ਆਪਣੀ ਬੋਲੀ, ਆਪਣਾ ਮਾਣ

ਆਓ ਗ਼ਜ਼ਲ ਲਿਖਣੀ ਸਿੱਖੀਏ-1

ਅੱਖਰ ਵੱਡੇ ਕਰੋ+=

 ਲਫ਼ਜ਼ਾਂ ਦਾ ਪੁਲ ਦੇ ਮਦਦ ਸੈਕਸ਼ਨ ਰਾਹੀਂ ਅਸੀ ਪੰਜਾਬੀ ਭਾਸ਼ਾ ਨੂੰ ਕੰਮਪਿਊਟਰ ਤੇ ਵਰਤਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹਾਂ। ਲੰਮੇ ਸਮੇਂ ਤੋਂ ਅਸੀ ਇਸ ਰਾਹੀਂ ਸਾਹਿਤਕ ਸਿਨਫਾਂ ਦੀਆਂ ਬਾਰੀਕੀਆਂ ਦੱਸਣ ਲਈ ਵੀ ਕਾਰਜਸ਼ੀਲ ਸਾਂ ਅਤੇ ਸਾਡੇ ਯਤਨਾਂ ਨੂੰ ਓਦੋਂ ਬੂਰ ਪਿਆ, ਜਦੋਂ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਆਪਣੇ ਲੰਬੇ ਤਜਰਬੇ ਅਤੇ ਸ਼ਾਇਰੀ ਦੇ ਹੁਨਰ ਰਾਹੀਂ ਗ਼ਜ਼ਲ ਸਿਨਫ਼ ਬਾਰੇ ਜਾਣਕਾਰੀ ਭਰਪੂਰ ਲੇਖ ਲਫ਼ਜ਼ਾਂ ਦਾ ਪੁਲ ਨਾਲ ਸਾਂਝੇ ਕਰਨ ਬਾਰੇ ਸਹਿਮਤੀ ਦਿੱਤੀ। ਉਨ੍ਹਾਂ ਦੇ ਇਹ ਲੇਖਕ ਚਰਚਿਤ ਅਖਬਾਰਾਂ ਵਿਚ ਲੜੀਵਾਰ ਛਪੇ ਹਨ ਅਤੇ ਹੁਣ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇੰਟਰਨੈੱਟ ਦੇ ਪਾਠਕਾਂ ਦੇ ਸਮੇਂ ਅਤੇ ਰੁਝਾਨ ਨੂੰ ਧਿਆਨ ਵਿਚ ਰਖਦੇ ਹੋਏ ਅਸੀ ਇਹ ਲੇਖ ਸੰਪਾਦਿਤ ਕਰ ਕੇ ਛਾਪ ਰਹੇ ਹਾਂ, ਤਾਂ ਜੋ ਘੱਟ ਸ਼ਬਦਾਂ ਵਿਚ ਵਧੇਰੇ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਜਾ ਸਕੇ। ਇਸ ਈ-ਮਦਦ ਲੇਖ ਲੜੀ ਤਹਿਤ ਨੌਜਵਾਨ/ਸਿਖਾਂਦਰੂ ਸ਼ਾਇਰ ਗ਼ਜ਼ਲ ਦੀਆਂ ਬਾਰੀਕੀਆਂ ਬਹੁਤ ਹੀ ਸੌਖੇ ਅਤੇ ਸਾਦਾ ਢੰਗ ਨਾਲ ਸਿੱਖ ਸਕਣਗੇ ਅਤੇ ਇਸ ਬਾਰੇ ਸਵਾਲ ਅਤੇ ਸ਼ਕਿਆਂ ਨੂੰ ਦੂਰ ਕਰ ਸਕਣਗੇ। ਅਸੀ ਇਕ ਨਿਸ਼ਚਿਤ ਵਕਫ਼ੇ ਨਾਲ ਇਸ ਲੜੀ ਦੇ ਲੇਖ ਇਕ-ਇਕ ਕਰ ਕੇ ਪ੍ਰਕਾਸ਼ਿਤ ਕਰਾਂਗੇ। ਅਗਲਾ ਲੇਖ ਛਪਣ ਤੋਂ ਪਹਿਲਾਂ ਪਾਠਕ ਛਪੇ ਹੋਏ ਲੇਖ ਬਾਰੇ ਆਪਣੇ ਸਵਾਲ, ਸ਼ੰਕੇ ਅਤੇ ਵਿਚਾਰ ਟਿੱਪਣੀਆਂ ਰਾਹੀਂ ਲਿਖ ਸਕਦੇ ਹਨ। ਸਾਰੇ ਸਵਾਲ ਸੰਧੂ ਸਾਹਬ ਕੋਲ ਪੁੱਜਦੇ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਜਵਾਬ ਵੀ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਤਰ੍ਹਾਂ ਇੰਟਰਨੈੱਟ ਰਾਹੀਂ ਗ਼ਜ਼ਲ ਲਿਖਣੀ ਸਿੱਖਣ ਦਾ ਨਿਵੇਕਲਾ ਤਜਰਬਾ ਹੋਵੇਗਾ। ਇਸ ਦੀ ਸ਼ੁਰੂਆਤ ਅਸੀ ਕਵਿਤਾ ਅਤੇ ਇਸ ਦੀਆਂ ਸ਼ਾਖਾਵਾਂ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਲੇਖ ਛਾਪ ਕੇ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿਚ ਪਿੰਗਲ/ਅਰੂਜ਼ ਮੁਤਾਬਿਕ ਗ਼ਜ਼ਲ ਦੇ ਕੱਲੇ-ਕੱਲੇ ਵਜ਼ਨ-ਬਹਿਰ ਬਾਰੇ ਵਿਸਤਾਰ ਵਿਚ ਲੇਖ ਛਾਪੇ ਜਾਣਗੇ। ਸੋ ਆਓ ਰਲ ਕੇ ਗ਼ਜ਼ਲ ਸਿੱਖੀਏ ਅਤੇ ਸਿੱਖ ਕੇ ਲਿਖੀਏ। -ਲਫ਼ਜ਼ਾਂ ਦਾ ਸੇਵਾਦਾਰ

ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ?

ਕਈ ਸੁਹਿਰਦ ਸਾਹਿਤ-ਸਿਖਿਆਰਥੀ ਪੁੱਛਦੇ ਨੇ ਕਿ ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ? ਜੇ ਸੁਹਿਰਦਤਾ ਨਾਲ ਪੁੱਛਿਆ ਗਿਆ ਹੋਵੇ ਤਾਂ ਇਹ ਬੜਾ ਅਹਿਮ ਸਵਾਲ ਹੈ ਤੇ ਇਸ ਦਾ ਬੜਾ ਸਾਦਾ ਤੇ ਸਪਸ਼ਟ ਉੱਤਰ ਮਿਲਨਾ ਹੀ ਚਾਹੀਦਾ ਹੈ। ਇਸ ਲੇਖ ਵਿੱਚ ਮੈਂ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਗੀਤ, ਗ਼ਜ਼ਲ ਅਤੇ ਕਵਿਤਾ ਕੀ ਹੁੰਦੇ ਹਨ?

ਇੱਕ ਸਪਸ਼ਟ ਅਤੇ ਨਿਸ਼ਚਿਤ ਲੈਅ ਵਿੱਚ ਲਿਖੀ ਲਿਖਤ ਨੂੰ ਆਪਾਂ ਨਜ਼ਮ ਜਾਂ ਕਵਿਤਾ ਕਹਿੰਦੇ ਹਾਂ। ਅਸਲ ਵਿੱਚ ਜਿਸ ਲੈਅ-ਯੁਕਤ ਲਿਖਤ ਨੂੰ ਹਿੰਦੀ ਭਾਸ਼ਾ ਵਿੱਚ ‘ਕਵਿਤਾ’ ਕਿਹਾ ਜਾਂਦਾ ਹੈ, ਉਸੇ ਨੂੰ ਹੀ ਉਰਦੂ ਭਾਸ਼ਾ ਵਾਲੇ ‘ਨਜ਼ਮ’ ਕਹਿੰਦੇ ਹਨ। ਫਰਕ ਕੇਵਲ ਭਾਸ਼ਾ ਦਾ ਹੈ, ਗੁਣਵੱਤਾ ਦਾ ਨਹੀਂ। ਜਿਵੇਂ ਹਿੰਦੀ ਵਾਲੀ ‘ਗੇਹੂੰ’ ਹੀ ਉਰਦੂ ਵਿੱਚ ‘ਗੰਦਮ’ ਹੋ ਜਾਂਦੀ ਹੈ ਤੇ ਇਹ ਦੋਵੇਂ ਨਾਮ ‘ਕਣਕ’ ਦੇ ਹੀ ਹਨ। ਪੰਜਾਬੀ ਵਿੱਚ ‘ਕਵਿਤਾ’ ਅਤੇ ‘ਨਜ਼ਮ’ ਦੋਵੇਂ ਨਾਮ ਇੱਕੋ ਜਿੰਨੇ ਹੀ ਪ੍ਰਚਚਿੱਲਤ ਹਨ। ਅੱਗੇ ਕਵਿਤਾ (ਨਜ਼ਮ) ਦੇ ਵਿਆਪਕ ਦਰਖ਼ਤ ਦੀਆਂ ਕਈ ਸ਼ਾਖਾਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਵਿ¤ਚੋਂ ਕੁਝ ਪ੍ਰਮੁੱਖ ਹਨ- ਗੀਤ, ਗ਼ਜ਼ਲ, ਕਵਿਤਾ ਅਤੇ ਵਾਰ। ਇਹਨਾਂ ਵਿੱਚ ‘ਕਵਿਤਾ’ ਇੱਕ ਵੱਖਰੀ ਵੰਨਗੀ ਦੇ ਤੌਰ ’ਤੇ ਫਿਰ ਸ਼ਾਮਿਲ ਰਹਿੰਦੀ ਹੈ।

ਕਵਿਤਾ
‘ਕਵਿਤਾ’ ਨੂੰ ਰੂਪਕ ਪੱਖੋਂ ਪ੍ਰੀਭਾਸ਼ਿਤ ਕਰਨਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਜੋ ਰਚਨਾ ਸਾਰੀ ਦੀ ਸਾਰੀ ਇੱਕ ਨਿਸ਼ਚਿਤ ਬਹਿਰ ਜਾਂ ਛੰਦ ਵਿੱਚ ਲਿਖੀ ਹੋਈ ਅਤੇ ਲੈਅ-ਬੱਧ ਹੋਵੇ ਉਸ ਨੂੰ ‘ਕਵਿਤਾ’ ਕਿਹਾ ਜਾਂਦਾ ਹੈ। ਕਵਿਤਾ ਜਿਸ ਛੰਦ ਅਥਵਾ ਬਹਿਰ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਆਮ ਤੌਰ ’ਤੇ ਸਾਰੀ ਦੀ ਸਾਰੀ ਉਸੇ ਬਹਿਰ ਜਾਂ ਛੰਦ ਵਿੱਚ ਪੂਰੀ ਕੀਤੀ ਜਾਂਦੀ ਹੈ। ਇਹ ਹਿੰਦੋਸਤਾਨੀ ‘ਪਿੰਗਲ’ ਦੇ ਕਿਸੇ ਛੰਦ ਵਿੱਚ ਵੀ ਹੋ ਸਕਦੀ ਹੈ ਤੇ ‘ਅਰਬੀ ਉਰੂਜ਼’ ਦੀ ਕਿਸੇ ਬਹਿਰ ਵਿੱਚ ਵੀ, ਮਤਲਬ ਤਾਂ ਇੱਕ ਨਪੀ-ਤੁਲੀ ਲੈਅ ਨਿਭਾਉਣ ਤੋਂ ਹੈ। ਭਾਵੇਂ ਕਿ ਕਵਿਤਾ ਵਿੱਚ ‘ਕਾਫ਼ੀਆ’ ਅਤੇ ‘ਰਦੀਫ਼’ (ਤੁਕਾਂਤ) ਨਿਭਾਉਣੇ ਜ਼ਰੂਰੀ ਨਹੀਂ, ਕਿਉਂਕਿ ਇਹ ਕਵਿਤਾ ਨੂੰ ਹੋਰ ਸੁੰਦਰ ਬਨਾਉਣ ਵਾਸਤੇ ਵਰਤੇ ਜਾਣ ਵਾਲੇ ਗਹਿਣੇ (ਆਕਾਰ) ਹੀ ਹਨ, ਕਵਿਤਾ ਦੇ ਜਿਸਮ ਦੇ ਜ਼ਰੂਰੀ ਅੰਗ ਨਹੀਂ, ਪਰ ਫਿਰ ਵੀ ਜੇ ਅਸੀਂ ਕਾਫ਼ੀਆ-ਰਦੀਫ਼ ਨਿਸ਼ਚਿਤ ਕਰਕੇ ਕਵਿਤਾ ਲਿਖਦੇ ਹਾਂ ਤਾਂ ਆਮ ਤੌਰ ’ਤੇ ਇਹ ਕਾਫ਼ੀਏ (ਤੁਕਾਂਤ) ਦੋ-ਦੋ ਤੁਕਾਂ (ਲਾਈਨਾਂ) ਦੇ ਵੀ ਮਿਲਦੇ ਰੱਖ ਸਕਦੇ ਹਾਂ, ਚਾਰ-ਚਾਰ ਤੁਕਾਂ ਦੇ ਵੀ ਤੇ ਇਸ ਤੋਂ ਵੱਧ ਤੁਕਾਂ ਦੇ ਵੀ ਕਾਫ਼ੀਏ ਮਿਲਾਏ ਜਾ ਸਕਦੇ ਹਨ, ਪਰ ਕਾਫ਼ੀਏ ਦੇ ਨਿਭਾਅ ਵਾਲੀਆਂ ਤੁਕਾਂ ਦੀ ਗਿਣਤੀ ਇੱਕ ਵਾਰ ਨਿਸ਼ਚਿਤ ਕਰ ਲਏ ਜਾਣ ਮਗਰੋਂ ਜੇ ਉਸ ਗਿਣਤੀ ਨੂੰ ਸਾਰੀ ਕਵਿਤਾ ਦੌਰਾਨ ਉਸੇ ਤਰਾਂ ਨਿਭਾ ਲਿਆ ਜਾਵੇ ਤਾਂ ਬਹੁਤ ਖ਼ਰੀ ਗੱਲ ਹੈ। ਕਈ ਕਵਿਤਾਵਾਂ ਵਿੱਚ ਕਦੀ ਦੋ-ਦੋ ਤੁਕਾਂ ਦੇ ਤੁਕਾਂਤ, ਕਦੀ ਚਾਰ-ਚਾਰ ਤੁਕਾਂ ਦੇ ਤੁਕਾਂਤ ਅਤੇ ਕਦੀ ਇਸ ਤੋਂ ਵੱਧ ਤੁਕਾਂ ਦੇ ਤੁਕਾਂਤ ਵੀ ਮਿਲਾਏ ਮਿਲਦੇ ਹਨ। ਇਹ ਭਾਵੇਂ ਕੋਈ ਬਹੁਤ ਵੱਡਾ ਦੋਸ਼ ਤਾਂ ਨਹੀਂ ਪਰ ਇਹ ਬੇਤਰਤੀਬੀ ਕਵਿਤਾ ਦੀ ਕੰਟੀਨਿਊਟੀ ਵਿੱਚ ਰੁਕਾਵਟ ਜ਼ਰੂਰ ਪਾਉਂਦੀ ਹੈ। ਇਸ ਤੋਂ ਬਚਣਾ ਹੀ ਭਲਾ ਹੈ।
ਵਿਸ਼ੇ ਪੱਖੋਂ ਇੱਕ ਕਵਿਤਾ ਵਿੱਚ ਇੱਕ ਹੀ ਵਿਸ਼ਾ ਨਿਭਾਇਆ ਜਾਂਦਾ ਹੈ। ਸਾਰੀ ਕਵਿਤਾ ਵਿੱਚ ਉਸੇ ਹੀ ਵਿਸ਼ੇ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਜਾਂਦਾ ਹੈ। ਉਸ ਵਿਸ਼ੇ ਦੀਆਂ ਪਰਤਾਂ ਅਲੱਗ-ਅਲੱਗ ਅਤੇ ਬਹੁ-ਗਿਣਤੀ ਵਿੱਚ ਖੁੱਲਦੀਆਂ ਹੋ ਸਕਦੀਆਂ ਹਨ, ਪਰ ਮੁੱਖ ਵਿਸ਼ਾ ਇੱਕ ਹੀ ਰਹਿਣਾ ਚਾਹੀਦਾ ਹੈ।
ਕਲਾਤਮਿਕ ਤੌਰ ’ਤੇ ਇੱਕ ਕਵਿਤਾ ਪਾਠਕ ਦੀ ਸੋਚ-ਪੱਧਰ ਤੋਂ ਸਹਿਜ-ਸੁਭਾਅ ਹੀ ਸ਼ੁਰੂ ਹੁੰਦੀ ਹੈ। ਫਿਰ ਉਹ ਚੱਲਦੀ ਚੱਲਦੀ ਅਤੇ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੋਈ ਆਪਣੀ ਮੰਜ਼ਿਲ ਦੀ ਬੁਲੰਦੀ ਵੱਲ ਚੜ੍ਹਦੀ ਜਾਂਦੀ ਹੈ। ਕਲਾਈਮੈਕਸ (ਸਿਖ਼ਰ) ’ਤੇ ਪਹੁੰਚ ਕੇ ਪਾਠਕ ਨੂੰ ਕੁਝ ਸੋਚਣ ਵਾਸਤੇ ਆਜ਼ਾਦ ਛੱਡ ਕੇ ਇੱਕ ਦਮ ਵੀ ਖ਼ਤਮ ਹੋ ਸਕਦੀ ਹੈ ਤੇ ਅੰਤ ਵਿੱਚ ਪੂਰੀ ਕਵਿਤਾ ਦਾ ਸਿੱਟਾ ਜਾਂ ਸਬਕ ਵੀ ਦਰਸਾਇਆ ਜਾ ਸਕਦਾ ਹੈ। ਇਹ ਮਰਜ਼ੀ ਸ਼ਾਇਰ ਦੀ ਆਪਣੀ ਹੁੰਦੀ ਹੈ ਕਿ ਉਸ ਨੇ ਕਵਿਤਾ ਨੂੰ ਕਿਸ ਤਰ੍ਹਾਂ ਸਮਾਪਤ ਕਰਨਾ ਹੈ।

ਉਦਾਹਣ ਵਜੋਂ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਦੀ ਇੱਕ ਨਜ਼ਮ ਪੇਸ਼ ਹੈ-

ਬਰਖਾ ਬਹਾਰ
ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ।
ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ।

ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ।
ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ।

ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ।
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ।

ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉ¤ਤਰੀ ਡਾਰ ਮੁਰਗਾਬੀਆਂ ਦੀ।
ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ।

ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ।
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ।

ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ।
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ।

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ।
ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ।

ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ।
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ।

ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ।
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ।

ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ।
ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ।

ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ।
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ।

ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ।
ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ।

ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉ¤ਤੇ।
ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ।

ਗੀਤ
ਗੀਤ ਰੂਪਕ ਪੱਖੋਂ ਕਵਿਤਾ ਨਾਲੋਂ ਜ਼ਰਾ ਵੱਖਰੀ ਨੁਹਾਰ ਰੱਖਦਾ ਹੈ। ਗੀਤ ਸ਼ੁਰੂ ਕਰਦਿਆਂ ਆਮ ਤੌਰ ’ਤੇ ਕਿਸੇ ਪ੍ਰਚ¤ਲਿਤ ਲੈਅ ਵਿੱਚ, ਜ਼ਿਆਦਾ ਕਰਕੇ ਦੋ ਤੁਕਾਂ ਵਿੱਚ ਇੱਕ ਸ਼ਿਅਰ ਲਿਖਿਆ ਜਾਂਦਾ ਹੈ। ਇਹ ਗੀਤ ਦਾ ਮੁੱਖੜਾ ਹੁੰਦਾ ਹੈ। ਇਸ ਵਿੱਚ ਗੀਤ ਦਾ ਮੁੱਖ ਵਿਚਾਰ ਵਿਅਕਤ ਕੀਤਾ ਜਾਂਦਾ ਹੈ, ਜਿਸ ਨੂੰ ਗੀਤਕਾਰ ਨੇ ਆਪਣੇ ਸਾਰੇ ਗੀਤ ਵਿੱਚ ਪੂਰਾ ਵਿਸਥਾਰ ਦੇਣਾ ਹੁੰਦਾ ਹੈ। ਮੁੱਖੜੇ ਦੇ ਮਗਰੋਂ ਕੁਝ ਹੋਰ ਬੰਦ ਲਿਖੇ ਜਾਂਦੇ ਹਨ। ਇਹ ਬੰਦ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਜਾਂ ਇਸ ਤੋਂ ਵੱਧ-ਵੱਧ ਤੁਕਾਂ ਦੇ ਵੀ ਹੋ ਸਕਦੇ ਹਨ। ਇੱਕ ਬੰਦ ਦੀਆਂ ਦੋ-ਦੋ ਤੁਕਾਂ ਦੇ ਤੁਕਾਂਤ ਵੀ ਆਪਸ ਮਿਲਦੇ ਹੋ ਸਕਦੇ ਹਨ ਤੇ ਸਾਰੀਆਂ-ਸਾਰੀਆਂ ਤੁਕਾਂ ਦੇ ਵੀ। ਬੰਦ ਮਗਰੋਂ ਇੱਕ-ਦੋ ਤੁਕਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਉਹਨਾਂ ਦਾ ਭਾਵ ਅਤੇ ਤੁਕਾਂਤ ਫਿਰ ਮੁੱਖੜੇ ਦੇ ਤੁਕਾਂਤ ਨਾਲ ਮਿਲ ਜਾਵੇ। ਨਾਲ ਹੀ ਮੁੱਖੜੇ ਦੀ ਦੂਜੀ ਤੁਕ ਨੂੰ ਫਿਰ ਦੁਹਰਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਤਿੰਨ, ਚਾਰ ਜਾਂ ਇਸ ਤੋਂ ਵੱਧ ਬੰਦ ਲਿਖਕੇ ਤੇ ਹਰ ਬੰਦ ਨੂੰ ਫਿਰ ਮੁੱਖੜੇ ਨਾਲ ਮਿਲਾ ਕੇ ਗੀਤ ਸੰਪੂਰਨ ਕਰ ਲਿਆ ਜਾਂਦਾ ਹੈ।

ਗੀਤ ਦੇ ਮੁੱਖੜੇ ਨੂੰ ‘ਸਥਾਈ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਰੇ ਗੀਤ ਦੇ ਹਰ ਮੁੱਖੜੇ ਮਗਰੋਂ ‘ਸਥਾਈ ਤੌਰ’ ’ਤੇ ਦੁਹਰਾਈ ਜਾਂਦੀ ਹੈ। ਗੀਤ ਦੇ ਬੰਦ ਨੂੰ ‘ਅੰਤਰਾ’ ਵੀ ਕਿਹਾ ਜਾਂਦਾ, ਕਿਉਂਕਿ ਅੰਤਰੇ ਆਪਸ ਵਿੱਚ ਥੋੜ੍ਹੇ ਥੋੜ੍ਹੇ ਅੰਤਰ ’ਤੇ ਹੁੰਦੇ ਹਨ। ਵਿਚਕਾਰ ਸਥਾਈ ਦੀਆਂ ਤੁਕਾਂ ਆ ਜਾਣ ਕਾਰਨ ਅੰਤਰੇ ਆਪਸ ਵਿੱਚ ਲਗਾਤਾਰ ਜੁੜੇ ਹੋਏ ਨਹੀਂ ਹੁੰਦੇ। ਸਥਾਈ ਅਤੇ ਅੰਤਰੇ ਦੀਆਂ ਤੁਕਾਂ ਦੀ ਲੰਬਾਈ (ਵਜ਼ਨ) ਬੇਸ਼ੱਕ ਆਪਸ ਵਿੱਚ ਮਿਲਦੇ ਹੋਣ ਜਾਂ ਨਾ, ਪਰ ਸੰਗੀਤ ਪ¤ਖੋਂ ਇਹਨਾਂ ਦਾ ਤਾਲ ਜ਼ਰੂਰ ਇੱਕ ਹੀ ਹੋਣਾ ਚਾਹੀਦਾ ਹੈ ਤਾਂ ਕਿ ਗਾਉਣ ਵਾਲੇ ਗਾਇਕ ਨੂੰ ਮੁਸ਼ਕਿਲ ਨਾ ਪੇਸ਼ ਆਵੇ।

ਨਮੂਨੇ ਵਜੋਂ ਆਪਣੇ ਪਰਮ-ਮਿੱਤਰ ਸ. ਬਲਬੀਰ ਸਿੰਘ ‘ਸੈਣੀ’ ਦਾ ਇੱਕ ਗੀਤ ਪੇਸ਼ ਕਰਾਂਗਾ-

ਗੀਤ


ਸਥਾਈ:
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।
ਆ ਜਾ, ਆ ਕੇ ਕਰ ਜਾ ਅੜਿਆ, ਵਸਲਾਂ ਦੀ ਕੋਈ ਬਾਤ।

ਅੰਤਰਾ:
ਸਭਨਾ ਲਈ ਮੈਂ ਬਣੀ ਪਰਾਈ, ਵੈਰਨ ਬਣੀ ਹਯਾਤੀ।
ਕਿਸੇ ਨਾ ਜਾਣਿਆ ਦਰਦ ਦਿਲੇ ਦਾ, ਕਿਸੇ ਨਾ ਪੀੜ ਪਛਾਤੀ।

ਪੈਰ ਪੈਰ ’ਤੇ ਮਿਲਣ ਠ੍ਹੋਕਰਾਂ, ਹੰਝੂਆਂ ਦੀ ਸੌਗ਼ਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਅੰਤਰਾ: 
ਸੁਣਿਆ ਸੀ ਕਿ ਹੁਸਨ-ਇਸ਼ਕ ਨਾ, ਵੇਖਣ ਚਿ¤ਟਾ ਕਾਲਾ।
ਇਹ ਤਾਂ ਅਪਣੇ ਪਿਆਰੇ ਦੀ ਬੱਸ, ਰਹਿਣ ਫੇਰਦੇ ਮਾਲਾ।

ਐਪਰ ਇਹ ਵੀ ਕੂੜ-ਕਹਾਣੀ, ਸੁਣੀ-ਸੁਣਾਈ ਬਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਅੰਤਰਾ:
ਮੇਰਾ ਹੀ ਜਦ ਰਿਹਾ ਨਾ ਮੇਰਾ, ਕਿਸ ਨੂੰ ਦਰਦ ਸੁਣਾਵਾਂ?
ਇੰਨਾਂ ਤਾਂ ਦੱਸ ਓ ਨਿਰਮੋਹੀਆ, ਕਿਹੜੇ ਖੂਹ ਪੈ ਜਾਵਾਂ?

ਕਦ ਖਿੜਨੀ ਏ ਕਲੀ ਆਸ ਦੀ, ਹੋਣੀ ਕਦ ਪ੍ਰਭਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਵਾਰ
‘ਵਾਰ’ ਕਾਵਿ-ਸਾਹਿਤ ਦੀ ਇੱਕ ਪ੍ਰਮੁੱਖ ਵੰਨਗੀ ਹੈ। ਵਾਰ ਦੇ ਕੁਝ ਆਪਣੇ ਹੀ ਨਿਸ਼ਚਿਤ ਛੰਦ ਹੁੰਦੇ ਹਨ ਜੋ ਜੋਸ਼ੀਲੀਆਂ ਤਰਜ਼ਾਂ ’ਤੇ ਗਾਏ ਜਾਂਦੇ ਹਨ। ਵਾਰ ਦਾ ਵਿਸ਼ਾ ਵੀ ਜੋਸ਼ੀਲਾ ਅਤੇ ਬੀਰ-ਰਸ ਵਾਲਾ ਹੁੰਦਾ ਹੈ। ਵਾਰ ਆਮ ਤੌਰ ’ਤੇ ਯੋਧਿਆਂ ਦੇ ਬੀਰਤਾ ਭਰੇ ਕਾਰਨਾਮਿਆਂ ਦਾ ਅਤੇ ਉਹਨਾਂ ਦੀ ਬਹਾਦਰੀ ਦਾ ਬਿਆਨ ਕਰਦੀ ਹੈ। ਕੁਝ ਲੋਕਾਂ ਨੇ ਪ੍ਰੰਪਰਾ ਤੋਂ ਬਾਗ਼ੀ ਹੋ ਕੇ ਸ਼ਾਨਤੀ ਦੀਆਂ ਵਾਰਾਂ ਵੀ ਲਿਖੀਆਂ ਪਰ ਉਹ ਮਕਬੂਲ ਨਹੀਂ ਹੋ ਸਕੀਆਂ। ਸ਼ਾਂਤ-ਰਸ ਵਾਸਤੇ ਹੋਰ ਵਿਧਾਵਾਂ ਅਤੇ ਹੋਰ ਛੰਦ ਬਹੁਤ ਹਨ। ਵਾਰ ਕੇਵਲ ਬੀਰ-ਰਸ ਦੀ ਹੀ ਪ੍ਰਤੀਨਿਧਤਾ ਕਰਦੀ ਚੰਗੀ ਲੱਗਦੀ ਹੈ।

ਗ਼ਜ਼ਲ
‘ਗ਼ਜ਼ਲ’ ਰੂਪਕ ਪੱਖ ਤੋਂ ਬਹੁਤ ਸਖ਼ਤ ਪਾਬੰਦੀਆਂ ਵਿੱਚ ਰਹਿ ਕੇ ਵਿਚਰਦੀ ਹੋਈ ਵਿਚਾਰਕ ਪ¤ਖੋਂ ਅਤਿਅੰਤ ਨਾਜ਼ੁਕ ਸਿਨਫ਼ (ਵਿਧਾ) ਹੈ। ਇਉਂ ਸਮਝ ਲਉ ਕਿ ਚੀਰ ਕੇ, ਕੱਟ ਕੇ ਪੀਹ ਸੁੱਟਣ ਵਾਲੇ ਸੁਭਾਅ ਅਤੇ ਸਮਰੱਥਾ ਰੱਖਣ ਵਾਲੇ ਬੱਤੀ ਦੰਦਾਂ ਵਿੱਚ ਵਿਚਰਨ ਵਾਲੀ ਅਤਿਅੰਤ ਨਾਜ਼ੁਕ ਮਾਸ ਦੇ ਲੋਥੜੇ ਵਰਗੀ ਜੀਭ ਵਾਂਗ ਹੀ ਹੈ ਗ਼ਜ਼ਲ। ਗ਼ਜ਼ਲ ਬਾਕੀ ਕਾਵਿ-ਵਿਧਾਵਾਂ ਵਿ¤ਚੋਂ ਸ਼ਕਲ-ਸੂਰਤ ਤੋਂ ਵੀ ਵੱਖਰੀ ਪਹਿਚਾਣੀ ਜਾ ਸਕਦੀ ਹੈ। ਦੋ-ਦੋ ਤੁਕਾਂ (ਮਿਸਰਿਆਂ) ਵਾਲੇ ਤਕਰੀਬਨ 5 ਤੋਂ 15 ਅਲੱਗ-ਅਲੱਗ ਸ਼ਿਅਰਾਂ ਵਾਲੀ ਇਹ ਰਚਨਾ, ਜੇ ਸਹੀ ਤੌਰ ’ਤੇ ਛਾਪੀ ਜਾਂ ਲਿਖੀ ਜਾਵੇ ਤਾਂ ਇਹ ਪਹਿਲੀ ਨਜ਼ਰੇ ਹੀ ਆਪਣੀ ਪਹਿਚਾਣ ਦੱਸ ਦਿੰਦੀ ਹੈ।
ਭਾਵੇਂ ਹਿੰਦੋਸਤਾਨੀ ‘ਪਿੰਗਲ’ ਦੇ ਵੀ ਕੁਝ ਕੁ ਛੰਦਾਂ ਵਿੱਚ ਗ਼ਜ਼ਲ ਲਿਖੀ ਗਈ ਹੈ ਪਰ ਆਮ ਤੌਰ ’ਤੇ ਇਹ ਅਰਬੀ-ਫ਼ਾਰਸੀ ‘ਅਰੂਜ਼’ ਦੇ ਛੰਦਾਂ ਵਿੱਚ ਹੀ ਲਿਖੀ ਜਾਂਦੀ ਹੈ, ਜਿਹਨਾਂ ਨੂੰ ‘ਬਹਿਰਾਂ’ ਕਿਹਾ ਜਾਂਦਾ ਹੈ। ਗ਼ਜ਼ਲ ਬਹੁਤ ਸਾਰੀਆਂ ਬਹਿਰਾਂ ਵਿੱਚ ਲਿਖੀ ਜਾਂਦੀ ਹੈ ਪਰ ਅਰੂਜ਼-ਵਿਗਿਆਨੀਆਂ ਦੀ ਵਿਦਵਤਾ ਦਾ ਕਮਾਲ ਇਸ ਗੱਲ ਵਿੱਚ ਹੈ ਕਿ ਉਹਨਾਂ ਹਰ ਸੰਭਵ ਬਹਿਰ ਪਹਿਲਾਂ ਹੀ ਨਿਸ਼ਚਿਤ ਕਰ ਰੱਖੀ ਹੈ ਤੇ ਹੁਣ ਕੋਈ ਨਵੀਂ ਬਹਿਰ ਦੀ ਕਾਢ ਕੱਢਣੀ ਤਕਰੀਬਨ ਅਸੰਭਵ ਵਰਗਾ ਹੀ ਮੁਸ਼ਕਿਲ ਕਾਰਜ ਹੈ।
ਗ਼ਜ਼ਲ ਰੂਪਕ ਪੱਖ ਤੋਂ ਕਿਸੇ ਇੱਕ ਨਿਸ਼ਚਿਤ ਬਹਿਰ ਵਿੱਚ ਲਿਖੇ ਗਏ ਦੋ ਮਿਸਰਿਆਂ (ਤੁਕਾਂ) ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਦੋਹਾਂ ਮਿਸਰਿਆਂ ਦੇ ਕਾਫ਼ੀਏ (ਤੁਕਾਂਤ) ਆਪਸ ਵਿੱਚ ਮਿਲਦੇ ਹੁੰਦੇ ਹਨ। (ਇ¤ਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਗ਼ਜ਼ਲ ਦੇ ਸੰਧਰਭ ਵਿੱਚ ਕਾਫ਼ੀਆ ਗ਼ਜ਼ਲ ਦਾ ਕੇਵਲ ਜ਼ੇਵਰ (ਆਕਾਰ) ਹੀ ਨਹੀਂ ਸਗੋਂ ਉਸ ਦੇ ਸਰੀਰ ਦਾ ਇੱਕ ਅਹਿਮ ਅੰਗ ਹੈ, ਜਿਸ ਦੇ ਬਿਨਾਂ ਗ਼ਜ਼ਲ ਦੇ ਵਜੂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।) ਦੋ ਮਿਸਰਿਆਂ (ਤੁਕਾਂ) ਨਾਲ ਬਣੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ‘ਮਤਲਾ’ ਕਿਹਾ ਜਾਂਦਾ ਹੈ। ‘ਮਤਲਾ’ ਇੱਕ ਤਰ੍ਹਾਂ ਨਾਲ ਪਾਠਕ ਜਾਂ ਸਰੋਤੇ ਨੂੰ ਇਸ ਗੱਲ ਦੀ ‘ਇਤਲਾਹ’ (ਸੂਚਨਾ) ਦਿੰਦਾ ਹੈ ਕਿ ਵਿਚਾਰ-ਅਧੀਨ ਗ਼ਜ਼ਲ ਵਿੱਚ ਕਿਹੜੀ ਬਹਿਰ ਵਰਤੀ ਜਾਵੇਗੀ, ਕਿਹੜੇ ਕਾਫ਼ੀਏ ਹੋਣਗੇ, ਕਿਹੜੀ ਰਦੀਫ਼ ਹੋਵੇਗੀ ਅਤੇ ਕਿਸੇ ਹੱਦ ਤੱਕ ਇਹ ਗ਼ਜ਼ਲ ਕਿਹੜੇ ਮੂਡ ਦੀ ਹੋਵੇਗੀ। ਇਸ ਤੋਂ ਅਗਲੇ ਸ਼ਿਅਰ ਉਪਰੋਕਤ ਇਤਲਾਹ ਅਨੁਸਾਰ ਹੀ ਕਹੇ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਕੇਵਲ ਇੱਕ ਮਤਲਾ ਵੀ ਹੋ ਸਕਦਾ ਹੈ ਤੇ ਇਹ ਜ਼ਿਆਦਾ ਗਿਣਤੀ ਵਿੱਚ ਵੀ ਹੋ ਸਕਦੇ ਹਨ। ਪਰ ਚਾਹੇ ਜਿੰਨੇਂ ਵੀ ਮਤਲੇ ਹੋਣ ਇਹ ਸਾਰੇ ਆਮ ਸ਼ਿਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਜਾਣੇ ਚਾਹੀਦੇ ਹਨ। ਇੱਕ ਵਾਰ ਆਮ ਸ਼ਿਅਰ ਸ਼ੁਰੂ ਹੋ ਜਾਣ ਮਗਰੋਂ ਕੋਈ ਮਤਲਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਸੂਰਤ ਵਿੱਚ ਆਮ ਸ਼ਿਅਰ ਤੋਂ ਮਗਰੋਂ ਵੀ ਮਤਲਾ ਲਿਖਿਆ ਜਾਵੇ ਤਾਂ ਉਸ ਨੂੰ ਚੁੱਕ ਕੇ ਉ¤ਪਰ ਬਾਕੀ ਮਤਲਿਆਂ ਦੇ ਨਾਲ ਹੀ ਲਿਖ ਦੇਣਾ ਚਾਹੀਦਾ ਹੈ। ਮਤਲਿਆਂ ਵਿੱਚ ਵੀ ਹਰ ਮਤਲੇ ਦਾ ਵਿਸ਼ਾ ਅਲੱਗ ਹੋ ਸਕਦਾ ਹੈ ਅਤੇ ਬਾਕੀਆਂ ਨਾਲੋਂ ਆਜ਼ਾਦ ਤਾਂ ਹੋਣਾ ਹੀ ਚਾਹੀਦਾ ਹੈ। ਯਾਦ ਰਹੇ ਕਿ ਗ਼ਜ਼ਲ ਦਾ ਹਰ ਸ਼ਿਅਰ ਆਪਣੀ ਕਹਾਣੀ ਆਪ ਕਹਿੰਦਾ ਹੈ ਤੇ ਆਪਣੇ ਨਾਲ ਹੀ ਉਸ ਕਹਾਣੀ ਨੂੰ ਵੀ ਸੰਪੂਰਨ ਕਰ ਦਿੰਦਾ ਹੈ। ਕਿਸੇ ਸ਼ਿਅਰ ਦੀ ਕਹਾਣੀ ਨੂੰ ਸੰਪੂਰਨ ਕਰਨ ਲਈ ਲਈ ਦੂਜੇ ਸ਼ਿਅਰ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ।

ਮਤਲੇ ਜਾਂ ਮਤਲਿਆਂ ਤੋਂ ਮਗਰੋਂ ਆਮ ਸ਼ਿਅਰ ਸ਼ੁਰੂ ਹੋ ਜਾਂਦੇ ਹਨ। ਇਹਨਾਂ ਸ਼ਿਅਰਾਂ ਵਿੱਚ ਵੀ ਵਿਚਾਰਧਾਰਕ ਪੱਖ ਤੋਂ ਹਰ ਸ਼ਿਅਰ ਵਿੱਚ ਵੱਖਰਾ ਵਿਸ਼ਾ ਹੋ ਸਕਦਾ ਹੈ ਤੇ ਹਰ ਸ਼ਿਅਰ ਆਪਣੇ ਆਪ ਵਿੱਚ ਆਜ਼ਾਦ ਹੋਣਾ ਚਾਹੀਦਾ ਹੈ, ਪਰ ਮੂਡ ਜੇ ਇੱਕ ਹੀ ਨਿਭ ਜਾਵੇ ਤਾਂ ਗ਼ਜ਼ਲ ਪਾਠਕਾਂ-ਸਰੋਤਿਆਂ ’ਤੇ ਆਪਣਾ ਪੂਰਾ ਪੂਰਾ ਪ੍ਰਭਾਵ ਪਾਉਣ ਵਿੱਚ ਜ਼ਿਆਦਾ ਕਾਮਯਾਬ ਰਹਿੰਦੀ ਹੈ। ਰੂਪਕ ਪ¤ਖੋਂ ਹਰ ਆਮ ਸ਼ਿਅਰ ਦੇ ਪਹਿਲੇ ਮਿਸਰੇ ਦੇ ਅੰਤ ਵਿੱਚ ਕੋਈ ਕਾਫ਼ੀਆ ਨਹੀਂ ਮਿਲਦਾ ਸਗੋਂ ਹਰ ਦੂਸਰੇ ਮਿਸਰੇ ਦਾ ਹੀ ਕਾਫ਼ੀਆ ਫਿਰ ਮਤਲੇ ਦੇ ਕਾਫ਼ੀਏ ਨਾਲ ਮਿਲਦਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਆਮ ਸ਼ਿਅਰਾਂ ਦੀ ਗਿਣਤੀ ਨਿਸ਼ਚਿਤ ਤਾਂ ਨਹੀਂ ਰੱਖੀ ਜਾਂਦੀ, ਫਿਰ ਵੀ ਇਹ ਪੰਜ ਤੋਂ ਤੇਰਾਂ ਕੁ ਤੱਕ ਹੀ ਰਹਿਣ ਤਾਂ ਗ਼ਜ਼ਲ ਦਾ ਪੂਰਾ ਪ੍ਰਭਾਵ ਬਣਦਾ ਹੈ।

ਗ਼ਜ਼ਲ ਦੇ ਆਖ਼ਿਰੀ ਸ਼ਿਅਰ, ਜਿਸ ਵਿੱਚ ਸ਼ਾਇਰ ਦਾ ਉਪਨਾਮ ਆਉਂਦਾ ਹੈ, ਉਸ ਨੂੰ ‘ਮਕਤਾ’ ਕਿਹਾ ਜਾਂਦਾ ਹੈ। ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਸ਼ਿਅਰ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦਾ ਵਜ਼ਨ ‘ਅਰੂਜ਼ੀ-ਰੁਕਨਾਂ’ ਦੀ ਤਰਤੀਬ ਨੂੰ ਸਹੀ ਤਰ੍ਹਾਂ ਸਮਝ ਲੈਣ ਨਾਲ ਹੀ ਨਿਭਦਾ ਹੈ। ਰੁਕਨਾਂ ਦੀ ਜਾਣਕਾਰੀ ਦੇ ਬਿਨਾਂ ਕਹੇ ਗ਼ਜ਼ਲ ਦੇ ਕੁਝ ਸ਼ਿਅਰ ਰੱਬ-ਸਬੱਬੀਂ ਠੀਕ ਲਿਖੇ ਜਾਣ, ਤਾਂ ਇਹ ਗੱਲ ਵੱਖਰੀ ਹੈ ਪਰ ਸਦਾ ਹੀ ਪ੍ਰਮਾਣਿਕ ਤੌਰ ’ਤੇ ਸਹੀ ਸ਼ਿਅਰ ਕਹਿਣ ਲਈ ਰੁਕਨਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਗ਼ਜ਼ਲ ਲਿਖਣ ਸੰਬੰਧੀ ਭਾਵੇਂ ਕੁਝ ਪੁਸਤਕਾਂ ਹੁਣ ਪੰਜਾਬੀ ਭਾਸ਼ਾ ਵਿੱਚ ਉਪਲੱਭਦ ਹਨ ਪਰ ਅਸਲ ਵਿੱਚ ਇਸ ਦੇ ਸਹੀ ਅਭਿਆਸ ਵਾਸਤੇ ਕਿਸੇ ਕਾਮਿਲ ਉਸਤਾਦ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ। ਕਿਸੇ ਉਸਤਾਦ ਬਿਨਾਂ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਨਾ ਹਨੇਰੇ ਵਿੱਚ ਤੀਰ ਮਾਰਨ ਵਰਗੀ ਕਿਰਿਆ ਸਾਬਤ ਹੁੰਦੀ ਹੈ। ਜੋ ਨੁਕਤਾ ਉਸਤਾਦ ਨੇ ਇੱਕ ਇਸ਼ਾਰੇ ਵਿੱਚ ਸਮਝਾ ਦੇਣਾ ਹੁੰਦਾ ਹੈ ਉਹੀ ਨੁਕਤਾ ਕਈ ਵਾਰੀ ਸਾਰੀ ਉਮਰ ਦੀ ਦਿਮਾਗ-ਪਚੀ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ। ਉਂਜ ਵੀ ਕਲਾ ਵਿੱਚਲੀਆਂ ਸਾਰੀਆਂ ਬਾਰੀਕੀਆਂ ਲਿਖਤੀ ਗਾਈਡਾਂ ਦੀ ਪਹੁੰਚ ਵਿੱਚ ਨਹੀਂ ਆ ਸਕਦੀਆਂ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਗ਼ਜ਼ਲ ਬਹੁਤ ਨਾਜ਼ੁਕ ਸਿਨਫ਼ ਹੋਣ ਦੇ ਬਾਵਜੂਦ ਬਹੁਤ ਸਖ਼ਤ ਪਾਬੰਦੀਆਂ ਦੇ ਵਿੱਚ ਰਹਿਣ ਦੀ ਆਦੀ ਹੈ। ਇਸ ਨੇ ਰੂਪਕ ਪ¤ਖੋਂ ਹੀ ਨਹੀਂ ਸਗੋਂ ਵਿਸ਼ਿਅਕ ਪ¤ਖੋਂ ਵੀ ਬੜੀਆਂ ਪਾਬੰਦੀਆਂ ਹੰਢਾਈਆਂ ਹਨ। ਇਸ ਲਈ ਜਦੋਂ ਇਹ ਪਾਬੰਦੀਆਂ ਦੇ ਕਾਲੇ ਬੁਰਕੇ ਵਿ¤ਚੋਂ ਦੀ ਜ਼ਰਾ ਜਿਹਾ ਆਪਣਾ ਮੁੱਖ ਵਿਖਾਉਂਦੀ ਹੈ ਤਾਂ ਕਾਲੀ ਘਟਾ ਵਿ¤ਚੋਂ ਨਿਕਲੇ ਪੂਰਨਮਾਸ਼ੀ ਦੇ ਪੂਰੇ ਚੰਨ ਵਾਂਗੂੰ ਮਨ ਨੂੰ ਮੋਹ ਲੈਂਦੀ ਹੈ। ਖੁੱਲ੍ਹੇ ਅਸਮਾਨ ਵਿੱਚ ਸ਼ਾਇਦ ਹੀ ਚੰਨ ਏਨਾਂ ਖ਼ੂਬਸੂਰਤ ਲੱਗਦਾ ਹੋਵੇ ਜਿੰਨਾਂ ਕਿ ਕਾਲੇ ਬੱਦਲਾਂ ਵਿ¤ਚੋਂ ਨਿਕਲਣ ਤੇ ਲੱਗਦਾ ਹੈ।

ਵਿਸ਼ੇ ਦੇ ਪੱਖੋਂ ਪਹਿਲਾਂ ਪਹਿਲਾਂ ਗ਼ਜ਼ਲ ਕੇਵਲ ਮਹਿਬੂਬ ਨਾਲ ਗੱਲਾਂ ਕਰਨ ਤੱਕ ਹੀ ਸੀਮਿਤ ਸੀ, ਇਸ ਵਿੱਚ ਵੀ ਇਸ ਨੂੰ ਕਮਾਲ ਹਾਸਿਲ ਸੀ। ਫਿਰ ਇਹ ਮਹਿਬੂਬ ਬਾਰੇ ਗੱਲਾਂ ਕਰਨ ਲੱਗੀ। ਮਹਿਬੂਬ ਦੀਆਂ ਸਿਫ਼ਤਾਂ ਕਰਨੀਆਂ ਤਾਂ ਕੋਈ ਗ਼ਜ਼ਲ ਤੋਂ ਹੀ ਸਿ¤ਖੇ। ਫਿਰ ਮਹਿਬੂਬ ਦੇ ਨਾਲ ਨਾਲ ਇਹ ਕਾਦਰ ਦੀ ਕੁਦਰਤ ਦੀ ਖ਼ੂਬਸੂਰਤੀ ਦੀਆਂ ਗੱਲਾਂ ਅਤੇ ਵਡਿਆਈਆਂ ਵੀ ਕਰਨ ਲੱਗੀ। ਇਸ ਰੰਗ ਨੂੰ ‘ਮਾਰਫ਼ਤੀ ਰੰਗ’ ਕਿਹਾ ਜਾਂਦਾ ਹੈ ਤੇ ਇਸ ਰੰਗ ਵਿੱਚ ਇਸ ਨੇ ਕਿਆ ਖ਼ਿਆਲ-ਉਡਾਰੀਆਂ ਲਾਈਆਂ। ਫਿਰ ਮਹਿਬੂਬ ਜਾਂ ਕਾਦਰ ਦੇ ਮਿਲਾਪ ਦੇ ਨਾਲ ਨਾਲ ਉਸਦੇ ਵਿਛੋੜੇ ਦੀ ਕਸਕ ਨੂੰ ਵੀ ਪਰਗਟ ਕਰਨ ਲੱਗੀ। ਇੱਥੇ ਆ ਕੇ ਗ਼ਜ਼ਲ ਆਪਣੀ ਪੂਰੀ ਜਵਾਨੀ ’ਤੇ ਸੀ ਤੇ ਇਸ ਦੌਰ ਵਿੱਚ ਆ ਕੇ ਬਹੁਤ ਹੀ ਬਾ-ਕਮਾਲ ਗ਼ਜ਼ਲਾਂ ਕਹੀਆਂ ਗਈਆਂ, ਜਿਨ੍ਹਾਂ ਦੇ ਸ਼ਿਅਰਾਂ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ।

ਗ਼ਜ਼ਲ ਇਸ ਮਰਹਲੇ ਨੂੰ ਵੀ ਆਪਣੀ ਮੰਜ਼ਿਲ ਸਮਝ ਕੇ ਇੱਥੇ ਹੀ ਨਹੀਂ ਰੁਕ ਗਈ, ਸਗੋਂ ਇਸ ਨੇ ਆਪਣੇ ਮਹਿਬੂਬ ਦੀ ਮੁਹੱਬਤ, ਮਿਲਾਪ, ਵਿਛੋੜੇ, ਬੇਰੁਖ਼ੀ, ਦੇ ਨਾਲ ਨਾਲ ਸਮਾਜਿਕ ਤੰਗੀਆਂ-ਤੁਰਸ਼ੀਆਂ , ਵਿਸੰਗਤੀਆਂ, ਸਮਾਜਿਕ ਤਰੁੱਟੀਆਂ ਅਤੇ ਨਾ-ਇਨਸਾਫ਼ੀਆਂ ਦਾ ਵੀ ਬਿਆਨ ਕਰਕੇ ਆਪਣੇ ਹਿਰਦੇ ਦੀ ਸੁਹਿਰਦਤਾ ਅਤੇ ਵਿਸ਼ਾਲਤਾ ਦਾ ਪ੍ਰੀਚੈ ਦਿੱਤਾ। ਇਸ ਰੂਪ ਵਿੱਚ ਗ਼ਜ਼ਲ ਅੱਜ ਕਾਵਿ-ਸੰਸਾਰ ਦੇ ਤਖ਼ਤ ’ਤੇ ਸਭ ਤੋਂ ਸੁੰਦਰ ਤੇ ਸਮਰੱਥ ਵਿਧਾ ਦੇ ਤੌਰ ’ਤੇ ‘ਤਖ਼ਤ-ਨਸ਼ੀਨ’ ਹੈ। ਪਰ ਸੁਬਕ-ਖ਼ਿਆਲੀ ਕਿਉਂਕਿ ਗ਼ਜ਼ਲ ਦੀ ਜਾਨ ਹੈ ਇਸ ਲਈ ਇਹ ਸਿੱਧੀ ਸਿਆਸੀ ਨਾਅਰੇਬਾਜ਼ੀ ਤੋਂ ਅੱਜ ਵੀ ਗੁਰੇਜ਼ ਕਰਦੀ ਹੈ। ਬਹਾਦਰੀ ਦੇ ਸਿੱਧਾ ਦਾਅਵਾ ਇਸ ਨੂੰ ਆਪਣੇ ਮੂੰਹੋਂ ਮੀਆਂ-ਮਿੱਠੂ ਬਣਨ ਵਰਗਾ ਕਰਮ ਲੱਗਦਾ ਹੈ। ਇਹ ਤਾਂ ਵੱਡੀ ਤੋ ਵੱਡੀ ਗੱਲ, ਵੱਡੇ ਤੋਂ ਵੱਡੇ ਰੋਸ, ਵੱਡੇ ਤੋਂ ਵੱਡੇ ਸਤਿਆਗ੍ਰਿਹ ਨੂੰ ਵੀ ਇੱਕ ਇਸ਼ਾਰੇ ਮਾਤਰ ਨਾਲ ਐਸੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਜਾਂਦੀ ਹੈ ਕਿ ਡਾਂਗਾਂ-ਸੋਟੇ ਅਤੇ ਬੰਬ-ਤੋਪਾਂ ਵੀ ਐਸੇ ਗਹਿਰੇ ਅਤੇ ਸਦੀਵੀ ਜ਼ਖ਼ਮ ਲਾਉਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਐਸੀ ਮਾਰ ਕਰ ਜਾਣ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਇਹ ਅਜੇ ਵੀ ਆਪਣੀ ਨਾਜ਼ੁਕ-ਖ਼ਿਆਲੀ ਨੂੰ ਸੀਨੇ ਨਾਲ ਲਾਈ ਬੈਠੀ ਹੈ ਤੇ ਇਹੋ ਹੀ ਇਸ ਦੇ ਜੀਵਨ ਦਾ ਸਰਮਾਇਆ ਹੈ। ਇਹੋ ਹੀ ਇਸ ਦੇ ਹਰਮਨ-ਪਿਆਰੀ ਹੋਣ ਦਾ ਰਾਜ਼ ਹੈ। ਘੱਟ ਬੋਲਣਾ (ਸੰਖੇਪਤਾ) ਅਤੇ ਸੁੰਦਰ ਬੋਲਣਾ ਇਸ ਦਾ ਮੀਰੀ ਗੁਣ ਹੈ। ਇਹ ਸਖ਼ਤ ਖ਼ਿਆਲ ਤਾਂ ਸ਼ਾਇਦ ਬਰਦਾਸ਼ਤ ਕਰ ਲਵੇ ਪਰ ਸਖ਼ਤ ਲਫ਼ਜ਼ ਇਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ। ‘ਤਨਜ਼’ ਗ਼ਜ਼ਲ ਦਾ ਮਨ-ਭਾਉਂਦਾ ਤੇ ਸਭ ਤੋਂ ਕਾਰਗਰ ਹਥਿਆਰ ਹੈ ਪਰ ਹਾਸ-ਰਸ ਦੇ ਨਾਮ ਤੇ ਮੋਟਾ-ਠੁੱਲ੍ਹਾ ਹਾਸਾ-ਠੱਠਾ ਇਸ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ। ਸਖ਼ਤ ਤੋਂ ਸਖ਼ਤ ਗੱਲ ਨੂੰ ਵੀ ਨਰਮ ਲਫ਼ਜ਼ਾਂ ਅਤੇ ਕੋਮਲ ਸ਼ਬਦਾਂ ਵਿੱਚ ਕਹਿ ਜਾਣਾ ਇਸ ਵਿੱਚ ਉਸਤਾਦੀ ਗੁਣ ਸਮਝਿਆ ਜਾਂਦਾ ਹੈ। ਗ਼ਜ਼ਲ ਬਾਰੇ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ-
‘ਅੱਖ ਦੇ ਇਸ਼ਾਰੇ ਨਾਲ ਗੱਲ ਕਰ ਗਈ,
ਕੁੜੀ ਪਟੋਲੇ ਵਰਗੀ।’

ਉਪਰੋਕਤ ਲੰਮੀ ਚਰਚਾ ਮੈਂ ਕੇਵਲ ਇਸ ਲਈ ਕੀਤੀ ਹੈ ਤਾਂ ਕਿ ਨਵੇਂ ਕਾਵਿ-ਸਿਖਿਆਰਥੀ ਚੰਗੀ ਤਰ੍ਹਾਂ ਸਮਝ ਜਾਣ ਕਿ ਕਵਿਤਾ, ਗੀਤ, ਵਾਰ ਅਤੇ ਗ਼ਜ਼ਲ ਆਦਿ ਸਿਨਫ਼ਾਂ ਕੀ ਹੁੰਦੀਆਂ ਹਨ? ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਮਾਨਤਾਵਾਂ ਹੁੰਦੀਆਂ ਹਨ ਤੇ ਕਿਹੜੇ ਕਿਹੜੇ ਵਖਰੇਵੇਂ ਹੁੰਦੇ ਹਨ, ਜਿਨ੍ਹਾਂ ਕਰਕੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਪਹਿਚਾਣਿਆਂ ਜਾ ਸਕਦਾ ਹੈ। ਇਹ ਪਹਿਚਾਣ ਹੋ ਜਾਣ ਤੋਂ ਮਗਰੋਂ ਕੋਈ ਸ਼ਾਇਰ ਗੀਤ, ਕਵਿਤਾ, ਖੁੱਲੀ ਕਵਿਤਾ ਅਤੇ ਵਾਰ ਉੱਤੇ ‘ਗ਼ਜ਼ਲ’ ਉਨਵਾਨ ਨਹੀਂ ਲਿਖੇਗਾ। ਘਟੋ ਘੱਟ ਮੈਂ ਤਾਂ ਇਸ ਹੀ ਆਸ ਨਾਲ ਇਹ ਲੇਖ ਖ਼ਤਮ ਕਰਦਾ ਹਾਂ।

-ਅਮਰਜੀਤ ਸਿੰਘ ਸੰਧੂ
=====================================================

ਸੰਪਾਦਕੀ ਨੋਟ-
ਉਪਰੋਕਤ ਲੇਖ ਵਿਚ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਕਵਿਤਾ ਦੇ ਵੱਖ-ਵੱਖ ਰੂਪਾਂ ਦੀ ਪਰਿਭਾਸ਼ਾ ਬਖੂਬੀ ਦਿੱਤੀ ਹੈ, ਜੋ ਨਵੇਂ ਕਵੀਆਂ ਅਤੇ ਪਾਠਕਾਂ ਨੂੰ ਕਵਿਤਾ ਦੇ ਇਨ੍ਹਾਂ ਰੂਪਾਂ ਨੂੰ ਸਮਝਣ ਵਿਚ ਬੇਹੱਦ ਸਹਾਈ ਹੋਣਗੀਆਂ। ਪੰਜਾਬੀ ਕਵਿਤਾ ਵਿਚ ਪ੍ਰਚਲਿੱਤ ਪ੍ਰਮੁੱਖ ਕਾਵਿ ਰੂਪਾਂ ਬਾਰੇ ਇਹ ਜਾਣਕਾਰੀ ਬਹੁਤ ਪ੍ਰੇਰਨਾਦਾਇਕ ਹੈ। ਸੰਧੂ ਹੁਰਾਂ ਮੁਤਾਬਿਕ (ਪੰਜਾਬੀ) ਕਾਵਿ ਤੇ ਉਪਰੋਕਤ ਰੂਪ ਹੀ ਕਾਵਿਕਤਾ ਦੀ ਹੱਦ ਵਿਚ ਆਉਂਦੇ ਹਨ, ਪਰੰਤੂ ਅੱਜ ਕੱਲ੍ਹ ਪ੍ਰਚਲਿੱਤ ਰੂਪਾਂ ਵਿਚੋਂ ਇਕ ਪ੍ਰਮੁੱਖ ਰੂਪ ‘ਖੁੱਲੀ ਕਵਿਤਾ’ ਦਾ ਵੀ ਹੈ। ਬਹੁਤ ਸਾਰੇ ਵਡੇਰੇ ਵਿਦਵਾਨਾਂ ਵਾਂਗ ਸੰਧੂ ਸਾਹਬ ਵੀ ਕਾਵਿਤਾ ਦੇ ਇਸ ਰੂਪ ਨੂੰ ਮਾਨਤਾ ਨਹੀਂ ਦਿੰਦੇ। ਇਹ ਵਿਸ਼ਾ ਸ਼ੁਰੂ ਤੋਂ ਬਹਿਸ ਦਾ ਮੁੱਦਾ ਰਿਹਾ ਹੈ। ਸੋ, ਅਸੀ ਸੰਧੂ ਹੁਰਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਲੇਖ ਤੋਂ ਵੱਖਰਾ ਇਕ ਨੋਟ ‘ਖੁੱਲੀ ਕਵਿਤਾ’ ਬਾਰੇ ਦੇ ਰਹੇ ਹਾਂ, ਤਾਂ ਜੋ ਪਾਠਕ ਖੁੱਲੀ ਕਵਿਤਾ ਬਾਰੇ ਵੀ ਲੋੜੀਂਦੀ ਜਾਣਕਾਰੀ ਹਾਸਿਲ ਕਰਨ ਸਕਣ। ਇਸ ਨੋਟ ਦਾ ਸੰਧੂ ਸਾਹਬ ਅਤੇ ਉਨ੍ਹਾਂ ਦੇ ਲੇਖ ਨਾਲ ਕੋਈ ਸੰਬੰਧ ਨਹੀਂ। ਇਹ ਸਾਡੇ ਨਿੱਜੀ ਵਿਚਾਰ ਹਨ। ਨਾ ਹੀ ਅਸੀ ਇਸ ਲੇਖ-ਲੜੀ ਵਿਚ ਇਸ ਵਿਸ਼ੇ ਤੇ ਕੋਈ ਬਹਿਸ ਸ਼ੁਰੂ ਕਰਨਾ ਚਾਹੁੰਦੇ ਹਾਂ, ਇਹ ਲੇਖ ਲੜੀ ਗ਼ਜ਼ਲ ਵਿਧਾ ‘ਤੇ ਆਧਾਰਿਤ ਹੈ ਅਤੇ ਇਸਦੀਆਂ ਅਗਲੀਆਂ ਕਿਸਤਾਂ ਵਿਚ ਸਿਰਫ ‘ਤੇ ਸਿਰਫ ਗ਼ਜ਼ਲ ਨਾਲ ਸੰਬੰਧਿਤ ਜਾਣਕਾਰੀ ਹੀ ਪ੍ਰਕਾਸ਼ਿਤ ਹੋਵੇਗੀ।

ਖੁੱਲੀ ਕਵਿਤਾ
ਉੱਪਰ ਜਿਵੇਂ ਕਿ ਸੰਧੂ ਹੁਰਾਂ ਨੇ ਦੱਸਿਆ ਹੈ ਕਿ ਕਵਿਤਾ ਜਾਂ ਨਜ਼ਮ ਨਿਰਧਾਰਿਤ ਛੰਦਾ ਜਾਂ  ਬਹਿਰ/ਵਜ਼ਨ ਵਿਚ ਲਿਖੀ ਜਾਂਦੀ ਹੈ। ਪੰਜਾਬ ਦੇ ਕਈ ਵੱਡੇ ਸ਼ਾਇਰਾਂ ਨੇ ਇਨ੍ਹਾਂ ਛੰਦਾ ਨੂੰ ਬਖੂਬੀ ਨਿਭਾਇਆ ਹੈ ਅਤੇ ਅੱਜ ਵੀ ਕਈ ਕਵੀ-ਸਾਹਿਬਾਨ ਕੁਝ ਖਾਸ ਛੰਦਾਂ (ਦੋਹਰੇ ਆਦਿ) ਵਿਚ ਕਵਿਤਾ ਲਿਖ ਰਹੇ ਹਨ।
ਲਫ਼ਜ਼ਾਂ ਦਾ ਪੁਲ ਦਾ ਮੰਨਣਾ ਹੈ ਕਿ ਉਪਰੋਕਤ ਸਿਨਫਾਂ ਦੇ ਨਾਲ ਹੀ ਇਸ ਦੌਰ ਵਿਚ ਖੁੱਲੀ ਕਵਿਤਾ ਦਾ ਹੀ ਅਹਿਮ ਸਥਾਨ ਹੈ। ਗ਼ਜ਼ਲ ਦੇ ਹਾਮੀ ਉਸਤਾਦ ਖੁੱਲੀ ਕਵਿਤਾ ਤੋਂ ਗੁਰੇਜ਼ ਕਰਦੇ ਹਨ, ਫਿਰ ਵੀ ਖੁੱਲੀ ਕਵਿਤਾ ਨੇ ਪੰਜਾਬੀ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਕਵਿਤਾ ਵਿਚ ਕਾਫ਼ੀਆਂ-ਰਦੀਫ਼ (ਤੁਕਾਂਤ) ਨਿਭਾਉਣੇ ਲਾਜ਼ਮੀ ਨਹੀਂ, ਯਾਨਿ ਸਤਰ ਦੇ ਅਖੀਰ ਵਿਚ ਆਉਣ ਵਾਲੇ ਅੱਖਰਾਂ ਨੂੰ ਮਿਲਾਉਣਾ ਜਰੂਰੀ ਨਹੀਂ, ਇਸ ਦੇ ਬਾਵਜੂਦ ਲੈਅ-ਤਾਲ ਵਿਚ ਲਿਖੀ ਕਵਿਤਾ ‘ਖੁੱਲੀ ਕਵਿਤਾ’ ਅਖਵਾਉਂਦੀ ਹੈ। ਇਹ ਖੁੱਲੀ ਕਵਿਤਾ ਦੀ ਹੁਣ ਤੱਕ ਪ੍ਰਚਲਿੱਤ ਪਰਿਭਾਸ਼ਾ ਹੈ। ਚਰਚਿਤ ਆਲੋਚਕ ਡਾ. ਗੁਰੂਮੇਲ ਸਿੱਧੂ ਆਪਣੀ ਕਿਤਾਬ ‘ਖੁੱਲੀ ਕਵਿਤਾ ਦੇ ਮਾਪਦੰਡ’ ਵਿਚ  ਉਪਰੋਕਤ ਪਰਿਭਾਸ਼ਾ ਨੂੰ ਅਧੂਰੀ ਮੰਨਦੇ ਹੋਏ, ਖੁੱਲੀ ਕਵਿਤਾ ਦੇ ਆਲਮੀ ਨਿਕਾਸ ਅਤੇ ਵਿਕਾਸ ਦੇ ਇਤਿਹਾਸ ਦੀ ਪੜ੍ਹਚੋਲ ਕਰਦਿਆਂ, ਇਸ ਦੀ ਪਰਿਭਾਸ਼ਾ ਇੰਝ ਦੱਸਦੇ ਹਨ।

“ਖੁੱਲੀ ਕਵਿਤਾ ਦੀ ਛੰਦਤਾ (ਛੰਦ-ਬੱਧਤਾ) ਸੰਖਿਆਵਾਦੀ ਰੀਤੀਆਂ ਤੋਂ ਮੁਕਤ ਤੋਲਬੱਧ ਸਤਰਾਂ ਦੇ ਸੰਗਠਨ ਦੀ ਵਿਉਂਤਬੰਦੀ ‘ਤੇ ਆਧਾਰਤ ਹੈ।”
(ਖੁੱਲੀ ਕਵਿਤਾ ਦੇ ਮਾਪਦੰਡ-ਪੰਨਾ 166)

ਯਾਨੀ ‘ਖੁੱਲੀ-ਕਵਿਤਾ’ ਦੀ ਹਰ ਇਕ ਸਤਰ ਸੁਤੰਤਰ ਤੌਰ ਤੇ ਇਕ ਤੋਲ (ਜੋ ਪ੍ਰਚਲਿੱਤ ਤੋਲਾਂ ਦੇ ਬਰਾਬਰ ਜਾਂ ਨੇੜੇ-ਤੇੜੇ ਹੁੰਦੇ ਹਨ) ਵਿਚ ਬੱਝੀ ਹੋਈ ਹੈ, ਪਰ ਪ੍ਰਚਲਿੱਤ ਗਿਣਤੀ ਆਧਾਰਿਤ ਛੰਦਾ ਦੀ ਪਰੰਪਰਾ ਤੋਂ ਮੁਕਤ ਹੈ। । ਇਨ੍ਹਾਂ ਵੱਖ-ਵੱਖ ਤੋਲਾਂ ਵਾਲੀਆਂ (ਤੋਲਬੱਧ) ਸਤਰਾਂ ਦਾ ਸੰਗਠਿਤ ਸਮੂਹ ਖੁੱਲੀ ਕਵਿਤਾ ਅਖਵਾਉਂਦਾ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਵਿਚ ‘ਖੁੱਲੀ ਕਵਿਤਾ’ ਦੀ ਨੀਂਹ ਰੱਖੀ, ਜਿਸ ਤੋਂ ਬਾਅਦ ਦੀਵਾਨ ਸਿੰਘ ਕਾਲੇਪਾਣੀ, ਡਾ. ਜਸਬੀਰ ਸਿੰਘ ਆਹਲੂਵਾਲੀਆ,  ਹਰਿਭਜਨ ਸਿੰਘ, ਰਵਿੰਦਰ ਰਵੀ, ਪ੍ਰੋ. ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਮੀਸ਼ਾ, ਜਗਤਾਰ ਨੇ ਵੀ ਬਾ-ਕਮਾਲ ਖੁੱਲੀਆਂ ਕਵਿਤਾਵਾਂ ਰਚੀਆਂ। ਅੱਜ ਦੇ ਦੌਰ ਵਿਚ ਡਾ. ਸੁਰਜੀਤ ਪਾਤਰ, ਮੋਹਨਜੀਤ, ਪ੍ਰਮਿੰਦਰਜੀਤ ਅਤੇ ਡਾ. ਗੁਰੂਮੇਲ ਸਿੱਧੂ ਵਰਗੇ ਵਿਦਵਾਨ ਕਵੀ ਵੀ ਇਸ ਵਿਧਾ ਵਿਚ ਲਿਖ ਰਹੇ ਹਨ। ਇਸ ਸੂਚੀ ਵਿਚ ਹੋਰ ਵੀ ਕਈ ਚਰਚਿਤ ਨਾਮ ਸ਼ਾਮਿਲ ਹਨ, ਜੋ ਨਵੀਂ ਪੀੜੀ ਤੱਕ ਅੱਪੜਦੇ ਹਨ।
-ਦੀਪ ਜਗਦੀਪ ਸਿੰਘ

Comments

16 responses to “ਆਓ ਗ਼ਜ਼ਲ ਲਿਖਣੀ ਸਿੱਖੀਏ-1”

 1. Anonymous Avatar
  Anonymous

  ਠੀਕ ਹੈ ਜੀ ਆਪ ਜੀ ਨੇ ਸਹੁਤ ਹੀ ਵਧੀਆ ਕੰਮ ਕੀਤਾ ਹੈ ਬਹੁਤ ਬਹੁਤ ਧੰਨਬਾਦ ਸੰਧੂ ਸਾਹਿਬ ਜੀ jugtar singh bhai rupa

 2. Anonymous Avatar
  Anonymous

  ਠੀਕ ਹੈ ਜੀ ਬਹੁਤ ਵਧਆ ਹੈ ਜੀ

 3. ਗੁਰਦੇਵ ਸਿੰਘ ਘਣਗਸ Avatar
  ਗੁਰਦੇਵ ਸਿੰਘ ਘਣਗਸ

  ਪੰਜਾਬੀ ਗਜ਼ਲ ਦੀ ਇੰਟਰਨੈਟ ਰਾਹੀਂ ਸਿਖਲਾਈ ਸਮੇਂ ਦੀ ਮੰਗ ਹੈ।
  ਜਨਾਬ ਸੰਧੂ ਦਾ ਲੇਖ ਮੈਂਨੂੰ ਬਹੁਤ ਦਿਲਚਸਪ ਲੱਗਿਆ ਹੈ,ਅਤੇ
  ਵਧਾਈ ਦਾ ਪਾਤਰ ਹੈ।

 4. punjabkaur25 Avatar

  Eh bahut wadhiya uprala hai, bahut kuj sikhan nu milega mainu is ton….dhanwaad

 5. جسوندر سنگھ JASWINDER SINGH Avatar

  ਵਾਹ ਵਾਹ .ਬਹੁਤ ਵਧੀਆ ਤਰੀਕਾ ਹੈ ਇਸ ਨਾਲ਼ ਮੇਰੇ ਵਰਗੇ ਗਜ਼ਲ ਦੇ ਰੂਪ ਤੋਂ ਅਣਜਾਣ ਨੂੰ ਵੀ ਗਜ਼ਲ ਬਾਰੇ ਸਮਝਣਾ ਬਹੁਤ ਸੌਖਾ ਹੋ ਜਾਵੇਗਾ । ਸੰਧੂ ਸਾਹਿਬ ਸ਼ਬਦ ਨਹੀਂ ਲਭਦੇ ਧੰਨਵਾਦ ਲਈ । ਲਫ਼ਜ਼ਾਂ ਦੇ ਪੁਲ਼ ਦਾ ਵੀ ਕੋਟਾਨ ਕੋਟ ਸ਼ੁਕਰਾਨਾ ਸ਼ਾਲਾ ਇਸ ਪੁਲ਼ ਸਾਡੇ ਸਭ ਵਿਚਕਾਰ ਇਹੋ ਜਿਹੀਆਂ ਅਨਮੋਲ ਦਾਤਾਂ ਸਾਂਝੀਆਂ ਕਰਨ ਲਈ ਸਦਾ ਬਣਿਆ ਰਹੇ

 6. Tarlok Judge Avatar

  "ਲਫਜਾਂ ਦਾ ਪੁਲ" ਬ੍ਲਾਗ ਲੜੀ ਤੇ ਮੈਨੂੰ ਜਨਾਬ ਅਮਰਜੀਤ ਸੰਧੂ ਹੋਰਾਂ ਦਾ ਗਜਲ ਤੇ ਹੋਰ ਕਾਵਿ ਰੂਪਾਂ ਬਾਰੇ ਲਿਖਿਆ ਲੇਖ ਬਹੁਤ ਹੀ ਸੁੰਦਰ ਲੱਗਿਆ ਹੈ ਜੋ ਮੈਂ ਦੋਸਤਾਂ ਦੇ ਧਿਆਨ ਵਿਚ ਲਿਆ ਕੇ ਇਸਨੂੰ ਪੜ੍ਹ ਕੇ ਗੌਰ ਕਰਨ ਦੀ ਬੇਨਤੀ ਕਰਦਾ ਹਾਂ. |

 7. premjit Avatar

  ਬਹੁਤ ਹੇ ਸੋਹਣਾ ਲੇਖ ਹੈ ਜੀ, ੧੦੦ ਵਾਟ ਦੇ ਬਲਬ ਵਾਂਗੂ ਇਕ ਦਮ ਬੱਤੀ ਜਗੀ, ਨਹੀ ਤਾ ਹੁਣ ਤਕ ਇਹੀ ਸਮਝਦੇ ਆ ਰਹੇ ਸੀ ਕੇ ਗ਼ਜ਼ਲ ਦਾ ਹਰ ਇਕ ਸ਼ੇਅਰ ਸੁਤੰਤਰ ਹੁੰਦਾ ਹੈ ਤੇ ਇਕ ਅਲਗ ਕਹਾਨੀ ਬਿਆਨ ਕਰਦਾ ਹੈ, ਸੋ ਗ਼ਜ਼ਲ ਲਿਖਣੀ ਸੌਖੀ ਹੋਵੇਗੀ, ਪਰ ਅੱਗੇ ਕਿੰਨੀਆਂ ਬਰੀਕੀਆਂ ਹਨ ਓਹਨਾ ਦਾ ਚਾਨਣ ਲੇਖ ਪੜ੍ਹ ਕੇ ਹੇ ਹੋਇਆ ਹੈ | ਹੋਰ ਵੀ ਵਧੀਆ ਹੋਵੇਗਾ ਜੇ ਅੱਗੇ ਹੋਰ ਵੀ ਵਿਸਥਾਰ ਵਿੱਚ ਜਾਣਕਾਰੀ ਮਿਲੇ |
  ਸੰਧੂ ਸਾਹਿਬ ਤੇ ਲਫਜਾਂ ਦਾ ਪੁਲ ਦਾ ਬਹੁਤ-ਬਹੁਤ ਧੰਨਵਾਦ
  ਦੀਪਕ ਜੈਤੋਈ ਸਾਹਿਬ ਦੀ ਗੱਲ ਨੂੰ ਸਚ ਕਰ ਦਿਖਾਇਆ …….
  "ਬਿਨਾ ਲਾਲਚੋਂ ਜਿਵੇ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ"

 8. surjit Avatar
  surjit

  Bahut hee vadhia ji !

 9. Anonymous Avatar
  Anonymous

  It is a very informative and valuable article. I am so thankful to Amarjit Sandhu and Lafazandapul. Congratulations!

 10. csmann Avatar

  bahut hi jaankaari bharpoor lekh,janaab sandhu saahib ji;umiid ki is sisile vich hor vi bahut sikhan da mauqa milega;shukriya,janaab

 11. gurpreet singh Avatar

  bahut vadhia sandhu saab, tuhada den nahi de sakde

 12. Jasvir singh grewal Avatar
  Jasvir singh grewal

  ਫੜ ਉਂਗਲ ਕਲਮ ਦੀ , ਉਹ ਤੁਰਨਾ ਸਿਖਾ ਗਏ
  ਲਾਅ ਖੰਬ ਅਲ਼ਫਾਜ਼ਾ ਦੇ ,ਉਹ ਉੱਡਣਾ ਸਿਖਾ ਗਏ
  ਕਰਾਂ ਸੱਜਦਾ ਦਿਨ ਰਾਂਤ, ਐ ਸੋਹਣੇ ਸੱਜਣ ਯਾਰ ਮੇਰੇ
  ਮੁੱਦਤਾ ਤੋਂ ਡੁੱਬੇ ਮੱਤ ਦੇ ,ਉਹ ਸੂਰਜ ਚੜ੍ਹਾ ਗਏ…ਜਸ ਗਰੇਵਾਲ

 13. Jasvir singh grewal Avatar
  Jasvir singh grewal

  ਤਹਿ ਦਿਲੋ ਧੰਨਵਾਦ ਸੰਧੂ ਸਾਬ ਅਰਦਾਸ ਜਿੰਦਗੀ ਦੀ ਵੱਗਦੀ ਲੋਅ ਅੰਦਰ ਸਦਾ ਖੁਸ਼ੀਆਂ, ਰਹਿਮਤਾ ਦੀ ਬਾਰਿਸ਼ ਦਾ ਅੰਨਦ ਮਾਣਦੇ ਰਹੋ…

 14. Unknown Avatar

  ਬਹੁਤ ਵਧੀਆ ਉਪਰਾਲਾ ਕੀਤਾ ਸੰਧੂ ਸਾਹਬ ਜੀ ਤੁਸੀਂ ਤਾਂ ਬੁਜਦੇ ਦਿਵੇਆਂ ਚ ਤੇਲ ਪਾਉਣ ਵਾਲੇ ਹੋ ਤੁਹਾਡੇ ਲਈ ਹਰਫ਼ ਨਹੀਂ ਬਿਆਨ ਹੁੰਦੇ ਆਪਦਾ ਸ਼ੁਕ੍ਰਗੁਜਾਰ ਹਾਂ ਜੀ
  ਰਮੇਸ਼ ਖੁਦਾਈ ਕਲਮ

 15. Unknown Avatar

  Bhuy sohna article

 16. ਰਿੰਕਾ Avatar

  This comment has been removed by the author.

Leave a Reply

This site uses Akismet to reduce spam. Learn how your comment data is processed.


Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com