ਰੁਕਨਾਂ ਬਾਰੇ ਹੋਰ ਵਿਸਥਾਰ
ਪਿਛਲੇ ਪਾਠ ਵਿੱਚ ਆਪਾਂ ਕੇਵਲ ਦੋ ਰੁਕਨਾਂ ‘ਫ਼ੇ’ ਅਤੇ ‘ਫ਼ੇਲੁਨ’ ਬਾਰੇ ਹੀ ਵਿਚਾਰ ਕੀਤੀ ਸੀ। ਇਸ ਪਾਠ ਵਿੱਚ ਅਸੀਂ ਰੁਕਨਾਂ ਬਾਰੇ ਜ਼ਰਾ ਹੋਰ ਵਿਸਥਾਰ ਵਿੱਚ ਗੱਲ ਕਰਾਂਗੇ।
ਮਾਤਰਾਵਾਂ ਦੇ ਛੋਟੇ-ਵੱਡੇ ਸਮੂਹਾਂ ਨੂੰ ‘ਰੁਕਨ’ ਕਿਹਾ ਜਾਂਦਾ ਹੈ। ਇਹਨਾਂ ਨਾਲ ਕਿਸੇ ਸ਼ਿਅਰ ਦੇ ਵਜ਼ਨ (ਲੰਬਾਈ) ਨੂੰ ਮਿਣਿਆ ਜਾ ਸਕਦਾ ਹੈ। ਜਿਵੇਂ ਕਿਸੇ ਵਸਤੂ ਦਾ ਵਜ਼ਨ ਮਿਣਨ ਵਾਸਤੇ ਸਾਡੇ ਕੋਲ ਇੱਕ ਕਿਲੋ, ਦੋ ਕਿਲੋ, ਪੰਜ ਕਿਲੋ ਜਾਂ ਦਸ ਕਿਲੋ ਦੇ ਵੱਟੇ ਹੁੰਦੇ ਹਨ, ਇਸੇ ਤਰ੍ਹਾਂ ਸ਼ਿਅਰ ਦਾ ਵਜ਼ਨ ਮਿਣਨ ਵਾਸਤੇ ਵੀ ਸਾਡੇ ਕੋਲ ਕੁਝ ਵੱਟੇ (ਰੁਕਨ) ਹਨ, ਜਿਨ੍ਹਾਂ ਦੇ ਨਾਮ ਅਤੇ ਵਜ਼ਨ ਹੇਠ ਲਿਖੇ ਅਨੁਸਾਰ ਹਨ। ਯਾਦ ਰਹੇ ਕਿ ਅਰੂਜ਼ ਦੇ ਰਚਨਹਾਰਿਆਂ ਨੇ ਹਰ ਰੁਕਨ ਦਾ ਨਾਮ ਵੀ ਉਤਨੀਆਂ ਮਾਤਰਾਵਾਂ ਦਾ ਹੀ ਬਣਾਇਆ ਹੈ, ਜਿੰਨੀਆਂ ਮਾਤਰਾਵਾਂ ਦੇ ਵੱਟੇ ਦੇ ਤੌਰ ‘ਤੇ ਉਸ ਨੂੰ ਵਰਤਿਆ ਜਾਂਦਾ ਹੈ ਅਤੇ ਰੁਕਨ ਦੇ ਨਾਮ ਵਿੱਚ ਵੀ ਮਾਤਰਾਵਾਂ ਦੀ ਤਰਤੀਬ ਉਸੇ ਤਰ੍ਹਾਂ ਹੀ ਮਿਥੀ ਗਈ ਹੈ ਜਿਸ ਤਰ੍ਹਾਂ ਕਿ ਉਸ ਰੁਕਨ ਦੀਆਂ ਮਾਤਰਾਵਾਂ ਦੀ ਹੋਣੀ ਨਿਸ਼ਚਿਤ ਕੀਤੀ ਗਈ ਹੈ। ਹੇਠ ਲਿਖੀ ਸੂਚੀ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ।
