ਆਪਣੀ ਬੋਲੀ, ਆਪਣਾ ਮਾਣ

ਰਾਤ ਨਾਲ ਲੜਾਈ, ਹਰਮੀਤ ਵਿਦਿਆਰਥੀ ਦੀ ‘ਉੱਧੜੀ ਹੋਈ ਮੈਂ’: ਸਲੀਮ ਸ਼ਹਿਜ਼ਾਦ

ਅੱਖਰ ਵੱਡੇ ਕਰੋ+=
Punjabi Story Kandh Kamal Sekhon
ਮੇਰੇ ਸੁਪਨਿਆਂ ਦੀ ਸਿਆਹ ਰਾਤ ਨਾਲ ਬੜੀ ਲੰਮੀ ਲੜਾਈ ਏ
ਹਰਮੀਤ ਵਿਦਿਆਰਥੀ ਦੀ “ਉੱਧੜੀ ਹੋਈ ਮੈਂ”

ਇਹ ਲੇਖ ਸ਼ਾਹਮੁਖੀ ਵਿੱਚ ਲਹਿੰਦੇ ਪੰਜਾਬ ਦੇ ਪੰਜਾਬੀ ਰਸਾਲੇ “ਪੰਚਮ” ਦਾ ਨਵੰਬਰ 2018 ਅੰਕ ਵਿੱਚ ਪ੍ਰਕਾਸ਼ਿਤ ਹੋਇਆ

ਪੋਸਟ ਕਾਲੋਨੀਅਲਇਜ਼ਮ ਨੇ ਜਿੱਥੇ ਸਾਡੀ ਜ਼ਬਾਨ, ਰਸਮੋ-ਰਿਵਾਜ ਤੇ ਰਹਿਤਲ ਖੋਹੀ, ਓਥੇ ਸਾਡੀ ਸੋਚ ਨੂੰ ਵੀ ਜੱਫਾ ਮਾਰ ਕੇ ਆਪਣੀ ਲਪੇਟ ਵਿਚ ਲੈ ਲਿਆ। ਅਸੀਂ ਨਾ ਸਿਰਫ਼ ਆਪਣੀ ਵਸੋਂ ਤੋਂ ਵਾਂਝੇ ਹੋਏ ਆਂ, ਬਲਕਿ ਆਪਣੀ ਸੋਚ ਨੂੰ ਵੀ ਰਹਿਤਲ ਤੋਂ ਵੱਖ ਕਰ ਬੈਠੇ ਆਂ। ਇਸ ਦਾ ਵੱਡਾ ਨੁਕਸਾਨ ਇਹ ਹੋਇਆ ਕਿ ਅਸੀਂ ਅੱਜ ਦੀ ਬਜਾਇ ਆਣ ਵਾਲੇ ਉਨ੍ਹਾ ਖ਼ਾਬਾਂ ਵਿਚ ਗੁਆਚ ਗਏ, ਜਿਹੜੇ ਸਾਡੇ ਨਹੀਂ ਬਲਕਿ ਹਾਕਮਾਂ ਦੇ ਸਨ। ਇਹ ਸੋਚ ਦੀ ਅਸਾਰੀ ਵੀ ਤਾਂ ਉਸ ਕਸਟਮ ਦਾ ਹਿੱਸਾ ਸੀ ਜਿਸਨੇ ਸਾਨੂੰ ਆਪਣੇ ਜੋਗਾ ਸੋਚਣ ਈ ਨਹੀਂ ਦਿੱਤਾ। ਤੇ ਅਸੀਂ ਚਾਲੂ ਸਿਸਟਮ ਦੇ ਵਹਿਣ ਵਿਚ ਵਹਿ ਗਏ।

ਹਰਮੀਤ ਵਿਦਿਆਰਥੀ ਦੇ ਸਾਹ ਇਸ ਲਾਮ ਵਿਚ ਨਹੀਂ ਉੱਧੜੇ।

ਉਹ ਜਾਣੂ ਹੈ ਲੰਮੀ ਲੜਾਈ ਦਾ। ਜੰਗਲ ਤੇ ਸ਼ਾਹੀ ਦਰਬਾਰ ਵਿਚ ਕੋਈ ਫ਼ਰਕ ਨਹੀਂ। ਜੰਗਲ ਵਿਚ ਹਿਆਤੀ ਹੋਰ, ਪਰ ਉਹੋ ਹਿਆਤੀ ਮਹਿਲਾਂ ਦੀਆਂ ਫ਼ਸੀਲਾਂ ਅੰਦਰ ਵੀ। ਦੋਨੋ ਇਕਸਾਰ ਨੇ – ਜੰਗਲ ਤੇ ਦਰਬਾਰ। ਹਰਮੀਤ ਦਾ ਸੰਗ ਮਾਨਸ ਨਾਲ, ਹਾਕਮ ਨਾਲ ਮੇਲ ਨਹੀਂ। ਉਹ ਜੰਗਲ ਦੇ ਯੁੱਧ ਵਿਚ ਲੋਕਾਈ ਦੇ ਨਾਲ ਏ। ਇਸ ਸ਼ੈਅ ਦਾ ਪਤਾ ਏ ਕਿ ਯੁੱਧ ਅਜੇ ਨਹੀਂ ਮੁੱਕਣਾ। ਉਹਦਾ ਪੈਂਡਾ ਲੰਮਾ, ਪਰ ਹੌਸਲੇ ਦੇ ਖੰਭ ਖੁੱਲ੍ਹੇ। ਤੇ ਫ਼ਤਹਿ ਦੇ ਮਿਆਰ ਤੋਂ ਥੱਲੇ ਉਤਰਨ ਲਈ ਉਹ ਤਿਆਰ ਨਹੀਂ। ਕੋਈ ਤਾਕਤ ਉਹਦਾ ਰਸਤਾ ਨਹੀਂ ਡੱਕ ਸਕਦੀ। ‘ਮੈਂ’ ਦਾ ਇਹ ਸਫ਼ਰ ਮੰਜ਼ਲ ਦੀ ਅਸਾਰੀ ਤਕ ਸਲਾਮਤ ਏ:

ਕਵਿਤਾ
ਫ਼ਕੀਰਾਂ
ਬਾਗ਼ੀਆਂ ਦੇ
ਵਿਹੜੇ ਦੀ ਬਾਂਦੀ ਹੁੰਦੀ ਏ (ਅਜਕੱਲ)

ਹਰਮੀਤ ਨੇ ਲੋਕਾਈ ਦੇ ਫੱਟ ਮੇਲੇ, ਲੋਕਾਈ ਦੇ ਦੁੱਖ ਆਪਣੇ ਦੁੱਖਾਂ ਨਾਲ ਪਰਚਾ ਕੇ ਆਪਣੀ ਹੋਂਦ ਦਾ ਗਵੇੜ ਕੱਢਿਆ।

The Real Reason Why Legend Died. SIDHU MOOSEWALA The Untold Story By MANJINDER MAKHA

ਆਪਣੇ ਲੰਘੇ ਸਮੇਂ ਨੂੰ ਆਦਰਸ਼ ਸਮਝ ਕੇ ਉਸ ਰਾਹ ਤੇ ਟੁਰਿਆ, ਜਿਹੜਾ ਉਹਨੂੰ ਨਵੀਂ ਹਿਆਤੀ ਦੀ ਨਵੀਂ ਰਾਹ ਦੀ ਦੱਸ ਪਾਂਦਾ ਏ। ਭਾਵੇਂ ਇਸ ਰਾਹ ਵਿਚ ਉਸ ਦੇ ਪੈਰ ਲਹੂ ਵਿਚ ਲਿੱਬੜੇ। ਅੱਖਾਂ ਸੁਪਨਿਆਂ ਦੀ ਧੂਲ ਛੰਡੀ। ਉਹ ਮਜ਼ਾਜ ਦਾ, ਕਾਰ ਵਿਹਾਰ ਦਾ ਬਾਗ਼ੀ ਏ, ਪਰ ਆਪਣੀ ਜ਼ਾਤ ਵਿਚ ਫ਼ਕੀਰ ਏ। ਉਹ ਕਵਿਤਾ ਦਾ ਹਥਿਆਰ ਵਰਤ ਕੇ ਯੁੱਧ ਜਿੱਤਣ ਵਾਲਿਆਂ ਚੋਂ ਹੈ। ਉਹਨੇ ਅਣਹੋਂਦ ਦੀਆਂ ਕਿਰਚੀਆਂ ਜੋੜ ਕੇ ਹੋਂਦ ਦੀ ਮੁਖ-ਵਿਖਾਲੀ ਕੀਤੀ। ਉਸ ਘੂੰਗਟ ਵਿਚ ਉਸ ਨੂੰ ਕਾਲੀ ਰਾਤ ਦਿਸਦੀ ਏ। ਉਹ ਕਾਲੀ ਰਾਤ ਦੇ ਸੱਚ ਵਿਚੋਂ ਜੁਗਨੂੰ ਫੜ-ਫੜ ਅੱਖਾਂ ਦੀ ਰੌਸ਼ਨਾਈ ਬਣਾਂਦਾ, ਆਪਣੀ ਅਣਹੋਂਦ ਦੀ ਹੋਂਦ ਵਿਖਾਂਦਾ ਏ। ਉਹ ਲੋਕਾਈ ਤੇ ਧਰਤ ਨਾਲ ਜੁੜਿਆ ਏ। ਉਹਦੀਆਂ ਜੜ੍ਹਾਂ ਜ਼ਮੀਨ ਵਿਚ ਨੇ, ਜੋ ਉਹਨੂੰ ਡੋਲਣ ਨਹੀਂ ਦੇਂਦੀਆਂ:

ਅੱਖਰਾਂ ਦੀ ਜਿਸਮ ਫ਼ਰੋਸ਼ੀ
ਸ਼ਬਦਾਂ ਦੀ ਤਿਜਾਰਤ
ਰੂਹ ਦੀ ਬੇਚੈਨੀ
ਅੱਜ-ਕੱਲ੍ਹ
ਮੰਡੀ ’ਚ ਹੀ ਰਹਿੰਦਾ ਹਾਂ ਮੈਂ

ਆਲਮੀ ਸਰਮਾਏਦਾਰੀ ਸਮਾਜ ਨੇ ਇਨਸਾਨ ਤੋਂ ਇਨਸਾਨ ਹੋਣਾ ਵੀ ਖੋਹ ਲਿਆ ਏ।

ਮੰਡੀ ਦੇਂ ਵਿਚਾਰ ਵਿਚ ਜਜ਼ਬੇ ਵਿਕਦੇ ਨੇ, ਅੱਖਰਾਂ ਦੀ ਜਿਸਮ ਫ਼ਰੋਸ਼ੀ ਹੁੰਦੀ ਏ, ਸ਼ਬਦਾਂ ਦੀ ਤਿਜਾਰਤ ਹੁੰਦੀ ਏ। ਏਸ ਬਾਜ਼ਾਰ ਵਿਚ ਹਰਮੀਤ ਝੋਲੀ ਚੁੱਕੀ ਜਿਸ ਤਲਾਸ਼ ਵਿਚ ਏ, ਉਹ ਖੋਜ ਗੱਭਣ ਏ, ਫੰਡਰ ਨਹੀਂ। ਉਹਦੀ ਭਾਲ ਉਸ ਦਿਆਰ ਦੀ ਏ, ਜਿਸ ਵਿਚ ਇਨਸਾਨ ਦਾ ਇਨਸਾਨ ਹੋਣਾ ਜ਼ਰੂਰੀ ਹੁੰਦਾ ਏ। ਮੰਡੀ ਦੀ ਮੁਆਇਸ਼ਤ ਇਸ ਤੋਂ ਵੱਖ ਏ। ਮੰਡੀ ਦੇ ਵਿਚਾਰ ਵਿੱਚ ਇਨਸਾਨ ਇਨਸਾਨ ਨਹੀਂ, ਜਿਣਸ ਏ , ਜੋ ਤੱਕੜ ਤੁਲਦੀ ਏ , ਭਾਅ ਚੜ੍ਹਦੀ ਏ, ਖਰੀਦੀ ਜਾ ਸਕਦੀ ਏ, ਵੇਚੀ ਜਾ ਸਕਦੀ ਏ। ਲੋੜ ਮੁੱਕ ਜਾਏ ਤਾਂ ਰੂੜੀ ਤੇ ਸੁੱਟੀ ਜਾ ਸਕਦੀ ਏ। ਪਰ ਹਰਮੀਤ ਤੇ ਇਨਸਾਨ ਲਭਦਾ ਏ। ਮਾਜ਼ੀ ਦੇ ਉਹ ਪਰਛਾਵੇਂ ਲੋੜਦਾ ਏ ,ਜੋ ਉਹਦੇ ਵਿਚਾਰ ਵਿਚ ਵਿਕਾਊ ਸ਼ੈਅ ਨਹੀਂ:

