ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-8

sunrise at shillong
ਸ਼ਿਲੌਂਗ ਦਾ ਸੂਰਜ ਚੜ੍ਹਨ ਦਾ ਦ੍ਰਿਸ਼
ਜਦੋਂ ਬ੍ਰਹਮਪੁੱਤਰ ਵਿਚੋਂ ਬੱਚ, ਪਾਰ ਹੋ, ਭਾਰਤ-ਪਾਕਿ ਹੱਦ ‘ਤੇ ਸਥਿਤ ਬੀ.ਓ.ਪੀ. (ਬਾਰਡਰ ਆਉਟ ਪੋਸਟ) ਦੇ ਬਾਹਰ ਜੀਪ ਅਜੇ ਜਾ ਕੇ ਖੜ੍ਹੀ ਹੀ ਹੋਈ ਸੀ ਕਿ ਮਾਰਟਰ ਦਾ ਇਕ ਗੋਲਾ ਜੀਪ ਨੇੜੇ ਆ ਡਿੱਗਾ। ਭਰਾ ਨੇ ਮੈਨੂੰ ਧੱਕਾ ਦਿੰਦਿਆਂ ਜ਼ਮੀਨ ‘ਤੇ ਸੁੱਟਿਆ ਤੇ ਆਪ ਸਿਪਾਹੀਆਂ ਨੂੰ ਤੇਜ਼ੀ ਨਾਲ ਕੁਝ ਹਿਦਾਇਤਾਂ ਦਿੰਦਾ ਬਾਰਡਰ ਵੱਲ ਅੱਗੇ ਨੂੰ ਭੱਜਿਆ। ਸਿਪਾਹੀ ਮੇਰੇ ਕੋਲ ਆਏ ਤੇ ਜ਼ਮੀਨ ਤੋਂ ਉਠਾ ਬੀ.ਓ.ਪੀ. ਦੇ ਅੰਦਰ ਵੱਲ ਭੱਜੇ। ਅੰਦਰ ਲਿਜਾ ਕੇ, ਦੱਸਣ ਲੱਗੇ ਕਿ ਪਾਕਿਸਤਾਨ ਸੈਨਾ ਸਾਹਮਣੇ ਬਾਰਡਰ ਪਾਰ ਸਕੂਲ ਵੱਲ ਵੱਧ ਰਹੀ ਹੈ ਤਾਂ ਜੋ ਉੱਥੋਂ ਭਾਰਤੀ ਬੀ.ਐੱਸ.ਐਫ. ਪੋਜ਼ੀਸ਼ਨਾ ਦਾ ਜਾਇਜ਼ਾ ਲੈ ਸਕੇ। ਉਹ ਮੈਨੂੰ ਅੰਦਰ ਹੀ ਰਹਿਣ ਦਾ ਕਹਿ ਕੇ ਆਪ ਅੱਗੇ ਬੰਕਰਾਂ ਵੱਲ ਚੱਲੇ ਗਏ। ਬੰਬ ਫੱਟਣ ਤੇ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਨੇੜਿਉਂ ਹੀ ਆਉਂਦਿਆਂ ਸੁਣਾਈ ਦੇਣ ਲੱਗੀਆਂ। ਐਨ.ਸੀ.ਸੀ. ਵਿਚ ਫਾਇਰਿੰਗ ਦੇ ਅਭਿਆਸ ਵਿਚ ਠਾਹ-ਠੂਹ ਬਥੇਰੀ ਸੁਣੀ ਸੀ, ਪਰ ਅੱਜ ਵਾਲਾ ਅਨੁਭਵ ਨਵਾਂ ਹੀ ਸੀ। ਮਨ ਵਿਚ ਡਰ ਵੀ ਮਹਿਸੂਸ ਹੋ ਰਿਹਾ ਸੀ ਤੇ ਸਹਿਮ ਵੀ ਕੁਝ ਸੀ। ਨੀਂਦ ਭਲਾ ਕਿੰਝ ਆ ਜਾਂਦੀ, ਹਨ੍ਹੇਰੇ ਵਿਚ ਹੀ ਅੱਖਾਂ ਬਾਹਰ ਝਾਕਦੀਆਂ ਕੁਝ ਤਲਾਸ਼ ਰਹੀਆਂ ਸਨ। ਰਾਤ ਦੋ ਕੁ ਵਜੇ ਕੋਈ ਅੰਦਰ ਆਇਆ ਤਾਂ ਮੈਂ ਉੱਠ ਬੈਠਾ ਤੇ ਬੜੇ ਗਹੁ ਨਾਲ ਆਉਣ ਵਾਲੇ ਵੱਲ ਵੇਖਣ ਲੱਗਾ। ਹਲਕੇ ਚਾਨਣ ਵਿਚ ਫੌਜ ਦੀ ਵਰਦੀ ਵਿਚ ਕੈਪਟਨ ਰੈਂਕ ਦਾ ਅਫ਼ਸਰ ਨਜ਼ਰ ਆਇਆ ਜੋ ਮੇਰੇ ਵੱਲ ਬਹੁਤ ਧਿਆਨ ਨਾਲ ਪ੍ਰਸ਼ਨ ਭਰੀ ਨਜ਼ਰ ਨਾਲ ਵੇਖ ਰਿਹਾ ਸੀ। ਉਸ ਦੀ ਜੀਪ ਦੀ ਅਵਾਜ਼ ਸੁਣ ਕੇ ਬੰਕਰ ਵਿਚੋਂ ਸਿਪਾਹੀ ਬਾਹਰ ਨਿਕਲ ਕੇ ਅੰਦਰ ਆਇਆ। ਆਉਂਦਿਆਂ ਸਲਿਊਟ ਠੋਕਿਆ ਤੇ ਕੁਝ ਦੱਸਣ ਲੱਗਾ। ਉਹ ਮੇਰੇ ਨਾਲ ਹੱਥ ਮਿਲਾਉਂਦਿਆ ਕੋਲ ਪਈ ਕੁਰਸੀ ਉੱਤੇ ਬੈਠ ਗਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ। ਉਹ ਵੀ ਪੰਜਾਬ ਦਾ ਹੀ ਸੀ ਤੇ ਦੱਸਣ ਲੱਗਾ ਕਿ ਉਹ ਇਕ ਕੰਪਨੀ ਸਹਿਤ ਇਥੇ ਹੀ ਭੇਜਿਆ ਗਿਆ ਹੈ ਤਾਂ ਜੋ ਬੀ.