ਰਾਜਮੋਹਨ ਗਾਂਧੀ ਦੀ ਕਿਤਾਬ । ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ । ਹਰਪਾਲ ਸਿੰਘ ਪੰਨੂ
ਮਹਾਤਮਾ ਗਾਂਧੀ ਦੇ ਪੋਤੇ ਪ੍ਰੋ ਰਾਜਮੋਹਨ ਗਾਂਧੀ ਨੇ ਪੰਜਾਬ ਬਾਰੇ ਬੜੀ ਖੋਜ ਭਰਪੂਰ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ’ ਲਿਖੀ ਹੈ, ਜੋ ਗੁਜਰਾਤੀ ਮੂਲ ਦੇ ਹਨ। ਪੁਸਤਕ ਦੀ ਪਹਿਲੇ ਇਤਿਹਾਸਕਾਰਾਂ ਨਾਲੋਂ ਵਿਲੱਖਣਤਾ ਨੂੰ ਦਰਸਾਉਂਦਾ ਲੇਖ ਹਰਪਾਲ ਪੰਨੂੰ ਜੀ ਨੇ ਲਿਖਿਆ ਹੈ ਜਿਨ੍ਹਾਂ ਨੇ ਇਹ ਪੁਸਤਕ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ। -ਵਰਿੰਦਰ ਦੀਵਾਨਾਸਾਲ 2013 ਵਿਚ ਰੂਪਾ ਪਬਲਿਸ਼ਰਜ਼ ਨੇ ਪ੍ਰੋ. ਰਾਜਮੋਹਨ ਗਾਂਧੀ ਦੀ ਕਿਤਾਬ 'ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ' ਛਾਪੀ, ਰਿਲੀਜ਼ ਹੋਣ ਦੀ ਖਬਰ ਪੜ੍ਹੀ। ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਕੇਵਲ ਜਾਣੂ ਨਹੀਂ, ਪ੍ਰਭਾਵਿਤ ਹਾਂ। ਉਹ ਘਟਨਾਵਾਂ ਦੂਰ ਤੋਂ ਦੇਖਦੇ ਹਨ, ਜੋੜ ਘਟਾ ਕਰਨ ਵਕਤ, ਨਤੀਜੇ ਕੱਢਣ ਵਕਤ ਕਾਹਲ ਨਹੀਂ ਕਰਦੇ, ਦਾਅਵਾ ਨਹੀਂ ਕਰਦੇ, ਉਨ੍ਹਾਂ ਦੇ ਨਤੀਜੇ ਠੀਕ ਹਨ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਵਿਚ ਵਕਾਲਤ ਨਹੀ ਕਰਦਾ; ਜਿਸ ਨੇ ਉਸ ਦੀ ਕੁਦਰਤ ਜਿਵੇਂ ਦੇਖੀ ਸੋ ਭਲਾ। ਕਿਸੇ ਨੂੰ ਮਾਂਹ ਬਾਦੀ, ਕਿਸੇ ਨੂੰ ਮਾਂਹ ਸੁਆਦੀ।ਕਿਤਾਬ ਮੰਗਵਾਈ ਅਤੇ ਪੜ੍ਹੀ। ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਬੀ ਪੰਜਾਬ ਦੇ ਲੇਖਕਾਂ, ਇਤਿਹਾਸਕਾਰਾਂ ਨੇ 1947 ਤੋਂ ਬਾਅਦ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਵਿਚ ਹਿੰਦੂ-ਸਿੱਖ, ਦੋਵੇਂ ਦ੍ਰਿਸ਼ਟੀਕੋਣ ਸਾਹਮਣੇ ਆਏ ਪਰ ਪਿਛਲੇ ਸਾਢੇ ਛੇ ਦਹਾਕਿਆਂ ਤੋਂ ਪੱਛਮੀ ਪੰਜਾਬ ਵਿਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਅਤੇ ਲਿਖਿਆ ਜਾ ਰਿਹਾ ਹੈ, ਉਸ ਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ। ਉਹ ਇਤਿਹਾਸ ਕਿਸ ਜ਼ਾਵੀਏ ਤੋਂ ਲਿਖਿਆ ਜਾ ਰਿਹਾ ਹੈ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸ੍ਰੋਤ ਹਨ, ਉਨ੍ਹਾਂ ਸਾਹਮਣੇ ਲੰਡਨ ਆਰਕਾਈਵਜ਼ ਹੈ ਤੇ ਲਾਹੌਰ ਆਰਕਾਈਵਜ਼ ਵੀ। ਲੰਡਨ ਆਰਕਾਈਵਜ਼ ਅਤੇ ਲਾਹੌਰ ਆਰਕਾਈਵਜ਼ ਸਾਹਮਣੇ ਰਾਜਮੋਹਨ ਗਾਂਧੀ ਹੈ ਜਿਸ ਨੇ ਸਮੱਗਰੀ ਦੀ ਚੋਣ ਕਰਦਿਆਂ ਦੂਰ-ਦ੍ਰਿਸ਼ਟੀ, ਗਹਿਰਾਈ ਅਤੇ ਨਿਰਪੱਖਤਾ ਤੋਂ ਕੰਮ ਲਿਆ।ਕਿਤਾਬ ਪੜ੍ਹ ਕੇ ਮੈਂ ਇਸ ਉਪਰ ਰਿਵੀਊ ਆਰਟੀਕਲ ਲਿਖਿਆ ਜੋ ਅਖਬਾਰਾਂ ਰਿਸਾਲਿਆਂ ਨੇ ਛਾਪਿਆ। ਰਿਵੀਊ ਛਪਣ ਸਾਰ ਅਣਗਿਣਤ ਫ਼ੋਨ ਅਤੇ ਪੱਤਰ ਮਿਲੇ। ਮੰਗ ਕੀਤੀ ਗਈ ਕਿ ਇਸ ਨੂੰ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰ ਕੇ ਛਪਵਾਉ। ਦਿਲ ਮੇਰਾ ਵੀ ਕਰਦਾ ਸੀ ਪਰ ਸਾਢੇ ਚਾਰ ਸੌ ਪੰਨਿਆਂ ਦੀ ਕਿਤਾਬ ਦਾ ਅਨੁਵਾਦ, ਸਮਾਂ ਅਤੇ ਮਿਹਨਤ ਮੰਗੇਗਾ। ਪ੍ਰੋ. ਗਾਂਧੀ ਗੁਜਰਾਤ ਮੂਲ ਦੇ ਹੋ ਕੇ ਪੰਜਾਬ ਦਾ ਇਤਿਹਾਸ ਲਿਖਣ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਹਨ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਯਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ?ਅਫ਼ਸੋਸ ਕਿ ਪੰਜਾਬੀਆਂ ਵਾਸਤੇ ਲਿਖਿਆ ਅੰਗਰ