ਲੇਖ । ਧਰਮਾਂ ‘ਚੋਂ ਪਨਪਦਾ ਡੇਰਾਵਾਦ । ਕੰਵਲ ਧਾਲੀਵਾਲ

ਕੁਝ ਦਿਨ ਪਹਿਲਾਂ ਇਕ ਦੋਸਤ ਨਾਲ ਬੈਠਿਆਂ ਇਸ ਗੱਲ ਨਾਲ਼ ਸਹਿਮਤ ਸਾਂ ਕਿ ਨਾਨਕ ਦਾ ਉਪਦੇਸ਼ ਵੀ ਕਿਸੇ ਵੇਲੇ ‘ਡੇਰੇ’ ਵਾਂਗ ਹੀ ਸ਼ੁਰੂ ਹੋਇਆ ਹੋਵੇਗਾ। ਉਸਦੇ ਚੇਲਿਆਂ ਨਾਲ ਸੁਸ਼ੋਭਿਤ ਸਭਾਵਾਂ ਅੱਜ-ਕੱਲ੍ਹ ਦੇ ਉਸੇ ਡੇਰਾਵਾਦ ਵਾਂਗ ਹੀ ਹੋਣਗੀਆਂ, ਜਿਸਦਾ ਅਤਿਵਾਦੀ ਸੋਚ ਰੱਖਣ ਵਾਲੇ ਸਿੱਖਾਂ ਤੋਂ ਇਲਾਵਾ ਤਥਾ-ਕਥਿਤ ਮੁੱਖ ਧਾਰੇ ਦੇ ਸਿੱਖ ਵੀ ਵਿਰੋਧ ਕਰਦੇ ਹਨ।
punjabi writer kanwal dhaliwal
ਕੰਵਲ ਧਾਲੀਵਾਲ

ਨਾਨਕ ਦੇ ਉਪਦੇਸ਼ਾਂ ਦਾ ਵਿਰੋਧ ਵੀ ਉਸੇ ਤਰਾਂ ਹੋਇਆ ਹੋਵੇਗਾ ਜਿਸ ਤਰਾਂ ਅੱਜ ਸਾਰੇ ਸਿੱਖ ਪੰਜਾਬ ਵਿਚ ਪਲ ਰਹੇ ਰੰਗ-ਬਰੰਗੇ ‘ਡੇਰੇ ਵਾਲਿਆਂ’ ਦੇ ਮਗਰ ਛਿੱਤਰ ਚੱਕੀ ਫਿਰਦੇ ਹਨ ਤੇ ਰਾਜਸੀ ਪਾਰਟੀਆਂ ਇਸ ਝਗੜੇ ਵਿਚੋਂ ਅਪਣੇ ਤੋਰੀ ਫੁਲਕੇ ਦੇ ਸਾਧਨ ਜੁਟਾਉਂਦੀਆਂ ਰਹਿੰਦੀਆਂ ਹਨ। ਪਰ ਅੱਜ-ਕੱਲ੍ਹ ਦੀ ਇਹ ਡੇਰਾ ਵਿਰੋਧੀ ਮਾਨਸਿਕਤਾ ਸਿਰਫ ਨਾਨਕ ਦੇ ਧਰਮ ਜਿੰਨੀ ਹੀ ਪੁਰਾਣੀ ਨਹੀਂ ਹੈ ਬਲਕਿ ਇਸਦੀ ਉਮਰ ਉਤਨੀ ਹੀ ਲੰਬੀ ਹੈ ਜਿਤਨੀ ਕਿ ਮਨੁਖੀ ਚੇਤਨਤਾ ਦੀ, ਜੋ ਸਾਨੂੰ ਲੱਖਾਂ ਵਰ੍ਹੇ ਪਿਛ੍ਹਾਂ ਤੋਂ ਸੋਚਣ ਲਈ ਮਜਬੂਰ ਕਰਦੀ ਹੈ!

ਅਪਣੇ ਜੀਵਨ-ਸੰਸਾਧਨਾਂ ਬਾਰੇ ਚੇਤੰਨ ਹੋ ਜਾਣ ਤੋਂ ਬਾਅਦ, ਮਨੁੱਖ ਨੇ ਹਰ ਉਸ ਸ਼ੈਅ ’ਤੇ ਕਬਜ਼ਾ ਕਰਨਾ ਚਾਹਿਆ ਜਿਸਦਾ ਸਿੱਧਾ ਜਾਂ ਅਸਿੱਧਾ ਸਬੰਧ ਉਸਦੇ ਅਪਣੇ ਜਿਓਂਦੇ ਰਹਿ ਸਕਣ (ਸੁਰਵਾਇਵਲ) ਨਾਲ਼ ਸੀ, ਪਰ ਨਿੱਜੀ ਸਵਾਰਥ ਦੀ ਪੂਰਤੀ, ਕਿਸੇ ਸਮੂਹ ਵਿਚ ਵਿਚਰਦਿਆਂ ਕਰ ਸਕਣਾਂ, ਮੁਕਾਬਲਤਨ ਅਾਸਾਨ ਹੁੰਦਾ ਹੈ। ਇਸੇ ਕਾਰਨ ਇਨਸਾਨ ਹੀ ਨਹੀਂ ਬਲਕਿ ਪ੍ਰਾਣੀਆਂ ਦੀਆਂ ਬਹੁਤੀਆਂ ਨਸਲਾਂ ਸਮੂਹਾਂ ਵਿਚ ਵਿਚਰਦੀਆਂ ਹਨ। ਪਰ ਮਨੁੱਖ ਲਈ ਜਿਓਂਦੇ ਰਹਿ ਸਕਣ ਦਾ ਸਧਾਰਨ ਮਸਲਾ ਕਿਸੇ ਵਿਚਾਰਧਾਰਾ ਨਾਲ਼ ਕਿਵੇਂ ਜਾ ਜੁੜਦਾ ਹੈ- ਇਹ ਗੱਲ ਦਿਲਚਸਪੀ ਵਾਲੀ ਹੈ।
ਜਦੋਂ ਅਪਣੇ ਸਵਾਰਥ ਲਈ ਮਨੁੱਖ ਨੇ ਸਮੂਹਾਂ ਵਿਚ ਰਹਿਣਾਂ ਵਾਜਿਬ ਸਮਝਿਆ ਤਾਂ ਇਨ੍ਹਾਂ ਸਮੂਹਾਂ ਨੂੰ ਇਕਮੁੱਠ ਰੱਖਣ ਲਈ ਕਿਸੇ ਮੁਖੀਏ ਦਾ ਹੋਣਾ ਸੁਭਾਵਕ ਜ਼ਰੂਰਤ ਸੀ ਤੇ ਕਿਸੇ ਦਾ ਵੱਧ ਤੋਂ ਵੱਧ ਤਕੜਾ ਹੋਣਾ ਹੀ ਉਸਦੇ ਮੁਖੀਆ ਬਣਨ ਦੀ ਕਸਵੱਟੀ ਹੁੰਦੀ ਸੀ। ਇਤਿਹਾਸ ਗਵਾਹ ਹੈ ਕਿ ਜੰਗਲ਼ੀ ਕਬੀਲਿਆ ਦੇ ਇਹੀ ਸਰਦਾਰ ਆਉਣ ਵਾਲ਼ੇ ਸਮਿਆਂ ਦੇ ਸਾਮੰਤ, ਚੌਧਰੀ, ਰਾਜੇ ਤੇ ਫਿਰ ਸਮਰਾਟਾਂ ਦੀ ਸ਼ਕਲ ਵਿਚ ਸਾਹਮਣੇ ਆਏ ਅਤੇ ਕਬੀਲੇ ਹੀ ਫੈਲਦੇ ਫੈਲਦੇ ਜਨ-ਸਮੂਹ, ਇਲਾਕਾਈ-ਸਰਮਾਏਦਾਰੀਆਂ ਤੋਂ ਹੁੰਦੇ ਹੋਏ ਰਾਜਾਂ ਤੇ ਫਿਰ ਮੁਲਕਾਂ ਦਾ ਰੂਪ ਅਖ਼ਤਿਆਰ ਕਰ ਗਏ। ਮਹਾਨ ਦਾਰਸ਼ਨਿਕ ਇਤਿਹਾਸਕਾਰ ਰਾਹੁਲ ਸਾਂਕ੍ਰਿਤਿਆਯਨ ਦੇ ਸਮਾਜਕ ਅਧਿਐਨ ਤੋਂ ਸਾਫ ਸਮਝ ਆਉਂਦੀ ਹੈ ਕਿ ਰਾਜਿਆਂ ਦੀ ਸ਼ਕਤੀ ਪਰੋਹਿਤਾਂ ਕੋਲ ਕਿਵੇਂ ਪਹੁੰਚੀ। ਉਸ ਅਨੁਸਾਰ ਪ੍ਰਾਚੀਨ ਭਾਰਤ ਵਿਚ ਖੱਤਰੀ (ਰਾਜਾ) ਅਤੇ ਬ੍ਰਾਹਮਣ (ਪਰੋਹਿਤ) ਸਕੇ ਭਰਾ ਸਨ। ਰਾਜਸੱਤਾ ਦੀ ਪ੍ਰਥਾ ਮੁਤਾਬਿਕ ਰਾਜਭਾਗ ਦੀ ਵਾਗਡੋਰ ਰਾਜੇ ਦੇ ਸਾਰੇ ਪੁਤਰਾਂ ਵਿਚੋਂ ਇੱਕ (ਆਮ ਤੌਰ ‘ਤੇ ਪਹਿਲੇ) ਨੂੰ ਹੀ ਸੌਂਪੀ ਜਾਂਦੀ ਸੀ। ਇਨ੍ਹਾਂ ਹਾਲਾਤਾਂ ਵਿਚ ਬਾਕੀ ਬਚਦੇ ਭਰਾਵਾਂ ਵੱਲੋਂ ‘ਪਰੋਹਿਤ’ ਦੀ ਪਦਵੀ ਧਾਰਨ ਕਰ ਲੈਣ ਦੀ ਪ੍ਰਥਾ ਪ੍ਰਚੱਲਤ ਹੋਈ ਤੇ ਰਾਜਿਆਂ ਦੀ ਛਤਰ-ਛਾਇਆ ਹੇਠ ਐਸੀ ਪ੍ਰਵਾਨ ਚੜ੍ਹੀ ਕਿ ਪਰੋਹਿਤ ਨੂੰ ‘ਰੱਬ ਦੇ ਦੂਤ’ ਦੀ ਹੈਸੀਅਤ ਮਿਲਣ ਤੋਂ ਬਾਅਦ ਉਸਦੀ ਸ਼ਕਤੀ ਰਾਜੇ ਦੀ ਸ਼ਕਤੀ ਤੋਂ ਵੀ ਵਧੇਰੇ ਹੋ ਗਈ। ਸਿੱਧੇ ਜਾਂ ਅਸਿੱਧੇ ਰੂਪ ਵਿਚ ਅਜੇਹੀ ਅਵਸਥਾ ਦੁਨੀਆਂ ਦੀਆਂ ਹੋਰ ਸਭਿਅਤਾਵਾਂ ਵਿਚ ਵੀ ਵਿਕਸਤ ਹੋਈ।
ਰਾਜ ਭਾਵੇਂ ਰਾਜੇ ਦਾ ਹੋਵੇ ਜਾਂ ਧਰਮ ਦੇ ਠੇਕੇਦਾਰ – ਪਰੋਹਿਤ ਦਾ, ਰਾਜਸੀ ਤਾਕਤ ਦਾ ਅਰਥ ਹੈ ‘ਲੋਕਾਂ ਉੱਪਰ ਕਬਜ਼ਾ’। ਲੋਕਾਂ ਦੇ ਦਿਲ-ਦਮਾਗ ਨੂੰ ਅਪਣੇ ਕਾਬੂ ਵਿਚ ਰੱਖਣਾ। ਸਧਾਰਨ ਜਨਤਾ ਵੱਲੋਂ ਕੀਤੀ ਜਾਂਦੀ ਲਹੂ- ਪਸੀਨੇ ਦੀ ਕਮਾਈ ਹੀ ਕਿਸੇ ਰਾਜੇ ਦੇ ਖਜ਼ਾਨੇ ਭਰਦੀ ਹੈ ਤੇ ਇਹ ਖਜ਼ਾਨਾ ਤਦ ਹੀ ਸੁਰੱਖਿਅਤ ਰਹਿ ਸਕਦਾ ਹੈ ਜੇ ਲੋਕਾਂ ਨੂੰ ਦਿਮਾਗੀ ਤੌਰ ‘ਤੇ ਗ਼ੁਲਾਮ ਬਣਾਈ ਰੱਖਿਆ ਜਾਵੇ ਤਾਂ ਕਿ ਉਹ ਕਦੇ ਵੀ ਅਪਣੀ ਸੋਚ ‘ਤੇ ਲੱਗੀਆਂ ਜ਼ੰਜੀਰਾਂ ਬਾਰੇ ਚੇਤੰਨ ਨਾਂ ਹੋਣ ‘ਤੇ ਅੰਨ੍ਹੇਵਾਹ ਭੇਡ-ਚਾਲ ਚਲਦੇ ਹੋਏ ਅਪਣੇ ‘ਰੱਬੀ ਮਾਲਕਾਂ’ ਦੀ ਸੇਵਾ ਬਹਾਨੇ ਦੁਨਿਆਵੀ ਸ਼ੋਸ਼ਣਕਰਤਾਵਾਂ ਹੱਥੋਂ ਖੁਆਰ ਹੁੰਦੇ ਰਹਿਣ।
ਪਰ ਇਨਸਾਨੀ ਦਿਮਾਗ ਅਪਣੇ ਕੁਦਰਤੀ ਸੁਭਾਅ ਕਾਰਨ ਸਮੇਂ-ਸਮੇਂ ਅਜੇਹੇ ਮਨੁੱਖ ਪੈਦਾ ਕਰਦਾ ਰਿਹਾ ਹੈ ਜੋ ਗ਼ੁਲਾਮੀ ਦੀਆਂ ਅਜਿਹੀਆਂ ਜ਼ੰਜੀਰਾਂ ਤੋੜਨ ਲਈ ਵਿਦਰੋਹ ਦਾ ਬਿਗਲ ਵਜਾਉਂਦਾ ਹੈ। ਅਜੇਹੇ ਲੋਕ ਅਪਣੇ ਜੀਵਨ-ਕਾਲ ਦੌਰਾਨ ਅਕਸਰ ਭਰਪੂਰ ਵਿਰੋਧ ਦਾ ਸਾਹਮਣਾ ਕਰਦੇ ਹਨ ਪਰ ਇਤਿਹਾਸ ਵਿਚ ਇਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਨਾਇਕ ਦੀ ਸ਼ਕਲ ਵਿਚ ਯਾਦ ਕਰਦੇ ਹਾਂ। ਕਈ ਨਾਇਕ ਅਜੇਹੇ ਵੀ ਹੋ ਗੁਜ਼ਰਦੇ ਹਨ ਕਿ ਜਿਨ੍ਹਾਂ ਦੇ ਵਿਦਰੋਹੀ ਵਿਚਾਰਾਂ ਵਾਲੀ ਸਿੱਖਿਆ ਅਪਣੇ ਆਪ ਵਿਚ ਇਕ ਨਵੇਕਲੇ ਧਰਮ ਦੇ ਰੂਪ ਵਿਚ ਵੱਧਣ ਫੁੱਲਣ ਲਗਦੀ ਹੈ। ਸਮਾਂ ਪਾ ਕੇ ਇਹੀ ‘ਨਵੇਕਲੀ’ ਵਿਚਾਰਧਾਰਾ ਫਿਰ ਉਸੇ ਤਰਾਂ ਦੇ ‘ਸਥਾਪਤ ਧਰਮ’ ਵਿਚ ਪਰਿਵਰਤਿਤ ਹੋ ਜਾਂਦੀ ਹੈ, ਜਿਸਦੇ ਕਿ ਵਿਰੋਧ ਵਿਚੋਂ ਇਸ ਦਾ ਜਨਮ ਹੋਇਆ ਸੀ। ਲੋਕ ਸਹਿਜ ਹੀ ਭੁੱਲ ਜਾਂਦੇ ਹਨ ਕਿ ਉਸ ਤਥਾ-ਕਥਿਤ ਨਵੇਂ ਧਰਮ ਦਾ ਮਕਸਦ ਕੀ ਸੀ ਜੋ ਬਾਅਦ ਵਿਚ ਪੁਰਾਣੇ ਧਰਮਾਂ ਵਾਂਗ ਹੀ ਜੜ ਹੋ ਗਿਆ। ਇਸ ਲੇਖ ਦਾ ਮੁੱਖ ਮੰਤਵ ਵੀ ਇਹੋ ਹੈ ਕਿ ਇਸ ਲਗਾਤਾਰ ਚੱਲ ਰਹੇ ਚੁਰਾਸੀ-ਚੱਕਰ ਬਾਰੇ ਵਿਚਾਰ ਕੀਤਾ ਜਾਵੇ ਨਾਂ ਕਿ ਧਰਮ ਦੇ ਇਤਿਹਾਸ ਬਾਰੇ। ਇਹ ਚੱਕਰ ਜੋ ਲੋਕਾਂ ਨੂੰ  ‘ਸਥਾਪਤ-ਧਰਮ ਤੋਂ ਧਰਮ-ਵਿਰੋਧ ਤੋਂ  ਨਵਾਂ-ਧਰਮ ਤੋਂ ਫਿਰ ਸਥਾਪਤ ਧਰਮ’ ਦੇ ਗਧੀ ਗੇੜ ਵਿਚ ਪਾਈ ਰੱਖਦਾ ਹੈ।
ਪੰਜਾਬ ਦੇ ਇਤਹਾਸ ਵਿਚ ‘ਗੁਰੂ’ ਨਾਨਕ ਦਾ ਕਿਰਦਾਰ ਅਜੇਹੇ ਹੀ ਨਾਇਕ ਦਾ ਰੂੁਪ ਹੈ ਜਿਸਨੇ ਅਪਣੇ ਵਿਦਰੋਹੀ ਵਿਚਾਰਾਂ ਨਾਲ਼ ਲੋਕਾਂ ਨੂੰ ਸਥਾਪਤ ਹੋ ਚੁੱਕੀ ਧਾਰਮਕਿ ਗ਼ੁਲਾਮੀ ਤੋਂ ਮੁਕਤੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਨਾਨਕ ਦਾ ਵਿਦਰੋਹ ਭਾਵੇਂ ਪਰੋਹਿਤ ਅਤੇ ਹਾਕਮ ਦੇ ਖਿਲਾਫ ਅਜੇਹੀ  ਕ੍ਰਾਂਤੀ ਸੀ ਜੋ ਕਿ ‘ਰੱਬ ਦੀ ਰਜ਼ਾ’ ਵਿਚ ਰਹਿਕੇ ਹੀ ਕੀਤੀ ਜਾਣੀ ਵਾਜਿਬ ਸੀ। ਫਿਰ ਵੀ ਅਪਣੇ ਸਮੇਂ ਅਨੁਸਾਰ ਉਸਦਾ ਸੰਦੇਸ਼ ਤੇ ਜੀਵਨ-ਸ਼ੈਲੀ ਕਾਫੀ ‘ਕ੍ਰਾਂਤੀਕਾਰੀ’ ਸੀ। ਪਰ ਨਾਨਕ ਦਾ ਕ੍ਰਾਂਤੀਕਾਰੀ ਸੰਦੇਸ਼ ਵੀ ਆਖ਼ਿਰਕਾਰ ਸਥਾਪਤ, ਜੜਵਾਦੀ ਧਰਮ ਬਣ ਜਾਣ ਤੋਂ ਨਾ ਬੱਚ ਸਕਿਆ। 500 ਸਾਲ ਦੇ ਸਮੇਂ ਦੀ ਧੂੜ ਹੇਠਾਂ ਦੱਬਦਾ, ਕਰੜੇ ਇਮਤਹਾਨਾਂ ‘ਚੋਂ ਗੁਜ਼ਰਦਾ, ਪ੍ਰੀਤ ਦੇ ਨਾਲ਼ ਤਲਵਾਰ ਦੀ ਜ਼ਰੂਰਤ ਨੂੰ ਜਾਇਜ਼ ਠਹਿਰਾਉਂਣ ਲਈ ਮਜਬੂਰ ਹੁੰਦਾ, ਨਾਨਕ ਦਾ ਸੱਚ-ਸੰਦੇਸ਼ ਆਖ਼ਿਰ ਅਜਿਹੇ ਰਵਾਇਤੀ ਧਰਮ ਦੇ ਰੂਪ ਵਿਚ ਸਾਹਮਣੇ ਆਇਆ ਜਿਸਨੂੰ ਭਾਰਤੀ ਹਿੰਦੂ ਸਮਾਜ ਦੇ ਇਕ ਤਬਕੇ ਨੇ ‘ਵੱਖਰੀ ਧਾਰਮਿਕ ਪਛਾਣ’ ਦੇ ਤੌਰ ‘ਤੇ ਇਸਤੇਮਾਲ ਕੀਤਾ। 
ਇਸ ‘ਵੱਖਰੀ ਧਾਰਮਿਕ ਪਛਾਣ’ ਨਾਲ਼ ਜਜ਼ਬਾਤੀ ਸਬੰਧ ਹੀ ਅਜੇਹੀ ਮਾਨਸਿਕ ਦਸ਼ਾ ਹੈ ਜੋ ਅਕਸਰ ਸਾਂਝੀ ਥਾਂ ਵਿਚਰਣ ਵਾਲੇ ਅੱਡ-ਅੱਡ ਧਰਮਾਂ/ਸੰਪਰਦਾਵਾਂ ਵਿਚਕਾਰ ਖ਼ੂਨ-ਖਰਾਬੇ ਦਾ ਕਾਰਨ ਬਣਦਾ ਹੈ। ਮਨੁੱਖੀ ਇਤਹਾਸ ਦੇ ਲੰਬੇ ਸਫਰ ਵਿਚ ‘ਨਵੇਂ’ ਅਤੇ ‘ਪੁਰਾਣੇਂ’ ਧਰਮਾਂ ਵਿਚਕਾਰ ਇਹ ਦੁਸ਼ਮਣੀ ਅਕਸਰ ਮਨੁੱਖ ਦੀ ਸਭ ਤੋਂ ਵੱਧ ਵਹਿਸ਼ੀ ਨਫਰਤ ਦਾ ਵਖਾਵਾ ਕਰਦੀ ਨਜ਼ਰ ਅਾਉਂਦੀ ਹੈ। ਪੂਰਵ-ਸਥਾਪਤ ਧਰਮ ਹਮੇਸ਼ਾਂ ਇਹ ਦਾਅਵਾ ਕਰਦਾ ਹੈ ਕਿ ਨਵਨਿਰਮਿਤ ਧਰਮ ਉਸੇ ਦਾ ਹਿੱਸਾ ਹੈ (ਜੋ ਕਿ ਬਹੁਤ ਹੱਦ ਤੱਕ ਸੱਚ ਵੀ ਹੁੰਦਾ ਹੈ) ਜਦੋਂ ਕਿ ਨਵੀਨ ਵਿਚਾਰਧਾਰਾ ਅਪਣੀ ਵੱਖਰੀ ਸਥਾਪਤ ਹੋ ਚੁੱਕੀ ਪਛਾਣ ਗਵਾਉਣਾਂ ਨਹੀਂ ਚਾਹੁੰਦੀ, ਕਿਓਂਕਿ ਇਸ ਵਿਚ ਉਸਦੀ ਹਉਮੈ-ਪੂਰਤੀ ਹੋਣੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਨਵੇਂ ਜਨਮੇ ਧਰਮ ਦੇ ਨਵੇਂ ਠੇਕੇਦਾਰ, ਨਵੇਂ ਪਰੋਹਿਤ ਪੈਦਾ ਹੋ ਚੁੱਕੇ ਹੁੰਦੇ ਹਨ, ਜੋ ਜਨਤਾ ਦੀ ਅਗਿਆਨਤਾ ਤੋਂ ਹੁੰਦਾ ਨਫਾ ਕਿਸੇ ਵੀ ਕੀਮਤ ‘ਤੇ ਛੱਡਣਾ ਨਹੀਂ ਚਾਹੁੰਦੇ। ਇਹ ਵਤੀਰਾ ਕੁਦਰਤੀ ਹੈ ਤੇ ਇਸ ਲਈ ਸਰਬ-ਵਿਅਪਕ ਵੀ। ਪੰਜਾਬ ਜਾਂ ਭਾਰਤ ਤੋਂ ਬਾਹਰ ਦੀਆਂ ਮਿਸਾਲਾਂ ਲਈਏ ਤਾਂ ਇਹੀ ਤੱਥ ਸਾਹਮਣੇ ਅਉਂਦੇ ਹਨ।
ਦੁਨੀਆਂ ਵਿਚ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸੰਸਾਰ ਵਿਚ ਸਭ ਤੋਂ ਵੱਧ ਫੈਲਣ ਵਾਲਾ ਧਰਮ – ਈਸਾਈ ਮੱਤ, ਅਸਲ ਵਿਚ ਯਹੂਦੀ ਮੱਤ ਦਾ ਹੀ ਅੰਗ ਸੀ। ਈਸਾ ਖੁਦ ਇਕ ਯਹੂਦੀ ਸੀ ਤੇ ਰੋਮ ਸਾਮਰਾਜ ਵੱਲੋਂ ਸੂਲੀ ਝੜਾਏ ਜਾਣ ਤੱਕ ਯਹੂਦੀ ਧਰਮ ਦਾ ਹੀ ਪ੍ਰਚਾਰ ਕਰਦਾ ਰਿਹਾ ਸੀ। ਪਰ ਉਹ ਨਾਨਕ ਵਾਂਗ ਹੀ ਅਪਣੇ ਧਰਮ ਵਿਚਲੀਆਂ ਊਣਤਾਈਆਂ ਦੇ ਖਿਲਾਫ ਵਿਦਰੋਹੀ ਸੰਦੇਸ਼ ਦੇ ਰਿਹਾ ਸੀ ਜੋ ਕਿ ਸਦੀਆਂ ਤੋਂ ਸਥਾਪਤ ਯਹੂਦੀਅਤ ਦੇ ਪਰੋਹਿਤ ਨੂੰ ਮਨਜ਼ੂਰ ਨਹੀਂ ਸੀ। ਈਸਾ ਦੇ ਮਰਨ ਤੋਂ ਕੋਈ ਅੱਧੀ ਸਦੀ ਬਾਅਦ ਤੱਕ ਵੀ ਈਸਈਅਤ ਨਾਂ ਦਾ ਕੋਈ ਧਰਮ ਨਹੀ ਸੀ। ਈਸਾ ਵੱਲੋਂ ਦਿਤਾ ਗਿਆ ਸੰਦੇਸ਼, ਜੋ ਕੇਵਲ ਯਹੂਦੀਆਂ ਲਈ ਹੀ ਸੀ, ਉਸਦੇ ਇਕ ਚਲਾਕ ਚੇਲੇ ਜਿਸਦਾ ਅਸਲੀ ਨਾਮ ਸੋਲ ਸੀ, ਨੇ ਯੂਨਾਨ ਵਿਚ ਰਹਿੰਦੇ ਯਹੂਦੀਆਂ ਨੂੰ, ਅਖੌਤੀ ਨਵੇਂ ਧਰਮ – ਈਸਾਈਅਤ ਦੇ ਨਾਮ ਨਾਲ਼ ਪ੍ਰਚਾਰਨਾ ਸ਼ੁਰੂ ਕੀਤਾ। ਇਹੀ ਸੋਲ ਬਾਅਦ ਵਿਚ ‘ਸੰਤ ਪੌਲ਼’ ਦੇ ਨਾਮ ਨਾਲ਼ ਮਸ਼ਹੂਰ ਹੋਇਆ ਤੇ ਉਸਦੇ ਨਾਮ ‘ਤੇ ਕਰੋੜਾਂ ਦੇ ਖਰਚ ਨਾਲ਼ ਬਣੇ ਗਿਰਜਾਘਰ ਸਾਰੇ ਯੂਰਪ ਵਿਚ ਉਸਾਰੇ ਗਏ। ਸੋਲ ਵੱਲੋਂ ਯੂਨਾਨ ਵਿਚ ਪ੍ਰਚਾਰਿਆ ਈਸਾ ਦਾ ਸੰਦੇਸ਼ ਜੋ ਸ਼ੁਰੂ ਵਿਚ ਯਹੂਦੀਆਂ ਲਈ ਸੀ, ਯੂਨਾਨੀ ਮਿਥਿਹਾਸਕ ਧਰਮ ਨੂੰ ਮੰਨਣ ਵਾਲੇ ਯੂਨਾਨੀਆਂ ਤੱਕ ਵੀ ਪਹੁੰਚਣ ਲੱਗਾ, ਜਿਨ੍ਹਾਂ ਨੂੰ ਇਸ ਸੰਦੇਸ਼ ਦੀ ਨਵੀਨਤਾ ਚੰਗੀ ਲੱਗੀ ਤੇ ਉਹ ਵੀ ਹੋਲ਼ੀ ਹੌਲੀ ਇਸ ਦੀ ਓਟ ਵਿਚ ਆਉਣ ਲੱਗੇ।  ਯੂੁਰਪ ਦੇ ਬਹੁਤੇ ਹਿੱਸੇ ਉਪਰ ਉਦੋਂ ਰੋਮ ਦਾ ਰਾਜ ਸੀ, ਜੋ ਆਪ ਯੂਨਾਨੀ ਮਿਥਿਹਾਸ ਦੇ ਉਪਾਸ਼ਕ ਸਨ। ਪਰ ਇਸ ਨਵੇਂ ਧਰਮ ਦਾ ਜਾਦੂ ਯੂਰਪ ਵਿਚ ਚੱਲ ਚੁੱਕਿਆ ਸੀ, ਜੋ ਰੋਮਨ ਸਾਮਰਾਜ ਵੱਲੋਂ ਦਿੱਤੇ ਤਸੀਹਿਆਂ ਦੇ ਬਾਵਜੂਦ ਪਹਿਲਾਂ ਯੂਨਾਨ ਤੇ ਫਿਰ ਰੋਮ ਰਾਜ ਦੇ ਹੋਰ ਹਿਸਿਆਂ ਵਿਚ ਫੈਲਣ ਦੀ ਜਦੋ-ਜਹਿਦ ਉਸ ਸਮੇਂ ਤੱਕ ਕਰਦਾ ਰਿਹਾ ਜਦੋਂ ਤੱਕ ਕਿ ਰੋਮ ਸਾਮਰਾਜ ਦੇ ਸਮਰਾਟ ਕੌਨਸਟੈਨਟੀਨ ਨੇ ਆਪ ਹੀ ਈਸਾਈ ਮੱਤ ਦਾ ਅੰਮ੍ਰਿਤ ਨਾ ਛਕ ਲਿਆ। 
ਇਸ ਤਰਾਂ ਯੂਨਾਨ ਵਿਚ ਰਹਿੰਦੇ ਯਹੂਦੀਆਂ ਲਈ ਸ਼ੁਰੂ ਹੋਏ ਇਸ ‘ਨਵੇਂ ਯਹੂਦੀ’ ਧਰਮ ਦੀ ਗੁੱਡੀ ਅਜਿਹੀ ਚੜ੍ਹੀ ਕਿ ਸਮੇ ਦੇ ਸਮਰਾਟਾਂ ਦਾ ਧਰਮ ਬਣਕੇ ਇਹ ਸਾਰੀ ਦੁਨੀਆਂ ‘ਤੇ ਛਾਅ ਗਿਆ। ਪਰ ਮੁੱਖ ਧਾਰਾ ਦੇ ਯਹੂਦੀਆਂ ਲਈ ਤਾਂ ਈਸਾ ਯਹੂਦੀ ਧਰਮ ਦਾ ਇਕ ਵਿਦਰੋਹੀ ਮਾਤਰ ਸੀ, ਤੇ ਜੋ ਸੱਚ ਵੀ ਹੈ। ਇਸ ਲਈ ਈਸਾਈ ਮੱਤ ਯਹੂਦੀਆਂ ਲਈ ‘ਡੇਰਾਵਾਦ’ ਤੋਂ ਵੱਧ ਕੁਝ ਨਹੀਂ ਸੀ। ਪਿਛਲੇ ਦੋ ਹਜ਼ਾਰ ਸਾਲਾਂ ਵਿਚ ਈਸਾਈਆਂ ਅਤੇ ਯਹੂਦੀਆਂ ਵਿਚਕਾਰ ਡੇਰੇਵਾਦ ਦੀ ਇਸ ਲੜਾਈ ਵੱਜੋਂ ਮਨੁੱਖਾਂ ਉਪਰ ਮਨੁੱਖਾਂ ਵੱਲੋਂ ਅੱਤਿਆਚਾਰ ਦੀਆਂ ਉਹ ਮਿਸਾਲਾਂ ਕਾਇਮ ਹੋਈਆਂ ਹਨ ਜੋ ਹੋਰ ਕਿਧਰੇ ਨਹੀਂ ਮਿਲਦੀਆਂ। ਈਸਾਈ ਮੱਤ ਦੇ ਨਵੇਂ ਬਣੇ ਪਰੋਹਿਤਾਂ ਵੱਲੋਂ ਸਮਰਾਟਾਂ ਦੀ ਹੱਲਾਸ਼ੇਰੀ ਸਦਕਾ, ਯਹੂਦੀਆਂ ਉੱਪਰ ਜ਼ੁਲਮ ਦੀ ਹਨੇਰੀ ਵਗਾਈ ਗਈ। ਗਹੁ ਨਾਲ਼ ਸੋਚਿਆਂ ਕਿੰਨਾ ਅਜੀਬ ਲਗਦਾ ਹੈ ਕਿ ਅਪਣੇ ਮਿਥਹਾਸਕ ਧਰਮਾਂ ਨੂੰ ਮੰਨਣ ਵਾਲੇ ਯੂਰਪੀਆਂ ਦਾ ਯਹੂਦੀ-ਈਸਾ ਨਾਲ਼ ਕੋਈ ਲਾਗਾ-ਦੇਗਾ ਵੀ ਨਹੀਂ ਸੀ ਤੇ ਫਿਰ ਉਹੀ ਯੂਰਪੀ ਲੋਕ, ਈਸਾ ਨੂੰ ਅਪਣਾ ਖੁਦਾ ਮੰਨ ਕੇ ਸਾਰੇ ਯਹੂਦੀਆਂ ਨੂੰ ਅਪਣੇ ਇਸ ਨਵੇਂ ਧਰਮ ਦਾ ਦੁਸ਼ਮਣ ਗਰਦਾਨਣ ਲੱਗੇ। ਜ਼ਾਹਰ ਹੈ ਕਿ, ਨਵੇਂ ਪਰੋਹਤਿ ਨੂੰ ਪਤਾ ਸੀ ਕਿ ਉਸਦੇ ਨਿੱਜੀ ਹਿੱਤ ਹੁਣ ਕਿਸ ਨੂੰ ਮਾਰਨ ਤੇ ਕਿਸ ਨੂੰ ਪੂਜਣ ਵਿਚ ਸੁਰੱਖਿਅਤ ਹਨ! ਪੁਰਾਣੇ ਅਤੇ ਨਵੇਂ ਸਥਾਪਤ ਇਨ੍ਹਾਂ ਧਰਮਾਂ ਵਿਚੋਂ ਯਹੂਦੀਆਂ ਨੂੰ, ਮਤਲਬ ਕਿ ਪੁਰਾਣਿਆਂ ਨੂੰ ਮਾਰ ਵਧੇਰੇ ਪਈ ਕਿਉਂਕਿ ਰਾਜ-ਸੱਤਾ ਨਵਿਆਂ ਸੰਗ ਰਲ਼ ਗਈ ਸੀ।
ਪਰ ਸਮਾ ਪਾ ਕੇ ਪੁਰਾਣੇ ਹੁੰਦੇ ਗਏ ਈਸਾਈ ਧਰਮ ਵਿਚ ਵੀ ਅਗੋਂ ਵੰਡੀਆ ਪਈਆਂ, ਜੋ ਪੈਣੀਆ ਸੁਭਾਵਕ ਵੀ ਸਨ। ਔਰਥੋਡਕਸ, ਕੈਥੌਲਿਕ ਤੇ ਪ੍ਰੋਟੈਸਟੈਂਟ, ਤੇ ਇਨ੍ਹਾ ਦੀਆਂ ਫਿਰ ਹੋਰ ਅੱਗੇ ਦੀਆਂ ਅੱਗੇ ਟਾਹਣੀਆਂ ਵਾਂਗ ਫੈਲੇ ਈਸਾਈ ਮੱਤ ਦੇ ਬੁੱਢੜੇ ਰੁੱਖ ਦੀ ਨੁਹਾਰ ਹੋਰ ਤੋਂ ਹੋਰ ਹੁੰਦੀ ਗਈ ਹੈ। ਪ੍ਰੇਮ-ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਧਰਮ ਵੱਜੋਂ ਜਾਣੇ ਜਾਂਦੇ ਈਸਾਈ ਧਰਮ ਨੂੰ ਵੀ ਜਦੋਂ ਇਨ੍ਹਾਂ ਡੇਰਿਆਂ ਨਾਲ ਨਜਿੱਠਣਾ ਪਿਆ ਤਾਂ ਹੋਰ ਧਰਮਾ ਵਾਂਗ ਇਸ ਨੇ ਵੀ ਅਪਣੀ ਅਸਲੀ ਵਿਚਾਰਧਾਰਾ ਕੰਧੋਲੀ ‘ਤੇ ਰੱਖ, ਖੁੱਲ ਕੇ ਹਿੰਸਾ ਕੀਤੀ। ਕੈਥੋਲਿਕਾਂ ਤੇ ਪ੍ਰੋਟੈਸਟੈਂਟਾਂ ਵਿਚਕਾਰ ਜੋ ਖ਼ੂਨ ਦੀਆ ਹੋਲੀਆਂ ਖੇਡੀਆਂ ਗਈਆਂ, ਯੂਰਪੀ ਇਤਿਹਾਸ ਦੀਆਂ ਕਿਤਾਬਾਂ ਖੋਲ੍ਹ ਕੇ ਵੇਖਿਆ ਜਾ ਸਕਦਾ ਹੈ।
ਇਹੀ ਹਾਲਤ ਇਸਲਾਮ ਨਾਲ ਵੀ ਹੋਈ। ਬਲਕਿ ਬੜੀ ਜਲਦੀ ਹੋਈ। ਮੁੱਖ ਧਾਰਾ ਦਾ ਇਸਲਾਮ ਅਜੇ ਇਕ ਸਦੀ ਪੁਰਾਣਾ ਹੀ ਮਸਾਂ ਹੋਇਆ ਸੀ ਕਿ, ਇਸਲਾਮ ਦਾ ਪਹਿਲਾ ‘ਡੇਰਾ, ਸ਼ੀਆ ਇਸਲਾਮ ਦੇ ਰੂਪ ਵਿਚ ਆ ਖੜ੍ਹਾ ਹੁੰਦਾ ਹੈ। ਫਿਰ ਉਹੀ ਕਤਲੋ-ਗਾਰਤ, ਉਹੀ ਨਫਰਤ। ਸ਼ੀਆ ਫਿਰਕੇ ਨੇ ਵੀ ਸਾਰੇ ਕਸ਼ਟ ਸਹਿ ਕੇ, ਅਪਣੇ ਆਪ ਨੂੰ ਸੁੰਨੀਆਂ ਦੇ ਬਰਾਬਰ ਲਿਆ ਖੜ੍ਹਾ ਕੀਤਾ ਤੇ ਹੁਣ ਦੁਨੀਆਂ ਵਿਚ ਕਈ ਪੂਰੇ ਦੇ ਪੂਰੇ ਮੁਲਕ ਹੀ ਸ਼ੀਆਂ ਦੇ ਮੁਲਕ ਮੰਨੇ ਜਾਂਦੇ ਹਨ। ਸ਼ੀਆਂ ਨੇ ਅਪਣੇ ਵੱਖਰੇ ਰਸਮੋ-ਰਿਵਾਜ਼ ਕਾਇਮ ਕਰਦਿਆਂ ਵੀ ਅਪਣੇ ਆਪ ਨੁੰ ਮੁਸਲਿਮ ਕਹਿਣੋਂ ਨਾ ਛੱਡਿਆ ਤੇ ਇਹ ਗਲ ਅਪਣੇ ਆਪ ਨੂੰ ਅਸਲੀ ਮੁਸਲਮਾਨ ਗਰਦਾਨਣ ਵਾਲੇ ਸੁੰਨੀ ਮੁਸਲਮਾਨਾਂ ਲਈ ‘ਜਿਓਣ-ਮਰਨ’ ਦਾ ਸਵਾਲ ਬਣਿਆਂ ਰਿਹਾ। ‘ਸ਼ੀਅ’ ਸ਼ਬਦ ਦਾ ਮੂਲ ਸਰੋਤ ਯੁਨਾਨੀ ਭਾਸ਼ਾ ਚੋਂ ਹੈ, ਜਿਸਦਾ ਮਤਲਬ ਹੈ ‘ਦੋ-ਫਾੜ’। ਅੰਗਰੇਜ਼ੀ ਵਿਚ ‘heresy’ ਸ਼ੀਅ ਦੇ ਅਰਥ ਸਮਝਣ ਵਿਚ ਬਹੁਤ ਸਹਾਈ ਹੋ ਸਕਦੀ ਹੈ ਤੇ ਪੰਜਾਬ ਵਾਲ਼ੇ ‘ਡੇਰੇਵਾਦ’ ਦੇ ਵੀ। ਸਮਾਂ ਬੀਤਣ ਨਾਲ਼ ਇਸਲਾਮ ਵਿਚ ਹੋਰ ਵੀ ਕਈ ਡੇਰੇ ਪ੍ਰਚਲਤ ਹੋਏ, ਜਿਵੇਂ ਸੂਫ਼ੀ, ਅਹਿਮਦੀ ਆਦਿ ਜੋ ਅਜੇ ਵੀ ਸੁੰਨੀਆਂ ਦੇ ਕਹਿਰ ਦਾ ਨਿਸ਼ਾਨਾ ਬਣਦੇ ਰਹਿੰਦੇ ਹਨ।
ਭਾਰਤ ਵਿਚ ਸਭ ਤੋ ਪੁਰਾਣਾ ਸਥਾਪਤ ਧਰਮ ਬ੍ਰਾਹਮਣਵਾਦ (ਹਿੰਦੂ) ਹੈ, ਜਿਸਦੀ ਪ੍ਰਾਚੀਨਤਾ ਕਾਰਨ ਹੀ ਇਸਨੂੰ ਸਨਾਤਨ ਧਰਮ ਵੀ ਕਿਹਾ ਗਿਆ, ਕਿਉਂਕਿ ਸਨਾਤਨ ਦਾ ਅਰਥ ਹੈ ਪੁਰਾਣਾ, ਜਾਂ ‘ਜੋ ਹਮੇਸ਼ਾਂ ਤੋਂ ਹੈ’।ਇਸਦੀ ਪ੍ਰਾਚੀਨਤਾ ਨੂੰ ਵੇਖਦਿਆਂ ਇਹ ਸੁਭਾਵਕ ਹੀ ਹੈ ਕਿ ਇਸਨੇ ਬਹੁਤ ਸਾਰੇ ‘ਡੇਰਿਆਂ’ ਦਾ ਸਾਹਮਣਾ ਕੀਤਾ ਹੋਵੇਗਾ ਤੇ ਸਨਾਤਨ-ਨਵੀਨ ਦੇ ਯੁੱਧ ਵਿਚ ਮਨੁੱਖੀ ਲਹੂ ਵੀ ਵਹਾਇਆ ਗਿਆ ਹੋਵੇਗਾ। ਭਾਵੇਂ ਇਸ ਦੇ ਸਭ ਤੋਂ ਪਹਿਲੇ ‘ਸ਼ੀਆ’ ਮਹਾਂਵੀਰ ਦੇ ਚੇਲੇ, ਜੈਨ ਮੱਤ ਦੇ ਅਨੁਯਾਈ ਕਹੇ ਜਾ ਸਕਦੇ ਹਨ, ਪਰ ਇਸਨੂੰ ਅਸਲੀ ਚਣੌਤੀ ਗੌਤਮ ਬੁੱਧ ਨੇ ਦਿੱਤੀ। ਬੋਧੀਆਂ ਦੇ ਹਿੰਦੂਆ ਵੱਲੋਂ ਕੀਤੇ ਗਏ ਕਤਲਾਂ ਅਤੇ ਬੋਧੀ ਮੱਠਾਂ ਨੂੰ ਬਰਬਾਦ ਕਰਕੇ ਉਨ੍ਹਾਂ ਉਪਰ ਉਸਾਰੇ ਗਏ ਮਹਿਲਾਂ ਵਰਗੇ ਹਿੰਦੂ ਮੰਦਰਾ ਦੀ ਵਿਅਥਾ ਸ਼ਾਇਦ ਭਾਰਤੀ ਇਤਿਹਾਸ ਦੀ ਸਭ ਤੋਂ ਵੱਧ ਲਕੋ ਕੇ ਰੱਖੇ ਗਏ ਭੇਦ ਵਾਲੀ ਗੱਲ ਮੰਨੀ ਜਾ ਸਕਦੀ ਹੈ। ਹਿੰਦੂ ਵਿਸ਼ਵਾਸਾਂ ਦਾ ਮੂਲ ਵੀ ਯੂਨਾਨੀ ਅਤੇ ਮਿਸਰੀ ਧਰਮਾਂ ਵਾਂਗ ਮਿੱਥਿਹਾਸਕ ਹੈ। ਯੂਨਾਨੀ ਮਿੱਥਿਹਾਸਕ ਵਿਸ਼ਵਾਸ ਨੂੰ ਈਸਾਈਅਤ ਅਤੇ ਮਿਸਰੀ ਨੂੰ ਇਸਲਾਮ ਨੇ ਮਿਟਾ ਦਿਤਾ। ਕੁਦਰਤੀ ਹੈ ਕਿ ਹਿੰਦੂ ਵਿਚਾਰਧਾਰਾ ਨੂੰ ਵੀ ਚਣੌਤੀ ਮਿਲਣੀ ਹੀ ਸੀ। ਤੇ ਮਿਲੀ ਵੀ। ਜੈਨ ਮੱਤ, ਬੁਧ ਮੱਤ ਤੇ ਸਿੱਖ ਮੱਤ ਅਪਣੇ ਸਮਿਆਂ ਦੀਆਂ ਉਹ ਮੁੱਖ ‘ਨਵੀਨ’ ਵਿਚਾਰਧਾਰਾਵਾਂ ਸਨ ਜਿਨ੍ਹਾਂ ਨੇ ਸਥਾਪਤ ਹਿੰਦੂ ਵਿਸ਼ਵਾਸਾਂ ਨੂੰ ਵੰਗਾਰਿਆ। ਇਨ੍ਹਾਂ ਵਿਚੋਂ ਸਿਰਫ ਬੌਧ ਅਤੇ ਸਿੱਖ ਅਪਣੀ ਵੱਖਰੀ ਨੁਹਾਰ ਬਨਾਉਣ ਵਿਚ ਕਾਮਯਾਬ ਤਾਂ ਹੋਏ ਪਰ ਯੂਨਾਨੀ ਤੇ ਮਿਸਰੀ ਧਰਮਾਂ ਵਾਂਗ ‘ਸਨਾਤਨੀ’ ਵਿਸ਼ਵਾਸਾਂ ਨੂੰ ਮਿਟਾ ਨਾ ਸਕੇ। ਅਕਸਰ ਹਿੰਦੂ ਧਰਮ ਦੇ ਪੈਰੋਕਾਰਾਂ ਵੱਲੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਇਹ ਤਾਂ ਅਜਿਹਾ ਧਰਮ ਹੈ ਜੋ ਸਭ ਨੂੰ ਅਾਪਣਾ ਬਣਾ ਲੈਂਦਾ ਹੈ, ਦੂਜੇ ਲਫਜ਼ਾਂ ਵਿਚ, ਅਪਣੇ ਅੰਦਰ ਸਮੋਅ ਲੈਂਦਾ ਹੈ। ਇਨ੍ਹਾਂ ਦੇ ਇਹ ਕਹਿਣ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਬੋਧੀ, ਜੈਨੀ, ਸਿੱਖ ਆਦਿ ਸਭ ਹਿੰਦੂ ਹੀ ਹਨ। ਪਰ ਇਹਨਾ ਲਫਜ਼ਾਂ ਵਿਚ ਛੁਪੀ ਹੋਈ ਇਕ ਸੱਚਾਈ ਵੀ ਆਪ ਮੁਹਾਂਦਰੇ ਹੀ ਪ੍ਰਗਟ ਹੋ ਜਾਦੀ ਹੈ- ਉਹ ਇਹ, ਕਿ ਅਜੋਕਾ ਹਿੰਦੂ ਧਰਮ ਅਸਲ ਵਿਚ ਭਾਰਤ ਵਿਚ ਸਮੇਂ-ਸਮੇਂ ਪਣਪੀਆਂ ਸੰਪ੍ਰਦਾਵਾਂ ਦਾ ਇਕ ਸੰਗ੍ਰਹਿ ਹੈ। ਸ਼ਿਵ-ਵਾਦ, ਵਿਸ਼ਨੂੰ-ਵਾਦ, ਦੇਵੀ-ਵਾਦ, ਵਰਗੀਆਂ ਅਨੇਕਾਂ ਪ੍ਰੰਪਰਾਵਾਂ ਭਾਰਤ ਦੇ ਅਲੱਗ-ਅਲੱਗ ਹਿਸਿੱਆਂ ਵਿਚ ਅਲੱਗ-ਅਲੱਗ ਸਮੇਂ ਜਨਮੀਆਂ। ਫਿਰ ਆਰੀਆਂ ਦਾ ਵੈਦਿਕ ਫ਼ਲਸਫ਼ਾ ਵੀ ਇਸੇ ਧਰਮ-ਸਮੂਹ ਦਾ ਹਿੱਸਾ ਬਣਿਆਂ ਤੇ ਵੇਦਾਂ ਤੋਂ ਬਹੁਤ ਬਾਅਦ ਰਚੇ ਜਾਣ ਵਾਲੇ ਮਹਾਂਕਵਿ ਰਾਮਾਇਣ ਤੇ ਮਹਾਂਭਾਰਤ ਵੀ। ਇਸ ਤਰਾਂ ਇਸ ਭਾਰਤੀ ਧਰਮ ਦਾ ਸਰੋਤ ਕੋਈ ਇਕ ਵਿਚਾਰਧਾਰਾ ਨਾ ਹੋ ਕੇ, ਬਹੁਤ ਸਾਰੀਆਂ ਮਾਨਤਾਵਾਂ ਦਾ ਸੁਮੇਲ ਹੈ, ਜਿਸ ਕਾਰਨ ‘ਡੇਰੇਵਾਦ’ ਨਾਲ਼ ਸਿੰਝਣ ਦਾ ਇਸ ਕੋਲ ਵਧੀਆ ਢੰਗ ਹੈ- ਹਰ ਨਵੇਂ ਡੇਰੇ ਨੂੰ ਅਪਣੀ ਹਿੰਦੂ-ਛੱਤਰੀ ਦੀ ਛਾਂ ਥੱਲੇ ਹੀ ਲੈ ਆਓ। ਪਰ ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦਾ ਸੰਦੇਸ਼ ਇਸ ਛੱਤਰੀ ਥੱਲੇ ਸਮਾਉਣਾ ਸੌਖਾ ਨਹੀਂ ਸੀ। ਇਨ੍ਹਾਂ ਨੇ ਇਸ ਸਨਾਤਨ ਧਰਮ ਦੇ ਮੌਲਿਕ ਸਿਧਾਂਤ  ਜਾਤ ਪ੍ਰਣਾਲੀ ਉੱਪਰ ਸਿੱਧਾ ਵਾਰ ਕੀਤਾ। ਇਹ ਇਕ ਵੱਖਰਾ ਵਿਸ਼ਾ ਹੈ ਕਿ ਗੌਤਮ ਅਤੇ ਨਾਨਕ ਦੀ ਕ੍ਰਾਂਤੀ ਵੀ ਇਸ ਜਾਤ ਪ੍ਰਥਾ ਵਰਗੇ ਮਨੁੱਖਤਾ-ਵਿਰੋਧੀ ਰਵੱਈਏ ਨੂੰ ਠੱਲ੍ਹ ਕਿਉਂ ਨਾ ਪਾ ਸਕੀ। ਭਾਰਤੀ ਸਮਾਜ ਵਿਚੋਂ ਹੀ ਜਨਮ ਲੈਣ ਵਾਲੇ, ਹਿੰਦੂ ਧਰਮ ਦੀਆ ਕੁਰੀਤੀਆਂ ਖਿਲਾਫ਼ ਖੜ੍ਹੇ ਹੋਏ ਇਹ ਡੇਰੇ ਹੀ ਨਹੀਂ, ਬਲਕਿ ਭਾਰਤ ਵਿਚ ਬਾਹਰੋਂ ਆਏ ਧਰਮ – ਇਸਲਾਮ ਅਤੇ ਇਸਾਈ ਮੱਤ ਦੀ ਸ਼ਰਣ ਵਿੱਚ ਜਾਣ ਵਾਲੇ ਭਾਰਤੀ ਉਪ-ਮਹਾਂਦੀਪ ਦੇ ਸਾਰੇ ਲੋਕ ਅਜੇ ਵੀ ਇਸ ਬਿਮਾਰ ਮਾਨਸਕਿਤਾ ਨੂੰ ਸਹਿਜ ਹੀ ਨਿਭਾਉਂਦੇ ਹਨ।
ਅਜੋਕੇ ਪੂਰਵੀ ਪੰਜਾਬ ਵਿਚ ਉੱਭਰ ਰਹੇ ਡੇਰਿਆਂ ਦੀ ਕਹਾਣੀ, ਦੁਨੀਆ ਵਿਚਲੇ ਬਾਕੀ ਧਰਮਾਂ ਦੇ ਇਤਹਾਸ ਵਿਚ ਜੋ ਹੋਇਆ, ਉਸ ਤੋਂ ਵੱਖ ਨਹੀਂ ਹੈ। ਸਿੱਖਾਂ ਦੀ ਸਥਾਪਤ ਹੋ ਚੁੱਕੀ ਵਿਚਾਰਧਾਰਾ ਨੂੰ ਅੱਜ ਉਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਹੈ ਜੋ ਕਦੇ ਯਹੂਦੀਆਂ, ਈਸਾਈਆਂ, ਹਿੰਦੂਆਂ ਨੂੰ ਰਿਹਾ ਹੈ। ਸਿੱਖ ਮੱਤ ਦੇ ਇਤਹਾਸ ਵਿਚ ਅਜਿਹੇ ਹਾਲਾਤ ਨਵੀਂ ਗਲ ਨਹੀਂ। ਸਭ ਤੋਂ ਪਹਿਲਾਂ ਨਾਨਕ ਦੇ ਪੁੱਤਰਾਂ ਵੱਲੋਂ ਸ਼ੁਰੂ ਕੀਤੀਆਂ ਗਈਆ ਸੰਪ੍ਰਦਾਵਾਂ, ਗੁਰੂ ਤੇਗ ਬਹਾਦਰ ਦੇ ਵੇਲੇ ਅਾਪਣੇ ਚੇਲਿਆਂ ਦੀ ਸ਼ਹਿ ਹੇਠ ‘ਗੁਰ-ਗੱਦੀ’ ‘ਤੇ ਹੱਕ ਜਮਾਉਂਦਾ ਰਾਮ ਰਾਇ , ਫ਼ਿਰ ਬੰਦਾ ਸਿੰਘ ਬਹਾਦਰ ਦੇ ਉਪਾਸ਼ਕਾਂ ਵੱਲੋਂ ਬੰਦੇ ਦੇ ਨਾਮ ‘ਤੇ ਨਵੀਂ ਸੰਪਰਦਾਇ ਚਾਲੂ ਕਰਨ  ਦੀ ਕੋਸ਼ਿਸ਼ ਅਦਿ ਬਹੁਤ ਸਾਰੀਆ ਮਿਸਾਲਾਂ ਹਨ ਜਦੋਂ ਅਜਿਹੇ ਡੇਰੇ ਹੋਂਦ ਵਿਚ ਆਉਣ ਦੀ ਕੋਸ਼ਿਸ਼ ਕਰਦੇ ਰਹੇ। ਸਾਡੇ ਸਮਿਆਂ ਦੀ ਨਿਰੰਕਾਰੀ ਸੰਪ੍ਰਦਾਇ ਵੀ ਇਨ੍ਹਾਂ ਵਿਚ ਹੀ ਗਿਣੀ ਜਾ ਸਕਦੀ ਹੈ। ਇਨ੍ਹਾ ਸਾਰੇ ‘ਸ਼ੀਆ-ਡੇਰਿਆ’ ਦਾ ਸਿੱਖਾਂ ਵਲੋਂ ਤਿੱਖਾ ਤੇ ਕਈ ਵਾਰ ਹਿੰਸਕ ਵਿਰੋਧ ਵੀ ਹੋਇਆ ਤੇ ਇਹ ਡੇਰੇ ਅਪਣੀਆਂ ਵਿਚਾਰਧਾਰਾਵਾਂ ਨੂੰ ‘ਸਥਾਪਤ’ ਕਰਨ ਵਿਚ ਕਾਮਯਾਬ ਨਾ ਹੋਏ।
ਪਰ ਤਥਾ-ਕਥਿਤ ਤੌਰ ‘ਤੇ ਸ਼ਾਂਤਮਈ ਢੰਗ ਨਾਲ ਪਸਰ ਰਹੇ ਪੰਜਾਬ ਦੇ ਹੋਰ ਡੇਰੇ ਬੜੀ ਕਾਮਯਾਬੀ ਨਾਲ ਵੱਧ-ਫੁਲ ਰਹੇ ਹਨ ਜਿਸਦਾ ਮੁੱਖ ਕਾਰਨ ਹੈ – ਆਮ ਜਨਤਾ ਨੂੰ ਕਿਸੇ ਐਸੇ ‘ਜਾਇਜ਼’ ਬਦਲ ਦੀ ਮਾਨਸਿਕ ਜ਼ਰੂਰਤ, ਜਿਸ ਵਿਚ ਉਹ ਅਗਿਆਨਤਾ ‘ਚੋਂ ਉਪਜੀਆਂ ਅਪਣੀਆਂ ਕੁਦਰਤੀ ਧਾਰਮਿਕ ਇੱਛਾਵਾਂ ਦੀ ਪੂਰਤੀ ਕਰ ਸਕਣ। ਇਸ ਦੇ ਨਾਲ ਨਾਲ ਭਾਰਤੀ ਕ੍ਹੋੜ: ਜਾਤ-ਪਾਤ ਦੀ ਨਫ਼ਰਤ, ਸ਼ਰਾਬਖੋਰੀ ਆਦਿ ਤੋਂ ਬਚ ਸਕਣ ਦੀ ਉਮੀਦ ਕਰ ਸਕਣ, ਇਹ ਉਹ ਕੁਰੀਤੀਆਂ ਹਨ ਜੋ ਸਿੱਖਾਂ ਵਿਚ ਉਤਨੀਆਂ ਹੀ ਪ੍ਰਬਲ ਹਨ ਜਿੰਨੀਆਂ ਕਿ ਬਾਕੀ ਭਾਰਤੀ ਸਮਾਜ ਵਿਚ। ਸੋ ਕਾਰਨ ਬਹੁਤ ਸਾਰੇ ਹਨ- ਸਿਆਸੀ, ਸਮਾਜਿਕ, ਧਾਰਮਿਕ, ਮਾਲੀ ਅਦਿ ਪਰ ਅਸਲ ਕਾਰਨ ਹੈ ਲੋਕਾਂ ਵਿਚ ਸੁਭਾਵਕ ਅਗਿਆਨਤਾ ਤੇ ਅਨਪੜ੍ਹਤਾ। ਇਸੇ ਲਈ ਜਦੋਂ ਕੋਈ ਵੀ ਸਥਾਪਤ ਧਰਮ ਇਕ ਖ਼ਾਸ ਉਮਰ ਵਿਹਾ ਲੈਂਦਾ ਹੈ ਤਾ ਉਸ ਵਿਚੋਂ ਹੀ ਤੇ ਕਈ ਵਾਰੀ ਉਸਦੇ ਨਾਮ ‘ਤੇ ਹੀ, ਹੋਰ ਸੰਪ੍ਰਦਾਵਾਂ ਸ਼ੀਆਵਾਦ ਦੀ ਤਰ੍ਹਾਂ ਸ਼ੁਰੂ ਹੋ ਕੇ ਖੁਦ ਸਥਾਪਤ ਧਰਮ ਬਣ ਜਾਂਦੀਆਂ ਹਨ। ਇਹ ਵਿਹਾਰ ਆਦਿ-ਜੁਗਾਦ ਤੋਂ ਚਲਦਾ ਆ ਰਿਹਾ ਹੈ ਤੇ ਵੇਖੇ ਜਾ ਸਕਣ ਵਾਲੇ ਭੱਵਿਖ ਤੱਕ ਚੱਲਦਾ ਹੀ ਰਵ੍ਹੇਗਾ। ਉਹ ਸਮਾਂ ਅਜੇ ਕਲਪਨਾਂ ਤੋਂ ਵੀ ਦੂਰ  ਹੈ ਜਦੋਂ ਧਰਤੀ ਤੇ ਵੱਸਣ ਵਾਲੇ ਸਾਰੇ ਮਨੁੱਖ ਇਤਨੇ ਚੇਤੰਨ ਹੋ ਜਾਣਗੇ ਕਿ ਉਹ ਇਸ ਬ੍ਰਿਹਮੰਡ ਵਿਚਲੇ ਕੁਦਰਤੀ ਵਰਤਾਰਿਆਂ ਨੂੰ ‘ਰੱਬੀ ਚਮਤਕਾਰ’ ਸਮਝਣਾ ਬੰਦ ਕਰ ਦੇਣਗੇ ਤੇ ਹਰ ਨਾ ਸਮਝ ਆਉਣ ਵਾਲੀ ਗੱਲ ਨੂੰ ਅਪਣੇ ਪ੍ਰਸ਼ਨਾਤਮਕ ਸੁਭਾਅ ਨਾਲ ਚੁਣੌਤੀ ਦੇ ਕੇ, ਜਵਾਬ ਲੱਭਣ ਦੀ ਕੋਸ਼ਿਸ਼ ਕਰਨ ਦਾ ਸੁਭਾਵਕ ਵਤੀਰਾ ਬਣਾ ਲੈਣਗੇ।
-ਕੰਵਲ ਧਾਲੀਵਾਲ, 15 ਅਕਤੂਬਰ 2012-ਲੰਡਨ

Posted

in

, , ,

by

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com