ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-7

ਪਿਛਲੀ ਕਿਸ਼ਤ 6 ਵਿਚ ਜਿਨ੍ਹਾਂ ਵਰ੍ਹਿਆਂ ਦਾ ਜ਼ਿਕਰ ਕਰ ਰਿਹਾ ਸਾਂ, ਉਹ ਦਰਅਸਲ ਮੇਰੇ ਜੀਵਨ ਦੇ ਅਣਗੌਲੇ ਜਾਣ ਵਾਲੇ ਵਰ੍ਹੇ ਹਨ। ਸਾਹਿਤਕ ਰੁਝਾਨ ਨੂੰ ਛੱਡ ਦਈਏ ਤਾਂ ਕੁਝ ਖ਼ਾਸ ਬੱਚਦਾ ਵੀ ਨਹੀਂ। ਰਾਹੇ ਤੁਰਦਾ ਕੁਰਾਹੇ ਪੈਣ ਦਾ ਸਮਾਂ ਸੀ ਉਹ। ਇਕ ਕੁਬਿਰਤੀ ਨਾ-ਜਾਣਦਿਆਂ, ਸਮਝਦਿਆਂ ਸਿਆਸਤ ਵਿਚ ਘੁਸ-ਪੈਠ। ਬਹੁਤਾ ਸਮਾਂ ਵਿਹਲੇ ਰਹਿਣਾ, ਅਵਾਰਾਗਰਦੀ ਕਰਨਾ ਤੇ ਇਸੇ ਚੱਕਰ ਵਿਚ ਮੁਲਾਕਾਤ ਹੋ ਗਈ ਹਰਜਿੰਦਰ ਸਿੰਘ ਦਿਲਗੀਰ ਤੇ ਇੰਦਰਜੀਤ ਸਿੰਘ ਅਣਖੀ ਨਾਲ ਜੋ ਸ਼ਾਇਦ ‘ਸਿੱਖ ਸਟੂਡੈੰਟ ਫੈਡਰੇਸ਼ਨ’ ਨਾਲ ਜੁੜੇ ਹੋਏ ਸਨ। ਇਹ ਹਰਜਿੰਦਰ ਸਿੰਘ ਦਿਲਗੀਰ ਅੱਜ ਵਾਲਾ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਹੀ ਹੈ ਜੋ ਇਕ ਸਿੱਖ ਵਿਦਵਾਨ ਦੀ ਪਛਾਣ ਰੱਖਦਾ ਹੈ ਤੇ ‘ਖ਼ਾਲਿਸਤਾਨ’ ਦੇ ਪਹਿਲੇ ਰਾਸ਼ਟਰਪਤੀ ਵਜੋਂ ਵੀ ਚਰਚਾ ਵਿਚ ਰਿਹਾ ਹੈ। ਸੁਣਨ ਵਿਚ ਤਾਂ ਇਹ ਵੀ ਆਇਆ ਸੀ ਕਿ ਸਮਾਜ-ਸੁਧਾਰ ਲਈ ਜੋ ਖਾੜਕੂਆਂ ਵੱਲੋਂ ਕੋਡ ਆਫ ਕੰਡਕਟ ਬਣਾਇਆ ਗਿਆ ਸੀ, ਉਸ ਵਿਚ ਵੀ ਇਸ ਦਾ ਸਰਗਰਮ ਰੋਲ ਸੀ। ਕਤਲੋ-ਗਾਰਤ ਨਾਲ ਮੈਂ ਸਹਿਮਤ ਨਹੀਂ ਸੀ, ਪਰ ਕੋਡ ਆਫ ਕੰਡਕਟ ਦੀਆਂ ਦੋ ਗੱਲਾਂ ਨਾਲ ਸਹਿਮਤ ਸਾਂ। ਇਕ ਬਰਾਤ ਤੇ ਦਾਜ ਬਾਰੇ ਤੇ ਦੂਜੀ ਗਾਇਡਾਂ ਪਬਲਿਸ਼ ਕਰਨ ਵਾਲੇ ਪਬਲਿਸ਼ਰਜ਼ ਨੂੰ ਫੂਕ ਦੇਣ ਬਾਰੇ। ਹਾਂ, ਉਨ੍ਹਾਂ ਦਿਨਾਂ ਵਿਚ ਫ਼ਿਲਮ ਆਈ ਸੀ ‘ਐਨ ਈਵਨਿੰਗ ਇਨ ਪੈਰਿਸ’ ਤੇ ਦਿਲਗੀਰ+ਅਣਖੀ ਨੇ ਭਗਤ ਸਿੰਘ ਚੌਕ ਵਿਚਲੇ ‘ਪੋਪਲੀ ਟੀ ਸਟਾਲ’ ਦੇ ਚੁਬਾਰੇ ਵਿਚ ਕਿਹਾ ਸੰਤ ਸਿਨਮੇ ਵਿਚ ਜਿੱਥੇ ਇਹ ਫ਼ਿਲਮ ਲੱਗੀ ਸੀ, ਅੱਗ ਲਾਈ ਜਾਵੇ। ਉਸ ਰਾਤ ਪੂਰੀ ਪਲਾਨਿੰਗ ਕਰਕੇ ਹਾਲ ਵਿਚ ਸਕਰੀਨ ‘ਤੇ ਜੁੱਤੀਆਂ ਮਾਰ, ਨਾਹਰੇ ਮਾਰ ਸ਼ੋਅ ਬੰਦ ਕਰਵਾਇਆ ਗਿਆ ਤੇ ਫਿਰ ਉਥੋਂ ਭੱਜ ਨਿਕਲੇ ਸਾਂ। ਅਜਿਹੀ ਭੁੱਲ ਅੱਜ ਤੱਕ ਨਹੀਂ ਦੁਹਰਾਈ। ਖ਼ੈਰ, ਉਹੋ ਜਿਹਾ ਮੌਕਾ ਫਿਰ ਬਣਿਆਂ ਨਾ ਜਾਂ ਮੇਰੀ ਰੁਚੀ ਹੀ ਕਿਸੇ ਹੋਰ ਦਿਸ਼ਾ ਵੱਲ ਮੁੜ ਗਈ ਸੀ।