ਐੱਸ.ਐਫ. ਵਾਲਿਆਂ ਦੀ ਮਦਦ ਕਰ ਸਕਣ। ਫਿਰ ਉਹ ਨਾਲ ਲਿਆਂਦਾ ਹਲਕਾ ਜਿਹਾ ਖਾਣਾ ਖਾਣ ਲੱਗਾ ਸ਼ਾਇਦ ਲਗਾਤਾਰ ਚੱਲਦੇ ਪਹੁੰਚੇ ਸਨ ਤੇ ਰਾਹ ਵਿਚ ਰੁਕੇ ਨਹੀਂ ਸਨ। ਤੱਦ ਤੱਕ ਭਾਅ ਜੀ ਨੂੰ ਵੀ ਫੌਜ ਦੇ ਆਉਣ ਦੀ ਸੂਚਨਾ ਮਿਲ ਗਈ ਸੀ ਤੇ ਉਹ ਵੀ ਆ ਗਏ ਸਨ। ਦੋਵੇਂ ਆਪਸ ਵਿਚ ਹੌਲੀ-ਹੌਲੀ ਕੁਝ ਘੁਸਰ-ਮੁਸਰ ਕਰਨ ਲੱਗੇ। ਕੈਪਟਨ ਵੱਲੋਂ ਖੋਲ੍ਹੇ ਨਕਸ਼ੇ ਤੇ ਉਂਗਲ ਨਾਲ ਕੁਝ ਦੱਸ ਰਹੇ ਸਨ ਕਿ ਪਾਕ ਫੌਜ ਕਿੱਥੇ-ਕਿੱਥੇ ਪਹੁੰਚ ਚੁੱਕੀ ਹੈ।
ਦਿਨ ਦਾ ਹਲਕਾ ਜਿਹਾ ਚਾਨਣ ਨਿਕਲ ਆਇਆ ਸੀ। ਭਾਅ ਜੀ ਮੈਨੂੰ ਸਿਪਾਹੀ ਨਾਲ ਬੰਕਰ ਵਿਚ ਭੇਜ ਕੈਪਟਨ ਨਾਲ ਬਾਰਡਰ ਵੱਲ ਚਲੇ ਗਏ ਸਨ। ਬੰਕਰ ਬਾਰੇ ਸੁਣਿਆ, ਪੜ੍ਹਿਆ ਤਾਂ ਬਹੁਤ ਸੀ, ਪਰ ਵੇਖ ਪਹਿਲੀ ਵਾਰ ਰਿਹਾ ਸੀ। ਅੰਦਰ ਚਾਰ ਜਣੇ ਬੈਠੇ ਸਨ, ਦੋ ਤਾਂ ਸਰਦਾਰ ਵੇਖ ਕੇ ਖ਼ੁਸ਼ ਜਿਹਾ ਹੋ ਗਿਆ। ਖ਼ੁਸ਼ ਹੋਣ ਦਾ ਵੱਡਾ ਕਾਰਨ ਪੰਜਾਬੀ ਬੋਲਣ, ਸੁਣਨ ਦੀ ਖੁੱਲ੍ਹ ਸੀ। ਇੰਨੇ ਚਿਰ ਵਿਚ ਬੰਕਰ ਦੇ ਸਾਹਮਣੇ ਗੋਲਾ ਫਟਿਆ ਤੇ ਗੋਲੀਆਂ ਚੱਲਣ ਲੱਗੀਆਂ। ਸਿਪਾਹੀ ਨੇ ਦੱਸਿਆ ਕਿ ਗੋਲਾ ਮਾਰਟਰ ਦਾ ਸੀ ਤੇ ਨੇੜਿਉਂ ਹੀ ਸੁੱਟਿਆ ਗਿਆ ਹੈ। ਫਿਰ ਬੰਕਰ ਦੀ ਬਣਤਰ ਬਾਰੇ ਦੱਸਣ ਲੱਗਾ ਕਿ ਕਿੰਨਾ ਸੁਰੱਖਿਅਤ ਹੈ ਕਿ ਹਵਾਈ ਜਹਾਜ਼ ਤੋਂ ਸੁੱਟੇ ਗਏ ਬੰਬ ਤੋਂ ਵੀ ਸੁਰੱਖਿਅਤ ਹੈ। ਉਹ ਵੀ ਜਵਾਬ ਵਿਚ ਮਸ਼ੀਨ-ਗੰਨ ਨਾਲ ਫਾਇਰ ਕਰਨ ਲੱਗੇ ਤੇ ਇਹ ਵੀ ਕਿ ਇਹ ਕਵਰਿੰਗ ਫਾਇਰ ਹੈ ਤਾਂ ਜੋ ਫੌਜ ਅੱਗੇ ਵੱਧ ਸਕੇ। ਫਿਰ ਇਸ਼ਾਰੇ ਨਾਲ ਦੱਸਣ ਲੱਗੇ ਕਿ ਪਾਕਿਸਤਾਨ ਫੌਜ ਕਿੱਥੇ-ਕਿੱਥੇ ਕੁ ਹੈ ਤੇ ਉਹ ਸਕੂਲ ਵੀ ਵਿਖਾਉਣ ਲੱਗੇ ਜਿੱਥੋਂ ਫਾਇਰ ਕਰ ਰਹੇ ਹਨ ਤੇ ਮਾਰਟਰ ਚਲਾ ਰਹੇ ਹਨ। ਦਿਨ ਚੜ੍ਹਣ ਦੇ ਹੀ ਨਾਲ ਚੌਂਕੀ ‘ਤੇ ਆਵਾਜਾਈ ਵੱਧ ਗਈ ਸੀ ਕਿਉਂਕਿ ਫੌਜ ਦੀ ਕੰਪਨੀ ਪਹੁੰਚ ਗਈ ਸੀ ਤੇ ਕੈਪਟਨ ਸਾਹਿਬ ਉਨ੍ਹਾਂ ਨੂੰ ਬਾਰਡਰ ‘ਤੇ ਵੱਖ-ਵੱਖ ਥਾਵਾਂ ‘ਤੇ ਭੇਜ ਰਹੇ ਸਨ। ਇਹ ਸਭ ਕੁਝ ਬੰਕਰ ਵਿਚ ਬੈਠਾ ਵੇਖ ਰਿਹਾ ਸਾਂ ਤੇ ਸਿਪਾਹੀ ਮੈਨੂੰ ਦੱਸ, ਸਮਝਾ ਰਿਹਾ ਸੀ। ਵਿਚ-ਵਿਚ ਜਦੋਂ ਫਾਇਰਿੰਗ ਰੁਕਦੀ ਤਾਂ ਮਸ਼ੀਨ-ਗੰਨ ਬਾਰੇ, ਬੰਬਾ ਬਾਰੇ ਜਾਣਕਾਰੀ ਦੇਣ ਲੱਗਦਾ। ਸਾਰਾ ਦਿਨ ਕੁਝ ਇਸੇ ਤਰ੍ਹਾਂ ਬੀਤ ਗਿਆ ਤੇ ਇਸ ਦੌਰਾਨ ਇਕ ਦਰਮਿਆਨੇ ਜਹੇ ਕੱਦ ਦੇ ਬੰਦੇ ਨੂੰ ਬੜਾ ਸਰਗਰਮ ਵੇਖਿਆ। ਉਹ ਕਦੇ ਬੰਕਰ ਵਿਚ ਆ ਕੇ ਮੈਨੂੰ ਪੁੱਛਦਾ ਤੇ ਕਦੇ ਬਾਹਰ ਚਲੇ ਜਾਂਦਾ, ਕਿਸੇ ਨਾਲ ਗੱਲਾਂ ਕਰਦਾ ਤੇ ਫਿਰ ਆ ਜਾਂਦਾ। ਬਾਅਦ ਵਿਚ ਪਤਾ ਲੱਗਾ ਕਿ ਉਹ ਬੀ.ਐੱਸ.ਐਫ. ਦੀ ਇੰਟੈਲੀਜੇਨਸ ਦਾ ਅਫ਼ਸਰ ਸੀ ਤੇ ਮੁਕਤੀ ਵਾਹਣੀ ਦਾ ਭੇਸ ਧਾਰਿਆ ਹੋਇਆ ਸੀ। ਕੁਝ ਬੰਗਲਾ ਦੇਸ਼ੀ ਮੁਕਤੀ ਵਾਹਣੀ ਬਣ ਕੇ ਭਾਰਤ ਨਾਲ ਪਾਕਿਸਤਾਨ ਫੌਜ ਵਿਰੁੱਧ ਲੜ ਰਹੇ ਹਨ। ਉਸ ਰਾਤ ਭਾਜੀ ਨੇ ਉਨ੍ਹਾਂ ਨਾਲ ਰਹਿਣ ਲਈ ਹੀ ਭੇਜ ਦਿੱਤਾ। ਉਹ ਬਾਰਡਰ ‘ਤੇ ਇਕ ਪਾਸੇ ਬਣੇ ਘਰ ਵਿਚ ਠਹਿਰੇ ਹੋਏ ਸਨ।  
ਰਾਤ ਉਨ੍ਹਾਂ ਨਾਲ ਠਹਿਰਿਆ। ਕੋਈ ਅੱਧੀ ਰਾਤ ਪਿਸ਼ਾਬ ਕਰਨ ਬਾਹਰ ਗਿਆ। ਵਾਪਸ ਆਇਆ ਤਾਂ ਨੇੜਿਉਂ ਹੀ ਬੰਬ ਦੀ ਆਵਾਜ਼ ਆਈ। ਰੌਲਾ ਜਿਹਾ ਪੈ ਗਿਆ ਤੇ ਮੈਂ ਹੈਰਾਨ ਹੋ ਗਿਆ, ਇਹ ਸੋਚ ਕੇ ਕਿ ਕੋਈ ਬੰਬ ਦੀ ਲਪੇਟ ਵਿਚ ਆ ਗਿਆ ਹੈ। ਸਵੇਰੇ ਉੱਠਿਆ ਤਾਂ ਸਭ ਨੂੰ ਆਪਣੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦਿਆਂ ਵੇਖਿਆ ਤਾਂ ਸੋਚੀਂ ਪੈ ਗਿਆ। ਤੇਜ਼ੀ ਨਾਲ ਇੰਟੈਲੀਜੇਨਸ ਅਧਿਕਾਰੀ ਨੂੰ ਆਪਣੇ ਵੱਲ ਆਉਂਦਿਆਂ ਤੇ ਧਿਆਨ ਨਾਲ ਵੇਖਦਿਆਂ ਮਹਿਸੂਸ ਕੀਤਾ। ਉਸ ਦੀਆਂ ਅੱਖਾਂ ਵਿਚ ਇਕ ਸ਼ੱਕ ਜਿਹੇ ਦਾ ਭਾਵ ਵੀ ਸੀ। ਮੈਨੂੰ ਪਰੇ ਲਿਜਾ ਕੇ ਰਾਤ ਵਾਲੀ ਘਟਨਾ ਬਾਰੇ ਜਾਣਨ ਲੱਗਾ ਕਿ ਪਿਸ਼ਾਬ ਕਰਨ ਕਿੱਥੇ ਗਿਆ ਸੀ, ਬੰਬ ਕਿੱਥੇ ਡਿੱਗਾ ਸੀ ਵਗ਼ੈਰਾ-ਵਗ਼ੈਰਾ। ਫਿਰ ਉਹ ਉੱਥੇ ਠਹਿਰੇ ਮੁਕਤੀ ਵਾਹਣੀ ਵਾਲਿਆਂ ਨਾਲ ਗੱਲਾਂ ਕਰਣ ਲੱਗਾ ਤੇ ਅਖ਼ੀਰ ਇਕ ਜਣੇ ਨੂੰ ਨਾਲ ਲੈ ਕੇ ਬਾਰਡਰ ਵੱਲ ਤੁਰ ਪਿਆ। ਸ਼ਾਮ ਭਾਜੀ ਨੇ ਮੈਨੂੰ ਬੀ.ਓ.ਪੀ. ਵਿਚ ਸੱਦਿਆ ਤੇ ਰਾਤ ਉੱਥੇ ਹੀ ਰਹਿਣ ਨੂੰ ਕਿਹਾ। ਦੇਰ ਸ਼ਾਮ ਗੋਲੀ-ਬਾਰੀ ਕੁਝ ਜ਼ਿਆਦਾ ਹੀ ਤੇਜ਼ ਹੋਣ ਲੱਗੀ ਜੋ ਦੇਰ ਰਾਤ ਤੱਕ ਚੱਲਦੀ ਰਹੀ। ਉਸ ਰਾਤ ਮੈਂ ਸਿਪਾਹੀਆਂ ਨਾਲ ਪੈਟਰੋਲਿੰਗ ਲਈ ਚਲੇ ਗਿਆ। ਪੈਟਰੋਲਿੰਗ ਕਿਸ਼ਤੀ ‘ਤੇ ਇਕ ਨਦੀ ਵਿਚ ਸੀ ਤੇ ਉਹ ਇਲਾਕਾ ਵੀ ਕੁਝ ਸ਼ਾਂਤ ਹੀ ਸੀ। ਗਸ਼ਤ ਇਸ ਲਈ ਕਿ ਉਧਰ ਸਰਹੱਦ ਨਦੀ ਦੇ ਵਿਚਕਾਰ ਪੈਂਦੀ ਸੀ। ਸਿਪਾਹੀ ਮੈਨੂੰ ਉਸ ਇਲਾਕੇ ਬਾਰੇ ਦੱਸਦੇ ਰਹੇ ਤੇ ਵਿਖਾਉਂਦੇ ਰਹੇ। ਤੜਕੇ ਵੇਲੇ ਵਾਪਿਸ ਮੁੜ ਪਏ। ਜਦ ਬੀ ਓ.ਪੀ. ਪਹੁੰਚੇ ਤਾਂ ਇਕ ਅਜੀਬ ਜਿਹਾ ਸੰਨਾਟਾ ਪਸਰਿਆ ਹੋਇਆ ਸੀ। ਮੇਰੇ ਨਾਲ ਗਏ ਸਿਪਾਹੀ ਕੁਝ ਮੁਸਕਰਾ ਰਹੇ ਮਹਿਸੂਸ ਹੋਏ ਤੇ ਮੈਨੂੰ ਨਾਸ਼ਤੇ ਲਈ ਨਾਲ ਹੀ ਲੈ ਗਏ। ਉੱਥੇ ਗੱਲਾਂ-ਗੱਲਾਂ ਵਿਚ ਪਤਾ ਲੱਗਾ ਕਿ ਮੇਰੇ ਲਾਗੇ ਫਟੇ ਦੋਵੇਂ ਬੰਬ ਦਰਅਸਲ ਮੇਰੇ ‘ਤੇ ਹੀ ਹੱਮਲਾ ਸਨ ਤੇ ਖ਼ਤਮ ਕਰਨ ਦੀ ਸਾਜ਼ਿਸ਼ ਹੀ ਸੀ। ਫਿਰ ਇਹ ਵੀ ਪਤਾ ਲੱਗਾ ਕਿ ਇਕ ਪਾਕਿਸਤਾਨੀ ਫੌਜ ਦਾ ਸਿਪਾਹੀ ਮੁਕਤੀ ਵਾਹਣੀ ਬਣ ਕੇ ਉਨ੍ਹਾਂ ਵਿਚ ਹੀ ਸ਼ਾਮਿਲ ਸੀ, ਜਿੱਥੇ ਮੈਂ ਰਾਤ ਠਹਿਰਿਆ ਸੀ। ਉਹੀ ਪਾਕ ਫੌਜ ਨੂੰ ਮੇਰੇ ਬਾਰੇ ਤੇ ਭਾਜੀ ਬਾਰੇ ਗੁਪਤ ਸੂਚਨਾ ਦੇ ਰਿਹਾ ਸੀ ਤੇ ਉਸ ਨੂੰ ਉਸ ਇੰਟੈਲੀਜੇਨਸ ਅਫ਼ਸਰ ਨੇ ਲੱਭ ਲਿਆ ਸੀ। ਉਸੇ ਨੂੰ ਨਾਲ ਲੈ ਕੱਲ੍ਹ ਬਾਰਡਰ ਵੱਲ ਲੈ ਗਿਆ ਸੀ ਕਿ ਹੋਰ ਜਾਂਚ-ਪੜਤਾਲ ਹੋ ਸਕੇ। ਬਾਰਡਰ ‘ਤੇ ਬਣੇ ਬੰਕਰ ਵਿਚ ਭਾਅ ਜੀ ਨੇ ਗਰਮ ਸੰਗਲਾਂ ਨਾਲ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਉਸੇ ਮਾਰ-ਕੁੱਟ ਵਿਚ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਯੋਜਨਾ ਦਾ ਪਤਾ ਲੱਗਾ ਕਿ ਚੌਂਕੀ ਸਾਹਮਣੇ ਪੈਂਦੇ ਸਕੂਲ ਵਿਚ ਠਹਿਰੀ ਫੌਜ, ਪਿੱਛੋਂ ਸੁਨੇਹਾ ਮਿਲਦਿਆਂ ਹੀ ਬੀ.ਓ.ਪੀ.’ਤੇ ਹੱਮਲਾ ਕਰਨ ਵਾਲੀ ਹੈ। ਇੰਨਾ ਪਤਾ ਲੱਗਦਿਆਂ ਹੀ ਸਕੂਲ ਦੀ ਇਮਾਰਤ ‘ਤੇ ਅਟੈਕ ਕਰ ਦਿੱਤਾ ਤੇ ਸਕੂਲ ਨੂੰ ਖ਼ਾਲੀ ਕਰਵਾ ਕੇ ਆਪ ਕਬਜ਼ਾ ਕਰ ਲਿਆ ਸੀ। ਅਗਲੇ ਦਿਨ ਮੈਂ ਵੀ ਸਕੂਲ਼ ਵੇਖਣ ਭਾਜੀ ਨਾਲ ਚਲੇ ਗਿਆ ਸੀ। ਸਕੂਲ ਦਾ ਢਾਂਚਾ ਵਧੀਆ ਤੇ ਪੱਕਾ ਬਣਿਆ ਹੋਇਆ ਸੀ ਤੇ ਸਮਾਨ ਸਾਰਾ ਵਿਦੇਸ਼ੀ ਹੀ ਸੀ। ਮੈਂ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਮਾਚਿਸ ਦੀ ਡੱਬੀ, ਰੱਬੜ, ਪੈਂਸਿਲ ਤੱਕ ਵਿਦੇਸ਼ੀ ਸਨ। ਉੱਥੋਂ ਫੌਜ ਤੇ ਬੀ.ਐੱਸ.ਐਫ. ਨੇ ਮਿਲ ਕੇ ਪਾਕਿਸਤਾਨੀ ਫੌਜ ਨੂੰ ਪਛਾੜ ਕੇ ਬਹੁਤ ਪਿੱਛੇ ਤੱਕ ਧੱਕ ਦਿੱਤਾ ਸੀ। ਉਸ ਦਿਨ ਉਹ ਇਲਾਕਾ ਬਹੁਤ ਸ਼ਾਂਤ ਸੀ ਤੇ ਫਾਇਰਿੰਗ ਦੀ ਕੋਈ ਅਵਾਜ਼ ਨਹੀਂ ਸੀ। ਬੰਗਾਲ ਦੇ ਪਿੰਡ ਵਿਚੋਂ ਬੜੀਆਂ ਕਟਹਲ ਇਕੱਠੀਆਂ ਕਰਕੇ ਨਾਲ ਲਿਆਇਆ ਤੇ ਸਬਜ਼ੀ ਬਣਵਾ ਖ਼ੂਬ ਖਾਧੀਆਂ ਤੇ ਨਾਲ ਲੈ ਜਾਣ ਲਈ ਅਚਾਰ ਪਵਾਇਆ।
ਚਾਰ-ਪੰਜ ਦਿਨ ਬਾਰਡਰ ‘ਤੇ ਜੰਗ ਦੇ ਅਜਿਹੇ ਦ੍ਰਿਸ਼ ਵੇਖ ਕੇ, ਅਨੁਭਵ ਲੈ ਕੇ ਵਾਪਿਸ ਆ ਗਿਆ। ਬਟਾਲੀਅਨ ਦੇ ਕੈਂਪ ਵਿਚ ਕਈ ਦਿਨ ਇਹੋ ਗੱਲਾਂ ਪਰਿਵਾਰ ਸੁਣਦੇ ਰਹੇ। ਇਕ ਦਿਨ ਸੁਨੇਹਾ ਆ ਗਿਆ ਕਿ ਤਿਆਰ ਰਹੋ, ਸ਼ੀਲੋਂਗ ਜਾਣਾ ਹੈ। ਭਾਅ ਜੀ ਆਏ ਤਾਂ ਸ਼ੀਲੋਂਗ ਵੱਲ ਚੱਲ ਪਏ, ਥ੍ਰੀ-ਟਨ ਗੱਡੀ ਵਿਚ। ਰਾਤ ਗੁਹਾਟੀ ਠਹਿਰ ਸਵੇਰੇ ਫਿਰ ਚੱਲ ਪਏ। ਪਹਾੜੀ ਰਾਹ, ਘੁੰਮਦੀ-ਘੁੰਮਾਂਦੀ ਗੱਡੀ ਜਾ ਰਹੀ ਸੀ, ਆਲੇ-ਦੁਵਾਲੇ ਦੇ ਖ਼ੂਬਸੂਰਤ ਦ੍ਰਿਸ਼ ਪਿੱਛੇ ਰਹਿ ਰਹੇ ਸਨ। ਰਸਤੇ ਵਿਚ ਰੁਕ ਕੇ ਨਿੰਬੂ-ਅਦਰਕ ਵਾਲੀ ਬਲੈਕ ਚਾਹ ਦਾ ਸਵਾਦ ਲੈਂਦੇ, ਪਹਾੜੀ ਸਫ਼ਰ ਦਾ ਆਪਣਾ ਹੀ ਮਜ਼੍ਹਾ ਸੀ। ਸ਼ੀਲੋਂਗ ਸ਼ਹਿਰ ਦੇ ਬਾਹਰ ਵੱਲ ਪਹਾੜੀ ਦੀ ਚੋਟੀ ‘ਤੇ ਬਣੇ ਬੀ.ਐੱਸ.ਐਫ. ਗੈਸਟ ਹਾਊਸ ਦਾ ਆਲੇ-ਦੁਆਲੇ ਬਹੁਤ ਹੀ ਦਿੱਲ-ਖਿਚਵਾਂ ਵਾਤਾਵਰਣ, ਦ੍ਰਿਸ਼ ਥਕਾਵਟ ਪਲਾਂ ਵਿਚ ਹੀ ਵਿਸਾਰ ਗਿਆ। ਸ਼ਾਮ ਬਜ਼ਾਰ ਗਏ ਤਾਂ ਅਜੀਬ ਨਜ਼ਾਰਾ ਸੀ। ਸਭ ਦੇ ਹੱਥਾਂ ਵਿਚ ਛੱਤਰੀਆਂ ਸਨ, ਪਤਾ ਲੱਗਾ ਕਿ ਮੌਸਮ ਦਾ ਵਸਾਹ ਨਹੀਂ, ਪਲ ਵਿਚ ਧੁੱਪ ਤੇ ਅਗਲੇ ਪਲ ਬਾਰਿਸ਼, ਇਸ ਲਈ ਛੱਤਰੀ ਜ਼ਰੂਰੀ ਹੈ। ਬਜ਼ਾਰ ਦੀ ਆਪਣੀ ਰੌਣਕ ਤੇ ਨਜ਼ਾਰਾ, ਹਰ ਦੁਕਾਨ ਜਾਂ ਛਾਬੜੀ ‘ਤੇ ਔਰਤਾਂ ਸੁਸ਼ੋਭਿਤ ਸਨ। ਵੱਖਰਾ ਹੀ ਦ੍ਰਿਸ਼ ਸੀ, ਪਤਾ ਲੱਗਾ ਕਿ ਕੰਮ ਔਰਤਾਂ ਕਰਦੀਆਂ ਹਨ ਤੇ ਮਰਦ ਘਰ ਨਸ਼ੇ ਵਿਚ ਆਰਾਮ। ਔਰਤ ਨੂੰ ਅਜ਼ਾਦੀ ਦਾ ਵੱਖਰਾ ਅਨੁਭਵ ਤੇ ਸੋਚ। ਕਿਸੇ ਕੰਮ ਵਿਚ ਪ੍ਰਾਪਤੀ ਪੈਸਾ ਹੋਵੇ ਤਾਂ ਮਰਦ ਨੂੰ ਇਤਰਾਜ਼ ਨਹੀਂ, ਪੈਸਾ ਵਸਤ ਵੇਚ ਕੇ ਕਮਾਏ ਜਾਂ ਵਸਤ ਬਣ ਕੇ ਖ਼ੁਦ ਵਿਕ ਜਾਏ। ਨੈਣ-ਨਕਸ਼ ਵੀ ਕਾਮੁਕ ਤੇ ਤੱਕਣੀ, ਅਦਾਵਾਂ ਵੀ, ਪਹਿਰਾਵਾ ਤਾਂ ਹੁੰਦਾ ਹੀ ਹੈ। ਖੁੱਲ੍ਹ ਕੇ ਵੇਖਣ ਦਾ ਮੌਕਾ ਮਿਲਿਆ ਅਗਲੇ ਦਿਨ ਜਦ ਝਰਨੇ ਵੇਖਣ ਗਏ। ਆਕਰਸ਼ਕ ਝਰਨੇ ਤੇ ਆਕਰਸ਼ਕ ਹੀ ਆਲਾ-ਦੁਆਲਾ ਜੋ ਕਿਸੇ ਫ਼ਿਲਮ ਦੀ ਸ਼ੂਟਿੰਗ ਦਾ ਭਰਮ ਪਾ ਰਿਹਾ ਸੀ। ਕਿਸੇ ਪਾਸੇ ਗਲਬਾਹੀਂ ਪਾ ਕੇ ਬੈਠੇ ਜੋੜੇ, ਕਿਤੇ ਕਲੋਲਾਂ ਕਰਦੇ, ਕਿਤੇ ਅਠਖੇਲੀਆਂ ਕਰਦੇ, ਚੁੰਝਾਂ ਭਿੜਾਉਂਦੇ ਤੇ ਕਿਤੇ ਝਰਨਿਉਂ ਡਿੱਗਦੇ ਪਾਣੀ ਹੇਠ ਪਾਰਦਰਸ਼ੀ ਦਿੱਸਦੇ ਬਦਨ। ਵਾਤਾਵਰਣ, ਮਾਹੌਲ ਤੇ ਮੌਸਮ ਖ਼ੂਬਸੂਰਤੀ ਦਾ ਮਿਸ਼ਰਣ ਹੀ ਤਾਂ ਸੀ, ਅਭੁੱਲ ਯਾਦਾਂ ਛੱਡਦਾ। ਅਜਿਹੇ ਪ੍ਰਭਾਵ ਵਿਚ ਆਮ ਚਾਹ ਵੀ ਵਿਸ਼ੇਸ਼ ਤੇ ਨਸ਼ੀਲੀ ਜਾਪਣ ਲੱਗਦੀ ਹੈ। ਸ਼ੀਲੋਂਗ ਦਾ ਉਹ ਦ੍ਰਿਸ਼, ਮਾਹੌਲ਼ ਦਹਾਕੇ ਬੀਤ ਜਾਣ ਬਾਅਦ ਵੀ ਸੱਜਰਾ ਤੇ ਸਨਮੁੱਖ ਮਹਿਸੂਸਦਾ ਹਾਂ। 
ਧੁਬਰੀ ਸ਼ਹਿਰ ਬ੍ਰਹਮਪੁੱਤਰ ਦਰਿਆ ਕਿਨਾਰੇ ਵੱਸਿਆ, ਗੁਰੂ ਨਾਨਕ ਦੇਵ ਨਾਲ ਜੁੜਿਆ ਤੇ ਬਹੁਤ ਪੰਜਾਬੀ ਲੋਕਾਂ ਨਾਲ ਭਰਿਆ ਹੋਇਆ ਸ਼ਹਿਰ ਸੀ, ਜੋ ਇਕ ਸਦੀਵੀ ਯਾਦ ਬਣ ਗਿਆ। ਦੂਜੀ ਯਾਦ ਵਿਸ਼ਾਲ ਬ੍ਰਹਮਪੁਤਰ ਵਿਚੋਂ ਜੀਵਤ ਬਚ ਨਿਕਲਣਾ, ਤੀਜੀ ਯਾਦ ਬੰਗਲਾ ਦੇਸ਼ ਦੀ ਜੰਗ ਤੇ ਚੌਥੀ ਬਣ ਗਈ ਸ਼ੀਲੋਂਗ ਯਾਤਰਾ। ਪੰਜਵੀਂ ਯਾਦ ਬਣੀ ਦਾਰਜਲਿੰਗ ਦੀ ਯਾਤਰਾ ਜੋ ਆਪਣੀ ਤਰ੍ਹਾਂ ਦਾ ਹੀ ਅਨੁਭਵ ਸੀ। ਛੋਟੀ ਰੇਲਵੇ ਲਾਈਨ ਦੀ ਟ੍ਰੇਨ, ਰੁਕ-ਰੁਕ ਕੇ ਚਲਦੀ ਤੇ ਕਿਤੇ ਗੱਡੀਓਂ ਉਤਰ ਕੇ ਨਾਲ-ਨਾਲ ਪੈਦਲ ਤੁਰਨਾ। ਖ਼ੂਬਸੂਰਤ ਨਜ਼ਾਰੇ, ਸੀਨਰੀ, ਚਾਹ ਦੇ ਬਾਗ਼ਾਨ, ਹਰੀ ਪੱਤੀ ਵਾਲੀ ਚਾਹ ਪੀਣ ਦਾ ਆਪਣਾ ਸਵਾਦ। ਦਾਰਜਲਿੰਗ ਦੀ ਵੱਖਰੀ ਰਹਿਤਲ, ਬਾਜ਼ਾਰ ਵਿਚ ਘੁੰਮਦੀਆਂ ਹੁਸੀਨ ਬਦਨ, ਫੀਨੇ ਨੈਣ-ਨਕਸ਼, ਅੱਧ ਮੀਟੀਆਂ ਸੁੱਤ-ਉਨੀਂਦੀਆਂ ਅੱਖਾਂ ਦਾ ਆਪਣਾ ਆਕਰਸ਼ਣ, ਅਦਾਵਾਂ। ਪਹਾੜਾਂ ਦਾ ਆਪਣਾ ਹੀ ਜਲਵਾ ਤੇ ਪਹਾੜੀ ਹੁਸਨ ਦਾ ਆਪਣਾ, ਦੋਵੇਂ ਮਿਲ ਜਾਣ ਤਾਂ ਸੋਨੇ ‘ਤੇ ਸੁਹਾਗਾ ਹੋਣਾ ਹੀ ਸੀ। ਮਨ, ਅੱਖਾਂ ਸਭ ਤ੍ਰਿਪਤ-ਤ੍ਰਿਪਤ ਹੋਏ ਲੱਗ ਰਹੇ ਸਨ ਤੇ ਮੈਂ ਮੰਤਰ-ਮੁਗਧ ਹੋਇਆ ਘੁੰਮ ਰਿਹਾ ਸਾਂ। ਹੋਟਲ ਵਿਚ ਕਮਰਾ ਬੁੱਕ ਕਰਵਾ ਕੇ ਸੜਕ ‘ਤੇ ਆ ਗਏ ਸਾਂ। ਸ਼ਾਮ ਢਲਦਿਆਂ ਹੋਟਲ ਪਹੁੰਚ ਗਿਆ ਤਾਂ ਵੇਟਰ ਦਾ ਜਲਵਾ ਸ਼ੁਰੂ ਕਿ ਅਖੇ ‘ਸੇਵਾ ਵਿਚ ਕੀ ਪੇਸ਼ ਕਰਾਂ ?’। ਉਸ ਦਾ ਸਵਾਲ ਸਮਝ ਨਹੀਂ ਸੀ ਸਕਿਆ ਤਾਂ ਉਹ ਖੁੱਲ੍ਹ ਕੇ ਬੋਲਿਆ ‘ਹਰ ਉਮਰ ਦੀ ਮਿਲੇਗੀ’ ਤਾਂ ਕੁਝ ਸਮਝ ਆਇਆ। ਮੈਂ ਵੇਖਣਯੋਗ ਥਾਵਾਂ ਬਾਰੇ ਜਾਣਕਾਰੀ ਮੰਗੀ। ਚੜ੍ਹਦੇ ਤੇ ਡੁੱਬਦੇ ਸੁ੍ਰਜ ਦੇ ਦ੍ਰਿਸ਼-ਨਜ਼ਾਰੇ ਬਾਰੇ ਤਾਂ ਭਾਅ ਜੀ ਨੇ ਹੀ ਦੱਸ ਦਿੱਤਾ ਸੀ। ਫਿਰ ਵੀ ਮੈਂ ਵੇਟਰ ਨੂੰ ਪੁੱਛ ਲਿਆ ਤਾਂ ਕਹਿਣ ਲੱਗਾ ‘ਇਕੱਲਿਆਂ ਜਾਉਗੇ ਜਾਂ ਇਕੱਠੇ”। ਮੈਂ ਇਕੱਠੇ ਜਾਣ ਨੂੰ ਤਰਜੀਹ ਦਿੱਤੀ ਤਾਂ ਕਹਿਣ ਲੱਗਾ ਸਵੇਰੇ ਚਾਰ ਵਜੇ ਗੱਡੀ ਆ ਜਾਏਗੀ। ਮੈਂ ਸੌਂ ਗਿਆ ਤੇ ਸਵੇਰੇ ਬਰਫ਼ ਵਰਗੇ ਠੰਡੇ ਪਾਣੀ ਨਾਲ ਨਹਾ ਕੇ ਤਿਆਰ ਹੋ ਗਿਆ। ਰਾਤ ਵਾਲਾ ਵੇਟਰ ਆ ਗਿਆ ਤੇ ਤਿਆਰ ਵੇਖ ਕੇ ਹੈਰਾਨ ਕਿ ਗਰਮ ਪਾਣੀ ਤਾਂ ਮੰਗਿਆ ਨਹੀਂ। ਪਰ ਮੈਂ ਥੱਲੇ ਆ ਗਿਆ, ਕਈ ਜਣੇ ਆਏ ਬੈਠੇ ਸਨ। ਚਾਰ ਵਜੇ ਇਕ ਸਭ ਤੋਂ ਉੱਚੀ ਪਹਾੜੀ ‘ਤੇ ਪਹੁੰਚ ਗਏ ਤਾਂ ਗਾਈਡ ਦ੍ਰਿਸ਼, ਦਿਸ਼ਾ ਤੇ ਟਾਇਮ ਬਾਰੇ ਦੱਸਣ ਲੱਗਾ। ਵਾਕਈ ਨਿਕਲਦੇ ਸੂਰਜ ਦਾ ਦ੍ਰਿਸ਼ ਵਿਲੱਖਣ ਹੀ ਸੀ। ਫਿਰ ਉਸ ਪਹਾੜੀ ‘ਤੇ ਗਏ ਜਿੱਥੈ ਗੱਡੀ ਚੱਕਰ ਬਣਾ ਕੇ ਮੁੜਦੀ ਹੈ। ਵਾਪਸ ਜਾ ਕੇ, ਬਜ਼ਾਰ ਵਿਚੋਂ ਸੀਨਰੀ ਤੇ ਤਸਵੀਰਾਂ ਖਰੀਦੀਆਂ ਜੋ ਦਾਰਜਲਿੰਗ ਦੇ ਦਰਸ਼ਨੀ ਸਥਾਨਾਂ ਦੀਆਂ ਸਨ। ਦਿਨ ਭਰ ਬਜ਼ਾਰ ਵਿਚ ਮਟਰ-ਗਸ਼ਤੀ ਕਰਦਾ ਸ਼ਾਮ ਨੂੰ ਉਸ ਚੌਂਕ ਵਿਚ ਜਾ ਬੈਠਾ ਜਿਥੋਂ ਡੁੱਬਦਾ ਸੂਰਜ ਵੇਖਣ ਲਈ ਲੋਕ ਜੁੜ ਰਹੇ ਸਨ। ਬਹੁਤ ਹੀ ਅਦਭੁੱਤ ਨਜ਼ਾਰਾ ਸੀ, ਵੇਖ ਕੇ ਅਨੰਦਤ ਹੋ ਗਿਆ ਤਾਂ ਹੋਟਲ ਨੂੰ ਮੁੜ ਪਿਆ। ਅਗਲੇ ਦਿਨ ਸਵੇਰੇ ਵਾਪਿਸ ਚੱਲ ਪਿਆ। ਦਾਰਜਲਿੰਗ ਯਾਤਰਾ ਦੀਆਂ ਆਪਣੀਆਂ ਹੀ ਸਿਮਰਤੀਆਂ ਹਨ।
ਆਸਾਮ ਤੋਂ ਹੀ ਭਾਅ ਜੀ ਨਾਲ ਜੈਪੁਰ ਜਾਣ ਦਾ ਸਬੱਬ ਬਣ ਗਿਆ। ਹੋਇਆ ਇੰਝ ਕਿ ਰਾਜਸਥਾਨ ਵਿਚ ਭਿਲਾਈ ਦੇ ਬਿਰਲਾ ਸਾਇੰਸ ਇੰਸਟੀਚਿਊਟ ਵਿਚ ਮਹੀਨੇ ਲਈ ਟ੍ਰੇਨਿੰਗ ‘ਤੇ ਜਾਣਾ ਪਿਆ। ਉੱਥੋਂ ਦੀਆਂ ਆਪਣੀਆਂ ਯਾਦਾਂ ਹਨ। ਇੰਸਟੀਚਿਊਟ ਵਿਚਲੇ ਕਵਾਟਰਾਂ ਵਿਚ ਠਹਿਰੇ ਜਿਸ ਦੇ ਪਿੱਛੇ ਕੁੜੀਆਂ ਦਾ ਹੋਸਟਲ ਸੀ। ਹਰੇ-ਭਰੇ ਮੈਦਾਨ ਵਿਚ ਪੈਲਾਂ ਪਾਉਂਦੇ ਮੋਰਾਂ ਦਾ ਨਜ਼ਾਰਾ ਕਿਸੇ ਕੁੜੀ ਨੂੰ ਵੇਖਣ ਨਾਲੋਂ ਕਿਤੇ ਵੱਧ ਖ਼ੂਬਸੂਰਤ ਤੇ ਆਕਰਸ਼ਕ ਹੁੰਦਾ, ਲੱਗਦਾ। ਸ਼ਾਮ ਨੂੰ ਠੰਡੀ ਹੋ ਰਹੀ ਰੇਤ ‘ਤੇ ਸੈਰ ਦਾ ਆਪਣਾ ਮਜ਼ਾ ਹੁੰਦਾ, ਜਦੋਂ ਅਣਗਿਣਤ ਚੀਚ-ਵਹੁੱਟੀਆਂ ਮਿਲ ਜਾਂਦੀਆਂ। ਇੱਥੋਂ ਹੀ ਭਾਅ ਜੀ ਨੇ ਜੈਪੁਰ ਵੇਖਣ ਲਈ ਭੇਜ ਦਿੱਤਾ ਤੇ ਸਭ ਸਮਝਾ ਦਿੱਤਾ। ਹੋਟਲ ਵਿਚ ਸਾਮਾਨ ਰੱਖ ਕੇ ਲੋਕ-ਸੰਪਰਕ ਵਿਭਾਗ ਦੇ ਦਫ਼ਤਰ ਪਹੁੰਚ ਕੇ, ਘੁੰਮਣ ਲਈ ਬੁਕਿੰਗ ਕਰਵਾ ਆਇਆ। ਅਗਲੇ ਦਿਨ ਵਿਭਾਗ ਦੀ ਗੱਡੀ ਵਿਚ ਬੈਠ ਗਾਈਡ ਨਾਲ ਨਿਕਲ ਪਏ। ਉਹ ਵਾਰੀ-ਵਾਰੀ ਹਰ ਵੇਖਣਯੋਗ ਥਾਂ ਲੈ ਗਿਆ, ਪਹਿਲਾਂ ਜਾਣਕਾਰੀ ਦਿੰਦਾ ਤੇ ਫਿਰ ਵੇਖਣ ਲਈ ਕਹਿੰਦਾ, ਹਵਾ ਮਹੱਲ, ਕਿਲ੍ਹੇ, ਮਿਯੂਜ਼ੀਅਮ ਤੇ ਹੋਰ ਕਿੰਨਾ ਕੁਝ। ਪਿੰਕ ਸਿਟੀ ਦੇ ਨਾਮ ਨਾਲ ਮਸ਼ਹੂਰ ਜੈਪੁਰ ਘੁੰਮਣ ਦਾ ਮਜ਼੍ਹਾ। ਇਸ ਯਾਤਰਾ ਵਿਚ ਦੇਸੀ ਘੱਟ ਤੇ ਵਿਦੇਸ਼ੀ ਜ਼ਿਆਦਾ ਸਨ, ਖ਼ਾਸਕਰ ਮੇਮਾਂ ਤੇ ਉਹ ਵੀ ਬੇਬਾਕ ਸੁਭਾਅ ਦੀਆਂ, ਕਦੇ ਹੱਥ ਫੜ ਤੁਰਨ ਲੱਗਦੀਆਂ ਤੇ ਕਦੇ ਗਲ-ਬਾਹਾਂ ਪਾ। ਨਿੱਕੀ ਤੋਂ ਨਿੱਕੀ ਚੀਜ਼ ਬਾਰੇ ਜਾਣਦੀਆਂ, ਪੁੱਛਦੀਆਂ ਤੇ ਇਨਜੁਆਏ ਕਰਦੀਆਂ। ਕਈ ਥਾਂ ਫ਼ੋਟੋਆਂ ਖਿੱਚੀਆਂ ਕਿ ਤੇਰੀ ਯਾਦ ਤੇ ਨਿਸ਼ਾਨੀ ਰਹੇਗੀ। ਦਾਰਜਲਿੰਗ ਵਾਲੀ ਇਕੱਲਤਾ ਇੱਥੇ ਚੁੱਭ, ਮਹਿਸੂਸ, ਖ਼ੱਲ ਨਹੀਂ ਸੀ ਰਹੀ। ਜੀਅ ਤਾਂ ਕਰਦਾ ਸੀ ਹੋਰ ਰਹਾਂ ਤੇ ਉਨ੍ਹਾਂ ਨਾਲ ਘੁੰਮਾਂ, ਪਰ ਹਿਦਾਇਤ ਸਖ਼ਤ ਸੀ। ਕਾਰਨ ਭਿਲਾਈ ਤੋਂ ਹੀ ਚੰਡੀਗੜ੍ਹ ਜਾਣਾ ਸੀ ਕਿਉਂਕਿ ਕਾਲਜ ਖੁੱਲ੍ਹ ਰਹੇ ਸਨ ਤੇ ਦਾਖ਼ਲਾ ਲੈਣਾ ਸੀ। ਸੋ, ਭਰੇ ਮਨ ਨਾਲ ਅਗਲੇ ਦਿਨ ਵਾਪਸ ਮੁੜਨਾ ਪਿਆ ਕਿਉਂਕਿ ਚੰਡੀਗੜ੍ਹ ਲਈ ਬੱਸ ਵਿਚ ਸੀਟ ਬੁੱਕ ਕਰਵਾ ਲਈ ਹੋਈ ਸੀ। ਭਿਲਾਈ ਤੋਂ ਚੰਡੀਗੜ੍ਹ ਤਕਰੀਬਨ 10 ਘੰਟੇ ਦਾ ਰਾਹ ਸੀ ਵਾਇਆ ਅਬੋਹਰ, ਬਠਿੰਡਾ, ਸੁਨਾਮ, ਚੰਡੀਗੜ੍ਹ ਤੇ ਫਿਰ ਜਲੰਧਰ ਨੂੰ। ਕੋਈ 14 ਘੰਟੇ ਦਾ ਸਫ਼ਰ ਮੁਕਾ ਕੇ, ਅਣਗਿਣਤ ਯਾਦਾਂ, ਸਿਮਰਤੀਆਂ ਲੈ ਜਲੰਧਰ ਪਹੁੰਚਿਆ। (ਬਾਕੀ ਅਗਲੇ ਹਫ਼ਤੇ)

-ਅਵਤਾਰ ਜੌੜਾ, ਜਲੰਧਰ 
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

punjabi writer avtar jauda

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: