ਪੰਜਾਬੀ ਸਾਹਿਤ ਅਕਾਡਮੀ ਚੋਣਾਂ । ਚੋਣ ਲੜ ਰਹੇ ਲੇਖਕਾਂ ਦੀ ਸੂਚੀ

ਭੱਠਲ ਤੇ ਗਿੱਲ ਵਿਚਾਲੇ ਪ੍ਰਧਾਨਗੀ ਲਈ ਮੁਕਾਬਲੇ?
ਸਾਰੇ ਅਹੁਦਿਆਂ ਲਈ ਰਿਕਾਰਡ ਤੋੜ 5 ਦਰਜਨ ਤੋਂ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤ
ਪ੍ਰਧਾਨ ਲਈ 9 ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਲਈ 8-8 ਉਮੀਦਵਾਰ ਨੇ ਦਾਖ਼ਲ ਕੀਤੇ ਪਰਚੇ

ਲੁਧਿਆਣਾ, 5 ਅਪ੍ਰੈਲ (ਦੀਪ ਜਗਦੀਪ ਸਿੰਘ): ਲੇਖਕਾਂ ਦੀ ਵੱਕਾਰੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿਚ ਇਸ ਵਾਰ ਗਹਿ-ਗੱਚ ਮੁਕਾਬਲਾ ਹੋਣ ਦੇ ਆਸਾਰ ਲੱਗ ਰਹੇ ਹਨ, ਕਿਉਂਕਿ ਪ੍ਰਧਾਨਗੀ ਦੇ ਅਹੁਦੇ ਲਈ ੯ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ ਜਦ ਕਿ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ੮-੮ ਉਮੀਦਵਾਰ ਚੋਣ ਮੈਦਾਨ ਵਿਚ ਹਨ। ਭਾਵੇਂ ਕਿ ਚੋਣ ਮੈਦਾਨ ਵਿਚ ਅਸਲ ਵਿਚ ਕਿੰਨੇ ਅਤੇ ਕਿਹੜੇ ਉਮੀਦਵਾਰ ਰਹਿਣਗੇ ਇਸ ਦਾ ਫ਼ੈਸਲਾ ਸ਼ਨਿੱਚਵਾਰ ੭ ਅਪ੍ਰੈਲ ਬਾਅਦ ਦੁਪਹਿਰ ਨਾਮਜ਼ਦੀਆਂ ਵਾਪਸ ਲੈਣ ਤੋਂ ਬਾਅਦ ਹੋਵੇਗਾ, ਪਰ ਸਾਬਕਾ ਜਨਰਲ ਸਕੱਤਰ ਡਾ. ਰਵਿੰਦਰ ਭੱਠਲ ਅਤੇ ਨਾਮਵਰ ਆਲੋਚਕ ਡਾ. ਤੇਜਵੰਤ ਸਿੰਘ ਗਿੱਲ ਵਿਚਾਲੇ ਪ੍ਰਧਾਨਗੀ ਲਈ ਮੁਕਾਬਲਾ ਲਗਪਗ ਤੈਅ ਨਜ਼ਰ ਆ ਰਿਹਾ ਹੈ। ਡਾ. ਰਵਿੰਦਰ ਭੱਠਲ ਨੂੰ ਦੋ ਵਾਰ ਪ੍ਰਧਾਨ ਰਹਿ ਚੁੱਕੇ ਡਾ. ਗੁਰਭਜਨ ਗਿੱਲ ਦੇ ਧੜੇ ਦਾ ਸਮਰਥਨ ਪ੍ਰਾਪਤ ਹੈ, ਜਦ ਕਿ ਡਾ. ਤੇਜਵੰਤ ਗਿੱਲ ਨੂੰ ਪ੍ਰਧਾਨਗੀ ਵਿਚ ਲਿਆਉਣ ਵਿੱਚ ਵੱਡੀ ਭੂਮਿਕਾ ਖੱਬੀ ਧਿਰ ਦੇ ਲੇਖਕਾਂ ਦੇ ਨਾਲ-ਨਾਲ ਪੰਜਾਬ ਕਲਾ ਪ੍ਰੀਸ਼ਦ ਦੇ ਮੌਜੂਦਾ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਤਿੰਨ ਵਾਰ ਪ੍ਰਧਾਨ ਰਹੇ ਡਾ. ਸੁਰਜੀਤ ਪਾਤਰ ਦਾ ਸਮਰਥਨ ਵੀ ਹਾਸਲ ਹੈ। ਅਜਿਹੇ ਵਿੱਚ ਕੀ ਡਾ. ਗੁਰਭਜਨ ਗਿੱਲ ਦੀ ਟੀਮ ਡਾ. ਸੁਰਜੀਤ ਪਾਤਰ ਦਾ ਸਮਰਥਨ ਪ੍ਰਾਪਤ ਧਿਰ ਨਾਲ ਕੋਈ ਸਮਝੌਤਾ ਕਰਕੇ ਪ੍ਰਧਾਨਗੀ ਦੇ ਅਹੁਦੇ ‘ਤੇ ਸਰਬ-ਸੰਮਤੀ ਬਣਾਉਂਦੀ ਹੈ ਜਾਂ ਨਹੀਂ, ਇਨ੍ਹਾਂ ਚੋਣਾਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ।

ਜਿੱਥੇ ਪ੍ਰਧਾਨਗੀ ਦੇ ਅਹੁਦੇ ਲਈ ਮੁਕਾਬਲਾ ਸਿੱਧੀ ਦੋ ਪਾਸੜ ਟੱਕਰ ਵਾਲਾ ਬਣਦਾ ਨਜ਼ਰ ਆ ਰਿਹਾ ਹੈ, ਉੱਥੇ ਜਨਰਲ ਸਕੱਤਰ ਦੇ ਅਹੁਦੇ ਲਈ ਕਾਫ਼ੀ ਗਹਿਗੱਚ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਵੈਸੇ ਤਾਂ ਮੌਜੂਦਾ ਜਨਰਲ ਸਕੱਤਰ ਡਾ. ਸੁਰਜੀਤ ਨੇ ਨਾਮਜ਼ਦਗੀ ਪ੍ਰਧਾਨ ਦੇ ਅਹੁਦੇ ਲਈ ਵੀ ਦਾਖ਼ਲ ਕੀਤੀ ਹੈ, ਪਰ ਪੂਰੀ ਸੰਭਾਵਨਾ ਹੈ ਕਿ ਉਹ ਇਕ ਵਾਰ ਫੇਰ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜਣਗੇ। ਪਿਛਲੀ ਵਾਰ ਉਹ ਇਹ ਅਹੁਦਾ ਸਰਬ-ਸੰਮਤੀ ਨਾਲ ਜਿੱਤ ਗਏ ਸਨ, ਪਰ ਇਸ ਵਾਰ ਜਿੱਤ ਉਨ੍ਹਾਂ ਲਈ ਇੰਨੀ ਆਸਾਨ ਨਹੀਂ ਹੋਵੇਗੀ। ਮੌਜੂਦਾ ਮੀਤ ਪ੍ਰਧਾਨ ਸੁਰਿੰਦਰ ਕੈਲੇ ਜਨਰਲ ਸਕੱਤਰ ਦੇ ਅਹੁਦੇ ਦੀ ਚੋਣ ਲੜਨ ਲਈ ਬਜਿੱਦ ਹਨ। ਉਨ੍ਹਾਂ ਕੋਲ ਪਿਛਲੇ ਅਰਸੇ ਦੌਰਾਨ ਆਪਣੀ ਸੂਝ-ਬੂਝ ਨਾਲ ਅਕਾਡਮੀ ਦਾ ਹਿਸਾਬ-ਕਿਤਾਬ ਦਰੁੱਸਤ ਕਰਾਉਣ, ਅਕਾਡਮੀ ਦੇ ਵਿੱਤੀ ਖ਼ਾਤੇ ਸੰਭਾਲਣ, ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਲੱਖਾਂ ਰੁਪਈਆਂ ਦੀਆਂ ਦੇਣਦਾਰੀਆਂ ਹਾਸਲ ਕਰਕੇ ਅਕਾਡਮੀ ਦਾ ਖ਼ਜ਼ਾਨਾ ਭਰਨ ਅਤੇ ਸਾਈਂ ਮੀਆਂ ਮੀਰ ਭਵਨ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਣ ਵਰਗੇ ਜ਼ਿਕਰਯੋਗ ਕਾਰਜ ਦੱਸਣਯੋਗ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਦੀ ਦਾਅਵੇਦਾਰੀ ਹੋਰ ਵੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਦੌਰਾਨ ਅਕਾਡਮੀ ਦੇ ਸੀਨੀਅਰ ਮੈਂਬਰ ਨਾਵਲਕਾਰ ਮਿੱਤਰ ਸੈਨ ਮੀਤ ਵੱਲੋਂ ਲਗਾਤਾਰ ਵਿੱਤੀ ਅਤੇ ਸੰਵਿਧਾਨਕ ਬੇਨਿਯਮੀਆਂ ਦੇ ਦੋਸ਼ ਲੱਗਦੇ ਰਹੇ ਹਨ। ਮੌਜੂਦਾ ਪ੍ਰਧਾਨ ਡਾ. ਸੁਖਦੇਵ ਸਿੰਘ ਤਾਂ ਆਪਣੀ ਮਿਆਦ ਪੂਰੀ ਕਰਕੇ ਸੁਰਖ਼ਰੂ ਹੋ ਜਾਣਗੇ, ਪਰ ਸ਼੍ਰੀ ਮੀਤ ਵੱਲੋਂ ਚੁੱਕੇ ਸਵਾਲਾਂ ਦੇ ਘੇਰੇ ਵਿਚ ਡਾ. ਸੁਰਜੀਤ ਸਿੰਘ ਦੀ ਚੋਣ ਆ ਸਕਦੀ ਹੈ, ਕਿਉਂਕਿ ਸ਼੍ਰੀ ਮੀਤ ਉਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਨਾ ਦਿੱਤੇ ਜਾਣ ਦੀ ਗੱਲ ਬਾਰ-ਬਾਰ ਕਹਿੰਦੇ ਰਹੇ ਹਨ। ਜਦ ਕਿ ਸ਼੍ਰੀ ਕੈਲੇ ਦਾ ਦਾਅਵਾ ਹੈ ਕਿ ਜੇ ਉਹ ਜਨਰਲ ਸਕੱਤਰ ਦੇ ਅਹੁਦੇ ‘ਤੇ ਆਉਂਦੇ ਹਨ ਤਾਂ ਉਹ ਹਰ ਹਿਸਾਬ ਕਿਤਾਬ ਦੇਣ ਲਈ ਪੂਰੀ ਪਾਰਦਰਸ਼ਤਾ ਨਾਲ ਸਾਹਮਣੇ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹਿਸਾਬ-ਕਿਤਾਬ ਹੁਣ ਵੀ ਠੀਕ ਹੈ ਅਤੇ ਉਨ੍ਹਾਂ ਕੋਲ ਹਰ ਰਿਕਾਰਡ ਮੌਜੂਦ ਹੈ, ਜਿਸ ਨੂੰ ਕੋਈ ਵੀ ਦੇਖ ਸਕਦਾ ਹੈ। ਇਸ ਵਾਰ ਜਨਰਲ ਸਕੱਤਰ ਦੇ ਅਹੁਦੇ ਲਈ ਨਾਰੀ ਲੇਖਕਾਂ ਦਾ ਮੁਕਾਬਲਾ ਵੀ ਦੇਖਣ ਵਾਲਾ ਹੋਵੇਗਾ, ਕਿਉਂਕਿ ਨਾਮਜ਼ਦਗੀ ਦਾਖ਼ਲ ਕਰਨ ਤੋਂ ਤੁਰੰਤ ਬਾਅਦ ਭੁਪਿੰਦਰ ਕੌਰ ਪ੍ਰੀਤ ਨੇ ਆਪਣਾ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਦੀ ਰਹੀ ਸ਼ਾਇਰਾ ਅਤੇ ਕੌਮੀ ਇਨਾਮ ਜੇਤੂ ਅਧਿਆਪਕਾ ਗੁਰਚਰਨ ਕੌਰ ਕੋਚਰ ਵੀ ਇਸ ਅਹੁਦੇ ਉੱਤੇ ਚੋਣ ਮੈਦਾਨ ਵਿਚ ਡਟੇ ਹੋਏ ਹਨ। ਇੰਨਾ ਹੀ ਨਹੀਂ ਤੀਜੇ ਫ਼ਰੰਟ ਦੇ ਉਮੀਦਵਾਰ ਦੇ ਤੌਰ ‘ਤੇ ਨਾਵਲਕਾਰ ਅਤੇ ਲਕੀਰ ਦੇ ਸੰਪਾਦਕ ਦੇਸ ਰਾਜ ਕਾਲੀ ਵੀ ਪੂਰੀ ਤਰ੍ਹਾਂ ਡਟੇ ਹੋਏ ਹਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਨੂਪ ਸਿੰਘ ਦਮਦਾਰ ਦਾਅਵੇਦਾਰ ਹਨ, ਕਿਉਂਕਿ ਪਿਛਲੀਆਂ ਚੋਣਾਂ ਵਿਚ ਉਹ ਬਿਨਾਂ ਕਿਸੇ ਪ੍ਰਚਾਰ ਦੇ ਹੀ ਵੱਡੇ ਫ਼ਰਕ ਨਾਲ ਇਹ ਅਹੁਦਾ ਜਿੱਤ ਚੁੱਕੇ ਹਨ। ਉਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਦਾ ਅਹੁਦਾ ਵੀ ਜਿੱਤ ਚੁੱਕੇ ਹਨ। ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਸੰਧੂ ਵੀ ਸਾਫ਼-ਸੁਥਰੀ ਸਾਖ਼ ਵਾਲੇ ਉਮੀਦਵਾਰ ਹਨ।

ਚੋਣ ਮੁਕਾਬਲੇ ਦੀ ਅੰਤਿਮ ਸਥਿਤੀ ਦਾ ਫ਼ੈਸਲਾ ੭ ਅਪ੍ਰੈਲ ਨੂੰ ਦੁਪਹਿਰ ਤੋਂ ਬਾਅਦ ਹੀ ਸਾਫ਼ ਹੋਵੇਗਾ, ਪਰ ਮੁਕਾਬਲਾ ਦਿਲਚਸਪ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ। ਵੈਸੇ ਵੀ ਇੰਨੀ ਵੱਡੀ ਗਿਣਤੀ ਵਿਚ ਨਾਮਜ਼ਦੀਆਂ ਦਾ ਆਉਣਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਗਿਣਤੀ ਸਾਫ਼ ਜ਼ਾਹਰ ਕਰਦੀ ਹੈ ਕਿ ਵੱਖ-ਵੱਖ ਧੜਿਆਂ ਵਿਚ ਵੱਡੇ ਪੱਧਰ ਦੀ ਜੋੜ-ਤੋੜ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਬਹੁਤ ਸਾਰੇ ਧੜਿਆਂ ਵਿਚ ਵੱਖ-ਵੱਖ ਅਹੁਦਿਆਂ ਲਈ ਨਾਮਾਂ ਉੱਤੇ ਸਹਿਮਤੀ ਨਹੀਂ ਹੈ, ਜਿਸ ਕਰਕੇ ਬਹੁਤ ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਕੇ ਅਹੁਦਿਆਂ ‘ਤੇ ਆਪਣੀ ਉਮੀਦਵਾਰੀ ਦਾ ਦਾਅਵਾ ਜਤਾਇਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਨਾਮਜ਼ਦਗੀਆਂ ਵੱਖ-ਵੱਖ ਧੜਿਆਂ ਵਿਚਾਲੇ ਅਹੁਦਿਆਂ ਦੇ ਲੈਣ-ਦੇਣ ਅਤੇ ਆਪਣੇ ਧੜੇ ਦੇ ਲੇਖਕਾਂ ਨੂੰ ਅਹੁਦਿਆਂ ‘ਤੇ ਪੱਕੇ ਕਰਨ ਲਈ ਵੀ ਭਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਨਾਮਜ਼ਦਗੀ ਵਾਪਸੀ ਦੇ ਪੱਤਰ ਵੀ ਧੜੇ ਦੇ ਆਗੂਆਂ ਵੱਲੋਂ ਲਿਖਵਾ ਲਏ ਜਾਂਦੇ ਹਨ ਅਤੇ ਸਮਝੌਤਿਆਂ ਵੇਲੇ ਬਣਦੇ-ਵਿਗੜਦੇ ਸਮੀਕਰਨਾਂ ਦੇ ਆਧਾਰ ‘ਤੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਜਾਂਦੀਆਂ ਹਨ ਜਾਂ ਪੱਕੀਆਂ ਕਰ ਲਈਆਂ ਜਾਂਦੀਆਂ ਹਨ। ਦਾਖ਼ਲ ਹੋਈਆਂ ਨਾਮਜ਼ਦਗੀਆਂ ਦੀ ਸੂਚੀ ਜਾਰੀ ਕਰਦਿਆਂ ਮੁੱਖ ਚੋਣ ਅਧਿਕਾਰੀ ਮਲਕੀਤ ਸਿੰਘ ਔਲਖ ਨੇ ਕਿਹਾ ਕਿ ੭ ਤਰੀਕ ਸ਼ਾਮ ੪ ਵਜੇ ਤੱਕ ਨਾਮ ਵਾਪਸੀ ਦਾ ਪੱਤਰ ਉਮੀਦਵਾਰ ਨੂੰ ਆਪ ਆ ਕੇ ਦਾਖ਼ਲ ਕਰਨਾ ਪਵੇਗਾ। ਉਸ ਤੋਂ ਬਾਅਦ ਕਿਸੇ ਦੀ ਵੀ ਵਾਪਸੀ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਅਤੇ ਅੰਤਮ ਚੋਣ ਵਿਚ ਨਾਮ ਨਾ ਵਾਪਸ ਲੈਣ ਵਾਲੇ ਹਰ ਉਮੀਦਵਾਰ ਦਾ ਨਾਮ ਸ਼ਾਮਲ ਮੰਨਿਆ ਜਾਵੇਗਾ। ੧੫ ਅਪ੍ਰੈਲ ਨੂੰ ਹੋਣ ਵਾਲੀ ਚੋਣ ਲਈ ਚਾਰ ਬੂਥ ਲਾਏ ਜਾਣਗੇ ਅਤੇ ਪੰਜਾਬੀ ਭਵਨ ਦੀ ਹੱਦ ਅੰਦਰ ਚੋਣ ਪ੍ਰਚਾਰ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਖ਼ਿਲਾਫ਼ ਸੰਵਿਧਾਨਕ ਕਾਰਵਾਈ ਵੀ ਕੀਤੀ ਜਾਵੇਗੀ। ਬਾਅਦ ਦੁਪਹਿਰ ਤੱਕ ਮੀਡੀਆ ਨੂੰ ਨਾਮਜ਼ਦਗੀਆਂ ਦੇ ਨਾਮਾਂ ਦੀ ਸੂਚੀ ਜਾਰੀ ਕਰਨ ਬਾਰੇ ਵੀ ਸ਼ਸ਼ੋਪੰਜ ਦੀ ਸਥਿਤੀ ਬਣੀ ਰਹੀ, ਪਰ ਆਖ਼ਰ ਕੁਝ ਮੈਂਬਰਾਂ ਦੇ ਦਖ਼ਲ ਦੇਣ ‘ਤੇ ਨਾਮਾਂ ਦੀ ਸੂਚੀ ਮੀਡੀਆ ਨੂੰ ਰਸਮੀ ਤੌਰ ‘ਤੇ ਜਾਰੀ ਕਰ ਦਿੱਤੀ ਗਈ। 

 
ਵੱਖ-ਵੱਖ ਅਹੁਦਿਆਂ ਲਈ ਨਾਮਜ਼ਦੀਆਂ ਦੀ ਸੂਚੀ ਇਸ ਪ੍ਰਕਾਰ ਹੈ-

ਪ੍ਰਧਾਨ
ਸ੍ਰੀ ਦਰਸ਼ਨ ਬੁੱਟਰ
ਸ੍ਰੀ ਹਰਮੀਤ ਵਿਦਿਆਰਥੀ
ਡਾ. ਅਨੂਪ ਸਿੰਘ
ਪ੍ਰੋ. ਰਵਿੰਦਰ ਭੱਠਲ
ਸ੍ਰੀ ਸੁਰਿੰਦਰ ਕੈਲੇ
ਡਾ. ਤੇਜਵੰਤ ਸਿੰਘ ਗਿੱਲ
ਡਾ. ਕਰਮਜੀਤ ਸਿੰਘ
ਡਾ. ਸੁਰਜੀਤ ਸਿੰਘ
ਸ੍ਰੀ ਸੁਖਜੀਤ

ਸੀਨੀਅਰ ਮੀਤ ਪ੍ਰਧਾਨ
ਡਾ. ਗੁਰਚਰਨ ਕੌਰ ਕੋਚਰ
ਸ੍ਰੀ ਦਰਸ਼ਨ ਬੁੱਟਰ
ਡਾ. ਅਨੂਪ ਸਿੰਘ
ਸ੍ਰੀ ਤ੍ਰੈਲੋਚਨ ਲੋਚੀ
ਸ੍ਰੀ ਸੁਰਿੰਦਰ ਕੈਲੇ
ਸ੍ਰੀ ਹਰਮੀਤ ਵਿਦਿਆਰਥੀ
ਸ. ਭੁਪਿੰਦਰ ਸਿੰਘ ਸੰਧੂ
ਡਾ. ਜੋਗਿੰਦਰ ਸਿੰਘ ਨਿਰਾਲਾ

ਜਨਰਲ ਸਕੱਤਰ
ਸ੍ਰੀ ਸੁਰਿੰਦਰ ਕੈਲੇ
ਡਾ. ਸੁਰਜੀਤ ਸਿੰਘ
ਡਾ. ਗੁਲਜ਼ਾਰ ਸਿੰਘ ਪੰਧੇਰ
ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ
ਡਾ. ਗੁਰਚਰਨ ਕੌਰ ਕੋਚਰ
ਡਾ. ਗੁਰਇਕਬਾਲ ਸਿੰਘ
