼ਰਾਂ ਨਾਲ ਕਦੇ ਦੁਕਾਨ ਵੱਲ – ਕਦੇ ਮਕਾਨ ਵੱਲ – ਤੇ ਕਦੇ ਚੁਬਾਰੇ ਵੱਲ ਦੇਖਦਾ ਰਿਹਾ। ਫਿਰ ਖੜੇ-ਖੜੇ ਨੇ ਹੱਥ ਨੂੰ ਨਾਂਹ ਦੀ ਮੁਦਰਾ ’ਚ ਘੁੰਮਾਇਆ ਤੇ ਫਿਰ ਵਾਪਿਸ ਆ ਗਿਆ।
ਫਿਰ ਤਾਂ ਉਹ ਤੀਜੇ ਚੌਥੇ ਦਿਨ ਬਾਅਦ ਦੁਕਾਨ ਤੇ ਮਕਾਨ ਦੀ ਸਫਾਈ ਕਰਾਉਂਣ ਲੱਗ ਪਿਆ ਸੀ। ਦੋ ਕੁ ਵਾਰ ਹੀਰਾ ਮੱਲ ਨੂੰ ਸ਼ਹਿਰ ਜਾਕੇ ਮਿਲ ਆਇਆ ਤੇ ਦੋ ਕੁ ਵਾਰ ਹੀਰਾ ਮੱਲ ਪਿੰਡ ਗੇੜਾ ਮਾਰ ਗਿਆ ਸੀ।
ਪਿੰਡ ਛੱਡਣ ਤੋਂ ਪੰਦਰਾਂ ਕੁ ਦਿਨ ਪਿੱਛੋਂ ਹੀਰਾ ਮੱਲ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਮੇਰੇ ਬਾਪ ਨੇ ਫਿਰ ਮੁੜ ਉਨ੍ਹਾਂ ਦੇ ਘਰ ਦਾ ਜਿੰਦਾ ਕੁੰਡਾ ਨਾ ਖੋਲਿਆ। ਇਕ ਦਿਨ ਸ਼ਹਿਰ ਜਾ ਕੇ ਰਾਮ ਲਾਲ ਨੂੰ ਚਾਬੀ ਦੇ ਆਇਆ ਤੇ ਅਗਲੇ ਦਿਨ ਹੀ ਚੜ੍ਹਾਈ ਕਰ ਗਿਆ ਸੀ।
ਰਾਮ ਲਾਲ ਦੀ ਸ਼ਹਿਰ ਵਾਲੀ ਦੁਕਾਨ ਦੀ ਪਿੰਡ ਵਾਲੀ ਦੁਕਾਨ ਤੋਂ ਵੀ ਵੱਧ ਚੜ੍ਹਤ ਹੋ ਗਈ ਸੀ। ਅੱਧੋਂ ਵੱਧ ਪਿੰਡ ਇਸੇ ਦੁਕਾਨ ਤੋਂ ਹੀ ਸੌਦਾ ਖਰੀਦਦਾ। ਪਿੰਡ ਵਾਸੀਆਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਦੁਕਾਨ ਨਾਲ ਜੋੜ ਦਿੱਤਾ ਸੀ।
ਕਦੇ-ਕਦੇ ਮੈਂ ਸੋਚਦਾ ਕਿ ਹਾਲਾਤ ਰਾਮ ਲਾਲ ਦੇ ਪੱਖ ਵਿੱਚ ਹੀ ਗਏ ਸਨ।
ਇਹ ਦੁਕਾਨ ਕਿੰਨੇ ਸਾਲਾਂ ਤੋਂ ਉਸ ਦੇ ਦੂਰ ਦੇ ਇਕ ਰਿਸ਼ਤੇਦਾਰ ਦੇ ਕਬਜੇ ਵਿੱਚ ਸੀ। ਹੀਰਾ ਮੱਲ ਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਉਹ ਸੌਖਿਆਂ ਹੀ ਛੱਡ ਦੇਵੇਗਾ। ਸ਼ਾਇਦ ਹੀਰਾ ਮੱਲ ਦੇ ਪਿੰਡ ਦੀ ਪੰਚਾਇਤ ’ਚ ਨਿਭਾਏ ਰੋਲ ਜਾਂ ਆਪਸੀ ਮਿਲਵਰਤਨ ਦੇ ਪ੍ਰਭਾਵ ਦੇ ਦਬਾਅ ਸਦਕਾ ਇੰਜ ਹੋ ਸਕਿਆ ਸੀ।
ਮੈਂ ਰਾਮ ਲਾਲ ਤੋਂ ਕਈ ਸਾਲ ਪਛੜਕੇ ਸ਼ਹਿਰ ਆਇਆ ਸਾਂ।
ਜਦੋਂ ਪਹਿਲੀ ਵਾਰ ਮੈਂ ਆਪਣੀ ਸ਼ਹਿਰ ’ਚ ਰਿਹਾਇਸ਼ ਬਾਰੇ ਦੱਸਿਆ ਤਾਂ ਉਹ ਜੱਫੀ ਪਾ ਕੇ ਮਿਲਦਿਆ ਬੋਲਿਆ, “ਕਿਉਂ….. ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਠਿਕਾਣੇ ਰੱਖੀਏ……ਕਿਉਂ ਦੇਖੀ ਨਾ ਸਾਡੀ ਮਿੱਤਰਤਾ ਦੀ ਖਿੱਚ…..ਜਿੱਥੇ ਚੱਲੇਂਗਾ ਚੱਲੂੰਗਾ ਨਾਲ ਤੇਰੇ ਟਿੱਕਟਾਂ ਦੋ ਲੈ ਲਈਂ…..ਮੇਰਾ ਤਾਂ ਸੇਰ ਖੂਨ ਵਧ ਗਿਐ ਮਿੱਤਰਾ…..।”
ਮੇਰੇ ਤੇ ਰਾਮ ਲਾਲ ਵਿਚਕਾਰ ਇਕ ਸਾਂਝ ਇਹ ਵੀ ਸੀ ਕਿ ਨਾ ਤਾਂ ਰਾਮ ਲਾਲ ਨੇ ਤੇ ਨਾ ਹੀ ਮੈਂ ਆਪਣਾ ਪਿੰਡ ਵਾਲਾ ਮਕਾਨ ਵੇਚੇ ਸਨ। ਕਦੇ ਕਦੇ ਲੱਗਦਾ ਜਿਵੇਂ ਮੈਂ ਤੇ ਰਾਮ ਲਾਲ ਆਪਣੇ ਬਜ਼ੁਰਗਾਂ ਦੇ ਰਸਤੇ ਤੇ ਹੀ ਚੱਲ ਰਹੇ ਹੋਈਏ। ਹੁਣ ਜਦ ਵੀ ਵਿਹਲ ਮਿਲਦੀ, ਮੈਂ ਉਸ ਦੀ ਦੁਕਾਨ ਤੇ ਜਾ ਬੈਠਦਾ ਸਾਂ।
ਸ਼ੁਰੂ-ਸ਼ੁਰੂ ’ਚ ਮੇਰਾ ਸ਼ਹਿਰ ’ਚ ਦਿਲ ਨਹੀਂ ਸੀ ਲੱਗਿਆ। ਇਕ ਵਾਰੀ ਤਾਂ ਮੈਂ ਵਾਪਿਸ ਪਿੰਡ ਜਾਣ ਦਾ ਮਨ ਬਣਾ ਲਿਆ ਸੀ। ਮੇਰੇ ਡਿੱਕ ਡੋਲੇ ਖਾਂਦੇ ਮਨ ਨੂੰ ਰਾਮ ਲਾਲ ਨੇ ਹੀ ਠੁੰਮ੍ਹਣਾ ਦਿੱਤਾ ਸੀ, “ਉਏ ਛੱਡ ਯਾਰ….ਜਿੱਧਰ ਗਿਆ ਬਾਣੀਆ, ਉੱਧਰ ਗਿਆ ਬਜ਼ਾਰ……ਲੋਕ ਅਮਰੀਕਾ ਕਨੇਡਾ ’ਚ ਹੱਟਾਂ ਖੋਲੀ ਬੈਠੇ ਨੇ….ਆਹ ਖੜੈ ਆਪਣਾ ਪਿੰਡ ਦੋ ਫਰਲਾਂਗ ਤੇ……ਜਦੋਂ ਦਿਲ ਨਾ ਲੱਗੇ ਤੂੰ ਆਪਣੀ ਦੁਕਾਨ ਤੇ ਆ ਜਾਇਆ ਕਰ……ਜਿਹੜੇ ਮਰਜੀ ਪਿੰਡ ਦੇ ਬੰਦੇ ਨੂੰ ਮਿਲ ਲਈਂ।”
ਤੇ ਮੈਂ ਇਵੇਂ ਹੀ ਕਰਨ ਲੱਗਿਆ ਸਾਂ। ਉਸ ਦੀ ਦੁਕਾਨ ਮੇਰੇ ਅਤੇ ਪਿੰਡ ’ਚ ਰਹਿੰਦੇ ਆਂਢੀਆਂ-ਗੁਆਂਢੀਆਂ ’ਚ ਇਕ ਪੁਲ ਦਾ ਕੰਮ ਕਰਨ ਲੱਗੀ। ਦੁਕਾਨ ਤੇ ਆਉਂਦੇ ਕਿੰਨੇ ਹੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ। ਪਿੰਡ ਦੀ ਖ਼ਬਰ-ਸਾਰ ਦਾ ਪਤਾ ਲੱਗਦਾ ਰਹਿੰਦਾ। ਇਸ ਦੁਕਾਨ ਤੇ ਜਾਕੇ ਮੈਨੂੰ ਬੇਹੱਦ ਸਕੂਨ ਮਿਲਣ ਲੱਗਿਆ ਸੀ। ਉੱਥੇ ਬੈਠਿਆਂ ਪਿਛਲਾ ਸਮਾਂ ਯਾਦ ਆ ਜਾਂਦਾ। ਮੈਂ ਆਪਣੇ ਆਪ ਨੂੰ ਰਾਮ ਲਾਲ ਦੀ ਪਿੰਡ ਵਾਲੀ ਦੁਕਾਨ ਵਿਚ ਹੀ ਬੈਠਾ ਮਹਿਸੂਸ ਕਰਦਾ।
