ਗਦਰ ਲਹਿਰ ਦਾ ਰੌਸ਼ਨ ਚਿਰਾਗ ਬਾਬਾ ਭਗਤ ਸਿੰਘ ਬਿਲਗਾ

ਆਜ਼ਾਦੀ ਸੰਗਰਾਮ ਵਿੱਚ ਆਪਣੇ ਵੱਖਰੇ ਅੰਦਾਜ਼ ਅਤੇ ਪੈਂਤੜੇ ਲਈ ਜਾਣੀ ਜਾਂਦੀ ਗਦਰ ਪਾਰਟੀ ਦਾ ਸਿਰਮੌਰ ਤੇ ਇਕੋ ਇਕ ਆਖ਼ਰੀ ਚਿਰਾਗ਼ 102 ਸਾਲਾ ਬਾਬਾ ਭਗਤ ਸਿੰਘ ਅਤੇ ਹਜ਼ਾਂਰਾਂ ਚਾਹੁਣ ਵਾਲਿਆਂ ਦੇ ਬਾਬਾ ਬਿਲਗਾ 23 ਮਈ 2009, ਸ਼ਨਿਵਾਰ ਬਰਮਿੰਘਮ ਦੇ ਸਮੇਂ ਮੁਤਾਬਿਕ ਸਵੇਰੇ 11 ਵਜੇ ਬੁਝ ਗਿਆ ਬਿਲਗਾ ਖਰਾਬ ਸਿਹਤ ਦੇ ਕਾਰਣ ਪਿਛਲੇ ਕੁਝ ਸਮੇਂ ਤੋਂ ਬਰਮਿੰਘਮ ਵਿਖੇ ਆਪਣੇ ਬੇਟੇ ਕੁਲਬੀਰ ਸਿੰਘ ਕੋਲ ਰਹਿ ਕੇ ਇਲਾਜ ਕਰਾ ਰਹੇ ਸਨ ਸ਼ਨੀਵਾਰ ਨੂੰ ਹਾਲਤ ਵਿਗੜਣ ਤੇ ਉਨ੍ਹਾਂ ਨੂੰ ਉੱਥੋਂ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਉੱਥੋਂ ਦੇ ਸਮੇਂ ਮੁਤਾਬਿਕ 11 ਵੱਜਣ ਤੋਂ ਕੁਝ ਮਿੰਟ ਪਹਿਲਾਂ ਆਖ਼ਰੀ ਸਾਹ ਲਿਆ ਅੰਤਿਮ ਦਰਸ਼ਨਾ ਲਈ ਅੱਜ (3 ਜੂਨ 2009) ਬਾਬਾ ਬਿਲਗਾ ਦੀ ਮ੍ਰਿਤਕ ਦੇਹ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੱਖੀ ਗਈ ਉਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਬਿਲਗਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਵਿੱਚ ਦੁਨੀਆਂ ਭਰ ਦੇ ਚਿੰਤਕਾਂ, ਲੋਕ ਲਹਿਰ ਆਗੂਆਂ, ਲੇਖਕਾਂ, ਪੱਤਰਕਾਰਾਂ ਅਤੇ ਕਾਰਕੁੰਨਾਂ ਸਮੇਤ ਉਨ੍ਹਾਂ ਦੇ ਲੱਖਾਂ ਚਾਹੁਣ ਵਾਲੇ ਸ਼ਾਮਿਲ ਹੋਏ ਬਾਬਾ ਬਿਲਗਾ ਦਾ ਜੀਵਨ ਕਾਫੀ ਸੰਘਰਸ਼ਮਈ ਰਿਹਾ ਲਫ਼ਜ਼ਾਂ ਦਾ ਪੁਲ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਸਮੂਹ ਪਾਠਕਾਂ ਲਈ ਅਸੀ ਉਨ੍ਹਾਂ ਦਾ ਜੀਵਨ ਬਿਓਰਾ ਪ੍ਰਕਾਸ਼ਿਤ ਕਰ ਰਹੇ ਹਾਂ

ਬਾਬਾ ਭਗਤ ਸਿੰਘ ਬਿਲਗਾ ਦਾ ਜਨਮ 1907 ਈਸਵੀ ਵਿੱਚ ਦੋਆਬੇ ਦੇ ਪਿੰਡ ਬਿਲਗਾ ‘ਚ ਹੋਇਆ। 1931 ਵਿੱਚ 24 ਸਾਲ ਦੀ ਉਮਰ ਵਿੱਚ ਉਹ ਅਰਜਨਟੀਨਾ ਰੋਜ਼ਗਾਰ ਦੇ ਸਿਲਸਿਲੇ ਵਿੱਚ ਗਏ। ਉਦੋਂ ਦੇਸ਼ ਅੰਦਰ ਆਜ਼ਾਦੀ ਦੀ ਲਹਿਰ ਤਿੱਖੀ ਭਖ ਚੁੱਕੀ ਸੀ ਤੇ ਦੇਸ਼ ਨਿਕਾਲੇ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਅਰਜਨਟੀਨਾ ਸਨ। ਅਜੀਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਬਾਬਾ ਬਿਲਗਾ ਨੇ ਖ਼ੁਦ ਨੂੰ ਦੇਸ਼ ਦੇ ਲਈ ਸਮਰਪਿਤ ਕਰ ਦਿੱਤਾ। ਰੇਲਵੇ ਸਟੋਰ ਵਿੱਚ ਕਲਰਕ ਦਾ ਕੰਮ ਕਰਦੇ ਹੋਏ ਉਨ੍ਹਾਂ ਆਪਣੀ ਕਮਾਈ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਪਾਰਟੀ ਫੰਡ ਵਿੱਚ ਦੇਣੀ ਸ਼ੁਰੂ ਕਰ ਦਿੱਤੀ। ਇਸ ਬਾਰੇ ਅਕਸਰ ਬਾਬਾ ਬਿਲਗਾ ਕਹਿੰਦੇ ਹੁੰਦੇ ਸਨ, ‘ਗਏ ਸੀ ਕਮਾਈ ਕਰਨ ਲੈ ਕੇ ਆਏ ਇੰਨਕਲਾਬ’। ਗਦਰ ਪਾਰਟੀ ਨਾਲ ਜੁੜਨ ਤੋਂ ਬਾਅਦ ਬਾਬਾ ਬਿਲਗਾ ਨੂੰ 60 ਸਾਥੀਆਂ ਸਮੇਤ ਰੂਸੀ ਭਾਸ਼ਾ, ਮਾਰਕਸਵਾਦ, ਰਾਜਨੀਤੀ, ਅਰਥ-ਵਿਗਿਆਨ, ਫੌਜੀ ਪੈਂਤੜੇ ਅਤੇ ਗੁਰੀਲਾ ਜੰਗ ਦੇ ਢੰਗ ਸਿੱਖਣ ਲਈ ਮਾਸਕੋ ਭੇਜਿਆ ਗਿਆ।1933 ਵਿੱਚ ਉਨ੍ਹਾਂ ਨੂੰ ਪੰਜਾਬ ਬੁਲਾਇਆ ਗਿਆ। ਕਰੀਬ ਇੱਕ ਸਾਲ ਦੀ ਜੱਦੋ ਜਹਿਦ ਦੇ ਬਾਅਦ ਫਰਜ਼ੀ ਪਾਸਪੋਰਟ ਤੇ ਸਫਰ ਕਰਦਿਆਂ ਪੈਰਿਸ, ਬਰਲਿਨ ਅਤੇ ਕੋਲੰਬੋ ਹੁੰਦੇ ਹੋਏ ਬਾਬਾ ਬਿਲਗਾ ਇੱਕ ਸਾਲ ਚ ਪੰਜਾਬ ਪੁੱਜੇ। ਕੁਝ ਸਾਲ ਪਹਿਲਾਂ ਬਰਮਿੰਘਮ ਜਾਣ ਵੇਲੇ ਉਨ੍ਹਾਂ ਮੁਸਕੁਰਾ ਕੇ ਕਿਹਾ ਸੀ ਹੁਣ ਮੈਂ ਅਸਲੀ ਪਾਸਪੋਰਟ ਤੇ ਸਫਰ ਕਰਦਾਂ। ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਬਣਾ ਕੇ ਗਦਰੀਆਂ ਦੀਆਂ ਯਾਦਗਾਰਾਂ ਸਾਂਭਣ ਅਤੇ ਗਦਰ ਸਕੂਲ ਨੂੰ ਜਾਰੀ ਰੱਖਣ ਵਿੱਚ ਬਾਬਾ ਬਿਲਗਾ ਨੇ ਬਾਬਾ ਗੁਰਮੁਖ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਪਿਛਲੇ 15 ਸਾਲਾਂ ਤੋਂ ਉਹ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਪ੍ਰਧਾਨ ਸਨ।ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਵਿੱਚ ਭਾਰਤੀ ਇੰਨਕਲਾਬੀ ਲਹਿਰਾਂ ਦਾ ਇਤਿਹਾਸ ਬਿਆਨ ਕਰਦੀਆਂ 17000 ਤੋਂ ਜਿਆਦਾ ਕਿਤਾਬਾਂ, ਮਿਊਜ਼ਿਅਮ ਵਿੱਚ ਇੰਨਕਲਾਬੀਆਂ ਦੀਆਂ 2000 ਦੁਰੱਲਭ ਤਸਵੀਰਾਂ, ਗਦਰ ਅਖ਼ਬਾਰ ਅਤੇ ਹੱਥ ਲਿਖਤਾਂ ਸਾਂਭ ਕੇ ਰੱਖੀਆਂ ਹੋਈਆਂ ਹਨ, ਇਹ ਪੁਸਤਕਾਂ ਇੱਕਤਰ ਕਰਨ ਵਿੱਚ ਬਾਵਾ ਬਿਲਗਾ ਦੀ ਅੱਣਥਕ ਮਿਹਨਤ ਸ਼ਾਮਿਲ ਹੈ। ਉਹ ਲੋਕ ਲਹਿਰ ਪ੍ਰਤਿ ਆਪਣੇ ਸਮਰਪਣ ਅਤੇ ਪੱਕੀ ਵਿਚਾਰਧਾਰਾ ਕਰਕੇ ਜ਼ਿੱਦੀ ਨੇਤਾ ਵਜੋਂ ਜਾਣੇ ਜਾਂਦੇ ਹਨ। ਪੰਜਾਬ ਦੇ ਕਾਲੇ ਦੌਰ ਵਿੱਚ ਜਦੋਂ ਗਰਮ ਖਿਅਲੀਆ ਖਿਲਾਫ ਬੋਲਣ ਬਾਰੇ ਕੋਈ ਸੋਚ ਵੀ ਨਹੀਂ ਸੀ ਸਕਦਾ ਉਸ ਵੇਲੇ ਬਾਬਾ ਬਿਲਗਾ ਨਾ ਸਿਰਫ ਨੰਗੇ ਧੜ ਸ਼ਾਂਤੀ ਤੇ ਅਹਿੰਸਾ ਦਾ ਸੁਨੇਹਾ ਦਿੰਦੇ ਰਹੇ ਬਲਕਿ ਆਪਣੇ ਸਾਈਕਲ ਤੇ ਪਿੰਡ ਪਿੰਡ ਘੁੰਮ ਕੇ ਹਰ ਫਿਰਕੇ ਦੇ ਅਨੁਯਾਈਆਂ ਨੂੰ ਸਬਰ ਰੱਖਣ ਦਾ ਹੋਕਾ ਦਿੱਤਾ। ਇੱਕ ਹਿੰਦੂ ਦੇ ਕਤਲ ਦੀ ਇੱਕ ਘਟਨਾ ਤੇ ਅਫਸੋਸ ਕਰਕੇ ਆਉਣ ਤੋਂ ਬਾਅਦ ਘਰ ਮੁੜਕੇ ਉਹ ਵਿਹੜੇ ਚ ਮੰਜੇ ਤੇ ਬਹਿ ਗਏ ਤੇ ਹਿੱਕ ਤੇ ਗੋਲੀਆਂ ਦਾ ਇੰਤਜ਼ਾਰ ਕਰਨ ਲੱਗੇ। ਬਾਬਾ ਬਿਲਗਾ ਅਕਸਰ ਕਹਿੰਦੇ ਹੁੰਦੇ ‘ਸ਼ਹੀਦ’ ਕਹਾਉਣ ਦਾ ਬੜਾ ਜੀ ਕਰਦਾ। ਭਾਵੇਂ 102 ਸਾਲ ਦੀ ਉਮਰ ਹੋਣ ਤੇ ਉਹ ਆਪਣੀ ਅੱਖਾਂ ਦੀ ਜੋਤ ਗੁਆ ਬੈਠੇ ਤੇ ਸ਼ਰੀਰ ਵੀ ਹੌਲੀ ਹੌਲੀ ਸਾਥ ਛੱਡ ਰਿਹਾ ਸੀ, ਪਰ ਹਰ ਸਾਲ ਅਕਤੂਬਰ ਵਿੱਚ ਹੋਣ ਵਾਲੇ ਗਦਰੀਆਂ ਬਾਬੇਆਂ ਦੇ ਮੇਲੇ ਵਿੱਚ ਉਨ੍ਹਾਂ ਦੀ ਗੜ੍ਹਕਵੀਂ ਆਵਾਜ਼ ਰੋਜ ਭਰੇ ਗੱਭਰੂ ਵਾਂਗ ਪੰਡਾਲ ਗੂੰਜਾਉਂਦੀ ਰਹੀ। ਉਨ੍ਹਾਂ ਦੀ ਖਾਸਿਅਤ ਇਹ ਵੀ ਸੀ ਕਿ ਉਨ੍ਹਾਂ ਹਮੇਸ਼ਾਂ ਵਕਤ ਦੇ ਮੁਤਾਬਿਕ ਖੁਦ ਨੂੰ ਤਿਆਰ ਬਰ ਤਿਆਂਰ ਰੱਖਿਆ ਅਤੇ ਹਰ ਆਧੁਨਿਕ ਜਾਣਕਾਰੀ ਨਾਲ ਖੁਦ ਨੂੰ ਲੈਸ ਕੀਤਾ। ਬਾਬਾ ਬਿਲਗਾ ਦੀ ਧਰਮ ਪਤਨੀ ਜੱਨਤ ਕਰੀਬ 39 ਸਾਲ ਪਹਿਲਾਂ ਸਵਰਗਵਾਸ ਹੋ ਚੁੱਕੇ ਹਨ।ਆਜ਼ਾਦੀ ਤੋਂ ਬਾਅਦ ਉਨ੍ਹਾਂ ਦੀ ਇੰਨਕਲਾਬੀ ਧੀ ਕਰਾਂਤੀ ਦੇਸ਼ ਦੀ ਵੰਡ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਗ੍ਰਿਫਤਾਰ ਹੋ ਗਈ। ਉਦੋਂ ਉਨ੍ਹਾਂ ਦੀ ਟਾਈਫਾਈਡ ਨਾਲ ਮੌਤ ਹੋ ਗਈ। ਬਾਬਾ ਬ ਦੇ ਦੋਵੇਂ ਬੇਟੇ ਬਰਮਿੰਘਮ ਰਹਿੰਦੇ ਹਨ ਤੇ ਪੂਰੀ ਤਰ੍ਹਾਂ ਲੋਕ ਲਹਿਰਾਂ ਨੂੰ ਸਮਰਪਿਤ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਕਾਮਰੇਡ ਹਰਕ੍ਰਿਸਨ ਸਿੰਘ ਸੁਰਜੀਤ, ਬਲਵੰਤ ਸਿੰਘ ਰਾਮੂਵਾਲੀਆ, ਪੱਤਰਕਾਰ ਕੁਲਦੀਪ ਸਿੰਘ ਨੱਈਅਰ, ਸਹਿੱਤ ਦੇਸ਼ ਅਤੇ ਦੁਨੀਆਂ ਦੀਆਂ ਕਈ ਸ਼ਖਸੀਅਤਾਂ ਉਨ੍ਹਾਂ ਦੇ ਦੋਸਤ ਅਤੇ ਕਰੀਬੀ ਰਹੇ। ਪਰ ਬਾਬਾ ਬਿਲਗਾ ਆਪਣੀ ਵਿਚਾਰਧਾਰਾ ਅਤੇ ਸੋਚ ਤੇ ਪਹਿਰਾ ਦਿੰਦੇ ਹੋਏ ਕੱਲੇ ਤੁਰਦੇ ਰਹੇ। ਪੂਰਬ ਦਾ ਕਰਾਂਤੀ ਦਾ ਇਹ ਸੂਰਜ ਜੂਝਦਾ ਹੋਇਆ ਭਾਵੇਂ ਪੱਛਮ ਵਿੱਚ ਅਸਤ ਹੋ ਗਿਆ ਪਰ ਉਨ੍ਹਾਂ ਦੀਆਂ ਕਿਰਨਾਂ ਰਹਿੰਦੀ ਦੁਨੀਆਂ ਤੱਕ ਲੋਕ ਮਨਾਂ ਨੂੰ ਰੁਸ਼ਨਾਂਉਂਦੀਆਂ ਰਹਿਣਗੀਆਂ ਅਤੇ ਮਾਨਵੀ ਹੱਕਾਂ ਅਤੇ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਪ੍ਰੇਰਦੀਆਂ ਰਹਣਗੀਆਂ।

-ਦੀਪ ਜਗਦੀਪ ਸਿੰਘ

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ

Comments

Leave a Reply


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com