ਵਿਅੰਗ-ਸਟਿੰਗ ਅਪ੍ਰੇਸ਼ਨ: ਫ਼ਕੀਰ ਚੰਦ ਸ਼ੁਕਲਾ

   ਜਦੋਂ ਦਾ ਇੱਕ ਟੀ.ਵੀ. ਚੈਨਲ ਨੇ ਸਟਿੰਗ ਅਪ੍ਰੇਸ਼ਨ ਰਾਹੀਂ ਤਹਲਕਾ ਮਚਾ ਦਿੱਤਾ ਸੀ ਤਾਂ ਹਰ ਵਰਗ ਦੇ ਲੋਕਾਂ ਵਿਚ ਇਕ ਤਰ੍ਹਾਂ ਦੀ ਦਹਿਸ਼ਤ ਜਹੀ ਫੈਲ ਗਈ ਸੀ ਕਿ ਕੀ ਪਤਾ ਕਦੋਂ ਕਿਸ ਦਾ ਨੰਬਰ ਲਾ ਕੇ ਜਲੂਸ ਕੱਢ ਦੇਣ।

ਫ਼ਕੀਰ ਚੰਦ ਸ਼ੁਕਲਾ

ਦਿੱਲੀ ਦੀ ਇੱਕ ਟੀਚਰ, ਮੰਨਿਆ-ਪ੍ਰਮੰਨਿਆ ਲੀਡਰ, ਫਿਲਮੀ ਐਕਟਰ…ਗੱਲ ਕੀ ਹਰ ਵਰਗ ਤੇ ਇਸ ਟੀ.ਵੀ. ਚੈਨਲ ਵਾਲਿਆਂ ਦਾ ਕੈਮਰਾ ਘੁੰਮੀ ਗਿਆ ਤੇ ਆਮ ਲੋਕਾਂ ਦੀ ਤਾਂ ਗੱਲ ਹੀ ਕੀ ਕਰਨੀ ਵੱਡੇ-ਵੱਡੇ ਨਾਢੂ ਖਾਹਾਂ ਦੀ ਨੀਂਦਰ ਵੀ ਉੱਡ ਗਈ ਸੀ। ਹਰ ਇਕ ਨੂੰ ਇਹੋ ਡਰ ਸਤਾਈ ਜਾ ਰਿਹਾ ਸੀ ਕਿ ਕਿਤੇ ਉਸ ਦੇ ਮਗਰ ਹੀ ਕੈਮਰਾ ਲੈ ਕੇ ਨਾ ਆ ਗਏ ਹੋਣ। ਇਸ ਚੈਨਲ ਵਾਲਿਆਂ ਨੇ ਤਾਂ ਲੋਕਾਂ ਦੇ ਬੈੱਡਰੂਮ,ਵਾਸ਼ਰੂਮ ਤੱਕ ਨਹੀਂ ਬਖਸ਼ੇ ਸਨ।
    ਜਦੋਂ ਹਰ ਪਾਸੇ ਇਸ ਤਰ੍ਹਾਂ ਦਾ ਡਰ ਪੱਸਰ ਰਿਹਾ ਸੀ ਤਾਂ ਸਾਡੇ ਲੇਖਕ, ਪ੍ਰਕਾਸ਼ਕ, ਆਲੋਚਕ ਆਦਿ ਕਿਵੇਂ ਚਿੰਤਾਗ੍ਰਸਤ ਨਾ ਹੁੰਦੇ। ਉਹ ਸਾਰੇ ਇਕ ਥ੍ਹਾਂ ਤੇ ਇਕੱਠੇ ਹੋ ਗਏ ਸਨ। ਉਂਜ ਵੇਖਿਆ ਜਾਵੇ ਤਾਂ ਕਿੱਡੀ ਹੈਰਾਨੀ ਵਾਲੀ ਗੱਲ ਸੀ ਕਿ ਇੱਕੋ ਛੱਤ ਹੇਠਾਂ ਕਵੀ, ਪ੍ਰਕਾਸ਼ਕ, ਆਲੋਚਕ, ਪ੍ਰੋਫੈਸਰ ਆਦਿ ਇਸ ਭਿਆਨਕ ਸਮੱਸਿਆ ਤੋਂ ਬਚਾਅ ਦੇ ਤਰੀਕੇ ਲੱਭਣ ਲਈ ਇਕੱਠੇ ਹੋਏ ਸਨ।
    ਸਾਰਿਆਂ ਨੇ ਪਹਿਲਾਂ ਹੀ ਪੈਸੇ ’ਕੱਠੇ ਕਰਕੇ ਦਾਰੂ ਮੰਗਵਾ ਲਈ ਸੀ ਤੇ ਕੁੱਕੜ ਮਹਾਰਾਜ ਵੀ ਭੁੰਨੇ ਹੋਏ ਰੂਪ ਵਿਚ ਪਲੇਟਾਂ ਵਿਚ ਆ ਬਿਰਾਜੇ ਸਨ।
    ਦਾਰੂ ਦੇ ਦੋ ਤਿੰਨ ਮੋਟੇ ਪੈੱਗ ਲਗਾਉਣ ਮਗਰੋਂ ਇਕ ਭਾਰਾ ਜਿਹਾ ਕਵੀ ਬੋਲਿਆ, “ਦੋਸਤੋ! ਤੁਸੀਂ ਸਾਰੇ ਜਾਣਦੇ ਈ ਹੋ ਕਿ ਅੱਜਕੱਲ ਇਕ ਟੀ.ਵੀ. ਚੈਨਲ ਚੰਗੇ ਭਲੇ ਲੋਕਾਂ ਦੀ ਸਟਿੰਗ ਆਪਰੇਸ਼ਨ ਨਾਂਅ ਹੇਠਾਂ ਮਿੱਟੀ ਪਲੀਦ ਕਰਨ ‘ਤੇ ਤੁਲਿਆ ਹੋਇਐ। ਪਤਾ ਨਹੀਂ ਕਦੋਂ ਸਾਡੇ ਵਿੱਚੋਂ ਕਿਸੇ ਦਾ ਨੰਬਰ ਲੱਗ ਜਾਵੇ। ਅਸੀਂ ਭਾਵੇਂ ਪਾਤਾਲ ਵਿਚ ਵੀ ਲੁਕ ਜਾਈਏ, ਇਨ੍ਹਾਂ ਸਟਿੰਗ ਆਪਰੇਸ਼ਨ ਵਾਲਿਆਂ ਨੇ ਅਸਾਂ ਨੂੰ ਲੱਭ ਈ ਲੈਣੈ।
ਇੰਜ ਆਖਦਿਆਂ-ਆਖਦਿਆਂ ਉਹ ਰੱਤਾ ਰੁਕ ਗਿਆ ਸੀ।ਉਸ ਨੇ ਇਕ ਬਜ਼ੁਰਗ ਕਵੀ ਵੱਲ ਇਸ਼ਾਰਾ ਕਰਦਿਆਂ ਆਖਿਆ, “ਬਾਬਿਓ,ਆਹ ਰੱਤਾ ਗਲਾ ਤਾਂ ਤਰ ਕਰਵਾ ਦਿਓ, ਐਵੇਂ ਭੌਂਕ-ਭੌਂਕ ਕੇ ਖੁਸ਼ਕ ਹੋ ਗਿਐ।”
    ਬਜ਼ੂਰਗ ਕਵੀ ਨੇ ਗਿਲਾਸ ਵਿਚ ਦਾਰੂ ਪਾਕੇ ਗਿਲਾਸ ਉਸ ਨੂੰ ਫੜਾ ਦਿੱਤਾ ਅਤੇ ਉਸ ਭਾਰੇ ਕਵੀ ਨੇ ਇੱਕੋ ਡੀਕ ਵਿਚ ਖਾਲੀ ਕਰ ਦਿੱਤਾ ਤੇ ਫੇਰ ਕਹਿਣ ਲੱਗਿਆ, “ਭਰਾਵੋ, ਇਹ ਤਾਂ ਅਸੀਂ ਸਾਰੇ ਜਾਣਦੇ ਹੀ ਆਂ ਕਿ ਏਸ ਹਮਾਮ ’ਚ ਅਸੀਂ ਸਾਰੇ ਨੰਗੇ ਆਂ। ਫੇਰ ਵੀ ਤੁਸੀਂ ਵਾਰੀ-ਵਾਰੀ ਆਪਣੇ ਕਾਰਨਾਮਿਆਂ ਬਾਰੇ ਚਾਨਣ ਪਾਓ, ਤਾਂ ਜੋ ਬਚਾਅ ਦਾ ਕੋਈ ਤਰੀਕਾ ਲੱਭ ਸਕੀਏ।” ਇਕ ਪਲ ਰੁਕ ਕੇ ਉਸ ਨੇ ਬਜ਼ੁਰਗ ਕਵੀ ਨੂੰ ਆਖਿਆ, “ਲਓ ਬਾਬਿਓ, ਤੁਸੀਂ ਈ ਕਰੋ ਸ਼ੁਰੂਆਤ..”