ਜਿਉਂ ਹੀ ਮੈਂ ਮੋਟਰਸਾਈਕਲ ਉਸ ਦੀ ਦੁਕਾਨ ਦੇ ਸਾਹਮਣੇ ਲਾਇਆ, ਉਹ ਦੋ ਕੁ ਗਾਹਕਾਂ ਨੂੰ ਭੁਗਤਾ ਰਿਹਾ ਸੀ। ਉਂਜ ਵੀ ਆਥਣ ਦਾ ਸਮਾਂ ਹੋਣ ਕਰਕੇ ਪਿੰਡਾਂ ਦੇ ਗਾਹਕ ਤਾਂ ਪਹਿਲਾਂ ਹੀ ਚਾਲੇ ਪਾ ਦਿੰਦੇ ਸਨ। ਮੈਂ ਰਾਮ ਲਾਲ ਨਾਲ ਹੱਥ ਮਿਲਾਕੇ ਇਕ ਕੁਰਸੀ ਤੇ ਜਾ ਬੈਠਾ।
ਰਾਮ ਲਾਲ ਦੀ ਦੁਕਾਨ ਸ਼ਹਿਰ ਦੇ ਪੁਰਾਣੇ ਬਜ਼ਾਰ ਵਿਚ ਸੀ। ਦਰਅਸਲ ਸ਼ਹਿਰ ਦੀ ਇਹ ਪੁਰਾਣੀ ਦਾਣਾ ਮੰਡੀ ਸੀ। ਵਿਚਕਾਰ ਕੋਈ ਸੌ ਫੁੱਟ ਚੌੜੀ ਸੜਕ ਤੇ ਦੋਵੇਂ ਪਾਸੇ ਆੜ੍ਹਤੀਆਂ ਦੀਆਂ ਦੁਕਾਨਾਂ – ਦੁਕਾਨਾਂ ਉੱਪਰ ਰਹਾਇਸ਼ਾਂ।
ਭਾਵੇਂ ਜਿਣਸਾਂ ਦੇ ਵਾਧੇ ਕਾਰਨ ਦਾਣਾ ਮੰਡੀ ਸ਼ਹਿਰ ਤੋਂ ਬਾਹਰਵਾਰ ਚਲੀ ਗਈ ਸੀ ਪਰ ਆੜ੍ਹਤੀਆਂ ਦੀਆਂ ਰਿਹਾਇਸ਼ਾਂ ਇੱਥੇ ਹੀ ਸਨ। ਉਂਜ ਦੁਕਾਨਾਂ ਦੇ ਰੂਪ ਬਦਲ ਗਏ ਸਨ।
ਰਾਮ ਲਾਲ ਦਾ ਬਾਬਾ ਸਾਡਾ ਪਹਿਲਾ ਆੜ੍ਹਤੀਆ ਸੀ ਤੇ ਹੁਣ ਰਾਮ ਲਾਲ ਮੇਰਾ ਆੜ੍ਹਤੀਆ ਸੀ।ਇੱਥੇ ਆਲੇ-ਦੁਆਲੇ ਉਨ੍ਹਾਂ ਦੇ ਸ਼ਰੀਕੇ ਵਾਲਿਆਂ ਦੀਆਂ ਹੀ ਦੁਕਾਨਾਂ ਸਨ। ਰਾਮ ਲਾਲ ਦੇ ਤਾਏ ਦੀ ਦੁਕਾਨ ਵੀ ਸਾਹਮਣੇ ਹੀ ਸੀ।
ਗਾਹਕਾਂ ਦੇ ਤੁਰ ਜਾਣ ਤੋਂ ਬਾਅਦ ਉਹ ਬੋਲਿਆ,”ਪਹਿਲਾਂ ਤਾਂ ਕੁਰਸੀ ਦਾ ਮੂੰਹ ਬਾਹਰ ਵੱਲ ਕਰ।”
ਜਿਉਂ ਹੀ ਮੈਂ ਕੁਰਸੀ ਦਾ ਮੂੰਹ ਬਾਹਰ ਵੱਲ ਕੀਤਾ, ਉਸ ਨੇ ਆਪਣੀ ਕੁਰਸੀ ਦਾ ਮੂੰਹ ਮੇਰੇ ਵੱਲ ਕਰ ਲਿਆ। ਹੁਣ ਮੈਂ ਰਾਮ ਲਾਲ ਨਾਲ ਗੱਲਾਂ ਕਰਦਾ-ਕਰਦਾ ਬਾਹਰ ਬਜ਼ਾਰ ਦੀ ਆਵਾਜਾਈ ਵੱਲ ਦੇਖ ਸਕਦਾ ਸਾਂ। ਰਾਮ ਲਾਲ ਨੇ ਆਪਣੇ ਲੜਕੇ ਨੂੰ ਉੱਪਰੋਂ ਚਾਹ ਦੇ ਦੋ ਕੱਪ ਲਿਆਉਂਣ ਲਈ ਭੇਜ ਦਿੱਤਾ।
“ਸਰਪਰਾਈਜ ਤਾਂ ਤੈਨੂੰ ਆੜੀਆ ਮੈਂ ਫੇਰ ਦੇਵਾਂਗਾ….. ਪਹਿਲਾਂ ਮੇਰੇ ਤਾਏ ਦੀ ਦੁਕਾਨ ’ਚ ਹੋਅ ਸਾਹਮਣੇ ਬੰਦੇ ਬਾਰੇ ਦੱਸ, ਬਈ ਉਹ ਕੌਣ ਐ?” ਉਹਨੇ ਕੁਰਸੀ ਘੁੰਮਾਕੇ, ਦੂਜੇ ਪਾਸੇ ਸਾਹਮਣੀ ਦੁਕਾਨ ਵੱਲ, ਉਂਗਲ ਕਰਦੇ ਹੋਏ ਕਿਹਾ।
ਜਿਉਂ ਹੀ ਮੈਂ ਸੜਕੋਂ ਪਾਰ ਸਾਹਮਣੀ ਦੁਕਾਨ ਵੱਲ ਦੇਖਿਆ, ਬੱਸ ਦੇਖਦਾ ਹੀ ਰਹਿ ਗਿਆ।
ਦੁਕਾਨ ’ਚ ਬੈਠੇ ਬਜ਼ੁੱਰਗ ਦੀ ਸ਼ਕਲ ਤਾਂ ਹੂ-ਬ-ਹੂ ਮੇਰੇ ਬਾਪ ਨਾਲ ਮਿਲਦੀ ਸੀ। ਉਹੀ ਕਣਕ ਵੰਨਾ ਰੰਗ – ਉਹੋ ਜਿਹਾ ਹੀ ਮੋਟਾ ਨੱਕ – ਉਹੋ ਜਿਹੀਆਂ ਹੀ ਬਰੀਕ-ਬਰੀਕ ਅੱਖਾਂ – ਉਹੋ ਜਿਹੀਆਂ ਹੀ ਦਾੜ੍ਹੀ-ਮੁੱਛਾਂ – ਉਸੇ ਤਰ੍ਹਾਂ ਹੀ ਇਕ ਪਾਸੇ ਨੂੰ ਢਿਲਕਵੀਂ ਜਿਹੀ ਪੱਗ।
ਮੈਨੂੰ ਤਾਂ ਚੇਤਾ ਵੀ ਭੁੱਲ ਗਿਆ ਕਿ ਰਾਮ ਲਾਲ ਨੇ ਕੋਈ ਸਵਾਲ ਵੀ ਕੀਤਾ ਸੀ। ਮੈਂ ਕਿੰਨਾ ਚਿਰ ਟਿਕ-ਟਿਕੀ ਲਾ ਕੇ ਓਧਰ ਹੀ ਦੇਖਦਾ ਰਿਹਾ ਤੇ ਰਾਮ ਲਾਲ ਮੇਰੇ ਵੱਲ ਵੇਖ ਕੇ ਮੁਸਕਰਾਉਂਦਾ ਰਿਹਾ।
“ਪਿਆਰਿਓ ਹੁਣ ਵਾਪਿਸ ਵੀ ਆ ਜੋ” ਰਾਮ ਲਾਲ ਨੇ ਜਰਾ ਉੱਚੀ ਤੇ ਲਮਕਵੀਂ ਆਵਾਜ਼ ’ਚ ਕਿਹਾ।
ਜਦੋਂ ਮੈਂ ਰਾਮ ਲਾਲ ਵੱਲ ਮੂੰਹ ਮੋੜਿਆ, ਤਾਂ ਰਾਮ ਲਾਲ ਸੇਹਲੀਆਂ ਉੱਪਰ ਉਠਾਉਂਦਾ ਹੋਇਆਂ ਬੋਲਿਆ, “ਕਿਉਂ ਹੈ ਨਾ ਮੇਰੇ ਚਾਚੇ ਸੱਜਣ ਸਿਉਂ ਦੀ ਹੂ-ਬ-ਹੂ ਕਾਰਬਨ ਕਾਪੀ….ਹੈ ਰੱਤੀ ਭਰ ਫਰਕ?” ਰਾਮ ਲਾਲ ਮੇਰੇ ਬਾਪ ਨੂੰ ‘ਚਾਚਾ’ ਕਹਿਕੇ ਬੁਲਾਉਂਦਾ ਹੁੰਦਾ ਸੀ।
“ਬਿਲਕੁਲ” ਮੈਂ ਸਿਰ ਹਿਲਾਇਆ ਤੇ ਫਿਰ ਓਧਰ ਹੀ ਦੇਖਣ ਲੱਗ ਪਿਆ।
“ਹੁਣ ਓਧਰ ਹੀ ਨਾ ਵਹੀ-ਖਾਤਾ ਖੋਲਕੇ ਬੈਠ……. ਇੱਧਰ ਵੀ ਨਜ਼ਰ ਮਿਲਾ ਸੋਹਣਿਆ”
ਮੈਂ ਰਾਮ ਲਾਲ ਵੱਲ ਦੇਖਿਆ।
“ਮੈਂ ਠੀਕ ਕਹਿਨਾ ਕਿ ਨਾ……ਹੈ ਉੱਨ੍ਹੀ ਇੱਕੀ ਦਾ ਫਰਕ?”
