ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-5

punjabi writer avtar jaura
ਅਵਤਾਰ ਜੌੜਾ
ਬਸਤੀ ਤੋਂ ਸ਼ਹਿਰ ਵਿਚ ਆਮਦ, ਆਪਣੀ ਹੀ ਤਰ੍ਹਾਂ ਦਾ ਅਨੰਦ ਸੀ। ਖੁੱਲ੍ਹੇ ਆਲੇ-ਦੁਆਲੇ, ਵਾਤਾਵਰਣ ਤੋਂ ਤੰਗ-ਗਲੀਆਂ, ਭੀੜ-ਭੜੱਕੇ ਤੱਕ ਦਾ ਸਫ਼ਰ, ਖ਼ੁਸ਼ੀ ਵੀ ਸੀ ਤੇ ਹੈਰਾਨੀ ਵੀ। ਜਲੰਧਰ ਦੇ ਲਾਲ ਬਜ਼ਾਰ ਵਿਚਲੀ ਇਕ ਗਲੀ ਵਿਚਲੇ ਕਿਰਾਏ ਦੇ ਘਰ ਵਿਚ ਉਤਾਰਾ ਹੋਇਆ। ਗਲੀ ਵਿਚ ਵੜ੍ਹਦਿਆਂ ਖੱਬੇ ਹੱਥ ਪਹਿਲੇ ਹੀ ਘਰ ਦੀ ਪਹਿਲੀ ਮੰਜ਼ਿਲ ‘ਤੇ। ਗਲੀ ਦੇ ਸ਼ੁਰੂ ਵਿਚ ਹੀ ਲੋਹੇ ਦਾ ਦਰਵਾਜ਼ਾ ਤੇ ਅਖ਼ੀਰ ‘ਤੇ ਗਲੀ ਬੰਦ। ਅੰਗਰੇਜ਼ੀ ਰਾਜ ਵਾਲੀਆਂ ਗਲੀਆਂ ਵਿਚ ਸਟਰੀਟ ਲਾਈਟਸ ਲੱਗੀਆਂ ਸਨ, ਜਿਸ ਦੀ ਰੌਸ਼ਨੀ ਵਿਚ ਗਲੀ ਵਿਚ ਬੈਠ ਰਾਤ ਨੂੰ ਪੜ੍ਹਦੇ, ਖੇਡਦੇ। ਦਿਨ ਭਰ ਗਲੀ ਵਿਚ ਛਾਬੇ ਵਾਲੇ ਖਾਣ ਵਾਲੀਆਂ ਵਸਤਾਂ ਵੇਚਣ ਲਈ ਗੇੜੇ ਮਾਰਦੇ ਰਹਿੰਦੇ। ਸ਼ਾਮ ਨੂੰ ਲੁੱਕਣ-ਮਿਟੀ, ਚੋਰ-ਸਿਪਾਹੀ, ਪਿੱਠੂ ਗਰਮ ਜਹੀਆਂ ਖੇਡਾਂ ਖੇਡਦੇ। ਨਵੇਂ ਦੋਸਤ-ਸਾਥੀ, ਮਾਹੌਲ ਦਾ ਆਪਣਾ ਨਜ਼ਾਰਾ ਸੀ।
ਝੰਜਟ ਸ਼ੁਰੂ ਹੁੰਦਾ ਹੈ ਸਕੂਲ ਵਿਚ ਦਾਖ਼ਲੇ ਤੋਂ। ਉਦੋਂ ਮੇਰੀ ਉਮਰ ਚਾਰ ਸਾਲ ਦੇ ਕਰੀਬ ਸੀ ਤੇ ਸਰਕਾਰੀ ਸਕੂਲ ਵਿਚ ਦਾਖ਼ਲੇ ਦੀ ਉਮਰ ਸੀਮਾ ਘੱਟੋ ਘੱਟ ਪੰਜ ਸਾਲ ਚਾਹੀਦੀ ਸੀ। ਕੁਝ ਮਹੀਨੇ ਮੈਨੂੰ ਗੁਰੂਦਵਾਰੇ ਵਿਚਲੇ ਸਕੂਲ ਵਿਚ ਜਾਣਾ ਪਿਆ। ਪੜ੍ਹਨਾ ਤਾਂ ਕੀ ਸੀ, ਧਾਰਮਿਕ ਮਹੌਲ ਨੇ ਮਾਨਸਿਕ ਬਿਰਤੀ ਧਾਰਮਿਕ ਰੰਗ ਵਿਚ ਰੰਗ ਦਿੱਤੀ। ਸਵੇਰ ਸ਼ਾਮ ਗੁਰਦਵਾਰੇ ਹਾਜ਼ਰੀ ਭਰਨ ਲੱਗਾ। ਪਾਠ ਸੁਣਨ ਦਾ ਚਸਕਾ, ਕੀਰਤਨ ਕਰਦੇ ਭਾਈ ਨਾਲ ਢੋਲਕੀ ਵਜਾਉਣ ਦਾ ਸਵਾਦ, ਜੋੜਿਆਂ, ਲੰਗਰ ਦੀ ਸੇਵਾ ਦਾ ਅਨੰਦ, ਪ੍ਰਭਾਤ-ਫੇਰੀਆਂ ਵਿਚ ਜਾ ਘਰ-ਘਰ ਵਿਚੋਂ ਚਾਹ-ਲੰਗਰ ਖਾਣ ਦਾ ਚਸਕਾ ਜ਼ਿਆਦਾ ਸੀ ਤੇ ਧਾਰਮਿਕ ਸ਼ਰਧਾ ਘੱਟ। ਇਹ ਮੁੱਢਲਾ ਪ੍ਰਭਾਵ 15-16 ਸਾਲ ਦੀ ਉਮਰ ਤੱਕ ਤਾਰੀ ਰਿਹਾ, ਟੁੱਟਿਆ ਵੀ ਤਾਂ ਗੁਰਦਵਾਰੇ ਵਿਚ ਵਾਪਰੀ ਮੰਦਭਾਗੀ ਘਟਨਾ ਨਾਲ। ਜਦੋਂ ਕੁਝ ਕੁੜੀਆਂ ਨੇ ਮੇਰੇ ‘ਤੇ ਪਿੱਛਾ ਕਰਨ ਦਾ ਦੋਸ਼ ਮੜ੍ਹ ਦਿੱਤਾ। ਸਕੂਲ ਵਿਚ ਵਾਪਰੀਆਂ ਕੁਝ ਘਟਨਾਵਾਂ ਨੇ ਧਿਆਨ ਪੜ੍ਹਨ ਵੱਲ ਵਧੇਰੇ ਕੇਂਦ੍ਰਿਤ ਕਰ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ, ਰੈਣਕ ਬਜ਼ਾਰ ਵਾਲੇ ਸਕੂਲ ਵਿਚ ਹੋ ਗਿਆ ਸੀ। ਇਥੋਂ ਦੀਆਂ ਤਿੰਨ-ਚਾਰ ਗੱਲਾਂ ਅੱਜ ਤੱਕ ਵਿਸਾਰ ਨਹੀਂ ਸਕਿਆ।
ਪਹਿਲੀ ਸੀ ਕਲਾਸ ਰੂਮ ਦੀ ਇਕ ਪਾਸੇ ਦੀ ਥਾਣੇ ਨਾਲ ਜੁੜਦੀ ਕੰਧ ਤੇ ਵਿੱਚ ਖੁੱਲ੍ਹਦੀਆਂ ਤਿੰਨ ਬਾਰੀਆਂ, ਜਿਨ੍ਹਾਂ ਵਿੱਚੋਂ ਮੁਜਰਮਾਂ ਨੂੰ ਪੁਲਿਸ ਵੱਲੋਂ ਦਿੱਤੇ ਜਾਂਦੇ ਥਰਡ ਡਿਗਰੀ ਟਾਰਚਰ ਦੇ ਨਜ਼ਾਰੇ ਸਾਡਾ ਧਿਆਨ ਖਿੱਚੀ ਰੱਖਦੇ। ਕਦੇ ਨੰਗੇ ਲੰਮੇ ਪਾ ਕੇ ਪਟਾ ਫੇਰਦੇ, ਕਦੇ ਮੰਜੀ ਦੀਆਂ ਬਾਹੀਆਂ ਨਾਲ ਲੱਤਾਂ ਖਿਲਾਰ, ਹੱਥ ਉਤਾਂਹ ਕਰ ਬੰਨ੍ਹ ਕੇ ਖੜ੍ਹਾ ਰੱਖਦੇ, ਕਦੇ ਘੋਟਨਾ ਚਾੜ੍ਹਦੇ, ਕਦੇ ਰੁੱਖ ਦੇ ਤਣੇ ਮੁੱਢ ਮਿੱਠਾ ਖਿਲਾਰ ਕੀੜਿਆਂ ਦੇ ਭੌਣ ‘ਤੇ ਜੱਫਾ ਮਰਵਾ ਖੜ੍ਹਾ ਕਰਾਉਂਦੇ। ਕਲਾਸ ਲੱਗੀ ਹੁੰਦੀ ਤਾਂ ਮਾਸਟਰ ਜਾਂ ਭੈਣ ਜੀ ਕੋਲੋਂ ਦੋ ਨੰਬਰ ਜਾਣ ਦਾ ਬਹਾਨਾ ਕਰਦੇ ਵਾਸ਼-ਰੂਮ ਵਿਚੋਂ ਜਾ ਵੇਖਦੇ। ਮੈਨੂੰ ਅੱਜ ਵੀ ਯਾਦ ਹੈ ਦੂਸਰੀ ਜਮਾਤ ਵਿਚ ਪੜ੍ਹਦੇ ਸਾਂ ਤਾਂ ਪ੍ਰੀਤਲੜੀ ਜਾਂ ਆਰਸੀ ਮੈਗਜ਼ੀਨ ਪੜ੍ਹਦਿਆਂ ਹਮਦਰਦਵੀਰ ਨੌਸ਼ਹਿਰਵੀ ਦੀਆਂ ਛਪ ਰਹੀਆਂ ਕਿਤਾਬਾਂ ਦੇ ਇਸ਼ਤਿਹਾਰ ਪੜ੍ਹਦੇ ਜੋ ਕਿਤਾਬਾਂ ਛਪੀਆਂ ਉਦੋਂ ਜਦੋਂ ਕਾਲਜ ਵਿਚ ਪੜ੍ਹਨ ਜਾ ਪਹੁੰਚੇ। ਦੂਸਰੀ ਜਮਾਤ ਵਿਚ ਪੜ੍ਹਦਿਆਂ ਹਮਦਰਦਵੀਰ ਨੂੰ ਬਹੁਤ ਵੱਡਾ ਲੇਖਕ  ਸਮਝਣ ਦਾ ਭਰਮ ਕਈ ਸਾਲਾਂ ਬਾਅਦ ਜਾ ਕੇ ਟੁੱਟਾ। ਪਰ ਇੰਨੇ ਸਾਲ ਇਹ  ਭਰਮ ਪਾਲੀ ਰੱਖਿਆ ਸੀ। ਤੀਸਰਾ ਸੀ ਤੱਕਲੀ ਨਾਲ ਸੂਤਰ ਕੱਤਣ ਤੇ ਅਟੈਰਣ ਉੱਤੇ ਅਟੈਰਣ ਦੀ ਸਿੱਖਿਆ। ਬਾਅਦ ਵਿਚ ਗਾਂਧੀ-ਚਰਖੇ ‘ਤੇ ਸੂਤਰ ਕੱਤਣ ਦੀ ਜਾਚ। ਛੁੱਟੀਆਂ ਵਿਚ ਬਸਤੀ ਜਾਂਦੇ ਤਾਂ ਬੜੇ ਮਾਣ ਨਾਲ ਦਾਦੀ-ਨਾਨੀ ਨੂੰ ਚਰਖੇ ‘ਤੇ ਸੂਤਰ ਕੱਤ ਵਿਖਾਉਂਦੇ, ਪੂਣੀਆਂ ਵੱਟਦੇ ਤਾਂ ਉਹ ਖ਼ੁਸ਼ ਹੋ ਮਿੱਠੀਆਂ ਸੇਵੀਆਂ ਖਾਣ ਨੂੰ ਦਿੰਦੀਆਂ ਜਾਂ ਦੁੱਧ-ਮੱਖਣ। ਚੌਥਾ ਸੀ ਦੁਪਹਿਰ ਵੇਲੇ ਦੁੱਧ ਦਾ ਮਿਲਣਾ ਜਿਵੇਂ ਅੱਜ-ਕੱਲ੍ਹ ਮਿਡ-ਡੇ ਮੀਲ ਵਿਚ ਖਾਣਾ ਮਿਲਦਾ ਹੈ। ਸਕੂਲ ਜਾਣ, ਪੜ੍ਹਨ ਦੇ ਇਹ ਚਾਰ-ਪੰਜ ਆਕ੍ਰਸ਼ਣ, ਕਾਰਨ ਹੁੰਦੇ ਸਨ।
ਸਾਡੀ ਸਕੂਲ ਦੀ ਵਰਦੀ ਵਿਚ ਚਿੱਟੀ ਪਰ ਕਦੀ-ਕਦੀ ਖਾਕੀ ਕਮੀਜ਼ ਵੀ ਅਤੇ ਨਾਲ ਖਾਕੀ ਨਿੱਕਰ ਤੇ ਖਾਕੀ ਕੱਪੜੇ ਦੇ ਬੂਟ ਹੁੰਦੇ ਸਨ। ਚੰਗੀ ਗੱਲ ਇਹ ਕਿ ਸਕੂਲ ਵਿਚ ਟਾਟ ਨਹੀਂ ਬੈਂਚ ਹੁੰਦੇ ਸਨ, ਟਾਟ ‘ਤੇ ਤਾਂ ਬਾਹਰ ਖੁੱਲ੍ਹੇ ਵਿਚ ਜ਼ਮੀਨ ‘ਤੇ ਬੈਠਣ ਵੇਲੇ ਹੀ ਬੈਠਦੇ ਸਾਂ। ਨੈਤਿਕ ਸਿੱਖਿਆ ਦਾ ਪੀਰੀਅਡ ਵੀ ਹੁੰਦਾ ਸੀ, ਜਿਸ ਦਾ ਮੇਰੇ ਚਰਿੱਤਰ-ਵਿਹਾਰ ‘ਤੇ ਖ਼ਾਸਾ ਅਸਰ-ਪ੍ਰਭਾਵ ਅੱਜ ਤੱਕ ਵੀ ਕਾਇਮ ਹੈ। ਉਨ੍ਹਾਂ ਵਿਚੋਂ ਇਕ ਹੈ ਝੂਠ ਨਾ ਬੋਲਣਾ। ਇਸ ਕਾਰਨ ਮਾਰ ਵੀ ਬਹੁਤ ਖਾਧੀ ਜੋ ਮੈਂ ਅੱਜ ਤੱਕ ਭੁੱਲਿਆ ਨਹੀਂ। ਮੈਨੂੰ ਯਾਦ ਹੈ ਇਕ ਐਤਵਾਰ ਸਕੂਲ ਤੋਂ ਦੁਪਹਿਰ ਘਰ ਪਰਤ ਰਿਹਾ ਸੀ ਤਾਂ ਇਕ ਦੁਕਾਨ ਦੇ ਥੜ੍ਹੇ ‘ਤੇ ਪੈੱਨ ਪਿਆ ਵੇਖਿਆ ਤਾਂ ਚੁੱਕ ਕੇ ਘਰ ਲੈ ਆਇਆ। ਵੱਡਾ ਭਰਾ ਉਦੋਂ ਫਗਵਾੜੇ ਰਾਮਗੜ੍ਹੀਆ ਤਕਨੀਕੀ ਕਾਲਜ ਵਿਚ ਪੜ੍ਹਦਾ ਸੀ। ਸ਼ਾਮ ਨੂੰ ਜਦ ਪੈੱਨ ਵੇਖਿਆ ਤਾਂ ਹੈਰਾਨ ਹੋ ਪੁੱਛ ਲਿਆ ਕਿ ਕਿੱਥੋਂ ਲੈ ਕੇ ਆਇਆਂ ਏ ਕਿਉਂਕਿ ਅਸੀਂ ਆਈ. ਜੀ. ਦੀਆਂ ਨਿੱਬਾਂ ਵਾਲੇ ਹੋਲਡਰ ਵਰਤਦੇ ਸਾਂ, ਜੋ ਵਰਤਣ ਦਾ ਸਕੂਲੀ ਹੁਕਮ ਜਾਂ ਫਰਮਾਨ ਹੁੰਦਾ ਸੀ। ਫੱਟੀਆਂ ‘ਤੇ ਲਿਖਣ ਦਾ ਅਭਿਆਸ, ਮਾਸਟਰ ਪੂਰਨੇ ਪਾ ਕੇ ਦਿੰਦੇ। ਕਲਮ ਤੇ ਕਾਲੀ ਰੌਸ਼ਨੀ ਸਿਆਹੀ ਨਾਲ ਪੂਰਨਿਆਂ ‘ਤੇ ਲਿਖਦੇ। ਅੱਧੀ ਛੁੱਟੀ ਵੇਲੇ ਸਕੂਲ ਦੇ ਨਲਕੇ ‘ਤੇ ਫੱਟੀਆਂ ਪੋਚਦੇ ਤੇ ਸਿਆਹੀ ਗੂੜ੍ਹੀ ਕਰਨ ਲਈ ਸਕੂਲ ਨਾਲ ਲੱਗਦੀ ਤਹਿਸੀਲ ਵਿਚੋਂ ਜਾ ਕੇ ਕਿੱਕਰ ਦੀਆਂ ਫਲੀਆਂ ਤੋੜ੍ਹ ਲਿਆਉਂਦੇ, ਪੀਸ ਕੇ ਸਿਆਹੀ ਵਿਚ ਰਲਾਉਂਦੇ। ਪੈੱਨ ਵੇਖ ਭਰਾ ਨੇ ਸਮਝਿਆ ਕਿ ਕਿਸੇ ਦਾ ਕੱਢ ਲਿਆਇਐ। ਮੈਂ ਕਿਹਾ ਕਿ ਚੋਰੀ ਨਹੀਂ ਕੀਤੀ, ਤਾਂ ਵੀ ਉਹ ਨਾ ਮੰਨਿਆਂ। ਪੁਲਿਸ ਵਾਲਾ ਤੀਸਰੀ ਡਿਗਰੀ ਦਾ ਟਾਰਚਰ ਸਹਿਣਾ ਪਿਆ ਸੀ, ਉਸ ਦਿਨ। ਉਸ ਨੇ ਮੰਜੀ ਨਾਲ ਬੰਨ੍ਹ, ਮੇਰੇ ਹੀ ਅਟੇਰਣ ਨਾਲ ਕੁੱਟਿਆ। ਮੈਂ ਰੋਂਦਾ-ਡਾਡਾਂ ਮਾਰਦਾ ਕਹਿੰਦਾ ਰਿਹਾ ਚੋਰੀ ਨਹੀਂ ਕੀਤਾ, ਪਰ ਉਹ ਕੁੱਟਦਾ ਵਾਰ-ਵਾਰ ਪੁੱਛਦਾ ਰਿਹਾ, ਹੋਰ ਗੁੱਸੇ ਵਿਚ ਆ ਕੁੱਟਦਾ ਰਿਹਾ। ਅਟੇਰਣ ਟੁੱਟ ਗਿਆ ਤਾਂ ਕਿਤੇ ਜਾ ਕੇ ਰੁਕਿਆ। ਘਰ ਦਿਆਂ ਨੂੰ ਆਦੇਸ਼ ਕਿ ਰੋਟੀ-ਪਾਣੀ ਨਹੀਂ ਦੇਣਾ। ਘਰ ਦਿਆਂ ਵੀ ਦੱਸਿਆ ਕਿ ਥੜ੍ਹੇ ‘ਤੇ ਪਿਆ ਲਿਆਇਆ ਏ ਤਾਂ ਕਹਿਣ ਲੱਗਾ ਕਿ ਜਾ ਉੱਥੇ ਹੀ ਹੁਣੇ ਰੱਖ ਕੇ ਆ। ਮੈਂ ਕਿਹਾ ਜੇ ਰੱਖ ਕੇ ਆਇਆ ਤਾਂ ਕੋਈ ਹੋਰ ਚੁੱਕ ਕੇ ਲੈ ਜਾਏਗਾ। ਕਹਿੰਦਾ ਤੈਨੂੰ ਕੀ? ਤੂੰ ਰੱਖ ਕੇ ਆ ਬੱਸ। ਨਾਲ ਜਾ ਕੇ ਉੱਥੇ ਰਖਾ ਕੇ ਹੀ ਆਇਆ।
ਗਰਮੀਆਂ ਵਿਚ ਸ਼ਾਮ ਨੂੰ ਭਾਪਾ ਜੀ ਦੁਕਾਨ ਤੋਂ ਘਰ ਆ ਉਚੇਚਾ ਸ਼ਰਧਾਈ ਬਣਾ ਕੇ ਪਿਆਉਂਦੇ ਤਾਂ ਕਿ ਬੱਚਿਆਂ ਦਾ ਦਿਮਾਗ ਤੇਜ਼-ਤਰਾਰ ਰਹੇ। ਖ਼ਸਖਾਸ, ਚਾਰੇ ਮਗਜ਼ ਅਤੇ ਬਦਾਮ ਘੋਟ ਕੇ, ਇਹ ਹਰ ਰੋਜ਼ ਦੀ ਰੁਟੀਨ ਸੀ। ਸਰਦੀਆਂ ਵਿਚ ਰਾਤ ਨੂੰ ਗੁੜ ਅਤੇ ਸੁੰਢ ਜਾਂ ਗੁੜ ਵਿਚ ਕਦੇ ਮੁੰਗਫਲੀ ਦੀਆਂ ਗਿਰੀਆਂ ਤੇ ਕਦੇ ਬਦਾਮ ਦੀਆਂ ਗਿਰੀਆਂ ਮਿਲਦੀਆਂ। ਦੋਵੇਂ ਭੈਣਾਂ ਟਾਂਡਾ ਅੱਡਾ ਰੋਡ ‘ਤੇ ਖ਼ਾਲਸਾ ਸਕੂਲ ਵਿਚ ਪੜ੍ਹਦੀਆਂ ਸਨ। ਰਾਤ ਨੂੰ ਚਾਰੋ ਭੈਣ-ਭਰਾ ਗਲੀ ਵਿਚ ਸਰਕਾਰੀ ਲਾਲਟੈਨ ਦੀ ਰੌਸ਼ਨੀ ਵਿਚ ਪੜ੍ਹਦੇ।
ਖਰਚਣ ਨੂੰ ਸਾਨੂੰ ਹਰ ਇਕ ਨੂੰ ਮੋਰੀ ਵਾਲਾ ਇਕ ਪੈਸਾ ਮਿਲਦਾ ਹੁੰਦਾ ਸੀ। ਭਰਵੀਂ ਚੀਜ਼ ਲੈ, ਖਾ ਕੇ ਵੀ ਧੇਲਾ ਬੱਚ ਜਾਂਦਾ ਸੀ। ਖਾਣ ਨੂੰ ਮਿਲਦਾ ਵੀ ਕੀ ਹੁੰਦਾ ਸੀ, ਦਾਲ-ਸੇਵੀਆਂ, ਭੁੱਜੇ ਕਾਲੇ ਛੋਲੇ, ਦਾਲ-ਫੁੱਲੀਆਂ, ਮਰੂੰਡਾ, ਗੱਚਕ, ਗੱਟਾ, ਚੂਰਨ ਵਾਲੀਆਂ ਗੋਲੀਆਂ ਜਾਂ ਇਮਲੀ ਆਦਿ।
ਰੈਣਕ ਬਜ਼ਾਰ ਵਾਲਾ ਸਕੂਲ ਪੰਜਵੀਂ ਜਮਾਤ ਤੱਕ ਹੀ ਹੁੰਦਾ ਸੀ। ਛੇਵੀਂ ਜਮਾਤ ਤੋਂ ਸੀਨੀਅਰ ਸਕੈੰਡਰੀ ਸਕੂਲ, ਲਾਡੋਵਾਲੀ ਰੋਡ ਜਾਾ ਪੈਂਦਾ ਸੀ ਤੇ ਉਹ ਵੀ ਪੈਦਲ। ਉਨ੍ਹਾਂ ਦਿਨਾਂ ਵਿਚ ਸੈਂਟਰਲ ਟਾਊਨ ਅਜੇ ਬਣਨਾ ਸ਼ੁਰੂ ਹੀ ਹੋਇਆ ਸੀ। ਰਾਹ ਵਿਚ ਕੰਪਨੀ ਬਾਗ਼ ਸਾਡਾ ਖੇਡਣ ਦਾ ਠਿਕਾਣਾ ਹੁੰਦਾ। ਸਵੇਰੇ ਸਿੱਧਾ ਸਕੂਲ, ਪਰ ਵਾਪਸੀ ‘ਤੇ ਉੱਥੇ ਖੇਡ ਕੇ ਫਿਰ ਘਰ ਜਾਂਦੇ। ਜਿੱਥੇ ਅੱਜ-ਕੱਲ੍ਹ ਪ੍ਰੈੱਸ-ਕਲੱਬ ਤੇ ਕਮੇਟੀ ਦਾ ਦਫ਼ਤਰ ਹੈ, ਉੱਥੇ  ਅੰਬਾਂ ਦਾ ਬਾਗ਼ ਹੁੰਦਾ ਸੀ ਤੇ ਸਾਡੀ ਖੇਡ ਹੁੰਦੀ ਸੀ ‘ਜੰਗ-ਪਲੰਗਾ’। ‘ਜੰਗ-ਪਲੰਗਾ’ ਖੇਡ, ਮਤਲਬ ਇਕ ਜਣੇ ਨੇ ਕਿਸੇ ਇਕ ਨੂੰ ਛੂਹਣਾ ਹੁੰਦੈ। ਇਕ ਸੋਟੀ ਲੱਤ ਥਲਿਉਂ ਦੂਰ ਸੁੱਟਨੀ ਹੁੰਦੀ ਹੈ, ਵਾਰੀ ਵਾਲਾ ਚੁੱਕਣ ਜਾਂਦਾ ਤਾਂ ਬਾਕੀ ਵੱਖ-ਵੱਖ ਰੁੱਖਾਂ ‘ਤੇ ਚੜ੍ਹ ਜਾਂਦੇ, ਉਹ ਛੂਹਣ ਲਈ ਪਿੱਛੇ ਜਾਂਦਾ ਤਾਂ  ਰੁੱਖਾਂ ‘ਤੇ ਚੜ੍ਹੇ ਸੋਟੀ ਨੂੰ ਛੂਹਣ ਦਾ ਯਤਨ ਕਰਦੇ। ਮੀਟੀ ਦੇਣ ਵਾਲੇ ਤੋਂ ਬਚਣ ਲਈ ਟਪੂਸੀ ਮਾਰ ਰੁੱਖਾਂ ‘ਤੇ ਆਪਣੀ ਥਾਂ ਬਦਲਦੇ ਰਹਿੰਦੇ। ਇਕ ਵਾਰ ਸਕੂਲ ਦੀ ਗਰਾਊਂਡ ਵਿਚ ਖੇਡਦਿਆਂ ਟਾਹਲੀ ਤੋਂ ਉੱਤੋਂ ਡਿੱਗ ਪਿਆ ਸੀ। ਸੱਟ ਲੱਗਣ ਤੋਂ ਬੱਚ ਗਿਆ ਪਰ ਕਿੰਨਾ ਚਿਰ ਗੁੰਮ-ਸੁੰਮ ਹੀ ਰਿਹਾ।
ਸਕੂਲ ਵਿਚ ਵੰਨ-ਸੁਵੰਨੇ ਮੁੰਡੇ ਆਣ ਮਿਲੇ ਸਨ, ਆਦਤਾਂ ਵਿਗੜਣ ਲੱਗੀਆਂ। ਕਲਾਸਾਂ ਵਿਚੋਂ ਗ਼ੈਰ-ਹਾਜ਼ਰ ਹੋਣ ਲੱਗੇ, ਕਦੇ ਹਵਾਈ-ਅੱਡਾ ਵੇਖਣ, ਕਦੇ ਸ਼ੈਲਰ ‘ਤੇ ਫੱਕ ਵਿਚ ਖੇਡਣ ਤੇ ਕਦੇ ਝਹੇੜੂ ਦੇ ਪੁਲ ਨੂੰ। ਸਕੂਲ ਖੇਡਾਂ ਵਿਚ ਰੁਚੀ ਵੱਧ ਗਈ ਤੇ ਪੜ੍ਹਾਈ ਵਿਚ ਘੱਟ ਗਈ। ਹਾਕੀ, ਵਾਲੀਬਾਲ, ਲੌਂਗ-ਜੰਪ, ਪੋਲਵਰਡ ਆਦਿ ਤੇ ਨਾਲ ਹੀ ਭੰਗੜਾ ਸ਼ੁਰੂ। ਅਗਲੇ ਬੈਂਚਾ ਤੋਂ ਖਿਸਕ, ਪਿਛਲੇ ਬੈਂਚਾਂ ਵੱਲ ਤੁਰ ਪਏ। ਉਦੋਂ ਹੀ ਜਸੂਸੀ ਨਾਵਲ ਪੜ੍ਹਨ ਦਾ ਸਵਾਦ ਪੈ ਗਿਆ। ਮਾਸਟਰ ਹਿਸਾਬ, ਅੰਗਰੇਜ਼ੀ ਪੜ੍ਹਾ ਰਿਹਾ ਹੁੰਦਾ ਤੇ ਅਸੀਂ ਧੋਖਾ ਦਿੰਦੇ ਕਿਤਾਬ ਵਿਚ ਜਸੂਸੀ ਨਾਵਲ ਰੱਖ ਪੜ੍ਹ ਰਹੇ ਹੁੰਦੇ। ਬੀ. ਟੀ. ਕਰਦੇ ਟੀਚਰ ਪੜ੍ਹਾਉਣ ਆਉਂਦੇ ਤਾਂ ਕਲਾਸੋਂ ਬਾਹਰ ਗਰਾਉਂਡ ਵਿਚ ਖੇਡ ਰਹੇ ਹੁੰਦੇ। ਖਿੱਚ-ਧੂਹ ਕਰਦਿਆਂ ਅੱਠਵੀਂ ਵੀ ਪਾਸ ਕਰ ਲਈ। ਇਸ ਤੋਂ ਬਾਅਦ ਫਿਰ ਜ਼ਿੰਦਗੀ ਨੇ ਮੋੜ ਕੱਟਿਆ, ਸੁਭਾਅ ਤੇ ਰੁਚੀ ਬਦਲ ਗਈ ਕਾਰਨ ਨਵੀਂ ਸੰਗਤ, ਦੋਸਤ ਸਨ, ਖ਼ਾਸਕਰ ਮਹਿੰਦਰ ਭੱਟੀ, ਜੋ ਹਜ਼ਾਰੇ ਸਕੂਲ ਤੋਂ ਅੱਠਵੀਂ ਕਰ ਕੇ ਆਇਆ ਸੀ। ਦੋਵਾਂ ਨੇ ਐਨ.ਸੀ.ਸੀ. ਰੱਖੀ ਸੀ ਤੇ ਸਾਂਝ ਵੀ ਇਸੇ ਕਰਕੇ ਬਣੀ ਸੀ।
ਰੁਝਾਣ ਦੋਵਾਂ ਦਾ ਸਾਹਿਤ ਵੱਲ ਸੀ ਤੇ ਮਾੜਾ-ਮੋਟਾ ਲਿਖਣ ਵੱਲ ਵੀ। ਦੋਵਾਂ ਦੀ ਸੰਗਤ ਵਿਚ ਨਿਖਾਰ ਆਉਣ ਲੱਗਾ। ਪਾਕਿਸਤਾਨ ਨਾਲ ਹੋਈ ਪੈਂਹਠ ਦੀ ਜੰਗ ਦੀਆਂ ਕਹਾਣੀਆਂ ਨੇ ਧਿਆਨ ਖਿੱਚਿਆ ਤੇ ਉਹ ਕਵਿਤਾ ਅਤੇ ਮੈਂ ਸ਼ਹੀਦਾਂ ਦੇ ਜੀਵਨ ਬਾਰੇ ਲਿਖਣ ਲੱਗਾ। ਸਾਡਾ ਮੇਲ ਬਿਅੰਤ ਸਿੰਘ ਸਰਹੱਦੀ ਨਾਲ ਹੋਇਆ ਜੋ ‘ਅਜੀਤ’ ਵਿਚ ਉਪ-ਸੰਪਾਦਕ ਸੀ ਤੇ ‘ਹਮਦਰਦ ਬਾਲ ਫੁੱਲਵਾੜੀ’ ਦੇ ਇੰਚਾਰਜ ਵੀ। ਉਨ੍ਹਾਂ ਦੀ ਪ੍ਰੇਰਣਾ ਤੇ ਸੰਗਤ ਵਿਚ ਅਜੀਤ ਵਿਚ ਆਉਣਾ-ਜਾਣਾ ਹੀ ਨਹੀਂ ਵਧਿਆ ਸਗੋਂ ਲਿਖਿਆ ਅਜੀਤ ਵਿਚ ਵੀ ਛਪਣ ਲੱਗਾ। ਸਾਧੂ ਸਿੰਘ ਹਮਦਰਦ ਨਾਲ ਮੁਲਾਕਾਤ ਹੋਈ ਤਾਂ ਸਾਂਝ ਹੋਰ ਗੂੜ੍ਹੀ ਹੋ ਗਈ। ਉਹ ਕਿਤੇ ਗ਼ਜ਼ਲ-ਦਰਬਾਰ ਵਿਚ ਜਾਂਦੇ ਤਾਂ ਸਾਨੂੰ ਨਾਲ ਲੈ ਜਾਂਦੇ। ਉਨ੍ਹਾਂ ਨਾਲ ਹੀ ਜਗਰਾਉਂ ਪਹਿਲੀ ਵਾਰ ਪ੍ਰਿੰਸੀਪਲ ਤਖਤ ਸਿੰਘ ਨੂੰ ਮਿਲੇ ਸਾਂ। ਜਲੰਧਰੋਂ ਗੱਡੀ ਵਿਚ ਗਏ ਸਾਂ ਤਾਂ ਸਾਰਾ ਰਸਤਾ ਹਮਦਰਦ ਸਾਹਿਬ ਕਈ ਕਿੱਸੇ ਸੁਣਾਉਂਦੇ ਗਏ ਜਿਨ੍ਹਾਂ ਸਾਹਿਤ ਦੇ ਹੋਰ ਨੇੜੇ ਲੈ ਆਂਦਾ। ਹੁਣ ਅਜੀਤ ਦੇ ਨਿਊਜ਼ ਟੇਬਲ ਤੋਂ ਅੱਗੇ ਵੱਧ ਸਾਂਝ ਹਮਦਰਦ ਸਾਹਿਬ ਦੇ ਦਫ਼ਤਰ ਤੇ ਘਰ ਤੱਕ ਪਹੁੰਚ ਗਈ। ਉਦੋਂ ਹੀ ਗ਼ਜ਼ਲ-ਲਹਿਰ ਦਾ ਉਥਾਨ ਸ਼ੁਰੂ ਹੋਇਆ। ਨਰਿੰਦਰਪਾਲ ਸਿੰਘ ਦੇ ਨਾਵਲ ‘ਬਾ-ਮੁਲਾਹਜ਼ਾ ਹੋਸ਼ਿਆਰ’ ਬਾਰੇ ਰੌਲਾ ਪਿਆ ਤੇ ਮੀਸ਼ਾ ਦਾ ‘ਤਰ੍ਹਾ ਮਿਸਰਾ ਹਾਏ’ ਵਾਲਾ ਵਾਦ-ਵਿਵਾਦ ਵੀ। ਗ਼ਜ਼ਲ ਬਾਰੇ ਬਹਿਸ ਛਿੜ ਗਈ ਸੀ। ਉਨ੍ਹੀ ਦਿਨੀਂ ਹੀ ਜਨਾਬ ਦੀਪਕ ਜੈਤੋਈ, ਠਾਕੁਰ ਭਾਰਤੀ, ਗੁਰਦੇਵ ਨਿਰਧਨ ਤੇ ਚੌਹਾਨ ਜੋੜੀ ਮਿਲੀ। ਹਮਦਰਦ ਸਾਹਿਬ ਦੇ ‘ਅਜੀਤ’ ਦਫ਼ਤਰ ਵਿਚ ਗ਼ਜ਼ਲ ਫੁਲਵਾੜੀ ਦੀਆਂ ਮਹਿਫ਼ਲਾਂ ਸ਼ੁਰੂ ਹੋ ਗਈਆਂ, ਜਿਸ ਨਾਲ ਸਾਡਾ ਲਿਖਣ ਦਾ ਰੁਝਾਨ ਗ਼ਜ਼ਲ ਵੱਲ ਮੁੜਣ ਲੱਗਾ। ਬਹਿਰ-ਵਜ਼ਨ ਬੰਦਿਸ਼ ਦੇ ਗੁਰ ਸਮਝਣ-ਸਮਝਾਉਣ ਦਾ ਦੌਰ। ਸਤੀਸ਼ ਗੁਲਾਟੀ, ਉਲਫ਼ਤ ਬਾਜਵਾ, ਅਮਰਜੀਤ ਸੰਧੂ ਤੇ ਹੋਰ ਗ਼ਜ਼ਲਗੋ ਮਿਲੇ। ਹਮਦਰਦ ਸਾਹਿਬ ਤਰ੍ਹਾ-ਮਿਸਰਾ ਦਿੰਦੇ, ਸਿਖਾਂਦਰੂ ਗ਼ਜ਼ਲ ਲਿਖਦੇ, ਹਮਦਰਦ ਸਾਹਿਬ ਤੇ ਉਲਫ਼ਤ ਬਾਜਵਾ ਇਸਲਾਹ ਦਿੰਦੇ-ਕਰਦੇ ਤੇ ਬਾਅਦ ਵਿਚ ਉਹ ਗ਼ਜ਼ਲਾਂ ਅਜੀਤ-ਗ਼ਜ਼ਲ-ਫੁਲਵਾੜੀ ਵਿਚ ਛਪਦੀਆਂ। ਅਸੀਂ ਵੀ ਗ਼ਜ਼ਲ ਵਿਚ ਕੁਝ ਮੂੰਹ ਮਾਰਨ ਲੱਗ ਪਏ ਸਾਂ। ਦਸਵੀਂ ਜਮਾਤ ਵਿਚ ਪੜ੍ਹਦਿਆਂ ਰੇਡੀਉ ਸਟੇਸ਼ਨ ਜਲੰਧਰ ਦੇ ਉਰਦੂ ਪ੍ਰੋਗਰਾਮ ਦੇ ਓਮ ਪ੍ਰਕਾਸ਼ ਆਰਿਫ਼ ਨੇ ਨਜ਼ਮ ਲਿਖਣੀ ਸਿਖਾਈ ਤੇ ਲਿਖਣ ਲਈ ਪ੍ਰੇਰਿਆ। (ਬਾਕੀ ਅਗਲੇ ਹਫ਼ਤੇ)
-ਅਵਤਾਰ ਜੌੜਾ, ਜਲੰਧਰ
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: