ਨੌਜਵਾਨ ਵਾਰਤਕ ਲੇਖਕਾਂ ਦਾ ਸਨਮਾਨ

ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਵੱਲੋਂ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਦੇ ਮੌਕੇ 26 ਅਪ੍ਰੈਲ 2014 ਨੂੰ ਪ੍ਰੀਤਨਗਰ ਦੇ ਪ੍ਰੀਤ ਭਵਨ ਵਿਖੇ ਨੌਜਵਾਨ ਲੇਖਕਾਂ ਲਈ ਪਹਿਲਾ ਵਾਤਰਕ ਪੁਰਸਕਾਰ ਸਮਾਗਮ ਕਰਵਾਇਆ ਗਿਆ। ਅਰੰਭ ਵਿਚ ਅਕਾਡਮੀ ਦੇ ਸਕੱਤਰ ਜਸਵੰਤ ਸਿੰਘ ਜ਼ਫ਼ਰ ਨੇ ਇਹਨਾਂ ਪੁਰਸਕਾਰਾਂ ਦੇ ਮੰਤਵ, ਪਿਛੋਕੜ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਹ ਹਜ਼ਾਰ ਰੁਪਏ ਦਾ ਪਹਿਲਾ ਪੁਰਸਕਾਰ ਹਰਮਨਜੀਤ ਸਿੰਘ, ਤੀਹ ਹਜ਼ਾਰ ਰੁਪਏ ਦਾ ਦੂਜਾ ਪੁਰਸਕਾਰ ਸੋਹਜ ਦੀਪ, ਵੀਹ ਹਜ਼ਾਰ ਰੁਪਏ ਦਾ ਤੀਜਾ ਪੁਰਸਕਾਰ ਅਮਨਦੀਪ ਕੌਰ ਨੂੰ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਹਰਪ੍ਰੀਤ ਕੌਰ ਰਡਿਆਲਾ, ਨਵੀ ਨਿਰਮਾਣ ਅਤੇ ਮਨਜੀਤ ਕੌਰ ਨੂੰ ਦਸ-ਦਸ ਹਜ਼ਾਰ ਰੁਪਏ ਦੇ ਵਿਸ਼ੇਸ਼ ਪੁਰਸਕਾਰ ਦਿੱਤੇ ਗਏ। ਨੌਜਵਾਨ ਵਾਤਰਕ ਪੁਰਸਕਾਰ ਲਈ ਰਚਨਾਵਾਂ ਭੇਜਣ ਵਾਲੇ ਸਾਰੇ ਨਵ-ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 
 