ਇਸ ਘਟਨਾ ਬਾਰੇ ਸ਼ਹਿਰ ਵਿਚ ਰੌਲਾ ਪੈ ਗਿਆ ਤੇ ਘਰ ਦਿਆਂ ਨੂੰ ਸ਼ੱਕ ਜਿਹਾ ਹੋਣ ਲੱਗਾ ਕਿ ਮੈਂ ਵੀ ਉਨ੍ਹਾਂ ਵਿਚੋਂ ਇਕ ਸਾਂ। ਉਨ੍ਹਾਂ ਅਗਲੇ ਦਿਨ ਮੈਨੂੰ ਮਾਸੜ ਜੀ ਨਾਲ ਉਨ੍ਹਾਂ ਦੀ ਦੁਕਾਨ ‘ਤੇ ਸੋਨੇ ਦੀਆਂ ਵੰਗਾਂ ਬਣਾਉਣ ਦਾ ਕੰਮ ਸਿੱਖਣ ਲਈ ਭੇਜ ਦਿੱਤਾ। ਉਹ ਵੀ ਮੇਰੇ ਵਰਗੇ ਵਿਹਲੜ ਲਈ ਬੜਾ ਰੌਚਿਕ ਅਨੁਭਵ ਸੀ। ਮਾਸੜ ਜੀ ਸਾਡੇ ਵਾਲੇ ਘਰ ਵਿਚ ਹੀ ਅੰਮ੍ਰਿਤਸਰ ਤੋਂ ਆ ਕੇ ਕਿਰਾਏ ‘ਤੇ ਰਹਿੰਦੇ ਸਨ ਤੇ ਬੜੀ ਰੰਗੀਨ-ਸ਼ੌਕੀਨ ਤਬੀਅਤ ਦੇ ਕਿਰਦਾਰ ਵਾਲੇ ਸਨ। ਉਨ੍ਹਾਂ ਦੀ ਰੋਜ਼ਾਨਾ ਰੁਟੀਨ ਵੇਖ ਅਚੰਬਿਤ ਹੁੰਦਾ ਸਾਂ ਤੇ ਖ਼ੁਦ ਮਾਣਦਾ ਵੀ ਸਾਂ। ਜੋੜਾ ਗੇਟ ਤੋਂ ਦੁਕਾਨ ਵੱਲ ਜਾਂਦੇ ਪਹਿਲਾਂ ਸੂਦਾਂ ਚੌਂਕ ਵਿਚਲੇ ਮੰਦਿਰ ਦੇ ਨਾਲ ਵਾਲੇ ਹਲਵਾਈ ਤੋਂ ਮਲਾਈ ਪਵਾ ਕੇ ਲੱਸੀ ਪੀਣੀ। ਚੁਬਾਰੇ ਵਿਚਲੀ ਦੁਕਾਨ ‘ਤੇ ਪਹੁੰਚਦਿਆਂ ਅੱਡੇ ‘ਤੇ ਚਿੱਟੀ ਚਾਦਰ ਵਿਛਾਉਣੀ। ਤਦ ਤੱਕ ਪਾਨ ਵਾਲਾ ਪਾਨ ਦੇਣ ਆ ਜਾਂਦਾ ਤਾਂ ਉਹ ਪਾਨ ਮੂੰਹ ਵਿਚ ਚਬਾਉਂਦੇ ਕੰਮ ਸ਼ੁਰੂ ਕਰਦੇ। ਦੁਪਹਿਰ ਤੱਕ ਨਿਰੰਤਰ ਕੰਮ। ਘਰੋਂ ਆਈ ਰੋਟੀ ਖਾਂਦੇ, ਬਾਅਦ ਵਿਚ ਇਮਾਮ ਨਾਸਰ ਮਸੀਤ ਦੇ ਨਾਲ ਵਾਲੇ ਪੋਪਲੀ ਤੋਂ ਲੱਛੇ+ਫਲੂਦੇ ਵਾਲੀ ਕੁਲਫ਼ੀ ਖਾਂਦੇ। ਵਿਚ-ਵਿਚ ਗਲੀ ਵਿਚ ਆਇਆ ਕੋਈ ਵੀ ਰੇਹੜੀ ਵਾਲਾ ਖਾਣ-ਪੀਣ ਵਾਲੀ ਚੀਜ਼ ਦੇਣ ਆ ਜਾਂਦਾ। ਮੈਨੂੰ ਵਿਚ-ਵਿਚ ਕੰਮ ਬਾਰੇ ਦੱਸਦੇ ਤੇ ਤਾਰ-ਪੱਤਰੀ ਕਰਾਉਣ ਲਈ ਭੇਜ ਦੇਣਾ। ਤਾਰ-ਪੱਤਰੀ ਵਾਲੀ ਦੁਕਾਨ ‘ਤੇ ਹੋਰ ਵੀ ਲੋਕ ਆਏ ਹੁੰਦੇ ਤੇ ਮੈਨੂੰ ਵੇਖ ਮਾਸੜ ਦੀ ਸ਼ੌਕੀਨੀ ਬਾਰੇ ਗੱਲਾਂ ਛੇੜ ਦਿੰਦੇ। ਉਹ ਸੋਨੇ ਦੀਆਂ ਵੰਗਾਂ ਬਣਾਉਣ ਵਾਲੇ ਜਲੰਧਰ ਦੇ ਸਭ ਤੋਂ ਪ੍ਰਬੀਨ ਕਾਰੀਗਰ ਮੰਨੇ ਜਾਂਦੇ ਸਨ। ਪਰ ਬਾਅਦ ਵਿਚ ਇਹੀ ਸ਼ੌਕੀਨੀ ਤੇ ਸ਼ਰਾਬ ਦੀ ਆਦਤ ਲੈ ਬੈਠੀ। ਜੋ ਗੱਲ ਮੈਨੂੰ ਚੰਗੀ ਲੱਗਦੀ ਸੀ, ਉਹ ਸੀ ਉਨ੍ਹਾਂ ਦਾ ਆਪਣੀਆਂ ਧੀਆਂ ਨਾਲ ਮੋਹ। ਰੋਜ਼ ਸ਼ਾਮ ਘਰ ਪਰਤਦਿਆਂ ਦੋਵਾਂ ਧੀਆਂ ਦੀ ਤਲੀ ‘ਤੇ ਪੈਸੇ ਰੱਖਣਾ।
