ਹਿੰਮਤ ਮਨੁੱਖ ਦੀ ਅਜਿਹੀ ਜਾਦੂਈ ਸ਼ਕਤੀ ਹੈ ਜਿਸ ਨਾਲ ਉਹ ਅਸੰਭਵ ਤੋਂ ਸੰਭਵ ਬਣਾ ਸਕਦਾ ਹੈ। ਅਜਿਹੀ ਹੀ ਹਿੰਮਤੀ ਸ਼ਾਇਰਾ ਦਾ ਨਾਂ ਹੈ ਹਰਪਿੰਦਰ ਰਾਣਾ। ਹਰਪਿੰਦਰ ਰਾਣਾ ਦਾ ਜਨਮ 28 ਸਤੰਬਰ 1974 ਨੂੰ ਸਾਧੂ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਡਾਕਟਰਾਂ ਦੀ ਗਲਤੀ ਕਾਰਨ ਉਹ ਦੋਵੇਂ ਲੱਤਾਂ ਤੋਂ ਅਪਾਹਜ ਵ੍ਹੀਲ ਚੇਅਰ ’ਤੇ ਆ ਗਈ। ਉਸ ਦੇ ਦੋਵੇਂ ਹੱਥਾਂ ਦੀਆਂ ਵੀ ਚਾਰ ਉਂਗਲਾਂ ਹੀ ਕੰਮ ਕਰਦੀਆਂ ਹਨ ਪਰ ਇਹ ਕੁਝ ਹੋਣਾ ਵੀ ਉਸ ਅੱਗੇ ਰੁਕਾਵਟ ਨਾ ਬਣ ਸਕਿਆ ਤੇ ਉਸ ਨੇ ਬਿਨਾਂ ਪਰੋਂ ਹੀ ਅੰਬਰਾਂ ’ਚ ਅਜਿਹੀ ਪਰਵਾਜ਼ ਭਰੀ ਕਿ ਸਭ ਹੈਰਾਨ ਰਹਿ ਗਏ। ਹੁਣ ਉਹ ਐਮ.ਏ., ਬੀ.ਐੱਡ., ਪੀ.ਜੀ.ਡੀ.ਸੀ.ਏ. ਕਰਕੇ ਸਰਕਾਰੀ ਹਾਈ ਸਕੂਲ ਸੰਗੂਧੌਣ ਵਿਖੇ ਬਤੌਰ ਅਧਿਆਪਕਾ ਪੜ੍ਹਾ ਰਹੀ ਹੈ।ਹਰਪਿੰਦਰ ਰਾਣਾ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ‘ਬਿਨ ਪਰੋਂ ਪਰਵਾਜ਼’ ਨਾਲ ਸਾਹਿਤ ਦੇ ਖੇਤਰ ਵਿਚ ਪੱਕਾ ਪੈਰ ਰੱਖਿਆ ਸੀ ਜਿਸ ਨਾਲ ਉਹ ਕਵਿਤਰੀ ਦੇ ਤੌਰ ’ਤੇ ਚਰਚਾ ਵਿਚ ਆ ਗਈ ਸੀ। ਉਸ ਦੀਆਂ ਕਵਿਤਾਵਾਂ, ਗਜ਼ਲਾਂ ਵਿਚ ਜ਼ਿੰਦਗੀ ਦੀ ਸੱਚਾਈ ਹੈ। ਹਿੰਮਤ ਦੀ ਦਾਦ ਹੈ। ਕੁਝ ਕਰ ਗੁਜ਼ਰਨ ਦੀ ਤਮੰਨਾ ਹੈ। ਹਨੇਰਿਆਂ ਨੂੰ ਚੀਰਨ ਦੀ ਸ਼ਕਤੀ ਹੈ। ਉਸ ਦਾ ਹਰ ਸ਼ਬਦ ਸੱਚ ਬੋਲਦਾ ਹੈ। ਉਹ ‘ਸੁਖਨ ਸੁਨੇਹੇ’ ਮੰਚ ਦੀ ਪ੍ਰਧਾਨ ਵੀ ਹੈ ਤੇ ਹਰ ਮਹੀਨੇ ਦੇ ਆਖਰੀ ਐਤਵਾਰ ਮਹਿਫਲ-ਏ-ਸ਼ਾਇਰੀ ਪ੍ਰੋਗਰਾਮ ਕਰਵਾਉਂਦੀ ਹੈ। ਇਸ ਮੰਚ ਦੇ ਨਾਂ ’ਤੇ ਹੁਣੇ-ਹੁਣ ਉਨ੍ਹਾਂ ਨੇ ‘ਸੁਖਨ-ਸੁਨੇਹੇ’ ਮੈਗਜ਼ੀਨ ਦੀ ਸ਼ੁਰੂਆਤ ਵੀ ਕੀਤੀ ਹੈ।ਉਹ ਪੰਜਾਬੀ ਮਾਂ ਬੋਲੀ ਦੀ ਅਣਥੱਕ ਧੀ ਹੈ, ਜਿਸ ਦਾ ਸੁਪਨਾ ਨਵੀਂ ਪੀੜ੍ਹੀ ਵਿਚ ਪੁਸਤਕ ਸੱਭਿਆਚਾਰ ਪੈਦਾ ਕਰਨਾ ਹੈ। ਆਪਣੇ ਇਸ ਸੁਪਨੇ ਨੂੰ ਲੈ ਕੇ ਉਹ ਵਿਦਿਆਰਥੀਆਂ ਲਈ ਪੁਸਤਕ ਮੇਲੇ ਲਗਵਾਉਂਦੀ ਹੈ ਅਤੇ ਸਾਹਿਤਕ ਸੈਮੀਨਾਰ ਕਰਵਾਉਂਦੀ ਹੈ। ਹਰਪਿੰਦਰ ਰਾਣਾ ਨੇ ਦੱਸਿਆ ਕਿ ਉਹ ਉਰਦੂ ਸ਼ਾਇਰ ਜਨਾਬ ਸਤੀਸ਼ ‘ਬੇਦਾਗ਼’ ਸਾਹਿਬ ਤੋਂ ਗਜ਼ਲ ਦਾ ਪਿੰਗਲ ਅਰੂਜ਼ ਸਿੱਖ ਰਹੀ ਹੈ। ਏਨੇ ਰੁਝੇਵਿਆਂ ਦੇ ਬਾਵਜੂਦ ਉਸ ਦੀ ਕਲਮ ਬੇਰੋਕ ਚੱਲ ਰਹੀ ਹੈ। ਉਹ ਹੁਣ ਉਰਦੂ ਸ਼ਾਇਰ ਅਲਤਾਫ਼ ਹੁਸੈਨ ‘ਹਾਲੀ’ ਪਾਨੀਪਤ ਦੀ ਸ਼ਾਇਰੀ ਨੂੰ ਪੰਜਾਬੀ ਵਿਚ ਲਿਪੀਅੰਤਰ ਕਰ ਰਹੀ ਹੈ।ਹਰਪਿੰਦਰ ਰਾਣਾ ਦੇ ਅਨੇਕਾਂ ਲੇਖ, ਗਜ਼ਲਾਂ, ਕਵਿਤਾਵਾਂ ਪੰਜਾਬੀ ਦੇ ਚੋਟੀ ਦੇ ਅਖ਼ਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ। ਉਸ ਦੀ ਕੋਸ਼ਿਸ਼ ਤੇ ਮਿਹਨਤ ਤੋਂ ਪ੍ਰਤੱਖ ਦਿੱਸਦਾ ਹੈ ਕਿ ਇਕ ਦਿਨ ਪੰਜਾਬ ਦੀ ਇਹ ਧੀ ਸਾਹਿਤ ਦੇ ਖੇਤਰ ਵਿਚ ਪੰਜਾਬ ਦਾ ਨਾਂ ਜ਼ਰੂਰ ਚਮਕਾਏਗੀ।-ਪਰਗਟ ਸਿੰਘ ਸਤੌਜ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Comments
One response to “ਬਿਨ ਪਰੋਂ ਪਰਵਾਜ਼ ਹਰਪਿੰਦਰ ਰਾਣਾ”
ਰੱਬ ਹਰਪਿੰਦਰ ਦਾ ਹੌਸਲਾ ਬਣਾਈ ਰੱਖੇ । ਤੁਸੀਂ ਇਸ ਸ਼ਖਸੀਅਤ ਬਾਰੇ ਲਿਖ ਕੇ ਕੁੜੀਆਂ ਤੇ ਬਹੁਤ ੳੁਪਕਾਰ ਕੀਤਾ ਹੈ ।
ਸੁਰਜੀਤ
Leave a Reply