ਆਹ ! ਕਹਾਣੀਕਾਰ ਤਲਵਿੰਦਰ ਸਿੰਘ ਨੂੰ ਯਾਦ ਕਰਦਿਆਂ !

ਸ਼ਿਵ ਕੁਮਾਰ ਬਟਾਲਵੀ ਨੇ ਇਕ ਵਾਰ ਬੀ. ਬੀ. ਸੀ. ਦੀ ਉਰਦੂ ਸਰਵਿਸ ਤੋਂ ਇਕ ਮੁਲਾਕਾਤ ਦੇ ਦੌਰਾਨ ਕਿਹਾ ਸੀ ਕਿ ਜਿਹੜਾ ਵੀ ਸੰਵੇਦਨਸ਼ੀਲ ਵਿਅਕਤੀ ਹੋਵੇਗਾ, ਉਹ ਇਸੇ ਤਰ੍ਹਾਂ ਹੌਲੀ-ਹੌਲੀ ਮਰ ਰਿਹਾ ਹੋਵੇਗਾ, ਸਲੋ-ਸਲੋ ਡੈਥ। ਉਸ ਦੌਰ ਨੂੰ ਦੇਖਦਿਆਂ ਤਾਂ ਨਹਿਰੂ ਦਾ ਜੋ ਮਾਡਲ ਹੈ, ਨਹਿਰੂ ਦਾ ਜੋ ਸੋਸ਼ੋ ਇਕਨਾਮਿਕ ਫਿਨੋਮਨਾ ਹੈ, ਉਹ ਫੇਲ੍ਹ ਹੋ ਰਿਹਾ ਹੈ। ਔਰ ਜੋ ਮਿਡਲ ਕਲਾਸ ਹੈ, ਉਸ ਦਾ ਮੋਹ ਭੰਗ ਹੋ ਰਿਹਾ ਹੈ। ਮੱਧ ਵਰਗ ਦਾ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। 

Punjabi Writer Talwinder Singh
Punjabi Writer Talwinder Singh
ਪੰਜਾਬੀ ਲੇਖਕ ਤਲਵਿੰਦਰ ਸਿੰਘ
ਬਾਵਾ ਬਲਵੰਤ ਦੀ ਸ਼ਾਇਰੀ ਦੇਖ ਲਓ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦੇਖ ਲਓ, ਗੁਰਦਾਸ ਰਾਮ ਆਲਮ ਦੀ ਸ਼ਾਇਰੀ ਦੇਖ ਲਓ, ਮਰ ਰਿਹਾ ਹੈ ਸੰਵੇਦਨਸ਼ੀਲ ਵਿਅਕਤੀ। ਸ਼ਿਵ ਕੁਮਾਰ ਉਸ ਵੇਲੇ ਜੋ ਲਿਖ ਰਿਹਾ ਹੈ- ‘ਕਿਹੜਾ ਏਨਾ ਦਮਾ ਦਿਆਂ ਲੋਭੀਆਂ ਦੇ ਦਰਾਂ ‘ਤੇ, ਵਾਂਗ ਖੜ੍ਹਾ ਜੋਗੀਆਂ ਰਵੇ, ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ‘ਚ ਬਿਰਹੋਂ ਦੀ ਰੜਕ ਪਵੇ, ਆਖ ਸੁ ਨੀਂ ਮਾਏ ਏਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀਂ, ਜੱਗ ਕਿਤੇ ਸੁਣ ਨਾ ਲਵੇ, ਮਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸ਼ਰੀਕੜਾ ਨੀਂ, ਗੀਤਾਂ ਨੂੰ ਚੰਦਰਾ ਕਹੇ!’ ਹੁਣ ਇਹ ਜੋ ਸ਼ਾਇਰ ਦਾ ਦਰਦ ਹੈ, ਇਹ ਸਮੇਂ ‘ਤੇ ਚੋਟ ਹੈ। ਇਹ ਸਮਾਜ ਦਾ ਵਿਸ਼ਲੇਸ਼ਣ ਹੈ। ਸ਼ਿਵ ਦੇ ਨਾਲ ਇਕ ਦੁਖਾਂਤ ਵਾਪਰਿਆ ਹੈ, ਸ਼ਿਵ ਨੂੰ ਸਮਝਿਆ ਹੀ ਨਹੀਂ ਗਿਆ, ਸ਼ਿਵ ਨੂੰ ਬਿਰਹਾ ਦਾ, ਮੁਹੱਬਤ ਦਾ, ਪਿਆਰ ਦਾ, ਵਿਯੋਗ ਦਾ, ਦੁੱਖ ਦਾ ਸ਼ਾਇਰ ਹੀ ਬਣਾ ਕੇ ਰੱਖ ਦਿੱਤਾ ਗਿਆ, ਪ੍ਰੰਤੂ ਸ਼ਿਵ ਦੀ ਗਹਿਰੀ ਜੋ ਸ਼ਾਇਰਾਨਾ ਅੱਖ ਹੈ, ਉਹ ਇਸ ਦੇ ਸੋਸ਼ੋ-ਇਕਨਾਮਿਕ, ਸੋਸ਼ੋ-ਪੋਲੀਟਿਕਲ, ਸੋਸ਼ੋ-ਕਲਚਰਲ ਸਾਰੇ ਵਿਹਾਰਾਂ ਨੂੰ ਦੇਖ ਰਹੀ ਹੈ। ਜਵਾਹਰ ਲਾਲ ਨਹਿਰੂ ਦਾ ਮਾਡਲ ਫੇਲ੍ਹ ਹੋ ਰਿਹਾ ਹੈ, ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ ਤਾਂ ਸ਼ਿਵ ਦਮਾਂ ਦਿਆਂ ਲੋਭੀਆਂ ਦੇ ਦਰਾਂ ‘ਤੇ ਖੜ੍ਹੇ ਹੋਣ ਤੋਂ ਇਨਕਾਰੀ ਹੋ ਰਿਹਾ ਹੈ। ਇਹ ਗੱਲਾਂ ਯਾਦ ਆਉਣੀਆਂ ਅੱਜ ਸੁਭਾਵਿਕ ਇਸ ਲਈ ਨੇ, ਕਿਉਂਕਿ ਅੱਜ ਫਿਰ ਇਕ ਸੰਵੇਦਨਸ਼ੀਲ ਲੇਖਕ, ਇਕ ਸੰਵੇਦਨਸ਼ੀਲ ਅੱਖ ਨਮ ਹੋਈ ਹੈ। ਅੱਜ ਇਕ ਫਿਰ ਸੰਵੇਦਨਸ਼ੀਲ ਰੂਹ ਤਲਵਿੰਦਰ ਸਿੰਘ ਦੇ ਰੂਪ ਵਿੱਚ ਸਾਡੇ ਕੋਲੋਂ ਵਿਛੜ ਗਈ ਹੈ। ਤਲਵਿੰਦਰ ਸਿੰਘ ਦਾ ਪਿਛਲੇ ਦਿਨੀਂ ਹੌਲਨਾਕ ਹਾਦਸੇ ਵਿੱਚ ਸਾਡੇ ਤੋਂ ਵਿੱਛੜ ਜਾਣਾ, ਮਾਤਰ ਇਕ ਹਾਦਸਾ ਨਹੀਂ ਹੈ। ਇਸ ਦਾ ਗਹਿਰਾਈ ਨਾਲ ਚਿੰਤਨ ਕਰੀਏ ਤਾਂ ਵਿਚਾਰ ਫਿਰ ਉਹੀ ਹੈ ਕਿ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਸਿਸਟਮ ਉਸ ਨੂੰ ਹੌਲੀ-ਹੌਲੀ ਕਿਲ ਕਰ ਰਿਹਾ ਹੈ, ਸਲੋ-ਸਲੋ ਡੈਥ।

ਪੰਜਾਬ ਨੇ ਸੰਤਾਪ ਹੰਢਾਇਆ। 70ਵਿਆਂ ਤੋਂ 90ਵਿਆਂ ਦੇ ਦਹਾਕੇ 20 ਵਰ੍ਹੇ। ਤਲਵਿੰਦਰ ਸਿੰਘ ਦੀ ਅੱਖ ਇਨ੍ਹਾਂ 20 ਵਰ੍ਹਿਆਂ ‘ਤੇ ਟਿਕੀ ਹੋਈ ਹੈ, ਉਸ ਦੀਆਂ ਕਹਾਣੀਆਂ ‘ਚ ਪੰਜਾਬ ਦਾ ਕਰੈਕਟਰ ਜੋ ਹੈ, ਪੰਜਾਬ ਦਾ ਆਮ ਆਦਮੀ ਜੋ ਹੈ, ਪੰਜਾਬ ਦਾ ਸੰਵੇਦਨਸ਼ੀਲ ਮਨ ਜੋ ਹੈ, ਪੰਜਾਬ ਦੀ ਗਹਿਰੀ ਅੱਖ ਜੋ ਹੈ, ਉਹ ਝਾਕ ਰਹੀ ਹੈ, ਉਹ ਝਲਕ ਰਹੀ ਹੈ। ਇਨ੍ਹਾਂ 20 ਵਰ੍ਹਿਆਂ ‘ਚ ਜੋ ਅਸੀਂ ਗਵਾਇਆ ਹੈ, ਜਿਸ ਸਟੈਗਨੇਸ਼ਨ ਦਾ ਸਾਡੀਆਂ ਦੋ ਪੀੜ੍ਹੀਆਂ ਸ਼ਿਕਾਰ ਹੋਈਆਂ, ਜਿਸ ਮਾਹੌਲ ਨੇ ਸਾਡੇ ਕਲਚਰਲ ਬੀਹੇਵੀਅਰ ਨੂੰ ਕਿਲ ਕੀਤਾ। ਤਲਵਿੰਦਰ ਨੇ ਆਪਣੇ ਨਾਵਲ ‘ਯੋਧੇ’ ਵਿੱਚ ਪੇਸ਼ ਕੀਤਾ ਹੈ। ਮਨੁੱਖਤਾ ਲਈ ਲੜ ਰਹੇ ਯੋਧਿਆਂ ਨੂੰ ਤਲਵਿੰਦਰ ਨੇ ਨਾਇਕਤਵ ਤੋਂ ਮੁਕਤ ਕਰਵਾ ਕੇ ਇਕ ਵਿਸ਼ਲੇਸ਼ਣੀ ਅੱਖ ਨਾਲ ਚਿਤਰਿਆ ਹੈ। ਪੰਜਾਬੀ ਸਾਹਿਤ ਦਾ ਦੁਖਾਂਤ ਦੇਖੋ ਕਿ ਅਸੀਂ ਅੱਜ ਵੀ ਨਾਇਕਤਵ ਦੀ ਸੂਰਮ ਗਤੀ ਵਿੱਚ ਫ਼ਸੇ ਹੋਏ ਹਾਂ। ਅਸੀਂ ਅੱਜ ਵੀ ਸੂਰਮਿਆਂ ਦੀਆਂ ਗਾਥਾਵਾਂ ਬਾਰੇ ਨਾਵਲ ਲਿਖ ਰਹੇ ਹਾਂ। ਸਪੈਨਿਸ਼ ਨਾਵਲਕਾਰ ਸਰਵਨਤਿਸ ਦਾ ਬਹੁਤ ਹੀ ਮਹੱਤਵਪੂਰਨ ਨਾਵਲ ਜੋ 13ਵੀਂ ਸਦੀ ਵਿੱਚ ਲਿਖਿਆ ਗਿਆ, ਉਹ ‘ਦੋਨ ਕਿਉ ਹੋਤੇ ਹੈ’ ਇਹ ਨਾਵਲ ਸੂਰਮ ਗਤੀ ਦੀਆਂ ਗਾਥਾਵਾਂ ‘ਤੇ ਕਰਾਰਾ ਵਿਅੰਗ ਹੈ। ਨਾਇਕਤਵ ਦੀਆਂ ਗਥਾਵਾਂ ‘ਤੇ ਟੇਢੀ ਲਕੀਰ ਹੈ ਪਰ ਪੰਜਾਬੀ ਨਾਵਲ ਅੱਜ ਉਨ੍ਹਾਂ ਗਾਥਾਵਾਂ ਨੂੰ, ਉਨ੍ਹਾਂ ਨਾਇਕਾਂ ਨੂੰ ਸੂਰਮ ਗਤੀ ਦੇ ਕਿੱਸਿਆਂ ‘ਚ ਢਾਲ-ਢਾਲ ਕੇ ਲਿਖ ਰਿਹਾ ਹੈ ਕਿ ਅਸੀਂ 10 ਕੁ ਸਦੀਆਂ ਪਿਛਾਂਹ ਨਹੀਂ ਚਲੇ ਗਏ, ਇਹ ਸਵਾਲ ਬਣਿਆ ਹੋਇਆ ਹੈ? ਪਰ ਤਲਵਿੰਦਰ ਆਪਣੇ ਪੂਰੇ ਸਾਹਿਤ ਵਿੱਚ ਇਸ ਗੱਲ ਤੋਂ ਬਚਿਆ ਹੈ। ਇਸ ਕਿੱਸਾਗੋਈ ਤੋਂ ਬਚਿਆ ਹੈ।