an indian ferry carrying people of assam in bramputtra river
ਬ੍ਰਹਮਪੁੱਤਰ ਵਿਚ ਬੇੜੀ ਦਾ ਸਫ਼ਰ
ਉਨ੍ਹਾਂ ਦਿਨਾਂ ਵਿਚ ਹੀ ਮੈਨੂੰ ਅਸਾਮ ਜਾਣਾ ਪੈ ਗਿਆ ਸੀ। ਦਰਅਸਲ ਮੇਰਾ ਵੱਡਾ ਭਰਾ ਜੋ ਛੋਟਿਆਂ ਹੁੰਦਿਆਂ ਮੈਨੂੰ ਕੁੱਟਦਾ ਹੁੰਦਾ ਸੀ, ਪੈਂਹਠ ਦੀ ਭਾਰਤ-ਪਾਕਿ ਜੰਗ ਵੇਲੇ ਆਰਮੀ ਵਿਚ ਸ਼ਾਰਟ-ਸਰਵਿਸ ਕਮਿਸ਼ਨ ‘ਤੇ ਫੌਜ ਵਿਚ ਲਫਟੈਨ ਭਰਤੀ ਹੋ ਗਿਆ ਸੀ ਤੇ ਪੰਜ ਸਾਲ ਪੂਰੇ ਹੋਣ ‘ਤੇ ਪੂਨੇ ਪੱਕਾ ਹੋਣ ਗਿਆ ਭ੍ਰਸ਼ਟਾਚਾਰ ਦੀ ਭੇਟਾ ਚੜ੍ਹ ਗਿਆ ਸੀ। ਹੋਇਆ ਇੰਝ ਕਿ ਪਹਿਲਾਂ ਕਦੇ ਇਕ ਹਵਾਈ ਅੱਡਾ ਬਣਾਉਣ ਨੂੰ ਲੈ ਕੇ ਪੈਸੇ ਦੇ ਲੈਣ-ਦੇਣ ਦੇ ਚੱਕਰ ਵਿਚ ਕਮਾਂਡਰ ਨਾਲ ਬਹਿਸ ਪਿਆ ਤੇ ਅੜ ਗਿਆ। ਉਹੀ ਕਮਾਂਡਰ ਪੱਕਾ ਕਰਨ ਵਾਲੀ ਟੀਮ ਦਾ ਮੈਂਬਰ ਬਣ ਕੇ ਇੰਟਰਵਿਉ ‘ਤੇ ਆ ਗਿਆ। ਮੂੰਹ ਮੁਲਾਹਜ਼ੇ ਵਿਚ ਰੱਖਿਆ ਵੀ ਗਿਆ ਪਰ ਬਾਅਦ ਵਿਚ ਸੂਚੀ ਵਿਚੋਂ ਉਸ ਦੇ ਨਾਮ ‘ਤੇ ਪੈੱਨ ਨਾਲ ਲੀਕ ਫੇਰ ਦਿੱਤੀ ਅਤੇ ਕਿਸੇ ਹੋਰ ਦਾ ਨਾਮ ਲਿਖ ਦਿੱਤਾ ਗਿਆ। ਵਾਪਸੀ ‘ਤੇ ਘਰ ਆਉਂਦਿਆਂ ਬੀ.ਐਸ.ਐਫ. ਵਿਚ ਡਿਪਟੀ ਕਮਾਂਡਰ ਲਈ ਇੰਟਰਵਿਉ ਦੇ ਆਇਆ ਸੀ। ਘਰ ਪਹੁੰਚਦਿਆਂ ਉਨ੍ਹਾਂ ਦੀ ਹਾਜ਼ਰ ਹੋਣ ਲਈ ਤਾਰ ਵੀ ਆ ਗਈ ਤੇ ਪਿਛਲੀਂ ਪੈਰੀਂ ਮੁੜਣਾ ਪੈ ਗਿਆ। ਹੁਣ ਉਸ ਕੋਲ ਭਰਜਾਈ ਨੂੰ ਛੱਡਣ ਲਈ ਮੈਨੂੰ ਜਾਣਾ ਪੈ ਗਿਆ ਸੀ। ਉਹ ਮੇਰਾ ਨਵਾਂ ਹੀ ਅਨੁਭਵ ਸੀ। ਗੱਡੀ ਅੰਮ੍ਰਿਤਸਰ ਤੋਂ ਚੱਲਕੇ ਵਾਇਆ ਲਖਨਊ ਗੁਹਾਟੀ ਜਾਂਦੀ ਸੀ। ਸਫ਼ਰ ਦੋ ਰਾਤਾਂ ਤੇ ਦੋ ਦਿਨ ਦਾ ਸੀ। ਅਸੀਂ ਲਖਨਊ ਰੁਕ ਕੇ ਗਏ ਕਿਉਂਕਿ ਭਰਜਾਈ ਦੇ ਪਾਪਾ ਉੱਥੇ ਕਿਰਾਏ ‘ਤੇ ਰਹਿੰਦੇ ਸਨ। ਕਾਰੋਬਾਰ ਤੀਲੀਆਂ-ਕੋਕਿਆਂ ਦਾ ਸੀ। ਲਖਨਊ ਦੇ ਨਵਾਬੀ ਸਭਿਆਚਾਰ ਦਾ ਆਪਣਾ ਹੀ ਜਲਵਾ ਸੀ ਜਿਵੇਂ ਪਹਿਰਾਵਾ, ਖਾਣ-ਪੀਣ, ਬੋਲ-ਚਾਲ ਤੇ ਰਹਿਣ-ਸਹਿਣ। ਟਾਂਗੇ ਵਿਚ ਆਉਣ-ਜਾਣ ਦਾ ਆਪਣਾ  ਮਜ਼ਾ। ਪੁਰਾਣੇ ਤੇ ਨਵੇਂ ਲਖਨਊ ਵਿਚ ਸਪੱਸ਼ਟ ਵੱਖਰੇਵਾਂ, ਖ਼ਾਸਕਰ ਗੋਮਤੀ ਦੇ ਕੰਢੇ ਦਾ ਮਾਹੌਲ-ਦ੍ਰਿਸ਼। ਬਿਲਕੁਲ ਪੰਜਾਬੋਂ ਵੱਖਰਾ ਮਾਹੌਲ-ਦ੍ਰਿਸ਼। ਭਰਜਾਈ ਦੀਆਂ ਕੁਝ ਮੁਸਲਮਾਨ ਸਹੇਲੀਆਂ ਵੀ ਸਨ, ਉਨ੍ਹਾਂ ਦੇ ਘਰ ਆਉਣ-ਜਾਣ ਤੇ ਉਨ੍ਹਾਂ ਦੇ ਰਹਿਣ, ਮਿਲ-ਵਰਤਣ, ਸੇਵਾ ਦਾ ਅੰਦਾਜ਼, ਬਹੁਤ ਅਨੰਦ ਮਾਣਿਆ। 
ਪਰ ਇਹ ਹੁਸੀਨ ਯਾਦਾਂ ਉਦੋਂ ਖੰਡਿਤ, ਚਕਨਾਚੂਰ ਹੋ ਜਾਂਦੀਆਂ ਹਨ ਜਦੋਂ ਬਿਹਾਰ ਪ੍ਰਾਂਤ ਵਿਚ ਪ੍ਰਵੇਸ਼ ਕਰਦੇ ਹਾਂ। ਪੁਲੀਸ ਡੱਬਿਆਂ ਵਿਚ ਆ ਵੜਦੀ ਹੈ ਤੁਹਾਡੀ ਹਿਫ਼ਾਜ਼ਤ ਲਈ। ਵੜ੍ਹਦਿਆਂ ਪਹਿਲੀ ਹਿਦਾਇਤ ਕਿ ਦਰਵਾਜ਼ੇ ਬੰਦ ਕਰਕੇ ਅੰਦਰੋਂ ਲਾਕ ਕਰ ਲਉ ਤੇ ਪੁਲਿਸ ਬਗ਼ੈਰ ਖੋਲ੍ਹਣਾ ਨਹੀਂ। ਸੰਕੇਤ ਕਿ ਸਭ ਅੱਛਾ ਨਹੀਂ, ਭੁੱਖ-ਨੰਗ ਦੀ ਝਲਕ ਉਸੇ ਵੇਲੇ ਮਿਲ ਜਾਂਦੀ ਹੈ, ਜੱਦ ਸੱਤੂ ਖਾਂਦੇ ਲੋਕ ਨਜ਼ਰੀਂ ਪੈਂਦੇ ਹਨ। ਹੋਰ ਪ੍ਰਮਾਣ ਅਗਲੇ ਸਟੇਸ਼ਨ ‘ਤੇ ਦਿੱਸ ਪੈਂਦਾ ਹੈ। ਗੱਡੀ ਰੁਕਦਿਆਂ ਲੋਕ ਪੱਤਲਾਂ ‘ਤੇ ਖਾ ਕੇ ਖ਼ਾਲੀ-ਜੂਠੇ ਪੱਤਲ ਬਾਹਰ ਸੁੱਟਦੇ ਹਨ ਤਾਂ ਭੁੱਖੇ-ਨੰਗੇ ਮੁੰਡੇ-ਕੁੜੀਆਂ ਬੱਚੇ ਟੁੱਟ ਕੇ ਪੱਤਲਾਂ ਵੱਲ ਝਪਟਦੇ ਹਨ। ਜੂਠੇ ਖ਼ਾਲੀ ਇਕ ਪੱਤਲ ਲਈ ਲੜਦੇ-ਝਗੜਦੇ ਹਨ ਤੇ ਹੱਥ ਆਉਣ ‘ਤੇ ਚੱਟਣ ਤੋਂ ਸਿਵਾਏ ਕੁਝ ਮਿਲਦਾ ਨਹੀਂ। ਇੰਨੀ ਗ਼ਰੀਬੀ ਹੈ ਬਿਹਾਰ ਵਿਚ।
ਅਸਾਮ ਵਿਚ ਵੜ੍ਹਦਿਆਂ ਰਾਹਤ ਮਿਲਦੀ ਹੈ। ਸਿਲੀਗੁੜੀ ਸਟੇਸ਼ਨ ‘ਤੇ ਭਰਾ ਲੈਣ ਪਹੁੰਚਿਆ ਮਿਲਦਾ ਹੈ। ਮੇਰੇ ਹੱਥ ਕੁਝ ਕਿਤਾਬਾਂ ਫੜਾਉਂਦਾ ਹੈ। ਘਰ ਵੱਲ ਪਰਤਦਿਆਂ ਕਿਤਾਬਾਂ ਵੇਖਦਾ ਹਾਂ ਤਾਂ ਸਭ ਅੰਗਰੇਜ਼ੀ ਵਿਚ। ਖੁਸ਼ਵੰਤ ਦਿੰਘ ਦਾ ਨਾਵਲ ‘ਟ੍ਰੇਨ ਟੂ ਪਾਕਿਸਤਾਨ’, ਆਰ.ਕੇ.ਨਰਾਇਣ ਦਾ ‘ਗਾਈਡ’ ਤੇ ‘ਕੁਲੀ’ ਜਹੇ ਸਨ। ਬਾਂਸਾ ਦੀਆਂ ਝੌਂਪੜੀਆਂ ਵਿਚ ਰਹਿੰਦੇ ਲੋਕ। ਹਰ ਰੋਜ਼ ਵੱਖ-ਵੱਖ ਇਲਾਕਿਆਂ ਵਿਚ ਲਗਦੇ ਬਾਜ਼ਾਰ। ਮੱਛਰਾਂ ਦੀ ਭਰਮਾਰ ਤੇ ਜੰਗਲ ਕੱਟ ਕੇ ਬਣਾਏ ਮਕਾਨਾਂ ਵਿਚ ਤੁਰਦਿਆਂ ਜੋਕਾਂ ਚੰਬੜਣ ਦਾ ਡਰ, ਸੱਪਾਂ ਦਾ ਭੈਅ। ਖ਼ੈਰ ਉਨ੍ਹਾਂ ਦਾ ਨੇਪਾਲੀ ਅਰਦਲੀ ਚੰਗਾ ਸੀ ਜੋ ਮੈਨੂੰ ਉਥੋਂ ਦੀ ਰਹਿਤਲ, ਲੋਕਾਂ, ਵਿਹਾਰ ਬਾਰੇ ਦੱਸਦਾ ਰਿਹਾ ਸੀ। ਹਿੰਦੀ ਬੋਲਣ ਦਾ ਨਵਾਂ-ਨਵਾਂ ਯਤਨ ਹਿੰਦੀ+ਪੰਜਾਬੀ ਉਚਾਰਣ ਦਾ ਮਿਸ਼ਰਣ ਕਈ ਵਾਰ ਸਭ ਦੇ ਮੂੰਹ ‘ਤੇ ਹਾਸਾ ਲਿਆ ਦਿੰਦਾ ਤੇ ਮੈਨੂੰ ਸ਼ਰਮਸਾਰ ਹੋਣ ਦਾ ਅਹਿਸਾਸ ਹੁੰਦਾ। ਵਿਸ਼ਾਲ ਬ੍ਰਹਮਪੁੱਤਰ ਦਰਿਆ ਪਹਿਲੀ ਵਾਰ ਦੇਖਿਆ, ਚੌੜਾ ਗਹਿਰਾ ਤੇ ਤੇਜ਼ ਵਹਾਅ, ਪਾਣੀ ਵਿਚ ਚਲਦੇ ਛੋਟੇ-ਛੋਟੇ ਬੇੜੇ, ਸਟੀਮਰ ਤੇ ਜਹਾਜ਼। ਦਰਿਆ ਕਿਨਾਰੇ ਖੋਰ-ਖੋਰ ਕਿੰਨੀ ਹੀ ਧਰਤੀ ਆਪਣੇ ਵਿਚ ਜਜ਼ਬ ਕਰ ਗਿਆ ਸੀ। ਹਰ ਬਰਸਾਤ ਦੇ ਮੌਸਮ ਵਿਚ ਤਬਾਹੀ ਮਚਾਉਂਦਾ ਮੀਲਾਂ ਤੱਕ ਫੈਲ ਜਾਂਦਾ। ਉਥੇ ਗੁਰੂ ਨਾਨਕ ਦੇਵ ਨਾਲ ਸੰਬੰਧਤ ਗੁਰੂਦਵਾਰਾ ਵੀ ਹੈ ਜਿੱਥੇ ਬੰਗਾਲ ਜਾਂਦਿਆਂ ਰੁਕੇ ਸਨ। ਉਹੀ ਬੰਗਾਲ ਦੀ ਉਦਾਸੀ, ਜਦੋਂ ਬੰਗਾਲਣ ਜਾਦੂਗਰਨੀਆਂ ਉਨ੍ਹਾਂ ਨੂੰ ਬੱਕਰਾਂ ਬਣਾ ਦਿੰਦੀਆਂ ਹਨ। ਉਹ ਗੁਰੂਦਵਾਰਾ ਵੀ ਬ੍ਰਹਮਪੁੱਤਰ ਦੇ ਕਿਨਾਰੇ ‘ਤੇ ਹੀ ਹੈ ਤੇ ਦਰਿਆ ਤੇਜ਼ੀ ਨਾਲ ਉਸ ਵੱਲ ਵੱਧਦਾ ਆ ਰਿਹਾ ਹੈ, ਜੋ ਆਪਣੇ ਆਪ ਵਿਚ ਸਿੱਖਾਂ ਲਈ ਫ਼ਿਕਰ-ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਉੱਥੇ ਹੀ ਇਕ ਅਸਾਮੀ ਦੇ ਘਰ ਰਾਤ ਦੇ ਖਾਣੇ ‘ਤੇ ਜਾਣ ਦਾ ਮੌਕਾ ਮਿਲਿਆ। ਬੰਗਾਲੀਆਂ ਬਾਰੇ ਤਾਂ ਸੁਣਿਆ ਸੀ ਕਿ ਕੋਮਲ ਕਲਾਵਾਂ ਨਾਲ ਕਿੰਨ੍ਹਾਂ ਮੋਹ ਰੱਖਦੇ ਹਨ, ਕੋਈ ਸੰਗੀਤ, ਕੋਈ ਚਿੱਤਰਕਾਰੀ, ਕੋਈ ਨ੍ਰਿਤ ਤੇ ਦੂਜਾ ਘਰ ਵਿਚਲੇ ਮੱਛੀ-ਪਾਲਣ ਵਾਲੇ ਫਾਰਮ। ਗੱਲ ਕਰਦਿਆਂ ਬੋਲਾਂ ਵਿਚ ਮਿਠਾਸ, ਮਨ ਪ੍ਰਸੰਨ ਹੀ ਹੋ ਜਾਂਦਾ। ਰਾਤ ਦਾ ਫ਼ਿਲਮੀ ਸ਼ੋਅ ਦੇਖਣ ਗਏ ਤਾਂ ਪਤਾ ਲੱਗਾ ਕਿ ਉਹ ਰੁਪਏ ਨੂੰ ‘ਟਕਾ’ ਤੇ ਸਮੋਸੇ ਨੂੰ ‘ਸੰਗਾੜਾ’ ਕਹਿੰਦੇ ਹਨ। ਦਿਨੇ ਕੁਝ ਪੰਜਾਬੀ ਪਰਿਵਾਰ ਵੀ ਮਿਲੇ ਜੋ ਮਕੈਨਿਕ ਵਰਕਸ਼ਾਪ ਚਲਾਉਂਦੇ ਸਨ ਜਾਂ ਤਰਖਾਣਾ ਕੰਮ ਕਰਦੇ ਸਨ। ਨੌਕਰੀ ਪੇਸ਼ਾ ਸ਼ਾਇਦ ਹੀ ਕੋਈ ਹੋਵੇ। ਰਹਿਣੀ ਉਨ੍ਹਾਂ ਦੀ ਵੀ ਅਸਾਮੀਆਂ ਵਾਲੀ ਹੀ ਸੀ ਕਿਉਂਕਿ ਵੱਡੇ-ਵਡੇਰੇ ਉਥੇ ਹੀ ਰਹਿੰਦੇ ਸਨ। ਸ਼ਾਇਦ ਅੰਗਰੇਜ਼ਾਂ ਵੇਲੇ ਬਚ ਬਚਾ ਉਥੇ ਆ ਟਿਕੇ ਸਨ। ਉਨ੍ਹਾਂ ਦੇ ਘਰਾਂ ਵਿਚ ਦਿਨ-ਰਾਤ ਹਲਕਾ-ਹਲਕਾ ਕਲਾਸੀਕਲ ਜਾਂ ਲਾਈਟ ਸੰਗੀਤ ਵੱਜਦਾ ਰਹਿੰਦਾ। ਸਾਡੇ ਪੰਜਾਬ ਵਾਂਗ ਰੌਲਾ ਜਾਂ ਦੋ-ਅਰਥੇ ਘਟੀਆ ਗੀਤ ਨਹੀਂ। ਲੋਕ ਬਾਹਰੋਂ ਵੀ ਵਿਹਾਰ ਵਿਚ ਸ਼ਾਂਤ ਚਿੱਤ ਤੇ ਅੰਦਰੋਂ ਵੀ ਸਹਿਜ ਹੀ।
ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਨਾਲ ਜੰਗ ਛਿੜੀ ਹੋਈ ਸੀ ਤੇ ਭਾਜੀ ਅੱਜ ਦੇ ਬੰਗਲਾ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਸਨ, ਉਦੋਂ ਦੇ ਪਾਕਿਸਤਾਨ ਦੀ ਹੀ ਹੱਦ। ਬੰਗਲਾ ਦੇਸ਼ੀ ‘ਮੁਕਤੀ ਵਾਹਨੀ’ ਦੇ ਰੂਪ ਵਿਚ, ਕੁਝ ਪਾਕਿਸਤਾਨ ਵੱਲ ਤੇ ਕੁਝ ਭਾਰਤ ਨਾਲ ਜੂਝ ਰਹੇ ਸਨ। ਉਦੋਂ ਹੀ ਮੈਨੂੰ ਵੀ ਬਾਰਡਰ ਤੇ ਜਾਣ ਦਾ ਮੌਕਾ ਮਿਲਿਆ ਸੀ। ਦੋ ਹਾਦਸੇ ਕਦੇ ਨਹੀਂ ਭੁੱਲਣੇ। ਪਹਿਲਾ ਬ੍ਰਹਮਪੁੱਤਰ ਦਰਿਆ ਨਾਲ ਸੰਬੰਧਤ ਹੈ। ਬਾਰਡਰ ‘ਤੇ ਜਾਣ ਲਈ ਬ੍ਰਹਮਪੁੱਤਰ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ। ਸਰਕਾਰੀ ਜੀਪ ਵਿਚ ਭਾਜੀ ਦੇ ਨਾਲ ਮੈਂ ਅਤੇ ਦੋ ਹਥਿਆਰਬੰਦ ਸਿਪਾਹੀ ਵੀ ਸਨ ਤੇ ਬਾਰਡਰ ‘ਤੇ ਤਾਇਨਾਤ ਸਿਪਾਹੀਆਂ ਦੀ ਤਨਖ਼ਾਹ ਦੇ ਪੈਸੇ ਵੀ। ਅਸੀਂ ਤੇ ਜੀਪ ਹਾਲੇ ਸਟੀਮਰ ਵਿਚ ਹੀ ਸੀ ਕਿ ਦਰਿਆ ਵਿਚ ਤੂਫ਼ਾਨ ਆ ਗਿਆ। ‘ਡਰ ਵੇਲੇ ਹੀ ਮੂੰਹੋਂ ਰੱਬ ਦਾ ਨਾਂ ਨਿਕਲ ਆਉਂਦੈ’, ਸਿਆਣਿਆਂ ਦਾ ਕਿਹਾ ਸੱਚ ਜਾਪ ਰਿਹਾ ਸੀ, ਜਦੋਂ ਤੂਫ਼ਾਨੀ ਹਵਾ ਨਾਲ ਸਟੀਮਰ ਡੋਲਣ ਲੱਗਾ ਕਿਉਂਕਿ ਦਰਿਆ ਦੀਆਂ ਲਹਿਰਾਂ ਦਾ ਉਛਾਲ ਸਟੀਮਰ ਦੇ ਉੱਤੋਂ ਦੀ ਆਰ-ਪਾਰ ਸੀ। ਪਾਣੀ ਦਾ ਵਹਾਅ ਬਦਲ ਗਿਆ ਤੇ ਸਟੀਮਰ ਰੇਤਾ ਵਿਚ ਫੱਸ ਗਿਆ।
ਜਿੰਨੇ ਵੀ ਸਵਾਰ ਸਨ ਸਭ ਦੇ ਮੂੰਹੋਂ ਆਪਣੇ ਆਪਣੇ ਇਸ਼ਟ ਦਾ ਨਾਂ ਉੱਚੀ-ਉੱਚੀ ਨਿਕਲਣ ਲੱਗਾ। ਮਾਵਾਂ ਨੇ ਛੋਟੇ ਬੱਚਿਆਂ ਨੂੰ ਘੁੱਟ ਸੀਨੇ ਨਾਲ ਲਾ ਲਿਆ। ਭਾਜੀ ਨੇ ਮੈਨੂੰ ਇਕ ਸਿਪਾਹੀ ਦੇ ਹਵਾਲੇ ਕਰ ਆਪ ਦੂਸਰੇ ਸਿਪਾਹੀ ਨਾਲ ਹਥਿਆਰਾਂ ਤੇ ਪੈਸੇ ਦੀ ਸਾਂਭ-ਸੰਭਾਲ, ਦੇਖ-ਰੇਖ ਵੱਲ ਲੱਗ ਗਏ ਸਨ। ਮੂੰਹੋਂ ਸਾਡੇ ਵੀ ‘ਵਾਹਿਗੁਰ ਵਾਹਿਗੁਰ’ ਸਹਿਜੇ ਨਿਕਲਣ ਲੱਗਾ ਸੀ। ਸੱਚ ਤਾਂ ਇਹ ਸੀ ਕਿ ਉਹ ਮੰਜ਼ਰ ਵੇਖ ਕੇ ਮੈਂ ਅੰਦਰੋਂ ਅੰਦਰ ਡਰ, ਸਹਿਮ ਗਿਆ ਸੀ, ਇਹ ਸੋਚ ਕਿ ਮੇਰੇ ਬਾਰੇ ਕੀਤੀ ਭਵਿੱਖਵਾਣੀ ਸੱਚ ਸਾਬਿਤ ਹੋਣ ਜਾ ਰਹੀ ਹੈ। ਭਵਿੱਖਵਾਣੀ ਕਿ ਪਾਣੀ ਵਿਚ ਨਹੀਂ ਜਾਣਾ ਕਿਉਂਕਿ ਜਾਨ ਜਾਣ ਦਾ ਖ਼ਤਰਾ ਹੈ। ਭਵਿੱਖਵਾਣੀ ਦਾ ਅਧਾਰ ਮੇਰੇ ਨਾਲ ਅਤੀਤ ਵਿਚ ਵਾਪਰੀ ਇਕ ਘਟਨਾ ਹੀ ਸੀ। ਛੋਟਾ ਹੁੰਦਾ ਜਦੋਂ ਮੈਂ ਅਜੇ ਦੂਜੀ ਜਮਾਤ ਵਿਚ ਹੀ ਪੜ੍ਹਦਾ ਸੀ, ਛੁੱਟੀਆਂ ਕੱਟਣ ਵੱਡੇ ਭਰਾ ਨਾਲ ਅੰਮ੍ਰਿਤਸਰ ਰਿਸ਼ਤੇਦਾਰਾਂ ਦੇ ਗਿਆ ਸੀ। ਗਰਮੀਆਂ ਦੇ ਦਿਨ ਸਨ ਤਾਂ ਗਰਮੀ ਤੋਂ ਰਾਹਤ ਲਈ ਭਰਾ ਨੇ ਰਿਸ਼ਤੇਦਾਰੀ ਵਿਚੋਂ ਆਪਣੇ ਹਾਣੀ ਲੱਗਦੇ ਭਰਾ ਨਾਲ ‘ਰਾਮਤਲਾਈ’ ਜਾਣ ਦਾ ਫ਼ੈਸਲਾ ਕੀਤਾ। ਰਾਮਤਲਾਈ ਦਾ ਪਿੱਛੋਕੜ, ਇਤਿਹਾਸ ਸ਼੍ਰੀ ਰਾਮ ਨਾਲ ਜੋੜਿਆ ਜਾਂਦਾ ਹੈ। ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਕੁਝ ਪਹਿਲਾਂ ਉਸੇ ਹੱਥ ਜਲੰਧਰੋਂ ਜਾਂਦਿਆਂ ਛੋਟੀਆਂ ਇੱਟਾਂ ਦੀ ਬਣੀ ਪੁਰਾਣੀ ਇਮਾਰਤ ਸੀ। ਉਸ ਦੇ ਅੰਦਰ ਸਰੋਵਰ ਵਰਗਾ ਤਲਾਅ ਸੀ ਜਿਸ ਵਿਚ ਹੁਣ ਗਰਮੀਆਂ ਨੂੰ ਲੋਕ ਨਹਾਉਂਦੇ, ਤਰਦੇ ਸਨ, ਸਵੀਮਿੰਗਪੂਲ ਸਮਝ। ਮੈਂ ਵੀ ਨਾਲ ਜਾਣ ਦੀ ਜਿੱਦ ਕੀਤੀ ਤੇ ਚਲੇ ਗਿਆ। ਇਮਾਰਤ ਦੇ ਅੰਦਰ ਗਏ ਤਾਂ ਤਲਾਈ ਵਿਚ ਨਹਾਉਣ ਵਾਲਿਆਂ ਦੀ ਖ਼ਾਸੀ ਰੌਣਕ ਸੀ। ਤਲਾਈ ਦੇ ਇਕ ਕੰਢੇ ਪੁਰਾਣਾ ਬੋਹੜ ਦਾ ਫੈਲਿਆ ਹੋਇਆ ਰੁੱਖ ਸੀ ਜਿਸ ‘ਤੇ ਚੜ੍ਹ ਕੇ ਕਈ ਪਾਣੀ ਵਿਚ ਛਾਲ ਮਾਰਨ ਦਾ ਅਨੰਦ ਮਾਣ ਰਹੇ ਸਨ, ਇਕ ਖੇਡ ਵਾਂਗ ਹੀ। ਭਰਾਵਾਂ ਨੇ ਤਲਾਈ ਦੇ ਕਿਨਾਰਿਓਂ ਨਾ ਹਿੱਲਣ ਅਤੇ ਕਿਤੇ ਵੀ ਨਾ ਜਾਣ ਦੀ ਸਖ਼ਤ ਹਿਦਾਇਤ ਦੇ ਕੇ ਮੈਨੂੰ ਬਿਠਾ ਦਿੱਤਾ ਤੇ ਆਪ ਕੱਪੜੇ ਉਤਾਰ ਕੇ ਪਾਣੀ ਵਿਚ ਜਾ ਵੜੇ। ਤਲਾਈ ਦੇ ਚਾਰੇ ਪਾਸੇ ਸਰੋਵਰ ਵਾਂਗ ਹੀ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਸਨ।
