ਗੀਤ: ਚੱਲ ਫਕੀਰਾ ਪਛਾਣ ਤੋਂ ਦੂਰ-ਅਮਰਦੀਪ ਸਿੰਘ

ਅਮਰਦੀਪ, ਇਕ ਗੀਤਕਾਰ ਹੋਣ ਤੋਂ ਵੀ ਪਹਿਲਾਂ ਇਕ ਮੁਸਾਫ਼ਿਰ ਹੈ। ਉਂਝ ਉਸ ਨੇ ਪਹਾੜ, ਜੰਗਲ, ਟਿੱਬੇ, ਮਾਰੂਥਲ ਸਭ ਗਾਹੇ ਹਨ, ਪਰ ਜਿਸ ਸਫ਼ਰ ਦੀ ਗੱਲ ਇੱਥੇ ਹੋਰ ਰਹੀ ਹੈ, ਉਹ ਸਫ਼ਰ ਉਸਦੇ ਅੰਦਰ ਚੱਲਦਾ ਰਹਿੰਦਾ ਹੈ। ਇਸ ਸਫ਼ਰ ਵਿਚ ਉਸ ਨੇ ਬਹੁਤ ਕੁਝ ਲੱਭਿਆ ਹੈ ਅਤੇ ਲੱਭ ਕੇ ਗੁਆ ਲਿਆ ਹੈ। ਜੇ ਇੰਝ ਕਹਾਂ ਤਾਂ ਉਹ ਲੱਭਦਾ ਹੀ ਗੁਆਉਣ ਲਈ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਇਸੇ ਸਫ਼ਰ ਵਿਚ ਉਸ ਨੇ ਰੂਹਾਨੀ ਬਪਤਿਸਮਾ ਵੀ ਲਿਆ ਹੈ ਤੇ ਸ਼ਰੀਰਕ ਵੀ…ਕੁਝ ਸਾਲ ਪਹਿਲਾਂ ਉਸ ਨੇ ਆਪਣਾ ਕੱਟੇ ਹੋਏ ਲੰਮੇ ਵਾਲਾਂ ਅਤੇ ਦਾੜੀ ਵਾਲਾ ਰੂਪ ਤਿਆਗ ਕੇ ਸਿਰ ਤੇ ਪੱਗ ਸਜਾ ਲਈ ਹੈ। ਦਾਹੜੀ ਵਧਾ ਲਈ ਹੈ…ਪੂਰਾ ਸਜਿਆ ਹੋਇਆ ਸਾਬਤ ਸੂਰਤ ਸਿੰਘ ਲੱਗਦਾ ਹੈ। ਮੈਨੂੰ ਕਈ ਦੋਸਤ ਪੁੱਛਦੇ ਨੇ, ‘ਕੀ ਉਸ ਨੇ ਅੰਮ੍ਰਿਤ ਛੱਕ ਲਿਆ ਹੈ।’ ਮੈਂ ਜਵਾਬ ਦਿੰਦਾ ਹਾਂ, ਮੈ ਪੁੱਛਿਆ ਨਹੀਂ ਅਤੇ ਨਾ ਪੁੱਛਣਾ ਚਾਹੁੰਦਾ ਹਾਂ। ਹਾਂ, ਇਸ ਰੂਪ ਦੇ ਬਦਲਾਅ ਬਾਰੇ ਕਿਸੇ ਹੋਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਮੈਂ ਉਸਨੂੰ ਸੁਣਿਆ ਹੈ। ਉਸ ਨੇ ਕਿਹਾ ਸੀ, ‘ਬੱਸ ਆਪਣੇ ਆਪ ਅੰਦਰੋਂ ਹੀ ਬਦਲਾਅ ਸ਼ੁਰੂ ਹੋ ਗਿਆ।’ ਲਾਜ਼ਮੀ ਹੈ ਕਿ ਅੰਦਰਲਾ ਇਹ ਬਦਲਾਅ ਅਜਿਹਾ ਸੀ ਜਿਸ ਨੇ ਬਾਹਰ ਦਿਸਣਾ ਹੀ ਸੀ…ਇਹ ਉਸਦਾ ਉਹ ਰੂਹਾਨੀ ਬਪਤਿਸਮਾ ਹੈ, ਜੋ ਜਿਸਮਾਨੀ ਤੌਰ ਤੇ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਉਹ ਅਮਰਦੀਪ ਗਿੱਲ ਤੋਂ ਅਮਰਦੀਪ ਸਿੰਘ ਗਿੱਲ ਦਾ ਸਫ਼ਰ ਤੈਅ ਕਰਦਾ ਹੋਇਆ ਅਮਰਦੀਪ ਸਿੰਘ ਹੋ ਗਿਆ ਹੈ। ਹਰ ਪਲ ਹੋ ਰਿਹਾ ਉਸਦਾ ਰੂਹਾਨੀ ਬਪਤਿਸਮਾ ਉਸਦੇ ਗੀਤਾਂ, ਉਸਦੀਆਂ ਕਵਿਤਾਵਾਂ, ਉਸਦੀਆਂ ਗੱਲਾਂ ਵਿਚੋਂ ਨਜ਼ਰ ਆਉਂਦਾ ਹੈ। ਉਦੋਂ ਜਦੋਂ ਉਹ ਗੱਲਾਂ-ਗੱਲਾਂ ਵਿਚ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਰੈਪ ਕਰਨ ਲੱਗਦਾ ਹੈ, ਇਹ ਦੱਸਣ ਲਈ ਕਿ ਰੈਪ ਅਰਥ-ਭਰਪੂਰ ਵੀ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਮੈਂ ਉਸ ਦੇ ਇਸ ਗੀਤ ਦੇ ਬਹਾਨੇ ਪਾਠਕਾਂ ਨਾਲ ਕਰ ਲਈਆਂ ਹਨ, ਜੋ ਮੈਂ ਤੁਹਾਡੇ ਸਾਰਿਆ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਇਸ ਗੀਤ ਵਿਚ ਤੁਹਾਨੂੰ ਉਹਦੀ ਰੂਹ ਦਾ ਸਫ਼ਰ ਨਜ਼ਰ ਆਏਗਾ ਤੇ ਉਹ ਸਾਰੀਆਂ ਗੱਲਾਂ ਵੀ ਜੋ ਮੈਂ ਉੱਪਰ ਕਹੀਆਂ ਨੇ…
-ਦੀਪ ਜਗਦੀਪ ਸਿੰਘ



ਚੱਲ ਫਕੀਰਾ ਪਛਾਣ ਤੋਂ ਦੂਰ
ਕਿਉਂ ਨਾਂਅ ਤੋਂ ਹੋਣਾ ਮਜਬੂਰ !
ਇਸ ਨਾਂਅ ਦੇ ਨੇ ਸਾਰੇ ਪੁਆੜੇ
ਇਹ ਨਾਂਅ ਹੀ ਕਰਦਾ ਮਗਰੂਰ !
ਚੱਲ ਫਕੀਰਾ………………..


ਨਾਂਅ ਨਾਲ ਕੀ ਜਾਤ ਦਾ ਲਿਖਣਾ
ਨਾਂਅ ਨਾਲ ਕੀ ਗੋਤ ਦਾ ਲਿਖਣਾ
ਨੇਰ੍ਹੇ ਵਿੱਚ ਤਾਂ ਚਾਨਣ ਦੇ ਲਈ
ਜ਼ਰੂਰੀ ਹੈ ਇੱਕ ਜੋਤ ਦਾ ਲਿਖਣਾ !
ਹੋ ਚਿਰਾਗ ਤੇ ਵੰਡਦੇ ਨੂਰ !
ਚੱਲ ਫਕੀਰਾ………………..


ਮੁਕਾ ਹੀ ਦੇ ਸਭ ਝਗੜੇ ਝੇੜੇ
ਕਰ ਹੀ ਦੇ ਅੱਜ ਸਭ ਨਿਬੇੜੇ
ਗੱਲ ਅਮਲਾਂ ਦੀ ਚੱਲੀ ਜਦ ਵੀ
ਹੋ ਹੀ ਜਾਣੇ ਆਪ ਨਿਖੇੜੇ !
ਕੀ ਲੈਣੈ ਹੋ ਕੇ ਮਸ਼ਹੂਰ !
ਚੱਲ ਫਕੀਰਾ………………..


ਆਪਣੇ ਆਪ ਤੋਂ ਉੱਪਰ ਉੱਠਣਾ
ਆਪਣੇ ਨਾਪ ਤੋਂ ਉੱਪਰ ਉੱਠਣਾ
ਗੀਤ ਜੇ ਅੱਗੇ ਹੋਰ ਤੂੰ ਗਾਉਣਾ
ਸਿੱਖ ਆਲਾਪ ਤੋਂ ਉੱਪਰ ਉੱਠਣਾ !
ਹਾਲੇ ਰਬਾਬ ਏ ਵੱਜਦੀ ਦੂਰ !
ਉਸ ਦੂਰ ਦੇ ਹੋ ਜਾ ਨੇੜੇ
ਹੋ ਜਾ ਆਪਣੇ ਆਪ ਤੋਂ ਦੂਰ !
ਚੱਲ ਫਕੀਰਾ………………..



-ਅਮਰਦੀਪ ਸਿੰਘ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com