ਇਹ ਕੁਝ ਕੁ ਰੁਕਨ ਹਨ ਜਿਹਨਾਂ ਨਾਲ ਕਾਫ਼ੀ ਸਾਰੀਆਂ ਬਹਿਰਾਂ ਬਣ ਜਾਂਦੀਆਂ ਹਨ ਅਤੇ ਬਹੁਤੇ ਸ਼ਾਇਰ ਇਹਨਾਂ ਹੀ ਰੁਕਨਾਂ ਦੀ ਵਰਤੋਂ ਕਰਕੇ ਗ਼ਜ਼ਲਾਂ ਲਿਖਦੇ ਹਨ। ਉਂਜ ਇਹਨਾਂ ਤੋਂ ਅੱਗੇ ਹੋਰ ਵੀ ਬਹੁਤ ਸਾਰੇ ਰੁਕਨ ਹਨ, ਜਿਹਨਾਂ ਨੂੰ ਸਮਝਣ ਵਾਸਤੇ ‘ਸਾਕਿਨ-ਮੁਤਹੱਰਕ’ ਅੱਖਰਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਉਹਨਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ।
ਉਪਰੋਕਤ ਸੂਚੀ ਅਨੁਸਾਰ ਸਾਡੇ ਪਾਸ ਇੱਕ ਮਾਤਰਾ ਤੋਂ ਲੈ ਕੇ ਸੱਤ ਮਾਤਰਾਵਾਂ ਤੱਕ ਦੇ ਰੁਕਨ (ਵੱਟੇ) ਪ੍ਰਾਪਤ ਹਨ, ਜਿਹਨਾਂ ਨੂੰ ਜੋੜ ਕੇ ਅਸੀਂ ਕਿਸੇ ਸ਼ਿਅਰ ਦੇ ਇੱਕ ਮਿਸਰੇ (ਤੁਕ) ਦੀ ਲੰਬਾਈ ਮਿਣ ਸਕਦੇ ਹਾਂ। ਜਿਵੇਂ ਸੱਤ ਕਿਲੋ ਭਾਰ ਤੋਲਣ ਵਾਸਤੇ ਸਾਡੇ ਕੋਲ ਦੋ-ਦੋ ਕਿਲੋ ਦੇ ਤਿੰਨ ਵੱਟੇ ਅਤੇ ਇੱਕ ਕਿਲੋ ਦਾ ਇੱਕ ਵੱਟਾ ਹੋਣਾ ਚਾਹੀਦਾ ਹੈ, ਇਸੇ ਤਰ੍ਹਾਂ ਹੀ 14 ਮਾਤਰਾਵਾਂ ਜਾਂ ‘7 ਗੁਰੂ’ ਵਾਲੇ ਮਿਸਰੇ ਦੀ ਲੰਬਾਈ ਮਿਣਨ ਵਾਸਤੇ ਸਾਡੇ ਕੋਲ ਦੋ-ਦੋ ਗੁਰੂਆਂ ਵਾਲੇ ਤਿੰਨ ਰੁਕਨ ਅਤੇ ਇੱਕ ਗੁਰੂ ਵਾਲਾ ਇੱਕ ਰੁਕਨ ਹੋਣਾ ਚਾਹੀਦਾ ਹੈ। ਦੋ ਗੁਰੂਆਂ ਵਾਲਾ ਰੁਕਨ ਸਾਡੇ ਕੋਲ ‘ਫ਼ੇਲੁਨ’ ਹੈ ਅਤੇ ਇੱਕ ਗੁਰੂ ਵਾਲਾ ਰੁਕਨ ‘ਫ਼ੇ’ ਹੈ। ਇੰਜ-
‘‘ਫ਼ੇਲੁਨ + ਫ਼ੇਲੁਨ + ਫ਼ੇਲੁਨ + ਫ਼ੇ” 7 ਗੁਰੂ ਜਾਂ 14 ਮਾਤਰਾਵਾਂ ਦਾ ਮਿਸਰਾ ਬਣ ਜਾਵੇਗਾ। ਪਿਛਲੇ ਪਾਠ ਵਿੱਚ ਜੋ ‘ਮਿਸਰਾ-ਤਰਹ’ ਦਿੱਤਾ ਸੀ ਉਹ ਇਸੇ ਹੀ ਵਜ਼ਨ ਵਿੱਚ ਸੀ। ਯਾਦ ਰਹੇ ਕਿ, ਉਹ ਮਿਸਰਾ (ਤੁਕ) ਜਿਸ ਦੇ ਵਜ਼ਨ ਅਤੇ ਕਾਫ਼ੀਆ-ਰਦੀਫ਼ ਅਨੁਸਾਰ ਹੋਰ ਸ਼ਿਅਰ ਲਿਖਣ ਵਾਸਤੇ ਕਿਹਾ ਜਾਵੇ, ਉਸ ਨੂੰ ‘ਮਿਸਰਾ-ਤਰਹ’ ਜਾਂ ਪੰਜਾਬੀ ਵਿੱਚ ‘ਸਮੱਸਿਆ’ ਕਹਿੰਦੇ ਹਨ।
ਇਸ ਤੋਂ ਪਹਿਲਾਂ ਕਿ ਅਭਿਆਸ ਵਾਸਤੇ ਹੋਰ ਮਿਸਰਾ-ਤਰਹ ਦਿੱਤਾ ਜਾਵੇ, ਠੀਕ ਇਹ ਰਹੇਗਾ ਕਿ ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਜਿਹੜੀਆਂ ਕੁਝ ਛੋਟਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਨਿਯਮਾਂ ਦੀ ਗੱਲ ਕਰ ਲਈ ਜਾਵੇ ਤਾਂ ਕਿ ਸਿਖਿਆਰਥੀ ਮਿਸਰੇ ਦੀਆਂ ਸਹੀ ਮਾਤਰਾਵਾਂ ਦੀ ਗਿਣਤੀ ਕਰਨ ਵਿੱਚ ਕੋਈ ਟਪਲਾ ਨਾ ਖਾਣ।
ਮਾਤਰਾਵਾਂ ਦੀ ਗਿਣਤੀ ਵਿਚ ਛੋਟਾਂ ਦੇ ਨਿਯਮ
(ਇਹ ਪਾਠ ਪੜ੍ਹਦਿਆਂ ਇਹ ਗੱਲ ਦਿਮਾਗ਼ ਵਿਚ ਚੰਗੀ ਤਰ੍ਹਾਂ ਬਿਠਾ ਰੱਖਣੀ ਚਾਹੀਦੀ ਹੈ ਕਿ ਇਹ ਛੋਟਾਂ ਲੋੜ ਪੈਣ ‘ਤੇ ਹੀ ਲੈਣੀਆਂ ਹਨ। ਉਂਜ ਇਨ੍ਹਾਂ ਤੋਂ ਬਿਨ੍ਹਾਂ ਗੁਜ਼ਾਰਾ ਹੋ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ।)
ਆਮ ਬੋਲ-ਚਾਲ ਸਮੇਂ ਅਸੀਂ ਕੁਝ ਅੱਖਰਾਂ (ਇੱਥੇ ਅੱਖਰ ਦਾ ਭਾਵ ਅੱਖਰ ਤੋਂ ਵੀ ਹੈ ਤੇ ਲਗ ਤੋਂ ਵੀ) ਨੂੰ ਉਚਾਰਦੇ ਹੋਏ ਥੋੜ੍ਹਾ ਦਬਾ ਜਾਂਦੇ ਹਾਂ, ਉਹਨਾਂ ਅੱਖਰਾਂ ਦਾ ਉਚਾਰਨ ਬਾਕੀ ਅੱਖਰਾਂ ਵਾਂਗ ਪੂਰਾ ਜ਼ੋਰ ਦੇ ਕੇ ਨਹੀਂ ਕਰਦੇ। ਐਸੇ ਅੱਖਰਾਂ ਨੂੰ ਅਰੂਜ਼ ਅਨੁਸਾਰ ਗਿਣਤੀ ਕਰਦੇ ਸਮੇਂ ਛੱਡ ਦਿੱਤੇ ਜਾਣ ਦੀ ਇਜਾਜ਼ਤ ਹੈ। ਇਸ ਨੂੰ ‘ਅੱਖਰ ਦਬਾ ਦੇਣਾ’, ‘ਅੱਖਰ ਉਡਾ ਦੇਣਾ’ ਜਾਂ ‘ਅੱਖਰ ਗਿਰਾ ਦੇਣਾ’ ਕਹਿੰਦੇ ਹਨ। ਗਿਣਤੀ ਵਿੱਚੋਂ ਛੱਡੀਆਂ ਜਾਣ ਵਾਲੀਆਂ ਆਮ ਤੌਰ ‘ਤੇ ਲਗਾਂ ਹੀ ਹੁੰਦੀਆਂ ਹਨ ਪਰ ਫਿਰ ਵੀ ਕਈ ਹਾਲਤਾਂ ਵਿੱਚ ਅਸੀਂ ਕੁਝ ਅੱਖਰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕਰਦੇ ਹਾਂ। ਜਿਵੇਂ ਕਿ-
(ਇਕ) ਪਿਆਰ ਦਾ ਮਸਲਾ
ਹਿੰਦੀ ਭਾਸ਼ਾ ਵਿੱਚ ਲਿਖਦੇ ਸਮੇਂ ਜੇ ਕਿਸੇ ਲਫ਼ਜ਼ ਦਾ ਪਹਿਲਾ ਅੱਖਰ ਅੱਧਾ ਪੈਂਦਾ ਹੋਵੇ ਤਾਂ ਉਸ ਅੱਧੇ ਅੱਖਰ ਨੂੰ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਜਿਵੇਂ ਪਿਆਰ (ਘਥਚ) ਵਿੱਚੋਂ ਅੱਧਾ ਪੱਪਾ ਛੱਡ ਕੇ ਉਸ ਨੂੰ ਕੇਵਲ ‘ਆਰ’ ਦੇ ਵਜ਼ਨ ਦਾ ਲਫ਼ਜ਼ ਹੀ ਸਮਝਿਆ ਜਾਂਦਾ ਹੈ ਤੇ ਇਸ ਨੂੰ ਤਿੰਨ ਮਾਤਰਾਵਾਂ ਦੇ ਰੁਕਨ ‘ਫ਼ੇਲ’ ( 9) ਬਰਾਬਰ ਹੀ ਗਿਣਿਆ ਜਾਂਦਾ ਹੈ। ਉਂਜ ਇਸ ‘ਆਰ’ ਨੂੰ ਅਸੀਂ ਇਸੇ ਦੇ ਹਮ-ਵਜ਼ਨ ਲਫ਼ਜ਼ ‘ਪਾਰ’ ਵਿੱਚ ਬਦਲ ਕੇ ਤਕਤੀਹ ਕਰਦੇ ਹਾਂ। ਜਾਂ ਇਉਂ ਸਮਝ ਲਉ ਕਿ ‘ਪਿਯਾਰ’ ਦੇ ਅੱਧੇ ਅੱਖਰ ‘ਪ’ ਤੋਂ ਮਗਰਲੇ ‘ਯ’ ਨੂੰ ਗਿਣਤੀ ਵਿੱਚੋਂ ਖ਼ਾਰਜ਼ ਕਰ ਦਿੰਦੇ ਹਾਂ। ਤੇ ਬਾਕੀ ‘ਪਾਰ’ ਰਹਿ ਜਾਂਦਾ ਹੈ। ਇਹ ਗੱਲ ਜ਼ਿਆਦੀ ਠੀਕ ਰਹੇਗੀ।
ਮਿੱਤਰ ਪਿਆਰੇ ਇਸ ਤੋਂ ਵੀ ਵੱਧ ਫ਼ਸਲੀ ਨੇ,
ਐਂਵੇਂ ਹੀ ਬਦਨਾਮ ਬਟੇਰਾ ਹੋਇਆ ਹੈ। (ਸਵ· ਅਜੀਤ ਕੁਮਾਰ)
ਇਸ ਸ਼ਿਅਰ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-
ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ
S S S S S S S S S S S
ਮਿੱ ਤਰ ਪਾ ਰੇ ਇਸ ਤੋਂ ਵੀ ਵਧ ਫ਼ਸ ਲੀ ਨੇ
ਐਂ ਵੇਂ ਹੀ ਬਦ ਨਾ ਮ ਬ ਟੇ ਰਾ ਹੋ ਯਾ ਹੈ
ਇਸ ਸ਼ਿਅਰ ਦੀ ਤਕਤੀਹ ਕਰਦਿਆਂ ‘ਹੋਇਆ’ ਨੂੰ ‘ਹੋਯਾ’ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।
ਅਸੂਲੀ ਤੌਰ ‘ਤੇ ਹੀ ਨਹੀਂ ਪ੍ਰੈਕਟੀਕਲੀ ਵੀ ‘ਧਿਆਨ, ਗਿਆਨ, ਤਿਆਗ’ (ਧਯਾਨ, ਗਯਾਨ, ਤਯਾਗ)ਆਦਿ ਲਫ਼ਜ਼ ਵੀ ਉਪਰੋਕਤ-ਮੱਦ ਅਧੀਨ ਹੀ ਆਉਂਦੇ ਹਨ ਅਤੇ ਇਹਨਾਂ ਦਾ ‘ਯ’ ਵੀ ਗਿਣਤੀ ਤੋਂ ਬਾਹਰ ਰੱਖਣਾ ਚਾਹੀਦਾ ਹੈ। ਬਲਕਿ ‘ਸਵਾਮੀ ਅਤੇ ਸਵਾਂਗ’ ਦਾ ‘ਵ’ ਵੀ ਇਸੇ ਤਰ੍ਹਾਂ ਗਿਣਤੀ ਤੋਂ ਬਾਹਰ ਰਹਿਣਾ ਚਾਹੀਦਾ ਹੈ ਤੇ ਇਹੋ ਜਿਹੇ ਕੁਝ ਹੋਰ ਲਫ਼ਜ਼ਾਂ ਨੂੰ ਵੀ ਇਸੇ ਮੱਦ ਅਧੀਨ ਹੀ ਸਮਝਣਾ ਚਾਹੀਦਾ ਹੈ। ਅਸਲ ਵਿੱਚ ਅਸੀਂ ਉਹਨਾਂ ਲਫ਼ਜ਼ਾਂ ਨੂੰ ਉਚਾਰਦੇ ਇਸੇ ਮੱਦ ਅਧੀਨ ਆਉਂਦੇ ਲਫ਼ਜ਼ਾਂ ਵਾਂਗ ਹੀ ਹਾਂ। ਭਾਵੇਂ ਕੁਝ ਵਿਦਵਾਨ ਮੇਰੇ ਇਸ ਕਥਨ ਨਾਲ ਸਹਿਮਤ ਨਾ ਵੀ ਹੋਣ ਪਰ ਸਾਹਿਤ ਦਾ ਮੁਤਾਲਿਆ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰਾਂ ਨੇ ਇਹਨਾਂ ਲਫ਼ਜ਼ਾਂ ਨੂੰ ਵੀ ‘ਗ੍ਹਾਨ, ਧ੍ਹਾਨ, ਤ੍ਹਾਗ, ਸ੍ਵਾਮੀ ਅਤੇ ਸ੍ਵਾਂਗ’ ਦੇ ਵਜ਼ਨ ‘ਤੇ ਹੀ ਨਜ਼ਮ ਕੀਤਾ ਹੈ ਅਤੇ ਠੀਕ ਕੀਤਾ ਹੈ। ਪਰ ਇਸ ਬਾਰੇ ਵਿਸਥਾਰਤ ਬਹਿਸ ਆਪਾਂ ਕਿਸੇ
ਅਗਲੇ ਪਾਠ ਵਿੱਚ ਕਰਾਂਗੇ।
(ਦੋ) ਆਹ! ਵਿਚਾਰੇ ‘ਅ’ ਤੇ ‘ਹ’-