ਨਜ਼ਾਰਾ ਵੇਖ ਕੇ ਮੇਰਾ ਵੀ ਮਨ ਮਚਲ ਗਿਆ ਤੇ ਹਿਦਾਇਤਾਂ ਭੁੱਲ ਗਿਆ। ਮੇਰਾ ਪੈਰ ਪੌੜੀ ‘ਤੇ ਅੱਗੇ ਵਧਿਆ ਤੇ ਫਿਸਲ ਗਿਆ। ਬਸ, ਫਿਰ ਕੀ ਸੀ, ਮੈਂ ਪਾਣੀ ਦੇ ਵਿਚ ਡੁੱਬਕੀਆਂ ਲੈ ਰਿਹਾ ਸੀ,ਅਵਾਜ਼ ਵੀ ਨਹੀਂ ਨਿਕਲ ਰਹੀ ਸੀ, ਕਿਸੇ ਨੇ ਪਾਣੀ ਵਿਚੋਂ ਉੱਠਦੇ ਬੁਲਬੁਲੇ ਵੇਖੇ ਤਾਂ ਰੌਲਾ ਪਾ ਦਿੱਤਾ। ਮੈਨੂੰ ਕਿਨਾਰੇ ‘ਤੇ ਬੈਠਾ ਨਾ ਵੇਖ ਭਰਾਵਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹੋਸ਼ ਆਈ ਤਾਂ ਖ਼ੁਦ ਨੂੰ ਕਿਨਾਰੇ ‘ਤੇ ਪਿਆ ਵੇਖਿਆ ਤੇ ਆਲੇ-ਦੁਆਲੇ ਭੀੜ। ਭਰਾ ਦੱਬਕੇ ਮਾਰ ਰਿਹਾ ਸੀ ਚਾਹੇ ਚਿਹਰੇ ‘ਤੇ ਡਰ-ਸਹਿਮ ਦੀ ਪਰਤ ਝਲਕ ਰਹੀ ਸੀ। ਬੱਚ ਤਾਂ ਗਿਆ ਪਰ ਮਨ ਸਹਿਮਿਆ ਪਿਆ ਸੀ, ਉੱਤੋਂ ਭਰਾਵਾਂ ਨੂੰ ਆਪਣਾ ਡਰ ਮਾਰ ਰਿਹਾ ਸੀ ਕਿ ਘਰੋਂ ਝਿੜਕਾਂ ਪੈਣਗੀਆਂ। ਝਿੜਕਾਂ ਤੋਂ ਬਚਣ ਲਈ ਦੋਵਾਂ ਨੇ ਕਈ ਲਾਲਚ ਦਿੱਤੇ ਕਿ ਘਰ ਜਾ ਕੇ ਕਿਸੇ ਨੂੰ ਨਾ ਦੱਸਾਂ। ਤੇ ਅਤੀਤ ਦਾ ਉਹ ਦ੍ਰਿਸ਼, ਅੱਜ ਦੇ ਮੰਜ਼ਰ ਨੂੰ ਵੇਖ ਕੇ ਜਿਵੇਂ ਪੁਨਰ-ਸੁਰਜੀਤ ਹੋ ਗਿਆ ਸੀ।
ਤੂਫ਼ਾਨ ਰੁਕਿਆ ਤਾਂ ਸਾਹਮਣੇ ਦੂਰ ਕਿਨਾਰੇ ਤੋਂ ਸਾਡੇ ਵੱਲ ਲਾਈਟਾਂ ਹਿਲਾ-ਹਿਲਾ ਕੇ ਇਸ਼ਾਰੇ ਹੋ ਰਹੇ ਸਨ। ਸਟੀਮਰ ਦਾ ਇੰਜਣ ਪਾਣੀ ਪੈਣ ਕਰਕੇ ਬੰਦ ਹੋ ਚੱਕਾ ਸੀ। ਦੂਰ ਕਿਨਾਰੇ ਤੋਂ ਸਾਡੇ ਵੱਲ ਕੁਝ ਬੇੜੀਆਂ ਆਈਆਂ। ਉਨ੍ਹਾਂ ਰੌਸ਼ਨੀ ਪਾ ਕੇ ਵੇਖਿਆ ਤਾਂ ਸਟੀਮਰ ਦਾ ਲੰਗਰ ਰੇਤਾ ਵਿਚ ਫੱਸ ਗਿਆ ਹੋਇਆ ਸੀ। ਜੀਪ ਉਸੇ ਸਟੀਮਰ ਵਿਚ ਛੱਡ ਭਾਜੀ ਸਾਨੂੰ, ਹਥਿਆਰ ਤੇ ਪੈਸੇ ਲੈ ਕੇ ਕਿਸ਼ਤੀ ਵਿਚ ਸਵਾਰ ਹੋ ਕਿਨਾਰੇ ਵੱਲ ਚੱਲ ਪਏ। ਰਾਤ ਕਿਸ਼ਤੀ ਵਿਚ ਹੀ ਕੱਟੀ ਤੇ ਸਵੇਰੇ ਸਾਨੂੰ ਗੈਸਟ ਹਾਊਸ ਵਿਚ ਠਹਿਰਾ ਕੇ ਆਪ ਬੰਦੇ ਲੈ ਕੇ ਸਟੀਮਰ ਕੱਢਣ ਚਲੇ ਗਏ ਤੇ ਸਟੀਮਰ ਕੱਢ ਕੇ ਹੀ ਪਰਤੇ। ਤਦ ਤੱਕ ਸਥਾਨਿਕ ਵਾਸੀਆਂ ਬਹੁਤ ਸੇਵਾ ਕੀਤੀ ਤੇ ਰਾਤ ਦੀਆਂ ਗੱਲਾਂ ਕਰਨ ਲੱਗੇ ਕਿ ਉਹ ਤਾਂ ਸਾਨੂੰ ਖ਼ਤਮ ਹੀ ਹੋ ਗਏ ਕਿਆਸਦੇ ਰਹੇ ਸਨ। ( ਬਾਕੀ ਅਗਲੇ ਹਫ਼ਤੇ) 
-ਅਵਤਾਰ ਜੌੜਾ, ਜਲੰਧਰ 

ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

 

punjabi writer avtar jauda

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: