ਪੰਜਾਬੀ ਪਿਆਰਿਓ ! ਲਫ਼ਜ਼ਾਂ ਦਾ ਪੁਲ ਦੀ ‘ਆਓ ਗ਼ਜ਼ਲ ਲਿਖਣੀ ਸਿੱਖੀਏ’ ਪਾਠ ਲੜੀ ਤਹਿਤ ਦੂਸਰਾ ਪਾਠ ਹਾਜ਼ਿਰ ਹੈ। ਇਹ ਪਾਠ ਪੜ੍ਹ ਕੇ ਤੁਹਾਡੇ ਮਨ ਵਿਚ ਜੋ ਵੀ ਸਵਾਲ, ਸ਼ੰਕੇ ਜਾਂ ਵਿਚਾਰ ਆਉਂਦੇ ਹਨ, ਉਹ ਤੁਸੀ ਲੇਖ ਦੇ ਹੇਠਾਂ ਟਿੱਪਣੀ (ਕੁਮੈਂਟ) ਦੇ ਰੂਪ ਵਿਚ ਲਿਖ ਸਕਦੇ ਹੋ। ਸਾਰੇ ਸਵਾਲ, ਸ਼ੰਕੇ ਅਤੇ ਵਿਚਾਰ ਅਮਰਜੀਤ ਸਿੰਘ ਸੰਧੂ ਹੁਰਾਂ ਤੱਕ ਪਹੁੰਚਾਏ ਜਾਣਗੇ ਅਤੇ ਉਨ੍ਹਾਂ ਦੇ ਜਵਾਬ ਅਗਲੇ ਲੇਖ ਦੇ ਨਾਲ ਪ੍ਰਕਾਸ਼ਿਤ ਕੀਤੇ ਜਾਣਗੇ। ਸੋ, ਸਿੱਖਣ ਅਤੇ ਸਿੱਖ ਕੇ ਲਿਖਣ ਦੀ ਸਾਡੀ ਇਸ ਪਹਿਲਕਦਮੀ ਵਿਚ ਸਾਡੇ ਨਾਲ ਕਦਮ ਮਿਲਾਓ, ਪੰਜਾਬੀ ਸਾਹਿਤ ਦਾ ਗੁਲਦਸਤਾ ਖੂਬਸੁਰਤ ਬਣਾਓ -ਲਫ਼ਜ਼ਾਂ ਦਾ ਸੇਵਾਦਾਰ
ਪਹਿਲੀ ਗੱਲ
ਪਿਆਰੇ ਗ਼ਜ਼ਲ ਸਿਖਿਆਰਥੀਓ ! ਗ਼ਜ਼ਲ ਲਿਖਣ ਸਬੰਧੀ ਪਹਿਲਾ ਪਾਠ ਪੜ੍ਹਨ ਤੋਂ ਪਹਿਲਾਂ ਤੁਹਾਡੇ ਜ਼ਿਹਨ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਦੁਨੀਆਂ ਦਾ ਹਰ ਹੁਨਰ ਸਾਧਨਾ ਮੰਗਦਾ ਹੈ।
ਸਖ਼ਤ ਮਿਹਨਤ ਬਿਨਾਂ ਕੋਈ ਵੀ ਹੁਨਰ ਹੱਥ ਨਹੀਂ ਆਉਂਦਾ। ਮਿਹਨਤ ਦਾ ਕੋਈ ਬਦਲ ਨਹੀਂ। ਮੈਂ ਚਾਹੇ ਕਿੰਨੇਂ ਵੀ ਦਾਅਵੇ ਕਰਦਾ ਫਿਰਾਂ ਕਿ ਮੈਂ ਸ਼ਾਇਰੀ ਦੇ ਨੁਕਤੇ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਂਦਾ ਹਾਂ ਪਰ ਸ਼ਾਇਰੀ ਤਾਂ ਫਿਰ ਵੀ ਸ਼ਾਇਰੀ ਹੈ ਨਾ, ਜਿਸ ਬਾਰੇ ਮਿਰਜ਼ਾ ਗ਼ਾਲਿਬ ਜਿਹੇ ਮਹਾਨ ਸ਼ਾਇਰ ਨੂੰ ਵੀ ਕਹਿਣਾ ਪਿਆ ਕਿ-
ਉਮਰ-ਭਰ ਕਾ ਹੈ ਤਜੁਰਬਾ ਅਪਨਾ,
ਸ਼ਾਇਰੀ ਉਮਰ-ਭਰ ਨਹੀਂ ਆਤੀ।
