ਦਲੀਪ ਕੌਰ ਟਿਵਾਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਫ਼ੈਲੋਸ਼ਿਪ ਪ੍ਰਦਾਨ

ਲੁਧਿਆਣਾ। 31 ਜੁਲਾਈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਇਜਲਾਸ ਵਿਚ ਪ੍ਰਸਿੱਧ ਗਲਪਕਾਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦਾ ਸਰਵ-ਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ।  ਫ਼ੈਲੋਸ਼ਿਪ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਸ਼ਾਮਲ ਸਨ।  ਡਾ• ਟਿਵਾਣਾ ਬਾਰੇ ਸਨਮਾਨ ਪੱਤਰ ਪ੍ਰਸਿੱਧ ਨਾਟਕਕਾਰ ਪ੍ਰੋ• ਅਜਮੇਰ ਸਿੰਘ ਔਲਖ ਨੇ ਪੜ੍ਹਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ• ਜੈ ਰੂਪ ਸਿੰਘ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਸ• ਸ• ਜੌਹਲ,  ਪ੍ਰੋ• ਗੁਰਭਜਨ ਸਿੰਘ ਗਿੱਲ ਅਤੇ ਡਾ• ਸੁਖਦੇਵ ਸਿੰਘ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤੇ ਗਏ ਲੇਖਕ ਦਿਲੀਪ ਕੌਰ ਟਿਵਾਣਾ, ਇਕਬਾਲ ਸਿੰਘ ਅਤੇ ਕਰਨੈਲ ਸਿੰਘ ਸੋਮਲ ਦੇ ਨਾਲ ਨਜ਼ਰ ਆ ਰਹੇ ਅਕਾਡਮੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣ

ਇਸ ਸਮੇਂ ਡਾ• ਕਰਨੈਲ ਸਿੰਘ ਸੋਮਲ ਨੂੰ ਉਨ੍ਹਾਂ ਦੀ ਪੁਸਤਕ ‘ਇਸ ਘੋੜੇ ਦੀਆਂ ਵਾਗਾਂ ਫੜੋ’ ਅਤੇ ਇਕਬਾਲ ਸਿੰਘ (ਹਰਿਆਣਾ) ਨੂੰ ‘ਸ਼ੇਰ ਦੀ ਮਾਸੀ’ ਲਈ ‘ਮਾਤਾ ਜਸਵੰਤ ਕੌਰ ਮੌਲਿਕ ਸਰਬੋਤਮ ਬਾਲ ਪੁਸਤਕ ਪੁਰਸਕਾਰ’ ਭੇਟਾ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਵਿਚ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟਾ ਕੀਤਾ ਗਿਆ। ਪ੍ਰੋ• ਪ੍ਰੀਤਮ ਸਿੰਘ ਦੇ ਪਰਿਵਾਰ ਵਲੋਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਸਪੁੱਤਰ ਡਾ• ਜੈ ਰੂਪ ਸਿੰਘ, ਨੂੰਹ ਡਾ• ਪੁਸ਼ਪਿੰਦਰ ਜੈਰੂਪ ਸਿੰਘ, ਅਤੇ ਸਪੁੱਤਰੀ ਡਾ• ਹਰਸ਼ਿੰਦਰ ਕੌਰ ਆਪਣੇ ਪਰਿਵਾਰ ਸਮੇਤ ਸਨਾਮਾਨ ਸਮਾਗਮ ਵਿਚ ਪਹੁੰਚੇ।  ਡਾ. ਐਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਲਾਭ ਸਿੰਘ ਖੀਵਾ ਦੇ ਸੁਝਾਵਾਂ ਦਾ ਸੁਆਗਤ ਕੀਤਾ ਗਿਆ। ਕਰਨੈਲ ਸਿੰਘ ਸੋਮਲ ਬਾਰੇ ਡਾ. ਸਰਬਜੀਤ ਸਿੰਘ ਬੇਦੀ ਅਤੇ ਇਕਬਾਲ ਸਿੰਘ ਬਾਰੇ ਸੁਖਦੇਵ ਮਾਦਪੁਰੀ ਨੇ ਪਰਚੇ ਪੜ੍ਹੇ।

