ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਲਫ਼ਜ਼ਾਂ ਦਾ ਪੁਲ ਦਾ ਮਕਸਦ ਸਫ਼ਲ ਹੋ ਰਿਹਾ ਹੈ। ਸਾਡਾ ਮਕਸਦ ਹੈ ਕਿ ਪਿਛਲੀਆਂ ਪੀੜ੍ਹੀਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦਾ ਜੋਸ਼ ਅਤੇ ਤਕਨੀਕੀ ਹੁਨਰ ਮਿਲ ਕੇ ਲਫ਼ਜ਼ਾਂ ਦਾ ਪੁਲ ਸਿਰਜਣ ਅਤੇ ਅਸੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਪਣਾ ਯੋਗਦਾਨ ਪਾ ਸਕੀਏ। ਅੱਜ ਇਸੇ ਮਕਸਦ ਵਿਚ ਇਕ ਕੜ੍ਹੀ ਹੋਰ ਜੁੜੀ ਹੈ। ਮਨੋਹਰਦੀਪ ਸਿੰਘ ਢਿੱਲੋਂ ਨੇ ਆਪਣੇ ਪਿਤਾ ਅਮਰਜੀਤ ਸਿੰਘ ਢਿੱਲੋਂ ਦਾ ਲਿਖਿਆ ਗੀਤ ਭੇਜਿਆ ਹੈ, ਜੋ ਸਮਕਾਲੀ ਹਾਲਾਤਾਂ ਤੇ ਵਿਅੰਗਮਈ ਚੋਟ ਕਰਦਾ ਹੈ। ਇਸ ਗੀਤ ਦਾ ਆਨੰਦ ਮਾਣੋ ਅਤੇ ਆਪਣੇ ਵਿਚਾਰ ਦਿਓ। ਜੇ ਤੁਹਾਡੇ ਕੋਲ ਵੀ ਤੁਹਾਡੇ ਆਲੇ-ਦੁਆਲੇ ਜਾਂ ਆਪਣੇ ਕਿਸੇ ਬਜ਼ੁਰਗ ਦੀ ਕੋਈ ਰਚਨਾ, ਯਾਦ ਜਾਂ ਨਸੀਹਤ ਸਾਂਭੀ ਪਈ ਹੈ ਤਾਂ ਉਸ ਨੂੰ ਸਾਡੇ ਨਾਲ ਸਾਂਝੀ ਕਰੋ। ਅਸੀ ਉਸ ਨੂੰ ਯੌਗ ਥਾਂ ਦੇਣ ਦੀ ਪੂਰੀ ਕੌਸ਼ਿਸ਼ ਕਰਾਂਗੇ। ਨਾਲ ਹੀ ਦੁਆ ਹੈ ਕਿ ਮਨੋਹਰਦੀਪ ਦੀ ਮਦਦ ਨਾਲ ਅਮਰਜੀਤ ਜੀ ਤਕਨੀਕੀ ਗਿਆਨ ਹਾਸਲ ਕਰ ਸਾਡੇ ਨਾਲ ਸਿੱਧੇ ਜੁੜਨ ਅਤੇ ਆਪਣੇ ਬੇਟੇ ਨੂੰ ਵੀ ਆਪਣੀ ਸਾਹਿਤਕ ਵਿਰਾਸਤ ਤੋਂ ਸਿੱਖ ਕੇ ਕੁਝ ਨਵਾਂ ਕਰਨ ਦੀ ਪ੍ਰੇਰਨਾ ਦੇਣ। ਆਮੀਨ।
ਚਿੱਟੇ ਚੋਲੇ ਪਾ ਕੇ ਹੁੰਦੇ ਸੰਤ ਜੇ ਸਾਰੇ ਜੀ,
ਕੀਹਨੂੰ ਸਿੱਖਿਆ ਦਿੰਦੇ ਫਿਰ ਬਾਬੇ ਵਿਚਾਰੇ ਜੀ।
ਬਘਿਆੜਾਂ ਤੋਂ ਬਿਨਾਂ ਹੀ ਰਹਿੰਦਾ ਲੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।

ਜੇ ਦੁਨੀਆਂ ਵਿੱਚ ਸਾਰੇ ਬੰਦੇ ਸਾਊ ਹੋ ਜਾਂਦੇ।
ਸਭ ਦੇ ਸਭ ਹੀ ਇੱਥੇ ਅੱਗ ਬੁਝਾਊ ਹੋ ਜਾਂਦੇ।
ਕਰਦਾ ਫਿਰ ਕੌਣ ਗਰਮ ਗਜਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।

ਰਾਤਾਂ ਕਰਕੇ ਇੱਛਾ ਹੁੰਦੀ ਹੈ ਦਿਨ ਮਾਨਣ ਦੀ,
‘ਨੇਰੇ ਕਰਕੇ ਹੀ ਪੈਂਦੀ ਹੈ ਕਦਰ ਵੀ ਚਾਨਣ ਦੀ।
ਝੂਠ ਬਿਨਾਂ ਰਹਿ ਜਾਂਦਾ ਸੱਚ ਅਕੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦਾ ਇਸ਼ਕ, ਇਸ਼ਕ ਦੀਆਂ ਮਰਜ਼ਾਂ ਨਾ ਹੁੰਦੀਆਂ,
ਰੰਗ ਰੰਗੀਲੇ ਗੀਤ ਸੁਹਣੀਆਂ ਤਰਜ਼ਾਂ ਨਾ ਹੁੰਦੀਆਂ।
ਆਸ਼ਕਾਂ ਨਾਲ ਹੈ ਹੁੰਦਾ ਰੰਗ ਨਵੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।  
 
ਜੇ ਨਫਰਤ ਨਾ ਹੁੰਦੀ ਕਰਨਾ ਪਿਆਰ ਵੀ ਕੀਹਣੇ ਸੀ,
ਵਿਛੜਣ ਬਾਝੋਂ ਕਰਨਾ ਇੰਤਜ਼ਾਰ ਵੀ ਕੀਹਣੇ ਸੀ।
ਝੱਖੜ ਨ੍ਹੇਰੀ ਬਿਨਾ ਹੀ ਲੰਘਦਾ ਰੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੌੜੀਆਂ ਮਿਰਚਾਂ ਦੇ ਨਾਲ ਲੋੜ ਹੈ ਮਿੱਠੇ ਗੰਨੇ ਦੀ,
ਜੇ ਨਾ ਲਾਏ ਹੋਣ ਤੋਰੀਆਂ, ਕੱਦੂ ਬੰਨੇ ਜੀ,
ਰਹਿ ਜਾਂਦੀ ਬੱਸ ਸਬਜ਼ੀ ਕੌੜ ਕਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਨੇਤਾ, ਜੇਬ੍ਹ ਕਤਰਿਆਂ ਦੀਆਂ ਨੇ ਮੇੜਾਂ ਫਿਰ ਰਹੀਆਂ,
ਤਾਹੀਏਂ ਥਾਂ ਥਾਂ ਸਾਧਾਂ ਦੀਆਂ ਨੇ ਹੇੜਾਂ ਫਿਰ ਰਹੀਆਂ।
ਭਰ ਕੇ ਜੇਬਾਂ ਕਰਦੇ ਜਨਮ ਸੁਹੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁੰਨ ਨਾਲ ਹੈ ਪਾਪ ਤੇ ਮੂਰਖ ਨਾਲ ਗਿਆਨੀ ਜੀ,
ਬਿਜਨਿਸ ਦੇ ਵਿੱਚ ਲਾਭ, ਤੇ ਲਾਭ ਨਾਲ ਹੈ ਹਾਨੀ ਜੀ।
ਗੁਟਕੂੰ ਕਰੇ ਕਬੂਤਰ ਸਹੇ ਗੁਲੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਸਦਕੇ ਜਾਈਏ ਬੇਈਮਾਨਾਂ ਦੀ ਸਰਦਾਰੀ ਦੇ,
ਲੈਣ ਇਹ ਘੋੜੇ ਜੀ ਇਨਾਮ ‘ਚ ਇਮਾਨਦਾਰੀ ਦੇ,
ਇਨ੍ਹਾਂ ਬਾਝੋਂ ਖਾਲੀ ਰਹੇ ਤਬੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁਲਿਸ ਫੌਜ ਤੇ ਨਾ ਕੋਈ ਪਹਿਰੇਦਾਰ ਹੀ ਹੋਣਾ ਸੀ,
ਕੇਵਲ ਸੱਜਣ ਪੁਰਖਾਂ ਦਾ ਦੀਦਾਰ ਹੀ ਹੋਣਾ ਸੀ
ਢਿਚਕੂੰ ਢਿਚਕੂੰ ਕਰਦਾ ਰਹਿੰਦਾ ਠੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੁੱਤੇ ਤਾਈਂ ਕੋਈ ਨਾ ਆਖੇ ਕੁੱਤਾ ਬਣ ਕੁੱਤਿਆ,
ਕਹਿਣ ਬੰਦੇ ਨੂੰ ਬੰਦਾ ਬਣ ਤੂੰ ਐ ਪਾਪੀ ਸੁੱਤਿਆ,
ਠੱਗਾਂ ਕਰਕੇ ਹੈ ਰੁਜਗਾਰ ਗਿਆਨੀ ਗੁਨੀਆ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕਿੰਨੇ ਇੱਥੇ ਧਰਮ ਅਤੇ ਕਿੰਨੇ ਧਰਮ ਦੁਆਰੇ ਨੇ,
ਪਾਪਾਂ ਦੇ ਡਰ ਕਰਕੇ ਹੀ ਚਲਦੇ ਇਹ ਸਾਰੇ ਨੇ,
ਵਿਹਲੜ ਲੁੱਟਦੇ ਸਦਾ ਹੀ ਪੈਸਾ ਧੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦੇ ਚੋਰ ਤਾਂ ਇਹ ਚਤੁਰਾਈਆਂ ਨਾ ਹੁੰਦੀਆਂ,
ਆਸ਼ਕਾਂ ਬਾਝੋਂ ਇੱਥੇ ਚੋਰ ਭਲਾਈਆਂ ਨਾ ਹੁੰਦੀਆ,
ਫਿਰ ਨਾ ਕਿਸੇ ਕਾਲਜੇ ਵੱਜਦਾ ਸੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਠੱਗ ਤੇ ਆਸ਼ਕ ਬੱਝੇ ਆਪਸ ਦੇ ਵਿੱਚ ਡੋਰਾ ਦੇ,
‘ਢਿੱਲੋਂ’ ਕਦੇ ਨਾ ਗੁਝੇ ਰਹਿੰਦੇ ਨੇਤਰ ਚੋਰਾਂ ਦੇ,
ਰੋਜ ਬਦਲਦੇ ਰਹਿੰਦੇ ਰੰਗ ਨਵੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਾ ਇਹ ਮੇਲਾ ਦੁਨੀਆਂ ਦਾ। 

-ਅਮਰਜੀਤ ਸਿੰਘ ਢਿੱਲੋਂ

ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

Leave a Reply

Your email address will not be published.