“ਕੋਈ ਸ਼ੱਕ ਈ ਨ੍ਹੀਂ…. ਬਾਈ ਆਹ ਤਾਂ ਕਮਾਲ ਹੋ ’ਗੀ”
ਰਾਮ ਲਾਲ ਨੇ ਸੱਚਮੁੱਚ ਹੀ ਸਰਪਰਾਈਜ ਦਿੱਤਾ ਸੀ। ਮੈਂ ਅੱਜ ਤੱਕ ਕਦੇ ਕਿਸੇ ਦੀ ਏਨੀ ਆਪਸ ਵਿਚ ਸ਼ਕਲ ਮਿਲਦੀ ਨਹੀਂ ਸੀ ਦੇਖੀ।
“ਹੁਣ ਹੋਰ ਨਾ ਓਧਰ ਦੇਖ…. ਬੱਸ ਤੈਰਦੀ-ਤੈਰਦੀ ਨਜ਼ਰ ਹੀ ਚੰਗੀ ਹੁੰਦੀ ਹੈ…..ਦੂਰੋਂ ਲੈ ਲਈਏ ਝਾਕਾ ਸੋਹਣਿਆਂ….”
“ਤੂੰ ਜਾਣਦੈਂ ਰਾਮ ਲਾਲ ਉਹਨੂੰ?”
“ਹਾਂ-ਹਾਂ ਧੀਰਜ਼ ਰੱਖ…. ਕਾਹਲਾ ਕਾਹਨੂੰ ਹੁੰਨੇ ਮਿੱਤਰਾ……ਪਹਿਲਾਂ ਮੇਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ”
ਮੈਂ ਖਾਮੋਸ਼ ਨਜ਼ਰਾਂ ਨਾਲ ਰਾਮ ਲਾਲ ਵੱਲ ਦੇਖਿਆ।
ਮੈਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਚਾਹ ਆ ਗਈ ਸੀ।
“ਜਿਹੜੀਆਂ ਮਰਜੀ ਸ਼ਰਤਾਂ ਰੱਖ ਲੈ ਭਰਾਵਾ ਸਭ ਮਨਜੂਰ ਨੇ” ਮੈਂ ਪਿਆਲੀ ਚੁੱਕਦਿਆਂ ਕਿਹਾ।
ਰਾਮ ਲਾਲ ਘੁੱਟ ਭਰਦਾ ਹੋਇਆ ਬੋਲਿਆ “ਦੇਖ ਭਰਾਵਾ ਪਹਿਲਾਂ ਤਾਂ ਮੈਂ ਵੀ ਹੈਰਾਨ ਹੋ ਗਿਆ ਸੀ….ਕਦੇ ਕਿਸੇ ਦੀ ਇੰਨੀ ਸ਼ਕਲ ਨਹੀਂ ਮਿਲਦੀ ਦੇਖੀ….ਮੈਂ ਸੋਚਿਆ ਕਿਤੇ ਮੈਨੂੰ ਹੀ ਭੁਲੇਖਾ ਨਾ ਲੱਗਿਆ ਹੋਵੇ…. ਤੈਨੂੰ ਵੀ ਦਰਸ਼ਨ ਕਰਾਦਿਆਂ….”
ਉਹ ਬੋਲਦਾ-ਬੋਲਦਾ ਵਿਚਦੀ ਰੁਕਿਆ ਤੇ ਫਿਰ ਕੁੱਝ ਸੋਚਕੇ ਜਿਹੇ ਬੋਲਿਆ,”ਮੈਂ ਤਾਂ ਇਸ ਬਜ਼ੁਰਗ ਨੂੰ ਪਹਿਲਾਂ ਵੀ ਕਈ ਵਾਰ ਦੇਖਿਆ….. ਸ਼ਰਤਾਂ-ਸ਼ੁਰਤਾਂ ਤਾਂ ਕਾਹਦੀਆਂ ਨੇ…. ਪਰ ਤੈਨੂੰ ਇਕ ਗੱਲ ਆਖਦਾਂ…. ਜਿੰਨਾ ਭੁਲੇਖਾ ਮੈਨੂੰ ਪਹਿਲੇ ਦਿਨ ਲੱਗਿਆ ਸੀ ਹੁਣ ਨਹੀਂ ਪੈਂਦਾ…. ਸ਼ਾਇਦ ਇਸ ਦਾ ਕਾਰਨ ਇਹ ਹੈ ਬਈ ਜਿਉਂ-ਜਿਉਂ ਅਸੀਂ ਕਿਸੇ ਚੀਜ਼ ਨੂੰ ਵਾਰ-ਵਾਰ ਦੇਖਦੇ ਹਾਂ, ਉਸ ਦੀ ਸ਼ੱਬ ਪਹਿਲਾਂ ਵਰਗੀ ਨਹੀਂ ਰਹਿੰਦੀ…….. ਸੋ ਪਿਆਰਿਆ….. ਮੇਰੀ ਬੇਨਤੀ ਸਮਝ ਲੈ ਚਾਹੇ ਸ਼ਰਤਾਂ ਬਈ ਤੂੰ ਉਹਦੇ ਵੱਲ ਵਾਰ-ਵਾਰ ਟਿਕ-ਟਿਕੀ ਲਾ ਕੇ ਨਾ ਦੇਖੀਂ ਤੇ ਨਾ ਹੀ ਉਸਦੇ ਨੇੜੇ ਜਾਈਂ….. ਤੇ ਗੱਲ ਬਾਤ ਤਾਂ ਕੀ ਕਰਨੀ ਐ…..ਦੂਰੋਂ ਲੈ ਲਈਏ ਝਲਕਾਰਾ ਸੋਹਣਿਆਂ ਸੱਜਣਾਂ ਦਾ……ਬਸ ਕਲਪਨਾ ਕਰ ਲਿਆ ਕਰ ਕਿ ਮੇਰਾ ਚਾਚਾ ਸੱਜਣ ਸਿਉਂ ਅਜੇ ਜਿਉਂਦਾ ਹੈ”
“ਕਿਹੜਾ ਪਿੰਡ ਹੈ ਇਸ ਬਜੁਰਗ ਦਾ?” ਮੈਂ ਪੁੱਛਿਆ
“ਪਿੰਡ ਇਹਦਾ ਧਰਮਪੁਰਾ ਹੈ…..ਪਹਿਲਾਂ ਫਸ਼ਲ ਕਿਸੇ ਹੋਰ ਦੇ ਸਿੱਟਦੇ ਹੁੰਦੇ ਸਨ….ਹੁਣ ਮੇਰੇ ਤਾਏ ਦੇ ਸਿੱਟਣ ਲੱਗੇ ਹਨ”
ਮੈਂ ਮਨ ਹੀ ਮਨ ਰਾਮ ਲਾਲ ਦਾ ਧੰਨਵਾਦ ਕਰ ਰਿਹਾ ਸਾਂ। ਉਸ ਨੇ ਮੈਨੂੰ ਬੇਸ਼ਕੀਮਤੀ ਤੋਹਫੇ ਦੇ ਦਰਸ਼ਨ ਕਰਾ ਦਿੱਤੇ ਸਨ। ਉਹਦੀਆਂ ਗੱਲਾਂ ’ਚ ਡੂੰਘੀ ਸਿਆਣਪ ਨਜ਼ਰ ਆਈ ਸੀ। ਉਸ ਦੀ ਗੱਲ ਸੋਲਾਂ ਆਨੇ ਸੱਚ ਲੱਗੀ ਸੀ। ਵਾਰ-ਵਾਰ ਦੇਖਣ ਤੇ ਨੇੜੇ ਹੋਕੇ ਦੇਖਣ ਨਾਲ ਉਹ ਗੱਲ ਨਹੀਂ ਸੀ ਰਹਿਣੀ। ਮੈਂ ਰਾਮ ਲਾਲ ਨੂੰ ਆਖ ਦਿੱਤਾ ਸੀ ਕਿ ਜਦੋਂ ਵੀ ਇਹ ਬਜੁਰਗ ਇੱਥੇ ਨਜ਼ਰ ਆਉਣ ਮੈਨੂੰ ਕਾਲ ਕਰ ਲਿਆ ਕਰ।
ਮੈਨੂੰ ਅਕਸਰ ਰਾਮ ਲਾਲ ਦੇ ਸੁਨੇਹੇ ਦੀ ਉਡੀਕ ਰਹਿਣ ਲੱਗੀ ਸੀ। ਗੱਜਣ ਸਿੰਘ ਨੇ ਮੇਰੇ ਮਨ ਦੀ ਧਰਤੀ ਮੱਲ ਲਈ ਸੀ। ਕਈ ਵਾਰ ਉਸ ਦੀ ਦੁਕਾਨ ਦੇ ਅੱਗੋਂ ਦੀ ਲੰਘਦਿਆਂ ਕਰਦਿਆਂ ਵੀ ਪੈਰ ਮਲ ਲੈਂਦਾ ਸਾਂ। ਪਰ ਉਹ ਕਦੇ ਮੱਥੇ ਨਹੀਂ ਸੀ ਲੱਗਿਆ।