ਸ੍ਰੀ ਦੇਸ ਰਾਜ ਕਾਲੀ
ਡਾ. ਅਨੂਪ ਸਿੰਘ

ਮੀਤ ਪ੍ਰਧਾਨ
ਡਾ. ਸਰੂਪ ਸਿੰਘ ਅਲੱਗ
ਡਾ. ਹਰਵਿੰਦਰ ਸਿੰਘ (ਪੰਜਾਬ ਤੇ ਚੰਡੀਗੜ੍ਹੋਂ ਬਾਹਰ)
ਸ. ਸਹਿਜਪ੍ਰੀਤ ਸਿੰਘ ਮਾਂਗਟ
ਸ. ਮਨਜਿੰਦਰ ਸਿੰਘ ਧਨੋਆ
ਡਾ. ਭਗਵੰਤ ਸਿੰਘ
ਸ੍ਰੀ ਭੁਪਿੰਦਰ
ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ
ਸ੍ਰੀ ਖੁਸ਼ਵੰਤ ਬਰਗਾੜੀ
ਸ੍ਰੀ ਭਗਵੰਤ ਰਸੂਲਪੁਰੀ
ਸ. ਭੁਪਿੰਦਰ ਸਿੰਘ ਸੰਧੂ
ਸ੍ਰੀ ਤਰਸੇਮ
ਡਾ. ਸੁਰਜੀਤ ਬਰਾੜ
ਡਾ. ਗੁਲਜ਼ਾਰ ਸਿੰਘ ਪੰਧੇਰ
ਡਾ. ਜਗਵਿੰਦਰ ਜੋਧਾ
ਸ੍ਰੀਮਤੀ ਮਨਜੀਤ ਕੌਰ ਅੰਬਾਲਵੀ (ਪੰਜਾਬ ਤੇ ਚੰਡੀਗੜ੍ਹੋਂ ਬਾਹਰ)

ਪ੍ਰਬੰਧਕੀ ਬੋਰਡ
ਸ੍ਰੀਮਤੀ ਦਵਿੰਦਰਪ੍ਰੀਤ ਕੌਰ
ਸ੍ਰੀ ਕੰਵਰ ਜਸਵਿੰਦਰਪਾਲ ਸਿੰਘ
ਸ੍ਰੀ ਸੁਖਦਰਸ਼ਨ ਗਰਗ
ਸ. ਮਨਜਿੰਦਰ ਸਿੰਘ ਧਨੋਆ
ਸ. ਗੁਲਜ਼ਾਰ ਸਿੰਘ ਸ਼ੌਕੀ
ਸ੍ਰੀ ਤ੍ਰੈਲੋਚਨ ਲੋਚੀ
ਸ. ਦਰਸ਼ਨ ਸਿੰਘ ਗੁਰੂ
ਸ੍ਰੀ ਸਿਰੀ ਰਾਮ ਅਰਸ਼
ਸ੍ਰੀਮਤੀ ਅਰਤਿੰਦਰ ਸੰਧੂ
ਸ੍ਰੀ ਜਸਵੀਰ ਝੱਜ
ਸ੍ਰੀਮਤੀ ਅਮਰਜੀਤ ਕੌਰਹਿਰਦੇ
ਸ੍ਰੀ ਕੇ. ਸਾਧੂ ਸਿੰਘ
ਡਾ. ਸ਼ਰਨਜੀਤ ਕੌਰ
ਸ੍ਰੀਮਤੀ ਹਰਲੀਨ ਕੌਰ
ਸ੍ਰੀ ਭਗਵੰਤ ਰਸੂਲਪੁਰੀ
ਡਾ. ਹਰਪ੍ਰੀਤ ਸਿੰਘ ਹੁੰਦਲ
ਸ੍ਰੀ ਤਰਸੇਮ
ਸ੍ਰੀ ਰਜਿੰਦਰ ਕੁਮਾਰ ਸੋਨੀ
ਸ੍ਰੀ ਕਮਲਜੀਤ ਨੀਲੋਂ
ਡਾ. ਸੁਦਰਸ਼ਨ ਗਾਸੋ(ਹਰਿਆਣਾ)
ਡਾ. ਗੁਰਮੇਲ ਸਿੰਘ
ਸ੍ਰੀਮਤੀ ਸੁਰਿੰਦਰ ਨੀਰ (ਜੰਮੂ)
ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ)
ਡਾ. ਜਗਵਿੰਦਰ ਜੋਧਾ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com