ਤਲਵਿੰਦਰ ਦੇ ਜੋ ਪਾਤਰ ਨੇ, ਤਲਵਿੰਦਰ ਦੇ ਗਲਪ ਵਿੱਚ ਜੋ ਘਟਨਾਵਾਂ ਨੇ, ਤਲਵਿੰਦਰ ਦੇ ਗਲਪ ਵਿੱਚੋਂ ਜੋ ਵਿਚਾਰ ਉਪਜ ਰਹੇ ਨੇ, ਤਲਵਿੰਦਰ ਦੀ ਗਹਿਰੀ ਲੇਖਣੀ ਦੀ ਗਵਾਹੀ ਸਨ ਉਹ। ਤਲਵਿੰਦਰ ‘ਵਿਚਲੀ ਔਰਤ’ ਨਾਲ ਪੰਜਾਬੀ ਕਹਾਣੀ ਦੇ ਸਿਖ਼ਰ ‘ਤੇ ਪਹੁੰਚਿਆ ਸੀ। ਔਰਤ ਮਨ ਦੀਆਂ ਏਨੀਆਂ ਗਹਿਰੀਆਂ ਪਰਤਾਂ ਸ਼ਾਇਦ ਹੀ ਕਿਸੇ ਲੇਖਕ ਨੇ ਪਹਿਲਾਂ ਫਰੋਲੀਆਂ ਹੋਣ। ਪ੍ਰੇਮ ਪ੍ਰਕਾਸ਼ ਨੂੰ ਅਰਧ ਨਾਰੀਸ਼ਵਰ ਚੇਤਨਾ ਦਾ ਕਹਾਣੀਕਾਰ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ ਪ੍ਰੇਮ ਪ੍ਰਕਾਸ਼ ਵੀ ‘ਡੈਡ ਲਾਈਨ’ ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀ ਕੰਸੀਵ ਕਰਨ ਦੀ ਪ੍ਰਵਿਰਤੀ ਤੋਂ ਉਕ ਜਾਂਦਾ ਹੈ, ਉਹ ਉਸ ਦੀ ਮਨੋ ਅਵਸਥਾ ਵਿੱਚ ਓਨਾ ਗਹਿਰਾ ਨਹੀਂ ਉਤਰ ਪਾਉਂਦਾ। ਪ੍ਰੰਤੂ ਤਲਵਿੰਦਰ ਸਿੰਘ ਜਦੋਂ ‘ਵਿਚਲੀ ਔਰਤ’ ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀਆਂ ਏਨੀਆਂ ਬਾਰੀਕ ਤੈਹਾਂ ਖੋਲ੍ਹਦਾ ਹੈ, ਪੰਜਾਬ ਦੇ ਜਗੀਰੂ ਮਾਹੌਲ ਵਿੱਚ ਦਮ ਘੁੱਟ ਰਹੀ ਔਰਤ ਜਾਤ ਨੂੰ ਇਕ ਕਿਸਮ ਦਾ ਨਿਜ਼ਾਤ ਦਿਵਾਉਂਦਾ ਹੈ। ਉਸ ਵਿੱਚ ਇਕ ਕਰੈਕਟਰ, ਜੋ ਬਜ਼ੁਰਗ ਹੈ, ਸ਼ਾਇਦ ਤਲਵਿੰਦਰ ਸਿੰਘ ਓਹਦੇ ਮਨ ‘ਚ ਬੈਠਾ ਹੈ। ਉਹ ਆਪਣੀ ਵਿਧਵਾ ਹੋ ਚੁੱਕੀ ਨੂੰਹ ਦੇ ਔਰਤਪਣ ਨੂੰ ਮਹਿਸੂਸ ਕਰ ਰਿਹਾ ਹੈ। ਉਹ ਉਸ ਪ੍ਰਤੀ ਸੰਵੇਦਨਸ਼ੀਲ ਹੈ। ਉਸ ਦਾ ਪਾਤਰ ਸੰਵੇਦਨਸ਼ੀਲ ਹੈ, ਕਿਉਂਕਿ ਤਲਵਿੰਦਰ ਸੰਵੇਦਨਸ਼ੀਲ ਹੈ। ਔਰ ਤਲਵਿੰਦਰ ਬੋ ਮਾਰਦੀਆਂ ਰੂੜੀਆਂ ਤੋਂ ਬੇਮੁੱਖ ਹੈ, ਕਿਉਂਕਿ ਉਹ ਸੰਵੇਦਨਸ਼ੀਲ ਹੈ, ਉਹ ਪਲ-ਪਲ ਮਰ ਰਿਹਾ ਹੈ। ਤਲਵਿੰਦਰ ਪਲ-ਪਲ ਮਰ ਰਿਹਾ ਹੈ।

ਤਲਵਿੰਦਰ ਦੀ ਮੌਤ ਇਕ ਮੈਟਾਫਰ ਹੈ। ਉਸ ਦਾ ਇਕ ਕਹਾਣੀ ਸੰਗ੍ਰਹਿ ਸੀ ‘ਨਾਇਕ ਦੀ ਮੌਤ’। ਅਸੀਂ ਉਪਰ ਜੋ ਵਿਚਾਰ ਨਾਇਕ, ਕਿੱਸੇ, ਸਮੇਂ ਬਾਰੇ ਕੀਤੀ ਸੀ, ਉਸ ਦੇ ਇਸ ਕਹਾਣੀ ਸੰਗ੍ਰਹਿ ਦੇ ਟਾਈਟਲ ਤੋਂ ਤੁਸੀਂ ਉਸ ਦੇ ਵਿਚਾਰਾਂ ਨੂੰ ਜਾਣ ਸਕਦੇ ਹੋ। ਉਹ ਸਮੇਂ ਦੇ ਹਾਣ ਦਾ ਕਹਾਣੀਕਾਰ ਸੀ।  ਜਿਵੇਂ ਬਾਬਾ ਵਾਰਿਸ ਸ਼ਾਹ ਕਿੱਸਾ ਲਿਖ ਰਹੇ ਹਨ ਹੀਰ ਦਾ, ਪ੍ਰੰਤੂ ਇਸ ਨੂੰ ਮਾਡਰਨ ਸੈਂਸੀਬਿਲਟੀ ਕਹੋ, ਕਿ ਉਹ ਕਿੱਸੇ ਰਾਹੀਂ ਇਕ ਨਾਵਲ ਦੇ ਰਹੇ ਹਨ। ਉਹ ਜੋ ਛੋਟੀਆਂ-ਛੋਟੀਆਂ ਡੀਟੇਲਸ ਦੇ ਰਹੇ ਹਨ, ਉਹ ਜੋ ਹੀਰ ਦੇ ਚਿਹਰੇ ਦਾ ਵਰਨਣ ਕਰ ਰਹੇ ਨੇ, ਉਹ ਜੋ ਘਾਹ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਪਸ਼ੂਆਂ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਉਸ ਸਮੇਂ ਦੀਆਂ ਬਿਮਾਰੀਆਂ ਦਾ ਵਰਨਣ ਦੇ ਰਹੇ ਹਨ, ਉਹ ਜੋ ਉਸ ਸਮੇਂ ਦੇ ਹਿਕਮਤ ਬਾਰੇ ਗਿਆਨ ਦੇ ਰਹੇ ਹਨ, ਇਹ ਸਾਰੀਆਂ ਡੀਟੇਲਸ ਇਕ ਨਾਵਲ ਦੀਆਂ ਨੇ। ਬਾਬਾ ਵਾਰਿਸ ਸ਼ਾਹ ਕਦਾਪੀ ਵੀ ਕਿੱਸਾ ਨਹੀਂ ਲਿਖ ਰਹੇ, ਉਹ ਨਾਵਲ ਲਿਖ ਰਹੇ ਨੇ। ਤਲਵਿੰਦਰ ਸਿੰਘ ਦੀਆਂ ਕਹਾਣੀਆਂ ਨੂੰ ਪੜ੍ਹਦਿਆਂ ਸਾਡੇ ਵਾਰ-ਵਾਰ ਜ਼ਿਹਨ ‘ਚ ਆਉਂਦੀ ਹੈ, ਇਹ ਗੱਲ ਵਾਰ-ਵਾਰ ਕੀਤੀ ਜਾਣੀ ਚਾਹੀਦੀ ਹੈ ਕਿ ਤਲਵਿੰਦਰ ਕਿੱਸਾ ਨਹੀਂ ਲਿਖਦਾ। ਸਾਡਾ ਬਹੁਤਾ ਗਲਪ ਸਾਹਿਤ ਅੱਜ ਵੀ ਕਿੱਸੇ ਤੇ ਨਾਇਕ ਤੱਕ ਸਿਮਟਿਆ ਹੈ, ਸੀਮਿਤ ਹੈ। ਤਲਵਿੰਦਰ ਨਾਇਕ ਦੀ ਮੌਤ ਕਹਿ ਰਿਹਾ ਹੈ। ਨਾਇਕਤਵ ਦੇ ਕਿੱਸਿਆਂ ਤੋਂ ਸਾਹਿਤ ਨੂੰ ਮੁਕਤ ਕਰ ਰਿਹਾ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ, ਇਨ੍ਹਾਂ ਵਿਚਾਰਾਂ ਦੀ ਸਾਣ ‘ਤੇ ਖਰੀਆਂ ਉਤਰਦੀਆਂ ਨੇ। ਇਹ ਸਤਰਾਂ ਲਿਖਦਿਆਂ, ਕਿਉਂਕਿ ਮਾਹੌਲ ਵੀ ਉਹ ਨਹੀਂ ਹੈ ਕਿ ਉਸ ਦੇ ਸਾਹਿਤ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਉਸ ਨੂੰ ਨਮ ਅੱਖਾਂ ਨਾਲ ਯਾਦ ਕਰਦਿਆਂ ਲਿਖਿਆ ਜਾਣ ਵਾਲਾ ਹਥਲਾ ਲੇਖ ਵੀ ਇਸ ਗੱਲ ਦੀ ਮੰਗ ਨਹੀਂ ਕਰਦਾ ਕਿ ਏਨੇ ਵਿਚਾਰਾਂ ਵਿੱਚ ਪਿਆ ਜਾਵੇ ਪਰ ਫਿਰ ਵੀ ਕਿਉਂਕਿ ਅਸੀਂ ਕਿਸੇ ਲੇਖਕ ਨੂੰ ਯਾਦ ਕਰ ਰਹੇ ਹਾਂ ਤਾਂ ਵਿਚਾਰ ਵਿਹੂਣੀ ਕੋਈ ਵੀ ਸਤਰ ਲਿਖਣੀ ਮਾਇਨਾ ਨਹੀਂ ਰੱਖਦੀ। ਤਲਵਿੰਦਰ ਆਵੇਗਾ ਤਾਂ ਵਿਚਾਰ ਆਪਣੇ ਆਪ ਆਵੇਗਾ। ਕਿਸੇ ਵੀ ਲੇਖਕ ਦਾ ਜ਼ਿਕਰ ਵਿਚਾਰ ਤੋਂ ਬਿਨਾਂ ਹੋ ਹੀ ਨਹੀਂ ਸਕਦਾ।

ਵੱਡੀ ਗੱਲ ਇਹ ਵੀ ਹੈ ਕਿ ਤਲਵਿੰਦਰ ਸਿੰਘ ਦੀ ਜੋ ਮੁਹੱਬਤ ਹੈ, ਤਲਵਿੰਦਰ ਸਿੰਘ ਦੀ ਜੋ ਸ਼ਖਸੀਅਤ ਹੈ, ਤਲਵਿੰਦਰ ਸਿੰਘ ਦਾ ਜੋ ਵਿਹਾਰ ਹੈ, ਉਹ ਬੜਾ ਕੁਝ ਆਪਣੇ ਨਾਲ ਸਮੋਈ ਬੈਠਾ ਹੈ। ਤਲਵਿੰਦਰ ਸਿੰਘ 90ਵਿਆਂ ਤੋਂ ਪਹਿਲਾਂ ਦਾ ਸੰਗਠਨਾਤਮਕ ਤੌਰ ‘ਤੇ ਸਰਗਰਮ ਲੇਖਕ ਹੈ। ਜਨਵਾਦੀ ਲੇਖਕ ਸੰਘ ਦੀਆਂ ਸਾਰੀਆਂ ਸਰਗਰਮੀਆਂ ਉਸ ਦੇ ਆਲੇ-ਦੁਆਲੇ ਉਸਰੀਆਂ ਹੋਈਆਂ ਹਨ। ਮੈਨੂੰ ਯਾਦ ਹੈ 15 ਕੁ ਵਰ੍ਹੇ ਪਹਿਲਾਂ ਰਿਸ਼ੀ ਨਾਲ ਮਿਲ ਕੇ ਉਨ੍ਹਾਂ ਜਵਾਲਾ ਜੀ ਵਿਖੇ ਇਕ ਹੋਟਲ ਵਿੱਚ ਕਹਾਣੀ ਗੋਸ਼ਟੀ ਕਰਵਾਈ ਸੀ। ਨਵੇਂ ਲੇਖਾਂ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ, ਕਹਾਣੀਆਂ ‘ਤੇ ਵਿਚਾਰਾਂ ਹੋਈਆਂ, ਖਾਣ-ਪੀਣ, ਮੌਜ-ਮਸਤੀ ਤੇ ਚਿੰਤਨ। ਫਿਰ ਅੰਮ੍ਰਿਤਸਰ ਰਾਤ ਭਰ ਕਹਾਣੀਆਂ ਤੇ ਬਾਬੇ ਜੋਗਿੰਦਰ ਸਿੰਘ ਰਾਹੀ ਦਾ ਚਿੰਤਨ ਭਰਪੂਰ ਸੰਵਾਦ। ਜੋਗਿੰਦਰ ਸਿੰਘ ਰਾਹੀ ਹੋਰਾਂ ਦਾ ਕਹਾਣੀ ਦਾ ਸੰਵਾਦ ਨਵੇਂ ਲੇਖਕਾਂ ਵਾਸਤੇ ਖ਼ਾਦ ਦਾ ਕੰਮ ਕਰਦਾ ਸੀ ਤੇ ਪ੍ਰਬੰਧ ਕਰਤਾ ਹੁੰਦੇ ਸਨ ਜਨਵਾਦੀ ਲੇਖਕ ਸੰਘ ਦੇ ਤਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ। ਨਵੀਆਂ ਆ ਰਹੀਆਂ ਕਿਤਾਬਾਂ ‘ਤੇ ਗੋਸ਼ਟੀਆਂ ਹੋ ਰਹੀਆਂ ਨੇ, ਡਲਹੌਜੀ ਵਿੱਚ ਮਿੱਤਰਾਂ ਦੀਆਂ ਸਾਹਿਤਕ ਮਹਿਫ਼ਲਾਂ ਸਜ ਰਹੀਆਂ ਨੇ, ਦਿੱਲੀ ਦੱਖਣ ਤਲਵਿੰਦਰ ਸਿੰਘ ਪ੍ਰਬੰਧ ਕਰ ਰਿਹਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਰਗਰਮ ਹੈ। ਤਾਜ਼ਾ ਟੀਮ ਦਾ ਉਹ ਜਨਰਲ ਸਕੱਤਰ ਸੀ। ਸਾਹਿਤਕ-ਸਮਾਜਿਕ ਸਰੋਕਾਰਾਂ ਨੇ ਵਰੋਸਾਇਆ ਤਲਵਿੰਦਰ ਸਿੰਘ ਨੇ। ਉਹ ਜਿੰਨਾ ਸਾਹਿਤ ‘ਚ ਸਰਗਰਮ ਸੀ, ਸਾਹਿਤਕ ਗਤੀਵਿਧੀਆਂ ‘ਚ ਉਸ ਤੋਂ ਵੱਧ ਸਰਗਰਮ ਸੀ। ਉਸ ਦੀ ਇਸ ਦੇਣ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਤਲਵਿੰਦਰ ਸਿੰਘ ਜੋ ਸ਼ਾਹਮੁਖੀ ਸਾਹਿਤ ਨੂੰ ਗੁਰਮੁਖੀ ਵਿੱਚ ਉਲਥਾਉਣ ਦਾ ਕਾਰਜ ਕੀਤਾ, ਉਹ ਵੀ ਗੌਲਣਯੋਗ ਕਾਰਜ ਹੈ। ਗਲਪ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਤਲਵਿੰਦਰ ਦੀ ਬਹੁਤ ਵੱਡੀ ਦੇਣ ਹੈ। ਉਸ ਨੇ ਪੱਛਮੀ ਪੰਜਾਬ ਦੇ ਬਜ਼ੁਰਗ ਸਾਹਿਤਕਾਰਾਂ ਬਾਰੇ ਬੜੀਆਂ ਮੂਲਵਾਨ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ।

ਤਲਵਿੰਦਰ ਸਿੰਘ ਦੀ ਸਮੁੱਚੀ ਸ਼ਖਸੀਅਤ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਦੇ ਘੁਮੱਕੜੀ ਵਿਹਾਰ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਘੁਮੱਕੜ ਸੀ। ਕਈ ਵਾਰ ਇੰਝ ਲੱਗਦਾ ਹੈ ਕਿ ਉਸ ਨੇ ਰਾਹੁਲ ਸੰਕ੍ਰਤਿਆਇਨ ਦੀਆਂ ਪੁਸਤਕਾਂ ‘ਘੁਮੱਕੜ ਸੁਆਮੀ’ ਤੇ ‘ਘੁਮੱਕੜ ਸ਼ਾਸਤਰ’ ਪੜ੍ਹ ਲਈਆਂ, ਮਨ ‘ਚ ਵਸਾ ਲਈਆਂ ਤੇ ਉਨ੍ਹਾਂ ਸਫ਼ਰਾਂ ‘ਤੇ ਨਿਕਲ ਗਿਆ, ਜਿਨ੍ਹਾਂ ਸਫ਼ਰਾਂ ‘ਤੇ ਕਦੇ ਰਾਹੁਲ ਖੁਦ ਨਿਕਲੇ ਸਨ। ਉਸ ਦੇ ਸਾਹਿਤ ‘ਤੇ ਇਨ੍ਹਾਂ ਸਫ਼ਰਾਂ ਦਾ ਬਹੁਤ ਪ੍ਰਭਾਵ ਹੈ। ਉਸ ਦੀਆਂ ਕਹਾਣੀਆਂ ਵਿੱਚ ਉਹ ਨੀਲੀਆਂ ਅੱਖਾਂ ਵਾਲੀਆਂ ਕੁੜੀਆਂ ਅਛੋਪਲੇ ਜਿਹੇ ਆਣ ਉਤਰਦੀਆਂ ਹਨ, ਜਿਹੜੀਆਂ ਸਫ਼ਰਾਂ ਦੌਰਾਨ ਤਲਵਿੰਦਰ ਨੂੰ ਮਿਲੀਆਂ। ਤਲਵਿੰਦਰ ਦੀਆਂ ਕਹਾਣੀਆਂ ਵਿੱਚ ਸਫ਼ਰ ਤੁਸੀਂ ਮਹਿਸੂਸ ਕਰ ਸਕਦੇ ਹੋ। ਇਹ ਸਫ਼ਰ ਹੀ ਉਸ ਦੀ ਕਹਾਣੀ ਨੂੰ ਇਕ ਅਲੱਗ ਰਵਾਨੀ ਦਿੰਦਾ ਹੈ, ਇਕ ਅਲੱਗ ਸ਼ੈਲੀ ਦਿੰਦਾ ਹੈ, ਇਕ ਅਲੱਗ ਅੰਦਾਜ਼ ਦਿੰਦਾ ਹੈ। ਇਸੇ ਕਰਕੇ ਉਸ ਦੇ ਕਰੈਕਟਰ ਜੋ ਪੰਜਾਬੀ ਮੂਲ ਨਾਲੋਂ ਟੁੱਟ ਕੇ ਕਿਸੇ ਹੋਰ ਸੂਬਾਈ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਆ ਜਾਂਦੇ ਹਨ। ਤਲਵਿੰਦਰ ਦੀਆਂ ਕਹਾਣੀਆਂ ਦਾ ਘੇਰਾ ਵਸੀਹ ਹੁੰਦਾ। ਪੰਜਾਬੀ ਕਹਾਣੀ ਨਾਲੋਂ ਤਲਵਿੰਦਰ ਇੱਥੇ ਆਣ ਕੇ ਹੀ ਅਲੱਗ ਖੜ੍ਹਾ ਦਿਖਾਈ ਦੇਣ ਲੱਗਦਾ ਹੈ। ਤਲਵਿੰਦਰ ਦੀਆਂ ਕਹਾਣੀਆਂ ਦਾ ਇਸ ਕੋਣ ਤੋਂ ਵੀ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ।

Punjabi Writer Des Raj Kali
ਦੇਸ ਰਾਜ ਕਾਲੀ

ਸੰਪਾਦਕ ਖ਼ਬਰ ਸਿਲਸਿਲਾ

ਤਲਵਿੰਦਰ ਸਿੰਘ ਨੂੰ ਇਕ ਦੋਸਤ ਦੇ ਨਿੱਘੇ ਅਹਿਸਾਸ ਤੋਂ ਯਾਦ ਕਰਨ ਲੱਗਿਆਂ ਗਲਾ ਭਰ ਆਉਂਦਾ ਹੈ। ਇਸ ਲਈ ਉਸ ਦੀ ਗਲਵੱਕੜੀ ਦੇ ਉਸ ਨਿੱਘ ਦੀ ਗੱਲ ਇੱਥੇ ਨਹੀਂ ਕਰ ਹੋਣੀ। ਆਮੀਨ !

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: