ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-6

punjabi writer avtar jaudaਅਵਤਾਰ ਜੌੜਾ

ਇਹ ਤਿੰਨ ਸਾਲ ਮੇਰੇ ਜੀਵਨ ਵਿਚ ਬਹੁਤ ਅਹਿਮ ਹਨ ਕਿਉਂਕਿ ਇਹਨਾਂ ਨੂੰ ਭਵਿੱਖ ਦੀ ਨੀਂਹ ਦੇ ਰੂਪ ਵਿਚ ਵੇਖਦਾ ਹਾਂ। ਨੌਵੀਂ ਜਮਾਤ ਵਿਚ ਜਾਂਦਿਆਂ ਹੀ ਨਵੀਂ ਮਿੱਤਰ-ਮੰਡਲੀ ਵਿਚ ਮਹਿੰਦਰ ਭੱਟੀ ਨਾਲ ਮੇਲ ਜੋ ਬਾਅਦ ਵਿਚ ‘ਅਕਾਸ਼ਾਵਾਣੀ’ ‘ਚ ਪੈਕਸ (ਪ੍ਰੋਗਰਾਮ ਐਗਜ਼ੀਕਿਉਟਿਵ) ਉੱਤੇ ਹੁੰਦਿਆਂ ਅਚਾਨਕ ‘ਹਾਰਟ-ਫੇਲ੍ਹ’ ਹੋਣ ਨਾਲ ਸਦੀਵੀ ਵਿਛੋੜਾ ਦੇ ਗਿਆ। ਉਨ੍ਹੀਂ ਦਿਨੀਂ ਬਠਿੰਡਾ ਰੇਡੀਉ ਸਟੇਸ਼ਨ ‘ਤੇ ਨਿਯੁਕਤ ਸੀ। ਸਕੂਲ ਵਿਚ ਪਾਕਿਸਤਾਨੀ ਪੰਜਾਬੀ ਗੀਤ ‘ਯਾਰਾਂ ਨਾਲ ਬਹਾਰਾਂ ਓ ਸੱਜਣਾ’ ਗਾਉਣ ਕਰਕੇ ਆਪਣੀ ਪਹਿਚਾਣ ਮਿੱਤਰਾਂ ਵਿਚ ਇਸੇ ਗੀਤ ਨਾਲ ਬਣਾ ਚੁੱਕਾ ਸੀ। ਪਰ ਮਿੱਤਰਾਂ ਦੀ ਟਾਂਚ ਤੋਂ ਬੇਖ਼ਬਰ, ਆਪਣੇ ਵਿਚ ਹੀ ਮਸਤ ਸੀ। ਉਹ ਬਹੁਤ ਰੌਚਿਕ ਕਿਰਦਾਰ ਦਾ ਮਾਲਿਕ ਸੀ ਜੋ ਸਵੈ-ਸਿਰਜਿਆ ਸੀ, ਪੜ੍ਹਨ ਤੋਂ ਆਖ਼ਰੀ ਸਾਹ ਲੈਣ ਤੱਕ। ‘ਅਕਾਸ਼ਵਾਣੀ’ ‘ਤੇ ਪੈਕਸ ਦੀ ਨਿਯੁਕਤੀ ਉਸ ਦੇ ਲੇਖਕ ਹੋਣ ਕਰਕੇ ਹੀ ਹੋਈ ਸੀ। ਉਹ ਬਹੁ-ਵਿਧਾਵੀ ਲੇਖਕ ਸੀ ਤੇ ਗ਼ਜ਼ਲ, ਕਵਿਤਾ, ਗੀਤ, ਵਾਰਤਕ ਨਾਵਲ ਲਿਖਦਾ ਸੀ। ਉਸ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਇਕ ਮੁੱਠੀ ਅੰਗਿਆਰ ਸੀ’, ਜਿਸਦੀ ਭੂਮਿਕਾ ਐੱਸ. ਐੱਸ. ਮੀਸ਼ਾ ਨੇ ਲਿਖੀ ਸੀ ਤੇ ਆਖ਼ਰੀ ਚੌਥੀ ਨਾਵਲ ‘ਡੁੱਬਦੇ ਜਹਾਜ਼ਾਂ ਦੀ ਦਾਸਤਾਨ’। ਵਾਰਤਕ ਲਿਖਣ ਦੀ ਪ੍ਰੇਰਣਾ ‘ਅਜੀਤ’ ਵਿਚ ਬਰਜਿੰਦਰ ਭਾ ਜੀ ਤੋਂ ਮਿਲੀ ਤੇ ਛਪਿਆ ਵੀ ਬਹੁਤਾ ਅਜੀਤ ਵਿਚ ਹੀ। ਬਾਅਦ ਵਿਚ ਕੰਪੋਜੀਟਰ ਦੇ ਤੌਰ ‘ਤੇ ਉਸ ਨੌਕਰੀ ‘ਕੌਮੀ ਦਰਦ’ ਵਿਚ ਵੀ ਕੀਤੀ ਸੀ। ਨੌਵੀਂ ਪੜ੍ਹਦਿਆਂ ਅਸੀਂ ਦੋਵਾਂ ਪਹਿਲੀ ਸਾਹਿਤਕ ਪੁਸਤਕ ਇਕੱਠਿਆਂ ਹੀ ਪੜ੍ਹੀ ਤੇ ਉਹ ਸੀ ਦਵਿੰਦਰ ਸਤਿਆਰਥੀ ਬਾਰੇ ਲਿਖੀ ਨਿਰਮਲ ਅਰਪਣ ਦੀ ਕਿਤਾਬ। ਉਦੋਂ ਅਰਪਣ ਦੀ ਸ਼ਬਦਾਵਲੀ, ਲਿਖਣ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਏ ਸਾਂ। ਖ਼ੈਰ ਉਹਨੀਂ ਦਿਨੀਂ ਹੀ ਅਜੀਤ ਵਿਚ ਚਲਾਈ ਜਾਂਦੀ ਗ਼ਜ਼ਲ-ਫੁੱਲਵਾੜੀ ਵਿਚ ਗ਼ਜ਼ਲ ਲਿਖਣੀ ਸਿੱਖਣ ਲੱਗੇ ਸੀ। ਸਾਡੀ ਸਾਂਝ ਵਧਣ ਦਾ ਦੂਜਾ ਕਾਰਨ ਦੋਹਾਂ ਦਾ ਐੱਨ.ਸੀ.ਸੀ. ਰੱਖਣਾ ਸੀ। ਉਦੋਂ ਲੰਡਨ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਥਿਆਰ ਵਾਪਿਸ ਭਾਰਤ ਆਏ ਸਨ ਤੇ ਸਵਾਗਤ ਵਿਚ ਜਲੰਧਰ ਨਿਕਲੇ ਆਮਦ-ਜਲੂਸ ਵਿਚ ਅਸੀਂ ਏਸਕਾਰਟ ਕਰਨ ਦੀ ਡਿਊਟੀ ਲਈ ਵਰਦੀ ਵਿਚ ਨਾਲ-ਨਾਲ ਸੀ। ਫਿਰ ਕੈੰਪਾਂ ਵਿਚ ਵੀ ਸਾਥ ਗੂੜ੍ਹਾ ਹੁੰਦਾ ਗਿਆ। 
ਐੱਨ. ਸੀ. ਸੀ. ਕੈਂਪ ਦੀਆਂ ਦੋ-ਤਿੰਨ ਗੱਲਾਂ ਕਦੇ ਨਹੀਂ ਭੁੱਲਣੀਆਂ। ਪਹਿਲੀ ਹੈ ਕੈਂਪ ਵਿਚ ਮਿਲੀ ਸਖ਼ਤ ਸਜ਼ਾ। ਹੋਇਆ ਇੰਝ ਕਿ ਇਕ ਦਿਨ ਰੋਡ-ਮਾਰਚ ‘ਤੇ ਜਾਣਾ ਹੁੰਦਾ ਹੈ ਤੇ ਉਸ ਦਿਨ ਰੋਡ ਮਾਰਚ ਕਰਦਿਆਂ ਦਸੂਹਾ-ਕੈੰਪ ਤੋਂ ਗੜ੍ਹਦੀਵਾਲਾ ਖ਼ਾਲਸਾ ਸਕੂਲ ਤੱਕ ਤੁਰ ਕੇ ਜਾਣਾ ਸੀ। ਜ਼ੋਰਾਂ ਦੀ ਗਰਮੀ ਵਿਚ ਪੂਰੀ ਵਰਦੀ ਪਾ, ਪਿੱਠੂ ਚੁੱਕ ਤੁਰਨਾ ਥਕਾਨ-ਪਿਆਸ ਉੱਤੋਂ ਸਿਖਰ ਦੁਪਹਿਰ, ਤੇਜ਼ ਧੁੱਪ-ਕਿਰਨਾਂ। ਗੜ੍ਹਦੀਵਾਲ ਤੋਂ ਪਹਿਲਾਂ ਚੋਅ ਤੋਂ ਉਰੇ ਹੀ ਸੀ ਕਿ ਕਿਸੇ ਮੁੰਡੇ ਨੇ ਕੋਲੋਂ ਸਾਇਕਲ ‘ਤੇ ਲੰਘਦੀ ਕੁੜੀ ਨੂੰ ਕੁਝ ਬੋਲ ਦਿੱਤਾ। ਕੁੜੀ ਸਾਇਕਲ ਰੋਕ ਬਿਲਣ ਲੱਗੀ ਤਾਂ ਇੰਸਟੱਕਟਰ ਨੇ ਸਭ ਨੁੰ ਰੋਕ ਲਿਆ। ਕੁੜੀ ਨੂੰ ਪੁੱਛਿਆ ਤਾਂ ਉਸ ਛੇੜਣ ਦੀ ਗੱਲ ਕਹੀ ਤਾਂ ਇੰਸਟੱਕਟਰ ਤਾਂ ਅੱਗ-ਬਬੂਲਾ ਹੋ ਗਿਆ। ਗੁੱਸੇ ਵਿਚ ਆਏ ਨੇ ਸਜ਼ਾ ਲਗਾ ਦਿੱਤੀ ਕੇ ਸਾਰੇ ਖ਼ਾਲਸਾ ਸਕੂਲ ਤੱਕ ਕਰੋਲਿੰਗ ਕਰਦੇ ਜਾਣਗੇ। ਗਰਮ ਸੜਕ, ਤੱਪਦੀ ਚੋਅ ਦੀ ਰੇਤਾ, ਖੇਤਾਂ ਵਿਚ ਵੱਢੀ ਕਣਕ ਦੀ ਬਚੀ ਰਹਿੰਦ, ਬਸ ਫਿਰ ਕੀ ਸੀ ਕਰੋਲਿੰਗ ਕਰਦਿਆਂ ਸਭ ਦੀਆਂ ਅੱਖਾਂ ਵਿਚ ਪਾਣੀ, ਗਿੱਟੇ-ਗੋਡੇ ਛਿੱਲੇ ਗਏ, ਦਰਦ-ਤ੍ਰਾਟਾਂ ਦੀ ਅਸਹਿ ਪੀੜ। ਸਕੂਲ ਪਹੁੰਚਦਿਆਂ ਛੱਤ ‘ਤੇ ਚੜ੍ਹ ਸਭ ਢੇਰੀ  ਹੋ ਗਏ। ਉੱਥੇ ਪਹੁੰਚ ਪਤਾ ਲੱਗਾ ਕਿ ਕੁੜੀ ਨੂੰ ਸਾਂਈਦਾਸ ਸਕੂਲ ਦੇ ਮੁੰਡੇ ਨੇ ਛੇੜਿਆ ਸੀ ਤਾਂ ਰੋਸ ਵਜੋਂ ਸਾਡੇ ਸਕੂਲ ਦੇ ਮੁੰਡਿਆਂ ਰਾਤ ਨੂੰ ਕੁਝ ਵੀ ਖਾਣ-ਪੀਣ ਤੋਂ ਨਾਂਹ ਕਰ ਹੜਤਾਲ ਕਰ ਦਿੱਤੀ। ਫ਼ੈਸਲਾ ਇਹ ਕਿ ਜੱਦ ਤੱਕ ਸਾਡੇ ਇੰਚਾਰਜ ਨਹੀੰ ਆਉਂਦੇ ਹੜਤਾਲ ਤੱਦ ਤੱਕ ਜਾਰੀ ਰਹੇਗੀ। ਸਵੇਰੇ ਇੰਚਾਰਜ ਮਾਸਟਰ ਸੁਗ੍ਰੀਵ ਸਿੰਘ ਦੇ ਆਉਣ ‘ਤੇ ਸਾਰੀ ਗੱਲ ਦੱਸੀ ਤਾਂ ਸਾਂਈਦਾਸ ਦੇ ਇੰਚਾਰਜ ਦੇ ਗਲ ਪੈ ਨਿਕਲੇ। ਗੱਲ ਵੱਧ ਗਈ ਤਾਂ ਉਹ ਰੋਸ ਵਜੋਂ ਕੈੰਪ ਛੱਡ ਗਏ। ਅਸੀਂ ਵੀ ਮਨ ਵਿਚ ਧਾਰ ਲਿਆ ਕਿ ਜਲੰਧਰ ਪਹੁੰਚਦਿਆਂ ਹੀ ਸਬਕ ਸਿਖਾ ਬਦਲਾ ਲਵਾਂਗੇ।  ਸੋ ਹੋਇਆ ਵੀ ਏਹੋ, ਜਲੰਧਰ ਸਟੇਸ਼ਨ ‘ਤੇ ਗੱਡੀ ਰੁੱਕਦਿਆਂ ਹੀ ਸਾਂਈਦਾਸ ਸਕੂਲ ਦੇ ਮੁੰਡਿਆਂ ‘ਤੇ ਬੈਂਤਾਂ ਨਾਲ ਟੁੱਟ ਪਏ। ਚੀਕਾਂ ਮਾਰ ਏਧਰ-ਓਧਰ ਭੱਜਣ ਲੱਗੇ। ਲੋਕਾਂ ਵਿਚ ਪੈ ਕੇ ਬਚ-ਬਚਾਅ ਕਰਵਾਇਆ। ਮਾਸਟਰ ਸੁਗ੍ਰੀਵ ਸਿੰਘ ਵਿਦਿਆਰਥੀਆਂ ਦੇ ਹਰਮਨ-ਪਿਆਰੇ ਅਧਿਆਪਕ ਸਨ। ਬਹੁਤ ਸੁਰੀਲੀ ਅਵਾਜ਼ ਦੇ ਧਨੀ। ਅੰਮ੍ਰਿਤਾ ਪ੍ਰੀਤਮ ਦਾ ਗੀਤ ‘ਹੱਸ ਇਕ ਵਾਰੀ ਫੇਰ, ਨੀ ਕੁੜੀਏ’ ਬਹੁਤ ਟਿਕਾ ਕੇ ਗਾਉਂਦੇ, ਭਰਪੂਰ ਪ੍ਰਸ਼ੰਸ਼ਾ ਖੱਟਦੇ ਸਨ। ਬਾਅਦ ਵਿਚ ਪੰਜਾਬ ਦੇ ਮੁੱਖ-ਮੰਤਰੀ ਦੇ ਰਾਜਨੀਤਕ ਸਲਾਹਕਾਰ ਵੀ ਬਣੇ। ਦਸੂਹੇ ਕੈਂਪ ਅੰਬਾਂ ਦੇ ਬਾਗ ਵਿਚ ਹੁੰਦਾ ਸੀ ਜੋ ਅੱਜ ਵੀ ਹੈ। ਹਾਂ ਜਿਸ ਟੋਏ ਵਿਚੋਂ ਲੰਘ ਕੇ ‘ਪਲੰਗ ਤੋੜ’ ਮਿਠਾਈ ਬਜ਼ਾਰੋਂ ਲੈਣ ਜਾਂਦੇ ਸਾਂ, ਉੱਥੇ ਕੁਸ਼ਟ-ਆਸ਼ਰਮ ਬਣ ਚੁੱਕਾ ਹੈ। ਜਿੱਥੇ ਉਸ ਵਕਤ ਜੰਗਲ-ਪਾਣੀ ਜਾਣ ਲਈ ਆਰਜ਼ੀ ਲੈਟਰੀਨਾਂ ਬਣਦੀਆਂ ਸਨ, ਉੱਥੇ ਜੇ.ਸੀ.ਡੀ.ਏ.ਵੀ. ਕਾਲਜ,ਦਸੂਹਾ ਬਣਿਆ ਜਿਸ ਵਿਚ ਮੈਂ ਪੈਂਤੀ ਸਾਲ ਪੜ੍ਹਾਇਆ। ਹੁਣ ਉਹ ਭਰਪੂਰ ਵੱਸੋਂ ਵਾਲਾ ਅਬਾਦ ਇਲਾਕਾ ਹੈ, ਪਰ ਉਦੋਂ ਸ਼ਾਮ ਬਾਅਦ ਉਧਰੋਂ ਕੋਈ ਡਰਦਾ ਲੰਘਦਾ ਨਹੀਂ ਸੀ ਹੁੰਦਾ।
