ਦਿੱਲੀ ਵਾਲਾ ਮਾਨ ਸਿੰਘ ਮਾਨ ਪੰਜਾਬੀ ਤੇ ਊਰਦੂ ਗ਼ਜ਼ਲ ਦਾ ਉਹ ਲੁਕਿਆ ਹੋਇਆ ਨਗੀਨਾ ਹੈ, ਜਿਸ ਨੂੰ ਲੁਕ ਕੇ ਰਹਿਣ ‘ਚ ਹੀ ਸਕੂਨ ਮਿਲਦਾ, ਉਂਝ ਭਾਵੇਂ ਉਹ ਨਿਰੰਕਾਰੀ ਮੰਡਲ ਵਿੱਚ ਕਈ ਅਹਿਮ ਜਿੰਮੇਦਾਰੀਆਂ ਨਿਭਾ ਰਿਹਾ ਹੈ, ਪਰ ਉਨ੍ਹਾਂ ਦੀ ਲੇਖਣੀ ਦਾ ਨਸ਼ਤਰ ਬਿਨਾਂ ਭੇਦ-ਭਾਵ ਕੀਤੇ ਸਭ ਤੇ ਬਰਾਬਰ ਚਲਦਾ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਧਰਮ ਅਤੇ ਰਬ ਬਾਰੇ ਗੱਲ ਕਰਦਿਆਂ ਇਕ ਕੰਬਣੀ ਜਿਹੀ ਛਿੜਦੀ ਹੈ। ਜ਼ਹਿਨ ਵਿੱਚ ਸਵਾਲ ਜਨਮ ਲੈਂਦੇ ਹਨ। ਮਾਨ ਸਿੰਘ ਮਾਨ ਦੀ ਇਹ ਗਜ਼ਲ ਵੀ ਉਨ੍ਹਾਂ ਸਵਾਲਾਂ ਤੇ ਸਵਾਲ ਕਰਦੀ ਹੋਈ ਮੂਲ ਸਵਾਲਾਂ ਦੇ ਜਵਾਬਾਂ ਵੱਲ ਇਸ਼ਾਰਾ ਕਰਦੀ ਹੈ। ਗ਼ਜ਼ਲ ਤੁਹਾਡੇ ਰੂ-ਬ-ਰੂ ਹੈ, ਕੀ ਇਸ਼ਾਰਾ ਕਰਦੀ ਹੈ? ਕੀ ਸਮਝਾਉਂਦੀ ਹੈ? ਤੁਹਾਡੀਆਂ ਟਿੱਪਣੀਆਂ ਤੇ ਵਿਚਾਰਾਂ ਰਾਂਹੀਂ ਜਾਣਨ ਦੀ ਉਤਸਕਤਾ ਹੈ।
ਗ਼ਜ਼ਲ
ਪੁਛਦੇ ਨੇ ਲੋਕ ਅਕਸਰ, ਖ਼ੁਦਾ ਹੈ ਕਿ ਨਹੀਂ ਹੈ।
ਇਕ ਸ਼ੋਰ ਏ ਬਾਹਰ ਅੰਦਰ, ਖ਼ੁਦਾ ਹੈ ਕਿ ਨਹੀਂ ਹੈ।
ਦਿਲ ਵਿਚ ਕਦੇ ਜ਼ੁਬਾਂ ਤੇ ਅਜ਼ਲਾਂ ਤੋਂ ਚਲਿਆ ਔਂਦੈ,
ਅਜ ਵੀ ਏ ਚਰਚਾ ਘਰ ਘਰ, ਖ਼ੁਦਾ ਹੈ ਕਿ ਨਹੀਂ ਹੈ।
ਵਿਸ਼ਵਾਸ ਦੀ ਪਨਾਹ ਵਿਚ, ਅਕਲਾਂ ਤੋਂ ਹੋ ਕੇ ਬਾਗ਼ੀ,
ਆਉਂਦਾ ਹੈ ਸਮਝ ਬੇਹਤਰ, ਖ਼ੁਦਾ ਹੈ ਕਿ ਨਹੀਂ ਹੈ।
ਨੇੜੇ ਵੀ, ਦੂਰ ਵੀ ਏ, ਹੈ ਵੀ ਏ ਤੇ ਨਹੀਂ ਵੀ,
ਇਸ਼ਾਰਾ ਹੈ ਸਮਝੋ ਜੇਕਰ, ਖ਼ੁਦਾ ਹੈ ਕਿ ਨਹੀਂ ਹੈ।
ਮੈਂ ਹਾਂ, ਖ਼ੁਦਾ ਨਹੀਂ ਹੈ, ਖ਼ੁਦਾ ਹੈ ਤੇ ਮੈਂ ਨਹੀਂ ਹਾਂ,
ਇਸ ਸੋਚ ਤੇ ਹੈ ਨਿਰਭਰ, ਖ਼ੁਦਾ ਹੈ ਕਿ ਨਹੀਂ ਹੈ।
ਹਾਲਾਤ ਹੋਏ ਬਦਤਰ, ਚਕਰਾ ਕੇ ਅਕ਼ਲ ਪੁੱਛਿਆ
ਇਹ ਹਾਲ ਹੋਇਆ ਕਿਉਂਕਰ, ਖ਼ੁਦਾ ਹੈ ਕਿ ਨਹੀਂ ਹੈ।
ਸਮਰਪਿਤ ਹੈ ‘ਮਾਨ’ ਫਿਰ ਤਾਂ ਸਮਝਾ ਦਏਗਾ ਮੁਰਸ਼ਿਦ,
ਪੁਛਣਾ ਏ ਜੇ ਸਰਾਸਰ, ਖ਼ੁਦਾ ਹੈ ਕਿ ਨਹੀਂ ਹੈ।
Leave a Reply