ਰਾਜਮੋਹਨ ਗਾਂਧੀ ਦੀ ਕਿਤਾਬ । ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ । ਹਰਪਾਲ ਸਿੰਘ ਪੰਨੂ

ਮਹਾਤਮਾ ਗਾਂਧੀ ਦੇ ਪੋਤੇ ਪ੍ਰੋ ਰਾਜਮੋਹਨ ਗਾਂਧੀ ਨੇ ਪੰਜਾਬ ਬਾਰੇ ਬੜੀ ਖੋਜ ਭਰਪੂਰ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ’ ਲਿਖੀ ਹੈ, ਜੋ ਗੁਜਰਾਤੀ ਮੂਲ ਦੇ ਹਨ। ਪੁਸਤਕ ਦੀ ਪਹਿਲੇ ਇਤਿਹਾਸਕਾਰਾਂ ਨਾਲੋਂ ਵਿਲੱਖਣਤਾ ਨੂੰ ਦਰਸਾਉਂਦਾ ਲੇਖ ਹਰਪਾਲ ਪੰਨੂੰ ਜੀ ਨੇ ਲਿਖਿਆ ਹੈ ਜਿਨ੍ਹਾਂ ਨੇ ਇਹ ਪੁਸਤਕ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ। -ਵਰਿੰਦਰ ਦੀਵਾਨਾ

ਸਾਲ 2013 ਵਿਚ ਰੂਪਾ ਪਬਲਿਸ਼ਰਜ਼ ਨੇ ਪ੍ਰੋ. ਰਾਜਮੋਹਨ ਗਾਂਧੀ ਦੀ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ’ ਛਾਪੀ, ਰਿਲੀਜ਼ ਹੋਣ ਦੀ ਖਬਰ ਪੜ੍ਹੀ। ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਕੇਵਲ ਜਾਣੂ ਨਹੀਂ, ਪ੍ਰਭਾਵਿਤ ਹਾਂ। ਉਹ ਘਟਨਾਵਾਂ ਦੂਰ ਤੋਂ ਦੇਖਦੇ ਹਨ, ਜੋੜ ਘਟਾ ਕਰਨ ਵਕਤ, ਨਤੀਜੇ ਕੱਢਣ ਵਕਤ ਕਾਹਲ ਨਹੀਂ ਕਰਦੇ, ਦਾਅਵਾ ਨਹੀਂ ਕਰਦੇ, ਉਨ੍ਹਾਂ ਦੇ ਨਤੀਜੇ ਠੀਕ ਹਨ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਵਿਚ ਵਕਾਲਤ ਨਹੀ ਕਰਦਾ; ਜਿਸ ਨੇ ਉਸ ਦੀ ਕੁਦਰਤ ਜਿਵੇਂ ਦੇਖੀ ਸੋ ਭਲਾ। ਕਿਸੇ ਨੂੰ ਮਾਂਹ ਬਾਦੀ, ਕਿਸੇ ਨੂੰ ਮਾਂਹ ਸੁਆਦੀ।
ਕਿਤਾਬ ਮੰਗਵਾਈ ਅਤੇ ਪੜ੍ਹੀ। ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਬੀ ਪੰਜਾਬ ਦੇ ਲੇਖਕਾਂ, ਇਤਿਹਾਸਕਾਰਾਂ ਨੇ 1947 ਤੋਂ ਬਾਅਦ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਵਿਚ ਹਿੰਦੂ-ਸਿੱਖ, ਦੋਵੇਂ ਦ੍ਰਿਸ਼ਟੀਕੋਣ ਸਾਹਮਣੇ ਆਏ ਪਰ ਪਿਛਲੇ ਸਾਢੇ ਛੇ ਦਹਾਕਿਆਂ ਤੋਂ ਪੱਛਮੀ ਪੰਜਾਬ ਵਿਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਅਤੇ ਲਿਖਿਆ ਜਾ ਰਿਹਾ ਹੈ, ਉਸ ਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ। ਉਹ ਇਤਿਹਾਸ ਕਿਸ ਜ਼ਾਵੀਏ ਤੋਂ ਲਿਖਿਆ ਜਾ ਰਿਹਾ ਹੈ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸ੍ਰੋਤ ਹਨ, ਉਨ੍ਹਾਂ ਸਾਹਮਣੇ ਲੰਡਨ ਆਰਕਾਈਵਜ਼ ਹੈ ਤੇ ਲਾਹੌਰ ਆਰਕਾਈਵਜ਼ ਵੀ। ਲੰਡਨ ਆਰਕਾਈਵਜ਼ ਅਤੇ ਲਾਹੌਰ ਆਰਕਾਈਵਜ਼ ਸਾਹਮਣੇ ਰਾਜਮੋਹਨ ਗਾਂਧੀ ਹੈ ਜਿਸ ਨੇ ਸਮੱਗਰੀ ਦੀ ਚੋਣ ਕਰਦਿਆਂ ਦੂਰ-ਦ੍ਰਿਸ਼ਟੀ, ਗਹਿਰਾਈ ਅਤੇ ਨਿਰਪੱਖਤਾ ਤੋਂ ਕੰਮ ਲਿਆ।
ਕਿਤਾਬ ਪੜ੍ਹ ਕੇ ਮੈਂ ਇਸ ਉਪਰ ਰਿਵੀਊ ਆਰਟੀਕਲ ਲਿਖਿਆ ਜੋ ਅਖਬਾਰਾਂ ਰਿਸਾਲਿਆਂ ਨੇ ਛਾਪਿਆ। ਰਿਵੀਊ ਛਪਣ ਸਾਰ ਅਣਗਿਣਤ ਫ਼ੋਨ ਅਤੇ ਪੱਤਰ ਮਿਲੇ। ਮੰਗ ਕੀਤੀ ਗਈ ਕਿ ਇਸ ਨੂੰ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰ ਕੇ ਛਪਵਾਉ। ਦਿਲ ਮੇਰਾ ਵੀ ਕਰਦਾ ਸੀ ਪਰ ਸਾਢੇ ਚਾਰ ਸੌ ਪੰਨਿਆਂ ਦੀ ਕਿਤਾਬ ਦਾ ਅਨੁਵਾਦ, ਸਮਾਂ ਅਤੇ ਮਿਹਨਤ ਮੰਗੇਗਾ। ਪ੍ਰੋ. ਗਾਂਧੀ ਗੁਜਰਾਤ ਮੂਲ ਦੇ ਹੋ ਕੇ ਪੰਜਾਬ ਦਾ ਇਤਿਹਾਸ ਲਿਖਣ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਹਨ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਯਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ?