ਸੋ ਗ਼ਜ਼ਲ ਲਿਖਣੀ ਸਿਖਣ ਲੱਗਿਆਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਧਕ ਇਸ ਪ੍ਰਤੀ ਬੜਾ ਦ੍ਰਿੜ-ਸੰਕਲਪ ਰੱਖਦਾ ਹੋਵੇ, ਹਰ ਨੁਕਤੇ ਦੀ ਤਹਿ ਤੱਕ ਜਾਣ ਦੀ ਧੁਨ ਉਸਦੇ ਮਨ ਵਿੱਚ ਸਮਾਈ ਹੋਵੇ ਅਤੇ ਇਰਾਦਾ ਤਾਂ ਇੰਨਾਂ ਬੁਲੰਦ ਹੋਵੇ ਕਿ ‘ਮੁਸ਼ਕਿਲ’ ਲਫ਼ਜ਼ ਉਸਦੇ ਸ਼ਬਦ-ਭੰਡਾਰ ਵਿੱਚ ਹੋਵੇ ਹੀ ਨਾ। ਇਸ ਖੇਤਰ ਵਿੱਚ ਕਾਮਯਾਬੀ ਲਈ ਇਹ ਵੀ ਜ਼ਰੂਰੀ ਹੈ ਕਿ ਸੰਕੋਚ ਉਸਦੇ ਸੁਭਾਅ ਦਾ ਹਿੱਸਾ ਨਾ ਹੋਵੇ। ਜਿਸ ਗੱਲ ਦੀ ਉਸ ਨੂੰ ਸਮਝ ਨਾ ਆਵੇ ਉਹ ਹਰ ਕਿਸੇ ਤੋਂ (ਵਿਸ਼ੇਸ਼ ਤੌਰ ’ਤੇ ਮੇਰੇ ਤੋਂ) ਨਿਰਸੰਕੋਚ ਆਪਣੀ ਸ਼ੰਕਾ ਨਿਵਿਰਤ ਕਰਨ ਦਾ ਹੀਲਾ ਕਰੇ। ਇਹ ਲੇਖ-ਲੜੀ ਕੋਈ ਦਿਲਚਸਪ ਨਾਵਲ ਨਹੀਂ, ਇਹ ਤਾਂ ਸਖ਼ਤ ਸਾਧਨਾ ਦਾ ਮਾਰਗ ਹੈ-
ਜਿਨ ਢੂੰਡਾ ਤਿਨ ਪਾਇਆ, ਗਹਿਰੇ ਪਾਨੀ ਪੈਠ॥
ਮੈਂ ਬਪੁਰਾ ਬੂਡਨ ਡਰਾ, ਰਹਾ ਕਿਨਾਰੇ ਬੈਠ॥
ਦੂਜੀ ਗੱਲ
ਇਸ ਲੇਖ-ਲੜੀ ਨੂੰ ਇੱਕੋ ਸਿਟਿੰਗ ਵਿੱਚ ਪੜ੍ਹ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨਾ ਇਸ ਨੂੰ ਪੜ੍ਹ ਸਕਣਗੇ, ਨਾ ਸਮਝ ਸਕਣਗੇ। ਇਸ ਨੂੰ ਸਮਝਣ ਲਈ ਅਤੇ ਆਪਣੇ ਜ਼ਿਹਨ ਵਿੱਚ ਬਿਠਾ ਲੈਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਦੇ ਇਕ ਪਾਠ ਤੋਂ ਵੱਧ ਇਕ ਸਿਟਿੰਗ ਵਿੱਚ ਕਦੀ ਵੀ ਨਾ ਪੜ੍ਹਿਆ ਜਾਵੇ। ਜਦੋਂ ਬਹਿਰਾਂ ਦੀ ਗੱਲ ਚੱਲ ਰਹੀ ਹੋਵੇ ਤਾਂ ਇਕ ਉਪ-ਬਹਿਰ ਤੋਂ ਵੱਧ ਇਕ ਸਿਟਿੰਗ ਵਿੱਚ ਨਾ ਪੜ੍ਹੋ। ਪਰ ਜਿੰਨਾਂ ਪੜ੍ਹੋ, ਦਿਲ ਲਾ ਕੇ ਪੜ੍ਹੋ, ਉਸ ਨੂੰ ਆਪਣੇ ਜ਼ਿਹਨ ਵਿੱਚ ਵਸਾ ਲਉ ਤੇ ਉਸ ਦਾ ਲੰਮਾਂ ਅਭਿਆਸ ਕਰੋ। ਹਰ ਉਪ-ਬਹਿਰ ਵਿੱਚ ਘਟੋ-ਘਟ ਦੋ-ਤਿੰਨ ਗ਼ਜ਼ਲਾਂ (15-20 ਸ਼ਿਅਰ) ਜ਼ਰੂਰ ਲਿਖੋ ਤੇ ਫਿਰ ਅਗਲੀ ਉਪ-ਬਹਿਰ ਬਾਰੇ ਪੜ੍ਹੋ। ਸ਼ਾਇਰ ਤਾਂ ਤੁਹਾਨੂੰ ਤੁਹਾਡੀ ਆਪਣੀ ਸਾਧਨਾ ਅਤੇ ਅਭਿਆਸ ਨੇ ਬਨਾਉਣਾ ਹੈ, ਨਾ ਮੈਂ ਬਨਾਉਣਾ ਹੈ, ਨਾ ਮੇਰੀ ਇਸ ਲੇਖ-ਲੜੀ ਨੇ।
ਇਕ ਪਾਠ ਪੜ੍ਹਨ, ਸਮਝਣ ਅਤੇ ਉਸ ਅਨੁਸਾਰ ਅਭਿਆਸ ਕਰਨ ’ਤੇ ਘਟੋ-ਘਟ ਇਕ ਮਹੀਨਾ ਤਾਂ ਲੱਗਣਾ ਹੀ ਚਾਹੀਦਾ ਹੈ। ਇਉਂ ਤੁਸੀਂ ਦੋ-ਢਾਈ ਸਾਲਾਂ ਵਿੱਚ ਪਰਪੱਕ ਗ਼ਜ਼ਲਗੋ ਬਣ ਜਾਉ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ ਹੈ! ਉਂਜ ਜੋ ਮਿਰਜ਼ਾ ਗ਼ਾਲਿਬ ਕਹਿੰਦਾ ਹੈ, ਝੂਠ ਤਾਂ ਉਹ ਵੀ ਨਹੀਂ।
ਮਾਤਰਾ ਕੀ ਹੈ?
ਅਸੀਂ ਜੋ ਵੀ ਬੋਲਦੇ ਜਾਂ ਲਿਖਦੇ ਹਾਂ, ਉਸ ਦੀ ਛੋਟੀ ਤੋਂ ਛੋਟੀ ਇਕਾਈ ਇੱਕ ਮਾਤਰਾ ਹੈ। ਯਾਨੀ ਕਿ ਬੋਲਿਆ ਜਾਣ ਵਾਲਾ ਹਰ ‘ਅੱਖਰ’ ਇੱਕ ਮਾਤਰਾ ਹੈ ਤੇ ਉਸ ਨਾਲ ਜੇ ਕੋਈ ‘ਦੀਰਘ ਲਗ’ (ਲੰਬੀ-ਲਗ) ਵੀ ਲੱਗੀ ਹੋਈ ਤਾਂ ਉਹ ਦੂਸਰੀ ਮਾਤਰਾ ਹੋਵੇਗੀ। ਜਾਂ ਇਉਂ ਸਮਝ ਲਉ ਕਿ ਇੱਕ ਅੱਖਰ ਨੂੰ ਉਚਾਰਨ ਵਿੱਚ ਜਿੰਨਾਂ ਸਮਾਂ ਲੱਗਦਾ ਹੈ ਉਹ ਇੱਕ ਮਾਤਰਾ ਹੈ। ਜਿਵੇਂ ਲਫ਼ਜ਼ ‘ਕ’ ਇੱਕ ਮਾਤਰਾ ਹੈ। ‘ਕਰ’ ਦੀਆਂ ਦੋ ਮਾਤਰਾਵਾਂ ਹਨ, ‘ਕਰਨ’ ਦੀਆਂ ਤਿੰਨ, ‘ਕਰਦਾ’ ਦੀਆਂ ਚਾਰ ਅਤੇ ‘ਕਾਰੀਗਰ’ ਦੀਆਂ ਛੇ ਮਾਤਰਾਵਾਂ ਹਨ। ਪੰਜਾਬੀ ਵਿੱਚ ਕੁੱਲ ਲਗਾਂ- ‘ਕੰਨਾਂ (ਾ) ਸਿਹਾਰੀ(ਿ), ਬਿਹਾਰੀ (ੀ), ਔਂਕੜ(ੁ), ਦੁਲੈਂਕੜੇ (ੂ), ਲਾਂ (ੇ), ਦੁਲਾਵਾਂ (ੈ), ਹੋੜਾ (ੋ), ਕਨੌੜਾ (ੌ), ਬਿੰਦੀ (ਂ), ਟਿੱਪੀ(ੰ ) ਅਤੇ ਅੱਧਕ ‘(ੱ ) ਹਨ। ਇਹਨਾਂ ਵਿੱਚੋਂ ‘ਸਿਹਾਰੀ, ਔਂਕੜ ਅਤੇ ਬਿੰਦੀ’ ਲਘੂ ਲਗਾਂ (ਛੋਟੀਆਂ ਲਗਾਂ) ਹਨ, ਜਿਹਨਾਂ ਨੂੰ ਉਚਾਰਨ ਤੇ ਕੋਈ ਵੱਖਰਾ ਸਮਾਂ ਨਹੀਂ ਲੱਗਦਾ, ਇਹ ਲਗਾਂ ਜਿਸ ਅੱਖਰ ਨਾਲ ਲੱਗੀਆਂ ਹੁੰਦੀਆਂ ਹਨ, ਉਸੇ ਦੇ ਉਚਾਰਨ-ਸਮੇਂ ਵਿੱਚ ਇਹ ਵੀ ਉਚਾਰੀਆਂ ਜਾਂਦੀਆਂ ਹਨ, ਜਦ ਕਿ ਬਾਕੀ ਲਗਾਂ ਦੀਰਘ (ਲੰਮੀਆਂ) ਲਗਾਂ ਹਨ ਜਿਹਨਾਂ ਨੂੰ ਉਚਾਰਨ ਤੇ ਇੱਕ ਅੱਖਰ ਜਿੰਨਾਂ ਹੋਰ ਸਮਾਂ ਲੱਗ ਜਾਂਦਾ ਹੈ।
ਸਮਝਣ ਲਈ ‘ਕ’ ਬੋਲੋ। ਇਸ ਨੂੰ ਬੋਲਣ ਤੇ ਜਿੰਨਾਂ ਸਮਾਂ ਲੱਗਿਆ ਹੈ ਉਸ ਨੂੰ ਇੱਕ ਮਾਤਰਾ ਦਾ ਸਮਾਂ ਸਮਝ ਲਵੋ। ਹੁਣ ‘ਕਰ’ ਬੋਲੋ, ਇਸ ਨੂੰ ਬੋਲਣ ਤੇ ਸਮਾਂ ‘ਕ’ ਨਾਲੋਂ ਦੋ-ਗੁਣਾਂ ਲੱਗ ਗਿਆ, ਇਸ ਲਈ ‘ਕਰ’ ਦੋ ਮਾਤਰਾਵਾਂ ਵਾਲਾ ਲਫ਼ਜ਼ ਹੋ ਗਿਆ। ਹੁਣ ‘ਕੀ’ ਬੋਲੋ, ਇਸ ਤੇ ਵੀ ‘ਕ’ ਬੋਲਣ ਨਾਲੋਂ ਦੋ-ਗੁਣਾਂ ਸਮਾਂ ਲੱਗ ਗਿਆ ਜਦ ਕਿ ‘ਕਰ’ ਬੋਲਣ ਦੇ ਬਰਾਬਰ ਹੀ ਸਮਾਂ ਲੱਗਿਆ, ਇਸ ਲਈ ਇਹ ਵੀ ਦੋ ਮਾਤਰਾਵਾਂ ਵਾਲਾ ਲਫ਼ਜ਼ ਹੋ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ‘ਬਿਹਾਰੀ’ ਵੀ ਇੱਕ ਮਾਤਰਾ ਦੇ ਬਰਾਬਰ ਹੋਈ। ਯਾਨੀ ਕਿ ‘ਦੀਰਘ ਲਗ’ ਵੀ ਇੱਕ ‘ਅੱਖਰ’ ਜਾਂ ਇੱਕ ਮਾਤਰਾ ਦੇ ਬਰਾਬਰ ਹੀ ਗਿਣੀ ਜਾਵੇਗੀ।
ਹੁਣ ‘ਕਰਦ’ ਬੋਲੋ। ਇਸ ਨੂੰ ਬੋਲਣ ਤੇ ਤਿੰਨ ਮਾਤਰਾਵਾਂ ਜਿੰਨਾਂ ਸਮਾਂ ਲੱਗ ਗਿਆ। ਹੁਣ ‘ਕੁਰਦ’ ਅਤੇ ‘ਕਿਰਦ’ ਬੋਲੋ। ਇਹਨਾਂ ਨੂੰ ਬੋਲਣ ਤੇ ਵੀ ਤਿੰਨ-ਤਿੰਨ ਮਾਤਰਾਵਾਂ ਜਿੰਨਾਂ (‘ਕਰਦ’ ਜਿਨਾਂ) ਹੀ ਸਮਾਂ ਲੱਗਿਆ ਹੈ। ਭਾਵ ਕਿ ‘ਸਿਹਾਰੀ’ ਅਤੇ ‘ਔਂਕੜ’ ਨੂੰ ਉਚਾਰਨ ਵਾਸਤੇ ਕੋਈ ਵੱਖਰਾ ਸਮਾਂ ਨਹੀਂ ਲੱਗਿਆ। ‘ਬਿੰਦੀ’ ਵੀ ਜਿਸ ਲਗ ਨਾਲ ਲੱਗੀ ਹੋਵੇ, ਉਸ ਨੂੰ ਕੇਵਲ ਅਨੁਨਾਸਿਕ (ਨੱਕ ਵਿੱਚ ਬੋਲਣ ਵਾਲੀ) ਹੀ ਕਰਦੀ ਹੈ, ਉਚਾਰਨ ਵਾਸਤੇ ਕੋਈ ਵਾਧੂ ਸਮਾਂ ਨਹੀਂ ਮੰਗਦੀ। ਇਸੇ ਲਈ ਇਹਨਾਂ ‘ਲਘੂ-ਲਗਾਂ’ (ਛੋਟੀਆਂ-ਲਗਾਂ) ‘ਸਿਹਾਰੀ, ਔੰਕੜ ਅਤੇ ਬਿੰਦੀ’ ਨੂੰ ਮਾਤਰਾਵਾਂ ਗਿਣਦੇ ਸਮੇਂ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਈ ਜਾਵੇ।
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। 21 ਮਾਤਰਾਵਾਂ
ਪੂਰਨ ਹੋਇ ਚਿੱਤ ਕੀ ਇੱਛਾ॥ 16 ਮਾਤਰਾਵਾਂ
ਪਰ ‘ਅਰੂਜ਼’ ਅਨੁਸਾਰ ਕੇਵਲ ਮਾਤਰਾਵਾਂ ਹੀ ਨਹੀਂ ਗਿਣੀਆਂ ਜਾਂਦੀਆਂ ਸਗੋਂ ਮਾਤਰਾਵਾਂ ਦੀ ਤਰਤੀਬ ਵੀ ਵੇਖੀ ਜਾਂਦੀ ਹੈ। ਇਹ ਤਰਤੀਬ ਵੇਖਣ ਵਾਸਤੇ ਮਾਤਰਾਵਾਂ ਦੇ ਸਮੂਹ ਬਨਾਉਣੇ ਪੈਂਦੇ ਹਨ, ਜਿਨ੍ਹਾਂ ਨੂੰ ‘ਰੁਕਨ’ ਕਿਹਾ ਜਾਂਦਾ ਹੈ। ਭਾਵੇਂ ਕਿ ਕਿਸੇ ਸ਼ਿਅਰ ਦਾ ਵਜ਼ਨ ਪਰਖਣ ਵਾਸਤੇ ‘ਸਾਕਿਨ-ਮੁਤਹੱਰਕ ਅੱਖਰਾਂ’ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਪਰ ਅਸੀਂ ਹਾਲ ਦੀ ਘੜੀ ਕੇਵਲ ‘ਲਘੂ-ਗੁਰੂ’ ਨਾਲ ਹੀ ਵਜ਼ਨ ਪਰਖਣ ਦੀ ਵਿਧੀ ਬਾਰੇ ਗੱਲ ਕਰਾਂਗੇ ਤਾਂ ਕਿ ਸਿਖਿਆਰਥੀ ਛੇਤੀ ਤੋਂ ਛੇਤੀ ਗ਼ਜ਼ਲ ਲਿਖਣ ਦੇ ਕਾਬਿਲ ਹੋ ਜਾਣ।
ਹਾਂ, ਪਿੰਗਲ ਅਨੁਸਾਰ ਵੀ ਤੇ ਅਰੂਜ਼ ਅਨੁਸਾਰ ਵੀ ਅਸੀਂ ਇੱਕ ਇਕੱਲੀ ਮਾਤਰਾ ਨੂੰ ‘ਲਘੂ’ (ਛੋਟਾ) ਕਹਿੰਦੇ ਹਾਂ, ਜਿਸ ਦਾ ਨਿਸ਼ਾਨ (I) ਹੁੰਦਾ ਹੈ। ਜਦ ਕਿ ਦੋ ਮਾਤਰਾਵਾਂ ਦੇ ਜੋੜੇ ਨੂੰ ਅਸੀਂ ‘ਗੁਰੂ’ (ਵੱਡਾ) ਕਹਿੰਦੇ ਹਾਂ, ਜਿਸ ਦਾ ਨਿਸ਼ਾਨ (S) ਹੁੰਦਾ ਹੈ। ‘ਕ’, ‘ਬ’, ‘ਤ’, ‘ਮ’ ਆਦਿ ਸਾਰੇ ਇਕੱਲੇ ਅੱਖਰ ‘ਲਘੂ’ (I) ਹਨ, ਜਦ ਕਿ ‘ਕਰ’, ‘ਚਲ’, ‘ਕੀ’, ‘ਬੂ’, ‘ਤੇ’ ਆਦਿ ਸਭ ਸ਼ਬਦ ਗੁਰੂ (S) ਹਨ, ਕਿਉਂਕਿ ਇਹਨਾਂ ਦੀਆਂ ਮਾਤਰਾਵਾਂ ਦਾ ਜੋੜ 2 ਬਣਦਾ ਹੈ। ਇਵੇਂ ਹੀ ਹੇਠ ਲਿਖੇ ਸ਼ਬਦਾਂ ਦੀਆਂ ਮਾਤਰਾਵਾਂ ਦੀ ਚਾਲ, ਜੋੜ ਅਤੇ ਤਰਤੀਬ ਇਸ ਤਰ੍ਹਾਂ ਹੋਵੇਗੀ-
ਚਲ ਚ + ਲ 1+1 ਗੁਰੂ (S)
ਚੀਲ ਚੀ + ਲ 2+1 ਗੁਰੂ + ਲਘੂ (SI)
ਚਲੇ ਚ + ਲੇ 1+2 ਲਘੂ + ਗੁਰੂ (IS)
ਚਾਬੀ ਚਾ + ਬੀ 2+2 ਗੁਰੂ + ਗੁਰੂ (SS)
ਚਾਲਾਕ ਚਾ + ਲਾ + ਕ 2+2+1 ਗੁਰੂ + ਗੁਰੂ + ਲਘੂ (SSI)
ਬਰੀਕੀ ਬ + ਰੀ + ਕੀ 1+2+2 ਲਘੂ + ਗੁਰੂ +ਗੁਰੂ (ISS)
‘ਕਰਮ’ ਲਫ਼ਜ਼ ਨੂੰ ਉਚਾਰਦਿਆਂ ਜੇ ‘ਕਰ’ ਇਕੱਠਾ ਉਚਾਰਿਆ ਜਾਵੇਗਾ ਤਾਂ ਇਹ ‘ਗੁਰੂ’ ਬਣ ਜਾਵੇਗਾ ਅਤੇ ‘ਮ’ ਅਲੱਗ ਉਚਾਰਿਆ ਜਾਵੇਗਾ, ਸੋ ਇਹ ‘ਲਘੂ’ ਰਹਿ ਜਾਵੇਗਾ। ਇੱਥੇ ਇਸ ਲਫ਼ਜ਼ ਦਾ ਉਚਾਰਨ ‘ਕਰ + ਮ’ ਹੋਵੇਗਾ ਤੇ ਇਹ ‘ਗੁਰੂ + ਲਘੂ’ (2+1) (SI) ਦੇ ਵਜ਼ਨ ਵਿੱਚ ਆਵੇਗਾ। ਇਸ ਵਜ਼ਨ ਅਨੁਸਾਰ ਇਸ ਦੇ ਅਰਥ ‘ਕੰਮ, ਭਾਗ ਜਾਂ ਕਿਸਮਤ’ ਹੋਣਗੇ। ਪਰ ਜੇ ਇਸੇ ‘ਕਰਮ’ ਲਫ਼ਜ਼ ਦੇ ‘ਕ’ ਅੱਖਰ ਨੂੰ ਵੱਖਰਾ ਉਚਾਰਿਆ ਜਾਵੇਗਾ ਤਾਂ ਇਹ ‘ਕ’ ‘ਲਘੂ’ ਰਹਿ ਜਾਵੇਗਾ ਅਤੇ ਇਸ ਤੋਂ ਮਗਰੋਂ ਇਕੱਠੇ ਉਚਾਰੇ ਜਾਣ ਵਾਲੇ ਅੱਖਰ ‘ਰਮ’ ‘ਗੁਰੂ’ ਬਣ ਜਾਣਗੇ ਤੇ ਇਸ ਦਾ ਉਚਾਰਨ ‘ਕ + ਰਮ’ ਹੋਵਗਾ ਤੇ ਤਰਤੀਬ ਅਤੇ ਵਜ਼ਨ 1+2 (ਲਘੂ + ਗੁਰੂ) (IS) ਦਾ ਹੋਵੇਗਾ। ਇਸ ਤਰਤੀਬ ਵਿੱਚ ਉਚਾਰੇ ਜਾਣ ਵਾਲੇ ‘ਕ + ਰਮ’ ਲਫ਼ਜ਼ ਦੇ ਅਰਥ ‘ਉਰਦੂ ਵਿੱਚ ਮਿਹਰ, ਅਤੇ ਹਿੰਦੀ ਵਿੱਚ ਤਰਤੀਬ’ ਹੋਣਗੇ। ਇਉਂ ਇਹ ਵੀ ਸਾਬਤ ਹੋ ਗਿਆ ਕਿ ਵਜ਼ਨ ਦੀ ਤਰਤੀਬ ਬਦਲਣ ਨਾਲ ਬਹੁਤੀ ਵਾਰ ਲਫ਼ਜ਼ਾਂ ਦੇ ਅਰਥ ਵੀ ਬਦਲ ਜਾਂਦੇ ਹਨ ਤੇ ਇਸੇ ਲਈ ਲਫ਼ਜ਼ਾਂ ਨੂੰ ਸਹੀ ਵਜ਼ਨ (ਤਰਤੀਬ) ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
ਰੁਕਨ (ਗਣ) ਅੱਖਰਾਂ ਦੀਆਂ ਉਹ ਛੋਟੀਆਂ ਛੋਟੀਆਂ ਇਕਾਈਆਂ (ਗੁੱਟ) ਹਨ ਜਿਹਨਾਂ ਨੂੰ ਜੋੜ ਕੇ ਅਸੀਂ ਪੂਰੇ ਸ਼ਿਅਰ ਦੀ ਲੰਬਾਈ ਜਾਂ ਵਜ਼ਨ ਮਿਣ-ਤੋਲ ਸਕਦੇ ਹਾਂ। ‘S, SI, SS, ISI, ISS‘ ਆਦਿ ਕੁਝ ਰੁਕਨਾਂ ਦੇ ਵਜ਼ਨ ਹੀ ਹਨ ਜਿਹੜੇ ਕਿ ਤਰਤੀਬ ਵਾਰ ‘1+1=2, 2+1=3, 2+2=4, 1+2+1=4, 1+2+2 =5’ ਦੇ ਵਜ਼ਨ ਦੇ ਹਨ। ਆਪਾਂ ਸਭ ਤੋਂ ਪਹਿਲਾਂ 2+2=4 ਮਾਤਰਾਵਾਂ ਵਾਲੇ ‘SS’ ਵਜ਼ਨ ਦੇ ਰੁਕਨ ਦੀ ਗੱਲ ਕਰਾਂਗੇ ਤੇ ਇਸੇ ਪਾਠ ਵਿੱਚ ਹੀ ਤੁਹਾਨੂੰ ਇਸ ਰੁਕਨ ਵਾਲੀ ਬਹਿਰ ਵਿੱਚ ਗ਼ਜ਼ਲ ਲਿਖਣ ਦਾ ਅਭਿਆਸ ਵੀ ਕਰਵਾਂਗੇ।
ਦਿਲਬਰ (ਦਿਲ=2 + ਬਰ=2) =4
ਕੀਰਤ (ਕੀ=2 + ਰਤ=2)=4
ਕਰਤਾ (ਕਰ=2 + ਤਾ=2)=4
ਇਸੇ ਤਰ੍ਹਾਂ ਇੱਕ ਰੁਕਨ ਹੈ ‘ਫ਼ੇ’। ਇਹ ਕੇਵਲ ਦੋ ਮਾਤਰਾਵਾਂ ਦਾ ਰੁਕਨ ਹੈ ਤੇ ਇਹਨਾਂ ਦੋ ਮਾਤਰਾਵਾਂ ਵਿੱਚ ਦੋਵੇਂ ਅੱਖਰ ਵੀ ਹੋ ਸਕਦੇ ਹਨ ਤੇ ਇੱਕ ਅੱਖਰ ਜਮ੍ਹਾਂ ਇੱਕ ਲਗ ਵੀ। ਇਸ ਵਜ਼ਨ ਦੇ ਕੁਝ ਹੋਰ ਲਫ਼ਜ਼ ਇਹ ਹੋ ਸਕਦੇ ਹਨ- ‘ਤੇ, ਬਸ, ਚਲ, ਜੀ, ਰੂ, ਓ’ ਆਦਿ। ਇਸ ਦੀ ਨਿਸ਼ਾਨੀ ਗੁਰੂ (S) ਹੈ ਜਦ ਕਿ ‘ਫ਼ੇਲੁਨ’ ਦੀ ਨਿਸ਼ਾਨੀ (SS) ਹੈ।
‘ਫ਼ੇਲੁਨ’ ਰੁਕਨ ਵਾਲੀਆਂ ਬਹਿਰਾਂ ਵਿੱਚ ਕੁਝ ਕੁ ਛੋਟਾਂ ਵੀ ਹਨ ਪਰ ਛੋਟਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ।
ਅਭਿਆਸ
ਕਿਉਂ ਡਾਢੇ ਤੋਂ ਡਰਦਾ ਹੈਂ ?
ਡਰਦਾ ਹਰ-ਹਰ ਕਰਦਾ ਹੈਂ।
ਇਸ ਸ਼ਿਅਰ ਦੀ ‘ਤਕਤੀਹ’ (ਵਜ਼ਨ ਦੀ ਪੜਤਾਲ) ਇਸ ਤਰ੍ਹਾਂ ਹੋਵੇਗੀ-
(ਤਕਤੀਹ ਕਰਦੇ ਸਮੇਂ ਅਸੀਂ ਗੁਰੂ (S) ਦੇ ਹੇਠਾਂ ਦੋ ਮਾਤਰਾਵਾਂ ਵਾਲੇ ਅੱਖਰ ਲਿਖਾਂਗੇ ਅਤੇ ਲਘੂ (I) ਦੇ ਹੇਠਾਂ ਇੱਕ ਮਾਤਰਾ ਵਾਲਾ ਅੱਖਰ ਲਿਖਾਂਗੇ ਤੇ ਪਰਖਾਂਗੇ ਕਿ ਕੀ ਹੇਠਾਂ ਲਿਖਿਆ ਗਿਆ ਸ਼ਿਅਰ ਬਹਿਰ ਦੇ ਰੁਕਨਾਂ ਦੇ ਬਰਾਬਰ ਦਾ ਬਣਿਆ ਹੈ ਕਿ ਨਹੀਂ।)
2 + 2 2 + 2 2 + 2 2
ਕਿਉਂ ਡਾ ਢੇ ਤੋਂ ਡਰ ਦਾ ਹੈਂ
ਫ਼ੇ – ਲੁਨ ਫ਼ੇ – ਲੁਨ ਫ਼ੇ – ਲੁਨ ਫ਼ੇ
2 + 2 2 + 2 2 + 2 2
ਡਰ ਦਾ ਹਰ ਹਰ ਕਰ ਦਾ ਹੈਂ
ਉਪਰੋਕਤ ਮਿਸਰੇ (ਤੁਕ) ਨਾਲ ਮਿਲਦੀ ਬਹਿਰ ਵਿੱਚ ਕੁਝ ਹੋਰ ਸ਼ਿਅਰ ਸਿਖਿਆਰਥੀਆਂ ਦੀ ਰਹਿਨੁਮਾਈ ਵਾਸਤੇ ਛਾਪੇ ਜਾ ਰਹੇ ਹਨ। ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਪ ਵੀ ਇਹੋ ਜਿਹੇ ਸ਼ਿਅਰ ਲਿਖਣ ਦੀ ਕੋਸ਼ਿਸ਼ ਕਰੋ।
ਸੱਚ ਕਹਿਣ ਤੋਂ ਡਰਦਾ ਹੈਂ। ਕਿਉਂ ਡਾਢੇ ਤੋਂ ਡਰਦਾ ਹੈਂ।
ਤਾਂ ਹੀ ਦੁਖੜੇ ਜਰਦਾ ਹੈਂ। ਉਸ ਦਾ ਪਾਣੀ ਭਰਦਾ ਹੈਂ।
ਹੱਥੀਂ ਤੋਰੇ ਸੱਜਣ ਤੂੰ, ਯਾਰਾਂ ਤੋਂ ਕੁਝ ਪੁੱਛੇਂ ਨਾ,
ਹੁਣ ਕਿਉਂ ਹੌਕੇ ਭਰਦਾ ਹੈਂ। ਆਪ-ਮੁਹਾਰੀ ਕਰਦਾ ਹੈਂ।
ਸਿੱਖ ਸਲੀਕਾ ਜੀਵਨ ਦਾ, ਓਹੀ ਤੈਨੂੰ ਮਾਰਨ ਗੇ,
ਬੇ-ਮਕਸਦ ਕਿਉਂ ਮਰਦਾ ਹੈਂ। ਜਿੰਨ੍ਹਾਂ ‘ਤੇ ਤੂੰ ਮਰਦਾ ਹੈਂ।
ਜਨਾਬ ਦੇਸ ਰਾਜ ‘ਜੀਤ’ ਜਨਕ ਰਾਜ ‘ਜਨਕ’
ਜ਼ਰੂਰੀ ਨੋਟ
Leave a Reply