ਗੱਜਣ ਸਿੰਘ ਦਾ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ।
ਘਰ ਤੋਂ ਦੋ ਕਿਲੋਮੀਟਰ ਦੇ ਫਾਸਲੇ ਤੇ ਸਕੂਲ ਵੱਲ ਜਾਂਦੀ ਸੜਕ ਤੋਂ ਧਰਮਪੁਰਾ ਨੂੰ ਸੜਕ ਫੱਟਦੀ ਸੀ। ਇੱਥੇ ਆਕੇ ਪਤਾ ਹੀ ਨਾ ਲੱਗਦਾ, ਕਿਹੜੇ ਵੇਲੇ ਮੋਟਰਸਾਈਕਲ ਦੀ ਰਫ਼ਤਾਰ ਮੱਠੀ ਹੋ ਜਾਂਦੀ। ਮੈਂ ਨਜ਼ਰ ਭਰ ਕੇ ਧਰਮਪੁਰਾ ਨੂੰ ਜਾਂਦੀ ਸੜਕ ਵੱਲ ਦੇਖਦਾ। ਮਨ ਹੀ ਮਨ ਦੁਆ ਕਰਦਾ, ਕਾਸ਼! ਕਿਤੇ ਗੱਜ਼ਣ ਸਿੰਘ ਹੀ ਨਜ਼ਰ ਆ ਜਾਵੇ ਪਰ ਉਹ ਕਦੇ ਵੀ ਨਾ ਦਿਸਿਆ।
ਪਹਿਲਾਂ ਤਾਂ ਮੋਟਰਸਾਈਕਲ ਦੀ ਰਫਤਾਰ ਹੀ ਮੱਠੀ ਪੈਂਦੀ ਸੀ, ਹੁਣ ਤਾਂ ਕਈ ਵਾਰ ਮੈਂ ਉਡੀਕ ਕਰਨ ਵਾਲਿਆਂ ਵਾਂਗ ਖੜ ਵੀ ਜਾਂਦਾ ਸਾਂ।
ਇਹ ਕਿਹੀ ਖਿੱਚ ਸੀ, ਜਿਸ ਨੇ ਮੈਨੂੰ ਇਕ ਬੇਗਾਨੇ ਪਿੰਡ ਨਾਲ ਜੋੜ ਦਿੱਤਾ ਸੀ। ਇਹ ਕਿਹੀ ਜਾਦੂਗਰੀ ਸੀ ਜਿਸ ਕਰਕੇ ਬੇਗਾਨੀ ਮਿੱਟੀ ਚੋਂ ਨਵੇਂ ਰਿਸ਼ਤੇ ਉੱਗ ਆਏ ਸਨ।
ਉਂਜ ਮੇਰੇ ਲਈ ਇਹ ਪਿੰਡ ਹੁਣ ਬੇਗਾਨਾ ਨਹੀਂ ਸੀ ਰਿਹਾ। ਉਸ ਦੀ ਮਿੱਟੀ ਤੇ ਕਦਮ ਰੱਖਣ ਲਈ ਮੇਰਾ ਅੰਦਰ ਤੜਫਦਾ।
ਤੇ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਅੱਗੇ ਤੋਂ ਇਸੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕਰਕੇ ਜਾਇਆ ਕਰਾਂਗਾ।
ਫਿਰ ਮੈਂ ਇਸੇ ਪਿੰਡ ਵਿੱਚਦੀ ਜਾਣ ਲੱਗਿਆ ਸਾਂ।
ਗੱਜਣ ਸਿੰਘ ਦਾ ਘਰ ਪੁਰਾਣੀ ਧਰਮਸ਼ਾਲਾ ਦੇ ਕੋਲ ਸੀ – ਧਰਮਸ਼ਾਲਾ ਦੇ ਅੱਗੇ ਇੱਕ ਖੁੱਲੀ ਸੱਥ – ਸੱਥ ਦੇ ਵਿਚਕਾਰ ਇੱਕ ਬੁੱਢਾ ਬੋਹੜ – ਤੇ ਬੋਹੜ ਦੇ ਆਲੇ-ਦੁਆਲੇ ਇਕ ਚੌਂਤਰਾ।
ਇਸ ਪਿੰਡ ਤੋਂ ਅਗਲੇ ਪਿੰਡਾਂ ਜਾਂ ਸ਼ਹਿਰ ਨੂੰ ਆਉਣ-ਜਾਣ ਵਾਲੇ ਰਾਹਗੀਰ, ਇਸੇ ਰਸਤੇ ’ਚੋਂ ਦੀ ਲੰਘਕੇ ਜਾਂਦੇ ਸਨ। ਇਸ ਲਈ ਮੇਰਾ ਇੱਥੋਂ ਦੀ ਸਕੂਲ ਜਾਣਾ ਪਿੰਡ ਵਾਸੀਆਂ ਲਈ ਕੋਈ ਓਪਰਾ ਨਹੀਂ ਸੀ ਲੱਗਣਾ। ਇਸ ਗੱਲ ਨੇ ਮੇਰੀ ਝਿੱਜਕ ਦੂਰ ਕਰ ਦਿੱਤੀ ਸੀ।
ਅਕਸਰ ਸੱਥ ਵਿਚਦੀ ਗੁਜ਼ਰਦਿਆਂ ਮੇਰੇ ਮੋਟਰਸਾਈਕਲ ਦੀ ਰਫਤਾਰ ਧੀਮੀ ਹੋ ਜਾਂਦੀ ਤੇ ਮੈਂ ਉੱਥੇ ਬੈਠੇ ਬੰਦਿਆਂ ਵੱਲ ਨਜ਼ਰ ਭਰਕੇ ਵੇਖਦਾ ਜਾਂ ਫਿਰ ਗੱਜਣ ਸਿੰਘ ਦੇ ਘਰ ਅੱਗੋਂ ਨਜ਼ਰ ਮਾਰਕੇ ਲੰਘ ਜਾਂਦਾ ਸਾਂ।
ਉਹ ਸੱਥ ’ਚ ਬੈਠਾ ਮੈਨੂੰ ਕਦੀ ਨਜ਼ਰ ਨਹੀਂ ਆਇਆ।
ਇਕ ਦਿਨ ਜਦ ਘਰ ’ਚ ਨਿਗਾਹ ਮਾਰੀ ਤਾਂ ਉਹ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ। ਉਹਦੇ ਮੁੱਖ ਵੱਲ ਵੇਖਦਿਆਂ ਮੇਰੇ ਅੰਦਰ ਇੱਕ ਕੰਬਣੀ ਜਿਹੀ ਛਿੜੀ। ਮੇਰਾ ਮੋਟਰਸਾਈਕਲ ਅੱਗੇ ਜਾਕੇ ਰੁੱਕ ਗਿਆ। ਜੀ ਕਰੇ ਇਕ ਵਾਰ ਫਿਰ ਝਾਤੀ ਮਾਰ ਆਵਾਂ। ਫਿਰ ਮਨ ’ਚ ਆਇਆ, ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ ਪਰ ਮੈਥੋਂ ਰਿਹਾ ਨਾ ਗਿਆ। ਮੈਂ ਮੋਟਰਸਾਈਕਲ ਵਾਪਿਸ ਮੋੜ ਲਿਆ। ਸੋਚਿਆ ਫਿਰਨੀ ਦੇ ਰਸਤੇ ਵਾਪਿਸ ਚਲਾ ਜਾਵਾਂਗਾ।
ਘਰ ਕੋਲ ਆਕੇ ਮੈਂ ਫਿਰ ਉਨ੍ਹਾਂ ਵੱਲ ਨਜ਼ਰ ਸੁੱਟੀ। ਗੱਜਣ ਸਿੰਘ ਨੇ ਸਿਰ ਉੱਪਰ ਕੀਤਾ ਤੇ ਮੇਰੇ ਨਾਲ ਨਜ਼ਰਾਂ ਮਿਲਾਈਆਂ। ਮੈਨੂੰ ਅਹਿਸਾਸ ਹੋਇਆ ਜਿਵੇਂ ਮੇਰਾ ਬਾਪ ਕਿਸੇ ਓਪਰੇ ਬੰਦੇ ਨੂੰ ਘੂਰ ਰਿਹਾ ਹੋਵੇ। ਮੈਂ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰ ਦਿੱਤੀ।
ਇਸ ਰਸਤੇ ਰਾਹੀਂ ਗੁਜ਼ਰਕੇ ਜਾਣ ਦਾ ਰਾਜ਼ ਮੈਂ ਆਪਣੇ ਅੰਦਰ ਹੀ ਦਫਨ ਕਰ ਲਿਆ ਸੀ। ਮੈਂ ਚਾਹੁੰਦਿਆਂ ਹੋਇਆਂ ਵੀ ਇਹ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਨਹੀਂ ਸੀ ਕੀਤੀ। ਭਾਵੇਂ ਕਿੰਨੇ ਹੀ ਵਾਰ ਇਸ ਭੇਤ ਨੂੰ ਖੋਲਣ ਬਾਰੇ ਮਨ ਬਣਾਇਆ ਪਰ ਦੂਜੇ ਹੀ ਪਲ ਬਦਲ ਲਿਆ ਸੀ।
ਸੋਚਦਾ ਸਾਂ ਕਿ ਬੱਚਿਆਂ ਤੇ ਘਰ ਵਾਲੀ ਨੇ ਮੇਰਾ ਮੌਜੂ ਬਣਾ ਦੇਣਾ ਹੈ। ਬੱਚਿਆਂ ਨੇ ਆਖਣਾ ਸੀ,”ਕਿਆ ਇੰਟਰਸਟਿੰਗ ਸਟੋਰੀ ਹੈ ਡੈਡ……. ਇਕ ਦਮ ਫ਼ਿਲਮੀ ਸਟਾਈਲ”
ਪਤਨੀ ਨੇ ਆਖਣਾ ਸੀ, “ਛੱਡਿਆ ਕਰੋ ਗਏ ਗੁਜ਼ਰੇ ਦੀਆਂ ਬਾਤਾਂ….. ਬਥੇਰਿਆਂ ਦੀਆਂ ਆਪਸ ਵਿੱਚ ਸ਼ਕਲਾਂ ਮਿਲ ਜਾਂਦੀਆਂ ਨੇ…..  ਕੱਲ੍ਹ ਨੂੰ ਕਹਿ ਦਿਓਗੇ, ਉਹ ਫਲਾਣੀ ਤੀਵੀਂ ਦੀ ਸ਼ਕਲ ਥੋਡੇ ਨਾਲ ਮਿਲਦੀ ਹੈ।”
ਤੇ ਮੈਂ ਇਹ ਨਹੋਰੇ ਸੁਣਨ ਤੋਂ ਪਹਿਲਾਂ ਹੀ ਇਸ ਨੂੰ ਇਕ ਰਾਜ ਬਣਾ ਕੇ ਰੱਖ ਲਿਆ ਸੀ। ਇਸ ਗੱਲ ਦੀ ਭਿਣਕ ਤਾਂ ਮੈਂ ਰਾਮ ਲਾਲ ਨੂੰ ਵੀ ਨਹੀਂ ਸੀ ਪੈਣ ਦਿੱਤੀ। ਰਾਮ ਲਾਲ ਆਪਣੇ ਵਾਅਦੇ ਦਾ ਪੱਕਾ ਰਿਹਾ ਸੀ। ਭਾਵੇਂ ਉਸ ਨੇ ਗੱਜ਼ਣ ਸਿੰਘ ਦੇ ਦੁਕਾਨ ਤੇ ਗੇੜਾ ਮਾਰਨ ਸਮੇਂ ਕਿੰਨੇ ਹੀ ਸੁਨੇਹੇ ਲਾਏ ਸਨ। ਪਰ ਮੈਂ ਦੋ ਕੁ ਵਾਰ ਤੋਂ ਵੱਧ ਨਹੀਂ ਸਾਂ ਜਾ ਸਕਿਆ।
ਇਸ ਤੋਂ ਬਾਅਦ ਮੈਂ ਸਕੂਲ ਆਉਂਣ ਜਾਣ ਦਾ ਇਹ ਹੀ ਰਸਤਾ ਅਪਣਾ ਲਿਆ ਸੀ।
ਪਿੰਡ ’ਚ ਵੜਦਿਆਂ ਪਹਿਲਾਂ ਸੱਥ ’ਚ ਨਜ਼ਰ ਮਾਰਦਾ। ਜੇ ਸੱਥ ’ਚ ਨਜ਼ਰ ਨਾ ਆਉਂਦਾ ਤਾਂ ਘਰ ’ਚ ਝਾਤੀ ਮਾਰ ਕੇ ਅੱਗੇ ਲੰਘ ਜਾਂਦਾ। ਉਹ ਸੱਥ ’ਚ ਬੈਠਾ ਤਾਂ ਮੈਂ ਕਦੀ-ਕਦੀ ਹੀ ਵੇਖਿਆ ਸੀ। ਉਹ ਜਾਂ ਤਾਂ ਘਰ ’ਚ ਹੀ ਮੰਜੇ ਤੇ ਪਿਆ ਹੁੰਦਾ ਜਾਂ ਕਦੀ ਕੋਈ ਨਿੱਕਾ ਮੋਟਾ ਕੰਮ ਕਰ ਰਿਹਾ ਹੁੰਦਾ। ਕਈ ਵਾਰ ਕਈ-ਕਈ ਦਿਨ ਮੱਥੇ ਹੀ ਨਾ ਲੱਗਦਾ। ਫਿਰ ਮੈਨੂੰ ਅੱਚਵੀ ਜਿਹੀ ਲੱਗ ਜਾਂਦੀ ਤੇ ਜਿਉਂ ਹੀ ਨਜ਼ਰੀ ਪੈਂਦਾ ਦਿਲ ਨੂੰ ਸਕੂਨ ਜਿਹਾ ਮਿਲਦਾ।
ਇਕ ਦਿਨ ਮੈਂ ਉਚੇਚੇ ਤੌਰ ਤੇ ਰਾਮ ਲਾਲ ਨਾਲ ਮਨ ਦੀ ਗੱਲ ਸਾਂਝੀ ਕਰਨ ਵਾਸਤੇ ਗਿਆ। ਉਸ ਨੇ ਜਿਵੇਂ ਪਹਿਲਾਂ ਹੀ ਮੇਰੇ ਮਨ ਦੀ ਗੱਲ ਬੁੱਝ ਲਈ ਸੀ। ਉਹ ਖੁਸ਼ ਹੋ ਕੇ ਹੱਥ ਮਿਲਾਉਂਦਿਆਂ ਬੋਲਿਆ,”ਸੁਪਨਿਆਂ ਤੂੰ ਸੁਲਤਾਨ ਹੈਂ….ਤੇ ਉੱਤਮ ਤੇਰੀ ਜਾਤ, ਸੌ ਸਾਲਾਂ ਦੇ ਵਿੱਛੜੇ, ਆਣ ਮਿਲਾਵੇ ਰਾਤ।”
“ਕਿਹੜਾ ਸੁਪਨਾ ਆ ਗਿਆ ਤੈਨੂੰ?” ਮੈਂ ਪੁੱਛਿਆ।
“ਸੁਪਨਾ ਉਹਦਾ ਹੀ ਆਊ…. ਜਿਹਨੂੰ ਯਾਦ ਕਰਾਂਗੇ…. ਆਪਣੇ ’ਕੱਠੇ ਹੋਣ ਦਾ ਵੱਡਾ ਫਾਇਦਾ ਤਾਂ ਇਹ ਹੋਇਆ….ਬਈ ਸੁਪਨੇ ’ਚ ਹੁਣ ਬਜ਼ੁਰਗਾਂ ਦੇ ਦਰਸ਼ਨ ਹੋਣ ਲੱਗ ਪਏ।” ਉਹ ਬੋਲਿਆ।
ਸੁਪਨਿਆਂ ਵਾਲੀ ਗੱਲ ਹੀ ਤਾਂ ਮੈਂ ਉਸਨੂੰ ਦੱਸਣ ਗਿਆ ਸਾਂ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਸਾਡੀਆਂ ਗੱਲਾਂ ’ਚ ਬਜ਼ੁਰਗਾਂ ਦਾ ਆਪ ਮੁਹਾਰੇ ਹੀ ਜ਼ਿਕਰ ਆ ਹੀ ਜਾਂਦਾ ਸੀ। ਗੱਲਾਂ ਦੀ ਤੰਦ ਭਾਵੇਂ ਕਿੱਥੋਂ ਵੀ ਸ਼ੁਰੂ ਹੁੰਦੀ ਸੀ ਪਰ ਮੁਕਦੀ ਬਜੁਰਗਾਂ ਦੇ ਜੀਵਨ ਦ੍ਰਿਸ਼ਾਂ ਉੱਤੇ ਹੀ ਸੀ।