ਅਫ਼ਸੋਸ ਕਿ ਪੰਜਾਬੀਆਂ ਵਾਸਤੇ ਲਿਖਿਆ ਅੰਗਰੇਜ਼ੀ ਵਿਚ ਪੰਜਾਬ ਦਾ ਇਤਿਹਾਸ 90 ਫੀਸਦੀ ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ, ਉਹ ਅੰਗਰੇਜ਼ੀ ਨਹੀਂ ਜਾਣਦੇ, ਅੰਗਰੇਜ਼ੀ ਜਾਣਨ ਵਾਲਿਆਂ ਦੀ ਇਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹਥਲੀ ਕਿਤਾਬ ਉਪਰ ਨਾ ਫ਼ੋਨ ਨੰਬਰ, ਨਾ ਈਮੇਲ ਕੀ ਕਰੀਏ? ਸੋਚਿਆ- ਮੇਰੀ ਵੈਬਸਾਈਟ ਹੋ ਸਕਦੀ ਹੈ ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ? ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਰਾਹੀਂ ਪ੍ਰਵਾਨਗੀ ਲਈ ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਨ੍ਹਾਂ ਦੇ ਸੈਕਟਰੀ ਨੇ ਜਵਾਬ ਦਿੱਤਾ- ਮੇਲ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫਤਰ ਨਹੀਂ ਪੁੱਜੇ। ਜਦੋਂ ਆਏ, ਤੁਹਾਡੀ ਮੇਲ ਦਿਖਾ ਕੇ ਉਨ੍ਹਾਂ ਨਾਲ ਇਸ ਮਸਲੇ ‘ਤੇ ਗੱਲ ਕਰਾਂਗਾ; ਜੋ ਫੈਸਲਾ ਹੋਇਆ, ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਗਾਂਧੀ ਜੀ ਦੀ ਮੇਲ ਆ ਗਈ, ਲਿਖਿਆ ਸੀ- ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ, ਪ੍ਰੋਫੈਸਰ ਦਾ ਫਰਜ਼ ਬਣਦਾ ਸੀ ਸਕੱਤਰ ਦਾ ਨਹੀਂ; ਪਰ ਸਕੱਤਰ ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਏਗੀ, ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਵਿਚ ਛਪੇ। ਠੀਕ ਲੱਗੀ ਕਿਤਾਬ? ਮੈਂ ਜਵਾਬ ਵਿਚ ਲਿਖਿਆ- ਜੇ ਮੈਨੂੰ ਕੋਈ ਕਹੇ- ਗੁਜਰਾਤ ਦਾ ਇਤਿਹਾਸ ਲਿਖੇਂਗਾ? ਮੈਂ ਉਤਰ ਦਿਆਂ- ਗੁਜਰਾਤ ਦਾ ਇਤਿਹਾਸ ਤਾਂ ਦਰ ਕਿਨਾਰ, ਮੈਥੋਂ ਤਾਂ ਸਹੀ ਤਰ੍ਹਾਂ ਪੰਜਾਬ ਦਾ ਇਤਿਹਾਸ ਨਹੀਂ ਲਿਖਿਆ ਜਾਣਾ।
ਆਪਣੇ ਰਿਵੀਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪਿਛਲੇ ਸਾਲ 2013 ਵਿਚ ਪਤਾ ਲੱਗਾ, ਉਹ ਦਿੱਲੀ ਆਏ ਹੋਏ ਹਨ। ਫ਼ੋਨ ਕਰ ਕੇ ਮਿਲਣ ਚਲਾ ਗਿਆ। ਉਨ੍ਹਾਂ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰ ਹੋ ਗਿਆ। ਰਾਜਮੋਹਨ ਗਾਂਧੀ ਨੇ ਕਿਤਾਬ ਵਿਚ ਕੁਝ ਅਜਿਹੇ ਪਹਿਲੂ ਛੋਹੇ ਹਨ ਜਿਨ੍ਹਾਂ ਬਾਰੇ ਪਹਿਲੇ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਕਾਰਨ ਆਪਣੇ ਬਾਬੇ ਨਾਲ ਨਾ ਰਿਆਇਤ ਕੀਤੀ, ਨਾ ਉਨ੍ਹਾਂ ਦੀ ਬੇਵਸੀ ਉਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਵਿਚ ਅਤੇ ਉਸ ਤੋਂ ਪਿਛੋਂ ਮਹਾਤਮਾ ਜੀ ਅਲਗ-ਥੱਲਗ, ਇਕੱਲੇ ਰਹਿ ਗਏ ਸਨ, ਸਾਰੇ ਫੈਸਲੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਨ੍ਹਾਂ ਨੇ ਲਾਰਡ ਮਾਊਂਟਬੈਟਨ ਨੂੰ ਪੱਤਰ ਵਿਚ ਆਖਰ ਲਿਖ ਦਿੱਤਾ ਸੀ- ਮੇਰੇ ਨਾਲ ਅਬਦੁਲ ਗ਼ਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ। ਆਪਣੇ ਸਲਾਹਕਾਰਾਂ ਦੀ ਲਿਸਟ ਵਿਚੋਂ ਹੁਣ ਮੇਰਾ ਨਾਮ ਕੱਟ ਦਿਉ।
ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ- “ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬਣ ਲੱਗਿਆ, ਉਦੋਂ ਬਹੁ-ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ ਉਪਰ ਭਾਰਤ ਤੋਂ ਵੱਖ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉਪਰ ਭਾਰਤ ‘ਤੇ ਪਾਕਿਸਤਾਨ ਵਿਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਹਨ। ਔਰੰਗਜ਼ੇਬ ਤੋਂ ਸ਼ੁਰੂ ਕਰ ਕੇ ਦੇਸ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ।”
ਪ੍ਰੋ. ਗਾਂਧੀ ਲਿਖਦੇ ਹਨ- ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ-ਗਿਣਤੀ ਸਿੱਖਾਂ ਦੇ ਨਾਲ ਨਾਲ ਪ੍ਰਛਾਵੇਂ ਵਾਂਗ ਗੁੰਮਨਾਮੀ ਵਿਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਉਨ੍ਹਾਂ ਦੀਆਂ ਉਮੀਦਾਂ, ਡਰ, ਇਰਾਦੇ ‘ਤੇ ਜਦੋਜਹਿਦ ਕਿਹੋ ਜਿਹੇ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਚਾਹੀਦੇ ਹਨ। ਆਖਰ ਪੰਜਾਬ ਵੰਡਣ ਦਾ ਫੈਸਲਾ ਹੋ ਗਿਆ। ਪੰਜਾਬ ਨੂੰ ਕਿਥੋਂ ਵੱਢਣਾ ਟੁੱਕਣਾ ਹੈ, ਇਹ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ- ਨਹਿਰੂ, ਪਟੇਲ ਅਤੇ ਜਿਨਾਹ। ਇਨ੍ਹਾਂ ਤਿੰਨਾਂ ਵਿਚੋਂ ਕੋਈ ਪੰਜਾਬੀ ਨਹੀਂ। ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ? ਪੰਜਾਬ ਵੰਡ ਲਈ ਜ਼ਿੰਮੇਵਾਰ ਗ਼ੈਰ-ਪੰਜਾਬੀ ਨਾਂਵਾਂ ਨੂੰ ਪੜ੍ਹ ਕੇ ਲੱਗਾ, ਇਹ ਪੰਜਾਬ ਉਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ।
ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਵਿਚ ਹਨ੍ਹੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸ ਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਵਿਚ ਜੱਲ੍ਹਿਆਂਵਾਲੇ ਬਾਗ ਦੀ ਘਟਨਾ ਹੋ ਚੁੱਕੀ ਸੀ। ਪੰਜਾਬ ਵਿਚ ਕਾਂਗਰਸ ਦਾ ਨਹੀਂ, ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ ਜਿਸ ਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਵਿਚ ਜਿਨਾਹ ਦੇ ਪਿੱਛੇ ਲੱਗ ਕੇ ਪੰਜਾਬੀ ਮੁਸਲਮਾਨ ਪਾਕਿਸਤਾਨ ਕਿਉਂ ਮੰਗਣ ਲੱਗੇ ਜਦੋਂ ਕਿ ਜਿਨਾਹ ਨਾ ਪੰਜਾਬੀ ਸੀ, ਨਾ ਉਸ ਦੀ ਮੁਸਲਿਮ ਲੀਗ ਦੀ ਸ਼ੁਰੂ ਦੇ ਦਿਨਾਂ ਵਿਚ ਪੰਜਾਬੀ ਵਿਚ ਕੋਈ ਸਾਖ ਸੀ?
ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ ਪਰ ਹਿੰਸਾ ਕਿਉਂ ਹੋ ਗਈ, ਉਹ ਵੀ ਥੋਕ ਵਿਚ? ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੋਈ, ਫਿਰ ਸਿੱਖ-ਮੁਸਲਮਾਨ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਕਿਉਂ ਹੋ ਗਏ? ਇਹ ਕਿਤਾਬ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਦੀ ਹੈ। ਗੁਲਾਮ ਬੰਸ, ਲੋਧੀ ਬੰਸ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉਪਰ ਇਤਬਾਰ ਨਹੀਂ ਕੀਤਾ, ਨਾ ਉਨ੍ਹਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਨ੍ਹਾਂ ਨੂੰ ਪੰਜਾਬ ਦੀ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਈਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਨ੍ਹਾਂ ਦੇਸਾਂ ਦਾ ਹੁੰਦਾ। ਸ਼ਾਹੀ ਫਰਮਾਨ ਸੀ ਕਿ ਜਿਹੜੇ ਹਿੰਦੂ, ਦੀਨ ਬਦਲ ਕੇ ਮੁਸਲਮਾਨ ਹੋਏ ਹਨ, ਉਨ੍ਹਾਂ ਨੂੰ ਫੌਜ ਵਿਚ ਭਰਤੀ ਨਹੀਂ ਕਰਨਾ। ਇਉਂ ਇਨ੍ਹਾਂ ਹਾਲਾਤ ਵਿਚ ਪੰਜਾਬੀ ਮੁਸਲਮਾਨ ਦਿਨ ਕਟੀ ਕਰ ਰਿਹਾ ਸੀ ਕੇਵਲ; ਵੱਡੇ ਫੈਸਲਿਆਂ ਵਿਚ ਉਸ ਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖਤ ਵਾਸਤੇ ਜਦੋਂ ਖਾਨਾਜੰਗੀ ਹੁੰਦੀ, ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ, ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ।
ਇਸ ਖ਼ੂਨੀ ਦੌਰ ਵਿਚ ਕਿਧਰੇ ਇਕਾਂਤ ਵਿਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ। ਲਹੂ-ਲੁਹਾਣ ਪੰਜਾਬ ਵਿਚ ਹਰ ਇਕ ਬੰਦਾ ਹੀਰ ਰਾਂਝੇ ਵਾਂਗ ਵਿਜੋਗ ਵਿਚ ਜ਼ਖਮੀ ਸੀ, ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ। ਕਤਲੋਗਾਰਤ ਵਿਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ? ਵਾਰਸ ਦੇ ਕਿੱਸੇ ਵਿਚ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ, ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ। ਹੀਰ ਦਾ ਵਿਰਲਾਪ ਅਠਾਹਰਵੀਂ ਸਦੀ ਦੇ ਪੰਜਾਬ ਦਾ ਰੁਦਨ ਹੈ। ਘਰ-ਘਰ ਵਿਚ ਵੈਣ ਪੈ ਰਹੇ ਸਨ। ਰਾਜ ਕਰਨਾ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ, ਪਿਆਰ ਕਰਨਾ ਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੁਰ ਹੈ। ਇਹ ਦੋਵੇਂ ਅਨੁਭਵ ਇਕੋ ਧਾਗੇ ਦੇ ਦੋ ਸਿਰੇ ਹਨ। ਵਾਰਸ ਨੇ ਪੰਜਾਬੀਆਂ ਨੂੰ ਰੁਦਨ/ਵਿਰਲਾਪ ਵਾਸਤੇ ਬੋਲ ਦੇ ਦਿੱਤੇ। ਮਨ ਦੇ ਪਰਦੇ ਉਪਰ ਘੋੜਿਆਂ ਦੀਆਂ ਟਾਪਾਂ, ਖੂਨ ਨਾਲ ਲਥ-ਪਥ ਜ਼ਮੀਨ ‘ਤੇ ਡਿਗਦੀਆਂ ਲਾਸ਼ਾਂ ਪਿਛੋਂ ਹੀਰ ਦੇ ਸੁਰ ਉਤਰੇ।
1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ? ਇਸ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਹਨ- ਸਿੱਖਾਂ ਦੇ ਮਨ ਵਿਚ ਮੁਸਲਮਾਨਾਂ ਵਿਰੁੱਧ ਗੁੱਸਾ ਹੈ, ਕਿਉਂਕਿ ਉਨ੍ਹਾਂ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਜਦੋਂ ਵਾਹ ਲੱਗੀ, ਬਦਲੇ ਵੀ ਲਏ। ਕਿਸੇ ਧਰਮ, ਜਾਤ ਦਾ ਹੋਵੇ; ਪੰਜਾਬੀ, ਗ਼ੈਰ-ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਵਿਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ, ਉਹ ਪੂਰਬੀਏ ਹਨ; ਉਹੋ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਵਿਚ ਥੋੜ੍ਹੇ ਸਾਲ ਪਹਿਲਾਂ ਪੰਜਾਬ ਲੁੱਟਿਆ ਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਆਸ ਨਾਲ ਹਥਿਆਰਬੰਦ ਕਰ ਦਿੱਤਾ ਕਿ ਜੇ ਇਹ ਹਥਿਆਰ ਕਦੀ ਚੱਲੇ ਵੀ, ਇਕ-ਦੂਜੇ ਦੇ ਖਿਲਾਫ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ।
ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਤੇ ਮੁਸਲਮਾਲ, ਦੀਨ ਦੇ ਪੱਕੇ ਮੋਮਿਨ ਹੋਣ। ਸਿੱਖ ਲਈ ਸਾਬਤ ਸੂਰਤ ਰਹਿਣਾ ਅਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸ ਨੂੰ ਫੁੰਡਣ ਲਈ ਤਿਆਰ-ਬਰ-ਤਿਆਰ ਰਹੇ। ਇਕ ਧਿਰ ਦਾ ਦੂਜੀ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰਿਆਂ ਦੀਆਂ ਵਫਾਦਾਰ ਰਹਿਣਗੀਆਂ।
ਗ਼ੈਰ-ਪੰਜਾਬੀ ਮੁਸਲਮਾਨ ਆਪਣੇ ਨਾਂਵਾਂ ਨਾਲ ਪੈਗੰਬਰਾਂ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ-ਗੋਤ, ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਰੁਤਬਾ ਵਧਦਾ ਦਿਖਾਈ ਦਿੰਦਾ; ਜਿਵੇਂ ਸੱਯਦ, ਕੁਰੈਸ਼ੀ, ਅਲਵੀ, ਸਿਦੀਕੀ, ਫਾਰੂਖੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਂਵਾਂ ਨਾਲ ਸਥਾਨਕ ਗੋਤ ਲਾਏ ਜਿਵੇਂ ਨੂਨ, ਟਿਵਾਣਾ, ਮਿਨਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ ਆਦਿਕ। ਉਨ੍ਹਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਵਿਚੋਂ ਕਿਉਂ ਨਾ ਮੰਨਿਆ? ਕਿਉਂਕਿ ਉਸ ਖਾਨਦਾਨ ਵਿਚੋਂ ਉਹ ਹੈ ਈ ਨਹੀਂ ਸਨ। ਨਾਲੇ ਉਨ੍ਹਾਂ ਦਾ ਕਹਿਣਾ ਸੀ- ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਹਨ ਜੋ ਅਸੀਂ ਖਾਹਮਖਾਹ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ? ਜੱਟ ਅਤੇ ਰਾਜਪੂਤ ਅਖਵਾਉਣ ਵਿਚ ਕੀ ਹਰਜ?
ਸਮਾਜ ਸੁਧਾਰਕ ਧਾਰਮਿਕ ਲਹਿਰਾਂ 1857 ਦੇ ਗਦਰ ਪਿਛੋਂ ਕਿਉਂ ਸ਼ੁਰੂ ਹੋਈਆਂ, ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ ਹੈ- ਸਿੱਖ ਸੋਚਣ ਲੱਗੇ, ਸਰਕਾਰ ਖਾਲਸਾ ਦੇ ਸਮੇਂ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਣਜੀਤ ਸਿੰਘ ਦੇ ਰਾਜ ਵਿਚ ਬਹੁਤ ਹਿੰਦੂ ਰਸਮਾਂ-ਰੀਤਾਂ ਹੁੰਦੀਆਂ ਸਨ। ਰਣਜੀਤ ਸਿੰਘ ਅਤੇ ਉਸ ਦੇ ਅਹਿਲਕਾਰ, ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗਾ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰ ਕੇ ਟੁੱਟੀ, ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ ਫੇਲ੍ਹ ਹੋਣਾ ਹੀ ਸੀ, ਕਿਉਂਕਿ ਇਸ ਦਾ ਲੀਡਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਭ੍ਰਿਸ਼ਟ ਸੀ। ਭਵਿੱਖ ਸੰਵਾਰਨ ਲਈ ਕੇਵਲ ਇਕ ਰਸਤਾ ਬਚਦਾ ਹੈ, ਅੰਗਰੇਜ਼ਾਂ ਦੇ ਵਫਾਦਾਰ ਰਹਿ ਕੇ ਚੰਗੇ ਮੁਸਲਮਾਨ ਬਣੋ।
ਸਿੱਖਾਂ ਅਤੇ ਮੁਸਲਮਾਨਾਂ ਨਾਲੋਂ ਹਿੰਦੂ, ਅੰਗਰੇਜ਼ੀ ਰਾਜ ਦੇ ਵਧੀਕ ਹਮਾਇਤੀ ਸਨ ਕਿਉਂਕਿ ਅੰਗਰੇਜ਼ਾਂ ਨੇ ਮੁਗਲ ਰਾਜ ਤੋਂ ਖਹਿੜਾ ਛੁਡਵਾਇਆ। ਹਿੰਦੂ ਵਰਗ ਨੂੰ ਲੱਗਾ ਹੁਣ ਵਪਾਰ ਵਿਚ ਵੀ ਵਧੀਕ ਚੰਗੀਆਂ ਸੰਭਾਵਨਾਵਾਂ ਹਨ ਤੇ ਸਕੂਲੀ ਵਿਦਿਆ ਕੰਮ ਆਏਗੀ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ; ਬੱਚੇ ਡਾਕਟਰ, ਵਕੀਲ, ਇੰਜੀਨੀਅਰ ਬਣ ਸਕਣਗੇ।