    ਬਜ਼ੁਰਗ ਕਵੀ ਨੇ ਗਿਲਾਸ ’ਚ ਪਈ ਦਾਰੂ ਦਾ ਇਕ ਵੱਡਾ ਸਾਰਾ ਘੁੱਟ ਭਰ ਲਿਆ ਤੇ ਫੇਰ ਆਖਣ ਲੱਗਾ, “ਉਹ ਮੈਂ ਭਾਈ ਕੀ ਦੱਸਣੈ। ਮੈਂ ਤਾਂ ਲਿਖਣ ਨਾਲ ਈ ਗੁਜਾਰਾ ਕਰਦੈਂ। ਮੇਰੇ ਕਿਹੜਾ ਹੱਲ ਚੱਲਦੇ ਨੇ” ਉਸ ਨੇ ਮੁੜ ਦਾਰੂ ਦਾ ਇਕ ਵੱਡਾ ਸਾਰਾ ਘੁੱਟ ਭਰਦਿਆਂ ਕਿਹਾ, “ਸਹੁਰੀ ਦੇ ਜਦੋਂ ਤੱਕ ਇਕ ਦੋ ਪੈੱਗ ਅੰਦਰ ਨੀ ਜਾਂਦੇ..ਅੱਖਾਂ ਈ ਨੀ ਖੁੱਲ੍ਹਦੀਆਂ।”
    “ਓਹ ਬਜ਼ੁਰਗੋ! ਅਸਲੀ ਗੱਲ ਤੇ ਆਓ” ਕਿਸੇ ਇਕ ਜਣੇ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ।
    “ਕਾਹਲਾ ਕਿਉਂ ਪੈਂਦੈ ਯਾਰ।ਅਸਲੀ ਗੱਲ ਤੇ ਈ ਆ ਰਿਹਾ ਆਂ। ਭਾਈ ਮੈਂ ਤਾਂ ਗੀਤ-ਗਜ਼ਲਾਂ ਲਿਖ ਕੇ ਆਪਣੀ ਦਾਲ ਰੋਟੀ ਚਲਾਉਂਦੈ। ਸ਼ੌਹਰਤ ਦੀਆਂ ਭੁੱਖੀਆਂ ਬੀਬੀਆਂ ਮੈਥੋਂ ਗੀਤ ਗਜ਼ਲਾਂ ਲਿਖਵਾ ਕੇ ਆਪਣੇ ਨਾਂਅ ਤੇ ਕਵੀ ਸੰਮੇਲਨਾਂ ਵਿਚ ਪੜ੍ਹ ਆਉਂਦੀਆਂ ਨੇ ਤੇ ਬਦਲੇ ’ਚ ਮੈਨੂੰ ਪੈਸੇ ਮਿਲ ਜਾਂਦੇ ਨੇ।”
    “ਪਰ ਏਹਦੇ ’ਚ ਡਰ ਆਲੀ ਕਿਹੜੀ ਗੱਲ ਆ” ਟੋਲੇ ’ਚੋਂ ਇਕ ਜਣੇ ਨੇ ਰੱਤਾ ਖਿਝ ਕੇ ਕਿਹਾ, “ਮਾਲ ਵੇਚ ਦਿੱਤਾ ਤੇ ਪੈਸੇ ਵੱਟ ਲਏ।”
    “ਉਹ ਨਹੀਂ ਯਾਰ। ਐਥੇ ਈ ਤਾਂ ਗੜਬੜ ਹੋ ਗਈ। ਦਰਅਸਲ ਮੈਂ ਕੋਈ ਵੀ ਲਿਖਤ ਲਿਖਣ ਮਗਰੋਂ ਉਸ ਦੀ ਫੋਟੋ-ਸਟੇਟ ਕਾਪੀਆਂ ਕਰਵਾ ਲੈਂਦਾਂ, ਪਰ ਪਿੱਛੇ ਜਹੇ ਮੇਰੀ ਗੈਰ ਹਾਜ਼ਰੀ ਵਿਚ ਮੇਰੇ ਘਰੋਂ ਦੋ ਬੀਬੀਆਂ ਇੱਕੋ ਗਜ਼ਲ ਦੀਆਂ ਕਾਪੀਆਂ ਚੁੱਕ ਕੇ ਲੈ ਗਈਆਂ ਤੇ ਬਦਕਿਸਮਤੀ ਨਾਲ ਇੱਕੋ ਕਵੀ ਦਰਬਾਰ ਵਿਚ ਪੜ੍ਹਨ ਲਈ ਪਹੁੰਚ ਗਈਆਂ। ਜਦੋਂ ਇਕ ਜਣੀ ਨੇ ਪੜ੍ਹੀ ਤਾਂ ਦੂਜੀ ਨੇ ਤਾਂ ਉੱਥੇ ਈ ਰੌਲਾ ਪਾ ਦਿੱਤਾ ਕਿ ਇਹ ਤਾਂ ਉਸ ਦੀ ਲਿਖੀ ਗਜ਼ਲ ਏ। ਬਸ ਦੋਵੋਂ ਇਕ ਦੂਜੇ ਦੀ ਗੁੱਤਾਂ ਪੱਟਣ ਲੱਗ ਪਈਆਂ।”
    “ਉਹ ਬਜ਼ੁਰਗੋ ਏਹਦੇ ’ਚ ਥੋਨੂੰ ਡਰ ਕਾਹਦਾ। ਪਹਿਲਾਂ ਵੀ ਤਾਂ ਤੁਸੀਂ ਇਕ ਬੀਬੀ ਨੂੰ ਪੂਰੀ ਕਿਤਾਬ ਲਿਖ ਕੇ ਦਿੱਤੀ ਸੀ।” ਮੌਜੂਦ ਸਾਥੀਆਂ ’ਚੋਂ ਕਿਸੇ ਨੇ ਭੇਤ ਖੋਲਿਆ।
    “ਓਸ ਦੇ ਤਾਂ ਭਾਈ ਮੈਂ ਦਸ ਹਜ਼ਾਰ ਰੁਪਏ ਲਏ ਸੀ। ਬੀਬੀ ਨੂੰ ਕਿਤਾਬ ਤੇ ਐਵਾਰਡ ਮਿਲ ਗਿਆ, ਪਰ ਸਮਾਗਮ ’ਚ ਦੋ ਅੱਖਰ ਵੀ ਨਾ ਬੋਲ ਸਕੀ ਸੀ। ਗੀਤਾਂ ਗਜ਼ਲਾਂ ਬਾਰੇ ਤਾਂ ਕੀ ਬੋਲਣਾ ਸੀ।”
    “ਬੰਦ ਕਰ ਬਜ਼ੁਰਗੋ ਆਪਣੀ ਰਾਮ ਕਹਾਣੀ, ਏਸ ’ਚ ਨੀ ਕੁਝ ਸੁਆਦ ਆ ਰਿਹਾ।”
    …ਤੇ ਫੇਰ ਭਾਰੇ ਕਵੀ ਨੇ ਇਕ ਉੱਘੇ ਕਵੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਹਾਂ ਤੁਸੀਂ ਪਾਓ ਜੀ ਕੁਝ ਚਾਨਣ ਆਪਣੇ ਬਾਰੇ…”
    “ਮੈਂ ਕੀ ਕਹਿਣੈ? ਮੇਰੇ ਬਾਰੇ ਤਾਂ ਪਹਿਲਾਂ ਈ ਰੌਲਾ ਪਾਇਆ ਹੋਇਆ ਕਿ ਮੈਂ ਇਕ ਸੁਹਣੀ ਕਵਿੱਤਰੀ ਨੂੰ ਨਾ ਸਿਰਫ ਗੀਤ ਲਿਖ ਕੇ ਦੇਂਦੈ ਸਗੋਂ ਉਸ ਨੂੰ ਮਾਨ-ਸਨਮਾਨ ਦਵਾਉਣ ਲਈ ਲੋਕਾਂ ਮਗਰ ਪੂਛ ਹਿਲਾਉਣ ਤੋਂ ਵੀ ਨਹੀਂ ਸੰਗਦਾ। ਦੱਸੋ ਭਲਾ ਕਿਸੇ ਨੂੰ ਕੀ ਤਕਲੀਫ! ਮੈਂ ਤਾਂ ਉਸ ਦਾ ਗੁਰੂ ਆਂ..।”
    “ਤੇ ਗੁਰੂ ਦੱਛਣਾ ’ਚ ਜੋ ਮਰਜੀ ਛਕੀ ਜਾਓ, ਕਿਸੇ ਨੂੰ ਤਕਲੀਫ ਤਾਂ ਨਹੀਂ ਹੋਣੀ ਚਾਹੀਦੀ।” ਇਕ ਹੋਰ ਬੋਲਿਆ ਤਾਂ ਸਾਰੇ ਖਿੜ ਖਿੜਾ ਕੇ ਹੱਸ ਪਏ।
    “ਏਸ ਨੂੰ ਤਾਂ ਏਹੋ ਡਰ ਸਤਾ ਰਿਹੈ ਬਈ ਜੇ ਕਿਤੇ ਗੁਰੂ ਦਕਸ਼ਨਾ ਲੈਂਦੇ ਵੇਲੇ ਸਟਿੰਗ ਅਪ੍ਰੇਸ਼ਨ ਹੋ ਗਿਆ ਤਾਂ ..।”
    ਇਕ ਪਲ ਪਹਿਲਾਂ ਸਾਰਿਆਂ ਦੇ ਚਿਹਰੇ ਤੇ ਆਈ ਮੁਸਕਾਨ ਪਲ ਭਰ ਵਿਚ ਹੀ ਚਿੰਤਾ ਵਿਚ ਬਦਲ ਗਈ ਸੀ।
    ਹੁਣ ਸਾਹਿਤਕ ਕਿਤਾਬਾਂ ਦਾ ਇੱਕ ਪ੍ਰਕਾਸ਼ਕ ਆਪਣੇ ਬਾਰੇ ਦੱਸਣ ਲੱਗਾ ਸੀ, “ਮੈਂ ਕਿਤਾਬਾਂ ਛਾਪਣ ਦੇ ਮੂੰਹ ਮੰਗੇ ਪੈਸੇ ਲੈਂਦਾ ਆਂ। ਦੇਸ ਵਿਦੇਸ਼ ਤੋਂ ਲੋਕੀ ਆਪਣੀਆਂ ਕਿਤਾਬਾਂ ਛਪਵਾਉਣ ਲਈ ਮੇਰੇ ਮਗਰ ਲੱਗੇ ਰਹਿੰਦੇ ਨੇ। ਪਰ ਪਤਾ ਨਹੀਂ ਕਦੋਂ ਇਕ ਕਵਿੱਤਰੀ ਮੇਰੇ ਨੇੜੇ ਆਉਂਦੀ ਗਈ। ਬਸ ਹੁਣ ਤਾਂ ਮੈਨੂੰ ਜਿਵੇਂ ਚਸਕਾ ਈ ਲੱਗ ਗਿਐ, ਪਰ ਮੇਰੇ ਕੋਲ ਜ਼ਿਆਦਾਤਰ ਅੱਧਖੜ ਉਮਰ ਦੀਆਂ ਜਨਾਨੀਆਂ ਈ ਕਿਤਾਬਾਂ ਛਪਵਾਉਂਦੀਆਂ ਨੇ। ਉਨ੍ਹਾਂ ’ਚੋਂ ਕਈਆਂ ਨੂੰ ਮੈਂ ਹੋਟਲਾਂ ’ਚ ਅਕਸਰ ਲੈ ਜਾਂਦਾ ਹਾਂ। ਕੋਈ ਬਹੁਤਾ ਸ਼ੱਕ ਵੀ ਨੀ ਕਰਦਾ। ਪਰ ਹੁਣ ਇਹੋ ਡਰ ਖਾਈ ਜਾ ਰਿਹੈ ਕਿ ਜੇ ਕਿਤੇ ਕਿਸੇ ਹੋਟਲ ਵਿਚ ਚੈਨਲ ਵਾਲਿਆਂ ਦਾ ਖੂਫੀਆ ਕੈਮਰਾ ਲੱਗਿਆ ਹੋਇਆ ਤਾਂ..”।