ਇਨ੍ਹਾਂ ਹੀ ਦਿਨਾਂ ’ਚ ਮੇਰੇ ’ਚ ਕਈ ਪਰਿਵਰਤਨ ਸਹਿਜ ਸੁਭਾਅ ਹੀ ਆ ਗਏ ਸਨ।
ਹੁਣ ਮੈਂ ਘਰੋਂ ਬਾਹਰ ਵੇਲਾ ਕੁਵੇਲਾ ਕਰਨਾ ਛੱਡ ਦਿੱਤਾ ਸੀ। ਸ਼ਾਮ ਦੀਆਂ ਮਹਿਫਲਾਂ ’ਚੋਂ ਗੈਰਹਾਜ਼ਰ ਰਹਿਣ ਲੱਗਿਆਂ ਸਾਂ। ਸੁਬ੍ਹਾ ਜਲਦੀ ਉੱਠ ਕੇ ਸੈਰ ਨੂੰ ਜਾਂਦਾ। ਹੁਣ ਸਕੂਲੋਂ ਆ ਮੁੰਡੇ ਕੋਲ ਦੁਕਾਨ ਤੇ ਜਾ ਕੇ ਬੈਠਣ ਲਈ ਸਮਾਂ ਕੱਢਦਾ। ਐਤਵਾਰ ਜਾਂ ਛੁੱਟੀ ਵਾਲੇ ਦਿਨ ਅਕਸਰ ਖੇਤ ’ਚ ਗੇੜਾ ਮਾਰ ਆਉਂਦਾ।
ਕਦੇ-ਕਦੇ ਮਹਿਸੂਸ ਹੁੰਦਾ ਜਿਵੇਂ ਬਾਪ ਮੇਰੇ ਨੇੜੇ ਤੇੜੇ ਹੀ ਹੋਵੇ
ਕਈ ਵਾਰ ਜੇ ਸੁਸਤੀ ਕਰਨ ਲਗਦਾ ਤਾਂ ਸੁੱਤ-ਉਨੀਂਦਰੇ ਦੇ ਕੰਨਾਂ ’ਚ ਬਾਪੂ ਦੇ ਬੋਲ ਪੈਂਦੇ ਤੇ ਮੈਂ ਪਿਆ-ਪਿਆ ਇਕਦਮ ਉੱਠ ਖੜ੍ਹਦਾ। ਇੰਜ ਲੱਗਦਾ ਜਿਵੇਂ ਮੇਰੇ ’ਚ ਨਵੀਂ ਰੂਹ ਪ੍ਰਵੇਸ਼ ਕਰ ਗਈ ਹੋਵੇ।
ਮੇਰੇ ’ਚ ਆਏ ਇਨ੍ਹਾਂ ਪਰਿਵਰਤਨਾਂ ਨੇ ਘਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਇਕ ਦਿਨ ਸਕੂਲ ’ਚ ਮੇਰੇ ਵੱਲੋਂ ਭਰੀ ਸਟੇਟਮੈਂਟ ਵੱਲ ਦੇਖਦਿਆਂ ਮੁੱਖ ਅਧਿਆਪਕ ਬੋਲਿਆ,”ਜਨਾਬ ਆਹ ਤਾਂ ਕਮਾਲ ਹੋ ’ਗੀ…. ਲੋਕ ਦੂਜਿਆਂ ਦਾ ਨਾਂ ਤਾਂ ਗ਼ਲਤ ਲਿਖਦੇ ਦੇਖੇ ਆ…… ਮੇਰੇ ਵੀਰ ਨੇ ਤਾਂ ਆਪਣੇ ਹੀ ਬਜ਼ੁਰਗਾਂ ਦਾ….”
ਮੈਂ ਦੇਖਿਆ ਸੱਜਣ ਸਿੰਘ ਦੀ ਬਜਾਏ, ਮੈਂ ਗੱਜਣ ਸਿੰਘ ਲਿਖ ਦਿੱਤਾ ਸੀ।
ਇਸ ਤਰ੍ਹਾਂ ਗੱਜਣ ਸਿੰਘ ਦੇ ਪਿੰਡ ’ਚੋਂ ਦੀ ਗੁਜ਼ਰਦਿਆਂ ਲੱਗਪਗ ਸਾਲ ਹੋਣ ਵਾਲਾ ਸੀ। ਅੱਗੋਂ ਗਰਮੀ ਦੀਆਂ ਇਕ ਮਹੀਨੇ ਦੀਆਂ ਛੁੱਟੀਆਂ ਸਨ। ਮੈਂ ਚਹੁੰਦਾ ਸਾਂ ਕਿ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਕਾਸ਼ ਉਹ ਮਿਲ ਪਵੇ।
ਮੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਸੀ। ਛੁੱਟੀਆਂ ਤੋਂ ਦੋ ਦਿਨ ਪਹਿਲਾਂ ਆਪਣੇ ਘਰੋਂ ਪੱਗ ਲਪੇਟਦਾ-ਲਪੇਟਦਾ ਨਿੱਕਲ ਰਿਹਾ ਸੀ। ਮੈਂ ਜੀ ਭਰ ਕੇ ਉਨ੍ਹਾਂ ਵੱਲ ਦੇਖਿਆ।
ਉਸ ਨੇ ਪਿੱਛੋਂ ਆਵਾਜ਼ ਮਾਰੀ, “ਮਾਸਟਰ ਜੀ ਛੁੱਟੀਆਂ ਕਿੰਨੇ ਦਿਨਾਂ ਦੀਆਂ ਮਿਲ ਰਹੀਆਂ ਨੇ ਫੇਰ…?”
“ਇਕ ਮਹੀਨੇ ਦੀਆਂ ਬਜ਼ੁਰਗੋ” ਮੈਂ ਪਿੱਛੇ ਵੱਲ ਗਰਦਨ ਘੁੰਮਾਉਂਦਿਆਂ ਕਿਹਾ ਸੀ।
ਇਸ ਤੋਂ ਬਿਨਾਂ ਉਸ ਨੇ ਹੋਰ ਕੋਈ ਸਵਾਲ ਨਹੀਂ ਸੀ ਪੁੱਛਿਆ। ਮੇਰੇ ਦੇਖਦੇ-ਦੇਖਦੇ ਉਹ ਪਰ੍ਹਾਂ ਚਲਾ ਗਿਆ ਸੀ। ਕਿੰਨਾ ਚਿਰ ਮੇਰੇ ਕੰਨਾਂ ’ਚ ਉਸ ਦੀ ਆਵਾਜ਼ ਗੂੰਜਦੀ ਰਹੀ।
ਛੁੱਟੀਆਂ ਦੌਰਾਨ ਇਕ ਦਿਨ ਰਾਮ ਲਾਲ ਦਾ ਫੋਨ ਆਇਆ। ਉਹ ਨਹੋਰਾ ਮਾਰ ਰਿਹਾ ਸੀ, “ਕੀ ਗੱਲ ਮਿਲਣੋਂ ਗਿਲਣੋਂ ਹੀ ਰਹਿ ਗਿਆ ਮਿੱਤਰਾ….. ਕਦੇ ਸਾਡੇ ਦਿਲ ਦਾ ਮਹਿਰਮ ਵੀ ਬਣ ਜਾਇਆ ਕਰ…. ਅੱਜ ਕੋਈ ਬਹਾਨਾ ਨਾ ਲਾਈਂ… ਜ਼ਰੂਰੀ ਕੰਮ ਐ…. ਮੈਂ ਉਡੀਕ ਕਰੂੰ।”
ਰਾਮ ਲਾਲ ਵਾਅਦੇ ਦਾ ਪੱਕਾ ਰਿਹਾ ਸੀ। ਜਿਸ ਦਿਨ ਗੱਜਣ ਸਿੰਘ ਗੇੜਾ ਮਾਰਦਾ ਉਹ ਜ਼ਰੂਰ ਫੋਨ ਕਰਦਾ। ਮੈਂ ਕਈ ਵਾਰ ਅਵੇਸਲਾ ਹੋ ਗਿਆ ਸਾਂ। ਰਾਮ ਲਾਲ ਕਦੇ-ਕਦੇ ਹੱਸਦਾ-ਹੱਸਦਾ ਆਖਦਾ ਹੁੰਦਾ,”ਕੀ ਗੱਲ…. ਜੀਅ ਭਰ ਗਿਆ ਬਾਪੂ ਤੋਂ?”