ਇਸੇ ਤਰ੍ਹਾਂ ਜੇ ਕਿਸੇ ਲਫ਼ਜ਼ ਦੇ ਅੰਤ ਤੇ ‘ਅ’ ਜਾਂ ‘ਹ’ ਅੱਖਰ ਮੁਕਤੇ (ਬਿਨਾਂ ਲਗ ਦੇ) ਦੇ ਤੌਰ ‘ਤੇ ਆਉਂਦੇ ਹੋਣ ਤਾਂ ਇਹ ਅੱਖਰ ਲੋੜ ਅਨੁਸਾਰ ਗਿਣਤੀ ਵਿੱਚੋਂ ਖ਼ਾਰਿਜ਼ ਕੀਤੇ ਜਾ ਸਕਦੇ ਹਨ। ਜਿਵੇਂ- ਚਾਹ, ਰਾਹ, ਉਪਾਅ, ਅਤੇ ਚਾਅ ਆਦਿ ਲਫ਼ਜ਼ਾਂ ਵਿੱਚਲੇ ਅਖ਼ੀਰਲੇ ‘ਹ’ ਅਤੇ ‘ਅ’ ਅੱਖਰ ਗਿਣਤੀ ਵਿੱਚੋਂ ਛੱਡੇ ਵੀ ਜਾ ਸਕਦੇ ਹਨ।
ਜਿਵੇਂ-
ਅਸੀਂ ਵੀ ਰਾਹ ‘ਚ ਬੈਠੇ ਹਾਂ, ਅਸੀਂ ਵੀ ਕਤਲ ਹੋਵਾਂਗੇ,
ਅਸਾਂ ਸੁਣਿਐਂ ਕਿ ਉਹਨਾਂ ਨੇ ਇਧਰ ਦੀ ਲੰਘਣਾ ਤਾਂ ਹੈ।
(ਅਮਰਜੀਤ ਸਿੰਘ ਸੰਧੂ)
ਇਸ ਸ਼ਿਅਰ ਵਿਚਲੇ ‘ਰਾਹ’ ਦਾ ‘ਹ’ ਗਿਰਾ ਦਿੱਤਾ ਜਾਵੇਗਾ ਅਤੇ ਇਸ ਤਕਤੀਹ ਇਸ ਤਰ੍ਹਾਂ ਹੋਵੇਗੀ-
ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ
I S S S I S S S I S S S I S S S
ਅ ਸੀਂ ਵੀ ਰਾ ਚ ਬੈ ਠੇ ਹਾਂ ਅ ਸੀਂ ਵੀ ਕਤ ਲ ਹੋ ਵਾਂ ਗੇ
ਅ ਸਾਂ ਸੁਣਿ ਐਂ ਕਿ ਉਹ ਨਾਂ ਨੇ ਇ ਧਰ ਦੀ ਲੰ ਘ ਣਾ ਤਾਂ ਹੈ
ਇੱਕ ਹੋਰ ਸ਼ਿਅਰ ਦੇਖੋ-
ਰਿਹਾ ਮੈਂ ਕਹਿੰਦਾ, ਨਾ ਤੂੰ ਸ਼ਿਕਰਿਆਂ ਨੂੰ ਯਾਰ ਬਣਾ,
ਸੁਭਾਅ ਇਹਨਾਂ ਦਾ ਹੈ, ਬਣਦੇ ਕਿਸੇ ਦੇ ਯਾਰ ਨਹੀਂ। (ਗੁਰਦਿਆਲ ਪੰਜਾਬੀ)
ਇਸ ਸ਼ਿਅਰ ਵਿਚਲੇ ਲਫ਼ਜ਼ ‘ਸੁਭਾਅ’ ਦਾ ‘ਅ’ ਗਿਣਤੀ ਵਿੱਚੋਂ ਖ਼ਾਰਿਜ਼ ਕਰ ਦਿੱਤਾ ਜਾਵੇਗਾ। ਇਸ ਤੀ ਤਕਤੀਹ ਇਸ ਤਰ੍ਹਾਂ ਹੋਵੇਗੀ-
ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਫ਼ੇ ਲੁਨ
I S S S I S S S I S S S S S
ਰਿ ਹਾ ਮੈਂ ਕਹਿੰ ਦ ਨਾ ਤੂੰ ਸ਼ਿਕ ਰਿ ਆਂ ਨੂੰ ਯਾ ਰ ਬ ਣਾ