    “ਨਾਲੇ ਰਾਸ ਲੀਲਾ ਕਰੀ ਜਾਂ ਰਿਹੈ ਤੇ ਨਾਲੇ ਡਰੀ ਵੀ ਜਾ ਰਿਹੈ”, ਬਜ਼ੁਰਗ ਕਵੀ ਨੂੰ ਹੁਣ ਚੜ੍ਹ ਗਈ ਜਾਪਦੀ ਸੀ।
    “ਤੁਸੀਂ ਵੀ ਕੁਝ ਚਾਨਣ ਪਾਓ ਪ੍ਰੋਫੈਸਰ ਸਾਹਿਬ! ਤੁਸੀਂ ਤਾਂ ਬੀਬੀਆਂ ਨੂੰ ਵਾਹਵਾ ਡਿਗਰੀਆਂ ਦੁਆਂਦੇ ਓਂ”, ਉੱਘੇ ਕਵੀ ਨੇ ਯੂਨੀਵਰਸਟੀ ਦੇ ਪ੍ਰੋਫੈਸਰ ਦੇ ਖਾਲੀ ਗਿਲਾਸ ਵਿਚ ਹੋਰ ਦਾਰੂ ਪਾਉਂਦਿਆਂ ਆਖਿਆ।
    ਪ੍ਰੋਫੈਸਰ ਸਾਹਿਬ ਨੇ ਇਕੋ ਡੀਕ ਵਿਚ ਗਿਲਾਸ ਖਾਲੀ ਕਰ ਦਿੱਤਾ ਤੇ ਫੇਰ ਮੁੱਛਾ ਤੇ ਹੱਥ ਫੇਰਦਿਆਂ ਦੱਸਣ ਲੱਗਾ, “ਮੇਰੇ ਕੋਲ ਤਾਂ ਜਿਹੜੀ ਵੀ ਬੀਬੀ ਆਉਂਦੀ ਸੀ ਮੈਂ ਝੱਟ ਆਖ ਦੇਂਦਾ ਸਾਂ ਕਿ ਭਾਈ ਤੂੰ ਸਿਰਫ ਫਾਰਮਾਂ ਤੇ ਦਸਤਖ਼ਤ ਕਰਨੇ ਨੇ। ਵੀਹ ਹਜ਼ਾਰ ਫੜਾ ਜਾ ਤੇ ਐਮ.ਫਿੱਲ ਦੀ ਡਿਗਰੀ ਪੱਕੀ।”
    “ਸਾਲਿਆ ਇਕ ਐਮ. ਫਿੱਲ. ਦੇ ਐਨੇ ਪੈਸੇ! ਤਾਂਹੀਓ ਤੇਰੀ ਗੋਗੜ ਨਿਕਲੀ ਹੋਈ ਐ ਤੇ..”  ਪ੍ਰਕਾਸ਼ਕ ਨੇ ਹਾਲੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਆਲੋਚਕ ਨੇ ਟੋਕ ਦਿੱਤਾ, “ਯਾਰ ਵਿਚ ਨੀ ਬੋਲਣਾ। ਹਾਂ ਜੀ ਪ੍ਰੋਫੈਸਰ ਸਾਹਿਬ ਜਾਰੀ ਰੱਖੋ ਆਪਣੀ ਦਾਸਤਾਨ…”
    “ਹਾਂ ਬਈ ਬੜੀ ਫਸਟ ਕਲਾਸ ਚੱਲ ਰਹੀ ਸੀ ਆਪਣੀ ਦੁਕਾਨਦਾਰੀ, ਪਰ ਇਕ ਵਾਰੀ ਇੱਕ ਬਹੁਤ ਹੀ ਸੁਹਣੀ ਕੁੜੀ ਕਹਿਣ ਲੱਗੀ ਕਿ ਮੈਂ ਐਨੇ ਪੈਸੇ ਨੀ ਦੇ ਸਕਦੀ, ਕੁਝ ਰੀਬੇਟ ਦਿਓ..”
    ਮੈਂ ਕਿਹਾ ਰਿਬੇਟ ਦੇਣ ਨਾਲ ਮੈਨੂੰ ਕੀ ਮਿਲੂਗਾ, ਉਹ ਬੋਲੀ-ਜੋ ਵੀ ਤੁਸੀਂ ਮੰਗੋਗੇ..।
……ਤੇ ਭਾਈ ਹੁਣ ਅਕਸਰ ਮੈਂ ਕਿਸੇ ਨਾ ਕਿਸੇ ਨੂੰ ਰਿਬੇਟ ਦੇਂਦਾ ਰਹਿੰਦਾ ਆਂ ਤੇ ਜ਼ਿਆਦਾਤਰ ਰਿਸਰਚ ਵੀ ਆਪਣੇ ਘਰ ਈ ਕਰਵਾਉਂਦਾ ਹਾਂ। ਤੁਹਾਨੂੰ ਤਾਂ ਪਤਾ ਈ ਹੋਣੈ ਕਿ ਮੇਰੀ ਪਤਨੀ ਤਾਂ ਦੂਰ ਕਿਸੇ ਸ਼ਹਿਰ ਵਿਚ ਜੌਬ ਕਰਦੀ ਐ। ਉਹ ਤਾਂ ਦੋ ਚਾਰ ਮਹੀਨਿਆਂ ਮਗਰੋਂ ਈ ਆਉਂਦੀ ਐ। ਮੈਂ ਹੀ ਜਾਕੇ ਉਸ ਨੂੰ ਅਤੇ ਬੱਚਿਆਂ ਨੂੰ ਮਿਲ ਆਉਂਦੈ। ਮੈਨੂੰ ਤਾਂ ਹੁਣ ਇਹੋ ਡਰ ਰਹਿੰਦੈ ਕਿ ਕਿਤੇ ਮੈਂ ਆਪਣੇ ਘਰ ਵਿਚ ਰਿਸਰਚ ਕਰਵਾ ਰਿਹਾ ਹੋਵਾਂ ਤੇ ਚੈਨਲ ਵਾਲਿਆਂ ਦਾ ਕੈਮਰਾ…” ਗੱਲ ਅਧੂਰੀ ਛੱਡ ਕੇ ਉਸ ਆਪਣਾ ਖਾਲੀ ਗਿਲਾਸ ਹੋਰ ਦਾਰੂ ਪਾਉਣ ਲਈ ਅੱਗੇ ਕਰ ਦਿੱਤਾ ਸੀ।
    ਤੇ ਹੁਣ ਆਲੋਚਕ ਦੀ ਵਾਰੀ ਸੀ। ਉਹ ਕਹਿਣ ਲੱਗਾ, “ਭਰਾਵੋ, ਮੈਂ ਕਿਹੜਾ ਤੁਹਾਤੋਂ ਵੱਖਰਾ ਆਂ। ਮੈਂ ਵੀ ਕਿਸੇ ਕਿਤਾਬ ਦੀ ਆਲੋਚਨਾ ਕਰਨ ਤੋਂ ਪਹਿਲਾਂ ਏਹ ਜ਼ਰੂਰ ਵੇਖ ਲੈਂਦੇ ਕਿ ਕਿਤਾਬ ਕਿਸ ਦੀ ਏ। ਕਿਸੇ ਬੀਬੀ ਦੀ ਹੋਈ ਤਾਂ ਉਸ ਨੂੰ ‘ਡਿਸਕਸ’ ਕਰਨ ਦੇ ਲਈ ਖੁਦ ਈ ਫੋਨ ਕਰ ਦਿੰਦਾ ਆਂ। ਉਸ ਦੀ ਸਾਹਿਤ ਕਲਾ ਤੇ ਵੱਡੇ-ਵੱਡੇ ਲੇਖ ਲਿਖਣ ਤੋਂ ਵੀ ਸੰਕੋਚ ਨਹੀਂ ਕਰਦਾ ਤੇ ਕੋਈ ਨਾ ਕੋਈ ਆ ਹੀ ਜਾਂਦੀ ਏ। ਬਸ ਮੈਨੂੰ ਵੀ ਏਹੋ ਡਰ ਸਤਾਈ ਜਾ ਰਿਹੈ ਕਿ ਏਧਰ ਮੈਂ ਕਿਸੇ ਲੇਖਿਕਾ ਨਾਲ ਸਾਹਿੱਤਕ ਵਿਚਾਰ ਵਟਾਂਦਰਾ ਕਰ ਰਿਹਾ ਹੋਵਾਂ ਤੇ ਓਧਰ ਅਚਨਚੇਤ ਚੈਨਲ ਵਾਲਾ ਮੇਰੀ ਐਸੀ ਤੈਸੀ ਫੇਰਣ ਲਈ ਫਿਲਮ ਸ਼ੂਟ ਕਰ ਰਿਹਾ ਹੋਵੇ।”
    ਤਦੇ ਉਨ੍ਹਾਂ ਨੂੰ ਜਾਪਿਆ ਜਿਵੇਂ ਕੋਈ ਬੂਹਾ ਖੋਲ੍ਹ ਕੇ ਅੰਦਰ ਆ ਗਿਆ ਹੋਵੇ। ਰਤਾ ਨੇੜੇ ਆਉਣ ਤੇ ਸਾਰਿਆਂ ਦੀਆਂ ਅੱਖਾਂ ਤਾਂ ਜਿਵੇਂ ਟੱਡੀਆਂ ਹੀ ਰਹਿ ਗਈਆਂ ਸਨ। ਇਕ ਬਹੁਤ ਹੀ ਖੂਬਸੂਰਤ ਮੁਟਿਆਰ ਖਲ੍ਹੋਤੀ ਸੀ।
    “ਉਏ ਏਹ ਤਾਂ ਉਹੀ ਕੁੜੀ ਏ ਜਿਹਨੂੰ ਮੈਂ ਗਜ਼ਲਾਂ ਲਿਖ ਕੇ ਦੇਂਦੈ” ਉੱਘਾ ਕਵੀ ਉੱਚੀ ਸੁਰ ਵਿਚ ਬੋਲ ਪਿਆ।
    “ਓਏ ਤੇਰੀ ਕਿੱਥੋਂ ਆ ਗੀ ਵੱਡੇ ਨਾਢੂ ਖ੍ਹਾਂ ਦੀ।” ਪ੍ਰਕਾਸ਼ਕ ਖਿਝ ਕੇ ਬੋਲਿਆ, “ਏਹ ਤਾਂ ਮੇਰੀ ਲੇਖਿਕਾ ਏ। ਮੈਂ ਏਸ ਨੂੰ ਪਤਾ ਨੀ ਰੌਯਲਟੀ ਦੇ ਕਿੰਨੇ ਕਿੰਨੇ ਚੈੱਕ ਦਿੱਤੇ ਨੇ”।
    “ਓਏ ਕੁਝ ਸ਼ਰਮ ਕਰੋ” ਬਜ਼ੁਰਗ ਕਵੀ ਨੇ ਸਾਰਿਆਂ ਨੂੰ ਜਿਵੇਂ ਫਟਕਾਰਦਿਆਂ ਆਖਿਆ, “ਏਹ ਤਾਂ ਉਹੀ ਬੀਬੀ ਆ ਜਿਹੜੀ ਮੈਥੋਂ ਗੀਤ ਲਿਖਵਾ ਕੇ ਲਜਾਂਦੀ ਐ।”
    “ਚੁੱਪ ਓਏ ਚੱਲੇ ਹੋਏ ਕਾਰਤੂਸ” ਪ੍ਰੋਫੈਸਰ ਵੀ ਖਿਝ ਕੇ ਬੋਲਿਆ, “ਕਬਰ ’ਚ ਲੱਤਾਂ ਨੇ ਤੇ ਐਵੇਂ ਲਾਰਾਂ ਟਪਕਾਈ ਜਾਂਦੈ। ਜਾਣਦੈ ਏਸ ਕੁੜੀ ਨੂੰ ਮੈਂ ਪੀ. ਐੱਚ. ਡੀ. ਕਰਵਾ ਕੇ ਨੌਕਰੀ ਵੀ ਲੁਆਈ ਏ।”
    ਛੇਤੀ ਹੀ ਉੱਥੇ ਚੀਖ਼-ਚਿਹਾੜਾ ਪੈ ਗਿਆ ਸੀ।
    ਉਨ੍ਹਾਂ ਰੱਤਾ ਅੱਖਾਂ ਫਾੜ ਕੇ ਵੇਖਿਆ। ਉੱਥੇ ਤਾਂ ਕੋਈ ਕੁੜੀ ਜਾਂ ਔਰਤ ਨਹੀਂ ਸੀ। ਬੂਹਾ ਵੀ ਅੰਦਰੋਂ ਬੰਦ ਸੀ।
    “ਸਹੁਰੀ ਦੇ ਐਵੇਂ ਸਾਈਕਿਕ ਹੋਈ ਜਾਂਦੇ ਨੇ” ਬਜ਼ੁਰਗ ਕਵੀ ਬੋਲਿਆ, “ਲੱਗਦੈ ਨਸ਼ੇ ਦਾ ਸਰੂਰ ਈ ਵਿਗੜ ਗਿਐ। ਲਿਆਓ ਕੱਢੋ ਪੈਸੇ, ਹੋਰ ਬੋਤਲਾਂ ਮੰਗਵਾਈਏ।”
    ਤੇ ਸਾਰੇ ਆਪਣੀ-ਆਪਣੀ ਜੇਬ ’ਚੋਂ ਬਟੂਏ ਕੱਢਣ ਲੱਗ ਪਏ। 

-ਫ਼ਕੀਰ ਚੰਦ ਸ਼ੁਕਲਾ, ਲੁਧਿਆਣਾ।

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com