ਦੋ ਗ਼ਜ਼ਲਾਂ: ਮਨਜੀਤ ਕੋਟੜਾ

1

ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਨਾ ਜੰਗਲ ਨੂੰ, ਮੁਕਤੀ ਦੇ ਗੀਤ ਸੁਣਾਇਆ ਕਰ ।
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।
ਜੋ ਠੋਕਰ ਦੇ ਕਾਬਲ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।
ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।
2
ਪਤਝੜ ਵੀ ਹੈ,ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ।
ਸੁੱਕੇ ਟਾਹਣੇ, ਜ਼ਰਦ ਪੱਤਿਆਂ ‘ਤੇ ਕਾਹਦਾ ਗਿਲਾ।
ਬਾਜ਼ਾਰੋਂ ਲੈ ਆਇਉਂ ਕਾਗ਼ਜ਼ਾਂ ਦੀਆਂ ਪੰਖੜੀਆਂ ,
ਚਲ ਅੱਜ ਦੀ ਘੜੀ ਤੂੰ ਵੀ ਤਾਂ ਕੋਈ ਗੁਲ ਖਿਲਾ।
ਉਹ ਵੀ ਤਾਂ ਕਰ ਗਿਆ ਟੁਕੜੇ ਸਾਡੇ ਵਜੂਦ ਦੇ,
ਹੁੰਦਾ ਸੀ ਜਿਸ ਨੂੰ ਸਾਡੇ ਖਿੰਡ ਜਾਣ ਦਾ ਤੌਖਲਾ।
ਬਣ ਜਾਂਦੀ ਮੇਰੀ ਪਿਆਸ ਮੇਰੇ ਖ਼ਾਬਾਂ ਦੇ ਹਾਣ ਦੀ,
ਜੇ ਹੁੰਦਾ ਨਾਲ ਮੇਰੇ ਦੋ ਕਦਮ ਤੁਰਨ ਦਾ ਹੌਸਲਾ।
ਕਿੰਨਾ ਸੀ ਬੁਜ਼ਦਿਲ, ਮੇਰੇ ਲਈ ਮਰ ਗਿਆ ਜੋ,
ਜਿਉਂ ਸਕਿਆ ਨਾ ਮੇਰੇ ਲਈ,ਏਹੋ ਰਿਹਾ ਗਿਲਾ।
ਮੇਰੇ ਅੰਦਰ-ਬਾਹਰ, ਚਾਰ -ਚੁਫੇਰੇ ਜ਼ਹਿਰ ਹੈ,
ਜੇ ਮਾਰਨਾ ਚਾਹੇਂ, ਅੰਮ੍ਰਿਤ ਦੀ ਕੋਈ ਬੂੰਦ ਪਿਲਾ।
ਸ਼ਹਿਰ ‘ਚ ਬਣ ਰਹੀ ਮੁਰਲੀ ਵਾਲੇ ਦੀ ਮੂਰਤੀ,
ਸ਼ਹਿਰ ਚ’ ਵਸਤਰ ਹਰਨ ਹੋ ਰਹੀ ਹੈ ਅਬਲਾ।
ਸਮੇਂ ਦੇ ਤੁਫ਼ਾਨ ਅੱਗੇ ਚੱਲਿਆ ਕਿਸ ਦਾ ਜ਼ੋਰ ਸੀ,
ਕਿ ਖੋਖਲੇ ਦਰੱਖ਼ਤਾਂ ਨਾਲ ਲਿਪਟ ਗਿਆ ਕਾਫ਼ਲਾ।
-ਮਨਜੀਤ ਕੋਟੜਾ

Posted

in

, , ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com