ਪੰਜਾਬੀ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਆਪਸੀ ਏਕਤਾ ਨਹੀਂ ਹੁੰਦੀ ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ- ਸਾਡੇ ਵਾਸਤੇ ਪਵਿੱਤਰਤਾ ਵਧੀਕ ਜ਼ਰੂਰੀ ਹੈ। ਇਨ੍ਹਾਂ ਤਿੰਨਾਂ ਧਰਮਾਂ ਅੱਗੇ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ; ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ, ਈਸਾਈ ਮੱਤ ਉਨਾ ਨਹੀਂ ਵਧਿਆ-ਫੁੱਲਿਆ, ਪਰ ਹਿੰਦੂ-ਮੁਸਲਿਮ-ਸਿੱਖ ਏਕਤਾ ਵੀ ਨਹੀਂ ਵਧੀ-ਫੁੱਲੀ। ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਉਨ੍ਹਾਂ ਦਿਨਾਂ ਵਿਚ ਲਿਖੀ ਕਿਤਾਬ- ‘ਹਮ ਹਿੰਦੂ ਨਹੀਂ’ ਅੱਜ ਤੱਕ ਵੱਖਰੀ ਸਿੱਖ ਪਛਾਣ ਦੀ ਕਲਾਸਿਕ ਟੈਕਸਟ ਹੈ। ਸਿੱਖ ਸੁਧਾਰਕਾਂ ਨੂੰ ਲੱਗਾ, ਈਸਾਈ ਮੱਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ। ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ।
1919 ਵਿਚ ਰੋਲਟ ਐਕਟ ਬਣਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ ਜਿਸ ਨੇ ਐਲਾਨ ਕੀਤਾ ਕਿ ਇਸ ਐਕਟ ਵਿਰੁਧ ਸਤਿਆਗ੍ਰਹਿ ਕਰਾਂਗੇ, ਸਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਵਾਸਤੇ ਇਹ ਬੜਾ ਅਜੀਬ ਗੋਰਖਧੰਦਾ ਸੀ। ਉਨ੍ਹਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ ਹੈ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਹੈ ਕਿ ਅਸੀਂ ਨਹੀਂ ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋਇਆ।
ਪਹਿਲੀ ਵਾਰ 1924 ਵਿਚ ਲਾਲਾ ਲਾਜਪਤ ਰਾਇ ਨੇ ਕਿਹਾ ਕਿ ਪੰਜਾਬ ਵਿਚਲਾ ਬਹੁ-ਗਿਣਤੀ ਵਿਚ ਰਹਿੰਦਾ ਮੁਸਲਮਾਨ ਸਮਾਜ, ਹਿੰਦੂ-ਸਿੱਖ ਹਿਤਾਂ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ। ਪੰਜਾਬ ਦੇ ਇਕ ਹਿੱਸੇ ਵਿਚ ਜਿੱਧਰ ਹਿੰਦੂ-ਸਿੱਖਾਂ ਦੀ ਬਹੁ-ਗਿਣਤੀ ਹੈ, ਉਸ ਮੁਸਲਿਮ ਬਹੁ-ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਲਾਲਾ ਜੀ ਨੇ ਇਹੋ ਦਲੀਲ ਬੰਗਾਲ ਵੰਡ ਬਾਰੇ ਦਿੱਤੀ। ਰਾਜਾ ਨਰਿੰਦਰ ਨਾਥ ਨੇ ਕਿਹਾ- ਪੰਜਾਬ ਵਿਚ ਮੁਸਲਮਾਨਾਂ ਦੀ ਚੌਧਰ ਨਾਲੋਂ ਤਾਂ ਚੰਗਾ ਹੋਵੇਗਾ, ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਪਰ੍ਹੇ ਸਰਕਾ ਦੇਣ। ਭਾਈ ਪਰਮਾਨੰਦ ਨੇ 1932 ਵਿਚ ਕਿਹਾ- ਸਾਨੂੰ ਮੁਸਲਿਮ ਬਹੁ-ਗਿਣਤੀ ਵਾਲੇ ਪੰਜਾਬ ਇਲਾਕੇ ‘ਤੇ ਕੋਈ ਇਤਰਾਜ਼ ਨਹੀਂ, ਜੇ ਇਸ ਵਿਚੋਂ ਹਿੰਦੂ ਬਹੁ-ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂ.ਪੀ. ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤ ਅਲੀ ਨੇ 1933 ਵਿਚ ਨਕਸ਼ਾ ਛਾਪ ਦਿੱਤਾ ਜਿਸ ਵਿਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਅਫਗਾਨਿਸਤਾਨ ਨਾਲ ਲਗਦੇ ਇਲਾਕੇ ਦਿਖਾਏ; ਇਸ ਦਾ ਨਾਮ ਪਾਕਿਸਤਾਨ ਰੱਖਿਆ। ਜਿਨਾਹ ਦੀ ਮੁਸਲਿਮ ਲੀਗ ਜਿਸ ਦੇ ਪੰਜਾਬ ਵਿਚ ਕਦੀ ਪੈਰ ਨਹੀਂ ਲੱਗੇ ਸਨ, ਇਸ ਘਟਨਾ ਤੋਂ ਬਾਅਦ ਜੜ੍ਹ ਫੜਨ ਲੱਗੀ, ਯੂਨੀਅਨਿਸਟਾਂ ਦੀ ਇਸ ਪਿਛੋਂ ਪਕੜ ਨਾ ਰਹੀ।
ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਨੇ ਕਿਹਾ- ਜਦੋਂ ਅਸੀਂ ਪੰਜਾਬ ਕਹਿੰਦੇ ਹਾਂ, ਇਸ ਦਾ ਮਤਲਬ ਹੈ ਉਹ ਸਟੇਟ ਜਿਸ ਦੀ ਹੱਦ ਗੁੜਗਾਉਂ ਹੋਵੇਗੀ, ਦਿੱਲੀ ਅਲੀਗੜ੍ਹ ਇਸ ਵਿਚ ਸ਼ਾਮਲ ਹੋਣਗੇ ਜੋ ਸਾਡੇ ਕਲਚਰ ਦੇ ਕੇਂਦਰ ਹਨ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗੇ- ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਵਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਵਿਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਲਈ ਸੀ ਕਿ ਕਿਤੇ ਅੰਮ੍ਰਿਤਸਰ ਪਾਕਿਸਤਾਨ ਵਿਚ ਨਾ ਚਲਾ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਚਲਾ ਗਿਆ ਕਿ ਜਿਥੇ-ਜਿਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ।
ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਂ ਟਿਵਾਣਾ ਨੇ ਜਿਨਾਹ ਨੂੰ ਯਾਦ ਕਰਾਇਆ ਕਿ ਸਿਕੰਦਰ-ਜਿਨਾਹ ਪੈਕਟ ਅਨੁਸਾਰ ਲੀਗ ਪੰਜਾਬ ਵਿਚ ਸਿਆਸਤ ਨਹੀਂ ਕਰ ਸਕਦੀ। ਜਿਨਾਹ ਨੇ ਉਤਰ ਦਿੱਤਾ- ਲੀਗ ਪਾਕਿਸਤਾਨ ਕਾਇਮ ਕਰਨ ਵਾਸਤੇ ਲੜ ਰਹੀ ਹੈ ਤੇ ਪਾਕਿਸਤਾਨ ਬੰਬੇ ਵਿਚ ਨਹੀਂ, ਪੰਜਾਬ ਵਿਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ, ਮੁਸਲਮਾਨਾਂ ਨੂੰ ਲੱਗਣ ਲੱਗਾ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਪਰ ਜਿਨਾਹ ਜਿਹੜਾ ਨਾ ਰੋਜ਼ਾ ਰੱਖਦਾ ਸੀ, ਨਾ ਨਮਾਜ਼ੀ ਸੀ, ਤਾਕਤ ਫੜਨ ਲੱਗਾ; ਮੁਸਲਮਾਨਾਂ ਦਾ ਹੀਰੋ ਹੋ ਗਿਆ।
ਅੰਗਰੇਜ਼ਾਂ ਨੂੰ ਪਤਾ ਸੀ, ਆਉਣ ਵਾਲੇ ਸਮੇਂ ਵਿਚ ਰੂਸ ਨਾਲ ਟਕਰਾਉ ਹੋਵੇਗਾ; ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ, ਇਹ ਇੰਗਲੈਂਡ ਪੱਖੀ ਦੇਸ ਹੋਵੇ, ਭੂਗੋਲਿਕ ਤੌਰ ‘ਤੇ ਰੂਸ ਦੇ ਵੱਧ ਤੋਂ ਵੱਧ ਨੇੜੇ। ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕੀਤਾ, ਉਦੋਂ ਉਨ੍ਹਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਨ੍ਹਾਂ ਨੂੰ ਕਿਹਾ- ਬਾਅਦ ਵਿਚ ਹਿੰਸਾ ਹੋ ਸਕਦੀ ਹੈ, ਜਾਣ ਵਿਚ ਇੰਨੀ ਕਾਹਲ ਕਿਉਂ ਕਰ ਰਹੇ ਹੋ? ਅੰਗਰੇਜ਼ਾਂ ਨੇ ਕਿਹਾ- ਤੁਸੀਂ ਹੀ ਤਾਂ ਕਿਹਾ ਸੀ- ਦਫਾ ਹੋਵੋ (ਕੁਇਟ ਇੰਡੀਆ); ਬੱਸ ਠੀਕ ਹੈ, ਦਫਾ ਹੋਣ ਲੱਗੇ ਹਾਂ। ਰਾਜਮੋਹਨ ਦਾ ਇਥੇ ਮਾਸੂਮ ਸਵਾਲ ਹੈ- ਭਾਰਤੀਆਂ ਨੇ ਕਿਹਾ ਚਲੇ ਜਾਉ, ਤੁਸੀਂ ਚਲੇ ਗਏ; ਅੱਗੇ ਤਾਂ ਭਾਰਤੀਆਂ ਦੀਆਂ ਮੰਗਾਂ ਤੁਸੀਂ ਇੰਨੀ ਆਸਾਨੀ ਨਾਲ ਕਦੀ ਮੰਨੀਆਂ ਨਹੀਂ ਸਨ।
ਮੁਹੰਮਦ ਅਲੀ ਜਿਨਾਹ ਨੇ ਦੇਖਿਆ ਕਿ ਸਿੱਖ-ਮੁਸਲਮਾਨ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਹਨ ਤਾਂ ਉਸ ਨੇ 23 ਜੂਨ 1947 ਨੂੰ ਮਾਊਂਟਬੈਟਨ ਵਾਇਸਰਾਇ ਅੱਗੇ ਬੇਨਤੀ ਕੀਤੀ- ਪੰਜਾਬ ਵਿਚ ਗੜਬੜ ਰੋਕਣ ਲਈ ਬੇਰਹਿਮ ਹੋ ਜਾਉ। ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਉ ਜਾਂ ਨਾ, ਮੈਨੂੰ ਪਰਵਾਹ ਨਹੀਂ; ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਉਪਰ ਇਨ੍ਹਾਂ ਬੇਨਤੀਆਂ ਦਾ ਕੀ ਅਸਰ ਜਿਹੜਾ ਆਪਣਾ ਬੋਰੀ ਬਿਸਤਰ ਬੰਨ੍ਹਣ ਵਿਚ ਰੁੱਝਾ ਹੋਇਆ ਸੀ। ਜਿਨਾਹ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ!
ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ-ਸ਼ਰਾਬੇ ਤੋਂ ਬਾਅਦ ਪਾਸ ਹੁੰਦਾ ਸੀ, ਕੇਵਲ ਸੋਗ ਮਤਾ ਸ਼ਾਂਤੀ ਨਾਲ ਪਾਸ ਹੁੰਦਾ। ਪੰਜਾਬ ਦੀ ਵੰਡ ਦਾ ਮਤਾ ਚੁੱਪ-ਚਾਪ ਸੋਗ ਮਤੇ ਵਾਂਗ ਪਾਸ ਹੋ ਗਿਆ। ਪਬਲਿਕ ਦੋ ਧਿਰਾਂ ਵਿਚ ਵੰਡੀ ਗਈ- ਇਹ ਬੇਗਾਨੇ ਹਨ, ਮਾਰੇ ਜਾਣ ਦੇ ਹੱਕਦਾਰ, ਔਰਤਾਂ ਬਲਾਤਕਾਰ ਦੀਆਂ ਹੱਕਦਾਰ। ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ, ਇਕ-ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ।
ਆਖਰੀ ਅਧਿਆਇ ਵਿਚ ਰਾਜਮੋਹਨ ਦੇ ਵਾਕ ਹਨ- 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨ੍ਹੇਰੀ ਸੁਰੰਗ ਵਿਚ ਦੀ ਲੰਘਦਾ ਰਿਹਾ। ਇਸ ਨੂੰ ਇਸ ਸੁਰੰਗ ਵਿਚੋਂ ਬਾਹਰ ਕੱਢਣਾ ਹੈ। ਜਿਸ ਨੂੰ ਪੰਜਾਬੀਅਤ ਆਖਦੇ ਹਨ, ਦੇਖਣਾ ਹੈ ਉਸ ਵਿਚ ਕੀ-ਕੀ ਤਾਕਤ ਤੇ ਕਿਹੜੀ-ਕਿਹੜੀ ਕਮਜ਼ੋਰੀ ਹੈ।
22, 23 ਨਵੰਬਰ 2014 ਨੂੰ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਛਪੀਆਂ ਹਨ ਕਿ ਗਰਮਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਸਾਂਝਾ ਪਲੈਟਫਾਰਮ ਤਿਆਰ ਕਰ ਕੇ ਇਸ ਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ ਹੈ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸਭਿਆਚਾਰ, ਧਰਮ ਅਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਹਨ, ਪੰਜਾਬ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ ਤੇ ਰਾਜ ਉਪਰ ਵਿੱਤੀ ਸੰਕਟ ਮੰਡਰਾ ਰਿਹਾ ਹੈ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੱਈਆ ਕੀਤਾ ਹੈ। ਇਸ ਦੀ ਕਾਰਗੁਜ਼ਾਰੀ ਕਿੰਨੀ ਕੁ ਅਸਰ-ਅੰਦਾਜ਼ ਹੋਏਗੀ, ਦੇਖਦੇ ਹਾਂ।
ਜਿਸ ਪੰਜਾਬ ਬਾਰੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ,
ਪੰਜਾਬ ਨ ਹਿੰਦੂ ਨ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ।
ਉਸ ਪੰਜਾਬ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ,
ਪੰਜਾਬ, ਨਾ ਸੀਮਾ ਨਾ ਅਸੀਮ।
ਪੰਜਾਬ, ਤਕਸੀਮ ਦਰ ਤਕਸੀਮ ਦਰ ਤਕਸੀਮ।
ਮੈਨੂੰ ਉਮੀਦ ਹੈ, ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਵਿਚੋਂ ਕੁਝ ਅਹਿਮ ਜਾਣਕਾਰੀ ਮਿਲੇਗੀ; ਅਜਿਹੀ ਜਾਣਕਾਰੀ ਜਿਸ ਵਿਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਨਾਲ ਗੁਜ਼ਾਰਾ ਕਰਨਾ ਮੰਨ ਕੇ ਗੁਆਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ, ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ।
ਪਾਣੀ ਥੋੜ੍ਹਾ ਮੋਹ ਘਣਾ
ਤੂੰ ਪੀ ਤੂੰ ਪੀ ਹੋਹੁ।
-ਹਰਪਾਲ ਸਿੰਘ ਪੰਨੂ

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com