ਪਰ ਰਾਮ ਲਾਲ ਨੂੰ ਕੀ ਪਤਾ ਸੀ ਕਿ ਮੈਂ ਦੁਕਾਨ ਤੇ ਆਉਂਣ ਤੋਂ ਕਿਉਂ ਕਦੇ-ਕਦੇ ਪੱਛੜ ਜਾਂਦਾ ਰਿਹਾ ਸਾਂ।
ਅੱਜ ਤਾਂ ਪੱਛੜਨ ਦਾ ਸੁਆਲ ਹੀ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਮੈਂ ਰਾਮ ਲਾਲ ਦੀ ਦੁਕਾਨ ਤੇ ਸਾਂ। ਮੋਟਰਸਾਈਕਲ ਖੜਾਉਂਦਿਆਂ ਹੀ ਮੇਰੀ ਸੁਭਾਵਿਕ ਹੀ ਨਿਗਾਹ ਸਾਹਮਣੀ ਦੁਕਾਨ ਵੱਲ ਗਈ। ਉੱਥੇ ਕਈ ਜਣੇ ਬੈਠੇ ਸਨ ਪਰ ਉਨ੍ਹਾਂ ’ਚ ਗੱਜਣ ਸਿੰਘ ਨਹੀਂ ਸੀ। ਮੈਂ ਰਾਮ ਲਾਲ ਕੋਲ ਕੁਰਸੀ ਤੇ ਜਾ ਬੈਠਾ।
“ਅੱਜ ਤਾਂ ਸੱਜਣਾ ਹੋਰ ਸੁਨੇਹੇ ਵਾਸਤੇ ਬੁਲਾਇਆ ਸੀ।” ਰਾਮ ਲਾਲ ਨੇ ਪਾਣੀ ਦਾ ਗਿਲਾਸ ਫੜਾਉਂਦੇ ਹੋਏ ਕਿਹਾ।
“ਮੈਂ ਵੀ ਦੇਖ ਕੇ ਸੋਚਿਆ…. ਬਈ ਅੱਜ ਸਾਹਮਣੇ ਗੱਜਣ ਸਿਉਂ ਹੈ ਨ੍ਹੀ।” ਮੈਂ ਗਿਲਾਸ ਮੂੰਹ ਨੂੰ ਲਾਉਂਦੇ ਹੋਏ ਕਿਹਾ।
ਰਾਮ ਲਾਲ ਚੁੱਪ-ਚਾਪ ਗਾਹਕਾਂ ਨੂੰ ਭੁਗਤਾਉਂਦਾ ਰਿਹਾ।
ਗਾਹਕ ਜਾਣ ਤੋਂ ਬਾਅਦ ਉਹ ਹੌਲੀ ਜਿਹੀ ਬੋਲਿਆ,”ਹੋਰ ਸਭ ਠੀਕ ਠਾਕ ਐ?”
“ਸਭ ਠੀਕ-ਠਾਕ ਐ।” ਕਹਿਕੇ ਮੈਂ ਫਿਰ ਸਾਹਮਣੀ ਦੁਕਾਨ ਵੱਲ ਨਿਗਾਹ ਮਾਰੀ।
“ਤੈਨੂੰ ਪਤਾ ਨ੍ਹੀ ਕਿਸੇ ਗੱਲ ਦਾ?”
“ਨਾਅ” ਮੈਂ ਹੈਰਾਨੀ ਜਿਹੀ ’ਚ ਰਾਮ ਲਾਲ ਵੱਲ ਦੇਖਿਆ।
ਰਾਮ ਲਾਲ ਨੇ ਇਕ ਲੰਮਾ ਹੌਕਾ ਭਰਿਆ ਤੇ ਬੋਲਿਆ “ਮਿਲਣਾ ਤਾਂ ਰੱਬ ਨੂੰ ਏ…. ਤੇਰਾ ਪਿਆਰ ਬਹਾਨਾ ਏ…..ਆੜੀਆ ਆਪਣਾ ਗੱਜਣ ਸਿੰਘ ਤਾਂ ਫੇਰ ਚੜ੍ਹਾਈ ਕਰ ਗਿਆ”
ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰਲੇ ਸ਼ਾਂਤ ਸਮੁੰਦਰ ’ਚ ਕੋਈ ਪਹਾੜ ਟੁੱਟ ਕੇ ਡਿੱਗ ਪਿਆ ਹੋਵੇ। ਕਿੰਨਾ ਚਿਰ ਮੈਂ ਬਿਡਰਿਆ-ਬਿਡਰਿਆ ਰਾਮ ਲਾਲ ਦੇ ਚੇਹਰੇ ਵੱਲ ਦੇਖਦਾ ਰਿਹਾ। ਪਾਣੀ ਵਾਲਾ ਗਲਾਸ ਹੇਠਾਂ ਰੱਖਣ ਲੱਗਿਆਂ ਮੇਰੇ ਹੱਥੋਂ ਛੁੱਟ ਗਿਆ।
ਇਹ ਜਾਣਦਿਆਂ ਹੋਇਆਂ ਵੀ ਕਿ ਉਹ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ – ਕਦੇ ਦੋ ਬੋਲ ਵੀ ਉਸ ਨਾਲ ਸਾਂਝੇ ਨਹੀਂ ਸਨ ਕੀਤੇ – ਕਦੇ ਕਿਸੇ ਦੁੱਖ-ਦਰਦ ’ਚ ਉਨ੍ਹਾਂ ਸਹਾਈ ਵੀ ਨਹੀਂ ਸੀ ਹੋਣਾ। ਫਿਰ ਵੀ ਉਨ੍ਹਾਂ ਦੇ ਜਾਣ ਬਾਅਦ ਇੰਝ ਮਹਿਸੂਸ ਹੋਇਆ ਜਿਵੇਂ ਮੇਰੇ ਸਿਰ ਤੋਂ ਗੂੜਾ ਪਰਛਾਵਾਂ ਪਰਾਂ ਚਲਾ ਗਿਆ ਹੋਵੇ – ਤੇ ਮੈਂ ਪਲ ਦੀ ਪਲ ਕਿਸੇ ਮਾਰੂਥਲ ’ਚ ਜਾ ਖੜਿਆ ਹੋਵਾਂ।
ਰਾਮ ਲਾਲ ਮੇਰੀ ਉਦਾਸੀ ਭਾਂਪ ਗਿਆ। ਸ਼ਾਇਦ ਉਸ ਨੇ ਮੇਰੀਆਂ ਅੱਖਾਂ ’ਚ ਉੱਤਰ ਆਈ ਨਮੀਂ ਦੇਖ ਲਈ ਸੀ।
“ਕਦੋਂ ਕੁ ਦੀ ਗੱਲ ਐ….?” ਮੈਂ ਗਲਾ ਸਾਫ ਕਰਦਿਆਂ ਪੁੱਛਿਆ।
“ਕਈ ਦਿਨ ਹੋ ’ਗੇ…..ਕੱਲ੍ਹ ਨੂੰ ਭੋਗ ਐ….ਚੱਲਾਂਗੇ ਆਪਾਂ ਦੋਵੇਂ…..ਗੱਜਣ ਸਿੰਘ ਆਪਣਾ ਵੀ ਕੁੱਝ ਲੱਗਦਾ ਸੀ।”
ਗੱਜਣ ਸਿੰਘ ਦੀ ਮੌਤ ਨੇ ਸਾਨੂੰ ਫਿਰ ਅਤੀਤ ਨਾਲ ਜੋੜ ਦਿੱਤਾ ਸੀ। ਕਿੰਨ੍ਹਾਂ ਚਿਰ ਅਸੀਂ ਮਨੁੱਖੀ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਰਹੇ। ਕਦੇ ਹੀਰਾ ਮੱਲ, ਕਦੇ ਗੱਜਣ ਸਿੰਘ ਤੇ ਕਦੇ ਮੇਰਾ ਬਾਪ ਵਾਰ-ਵਾਰ ਸਾਡੀਆਂ ਗੱਲਾਂ ’ਚ ਵਿਚਰਦੇ ਰਹੇ। ਅਸੀਂ ਇਉਂ ਉਦਾਸੀ ’ਚ ਡੁੱਬੇ ਗੱਲਾਂ ਕਰ ਰਹੇ ਸਾਂ ਜਿਵੇਂ ਸੱਚਮੁੱਚ ਸਾਡਾ ਨਜ਼ਦੀਕੀ ਰਿਸ਼ਤੇਦਾਰ ਵਿਛੋੜਾ ਦੇ ਗਿਆ ਹੋਵੇ।
ਫਿਰ ਕਿੰਨਾਂ ਚਿਰ ਅਸੀਂ ਖਾਮੋਸ਼ੀ ’ਚ ਡੁੱਬੇ ਰਹੇ।
ਇੱਕ ਗਾਹਕ ਦੁਕਾਨ ਵਿਚ ਆਇਆ ਤੇ ਸੌਦਾ ਲੈਕੇ ਚਲਦਾ ਬਣਿਆ।
ਮੈਂ ਦੇਖਿਆ ਅਚਾਨਕ ਰਾਮ ਲਾਲ ਦੀਆਂ ਅੱਖਾਂ ’ਚ ਚਮਕ ਆਈ ਪਰ ਉਸ ਨੇ ਨੀਵੀਂ ਪਾ ਲਈ। ਫਿਰ ਖੰਘੂਰਾ ਜਿਹਾ ਮਾਰ ਕੇ ਬੋਲਿਆ,”ਦੇਖ ਮਿੱਤਰਾ….ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀਂ….ਬਾਈ ਸੱਚੀਂ ਦੱਸ…..ਕਦੇ ਰਾਹ ਖਹਿੜੇ ਮਿਲਿਆ ਸੀ ਗੱਜਣ ਸਿੰਘ ਨੂੰ ਕਿ ਨਾਂ….”
ਉਸ ਦਾ ਸੁਆਲ ਸੁਣਕੇ ਮੇਰਾ ਚਿਹਰਾ ਇਕ ਦਮ ਉੱਪਰ ਉੱਠਿਆ।
ਰਾਮ ਲਾਲ ਅੱਖਾਂ ’ਚ ਹੱਸ ਰਿਹਾ ਸੀ।

ਉਸ ਦੇ ਪ੍ਰਸ਼ਨ ਨੇ ਮੈਨੂੰ ਸੋਚਾਂ ’ਚ ਪਾ ਦਿੱਤਾ। ਸੋਚਦਾ ਸਾਂ ਕਿ ਉਸ ਨੇ ਇਹ ਗੱਲ ਕਿਉਂ ਪੁੱਛੀ ਹੈ? ਜੇ ਉਹ ਇਹ ਸਵਾਲ ਨਾ ਵੀ ਪੁੱਛਦਾ ਤਾਂ ਵੀ ਆਖ਼ਰ ਮੈਂ ਸਾਰੀ ਕਹਾਣੀ ਉਸ ਨਾਲ ਸਾਂਝੀ ਕਰ ਹੀ ਲੈਣੀ ਸੀ।
“ਹਾਂ” ਮੈਂ ਸਿਰ ਹਿਲਾਇਆ।
ਉਹ ਮੁਸਕਰਾਇਆ।
“ਮਿਲਿਆ ਤਾਂ ਨਹੀਂ ਕਿਹਾ ਜਾ ਸਕਦਾ…..ਦੂਰੋਂ ਹੀ ਝਲਕ ਦੇਖਦਾ ਰਿਹਾਂ….ਤੇਰੀਆਂ ਸ਼ਰਤਾਂ ਨੂੰ ਬਰਕਰਾਰ ਰੱਖਿਆ ਯਾਰ…..ਕਦੇ ਬੋਲ ਨਹੀਂ ਸਨ ਸਾਂਝੇ ਕੀਤੇ ਆਹਮੋ-ਸਾਹਮਣੇ ਹੋ ਕੇ।”
ਉਹ ਮੇਰੇ ਵੱਲ ਉਂਗਲ ਕਰਦਾ ਹੋਇਆ ਬੋਲਿਆ,”ਲੈ ਸੁਣ….ਹਿਸਾਬ-ਕਿਤਾਬ ਮਾਵਾਂ-ਧੀਆਂ ਦਾ….ਪਰਦਾ ਤੈਥੋਂ ਇਕ ਮਿੱਤਰਾ ਮੈਂ ਵੀ ਰੱਖਿਆ ਸੀ….ਤੇਰੀ ਰਾਮ ਕਹਾਣੀ ਗੱਜਣ ਸਿੰਘ ਨੂੰ ਸੁਣਾ ਦਿੱਤੀ ਸੀ….ਕਦੇ ਕੁਛ ਕਿਹਾ ਤਾਂ ਨ੍ਹੀ ਉਹਨੇ?”
ਹੁਣ ਹੈਰਾਨੀ ਮੇਰੀਆਂ ਅੱਖਾਂ ਵਿੱਚ ਸੀ।
“ਲੈ ਹੋਰ ਸੁਣ…” ਉਹ ਐਨਕਾਂ ਸਾਫ ਕਰਦਾ ਬੋਲਿਆ।
“ਗੱਜਣ ਸਿੰਘ ਨੂੰ ਤੇਰੀ ਪਛਾਣ ਵੀ ਸੀ”
“ਸੱਚੀਂ”
“ਹਾਂ ਜਮਾਂ ਹੀ ਮੁੱਚੀਂ…ਬੱਸ ਕੱਲ੍ਹ ਨੂੰ ਤਿਆਰ ਰਹੀਂ” ਉਹਨੇ ਐਨਕ ਅੱਖਾਂ ਅੱਗੇ ਰੱਖਦੇ ਕਿਹਾ।
ਦੂਜੇ ਦਿਨ ਮੈਂ ਤੇ ਰਾਮ ਲਾਲ ਭੋਗ ਤੇ ਗਏ ਸਾਂ।
ਰਸਤਾ ਵੀ ਉਹੀ ਸੀ – ਪਿੰਡ ਵੀ ਉਹੀ ਸੀ – ਪਰ ਮਨ ’ਚ ਪਹਿਲਾਂ ਵਰਗਾ ਚਾਅ ਨਹੀਂ ਸੀ – ਪਹਿਲਾਂ ਵਰਗੀ ਖਿੱਚ ਨਹੀਂ ਸੀ – ਅੱਜ ਤਾਂ ਇਨ੍ਹਾਂ ਰਾਹਾਂ ਅਤੇ ਨਗਰ ਤੋਂ ਇੱਕ ਖਤਮ ਹੋਏ ਕਾਂਡ ਉਪਰੰਤ ਅਲਵਿਦਾ ਲੈਣ ਚੱਲਿਆ ਸਾਂ। ਸ਼ਾਇਦ ਫਿਰ ਕਦੇ-ਕਦਾਈਂ ਹੀ ਫੇਰਾ ਲੱਗੇ। ਪਰ ਇਸ ਘੁੱਗ ਵਸਦੇ ਪਿੰਡ ’ਚ ਗੱਜਣ ਸਿੰਘ ਨ੍ਹੀ ਦਿਸਣਾ।
ਅਸੀਂ ਦੇਖਿਆ ਭੋਗ ਤੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਇਨ੍ਹਾਂ ’ਚ ਮੇਰੇ ਸਕੂਲ ਦੇ ਅਧਿਆਪਕ ਤੇ ਕਈ ਹੋਰ ਜਾਣ ਪਛਾਣ ਵਾਲੇ ਵੀ ਸਨ।
ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਸੀਂ ਕੀਰਤਨ ਕਰ ਰਹੇ ਰਾਗੀਆਂ ਕੋਲ ਹੀ ਬੈਠ ਗਏ ਸਾਂ। ਮੇਰੀ ਨਜ਼ਰ ਵਾਰ-ਵਾਰ ਕੋਲ ਹੀ ਪਈ ਗੱਜਣ ਸਿੰਘ ਦੀ ਤਸਵੀਰ ਵੱਲ ਚਲੀ ਜਾਂਦੀ।
ਭੋਗ ਉਪਰੰਤ ਰਾਮ ਲਾਲ ਮੇਰਾ ਹੱਥ ਫੜ ਕੇ ਕਹਿਣ ਲੱਗਿਆ,”ਆ ਤੈਨੂੰ ਗੱਜਣ ਸਿੰਘ ਦੇ ਵੱਡੇ ਲੜਕੇ ਨਾਲ ਮਿਲਾਵਾਂ…..ਨਾਲੇ ਵਿਦਾ ਲੈ ਲਵਾਂਗੇ…. ਔਹ ਸਾਹਮਣੇ ਖੜੈ।”
ਰਾਮ ਲਾਲ ਅਤੇ ਲੜਕੇ ਨੇ ਗੱਜਣ ਸਿੰਘ ਦੇ ਜੀਵਨ ਬਾਰੇ ਸੰਖੇਪ ਜਿਹੀਆਂ ਗੱਲਾਂ ਕੀਤੀਆਂ।
ਲੜਕਾ ਬੋਲਿਆ, “ਬਾਪੂ ਦੀ ਐਨੀ ਪਰਚੋਂ ਸੀ ਸਾਨੂੰ ਤਾਂ ਹੁਣ ਪਤਾ ਲੱਗਿਆ….ਬਹੁਤੇ ਲੋਕਾਂ ਨੂੰ ਤਾਂ ਮੈਂ ਜਾਣਦਾ ਹੀ ਨਹੀਂ।”
ਫਿਰ ਉਹ ਮੇਰੇ ਵੱਲ ਇਸ਼ਾਰਾ ਕਰਕੇ ਰਾਮ ਲਾਲ ਨੂੰ ਸੰਬੋਧਨ ਹੋਇਆ, “ਇਹ ਭਾਈ ਸਾਹਬ?….”
ਰਾਮ ਲਾਲ ਪਹਿਲਾਂ ਲੜਕੇ ਵੱਲ ਤੇ ਫਿਰ ਮੇਰੇ ਵੱਲ ਦੇਖਦਾ ਹੋਇਆ ਬੋਲਿਆ, “ਤੁਸੀਂ ਨ੍ਹੀਂ ਜਾਣਦੇ ਇਨ੍ਹਾਂ ਨੂੰ….ਬਜ਼ੁਰਗ ਹੀ ਜਾਣਦੇ ਸਨ…. ਬੜਾ ਮੋਹ ਸੀ ਇਨ੍ਹਾਂ ਨਾਲ ਉਨ੍ਹਾਂ ਦਾ…. ਆਏਂ ਸਮਝ ਲੈ ਜਿਵੇਂ ਪਿਓ-ਪੁੱਤ ਦਾ ਹੁੰਦੈ”
ਮੈਂ ਹੱਥ ਜੋੜ ਕੇ ਫਤਹਿ ਬੁਲਾਈ। ਕੁੱਝ ਬੋਲਣਾ ਚਹੁੰਦਾ ਸਾਂ ਪਰ ਸ਼ਬਦ ਸਾਥ ਨਹੀਂ ਸਨ ਦੇ ਰਹੇ। ਮੇਰੀਆਂ ਅੱਖਾ ’ਚ ਪਾਣੀ ਉੱਤਰ ਆਉਂਣ ਕਰਕੇ ਸਾਹਮਣੇ ਖੜੇ ਲੋਕ ਧੁੰਦਲੇ-ਧੁੰਦਲੇ ਨਜ਼ਰ ਆਉਂਣ ਲੱਗ ਪਏ ਸਨ।

-ਭੋਲਾ ਸਿੰਘ ਸੰਘੇੜਾ, ਬਰਨਾਲਾ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: