ਇਕਸੁਰਤਾ: ਪਰਮਬੀਰ ਕੌਰ

ਰੋਜ਼ੀ ਜਦੋਂ ਵੀ ਆਪਣੀ ਸਹੇਲੀ ਪਿੰਕੀ ਦੇ ਘਰ ਜਾਂਦੀ ਤਾਂ ਉਹ ਦੋਵੇਂ, ਉਹਨਾਂ ਦੇ ਕੋਠੇ ‘ਤੇ ਬਣੇ ਬਨੇਰੇ ਦੇ ਕੋਲ ਜਾ ਖੜ੍ਹੀਆਂ ਹੁੰਦੀਆਂ ਤੇ ਖ਼ੂਬ ਗੱਪਾਂ ਮਾਰਦੀਆਂ। ਪਿੰਕੀ ਹੋਰਾਂ ਦੇ ਬਿਲਕੁਲ ਨਾਲ ਲਗਦਾ ਘਰ ਕਾਫ਼ੀ ਵੱਡੇ ਸਾਰੇ ਤੇ ਕੱਚੇ ਵਿਹੜੇ ਵਾਲਾ ਸੀ। ਬਸ ਉਸਦੇ ਇਕ ਕੋਨੇ ਵਿਚ ਵੱਡਾ ਜਿਹਾ ਕੱਚਾ ਕਮਰਾ ਬਣਿਆ ਹੋਇਆ ਸੀ ਤੇ ਹੁਣ ਤਾਂ ਇਸ ਦੀ ਛੱਤ ਵੀ ਅੱਧੀ ਡਿਗ ਚੁੱਕੀ ਸੀ, ਬਾਕੀ ਦੀ ਅੱਧੀ ਅਜੇ ਉੱਪਰ ਖੜ੍ਹੀ ਸੀ, ਖ਼ਬਰੇ ਕਦੋਂ ਤੱਕ!ਇਸ ਮੋਕਲੇ-ਵੱਡੇ ਵਿਹੜੇ ਵਿੱਚ ਇਕ ਬਹੁਤ ਉੱਚਾ, ਕਾਫ਼ੀ ਫੈਲਾਅ ਵਾਲਾ ਤੇ ਇਕਦਮ ਸੁੱਕਿਆ ਹੋਇਆ ਰੁੱਖ ਖੜ੍ਹਾ ਸੀ। ਜਦੋਂ ਵੀ ਕੋਈ ਕਾਂ ਜਾਂ ਇੱਲ ਆਦਿ ਇਸ ਰੁੱਖ ਦੀ ਟੀਸੀ ਤੇ ਲੱਗੀ ਕਿਸੇ ਪਤਲੀ ਟਾਹਣੀ ਉੱਤੇ ਆ ਬੈਠਦੇ ਤਾਂ ਪਤਲੀਆਂ-ਬੇਜਾਨ ਟਾਹਣੀਆਂ ਕੜੱਕ-ਕੜੱਕ ਕਰਕੇ ਟੁੱਟਦੀਆਂ ਅਤੇ ਹੇਠਾਂ ਵਿਹੜੇ ਵਿੱਚ ਖਿਲਰ ਜਾਂਦੀਆਂ।

ਅਸਲ ਵਿੱਚ ਸਮੇਂ ਦੇ ਲੰਘਣ ਨਾਲ ਇਹ ਰੁੱਖ, ਪੱਤੇ ਅਤੇ ਪੂਰੀ ਦੀ ਪੂਰੀ ਛਿੱਲ ਤੱਕ ਆਪਣੀ ਪਛਾਣ ਹੀ ਗਵਾ ਬੈਠਾ ਸੀ। ਉਂਜ ਇਸ ਦੇ ਵੱਡੇ ਅਕਾਰ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਆਪਣੇ ਚੰਗੇ ਵੇਲਿਆਂ ਵਿੱਚ ਇਸ ਨੇ ਕਿੰਨੇ ਹੀ ਪੰਛੀਆਂ ਨੂੰ ਆਲ੍ਹਣੇ ਪਾਉਣ ਲਈ ਸੁਰੱਖਿਅਤ ਥਾਂ ਦਿੱਤੀ ਹੋਵੇਗੀ, ਘਰ ਦੇ ਜੀਆਂ ਨੇ ਇਸ ਦੀ ਠੰਡੀ ਛਾਂ ਮਾਣੀ ਹੋਵੇਗੀ, ਸੁਹਣੇ ਫੁੱਲਾਂ ਦੀ ਮਹਿਕ ਅਤੇ ਰਸੀਲੇ ਫਲਾਂ ਦਾ ਸੁਆਦ ਵੀ ਮਾਣੇ ਹੋ ਸਕਦੇ ਸਨ।ਖੰਡਰਨੁਮਾ ਉਸ ਕਮਰੇ ਇਕ ਬਹੁਤ ਬੁੱਢੀ ਔਰਤ ਕਲ-ਮਕੱਲੀ ਰਹਿੰਦੀ ਸੀ। ਉਸ ਨੇ ਸਦਾ ਘਸਮੈਲੇ ਜਿਹੇ ਕਪੜੇ ਪਾਏ ਹੁੰਦੇ ਸਨ। ਬੁੱਢੀ ਮਾਈ ਕਦੇ-ਕਦਾਈਂ ਸੋਟੀ ਦੇ ਸਹਾਰੇ ਤੁਰਦੀ ਦੋਵੇਂ ਸਹੇਲੀਆਂ ਦੇ ਨਜ਼ਰੀਂ ਪੈ ਜਾਂਦੀ। ਪਲਾਟ ਦੇ ਇਕ ਖੂੰਜੇ ਵਿੱਚ ਪੁਰਾਣੇ ਨਮੂਨੇ ਦਾ ਹੱਥ ਨਾਲ ਗੇੜਨ ਵਾਲਾ ਨਲਕਾ ਲੱਗਿਆ ਹੋਇਆ ਸੀ, ਜਿਥੋਂ ਬੁੱਢੀ ਮਾਈ ਲੋੜ ਪੈਣ ਤੇ ਔਖੀ-ਸੌਖੀ ਪਾਣੀ ਭਰ ਲੈਂਦੀ ਸੀ।ਰੋਜ਼ੀ ਜਦੋਂ ਵੀ ਇਸ ਘਰ ਵੱਲ ਵੇਖਦੀ ਤਾਂ ਉਹ ਉੱਥੇ ਮੌਜੂਦ ਬੁੱਢੀ ਔਰਤ, ਅੱਧ-ਡਿੱਗੇ ਕਮਰੇ ਅਤੇ ਸੁੱਕੇ ਰੁੱਖ ਦੀ ਸਮਾਨਤਾ ਬਾਰੇ ਸੋਚ ਕੇ ਹੈਰਾਨ ਜਿਹੀ ਹੋ ਜਾਂਦੀ। ਉਸ ਨੂੰ ਯਕੀਨ ਨਾ ਆਉਂਦਾ ਕਿ ਕਿਵੇਂ ਸਬੱਬ ਨਾਲ ਇਹ ਸਾਰੇ ਇੱਕੋ ਜਿਹੇ,ਐਨ ਉਸੇ ਥਾਂ ਤੇ ਇਕੱਠੇ ਹੋ ਗਏ ਹੋਣਗੇ। ਫਿਰ ਇਸੇ ਤਰ੍ਹਾਂ ਸੋਚਦਿਆਂ ਹੋਇਆਂ ਉਸ ਨੂੰ ਜਾਪਣ ਲੱਗ ਪੈਂਦਾ ਕਿ ਜਿਵੇਂ ਇਹ ਸਾਰੇ ਸਮਾਂ ਪਾ ਕੇ ਇਕਸਾਰ ਹੋਣ ਦੇ ਨਾਲ-ਨਾਲ ਇਕਸੁਰ ਵੀ ਹੋ ਗਏ ਹੋਣ! ‘ਚੁੱਪ’ ਹੀ ਸਭਨਾਂ ਦੀ ਸਾਂਝੀ ਬੋਲੀ ਸੀ। ਨਾ ਹੀ ਰੁੱਖ ਤੇ ਕੋਈ ਪੱਤੇ ਸਨ ਜੋ ਹਵਾ ਦੇ ਆਉਣ ਤੇ ਕੋਈ ਸਰਸਰਾਹਟ ਪੈਦਾ ਕਰਦੇ, ਨਾ ਕਮਰੇ ਦਾ ਕੋਈ ਬੂਹਾ ਹੀ ਸੀ ਜਿਥੇ ਜੇ ਕੋਈ ਹੋਰ ਨਹੀਂ ਤਾਂ ਕਦੇ ਹਵਾ ਹੀ ਦਸਤਕ ਦੇ ਜਾਂਦੀ ਤੇ ਨਾ ਹੀ ਬੁੱਢੀ ਮਾਈ ਕਿਸੇ ਕਿਸਮ ਦੀ ਅਵਾਜ਼ ਕਰਦੀ ਸੀ। ਪ੍ਰਤੀਤ ਹੁੰਦਾ ਸੀ ਕਿ ਸਾਰੇ ਹੀ ਆਪੋ-ਆਪਣੇ ਅੰਦਰ ਦੇ ਨਾਲ ਚੁੱਪ-ਚੁਪੀਤੇ ਸੰਵਾਦ ਰਚਾਉਣ ਦੇ ਆਦੀ ਹੋ ਗਏ ਸਨ।ਰੋਜ਼ੀ ਦੇ ਮਨ ਵਿੱਚ, ਬੁੱਢੀ ਮਾਈ ਦੇ ਪਰਿਵਾਰ ਬਾਰੇ ਕਈ ਸਵਾਲ ਉਠ ਖੜ੍ਹੇ ਹੁੰਦੇ ਤੇ ਉਹ ਸੋਚੀਂ ਪੈ ਜਾਂਦੀ। ਆਖ਼ਰ ਉਹ ਇਸ ਬਾਰੇ ਆਪਣੀ ਸਹੇਲੀ ਤੋਂ ਪੁੱਛੇ ਬਿਨਾਂ ਰਹਿ ਨਾ ਸਕੀ। ਪਿੰਕੀ ਨੇ ਦੱਸਿਆ ਕਿ ਪਿਛਲੇ ਜਿੰਨੇ ਸਾਲਾਂ ਤੋਂ ਉਹ ਇੱਥੇ ਰਹਿ ਰਹੇ ਸਨ, ਉਨ੍ਹਾਂ ਨੇ ਤਾਂ ਉਥੇ ਕੋਈ ਆਵਾਜਾਈ ਨਹੀਂ ਵੇਖੀ। ਰੋਜ਼ੀ ਦੇ ਮਨ ਵਿੱਚ ਖ਼ਿਆਲ ਆਇਆ ਕਿ ਮਾਵਾਂ ਤਾਂ ‘ਘਣਛਾਵਾਂ ਬੂਟਾ’ ਤੇ ‘ਠੰਡੀਆਂ ਛਾਂਵਾਂ’ ਹੁੰਦੀਆਂ ਹਨ. ਪਰ ਇਥੋਂ ਦੀਆਂ ਛਾਂਵਾਂ ਮਾਣਨ ਵਾਲੇ ਪਤਾ ਨਹੀਂ ਕਿਵੇਂ ਗਾਇਬ ਸਨ! -ਪਰਮਬੀਰ ਕੌਰ, ਲੁਧਿਆਣਾ

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ


Posted

in

by

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com