ਇਸ ਮੌਕੇ ਤੇ ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੀਤਨਗਰ ਦੇ ਇਤਿਹਾਸ, ਸਭਿਆਚਾਰ ‘ਤੇ ਸਰਗਰਮੀਆਂ, ਇਸ ਨਾਲ ਜੁੜੀਆਂ ਮਹਾਨ ਸ਼ਖ਼ਸੀਅਤਾਂ ਅਤੇ ਪ੍ਰੀਤਲੜੀ ਰਸਾਲੇ ਦੇ ਪ੍ਰਭਾਵਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਡਮੀ ਨੇ ਨੌਜਵਾਨ ਵਾਰਤਕ ਲੇਖਕਾਂ ਨੂੰ ਪੁਰਸਕਾਰ ਦੇਣ ਲਈ ਇਹ ਦਿਨ ਅਤੇ ਥਾਂ ਦੀ ਚੋਣ ਕਰਕੇ ਪੁਰਸਕਾਰ ਦਾ ਮਹੱਤਵ ਵਧਾ ਦਿੱਤਾ ਹੈ। ਸੁਖਦੇਵ ਸਿੰਘ ਖਹਿਰਾ ਨੇ ਗੁਰਬਖਸ਼ ਸਿੰਘ (ਪ੍ਰੀਤਲੜੀ) ਵਲੋਂ ਪੰਜਾਬੀ ਸਾਹਿਤ, ਸੂਝ ਅਤੇ ਸੋਹਝ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਬਾਰੇ ਭਾਸ਼ਨ ਦਿੱਤਾ। ਉਹਨਾਂ ਦੱਸਿਆ ਕਿ ਜਦੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅਮਰੀਕਾ ਤੋਂ ਆ ਕੇ ਆਪਣੇ ਗਿਆਨ, ਅਨੁਭਵ ਅਤੇ ਵਿਚਾਰਾਂ ਨੂੰ ਲਿਖਤਾਂ ਰਾਹੀਂ ਪ੍ਰਗਟ ਕਰਕੇ ਜਗੀਰੂ ਕਦਰਾਂ ਕੀਮਤਾਂ ਵਾਲੇ ਬੰਦ ਪੰਜਾਬੀ ਸਮਾਜ ਨੂੰ ਖੋਲ੍ਹਣਾ ਸ਼ੁਰੂ ਕੀਤਾ। ਉਹਨਾਂ ਸਾਰੀ ਉਮਰ ਆਦਰਸ਼ ਪੰਜਾਬੀ ਬੰਦੇ, ਸਮਾਜ, ਰਿਸ਼ਤਾ-ਨਾਤਾ ਪ੍ਰਬੰਧ ਅਤੇ ਆਦਰਸ਼ ਕਦਰਾਂ ਕੀਮਤਾਂ ਦਾ ਸੁਪਨਾ ਲਿਆ ਅਤੇ ਇਸ ਸੁਪਨੇ ਨੂੰ ਅਮਲੀ ਰੂਪ ਦੇਣ ਲਈ ਹਮੇਸ਼ਾ ਕਾਰਜਸ਼ੀਲ ਰਹੇ। ਉਨ੍ਹਾਂ ਕਿਹਾ ਕਿ ਅਜੋਕੇ ਮਾਨਸਿਕ ਵਿਗਾੜਾਂ ਅਤੇ ਉਦਾਸੀਆਂ ਵਾਲੇ ਦਿਨਾਂ ਵਿਚ ਪ੍ਰੀਤਲੜੀ ਵਾਲੀ ਜੀਵਨ ਸ਼ੈਲੀ ਅਤੇ ਕਦਰਾਂ ਕੀਮਤਾਂ ਦੀ ਸਾਰਥਕਤਾ ਹੋਰ ਵੀ ਜ਼ਿਆਦਾ ਹੈ। ਇਸ ਵਾਰਤਕ ਪੁਰਸਕਾਰ ਵਿਚ ਨਿਰਣਾਇਕ ਦੀ ਭੂਮਿਕਾ ਨਿਭਾਉਣ ਵਾਲੇ ਹਰਪਾਲ ਸਿੰਘ ਪੰਨੂ ਨੇ ਪ੍ਰੀਤਲੜੀ ਅਤੇ ਬਾਲ ਸੰਦੇਸ਼ ਨਾਲ ਆਪਣੇ ਸੰਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਬਹੁਤ ਸੰਭਾਵਨਾਵਾਂ ਹਨ ਪਰ ਉਨ੍ਹਾਂ ਨੂੰ ਲਗਾਤਾਰ ਲਿਖਦੇ ਰਹਿਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਨਿਰਮਲ ਦੱਤ ਨੇ ਕਿਹਾ ਕਿ ਮਾਇਕ ਤੰਗੀਆਂ ਦੇ ਬਾਵਜੂਦ ਅਕਾਡਮੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਕਮੀ ਨਹੀਂ ਆਉਣ ਦੇਵੇਗੀ। ਓਮਾ ਗੁਰਬਖ਼ਸ਼ ਸਿੰਘ ਨੇ ਇਹ ਸਮਾਗਮ ਪ੍ਰੀਤਨਗਰ ਵਿਖੇ ਕਰਵਾਉਣ ਲਈ ਅਕਾਡਮੀ ਦੀ ਪ੍ਰਸੰਸਾ ਕੀਤੀ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ। ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਅਤੇ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਪੰਜਾਬ ਵਿਚ ਸਿਰਜਣਾਤਮਕਤਾ ਨੂੰ ਸੰਭਾਲਣ ਲਈ ਨੌਜਵਾਨਾਂ ਨੂੰ ਸਾਹਿਤ ਅਤੇ ਕਲਾ ਨਾਲ ਜੋੜਨਾ ਲੋੜੀਂਦਾ ਹੈ। ਪੰਜਾਬ ਦੇ ਇਤਿਹਾਸ ਅਤੇ ਸਮਾਜ ਨਾਲ ਜੁੜੇ ਬਹੁਤ ਸਾਰੇ ਸਵਾਲ ਅਤੇ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਪੰਜਾਬੀ ਨੌਜਵਾਨਾਂ ਦੇ ਸਨਮੁੱਖ ਰੱਖਣ ਦੇ ਮੰਤਵ ਲਈ ਅਕਾਡਮੀ ਨੇ ਇਹ ਵਾਰਤਕ ਪੁਰਸਕਾਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਗੰਭੀਰ ਦਾਰਸ਼ਨਿਕ ਸਵਾਲਾਂ ਨੂੰ ਸੰਬੋਧਿਤ ਹੋਣ ਵਾਲੀਆਂ ਵਾਰਤਕ ਰਚਨਾਵਾਂ ਦੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਲੇਖਕ ਵਾਰਤਕ ਰਚਨਾ ਵੱਲ ਆਉਣਗੇ ਤਾਂ ਪੰਜਾਬੀ ਵਿਚ ਬੌਧਿਕ ਸਰਮਾਇਆ ਪੈਦਾ ਹੋਵੇਗਾ। ਸਮਾਗਮ ਦੇ ਅਖ਼ੀਰ ਉੱਤੇ ਹਿਰਦੈਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਉਚੇਰੇ ਮੰਤਵ ਅਤੇ ਸਾਰਥਕਤਾ ਭਰਪੂਰ ਲਿਖਤਾਂ ਦੀ ਰਚਨਾ ਕਰਨੀ ਚਾਹੀਦੀ ਹੈ। ਇਸ ਸਮੇਂ ਨਾਨਕ ਸਿੰਘ ਦੇ ਸਪੁੱਤਰਾਂ ਕੰਵਲਜੀਤ ਸਿੰਘ ਸੂਰੀ ਅਤੇ ਕੁਲਬੀਰ ਸਿੰਘ ਸੂਰੀ ਨੇ ਬੰਸਰੀ ਵਾਦਨ ਪੇਸ਼ ਕੀਤਾ। ਇਸ ਸਮਾਗਮ ਵਿਚ ਅਕਾਡਮੀ ਦੇ ਮੀਤ ਪ੍ਰਧਾਨ ਸਰਬਜੀਤ ਕੌਰ ਸੋਹਲ, ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਅਤੇ ਅਰਤਿੰਦਰ ਕੌਰ ਸੰਧੂ ਤੋਂ ਇਲਾਵਾ ਜੁਗਿੰਦਰ ਸਿੰਘ ਕੈਰੋਂ, ਸੰਤੋਖ ਸਿੰਘ ਸ਼ਹਰਯਾਰ, ਪੂਨਮ, ਡਾ.ਦਰਿਆ, ਸੁਖਵਿੰਦਰ ਅੰਮ੍ਰਿਤ, ਪਰਵੀਨ ਹਿਰਦੈਪਾਲ, ਰਾਜਵੰਤ ਕੌਰ ਮਾਨ, ਹਰਭਜਨ ਬਾਜਵਾ, ਭੁਪਿੰਦਰ ਕੌਰ ਪਾਤਰ, ਬਲਬੀਰ ਕੌਰ ਪੰਧੇਰ ਵੀ ਸ਼ਾਮਿਲ ਹੋਏ।

Comments

Leave a Reply


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com