ਮੈਂ ਖੁਦ ਨਾਲ ਲੜਦਾ ਹਾਂ
ਜੰਗ ਹਰ ਵੇਲੇ
ਮੇਰੇ ਅੰਦਰ ਵਿਚਾਰਾਂ ਦੇ
ਇਹ ਕੇਹਾ ਦੁਫੇੜ ਹੈ
ਆਪ ਮੁਜਰਿਮ ਹਾਂ ਤੇ ਆਪ ਈ ਮੁਨਸਿਫ਼ ਵੀ (ਸਵੈ ਸੰਵਾਦ)

ਹਰਮੀਤ ਬਾਹਰ ਦੀ ਗੱਲ ਕਰਨ ਤੋਂ ਪਹਿਲਾਂ ਅੰਦਰ ਦੇ ਵਿਹੜੇ ਝਾਤੀ ਮਾਰਨੋ ਨਹੀਂ ਟਲਦਾ।

ਤੇ ਅੰਦਰ ਕੀ ਏ ? ਉਹੋ ਯੁੱਧ ਜੋ ਸੱਚ ਤੇ ਝੂਠ ਦਾ ਏ। ਉਹੋ ਯੁੱਧ ਜੋ ਜੰਗਲ ਤੇ ਦਰਬਾਰ ਦਾ ਏ। ਉਹੋ ਯੁੱਧ ਜੋ ਮੰਡੀ ਦੀ ਇਕਾਨਮੀ ਤੇ ਇਨਸਾਨ ਵਿਚ ਏ। ਹਰਮੀਤ ਦੇਖਦਾ ਏ, ਸੋਚਦਾ ਏ, ਝੁਰਦਾ ਏ ਤੇ ਅੰਦਰ ਨਾਲ ਵੀ ਏ। ਇਹ ਯੁੱਧ ਵਿਚਾਰਾਂ ਨਾਲ ਜੁੜਿਆ ਏ। ਜੋ ਇਨਸਾਫ਼ ਦੀ ਅੱਖ ਨਾਲ ਸਿਉਨਾ ਭਾਲਦਾ ਏ। ਏਥੇ ਤਲੀਆਂ ਥੱਲੇ ਉਹ ਦੋਧਾਰੀ ਤਲਵਾਰ ਏ, ਜੋ ਖ਼ੁਦ ਹੀ ਕਟਹਿਰੇ ਖਲੋਂਦੀ ਏ ਤੇ ਖ਼ੁਦ ਈ ਮੁਨਸਿਫ਼ ਬਣਦੀ ਏ। ਉਹਦੀ ਮੁਜ਼ਾਹਮਤ ਸਿਸਟਮ ਤੋੜਦੀ ਏ, ਤੇ ਉਹ ਖ਼ੁਦ ਈ ਮੁਨਸਿਫ਼ ਬਣ ਕੇ ਹੱਕ ਸੱਚ ਦਾ ਨਿਤਾਰਾ ਕਰਦਾ ਏ।

ਇਸ ਮਜ਼ਬੂਨ ਦਾ ਸਿਰਲੇਖ ਇਸ ਗੱਲ ਦਾ ਇਸ਼ਾਰਾ ਕਰਦਾ ਏ ਕਿ ਰਾਤ ਨੇ ਰਾਤ ਨਹੀਂ ਰਹਿਣਾ। ਰਾਤ ਦਾ ਸਫ਼ਰ ਸੂਰਜ ਦੀ ਰੌਸ਼ਨਾਈ ਨੇ ਮੁਕਾ ਦੇਣਾ ਏ:

ਰੋਜ਼ ਕਿਸੇ ਨੁੱਕਰੇ
ਚਾਹ ਦਾ ਖੋਖਾ
ਪਕੌੜਿਆਂ ਦੀ ਰੇਹੜੀ
ਮੁਨਿਆਰੀ ਦਾ ਸਟਾਲ
ਖੁਦਕੁਸ਼ੀ ਲਈ
ਮਜਬੂਰ ਕਰ ਦਿੱਤੇ ਜਾਂਦੇ ਨੇ
—–
ਸ਼ਹਿਰ ਦੇ ਵਿਚ ਦੌਲਤ ਦਾ
ਦਰਿਆ ਵਗਦਾ ਏ
ਸੜਕਾਂ ਤੇ ਦਨਦਨਾਂਦਾ ਪਿਆ
ਵਹਿਸ਼ੀ ਹਾਸਾ ਹਸਦਾ ਏ (ਸ਼ਹਿਰ ਹੁਣ ਉਹ ਨਹੀਂ)

