ਸਵੈ ਕਥਨ । ਪੁਸਤਕ ਮਹਾਂਯਾਤਰਾ ਬਾਰੇ । ਗੁਰਬਚਨ
ਮਹਾਂਯਾਤਰਾ ਬਾਰੇ ਗੁਰਬਚਨ ਦੀ ਲਿਖੀ ਇਹ ਛੋਟੀ ਜਿਹੀ ਜਾਣ-ਪਛਾਣ ਕਿਤਾਬ ਲਿਖਣ ਦੇ ਮਕਸਦ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਇਸ ਬਾਰੇ ਉਤਸੁਕਤਾ ਪੈਦਾ ਕਰਦੀ ਹੈ। ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਇਸ ਭੂਮਿਕਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ' ਏਨਾ ਮੁਡਿਆਂ ਜਲਦੀ ਮਰ ਜਾਣਾ ' ਦੀ ਅਗਲੀ ਕੜੀ ਵਜੋਂ ' ਮਹਾਂਯਾਤਰਾ ' ਦੇ ਮਹਾਂ-ਸੰਸਾਰ ਨੂੰ ਜਾਣਨ ਦੀ ਮੈਨੂੰ ਵੀ ਬੜੀ ਉਤਸੁਕਤਾ ਹੈ। ਵੈਸੇ 'ਫਿਲਹਾਲ' ਵਿੱਚ ਕਾਫੀ ਕੁਝ ਪਹਿਲਾਂ ਵੀ ਪੜ੍ਹਿਆ ਹੈ। -ਸੁਖਪਾਲ ਥਿੰਦਕਿਤਾਬ ਮਹਾਂਯਾਤਰਾ ਪਿਛਲੇ ਤੀਹ ਸਾਲਾਂ ਚ ਕੀਤੀਆਂ ਮੇਰੀਆਂ ਬਦੇਸ਼ੀ ਲਟੋਰੀਆਂ ਦੀ ਉਪਜ ਹੈ।ਜੂਨ 1984 ਦੇ ਸ਼ੁਰੂ ਵਿਚ ਮੈਂ ਪਹਿਲੀ ਵੇਰ ਇੰਡੀਆ ਤੋਂ ਬਾਹਰ ਗਿਆ - ਇੰਗਲੈਂਡ। ਉਦੋਂ ਅੰਮਿ੍ਤਸਰ ਚ ਅਪਰੇਸ਼ਨ ਬਲੂ ਸਟਾਰ ਵਾਪਰਿਆ ਸੀ। ਸਾਊਥਾਲ ਤੇ ਹੋਰ ਥਾਵਾਂ ਚ, ਜਿੱਥੇ ਆਪਣੇ ਬੰਦੇ ਵਾਸਾ ਕਰਦੇ ਹਨ, ਇਸ ਘਲੂਘਾਰੇ ਵਰੁੱਧ ਆਕਾਸ਼ੀ ਤਰਜ਼ ਦਾ ਆਕ੍ਰੋਸ਼ ਦੇਖਿਆ, ਜਿਵੇਂ ਉਨਾਂ ਦੀ ਕੁੱਲ ਹਯਾਤੀ ਉਲਟ ਪੁਲਟ ਹੋ ਗਈ ਹੋਵੇ। ਉਨਾਂ ਦੀਆਂ ਜ਼ਿਹਨੀ ਤਾਕੀਆਂ ਵਿਚ ਬਹੁਤ ਕੁਝ ਦੱਬਿਆ ਪਿਆ ਸੀ। ਚੁੱਪ ਦੀ ਭਾਸ਼ਾ ਰਾਹੀਂ ਪਰਾਈ ਧਰਤੀ ਨਾਲ ਜੋ ਸਮਝੋਤਾ ਇਹ ਬੰਦਾ ਕਰੀ ਬੈਠਾ ਸੀ, ਉਹ ਸੰਧੀ ਟੁੱਟ ਗਈ। ਅਜਿਹੇ ਪ੍ਰਤਿਕਰਮ ਨੂੰ ਵਲਾਇਤੀ ਪੰਜਾਬ ਦੀਆਂ ਖੱਬੀਆਂ ਧਿਰਾਂ ਦੀ ਮਕਾਨਕੀ ਸੋਚ ਨੇ ਸਵੀਕਾਰ ਨਾ ਕੀਤਾ। ਉਹ ਪੰਜਾਬੀ ਬੰਦੇ ਦੇ ਸਭਿਆਚਾਰਕ/ਇਤਹਾਸਕ ਅਵਚੇਤਨ ਨੂੰ ਸਮਝਣ ਤੋਂ ਇਨਕਾਰੀ ਸਨ। ਉਨਾਂ ਨੂੰ ਆਪਣੀ ਪ੍ਰਤਿਬਧਤਾ ਦਾ ਇਜ਼ਹਾਰ ਕਰਨ ਦਾ ਮੌਕਾ ਮਿਲ ਗਿਆ। ਸਾਊਥਾਲ ਅਤੇ ਹੋਰ ਅਜਿਹੀਆਂ ਥਾਵਾਂ ਚ ਤਨਾਤਨੀ ਦਾ ਮਾਹੌਲ ਪੈਦਾ ਹੋ ਗਿਆ। ਇਹ ਦਿ੍ਰਸ਼ਪਟ ਮੇਰੇ ਜ਼ਿਹਨ ਅੰਦਰ ਫਰੀਜ਼ ਹੋ ਗਿਆ। ਉਦੋਂ ਮੇਰੀ ਤਾਂਘ ਪੰਜਾਬੀ ਭਾਈਬੰਦਾਂ ਤੋਂ ਪਾਰ ਦੇ ਸੰਸਾਰ ਨੂੰ ਦੇਖਣ ਦੀ ਵੀ ਸੀ। ਪੈਰਿਸ ਜਾਣ ਦਾ ਸਬੱਬ ਪੈਦਾ ਹੋਇਆ। ਉੱਥੇ ਦਸ ਦਿਨ ਰਿਹਾ। ਇਕ ਦਹਾਕੇ ਬਾਅਦ ਪੈਰਿਸ ਅਤੇ ਫਰਾਂਸ ਦੇ ਹੋਰ ਸ਼ਹਿਰਾਂ ਚ ਲਟੋਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਅਜੇ ਤੱਕ ਜਾਰੀ ਹੈ। ਕਿਤਾਬ ਦੇ ਪਹਿਲੇ ਹਿੱਸੇ ਦੇ ਲੇਖ ਪੈਰਿਸ ਦੇ ਅਨੁਭਵਾਂ ਬਾਰੇ ਹਨ। 1995 ਵਿਚ ਮੈਂ ਚਾਰ ਮਹੀਨੇ ਤੱਕ ਯੌਰਪ, ਕੈਨੇਡਾ, ਅਮਰੀਕਾ ਘੁੰਮਦਾ ਰਿਹਾ। ਉਸ ਲੰਮੀ ਘੁਮੱਕੜੀ ਤੋਂ ਬਾਅਦ ਕਈ ਵੇਰ (1999. 2003. 2008, 2012) ਅਮਰੀਕਾ/ਕੈਨੇਡਾ ਗਿਆ। ਹਰ ਵੇਰ ਉੱਤਰੀ ਅਮਰੀਕਾ ਦੇ ਪੂਰਵੀ ਤੱਟ (ਨਿਊਯੌਰਕ/ਟਰਾਂਟੋ) ਤੋਂ ਪੱਛਮੀ ਤੱਟ (ਕੈਲਿਫੋਰਨੀਆ/ਵੈਨਕੂਵਰ) ਤੱਕ ਦਾ ਗੇੜਾ ਲਗਾਇਆ। ਅਮਰੀਕਾ ਦੇ ਵਾਸ਼ਿੰਗਟਨ, ਬਾਲਟੀਮੋਰ, ਸ਼ਿਕਾਗੋ, ਮਿਲਵਾਕੀ, ਕੈਲਿਫੋਰਨੀਆ ਅਤੇ ਕੈਨੇਡਾ ਦੇ ਕੈਲਗਰੀ, ਅਡਮੰਟਨ, ਵਿੱਨੀਪੈਗ, ਕੈਮਲੂਪਸ, ਮੋਂਟ੍ਰੀਆਲ, ਆਟਵਾ ਸ਼ਹਿਰਾਂ ਚ ਘੁੰਮਿਆ - ਅਕਸਰ ਗ੍ਰੇਅਹਾਊਂਡ ਕੋਚ ਰਾਹੀਂ, ਕਦੇ ਕਦਾਈਂ ਹਵਾਈ ਜਹਾਜ਼, ਕਾਰ ਜਾਂ ਰੇਲ ਗੱਡੀ ਰਾਹੀਂ। ਇਕ ਵੇਰ ਕੈਲਿਫੋਰਨੀਆ ਤੋਂ ਟਰਾਂਟੋ ਤੱਕ 18-ਪਹੀਏ ਟਰੱਕ ਰਾਹੀਂ ਸਫ਼ਰ ਕੀਤਾ, ਪੂਰੇ ਢਾਈ ਦਿਨ ਟਰੱਕ ਅਮਰੀਕ