ਜਨਰਲ ਇਜਲਾਸ ਦੇ ਆਰੰਭ ਵਿਚ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੂਰੇ ਸਮਾਗਮ ਨੂੰ ਕੌਮੀ ਸੂਰਮੇ ਸ਼ਹੀਦ ਊਧਮ ਸਿੰਘ ਸਮਰਪਿਤ ਕਰਦਿਆਂ ਪੰਜਾਬੀ ਭਵਨ ਵਿਚ ਜੰਗੇ ਆਜ਼ਾਦੀ ਦੇ ਨਾਇਕਾਂ ਦੀਆਂ ਤਸਵੀਰਾਂ ਦੀ ਇੱਕ ਗੈਲਰੀ ਸਥਾਪਿਤ ਕਰਨ ਦਾ ਐਲਾਨ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ 2010-2011 ਦੀ ਕਾਰਜਕਾਰਨੀ ਦੀ ਰਿਪੋਰਟ ਅਤੇ 2011-2012 ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਜੋ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੌਕੇ ਬਾਰਾਂ ਸਾਲ ਦੇ ਬਾਲ ਲੇਖਕ ਅਜ਼ਲ ਦੁਸਾਂਝ ਨੂੰ ‘ਸੁਪਨੇ ਲੈਂਦੇ ਬੱਚੇ’ ਨਾਟ ਪੁਸਤਕ ਲਿਖਣ ਸਦਕਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਆਨਰੇਰੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ।  ਜਨਰਲ ਕਾਉਂਸਲ ਦੀ ਪ੍ਰਧਾਨਗੀ ਗੁਰਭਜਨ ਸਿੰਘ ਗਿੱਲ, ਡਾ. ਐੱਸ. ਐੱਸ. ਜੌਹਲ, ਡਾ. ਸੁਰਜੀਤ ਪਾਤਰ, ਨਰਿੰਜਨ ਤਸਨੀਮ, ਪਿਆਰਾ ਸਿਘ ਭੋਗਲ ਅਤੇ ਮਿੱਤਰ ਸੈਨ ਮੀਤ ਨੇ ਕੀਤੀ।

 ਜਨਰਲ  ਇਜਲਾਸ ਨੂੰ ਡਾ. ਸੁਰਜੀਤ ਪਾਤਰ, ਮਿੱਤਰ ਸੈਨ ਮੀਤ, ਪਿਆਰਾ ਸਿੰਘ ਭੋਗਲ, ਕਰਮਜੀਤ ਸਿੰਘ ਔਜਲਾ, ਸੁਰਿੰਦਰ ਗਿੱਲ, ਲਾਲ ਸਿੰਘ, ਨਰਿੰਜਨ ਤਸਨੀਮ ਆਦਿ ਨੇ ਸੰਬੋਧਨ ਕੀਤਾ। ਜਨਰਲ  ਇਜਲਾਸ ਵਿਚ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਗਏ

1.    ਪਹਿਲੇ ਮਤੇ ਵਿਚ ਪੱਛਮੀ ਬੰਗਾਲ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਭਾਈਚਾਰੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ‘ਤੇ ਬੰਗਾਲ ਸਰਕਾਰ ਨੂੰ ਵਧਾਈ ਦਿੰਦੀ ਹੈ।

2.    ਦੂਸਰੇ ਮਤੇ ਰਾਹੀਂ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉਤਰਾਖੰਡ ਦੀਆਂ ਸਰਕਾਰਾਂ ਤੋਂ ਇਨ੍ਹਾਂ ਰਾਜਾਂ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਮਾਨਤਾ ਦੇ ਕੇ ਇਸ ਨੂੰ ਸਕੂਲਾਂ ਵਿਚ ਪੜ੍ਹਾਉਣ ਦਾ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

3.    ਤੀਸਰੇ ਮਤੇ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੀ ਧਰਤੀ ਉਪਰ ਬਣਨ ਵਾਲੇ ਹਰ ਸਕੂਲ ਵਿਚ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਪੜ੍ਹਾਇਆ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਪੜ੍ਹਾਉਣ ਲਈ ਸਿੱਖਿਅਤ ਪੰਜਾਬੀ ਅਧਿਆਪਕਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ।

4.    ਚੌਥੇ ਮਤੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਤੋਂ  ਮੰਗ ਕੀਤੀ ਗਈ ਕਿ ਚੰਡੀਗੜ੍ਹ ‘ਤੇ ਪੰਜਾਬੀਆਂ ਦਾ ਜੱਦੀ ਹੱਕ ਹੋਣ ਕਰਕੇ ਇਥੋਂ ਦੀ ਦਫ਼ਤਰੀ ਭਾਸ਼ਾ ਪੰਜਾਬੀ ਐਲਾਨੀ ਜਾਵੇ। ਇਸ ਸਬੰਧੀ ਪੰਜਾਬ ਸਰਕਾਰ ਵੀ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੂੰ ਭੇਜ ਚੁੱਕੀ ਹੈ। ਪੰਜਾਬ ਸਰਕਾਰ ਨੂੰ ਵੀ ਆਪਣੇ ਪਾਸ ਕੀਤੇ ਮਤੇ ‘ਤੇ ਸੰਜੀਦਗੀ ਨਾਲ ਇਸ ਪਹਿਲ ਕਦਮੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

5.    ਪੰਜਾਵੇਂ ਮਤੇ ਵਿਚ ਅਕਾਡਮੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਪੰਜਾਬੀ ਅਤੇ ਹੋਰ ਜ਼ਬਾਨਾਂ ਦੇ ਲੇਖਕਾਂ, ਪੱਤਰਕਾਰਾਂ, ਸ਼ਾਇਰਾਂ, ਰੰਗਮੰਚ ਕਲਾਕਾਰਾਂ ਅਤੇ ਕੋਮਲ ਕਲਾਵਾਂ ਨਾਲ ਸਬੰਧਿਤ ਵਰਗਾਂ ਨੂੰ ਗਰੁੱਪ ਬੀਮਾ ਸਕੀਮ ਅਧੀਨ ਲਿਆਂਦਾ ਜਾਵੇ ਤਾਂ ਜੋ ਬੀਮਾਰੀ ਦੀ ਅਵਸਥਾ ਵੇਲੇ ਕਿਸੇ ਨੂੰ ਵੀ ਹੱਥ ਨਾ ਅੱਡਣਾ ਪਵੇ।

      ਜਨਰਲ ਇਜਲਾਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਡੇਢ ਸੌ ਤੋਂ ਵੱਧ ਮੈਂਬਰ ਸ਼ਾਮਲ ਹੋਏ ਜਿਨ੍ਹਾਂ ਵਿਚ ਡਾ. ਅਨੂਪ ਸਿੰਘ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ  ਕੈਲੇ, ਕੁਲਦੀਪ ਸਿੰਘ ਬੇਦੀ, ਡਾ. ਸਰੂਪ ਸਿੰਘ ਅਲੱਗ, ਡਾ• ਸੁਦਰਸ਼ਨ ਗਾਸੋ, ਡਾ• ਨਿਰਮਲ ਜੌੜਾ, ਸੁਰਿੰਦਰ ਰਾਮਪੁਰੀ, ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਸਰਬਜੀਤ ਸਿੰਘ, ਪ੍ਰੋ• ਰਵਿੰਦਰ ਭੱਠਲ, ਕਰਮ ਸਿੰਘ ਵਕੀਲ, ਡੀ. ਪੀ. ਸਿੰਘ, ਈਸ਼ਵਰ ਸਿੰਘ ਸੋਬਤੀ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੀਤਮ ਪੰਧੇਰ, ਗੁਰਨਾਮ ਕੰਵਰ, ਗਗਨ ਦੀਪ ਸ਼ਰਮਾ, ਗੁਰਪ੍ਰੀਤ ਸਿੰਘ ਨਾਮਧਾਰੀ, ਅਜੀਤ ਪਿਆਸਾ, ਹਰਭਜਨ ਸਿੰਘ ਬਾਜਵਾ, ਪਵਨ ਹਰਚੰਦਪੁਰੀ, ਤਰਲੋਚਨ ਸਿੰਘ ਨਾਟਕਕਾਰ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਹਰਬੀਰ ਸਿੰਘ ਭੰਵਰ, ਕਰਮਜੀਤ ਸਿੰਘ ਔਜਲਾ, ਡਾ. ਬਲਕਾਰ ਸਿੰਘ, ਗੁਰਮੀਤ ਕੜਿਆਲਵੀ, ਸੀ. ਮਾਰਕੰਡਾ, ਗੁਲਜ਼ਾਰ ਸਿੰਘ ਸੌਂਕੀ, ਸਵਰਨਜੀਤ ਕੌਰ ਗਰੇਵਾਲ, ਗੁਰਚਰਨ ਕੌਰ ਕੋਚਰ, ਪਿਆਰਾ ਸਿੰਘ ਭੋਗਲ, ਜਸਦੇਵ ਸਿੰਘ ਧਾਲੀਵਾਲ, ਦਲਬੀਰ ਲੁਧਿਆਣਵੀ, ਡਾ. ਐੱਸ. ਤਰਸੇਮ, ਸਰਦਾਰ ਪੰਛੀ, ਡੀ. ਆਰ. ਧਵਨ, ਨਿਰਮਲ ਅਰਪਣ, ਅਮਰੀਕ ਗਿੱਲ (ਮੁੰਬਈ), ਰਾਜ ਕੁਮਾਰ ਗਰਗ, ਸਤਵੰਤ ਸਿੰਘ ਮਰਵਾਹਾ, ਬਾਬੂ ਸਿੰਘ ਚੌਹਾਨ, ਕੇਵਲ ਕਲੋਟੀ, ਗੁਰਸ਼ਰਨ ਸਿੰਘ ਨਰੂਲਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com