ਹਰਮੀਤ ਕਿਸੇ ਯੂਟੋਪੀਆਈ ਦੁਨੀਆਂ ਦਾ ਵਾਸੀ ਨਹੀਂ।

ਉਹ ਹਕੀਕਤਾਂ ਦਾ ਸਨਾਵਰ ਏ। ਜਦੋਂ ਸ਼ਹਿਰ ਮੰਡੀ ਬਣ ਜਾਂਦੇ ਨੇ ਸ਼ਹਿਰ ਵਿੱਚ ਦੌਲਤ ਦੇ ਦਰਿਆ ਵਗਣ ਲੱਗ ਪੈਂਦੇ ਨੇ। ਤੇ ਉਚ ਹੱਥਾਂ ਦੇ ਵਹਿਸ਼ੀ ਹਾਸੇ ਜਾਲ ਬਣ ਕੇ ਖਿੱਲਰਦੇ ਨੇ। ਗ਼ੁਲਾਮ ਮਈਸ਼ਤ ਪਾਰੋਂ ਦਨਦਨਾਂਦਾ ਸਰਮਾਇਆ ਜਿਸ ਕੁੱਵਤ ਦਾ ਇਜ਼ਹਾਰ ਏ ਉਹ ਮਾੜਿਆਂ ਦੇ ਇਸਤਹਿਸਾਲ ਏ। ਤਾਈਓਂ ਤੇ ਉਹ ਕਹਿੰਦਾ ਏ:

ਜੀ ਕਰਦਾ ਏ
ਮਾਲੀ ਹੋ ਜਾਵਾਂ
ਪਰ ਗਮਲਿਆਂ ‘ਚ
ਸੁਪਨੇ ਨਹੀਂ ਉਗਦੇ ਸ਼ਾਇਦ
ਮੇਰਾ ਬੜਾ ਜੀਅ ਕਰਦਾ ਏ
ਸੁਪਨੇ ਬੀਜਣ ਨੂੰ  (ਜੀ ਕਰਦਾ ਹੈ)

ਹਰਮੀਤ ਦੀਆਂ ਨਜ਼ਮਾਂ ਲਫ਼ਜ਼ਾਂ ਦੀ ਉਹ ਚੀਕ ਨੇ,

ਜਿਹੜੀਆਂ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਹਾਕਾਂ ਮਾਰ ਆਪਣਾ ਜ਼ਖ਼ਮ ਦਿਖਾਉਂਦੀਆਂ ਨੇ। ਉਹਦੇ ਲਫ਼ਜ਼ਾਂ ਦਾ ਵਰਤਾਰਾ ਜ਼ਿਹਨ ’ਤੇ ਈ ਨਹੀਂ, ਪਿੰਡੇ ’ਤੇ ਵੀ ਲਾਸਾਂ ਪਾ ਦੇਂਦਾ ਏ। ਤੇ ਬੰਦਾ ਉਨ੍ਹਾ ਜ਼ਖ਼ਮਾਂ ਨੂੰ ਖਰੀਂਢ ਬਣਾ ਕੇ ਜ਼ਖ਼ਮਾਂ ਦੀਆਂ ਨਜ਼ਮਾਂ ਉਗਾਉਂਦਾ ਏ। ਇਹ ਅਮਲ ਸੌਖਾ ਨਹੀਂ ਕਿਉਂਕਿ ਫੇਰ ਜ਼ਖ਼ਮਾਂ ਚੋਂ ਲਫ਼ਜ਼ਾਂ ਦੇ ਨੀਰ ਫੁੱਟਣ ਲੱਗ ਪੈਂਦੇ ਨੇ। ਹਰਮੀਤ ਇਸ ਔਖੀ ਘੜੀ ਵੀ ਸਿਰ ਲੱਥਣ ਤੋਂ ਬੇ ਨਿਆਜ਼ ਹੋ ਕੇ ਲੰਘਦਾ ਏ:

ਆਪਣੇ ਆਪ ’ਚ
ਨਹੀਂ ਰਹਿੰਦਾ ਮੈਂ ਅੱਜ-ਕੱਲ੍ਹ
ਕਿਨਾਰੇ ਤੋੜ ਕੇ ਵਹਿੰਦੇ
ਦਰਿਆ ਵਰਗਾ ਹੋ ਗਿਆ ਹਾਂ (ਜੀ ਕਰਦਾ ਹੈ)

ਹਰਮੀਤ ਦੇ ਅੰਦਰ ਦਾ ਤਖ਼ਲੀਕਕਾਰ ਹਯਾਤੀ ਦੇ ਰੰਗ ਦੇਖਣ ਦਾ ਤਲਬਗਾਰ ਏ।

ਜਿਸ ਸਮਾਜ ਚ ਅਸੀਂ ਤੁਸੀਂ ਰਹਿਨੇ ਆਂ, ਓਥੇ ਮਨ ਮਰਜ਼ੀ ਦੇ ਸੁਫ਼ਨੇ ਦੇਖਣ ਦੀ ਵੀ ਆਜ਼ਾਦੀ ਨਹੀਂ। ਹਰਮੀਤ ਤਾਂ ਬਾਗ਼ੀ ਏ, ਫ਼ਕੀਰ ਏ, ਸਾਧੂ ਏ, ਇਨਸਾਨ ਏ। ਤੇ ਇਨਸਾਨ ਈ ਲਿਖਦਾ ਏ। ਕਿਉਂਕਿ ਉਹ ਇਨਸਾਨੀਅਤ ਦਾ ਚਾਹਵਾਨ ਏ। ਹਰਮੀਤ ਸੁਫ਼ਨੇ ਤੋੜਣਾ ਨਹੀਂ, ਸੁਫ਼ਨੇ ਬੀਜਣਾ ਚਾਹੁੰਦਾ ਏ। ਉਹਦੀ ਉਧੜੀ ਹੋਈ ਮੈਂ ਪਸਪਾਈ ਨਹੀਂ, ਪੇਸ਼ ਕਦਮੀ ਕਰਦੀ ਏ, ਜੋ ਆਵਣ ਵਾਲੇ ਕੱਲ੍ਹ ਦੇ ਸੁਫ਼ਨਿਆਂ ਨੂੰ ਢਾਕੇ ਲਾ ਕੇ ਵਧਦੀ ਏ। ਉਹ ਆਪਣੀ ਜ਼ਾਤ ਦੇ ਹਿਸਾਰ ਵਿਚ ਬੰਦੀ ਨਹੀਂ ਬਣਦਾ। ਉਹਦੇ ਅੰਦਰ ਦਾ ਵਹਿਸ਼ੀ ਅਹਿਲਕ ਹੜ੍ਹ ਦਾ ਉਹ ਮੂੰਹ ਜ਼ੋਰ ਏ। ਉਹ ਸ਼ਹਿਰ ਦਾ ਅਲਮੀਆ ਲੈ ਕੇ ਟੁਰਦਾ ਏ, ਮਾਜ਼ੀ ਦੇ ਨੌਸਟੈਲਜੀਆ ਨਾਲ ਅਗਾਂਹ ਵਧਦਾ ਏ। ਦੁੱਖ ਝੋਲੀ ਪਾ ਕੇ ਟੁਰਦਾ ਏ। ਹਰਮੀਤ ਦੀ ਅੱਖ ਪੁਰਾਣੀ ਰੁੱਤ ਦਾ ਹੰਝੂ ਬਣ ਕੇ ਆਣ ਵਾਲੀ ਰੁੱਤ ਦਾ ਬੀਅ ਬਣ ਜਾਂਦੀ ਏ।

ਹੁਣ ਇਤਿਹਾਸ ਜਦ ਵੀ ਲਿਖਿਆ ਜਾਵੇਗਾ
ਅਸੀਂ ਹੀ ਹੋਵਾਂਗੇ
ਆਪਣੇ ਸਮਿਆਂ ਦੇ ਮਹਾਂਨਾਇਕ। (ਸਾਡੇ ਸਮੇ )

-ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰ ਜਸਪਾਲ ਘਈ

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com