ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਇਸ ਮੌੜ ‘ਤੇ ਪਹੁੰਚ ਕੇ ਜ਼ਿੰਦਗੀ ਇਕ ਰੁਟੀਨ ਵਿਚ ਬਤੀਤ ਹੋਣ ਲੱਗਦੀ ਹੈ, ਬਾਹਰਲੇ ਹਾਲਾਤ, ਸਥਿਤੀਆਂ ਬਦਲਦੀਆਂ ਹਨ, ਜਿਵੇਂ ਖ਼ਾਸਕਰ ਰਾਜਨੀਤਕ, ਪਰ ਜ਼ਿੰਦਗੀ ਦੀਆਂ ਨਹੀਂ। ਵਕਤ ਵੱਲ ਵੇਖਾਂ ਤਾਂ ਤਕਰੀਬਨ 1990 ਤੱਕ, ਹਾਂ ਵਿਚ-ਵਿਚ ਝੱਟਕੇ ਜ਼ਰੂਰ ਲੱਗੇ, ਕਦੇ ਮੋਗਾ ਗੋਲੀ ਕਾਂਡ ਦੀ ਤਰਜ਼ ‘ਤੇ ਦਸੂਹੇ ਸਾਡੇ ਹੀ ਕਾਲਜ ਦੇ ਵਿਦਿਆਰਥੀਆਂ ‘ਤੇ ਗੋਲੀ-ਕਾਂਡ। ਪੰਜਾਬ ਵਿਚਲਾ ਦਹਿਸ਼ਤ ਦਾ ਦੌਰ, ਅਹਿਮ ਦੌਰ ਸੀ। ਇਸ ਦੌਰਾਨ ਕੁਝ ਸਰਕਾਰੀ ਅਧਿਕਾਰੀਆਂ ਨਾਲ ਮਿੱਤਰਤਾ ਹੋਈ ਤਾਂ ਸੱਤਾ ਦਾ ਕੁਝ ਭੇਦ ਜਾਣਿਆ ਤੇ ਲੇਖਕਾਂ ਦੀ ਸਭਾ ਦਾ ਰੋਲ ਜ਼ਿਕਰਯੋਗ ਹੈ।
punjabi writer avtar jauda
ਅਵਤਾਰ ਜੌੜਾ
ਕਾਲਜ ਵਿਚ ਕੁਝ ਵਿਦਿਆਰਥੀ ਪੰਜਾਬ ਸਟੂਡੈਂਟ ਯੂਨੀਅਨ (ਪੀ.ਐਸ.ਯੂ.) ਲਹਿਰ ਦੇ ਪ੍ਰਿਥੀਪਾਲ ਸਿੰਘ ਦੇ ਪ੍ਰਭਾਵ ਵਿਚ ਸਨ ਕਿਉਂਕਿ ਉਹ ਦਸੂਹਾ ਦਾ ਹੀ ਸੀ। ਉਨ੍ਹਾਂ ਨੂੰ ਲਾਮਬੰਦ ਕਰਨ ਲਈ ਉਸ ਵੇਲੇ ਦੇ ਪੰਜਾਬ ਦਾ ਆਗੂ ਅਜਾਇਬ ਸਿੰਘ ਕਾਲਜ ਵਿਚ ਆਉਣ ਲੱਗਾ। ਉਹ ਵਿਦਿਆਰਥੀਆਂ ਨੂੰ ਸਰਗਰਮ ਕਰਨ ਲੱਗਾ। ਪ੍ਰਿੰਸੀਪਲ ਮਹਿਰਾ ਕੁਝ ਅਨੁਸਾਸ਼ਨੀ ਕਿਸਮ ਦੇ ਸੀ, ਜੋ ਕਾਲਜ ਦੇ ਅੰਦਰ ਅਜਿਹਾ ਸੰਗਠਨ, ਦਖ਼ਲ ਪਸੰਦ ਨਹੀਂ ਸਨ ਕਰਦੇ ਤੇ ਕੁਝ ਪ੍ਰੋਫੈਸਰਾਂ ਦੇ ਰੋਕਣ ‘ਤੇ ਵੀ ਉਹ ਇਕੱਲੇ ਅਜਾਇਬ ਨੂੰ ਵਰਜਨ ਲਈ ਬਜ਼ਿੱਦ ਸਨ ਤੇ ਉਨ੍ਹਾਂ ਰੋਕਿਆ ਵੀ। ਪ੍ਰਤਿਕਰਮ ਵੱਜੋਂ ਵਿਦਿਆਰਥੀ ਹੜਤਾਲ ਕਰ ਕੇ ਬਾਹਰ ਇਕੱਠੇ ਹੋਣ ਲੱਗੇ ਤਾਂ ਸੀ.ਆਈ.ਡੀ. ਵੀ ਸਰਗਰਮ ਹੋ ਗਈ ਤੇ ਨਾਲ ਹੀ ਪੁਲੀਸ ਵੀ। ਦਸੂਹਾ ਦਾ ਡੀ.ਐਸ.ਪੀ. ਕੁਦਰਤੀ ਮੋਗਾ ਤੋਂ ਮੋਗਾ-ਗੋਲੀ ਕਾਂਡ ਦੀ ਬਦੌਲਤ ਬਦਲ ਕੇ ਦਸੂਹੇ ਆਣ ਲੱਗਾ ਸੀ। ਨਾਮ ਸੂਰਤ ਸਿੰਘ ਸੀ ਜੋ ਪੰਜਾਬੀ ਕਹਾਣੀਕਾਰ ਗੁਲ ਚੌਹਾਨ ਦਾ ਡੈਡ ਸੀ। ਮਿੱਥੇ ਦਿਨ ਜਲੂਸ ਦੀ ਸ਼ਕਲ ਵਿਚ ਵਿਦਿਆਰਥੀ ਥਾਣੇ ਵੱਲ ਨੂੰ ਧਰਨੇ ਲਈ ਤੁਰ ਪਏ ਤਾਂ ਕੁਝ ਕਦਮ ਦੂਰ ਹੀ ਪੁਲੀਸ ਆ ਟੱਕਰੀ। ਦੋਵੇਂ ਧਿਰਾਂ ਬਜ਼ਿੱਦ ਸਨ, ਨਤੀਜਾ ਗੋਲੀ ਚੱਲੀ ਤੇ ਇਕ ਵਿਦਿਆਰਥਣ ਜ਼ਖ਼ਮੀ, ਬਾਕੀ ਕਾਲਜ ਤੇ ਖੇਤਾਂ ਵੱਲ ਨੂੰ ਦੌੜ ਗਏ। ਕਈ ਦਿਨ ਕਾਲਜ ਸਿਆਸਤ ਦਾ ਮੈਦਾਨ ਬਣਿਆ ਰਿਹਾ, ਕਦੇ ਮੀਡੀਆ ਵਾਲੇ, ਕਦੇ ਰਾਜਨੀਤਕ ਦਲਾਂ ਵਾਲੇ ਤੇ ਕਦੇ ਪੁਲਿਸ ਵਾਲੇ, ਪਰ ਨਤੀਜਾ ਸਿਫ਼ਰ ਹੀ। ਕੁਝ ਦਿਨ ਚਰਚਾ ਚੱਲੀ ਤੇ ਫਿਰ ਸਭ ਕੁਝ ਵਿਸਰ ਗਿਆ ਜਾਂ ਗਏ,ਅਕਸਰ ਜੋ ਲੋਕ ਕਰਦੇ ਹਨ ਜਾਂ ਉਨ੍ਹਾਂ ਦਾ ਕਿਰਦਾਰ ਹੈ। ਨਾ ਲੋਕ ਬਦਲੇ, ਨਾ ਵਿਦਿਆਰਥੀ ਤੇ ਨਾ ਹੀ ਸਿਆਸਤ, ਸਭ ਕੁਝ ਪਹਿਲਾਂ ਵਾਂਗ ਹੀ ਚੱਲਦਾ ਰਿਹਾ।
 
ਇਸ ਸਮੇਂ ਮੇਰਾ ਰੁਝਾਨ ਲੇਖਕ ਸਭਾਵਾਂ ਵੱਲ ਗੂੜ੍ਹਾ ਹੋ ਗਿਆ। ਜਲੰਧਰ ਵਿਚ ਕਈ ਸਭਾਵਾਂ ਸਨ, ਪਰ ਅਸੀਂ ਇੱਕ ਹੋਰ ਸਭਾ ਬਣਾ ਲਈ। ਦਰਅਸਲ ਜ਼ਲੋਟੋ ਇੰਡਸਟਰੀ ਦੇ ਮਾਲਕ ਮੋਹਨ ਸਿੰਘ ਵਫ਼ਾ ਸਾਹਿਤ ਰਸੀਆ ਸਨ ਤੇ ਜਿਨ੍ਹਾਂ ਦਾ ਗੁਰਮੁਖ ਸਿੰਘ ਮੁਸਾਫ਼ਿਰ ਤੋਂ ਲੈ ਕੇ ਪ੍ਰੀਤਮ ਸਿੰਘ, ਪ੍ਰਿੰਸੀਪਲ ਐੱਸ. ਐੱਸ. ਅਮੋਲ ਹੁਰਾਂ ਨਾਲ ਉੱਠਣਾ-ਬੈਠਣਾ ਸੀ। ਪ੍ਰਿੰਸੀਪਲ ਅਮੋਲ ਤੇ ਪ੍ਰੀਤਮ ਸਿੰਘ ਦੀ ਸਲਾਹ ਨਾਲ ‘ਪੰਜਾਬੀ ਸਾਹਿਤ ਸਭਾ’ ਰਜਿਟਰ ਕਰਾਉਣ ਦੀ ਯੋਜਨਾ ਬਣੀ, ਚਲਾ ਤਾਂ ਅਸੀਂ ਰਹੇ ਹੀ ਸੀ। ਵੱਖਰਤਾ ਇਹ ਕਿ 1980 ਤੋਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸ਼ਾਨ 4 ਵਜੇ ਤੋਂ 5 ਵਜੇ ਤੱਕ ਦਾ ਵਕਤ ਭਾਵ ਪੂਰੇ 4 ਵਜੇ ਸ਼ੁਰੂ, ਭਾਵੇਂ ਇਕ ਲੇਖਕ, ਸਰੋਤਾ ਹੀ ਹੋਵੇ ਤੇ 5 ਵਜੇ ਚਾਹ, ਭਾਵੇਂ ਸਭਾ ਚੱਲਦੀ ਬਾਅਦ ਤੱਕ ਰਹੇ। ਪਾਬੰਦੀ ਐਨੀ ਕਿ ਮੀਂਹ ਆਵੇ, ਹਨੇਰੀ ਜਾਂ ਤੂਫ਼ਾਨ ਜਾਂ ਕਰਫਿਊ ਹੀ ਹੋਵੇ, ਬੈਠਕ ਠੀਕ ਵਕਤ ‘ਤੇ ਹੋਵੇਗੀ ਹੀ। ਪ੍ਰਿੰਸੀਪਲ ਅਮੋਲ ਹੁਰਾਂ ਸੰਵਿਧਾਨ ਤਿਆਰ ਕੀਤਾ ਤੇ ਅਮੋਲ ਜੀ, ਪ੍ਰੀਤਮ ਸਿੰਘ ਜੀ, ਡਾਕਟਰ ਰੌਸ਼ਨ ਲਾਲ ਅਹੂਜਾ ਤੇ ਡਾਕਟਰ ਸਿੰਗਲ ਨਾਲ ਸਲਾਹ-ਮਸ਼ਵਰਾ ਕਰਕੇ ਫਾਈਨਲ ਕੀਤਾ। ਪ੍ਰਧਾਨ ਵਫ਼ਾ ਜੀ ਦਾਰਜੀ ਤੇ ਮੈਂ ਜਨਰਲ ਸਕੱਤਰ ਆਹੁਦੇਦਾਰ ਨਾਮਜ਼ਦ ਕੀਤੇ ਗਏ। ਕਿਸੇ ਨੂੰ ਸੱਦਾ ਨਹੀਂ ਸੀ ਭੇਜਿਆ ਜਾਂਦਾ, ਵਕਤ, ਥਾਂ ਪੱਕਾ ਸੀ ਤੇ ਸਭ ਨੂੰ ਖੁੱਲ੍ਹਾ ਸੱਦਾ ਵੀ। ਕੁਝ ਮਹੀਨਿਆਂ ਵਿਚ ਹਰ ਪਾਸੇ ਚਰਚਾ ਹੋਣ ਲੱਗੀ ਤੇ ਜਲੰਧਰ ਤੋਂ ਬਾਹਰਲੇ ਲੇਖਕ ਆਉਣ ਲੱਗੇ, ਨਵੇਂ-ਪੁਰਾਣੇ ਸਾਰੇ ਹੀ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਲੇਖਕ ਹੋਵੇ ਜੋ ਕਦੇ ਨਾ ਆਇਆ ਹੋਵੇ, ਮੀਸ਼ਾ, ਪ੍ਰੀਤਮ ਸਿੰਘ, ਰਾਮ ਸਿੰਘ, ਕਪੂਰ ਸਿੰਘ ਘੁੰਮਣ ਤੋਂ ਲੈ ਕੇ ਦੁਵਿਧਾ ਸਿੰਘ ਤੱਕ। ਕਿਸੇ ਕਾਵਿ-ਵਿਧਾ ‘ਤੇ ਕੋਈ ਰੋਕ ਬੰਦਿਸ਼ ਨਹੀਂ ਸੀ। ਫਿਰ ਦਿੱਲੀ ਤੋਂ ਡਾਕਟਰ ਸਤਿੰਦਰ ਨੂਰ, ਮੋਹਨਜੀਤ, ਰੇਡੀਉ ਤੋਂ ਜਸਵੰਤ ਦੀਦ ਤੱਕ ਤੇ ਅਜੋਕੇ ਬਹੁਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਦੋਸਤ ਵੀ ਕਦੇ ਨਾ ਕਦੇ ਆਏ ਹਨ, ਸਨ। ਇਹ ਸਭਾ ਹਰ ਤਰ੍ਹਾਂ ਦੇ ਹਾਲਾਤ ਵਿਚ ਕੋਈ 30 ਸਾਲ ਸਰਗਰਮ ਕਾਰਜਸ਼ੀਲ ਰਹੀ ਤੇ ਜ਼ੋਲੋਟੋ ਦੇ ਲਾਂਬੜੇ ਜਾਣ ਅਤੇ ਦਾਰ ਜੀ ਦੇ ਸਦਾ ਲਈ ਤੁਰ ਜਾਣ ਬਾਅਦ ਬੰਦ ਹੋ ਗਈ। ਸਭਾ ਵਲੋਂ 1990 ਦੇ ਕਰੀਬ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਨੁਮਾਇੰਦਾ ਬਣਾ ਕਿ ਭੇਜਿਆ ਗਿਆ। ਉਦੋਂ ਡਾਕਟਰ ਰਵਿੰਦਰ ਰਵੀ ਜਨਰਲ ਸਕੱਤਰ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਪ੍ਰਧਾਨ ਹੁੰਦੇ ਸਨ। ਉਦੋਂ ਇਕ ਸ਼ਹਿਰ ਵਿਚੋਂ ਇਕ ਸਭਾ ਹੀ ਕੇਂਦਰੀ ਸਭਾ ਨਾਲ ਜੋੜੀ ਜਾਂਦੀ ਸੀ ਤੇ ਇਹ ਮੁੱਦਾ ਚਰਚਾ ਵਿਚ ਵੀ ਆਇਆ ਕਿ ਜੌੜਾ ਵਾਲੀ ਸਭਾ ਨੂੰ ਮਾਣਤਾ ਕਿਉਂ ? ਜਵਾਬ ਡਾਕਟਰ ਰਵੀ ਤੇ ਪ੍ਰੋ ਪ੍ਰੀਤਮ ਸਿੰਘ ਦਿੱਤਾ ਕਿ ਸ਼ਹਿਰ ਫੈਲ ਗਏ ਹਨ ਤੇ ਲੇਖਕਾਂ ਦੀ ਗਿਣਤੀ ਵੀ, ਸੋ ਇਕ ਤੋਂ ਵੱਧ ਹੋ ਸਕਦੀਆਂ ਹਨ। ਸੋਧ ਕਰਕੇ ਇਹ ਮੱਦ ਜੋੜ ਦਿੱਤੀ ਗਈ ਤੇ ਮੈਂ ਵੀ ਸਰਗਰਮ ਹੋ ਗਿਆ। ਸੀ.ਪੀ ਆਈ. ਤੇ ਸੀ.ਪੀ.ਆਈ.[ਐਮ] ਵਿਰੁੱਧ ਚੋਣ ਲੜਣ ਦੀ ਸੋਚ ਲਈ, ਐਸ. ਤਰਸੇਮ ਤੇ ਤਾਰਾ ਸਿੰਘ ਸੰਧੂ ਕੋਲੋਂ ਦੋ ਚੋਣਾਂ ਹਾਰਿਆ ਵੀ। ਪਰ ਕੇਂਦਰੀ ਸਭਾ ਤੇ ਪਾਰਟੀਆਂ ਵਿਚ ਹਿਲਜੁਲ ਹੋ ਗਈ ਸੀ। ਅਗਲੀ ਚੋਣ ਵਿਚ ਜਿੱਤ ਗਿਆ, ਪ੍ਰਧਾਨ ਗੁਰਸ਼ਰਨ ਭਾਅ ਜੀ ਬਣੇ ਸਨ। ਮੈਂ ਦੋ ਵਾਰ ਜਨਰਲ ਸਕੱਤਰ ਤੇ ਇਕ ਵਾਰ ਪ੍ਰਧਾਨ ਬਣਿਆ। ਮੇਰੀ ਜਨਰਲ ਸਕੱਤਰੀ ਵੇਲੇ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ, ਚੰਡੀਗੜ੍ਹ ਵਿਚ ਕਰਵਾਈ ਗਈ, ਉਸ ਵੇਲੇ ਸੰਤੋਖ ਸਿੰਘ ਧੀਰ ਪ੍ਰਧਾਨ ਹੁੰਦੇ ਸਨ। ਭਰਵੀਂ ਕਾਨਫਰੰਸ ਕਈ ਪ੍ਰਾਪਤੀਆਂ ਕਰਕੇ ਚਰਚਾ ਦਾ ਵਿਸ਼ਾ ਰਹੀ। ਮੁੱਖ-ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਉਦਘਾਟਨ ਤੇ ਸਮਾਪਨ ਗਵਰਨਰ ਸੁਰਿੰਦਰ ਨਾਥ ਨੇ ਕੀਤਾ ਸੀ। ਇਹ 1997 ਵਰ੍ਹੇ ਦੀ ਗੱਲ ਹੈ।
 
ਟੀ.ਵੀ.-ਰੇਡੀਉ ‘ਤੇ ਕੋਈ 30 ਸਾਲ ਵਿਭਿੰਨ ਪ੍ਰੋਗਰਾਮਾਂ ਦਾ ਸੰਚਾਲਨ ਕਰਦਿਆਂ ਤਕਰੀਬਨ ਸਭ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਿਆਂ। 1990 ਤੋਂ ਬਾਅਦ ਅਖ਼ਬਾਰਾਂ ਵੀ ਜੁੜ ਗਈਆਂ। ਪਹਿਲਾਂ ਗੁਲਜ਼ਾਰ ਸੰਧੂ ਹੁਰਾਂ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਕਾਲਮ ‘ਦੂਰਦਰਸ਼ਨ’ ਸ਼ੁਰੂ ਕੀਤਾ, ਜੋ ਕੁਝ ਅਰਸੇ ਬਾਅਦ ‘ਦੂਰਦਰਸ਼ਨ-ਅਕਾਸ਼ਵਾਣੀ’ ਬਣ ਗਿਆ, ਅਲੋਚਨਾਤਮਕ ਕਾਲਮ ਸੀ। ਫਿਰ ‘ਨਵਾਂ ਜ਼ਮਾਨਾ ਵਿਚ ‘ਸੱਚੋ ਸੱਚ ਦੱਸ ਵੇ ਜੋਗੀ’ ਜੋ ਤਕਰੀਬਨ 8-10 ਵਰ੍ਹੇ ਚਲਿਆ ਤੇ ਫਿਰ ‘ਦੇਸ਼ ਸੇਵਕ’ ਵਿਚ ‘ਪਰਿਕਰਮਾ’ ਜੋ ਦੋਵੇਂ ਸਾਹਿਤਕ-ਸਭਿਆਚਾਰਕ ਸਰਗਰਮੀਆਂ ਤੇ ਉਸ ਪਿਛਲੇ ਕਿਰਿਆਸ਼ੀਲ ਸੱਚ ਬਿਆਨਦਾ ਸੀ।
ਇਸ ਤੋਂ ਪਹਿਲਾਂ ਪੰਜਾਬ ਤ੍ਰਾਸਦੀ ਦਾ ਦੌਰ ਵੇਖਿਆ, ਭੁਗਤਿਆ ਸੀ ਜਿਸ ਪਿੱਛੇ ਰਾਜਨੀਤੀ ਤੇ ਧਰਮ ਦੋਵੇਂ ਸਰਗਰਮ ਸਨ। ਉਸ ਵੇਲੇ ਪੰਜਾਬੀਆਂ ਨੇ ਬਹੁਤ ਸੰਤਾਪ ਹੰਢਾਇਆ, ਪਰ ਹਮਦਰਦੀ ਘੱਟ ਜਤਾਈ। ਤਸ਼ਦੱਦ, ਕਤਲ, ਲੁੱਟ, ਸ਼ੋਸ਼ਣ ਧਰਮ ਨਹੀਂ ਸਿਖਾਂਉਂਦਾ ਪਰ ਧਰਮ ਦੇ ਨਾਂ ‘ਤੇ ਇਹ ਖੇਡਾਂ ਖੇਡੀਆਂ ਗਈਆਂ ਨਤੀਜਾ ਪਛਤਾਵਾ ਤੇ ਸਿਫ਼ਰ। ਹਰ ਕੋਈ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਸੀ, ਪੰਜਾਬੀ ਰਹਿਤਲ ਵਾਲੀ ਸਾਂਝ, ਮੋਹ-ਮੁਹੱਬਤ, ਵਿਸ਼ਵਾਸ ਤਿੜਕ ਗਿਆ ਸੀ। ਹਾਂ, ਪੰਜਾਬੀ ਲੇਖਕ ਤੇ ਸਾਹਿਤ ਸੈਕੂਲਰ ਹੋਣ, ਰਹਿਣ ਦਾ ਵੱਡ-ਮੁੱਲਾ ਰੋਲ ਅਦਾ ਕਰਦਾ ਰਿਹਾ ਸੀ, ਜੋ ਜ਼ਿਕਰਯੋਗ ਪ੍ਰਾਪਤੀ ਸੀ। ਜੋ ਪਹਿਲਾਂ ਨਕਸਲਵਾਦੀ ਵਿਚਾਰਾਂ ਦੇ ਮੁੰਡੇ ਸਨ, ਇਸ ਦੌਰ ਵਿਚ ਸਿੱਖ ਖਾੜਕੂ ਬਣਦੇ ਵੇਖੇ ਸਨ। ਸਾਡੇ ਅੰਮ੍ਰਿਤਸਰ ਦੇ ਕੁਝ ਲੇਖਕ ਮਿੱਤਰ ਤੇ ਮੇਰੇ ਕੁਝ ਰਿਸ਼ਤੇਦਾਰ ਵੀ ਇਸ ਵਰਤਾਰੇ ਦੇ ਸ਼ਿਕਾਰ ਬਣੇ, ਹੋਏ ਸਨ।  ਤੁਹਾਡੇ ਸਾਰਿਆਂ ‘ਚੋਂ ਬਹੁਤੇ ਇਸ ਦੌਰ ਦੇ ਗਵਾਹ, ਦਰਸ਼ਕ ਤੇ ਜਾਣੂੰ ਹਨ, ਇਸ ਲਈ ਵਿਸਥਾਰ ਨਹੀਂ। ਇਹ ਵਾਦ-ਵਿਵਾਦੀ ਮੁੱਦਾ ਵੀ ਬਣ, ਹੋ ਸਕਦਾ ਹੈ। ਪਰ ਪੰਜਾਬ ਵਿਕਾਸ ਵਿਚ ਬਹੁਤ ਪਿੱਛੇ ਪੈ ਗਿਆ ਤੇ ਅੱਜ ਤੱਕ ਸੰਭਲ ਨਹੀਂ ਸਕਿਆ, ਦਾਅਵੇ ਭਾਵੇਂ ਕੁਝ ਪਏ ਹੋਣ, ਕਰਨ। ਪ੍ਰਤੀਫਲ ਵਿਚ ਕੁਝ ਸਾਹਿਤਕਾਰ ਮਿੱਤਰ ਗੁਆਣੇ ਵੀ ਪਏ ਸਨ , ਜਿਵੇਂ ਡਾਕਟਰ ਰਵੀ ਤੇ ਸੁਮੀਤ। ਮੈਨੂੰ ਯਾਦ ਹੈ ਪ੍ਰੀਤ ਨਗਰ ਆਉਂਦੇ-ਜਾਂਦੇ, ਰਹਿੰਦੇ ਮਨ ਵਿਚ ਡਰ-ਸਹਿਮ ਲੈ ਕੇ ਚੱਲਦੇ ਸਾਂ।
 
ਐਮਰਜੈਂਸੀ ਦਾ ਦੌਰ ਵੇਖਿਆ, ਕੁਝ ਅਨੁਭਵ ਵੀ ਕੀਤਾ। ਫਿਰ ਇੰਦਰਾ ਦਾ ਕਤਲ ਪ੍ਰਤਿਕਰਮ ਵਿਚ ਯੋਜਨਾਬੱਧ ਢੰਗ ਨਾਲ ਸਿੱਖਾਂ ਦਾ ਕਤਲ ਵੀ। ਉਨ੍ਹੀਂ ਦਿਨੀਂ ਦਿੱਲੀ ਵਿਚ ਬਾਕੀ ਬਚੇ ਨਿਸ਼ਾਨ ਅੱਖੀਂ ਵੇਖੇ ਵੀ ਤੇ ਕਈ ਬਾਹਰਲੇ ਸੂਬਿਆਂ ਤੋਂ ਉੱਜੜ ਕੇ ਆਇਆਂ ਨੂੰ ਮਿਲਣ ਦਾ ਮੌਕਾ, ਸਬੱਬ ਵੀ ਬਣਿਆ। ਉਨ੍ਹਾਂ ਦਹਿਲਾ ਦੇਣ ਵਾਲੇ ਵਰਨਣ-ਵੇਰਵੇ ਸੁਣਾਏ, ਦਿੱਤੇ ਵੀ। ਸੜਦੇ ਟਾਇਰ ਗਲਾਂ ਵਿਚ ਪੈਣ ‘ਤੇ ਤੜਪਣਾ, ਚੀਕਣਾ, ਕੁੜੀਆਂ-ਔਰਤਾਂ ਦਾ ਬੇਪੱਤ ਹੋਣਾ ਦਿਲ-ਕੰਬਾਊ ਵਰਨਣ ਤੇ ਵੱਡੇ ਦਰੱਖ਼ਤ ਦੇ ਡਿੱਗਣ ਨਾਲ ਤੁਲਨਾ ਅਬੋਧ, ਬੇਸਮਝੀ ਹੀ ਮਹਿਸੂਸ ਹੋਈ ਜਿਵੇਂ ਇਨਸਾਨ ਹੀਣਾ ਬਣ ਕੇ, ਹੋ ਕੇ ਰਹਿ ਗਿਆ ਹੋਵੇ। ਇਹੀ ਤਾਂ ਸੱਤਾ ਦਾ ਅੰਨ੍ਹਾ ਤਸ਼ਦੱਦ, ਜ਼ੁਲਮ ਹੁੰਦਾ ਹੈ। ਹਾਂ, ਇਨ੍ਹਾਂ ਵਰ੍ਹਿਆਂ ਵਿਚ ਹੀ ਸੱਤਾ ਭ੍ਰਿਸ਼ਟਾਚਾਰ, ਲੁੱਟ ਵੀ ਵੇਖੀ। ਜਲੰਧਰ ਵਿਚ ਮੇਰਾ ਇਕ ਦੋਸਤ ਜ਼ਿਲ੍ਹਾ ਟਰਾਂਸਪੋਰਟ ਅਫਸਰ (ਡੀ.ਟੀ.ਉ.) ਲੱਗ ਗਿਆ ਤਾਂ ਕੁਝ ਝਲਕ ਵੇਖੀ ਕਿ ਕਿਵੇਂ ਸੱਤਾ ਪ੍ਰਾਪਤੀ ਤੇ ਸਥਾਪਤੀ ਲਈ ਦਾਅ-ਪੇਚ ਵਰਤੇ ਜਾਂਦੇ ਹਨ। ਅਧਿਕਾਰੀ ਪ੍ਰਸ਼ਾਸ਼ਨ ਦੀ ਸਵੈ ਤੇ ਸਰਕਾਰ ਲਈ ਕੁਵਰਤੋਂ ਕਰਦੇ ਹਨ। ਮਾਧਿਅਮ ਵੀ ਅਧਿਕਾਰੀ ਹੀ ਬਣਾਏ ਜਾਂਦੇ ਹਨ ਤੇ ਅਧਿਕਾਰੀ ਕਿਵੇਂ ਉਸ ਵਿਚ ਦਾਅ ਮਾਰਦੇ ਹਨ। ਅਣਗਿਣਤ ਕਹਾਣੀਆਂ, ਖ਼ਬਰਾਂ, ਵੇਰਵੇ ਤੁਸੀਂ ਸਭਨਾਂ ਪੜ੍ਹੇ-ਸੁਣੇ ਹਨ, ਚਸਕਾ ਲੈ ਕੇ ਸੁਣਾਉਣੇ, ਮੇਰਾ ਮਕਸਦ ਨਹੀਂ।
ਜ਼ਿੰਦਗੀ ਇਕ ਨਾਟਕ ਹੀ ਹੈ ਤੇ ਜਿਸ ਵਿਚ ਵਿਭਿੰਨ ਪਾਤਰ ਵਿਭਿੰਨ ਕਿਰਦਾਰਾਂ ਦਾ ਅਭਿਨੈ ਕਰਦੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਹਾਸੇ-ਰੋਸੇ ਭਰਿਆ ਮੇਰਾ ਜੀਵਨ ਵੀ ਬੀਤਿਆ, ਕਦੇ ਚੰਗਾ ਤੇ ਕਦੇ ਮੰਦਾ। ਆਪਣਾ ਰੋਲ ਇਮਾਨਦਾਰੀ ਨਾਲ ਨਿਭਾਇਆ, ਕੁਝ ਨੇ ਸਲਾਹਿਆ ਤੇ ਕੁਝ ਨੇ ਨਕਾਰਿਆ ਵੀ। ਅਜਿਹੀ ਹਯਾਤੀ ਵਿਚ ਖਲਲ ਉਦੋਂ ਆਣ ਪਿਆ ਜਦੋਂ ਨਾਮੁਰਾਦ ਸਟਰੋਕ ਦਾ ਸ਼ਿਕਾਰ ਹੋ ਗਿਆ ਤੇ ਕੁਝ ਨਕਾਰਾ ਵੀ। ਆਉਣ-ਜਾਣ, ਤੁਰਨ-ਫਿਰਨ ਵਿਚ ਬਹੁਤ ਧੀਮਾ ਹੋ ਗਿਆ ਤੇ ਉਮਰਾਂ ਦੀ ਪ੍ਰਾਪਤੀ ਸਿਫਰ ਹੋ ਗਈ। ਨੇੜਲੇ ਮਿੱਤਰ ਪਿਆਰੇ ਬਹੁਤੇ ਮੂੰਹ ਫੇਰ ਗਏ, ਨਾ ਮਿਲਣ ਆਏ ਤੇ ਨਾ ਪਤਾ ਕਰਨ। ਮੇਰਾ ਦੋਸ਼ ੲਿਹ ਕਿ ਕਿਸੇ ਨੂੰ ਦੱਸ ਕੇ ਹਮਦਰਦੀ ਲੈਣ ਦਾ ਮੋਹ ਵੀ ਨਾ ਪਾਲਿਆ, ਰਿਹਾ ਅੜਬ ਦਾ ਅੜਬ ਹੀ। ਪ੍ਰਤਿਫਲ ਘਰ ਵਿਚ ਕੈਦ, ਕਦੇ ਜਲੰਧਰ ਤੇ ਕਦੇ ਪੂਨੇ ਦੇ ਗੇੜਾਂ ਵਿਚ।  ਬਹੁਤ ਸੰਖੇਪ ਵਿਚ ਇਹ ਸੀ ਮੇਰੀ ਜੀਵਨ-ਗਾਥਾ ਦੇ ਕੁਝ ਅੰਸ਼-ਵੇਰਵੇ। (ਖ਼ਤਮ)
-ਅਵਤਾਰ ਜੌੜਾ, ਜਲੰਧਰ


ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

1 thought on “ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-11

Leave a Reply

Your email address will not be published.