ਇਥੇ ਹੀ ਮੇਰੀ ਦਿਸ਼ਾ ਉਸ ਤੋਂ ਵੱਖਰੀ ਹੋਣੀ ਸ਼ੁਰੂ ਹੋ ਗਈ। ਇਕ ਸੀ ‘ਹਾਕੀ’ ਖੇਡਣ ਦਾ ਸ਼ੌਕ। ਮੇਰਾ ਜੂਨੀਅਰ ਪੰਜਾਬ ਹਾਕੀ ਟੀਮ ਦੇ ਕੈੰਪ ਵਿਚ ਗੋਲਕੀਪਰ ਵਜੋਂ ਚੁਣਿਆਂ ਜਾਣਾ। ਕੈਂਪ ਸਾਈਂ ਦਾਸ ਸਕੂਲ ਜਲੰਧਰ ਦੀ ਗਰਾਉਂਡ ਵਿਚ ਲੱਗਾ। ਭਰਤੀ ਹਾਕੀ ਟੀਮ ਦੇ ਕੋਚ ਗੁਰਚਰਨ ਸਿੰਘ ਬੋਧੀ ਸਾਡੇ ਵੀ ਕੋਚ ਬਣੇ ਸਨ। ਹਾਕੀ ਖੇਡਣ ਦੀ ਗੁਰ-ਨੀਤੀ ਉਨ੍ਹਾਂ ਹੀ ਸਿਖਾਈ। ਮੈਂ ਵੀ ਬਹੁਤ ਸਖ਼ਤ ਮਿਹਨਤ,ਪ੍ਰੈਕਟਿਸ ਕੀਤੀ ਤੇ ਕੈਂਪ ਤੋਂ ਬਾਅਦ ਟੀਮ ਲਈ ਚੁਣਿਆਂ ਗਿਆ। ਅਗਲਾ ਕੈਂਪ ਪੀ.ਏ.ਪੀ.ਗਰਾਉਂਡ ਵਿਚ ਲੱਗਣਾ ਤਹਿ ਹੋ ਗਿਆ। ਮੈਂ ਘਰ ਜਾ ਸਾਇਕਲ ਦੀ ਮੰਗ ਰੱਖ ਦਿੱਤੀ ਕਿਉਂਕਿ ਗਰਾਉਂਡ ਘਰ ਤੋਂ 4-5 ਮੀਲ ਪੈਂਦੀ ਸੀ ਤੇ ਜਾਣਾ ਵੀ ਸਕੂਲੋਂ ਹੋ ਕੇ ਸ਼ਾਮ ਨੂੰ ਸੀ।  ਸ਼ਾਮ ਨੂੰ ਵੱਡਾ ਭਰਾ ਘਰ ਆਇਆ ਤਾਂ ਕਲੇਸ਼ ਸ਼ੁਰੂ ਕਿ ਪੜ੍ਹਾਈ ਵੱਲ ਧਿਆਨ ਦੇ,ਖੇਡਣ ਵੱਲ ਨਹੀਂ। ਮੈਂ ਵੀ ਅੜ ਗਿਆ ਤਾਂ ਨਤੀਜਾ ਘਸੁੰਨ-ਮੁੱਕਿਆਂ ਦੀ ਸੁਗਾਤ। ਰਾਤ ਭੁੱਖਾ-ਭਾਣਾ ਸੌਂ ਗਿਆ। ਕੋਈ ਅੱਧੀ ਰਾਤ ਨੂੰ ਵਿਹੜੇ ਵਿਚ ਬਣੇ ਵਾਸ਼ਰੂਮ ਵਿਚ ਜਾਣ ਲਈ ਉੱਠਿਆ ਤਾਂ ਸੁੱਤ-ਉਨੀਂਦਾ ਜਿਹਾ। ਇਸ ਤਰ੍ਹਾਂ ਲੱਗਾ ਕਿ ਦਰਵਾਜ਼ੇ ਵਿਚ ਕੋਈ ਖੜ੍ਹਾ ਹੈ। ਬਸ ਫਿਰ ਕੀ ਸੀ, ਡਰ ਨਾਲ ਮੇਰੀਆਂ ‘ਚੋਰ, ਚੋਰ’ ਬੋਲਣ ਦੀਆਂ ਚੀਕਾਂ ਨਿਕਲ ਗਈਆਂ। ਘਰ ਦੇ ਸਾਰੇ ਜਾਗ ਪਏ ਤੇ ਮੇਰੇ ਵੱਲ ਦੌੜੇ। ‘ਕਿੱਥੇ, ਕਿੱਥੇ’, ਕਹਿ ਹਲੂਣਨ ਲੱਗੇ, ਪਰ ਉੱਥੇ ਕੁਝ ਵੀ ਨਹੀਂ ਸੀ। ਸਭ ਕਹਿਣ ਲੱਗੇ ਕਿ ਝੌਉਲਾ ਪਿਆ ਹੋਣਾ ਹੈ, ਮਾਰ-ਡਰ ਦੇ ਅਸਰ ਕਰਕੇ ਤੇ ਗੱਲ ਆਈ ਚਲਾਈ ਹੋ ਗਈ।&nbsp. . .

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com