ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, ਬਲਕਿ ਆਪਣੀ ਫੌਕੀ ਅਣਖਨੁਮਾ ਹਉਮੈ, ਦੌਲਤ ਅਤੇ ਵਾਧੂ ਦੀ ਟੌਹਰ ਦਿਖਾਉਣ ਲਈ ਅਤੇ ਕਿਸੇ ਸੋਹਣੀ ਕੁੜੀ ਦਾ ਦਿਲ ਜਿੱਤਣ ਲਈ। ਜੇ ਦੋ ਹਰਫ਼ੀ ਗੱਲ੍ਹ ਕਰਾਂ ਤਾਂ, ਮੇਲ ਕਰਾਦੇ ਰੱਬਾ ਪੰਜਾਬੀ ਵਿਚ ਬਣਾਈ ਗਈ ਆਮ ਬਾਲੀਵੁੱਡ ਮਸਾਲਾ ਫ਼ਿਲਮ ਹੈ, ਜਿਸ ਵਿਚ ਕਥਿਤ ਪੰਜਾਬਿਅਤ ਦੀ ਟੌਹਰ ਦਾ ਤੜਕਾ ਲਾਇਆ ਗਿਆ ਹੈ। ਮੁੰਡ੍ਹੀਰ ਨੂੰ ਇਹ ਫ਼ਿਲਮ ਪਸੰਦ ਆਏਗੀ, ਕਿਉਂ ਕਿ ਉਹ ਇਦਾਂ ਦੀ ਫੋਕੀ ਟੌਹਰ ਅਤੇ ਦਿਖਾਵੇ ਨੂੰ ਪਸੰਦ ਕਰਦੀ ਹੈ, ਪੰਜਾਬੀ ਮੁਟਿਆਰਾਂ ਵੀ ਸੀਰਤ (ਨੀਰੂ ਬਾਜਵਾ) ਦੇ ਕਿਰਦਾਰ ਵਿਚ ਖੁਦ ਦੀ ਝਲਕ ਦੇਖ ਸਕਦੀਆਂ ਹਨ, ਕਿਉਂ ਕਿ ਇਹ ਕਿਰਦਾਰ ਉਨ੍ਹਾਂ ਦੇ ਦਿਲੀ ਅਹਿਸਾਸਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ।ਫ਼ਿਲਮ ਦੀ ਕਹਾਣੀ ਬਿਲਕੁਲ ਸਾਧਾਰਣ ਹੈ ਤੇ ਸ਼ੁਰੂ ਹੁੰਦੇ ਹੀ ਪੂਰੀ ਦੀ ਪੂਰੀ ਸਮਝੀ ਜਾ ਸਕਦੀ ਹੈ। ਮੁੱਖ ਕਿਰਦਾਰ ਰਾਜਬੀਰ ਗਿੱਲ (ਜਿੰਮੀ ਸ਼ੇਰਗਿੱਲ) ਅਤੇ ਨਿਹਾਲ (ਗਿੱਪੀ ਗਰੇਵਾਲ) ਦੋਵੇਂ ਇਕੋ ਯੂਨੀਵਰਸਿਟੀ ਵਿਚ ਪੜ੍ਹਦੇ ਹਨ। ਦੋਨਾਂ ਦੀ ਆਪੋ ਵਿਚ ਬਣਦੀ ਨਹੀਂ ਤੇ ਇਕ ਦੂਜੇ ਨੂੰ ਨੀਵਾ ਦਿਖਾਉਣ ਦਾ ਕੌਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ, ਪਰ ਇਸ ਖਹਿਬਾਜੀ ਦਾ ਕੋਈ ਕਾਰਣ ਫ਼ਿਲਮ ਦੇ ਅੰਤ ਤੱਕ ਨਹੀਂ ਸਮਝ ਆਉਂਦਾ। ਫ਼ਿਲਮ ਦੀ ਸ਼ੁਰੂਆਤ ਵਿਚ ਰਾਜਬੀਰ ਇੱਕ ਮੁੰਡੇ ਨੂੰ ਹਾਕੀ ਨਾਲ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਨਿਹਾਲ ਆਉਂਦਾ ਤਾਂ ਉਸ ਨੂੰ ਬਚਾਉਣ ਲਈ ਹੈ, ਪਰ ਨਾ ਉਹ ਫੱਟੜ ਮੁੰਡੇ ਨੂੰ ਰਾਜਬੀਰ ਦੇ ਹੱਥੋਂ ਛੁਡਾਉਂਦਾ ਹੈ ਤੇ ਨਾ ਹੀ ਉਸ ਨੂੰ ਬਚਾਉਣ ਲਈ ਕੁਝ ਕਰਦਾ ਹੈ। ਬੱਸ ਆਪਣੀ ਟੌਹਰ ਦਿਖਾਉਂਦੇ ਹੋਇਆ ਭਾਰੇ ਭਾਰੇ ਡਾਇਲੌਗ ਬੋਲਦਾ ਹੈ, ਜਿਸਤੇ ਉਸਨੂੰ ਖੂਬ ਤਾੜੀਆਂ ਮਿਲਦੀਆਂ ਹਨ।ਇਹੋ ਜਿਹੇ ਕਈ ਦ੍ਰਿਸ਼ ਹਨ, ਜਿਨ੍ਹਾਂ ‘ਚ ਲੱਗਦਾ ਹੈ ਕਿ ਉਹ ਬੱਸ ਹੁਣ ਲੜ ਈ ਪੈਣਗੇ, ਪਰ ਫਾਲਤੂ ਦੀ ਡਾਇਲੌਗਬਾਜ਼ੀ ਤੋਂ ਸਿਵਾ ਕੁਝ ਨਹੀਂ ਹੁੰਦਾ। ਇਕ ਵਾਰ ਦੋਹਾਂ ਦੇ ਚੇਲੇਨੁਮਾ ਦੋਸਤ ਜ਼ਰੂਰ ਆਪੋ ਵਿਚ ਲੜਦੇ ਹਨ। ਭਾਵੇਂ ਕਿ ਇਹ ਪੂਰੀ ਡਰਾਮੇਬਾਜ਼ੀ ਫ਼ਿਲਮ ਦੀ ਮੁੱਖ ਕਹਾਣੀ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੀ ਹੈ, ਪਰ ਆਪਣੇ ਆਪ ਵਿਚ ਅਰਥਹੀਣ ਜਾਪਦੀ ਹੈ।ਕੁੰਡੀਆਂ ਦੇ ਸਿੰਗ ਫਸਾਉਣ ਤੋਂ ਸ਼ੁਰੂ ਹੋਈ ਕਹਾਣੀ ਉਦੋਂ ਮੁਹੱਬਤ ਅਤੇ ਨਫ਼ਰਤ ਦੀ ਕਹਾਣੀ ਵਿਚ ਤਬਦੀਲ ਹੋ ਜਾਂਦੀ ਹੈ, ਜਦੋਂ ਕੋਲੋਂ ਲੰਘਦੀ ਸੀਰਤ ਨਾਲ ਰਾਜਬੀਰ ਦੀਆਂ ਅੱਖਾਂ ਚਾਰ ਹੁੰਦੀਆਂ ਹਨ। ਰਾਜਬੀਰ ਪਹਿਲੀ ਨਜ਼ਰੇ ਸੀਰਤ ਨੂੰ ਪਿਆਰ ਕਰ ਬਹਿੰਦਾ ਹੈ ਅਤੇ ਸੀਰਤ ਉਸ ਦੇ ਹਿੰਸਕ ਰੂਪ ਨੂੰ ਦੇਖ ਕੇ ਦਿਲੋਂ ਨਫ਼ਰਤ ਕਰਨ ਲੱਗਦੀ