ਸੁ ਭਾ ਇਹ ਨਾਂ ਦ ਹੈ ਬਣ ਦੇ ਕਿ ਸੇ ਦੇ ਯਾ ਰ ਨ ਹੀਂ
(ਤਿੰਨ) ਮੁਕਤਾ ਗਿਣਤੀ ਤੋਂ ਵੀ ਮੁਕਤ-
ਜੇ ਕਿਸੇ ਮਿਸਰੇ (ਤੁਕ) ਦੇ ਅਖ਼ੀਰ ਵਿੱਚ ਕੋਈ ਵੀ ਮੁਕਤਾ ਅੱਖਰ ਆਉਂਦਾ ਹੋਵੇ ਤਾਂ ਜ਼ਰੂਰਤ ਅਨੁਸਾਰ ਉਸ ਨੂੰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਜਿਵੇਂ-
ਕਿਸ ਚਿਹਰੇ ‘ਚੋਂ ਲੱਭਾਂ ਹੁਣ ਮੈਂ ਆਪਣਾ ਰੂਪ,
ਹਰ ਚਿਹਰਾ ਆਪੇ ਤੋਂ ਬਾਹਰ ਲਗਦਾ ਹੈ। (ਅੰਜੁਮ ਕਾਦਰੀ)
ਇਸ ਸ਼ਿਅਰ ਦਾ ਵਜ਼ਨ ‘ਪੰਜ ਫ਼ੇਲੁਨ ਅਤੇ ਇੱਕ ਫ਼ੇ’ ਯਾਨੀ ਕਿ ਸਾਢੇ ਪੰਜ ਫ਼ੇਲੁਨ ਦਾ ਹੈ, ਪਰ ਤਕਤੀਹ ਕਰਨ ‘ਤੇ ਪਤਾ ਚੱਲਦਾ ਹੈ ਕਿ ਪਹਿਲੇ ਮਿਸਰੇ ਦੇ ਲਫ਼ਜ਼ ‘ਰੂਪ’ ਦਾ ‘ਪ’ ਵਜ਼ਨ ਤੋਂ ਵਾਧੂ ਹੈ। ਪਰ ਕਿਉਂਕਿ ਇਹ (ਪ) ਮਿਸਰੇ ਦੇ ਅਖ਼ੀਰ ਵਿੱਚ ਆਇਆ ਹੈ ਅਤੇ ਇਹ ਮੁਕਤਾ ਅੱਖਰ ਹੈ, (ਮੁਕਤਾ ਅੱਖਰ ਉਸ ਅੱਖਰ ਨੂੰ ਕਹਿੰਦੇ ਹਨ ਜਿਸ ਨੂੰ ਕੋਈ ਲਗ ਨਾ ਲੱਗੀ ਹੋਵੇ, ਯਾਨੀ ਕਿ ਲਗ ਤੋਂ ਮੁਕਤ ਹੋਵੇ।) ਇਸ ਲਈ ਇਸ ਨੂੰ ਜਾਇਜ਼ ਤੌਰ ‘ਤੇ ਗਿਰਾਇਆ ਜਾ ਸਕਦਾ ਹੈ। ਤਕਤੀਹ ਕਰਕੇ ਵੇਖੋ-
ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ
S S S S S S S S S S S
ਕਿਸ ਚਿਹ ਰੇ ਚੋਂ ਲੱ ਭਾਂ ਹੁਣ ਮੈਂ ਅਪ ਣਾ ਰੂ (ਪ)
ਹਰ ਚਿਹ ਰਾ ਆ ਪੇ ਤੋਂ ਬਾ ਹਰ ਲਗ ਦਾ ਹੈ
ਇਹ ਪਾਠ ਅੱਗੇ ਵੀ ਜਾਰੀ ਹੈ,
ਅਗਲੇ ਹਿੱਸੇ ਵਿਚ ਜਾਣਾਂਗੇ ‘ਲਗਾਂ ਨੂੰ ਖਾਰਜ ਕਰਨ ਦੇ ਨਿਯਮ’
Leave a Reply