-ਸਰਬਜੀਤ ਕੌਰ ਜੱਸ-
ਹਰਮੀਤ ਵਿਦਿਆਰਥੀ ਦੀ ਕਵਿਤਾ ਦਾ ਆਪਣਾ ਜਲੌਅ ਹੈ। ਮੈਂ ਮੁੱਢ ਤੋਂ ਹੀ ਅਜਿਹੇ ਜਲੌਅ ਦੀ ਕਾਇਲ ਹਾਂ। ਪਾਸ਼ ਜਦੋਂ ਕਹਿੰਦਾ ਹੈ , “ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ ਜਿਵੇਂ ਮੂੰਹ ਜ਼ੁਬਾਨੀ ਗੀਤ ਹੁੰਦੇ ਹਨ।” ਪ੍ਰਮਿੰਦਰਜੀਤ ਦੀ ਸਤਰ ਹੈ , “ਜੇ ਕੋਈ ਸਾਡਾ ਬੋਲ ਚਮਕਦਾ ਤਾਰਾ ਹੋਇਆ, ਆਪੇ ਲੱਭ ਲਵੇਗਾ ਆਪਣਾ ਅਸਮਾਨ।” ਮੱਧਕਾਲੀਨ ਕਵੀ ਫ਼ਜ਼ਲ ਸ਼ਾਹ ਕਿੱਸਾ ‘ਸੋਹਣੀ ਮਹੀਂਵਾਲ’ ਵਿੱਚ ਲਿਖਦੇ ਹਨ , “ਵਲਾਂ ਵਾਲੀਆਂ ਉਸ ਦੀਆਂ ਵਾਲ਼ੀਆਂ ਨੇ , ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ”। ਅਜਿਹੇ ਹੀ ਵਲ ਮੈਨੂੰ ਜ਼ਰਦ ਰੁੱਤ ਵਿੱਚ ਖਿੜੇ ਸ਼ਬਦਾਂ ਦੇ ਗੁੱਛਿਆਂ ਵਾਲੀਆਂ ਵੇਲਾਂ ‘ਚੋਂ ਦਿੱਸੇ ਹਨ ਜਿਹੜੇ ਮੇਰੇ ਸਾਹਵੇਂ ਹਰਫ਼-ਹਰਫ਼ ਖੁੱਲ੍ਹਦੇ ਗਏ।
ਮੈਂ ਕਦੇ ਕਵਿਤਾ ਨੂੰ ਬਾਹਵੋਂ ਫੜਨ ਦੀ ਗੁਸਤਾਖ਼ੀ ਨਹੀਂ ਕੀਤੀ ਭਾਵੇਂ ਮੇਰੀ ਆਪਣੀ ਹੋਵੇ ਤੇ ਭਾਵੇਂ ਕਿਸੇ ਹੋਰ ਕਵੀ ਦੀ। ਜਦੋਂ ਕਵਿਤਾ ਦੁਨਿਆਵੀ ਕੰਮਾਂ ‘ਚ ਉਲਝੀ ਹੋਈ ਦੀ ਮੇਰੀ ਬਾਂਹ ਫੜ ਕੇ ਕੋਲ ਬੈਠਣ ਲਈ ਤਰਲਾ ਕਰਦੀ ਹੈ ਤਾਂ ਫਿਰ ਮੈਂ ਕਵਿਤਾ ਦਾ ਰੂਪ ਵਟਾ ਲੈਂਦੀ ਹਾਂ। ਹਰਮੀਤ ਵਿਦਿਆਰਥੀ ਦੀ ਕਵਿਤਾ ਮਜਬੂਰੀ ਵਿੱਚ ਪੜ੍ਹਨ ਵਾਲੀ ਨਹੀਂ ਸਗੋਂ ਪੜ੍ਹਨ ਲਈ ਮਜਬੂਰ ਕਰਦੀ ਹੈ।
ਜਿੰਨਾ ਸਮਿਆਂ ਵਿੱਚ ਲੋਕ ਸੁੱਚੀ ਰੂਹ ਦੀ ਗਵਾਹੀ ਦਿੰਦੇ ਨਹੀਂ ਥੱਕਦੇ ਉਹਨਾਂ ਸਮਿਆਂ ਵਿੱਚ ਉਹ ਰੂਹ ਦੇ ਚੋਲ਼ੇ ਨੂੰ ਲੀਰੋ-ਲੀਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜਦੋਂ ਖ਼ੁਦਗਰਜ਼ ਲੋਕ ਸੁਪਨਿਆਂ ਨੂੰ ਪੈਰਾਂ ਹੇਠ ਰੋਲ ਰਹੇ ਹਨ ਤਾਂ ਉਹ ਸੁਪਨਿਆਂ ਨੂੰ ਤਹਿ ਲਾ ਕੇ ਸਿਰਹਾਣੇ ਹੇਠ ਰੱਖ ਰਿਹਾ ਹੈ। ਅਜਿਹਾ ਜਾਦੂਮਈ ਮੈਟਾਫ਼ਰ ਹਰ ਕੋਈ ਨਹੀਂ ਸਿਰਜ ਸਕਦਾ। ਮੋਟੇ ਸ਼ੀਸ਼ਿਆਂ ਵਾਲੀ ਐਨਕ ਵਰਗੀ ਕਵਿਤਾ ‘ਰੁਕਿਓ ਜ਼ਰਾ-2’ ਮਨੁੱਖ ਅੰਦਰਲੇ ਨਿੱਕੇ ਤੋਂ ਨਿੱਕੇ ਦਾਗ਼ ਅਤੇ ਮਹੀਨ ਤੋਂ ਮਹੀਨ ਕੰਕਰਾਂ ਵਿਖਾ ਦਿੰਦੀ ਹੈ।
ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਆਪਣੇ ਵਰਗੇ ਮਨੁੱਖ ਵੱਲ ਖਿੱਚਿਆ ਜਾਂਦਾ ਹੈ। ਮੈਂ ਸੋਚਦੀ ਹਾਂ ਕਿ ਮਨੁੱਖ ਆਪਣੇ ਵਰਗੀਆਂ ਵਸਤਾਂ ਅਤੇ ਰੁੱਤਾਂ ਵੱਲ ਵੀ ਆਪਣੇ-ਆਪ ਖਿੱਚਿਆ ਜਾਂਦਾ ਹੈ। ਹਰਮੀਤ ਦੀ ਕਵਿਤਾ ਪੜ੍ਹਦਿਆਂ ਜਾਪਿਆ ਕਿ ਉਸਨੂੰ ਵਰ੍ਹਦਾ ਮੀਂਹ ਪਸੰਦ ਹੈ। ਫਿਰ ਉਸ ਨੂੰ ਹਾਸਲ ਦੀ ਵੀ ਤਾਂਘ ਨਹੀਂ ਰਹਿੰਦੀ। ਕਾਗ਼ਜ਼ ਦੇ ਜਹਾਜ਼ ‘ਤੇ ਚੜ੍ਹ ਕੇ ਸੱਤ ਸਮੁੰਦਰ ਪਾਰ ਕਰ ਲੈਂਦਾ ਹੈ। ਮੀਂਹ ਵੇਂਹਦਿਆਂ ਪਤਨੀ ਦੀ ਅੱਖ ਵਿਚਲੀ ਸ਼ਰਾਰਤ ਪੜ੍ਹਨ ਦੇ ਕਾਬਿਲ ਹੋ ਜਾਂਦਾ ਹੈ। ਅਸਲ ਵਿੱਚ ਅੰਦਰੋਂ ਭਿੱਜਿਆ ਬੰਦਾ ਹੀ ਪਾਣੀ ਵੱਲ ਖਿੱਚਿਆ ਜਾਂਦਾ ਹੈ। ਖੁਸ਼ਕ ਬੰਦੇ ਨੂੰ ਤਰਲਤਾ ਨਹੀਂ ਭਾਉਂਦੀ।
‘ਮੇਰਾ ਆਪਣਾ ਅਸਮਾਨ’ ਕਵਿਤਾ ਜਾਪਦਾ ਹੈ ਕਿ ਕਵਿੱਤਰੀਆਂ ਦਾ ਦਰ ਖੜਕਾਉਂਦੀ ਰਹੀ। ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਹਰਮੀਤ ਦੇ ਦਰ ‘ਤੇ ਅਲਖ ਜਗਾ ਦਿੱਤੀ। ਸੰਮੋਹਨ ਤੋਂ ਵਾਪਸ ਪਰਤੀ ਔਰਤ ਦਾ ਖ਼ੂਬਸੂਰਤ ਚਿਤਰਨ ਹੈ। ਔਰਤਾਂ ਨੂੰ ਅਜਿਹੀਆਂ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਤੇ ਪੜ੍ਹਨੀਆਂ ਚਾਹੀਦੀਆਂ । ਉਹ ਸੰਮੋਹਿਤ ਹੋਣ ਤੋਂ ਬਚੀਆਂ ਰਹਿਣਗੀਆਂ।
ਨਾਮ੍ਹੇ ਰਾਹੀਂ ਭਾਈ ਲਾਲੋ ਦਾ ਪੁਨਰ ਜਨਮ ਹੋਇਆ ਹੈ। ਆਦਿ ਸੱਚ-ਜੁਗਾਦਿ ਸੱਚ ਵਾਲਾ ਬਾਬਾ ਨਾਨਕ ਅੱਜ ਵੀ ਉਹੀ ਹੈ ਜੋ ਪੰਜ ਸੌ ਪੰਜਾਹ ਸਾਲ ਪਹਿਲਾਂ ਸੀ। ਭਾਈ ਲਾਲੋ ਹਰ ਸਦੀ ਵਿੱਚ ਨਾਂ ਵਟਾ-ਵਟਾ ਕੇ ਜਨਮ ਲੈਂਦਾ ਹੈ। ਇਸ ਲਈ ਕਿ ਸ਼ਾਇਦ ਕੋਈ ਉਸ ਵਿਚਲੀ ਲੋਅ ਨੂੰ ਪਛਾਣ ਲਵੇ ਜੋ ਤਸਵੀਰ ਵਿਚਲੇ ਬਾਬੇ ਨਾਨਕ ਦੇ ਸਿਰ ਦੁਆਲੇ ਵਲੇ ਹਾਰੇ ਨਾਲ ਮੇਲ ਖਾਂਦੀ ਹੈ। ਸਮਾਜਿਕ ਅਤੇ ਰਾਜਨੀਤਿਕ ਦੰਭ ਨੂੰ ਨਾ ਉਹ ਬਾਬਰ ਦੇ ਰਾਜ ਵਿੱਚ ਦਿੱਸੀ ਤੇ ਨਾ ਹੁਣ…..ਦੇ ਰਾਜ ਵਿੱਚ।ਕਵਿਤਾ ਦੀ ਰਮਜ਼ ਆਖਰੀ ਦੋ ਸਤਰਾਂ ਵਿੱਚ ਬੰਦ ਮੁੱਠੀ ਵਾਂਗ ਖੁੱਲ੍ਹ ਜਾਂਦੀ ਹੈ।
ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਮੈਂ ਕਹਿੰਦੀ ਹਾਂ ਕਿ ਕਵੀ ਦੇ ਹੱਥ ਨਹੀਂ ਹੁੰਦੇ। ਹੱਥਾਂ ਨਾਲ ਸਵਾਲ ਕੱਢੇ ਜਾ ਸਕਦੇ ਹਨ , ਸਵੈਟਰ ਬੁਣੇ ਜਾ ਸਕਦੇ ਹਨ , ਸੁੰਦਰ ਲਿਖਾਈ ਕੀਤੀ ਜਾ ਸਕਦੀ ਹੈ। ਕਵਿਤਾ ਲਿਖਣ ਲਈ ਸਾਨੂੰ ਆਪਣੇ ਹੱਥਾਂ ਨੂੰ ਭੁਲਾਉਣਾ ਪੈਂਦਾ ਹੈ। ਮਨ ਦੇ ਘੋੜੇ ਦੀਆਂ ਵਾਗਾਂ ਖੁੱਲ੍ਹੀਆਂ ਛੱਡਣੀਆਂ ਪੈਂਦੀਆਂ ਹਨ। ਫਿਰ ਉਂਗਲਾਂ ਇੰਝ ਨੱਚਣ ਲੱਗਦੀਆਂ ਨੇ ਜਿਵੇਂ ਮਦਾਰੀ ਦੇ ਡਮਰੂ ‘ਤੇ ਬਾਂਦਰ ਨੱਚਦਾ ਹੈ। ਇਸ ਲਈ ਹਰਮੀਤ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਉਸ ਦੇ ਹੱਥ ਕਿੱਥੇ ਹਨ।
ਹਰਮੀਤ ਵਿਦਿਆਰਥੀ ਦੀ ਕਵਿਤਾ ਭਗਤ ਸਿੰਘ, ਪਾਸ਼, ਵਰਵਰਾ ਰਾਓ, ਗੌਰੀ ਲੰਕੇਸ਼ ਅਤੇ ਇਕਬਾਲ ਕੈਸਰ ਦੇ ਲਾਣੇ ਨਾਲ ਨੇੜਤਾ ਰੱਖਦੀ ਹੈ ਇਸ ਲਈ ਉਹ ਪਾਪ ਦੇ ਜਾਂਝੀਆਂ ਨੂੰ ਸੱਜਰੇ ਸ਼ਰੀਕ ਵਾਂਗ ਟੱਕਰਦਾ ਹੈ।
ਹੇਰਵਾ ਲਹੂ ਰਾਹੀਂ ਤੁਰਦਾ ਹੈ ਤਾਂ ਹੀ ਤਾਂ ਉਸ ਨੂੰ ਮੇਰੇ ਵਾਂਗ ਕੰਡਿਆਲੀ ਤਾਰ ਤੋਂ ਪਾਰ ਖਿੜਦੇ ਫੁੱਲਾਂ ਦੀ ਮਹਿਕ ਖਿੱਚ ਪਾਉਂਦੀ ਹੈ। ਫਿਰ ਤਲਬ ਉਸ ਦੀ ਕਵਿਤਾ ਦਾ ਕੇਂਦਰ ਬਿੰਦੂ ਬਣ ਜਾਂਦੀ ਹੈ। ਲਹੂ ਅਤੇ ਕਵਿਤਾ ਦਾ ਵੇਗ ਇੱਕੋ ਜਿਹਾ ਹੁੰਦਾ।
ਹਰਮੀਤ ਦੀ ਹਰ ਕਵਿਤਾ ਦਾ ਆਪਣਾ ਆਭਾ ਮੰਡਲ ਹੈ। ‘ਮੈਂ ਜੋ ਮੈਂ ਨਹੀਂ’ ਵਿਚਲੀ ਦਾਰਸ਼ਨਿਕਤਾ, ‘ਜੀਣ ਦੇ ਅਰਥ’ ਵਿਚਲੀ ਸੂਝ ਅਤੇ ‘ਮੱਥੇ ਤੇ ਖੁਣੀ ਜੰਗ ‘ ਵਿਚਲਾ ਆਕ੍ਰੋਸ਼ ਉਸਦੀ ਕਾਵਿ ਪੋਥੀ ਦੇ ਤਿੰਨ ਕੋਣ ਹਨ। ਤਿੰਨਾਂ ਰੇਖਾਵਾਂ ਨੂੰ ਸਿੱਧਾ ਕਰ ਕੇ ਤੁਸੀਂ ਸਰਲ ਕੋਣ ਸਿਰਜ ਸਕਦੇ ਹੋ ਤੇ ਇੱਕ ਸਤਰ ਵਿੱਚ ਕਹਿ ਸਕਦੇ ਹੋ ਕਿ ਹਰਮੀਤ ਦੀ ਕਵਿਤਾਵਾਂ ਵਾਲੀ ਕਿਤਾਬ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਸਦਾਚਾਰਕ ਜੀਵਨ ਜਿਉਂਦੇ ਫ਼ਕੀਰ ਦੇ ਅੰਦਰਲੇ ਆਕ੍ਰੋਸ਼ ਵਿੱਚ ਆਇਆ ਜਵਾਰਭਾਟਾ ਹੈ।
ਜਿਵੇਂ ਜਵਾਕ ਦੀਵਾਲੀ ਵੇਲੇ ਲਿਆਂਦੇ ਪਟਾਕਿਆਂ ਵਿੱਚੋਂ ਸਭ ਤੋਂ ਵੱਡਾ ਪਟਾਕਾ ਸਾਂਭ ਕੇ ਰੱਖ ਲੈਂਦੇ ਹਨ ਕਿ ਬਾਅਦ ਵਿੱਚ ਵਜਾਵਾਂਗੇ। ਕਿਤਾਬ ਦੀ ਆਖਰੀ ਕਵਿਤਾ ਬਿਲਕੁਲ ਵੱਡੇ ਬੰਬ ਵਾਂਗ ਪਾਠਕ ਦੇ ਕੰਨਾਂ ਕੋਲ ਫ਼ਟਦੀ ਹੈ। ਪੰਜਾਬੀ ਕਵਿਤਾ ਵਿੱਚ ਸੰਗਰਾਮੀ ਬੋਲਾਂ ਦੇ ਵਿਰੋਧ ਵਿੱਚ ਮੁਹੱਬਤ ਦੇ ਅਹਿਸਾਸ ਨੂੰ ਵਰਤਣ ਦਾ ਰਿਵਾਜ਼ ਪਿਆ ਹੋਇਆ ਹੈ। ਇਸ ਆਖ਼ਰੀ ਕਵਿਤਾ ਵਿੱਚ ਹਰਮੀਤ ਨੇ ਦੋਵਾਂ ਸ਼ਬਦਾਂ ਦਾ ਵਿਰੋਧ ਖ਼ਤਮ ਕਰ ਕੇ ਇੱਕ ਪੱਲੜੇ ਵਿੱਚ ਤੋਲ ਦਿੱਤਾ ਹੈ। ਅਜਿਹਾ ਉਹ ਕਵੀ ਹੀ ਕਰ ਸਕਦਾ ਹੈ ਜਿਸ ਨੂੰ ਆਪਣੇ ਸਿਰਜੇ ਹਰਫ਼ਾਂ ਨੂੰ ਆਪਣੇ ਹੀ ਲਹੂ ਵਿੱਚ ਤਲਣਾ ਆਉਂਦਾ ਹੋਵੇ…. ਰਾੜ੍ਹਨਾ ਆਉਂਦਾ ਹੋਵੇ…..ਕਾੜ੍ਹਨਾ ਆਉਂਦਾ ਹੋਵੇ।
ਤਲੀਆਂ, ਰੜ੍ਹੀਆਂ ਤੇ ਕੜ੍ਹੀਆਂ ਹੋਈਆਂ ਕਵਿਤਾਵਾਂ ਦੀ ਕਿਤਾਬ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਦਾ ਬਹੁਤ-ਬਹੁਤ ਸੁਆਗਤ…
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply