ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਆਖਰੀ 167 ਦਿਨ

ਆਜ਼ਾਦੀ ਦੇ ਪਰਵਾਨਿਆਂ ਦੇ 79ਵੇਂ ਸ਼ਹੀਦੀ ਦਿਹਾੜੇ ਮੌਕੇ, ਉਨ੍ਹਾਂ ਦੇ ਆਖ਼ਰੀ 167 ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ, ਮਹਾਂਕਾਵਿ ‘ਸ਼ਹੀਦ ਭਗਤ ਸਿੰਘ-ਅਣਥੱਕ ਜੀਵਨ ਗਾਥਾ’ ਦੀ ਲੇਖਿਕਾ ਇੰਦਰਜੀਤ ਨੰਦਨ
(ਅੱਜ ਨੰਦਨ ਦਾ ਜਨਮਦਿਨ ਵੀ ਹੈ)


ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਉੱਪਰ ਜੋ ਮੁਕੱਦਮਾ ਚੱਲਿਆ ਇਸਨੂੰ ਆਮ ਤੌਰ ’ਤੇ ਲਾਹੌਰ ਸਾਜਿਸ਼ ਕੇਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਕੇਸ ‘ਬਰਤਾਨਵੀ ਤਾਜ ਬਨਾਮ ਸੁਖਦੇਵ ਤੇ ਉਸਦੇ ਸਾਥੀ’ ਦੇ ਨਾਂਅ ਹੇਠ ਚੱਲਿਆ ਸੀ। ਇਸ ਮੁਕੱਦਮੇ ਮੁਤਾਬਕ ਇਨ੍ਹਾਂ ਤਿੰਨਾਂ ਸਿਰ ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਚਮ ਵਿੱਰੁਧ ਜੰਗ ਛੇੜਨ ਦਾ ਦੋਸ਼ ਲਾਇਆ ਗਿਆ ਸੀ। ਇਸ ਮੁਕੱਦਮੇ ਦਾ ਫ਼ੈਸਲਾ ਉਸ ਟ੍ਰਿਬਿਊਨਲ ਦੁਆਰਾ ਕੀਤਾ ਗਿਆ ਜੋ 1 ਮਈ 1930 ਨੂੰ 6 ਮਹੀਨੇ ਦੀ ਸਮੇਂ ਲਈ ਹੋਂਦ ਵਿੱਚ ਆਇਆ ਸੀ। ਇਸ ਟ੍ਰਿਬਿਊਨਲ ਨੂੰ ਵਾਇਸਰਾਏ ਨੇ ਆਪਣੇ ਖਾਸ ਅਧਿਕਾਰ ਇਸਤੇਮਾਲ ਕਰਕੇ ਸਥਾਪਿਤ ਕੀਤਾ ਸੀ, ਜਦਕਿ ਇਸਦੀ ਸਥਾਪਤੀ ਲਈ ਕੋਈ ਵੀ ਲੋੜੀਂਦੇ ਹਾਲਾਤ ਨਹੀਂ ਸਨ ਬਣੇ। ਇਸ ਵਲੋਂ ਆਪਣਾ ਫ਼ੈਸਲਾ 7 ਅਕਤੂਬਰ 1930 ਨੂੰ ਸੁਣਾ ਦਿੱਤਾ ਗਿਆ। ਇਸ ਫੈਸਲੇ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ।
ਟ੍ਰਿਬਿਊਨਲ ਨੇ ਫ਼ਾਂਸੀ ਦਾ ਦਿਨ 27 ਅਕਤੂਬਰ 1930 ਮਿੱਥਿਆ ਸੀ, ਜਦਕਿ ਉਸ ਦੀ ਮਿਆਦ 30 ਅਕਤੂਬਰ ਨੂੰ ਖ਼ਤਮ ਹੋ ਜਾਣੀ ਸੀ। ਆਪਣੀ ਗੱਲ ਨੂੰ ਲੰਡਨ ਦੇ ਲੋਕਾਂ ਤੀਕ ਵੀ ਪਹੁੰਚਾਇਆ ਜਾਵੇ ਤੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ’ ਦੇ ਉਦੇਸ਼ਾਂ ਦਾ ਹੋਰ ਪ੍ਰਚਾਰ ਕੀਤਾ ਜਾ ਸਕੇ ਇਸ ਉਦੇਸ਼ ਨਾਲ ‘ਪ੍ਰਿਵੀ ਕੌਂਸਲ’ ਵਿੱਚ ਅਪੀਲ ਪਾਈ ਗਈ, ਕਿਉਂ ਜੋ ਟ੍ਰਿਬਿਊਨਲ ਦੀ ਮਿਆਦ 30 ਅਕਤੂਬਰ 1930 ਨੂੰ ਖ਼ਤਮ ਹੋ ਗਈ ਸੀ ਇਸ ਲਈ ਸੁਖਦੇਵ ਦੇ ਤਾਇਆ ਜੀ ਚਿੰਤਾਰਾਮ ਥਾਪਰ ਤੇ ਸਮਰਾਟ ਵਿਚਾਲੇ ਇੱਕ ਹੋਰ ਮੁਕੱਦਮਾ ਚੱਲਿਆ ਜਿਸ ਵਿੱਚ ਇਹ ਸਵਾਲ ਉਠਾਇਆ ਗਿਆ ਸੀ ਕਿ ਜਿਸ ਟ੍ਰਿਬਿਊਨਲ ਨੇ ਮੌਤ ਦੀ ਸਜ਼ਾ ਦਿੱਤੀ ਸੀ ਉਸ ਦੀ ਮਿਆਦ ਹੀ ਖ਼ਤਮ ਹੋ ਗਈ ਸੀ ਤੇ ਹੁਣ ਜਦ ਟ੍ਰਿਬਿਊਨਲ ਹੀ ਨਹੀਂ, ਤਾਂ ਮੌਤ ਦੀ ਸਜ਼ਾ ਦੀ ਨਵੀਂ ਤਾਰੀਖ ਕੌਣ ਨੀਯਤ ਕਰ ਸਕਦਾ ਹੈ?
ਪਰ, ਫ਼ਾਂਸੀ ਦਾ ਹੁਕਮ ਸੁਣਾਏ ਜਾਣ ਤੋਂ ਬਾਅਦ 7 ਅਕਤੂਬਰ ਨੂੰ ਤਿੰਨਾਂ ਨੂੰ ਹੀ ਖਾਸ ਤੌਰ ’ਤੇ ਬਣਾਈਆਂ ਗਈਆਂ ਫ਼ਾਂਸੀ ਕੋਠੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਨ੍ਹਾਂ ਕੋਠੀਆਂ ਦਾ ਵਿਹੜਾ ਸਾਂਝਾ ਸੀ। ਉਨ੍ਹਾਂ ਤਿੰਨਾਂ ਨੂੰ 2-2 ਘੰਟੇ ਟਹਿਲਣ ਲਈ ਮਿਲਦੇ ਸੀ। ਉਹ ਇਨ੍ਹਾਂ ਤਿੰਨ ਫ਼ਾਂਸੀ ਕੋਠੀਆਂ ਵਿੱਚ ਆਪਣੇ ਦਿਨ ਦੀ ਸ਼ੁਰੂਆਤ ਕਸਰਤ, ਡੰਡ ਬੈਠਕਾਂ ਆਦਿ ਨਾਲ ਕਰਦੇ ਸਨ। ਤਿੰਨਾਂ ਦੀ ਸੋਚ ਸੀ ਕਿ ਤਨ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ। ਤੰਦਰੁਸਤ ਮਨ ਲਈ ਤੰਦਰੁਸਤ ਤਨ ਦੀ ਜਰੂਰਤ ਨੂੰ ਉਨ੍ਹਾਂ ਨੇ ਮਹਿਸੂਸ ਕੀਤਾ। ਤਿੰਨਾਂ ਵਿੱਚ ਆਪਸ ਵਿੱਚ ਮੁਕਾਬਲਾ ਹੁੰਦਾ ਕਿ ਕੌਣ ਵੱਧ ਬੈਠਕਾਂ ਕੱਢਦਾ ਤੇ ਕੌਣ ਵੱਧ ਡੰਡ ਕੱਢਦਾ। ਇਸ ਮੁਕਾਬਲੇ ਵਿੱਚ ਵੱਧ ਜੋਰ ਭਗਤ ਸਿੰਘ ਤੇ ਰਾਜਗੁਰੂ ਦਾ ਲੱਗਦਾ। ਰਾਜਗੁਰੂ ਤਾਂ ਸੀ ਵੀ ਯੋਗਾ ਤੇ ਗਤਕੇ ਦਾ ਟੀਚਰ । ਫਿਰ ਸਵੇਰ ਦੇ ਇਸ ਰੂਟੀਨ ਤੋਂ ਬਾਅਦ ਸ਼ੁਰੂ ਹੁੰਦੀ ਅਖ਼ਬਾਰ ਦੀਆਂ ਖ਼ਬਰਾਂ ਦੀ ਪੁਣ-ਛਾਣ ਤੇ ਭਾਰਤ ਦੇ ਹਾਲਾਤ ’ਤੇ ਲੰਬੀਆਂ-ਲੰਬੀਆਂ ਬਹਿਸਾਂ ਹੁੰਦੀਆਂ। ਸਿਰਫ਼ ਬਹਿਸ ਵਿੱਚ ਹੀ ਵਕਤ ਨਹੀਂ ਗੁਜ਼ਰਦਾ ਉਹ ਜਿੰਦਗੀ ਨੂੰ ਵੀ ਭਰਪੂਰ ਜਿਉਂਦੇ ਸਨ। ਗੀਤ ਸੁਣਾਏ ਜਾਂਦੇ ਤੇ ਸ਼ੇਅਰੋ ਸ਼ਾਇਰੀ ਦਾ ਦੌਰ ਵੀ ਚੱਲਦਾ। ਜੇ ਭਗਤ ਸਿੰਘ ਸ਼ੇਅਰ ਬੋਲਦਾ ਤਾਂ ਦੂਸਰੇ ਅੱਗੋਂ ਜਵਾਬ ਦਿੰਦੇ ਸਨ। ਉਨ੍ਹਾਂ ਤਿੰਨਾਂ ਦੀ ਦੋਸਤੀ ਆਪਣੇ ਆਪ ਵਿੱਚ ਮਿਸਾਲ ਸੀ।
ਉਹ ਐਸੀ ਲੜਾਈ ਲੜ ਰਹੇ ਸਨ ਜੋ ਇਲਾਕੇ, ਜਾਤਪਾਤ, ਧਰਮ ਤੇ ਨਿੱਜ ਤੋਂ ਬਹੁਤ ਉੱਪਰ ਉੱਠ ਕੇ ਸੀ। ਭਗਤ ਸਿੰਘ ਜੋ ਵੀ ਕਿਤਾਬਾਂ ਮੰਗਵਾਉਂਦੇ ਉਸ ਉੱਪਰ ਤਿੰਨਾਂ ਦੁਆਰਾ ਖੂਬ ਵਿਚਾਰ ਵਟਾਂਦਰਾ ਕੀਤਾ ਜਾਂਦਾ। ਭਗਤ ਸਿੰਘ ਤੇ ਸੁਖਦੇਵ ਦਾ ਸਮਾਜਵਾਦ ਬਾਰੇ ਬਹੁਤ ਅਧਿਐਨ ਸੀ। ਹੁਣ ਤੀਕ ਤਾਂ ਰਾਜਗੁਰੂ ਵੀ ਅਧਿਐਨ ਵਿੱਚ ਜੁਟ ਚੁੱਕੇ ਸਨ। ਤਿੰਨਾਂ ਵਿੱਚ ਇਨਕਲਾਬ ਬਾਰੇ ਬੜੀ ਉਸਾਰੂ ਵਿਚਾਰ ਚਰਚਾ ਹੁੰਦੀ। ਇਨਕਲਾਬ ਤੋਂ ਉਨ੍ਹਾਂ ਦਾ ਭਾਵ ਸੀ ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ’ਤੇ ਕਬਜ਼ਾ। ਭਾਰਤ ਵਿੱਚ, ਉਹ ਕਿਰਤੀ ਇਨਕਲਾਬ ਦੇ ਉਦੇਸ਼ਾਂ ਲਈ ਦਿਨ ਰਾਤ ਕੰਮ ਕਰ ਰਹੇ ਸਨ। ਉਨਾਂ ’ਚ ਖੂਬ ਸੰਜੀਦਾ ਚਰਚਾ ਹੁੰਦੀ ਕਿ ਵਿਗਿਆਨਕ ਅਸੂਲਾਂ ਦੇ ਅਧਾਰ ’ਤੇ ਇਨਕਲਾਬ ਭਾਰਤ ਵਿੱਚ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ। ਉਹ ਤਿੰਨੋ ਹੀ ਇਸ ਗੱਲ ਵਿੱਚ ਜੁਟੇ ਰਹਿੰਦੇ ਸਨ ਕਿ ਅੰਦਰ ਬੈਠ ਕੇ ਬਾਹਰ ਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੇ ਸ਼ਖ਼ਸੀਅਤ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਉਨ੍ਹਾਂ ਦਾ ਮਾਨਸਿਕ ਤੌਰ ’ਤੇ ਬਹੁਤ ਮਜਬੂਤ ਹੋਣਾ ਸੀ। ਉਹਨਾਂ ਦਾ ਮਨੋਬਲ ਹਮੇਸ਼ਾ ਹੀ ਉੱਚਾ ਰਹਿੰਦਾ, ਕਿਉਂਕਿ ਉਨ੍ਹਾਂ ਇਹ ਗੱਲ ਭਲੀ ਭਾਂਤ ਜਾਣ ਲਈ ਸੀ ਕਿ ਇਨਕਲਾਬ ਦਾ ਕੰਮ ਦਿਨਾਂ ਮਹੀਨਿਆਂ ਦਾ ਨਹੀਂ ਸਗੋਂ ਦਹਾਕਿਆਂ ਵਿੱਚ ਪੂਰਨ ਹੋਣ ਵਾਲਾ ਹੈ। ਇਸ ਲਈ ਇਨਕਲਾਬ ਲਗਾਤਾਰ ਇੱਕ ਖਾਸ ਵਿਗਿਆਨਿਕ ਵਿਧੀ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਦੇ ਹੋਏ ਪੂਰੀ ਲਗਨ ਨਾਲ ਲੱਗ ਕੇ ਹੀ ਕਾਮਯਾਬ ਹੋ ਸਕਦਾ ਹੈ। ਉਹ ਤਿੰਨੋ ਆਪਣੇ ਆਪ ਨੂੰ ਇਸ ਰਾਹ ਦੀ ਇੱਕ ਮਾਤਰ ਕੜੀ ਹੀ ਮੰਨਦੇ ਸਨ। ਉਨ੍ਹਾਂ ਮੁਤਾਬਕ ਇਹ ਉਹ ਲੜਾਈ ਸੀ, ਜੋ ਉਨ੍ਹਾਂ ਦੇ ਨਾਲ ਨਾ ਤਾਂ ਸ਼ੁਰੂ ਹੋਈ ਸੀ ਤੇ ਨਾ ਹੀ ਉਨ੍ਹਾਂ ਦੇ ਨਾਲ ਖ਼ਤਮ ਹੋਣੀ ਸੀ। ਉਹ ਤਾਂ ਇੱਕ ਲੰਬੇ ਅਣਥੱਕ ਸੰਘਰਸ਼ ਦੇ ਹਾਮੀ ਸਨ।
ਬੇਸ਼ੱਕ ਮਹਾਤਮਾ ਗਾਂਧੀ ਦਾ ‘ਸਿਵਲ ਨਾ-ਫ਼ੁਰਮਾਨੀ ਅੰਦੋਲਨ’ ਪੂਰੇ ਜੋਰ ’ਤੇ ਪਹੁੰਚ ਚੁੱਕਾ ਸੀ ਤੇ ਇਸ ਸੰਬੰਧੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਿਚਕਾਰ ਚਰਚਾ ਅਤੇ ਬਹਿਸ ਹੋਣਾ ਸੁਭਾਵਿਕ ਹੀ ਸੀ, ਪਰ ਉਹਨਾਂ ਨੂੰ ਅੰਦੇਸ਼ਾ ਸੀ ਕਿ ਇਹ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ ਵਿੱਚ ਹੀ ਖ਼ਤਮ ਹੋਏਗਾ ਤੇ ਇਸ ਨਾਲ ਭਾਰਤ ਦਾ ਕੁਝ ਬਣਨ ਵਾਲਾ ਨਹੀਂ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਚੱਲਦਾ ਸੰਘਰਸ਼ ਸਿਰਫ਼ ਜਨਤਾ ਦੇ ਨਾਂ ’ਤੇ ਲੜਿਆ ਜਾ ਰਿਹਾ ਹੈ, ਪਰ ਜਨਤਾ ਦੇ ਕਿਸੇ ਕੰਮ ਦਾ ਨਹੀਂ ਹੈ, ਕਿਉਂਕਿ ਇਸ ਸੰਘਰਸ਼ ਵਿੱਚ ਚੰਦ ਪੂੰਜੀਪਤੀ ਤੇ ਮੱਧਵਰਗੀ ਦੁਕਾਨਦਾਰ ਸ਼ਾਮਿਲ ਸਨ। ਅਸਲੀ ਜਨਤਾ ਜਿਨ੍ਹਾਂ ਵਿੱਚ ਵੱਧ ਮਜ਼ਦੂਰ ਤੇ ਕਿਸਾਨ ਹਨ ਉਹ ਇਸ ਅੰਦੋਲਨ ਵਿੱਚ ਤਾਂ ਸਨ, ਪਰ ਇਸ ਦੇ ਫ਼ਲ ਤੋਂ ਅਣਛੋਹ ਹੀ ਰਹਿਣਗੇ। ਇਹ ਬੁਰਜਵਾ ਨੇਤਾ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਦੀ ਹਿੰਮਤ ਹੀ ਨਹੀਂ ਕਰਦੇ । ਕਿਸਾਨਾਂ ਅਤੇ ਮਜ਼ਦੂਰਾਂ ਦਾ ਸੰਘਰਸ਼ ਵਿੱਚ ਮੋਹਰੀ ਹੋਣਾ ਲਾਜ਼ਮੀ ਹੈ। ਇਸ ਉਦੇਸ਼ ਲਈ ਅਜਿਹੀ ਇਕ ਪਾਰਟੀ ਦੀ ਸਥਾਪਨਾ ਹੋਣੀ ਚਾਹੀਦੀ, ਜੋ ਇਸ ਇਨਕਲਾਬ ਦੀ ਅਗਵਾਈ ਕਰ ਸਕੇ। ਉਹਨਾਂ ਦਾ ਭਾਵ ਸੀ ਕਿ ਕਮਾਂਡ ਕਮਿਊਨਿਸਟ ਪਾਰਟੀ ਦੇ ਹੱਥ ਹੋਵੇ ਜਿਵੇਂ ਰੂਸੀ ਇਨਕਲਾਬ ਵਿੱਚ ਹੋਇਆ ਸੀ। ਸੁਖਦੇਵ ਇਸ ਨੂੰ ‘ਸੈਂਟਰਲ ਰੈੱਡ ਰੈਵੋਲਊਸ਼ਨਰੀ ਪਾਰਟੀ’ ਆਖਦੇ ਸਨ। ਉਹ ਤਾਂ ਇੱਥੋਂ ਤੱਕ ਵੀ ਸੋਚ ਰਹੇ ਸਨ ਕਿ ਕਾਂਗਰਸ ਅੰਦਰ ਵੀ ਅਜਿਹਾ ਵਿੰਗ ਤਿਆਰ ਕੀਤਾ ਜਾਵੇ ਤੇ ਉਸਦੀ ਅਗਵਾਈ ਵੀ ਆਪਣੇ ਹੱਥ ਲੈ ਲਈ ਜਾਵੇ। ਉਨ੍ਹਾਂ ਤਿੰਨਾਂ ਨੇ ਇੱਕ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ, ਜਿਸ ਨੂੰ ਅਸੀਂ ਇਨ੍ਹਾਂ ਤਿੰਨਾਂ ਦੀ ਵਸੀਅਤ ਕਰਕੇ ਵੀ ਜਾਣਦੇ ਹਾਂ। ਇਸ ਖਰੜੇ ਨੂੰ ਤਿਆਰ ਕਰਨ ਵਿੱਚ ਤਿੰਨਾਂ ਨੇ ਬਹੁਤ ਅਧਿਐਨ ਕੀਤਾ। ਸਿਰਫ਼ ਭਾਰਤ ਦੇ ਬਦਲ ਰਹੇ ਹਾਲਤਾਂ ਨੂੰ ਹੀ ਬਹੁਤ ਬਾਰੀਕੀ ਨਾਲ ਨਹੀਂ ਘੋਖਿਆ ਬਲਕਿ ਸਾਰੇ ਵਿਸ਼ਵ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਦੁਨੀਆਂ ਦੇ ਇਨਕਲਾਬਾਂ ਦੀ ਪੂਰੀ ਘੋਖ ਪੜਤਾਲ ਕੀਤੀ। ਇਸ ਦੀ ਡਰਾਫਟਿੰਗ ਬੇਸ਼ੱਕ ਭਗਤ ਸਿੰਘ ਨੇ ਕੀਤੀ, ਪਰ ਸਾਰੇ ਖਰੜੇ ਨੂੰ ਘੜਨ ਤੇ ਬਣਾਉਣ ਵਿੱਚ ਤਿੰਨਾਂ ਨੇ ਬਹੁਤ ਦਿਨ ਵਿਚਾਰ ਤੇ ਬਹਿਸਾਂ ਕੀਤੀਆਂ ਤੇ ਅੰਤ ਇੱਕ ਪ੍ਰੋਗਰਾਮ ਬਣਾਉਣ ਵਿੱਚ ਸਫ਼ਲ ਹੋਏ। ਇਸ ਦਾ ਇੱਕ ਹਿੱਸਾ ਸਾਥੀਆਂ ਨੂੰ ਖ਼ਤ ਦੇ ਤੌਰ ’ਤੇ ਸੀ ਅਤੇ ਦੂਜਾ ਲੇਖ ਦੇ ਰੂਪ ਵਿੱਚ ਸੀ। ਖ਼ਤ ਦੇ ਰੂਪ ਵਾਲਾ ਹਿੱਸਾ ਜਦ ਅੰਦਰੋਂ ਇਨ੍ਹਾਂ ਨੇ ਅਖ਼ਬਾਰਾਂ ’ਚ ਛਪਣ ਲਈ ਭੇਜਿਆ ਤਾਂ ਕਿਸੇ ਵੀ ਅਖ਼ਬਾਰ ਦਾ ਸਹਿਯੋਗ ਨਾ ਮਿਲਣ ਕਰਕੇ ਸੁਖਦੇਵ ਨੇ ਬਾਹਰ ਸਾਥੀ ਨੂੰ ਪੱਤਰ ਲਿਖਿਆ, ਜਿਸ ਵਿੱਚ ਸਾਫ਼ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਤੇ ਇਹ ਕੰਮ ਆਪਣੇ ਨੇਤਾ ਹੀ ਕਰ ਰਹੇ ਹਨ। ਉਹ ਤਿੰਨੋਂ ਬੜੀ ਯੋਜਨਾ ਦੇ ਤਹਿਤ ਕੰਮ ਕਰਦੇ ਤੇ ਇੱਕੋ ਸਮੇਂ ਵੱਖ ਵੱਖ ਕੰਮਾਂ ਦੀ ਵੰਡ ਕਰਕੇ ਕੰਮ ਨੂੰ ਬੜੀ ਜਲਦੀ ਨਿਪਟਾਇਆ ਜਾਂਦਾ ਸੀ।
ਦੂਜੇ ਪਾਸੇ ਪ੍ਰਿਵੀ ਕੌਂਸਲ ਵਲੋਂ ਅਪੀਲ 12 ਫਰਵਰੀ 1931 ਨੂੰ ਰੱਦ ਕਰ ਦਿੱਤੀ ਗਈ ਸੀ। ਲੋਕ ਜੋਸ਼ ਨਾਲ ਭਰ ਗਏ, ਬਾਹਰ ਬਚਾਅ ਕਮੇਟੀਆਂ ਬਣ ਗਈਆਂ। ਲੋਕਾਂ ਨੇ ਹਜ਼ਾਰਾਂ ਦਸਤਖਤ ਕਰਕੇ ਵਾਇਸਰਾਏ ਨੂੰ ਬਚਾਅ ਦੇ ਪੱਖ ਵਿੱਚ ਚਿੱਠੀਆਂ ਪਾਈਆਂ। ਮਦਨ ਮੋਹਨ ਮਾਲਵੀਆ ਵਲੋਂ ਸਜ਼ਾ ’ਚ ਤਬਦੀਲੀ ਲਈ ਤਾਰ ਪਾਈ ਗਈ। ਪੂਰੇ ਦੇਸ਼ ਦੀਆਂ ਨਿਗਾਹਾਂ ਮਹਾਤਮਾ ਗਾਂਧੀ ’ਤੇ ਟਿਕੀਆਂ ਸਨ ਕਿ ਵਾਇਸਰਾਏ ਨਾਲ ਗੱਲ ਹੋਏਗੀ, ਪਰ ਵਾਇਸਰਾਏ ਨੇ ਅਜਿਹਾ ਕਰਨ ਤੋਂ ਆਪਣੀ ਅਸਮਰੱਥਤਾ ਪ੍ਰਗਟਾਈ। ਹਾਂ ਕਰਾਚੀ ਵਿੱਚ ਹੋਣ ਵਾਲੇ ਕਾਂਗਰਸ ਦੇ ਇਜਲਾਸ ਤੱਕ ਫ਼ਾਂਸੀ ਰੁਕਵਾ ਦੇਣ ਦੀ ਗੱਲ ਆਖੀ।
ਆਖ਼ਿਰ ਭਗਤ ਸਿੰਘ ਹੁਰਾਂ ਦੇ ਅੰਦਾਜ਼ੇ ਮੁਤਾਬਕ ਵਾਇਸਰਾਏ ਇਰਵਨ ਤੇ ਮਹਾਤਮਾ ਗਾਂਧੀ ਵਿਚਕਾਰ 5 ਮਾਰਚ 1931 ਨੂੰ ਸਮਝੌਤਾ ਹੋ ਹੀ ਗਿਆ, ਪਰ ਸਮਝੌਤੇ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ ਸੀ। ਇਸ ਸਮਝੌਤੇ ਵਿੱਚ ਅਹਿੰਸਾ ਦੇ ਰਾਹ ’ਤੇ ਚੱਲਣ ਵਾਲੇ ਅੰਦੋਲਨਕਾਰੀਆਂ ਦੀ ਰਿਹਾਈ ਅਤੇ ਸਜਾਵਾਂ ਵਿੱਚ ਕਮੀ ਤੋਂ ਇਲਾਵਾ ਹੋਰ ਕ੍ਰਾਂਤੀਕਾਰੀਆਂ, ਗਦਰੀਆਂ ਤੇ ਬੱਬਰ ਅਕਾਲੀਆਂ ਬਾਰੇ ਕੁਝ ਨਹੀਂ ਸੀ। ਇਸ ਸਮਝੌਤੇ ਦੀ ਧਾਰਾ 10 ਵਿੱਚ ਲਿਖਿਆ ਗਿਆ ਸੀ-
‘ਨਾ-ਫ਼ੁਰਮਾਨੀ ਅੰਦੋਲਨ ਦੇ ਸਿਲਸਿਲੇ ਵਿੱਚ ਜੋ ਵਿਸ਼ੇਸ਼ ਕਾਨੂੰਨ ਜਾਰੀ ਕੀਤੇ ਗਏ ਹਨ, ਉਹ ਵਾਪਿਸ ਲੈ ਲਏ ਜਾਣਗੇ। ਆਰਡੀਨੈਂਸ ਨੰ-1(1931), ਜੋ ਕਿ ਅੱਤਵਾਦੀ ਅੰਦੋਲਨ ਦੇ ਬਾਰੇ ਵਿੱਚ ਹੈ, ਇਸ ਧਾਰਾ ਦੇ ਕਾਰਜ ਖੇਤਰ ਵਿੱਚ ਨਹੀਂ ਆਉਂਦਾ।’
ਇਸ ਗੱਲ ਨੇ ਤਿੰਨਾਂ ਨੂੰ ਰੋਹ ਨਾਲ ਭਰ ਦਿੱਤਾ। ਉਨ੍ਹਾਂ ਨੇ ਸਾਫ਼ ਦੇਖਿਆ ਕੇ ਸੰਪੂਰਨ ਅਜ਼ਾਦੀ ਪ੍ਰਾਪਤੀ ਵੱਲ ਕੋਈ ਕਦਮ ਨਹੀਂ ਵਧਾਇਆ ਗਿਆ ਸੀ। ਦੂਜਾ ਮਹਾਤਮਾ ਗਾਂਧੀ ਦੀਆਂ ਅਪੀਲਾਂ ਅਖ਼ਬਾਰਾਂ ’ਚ ਛਪ ਰਹੀਆਂ ਸਨ ਕਿ ਮੌਜੂਦਾ ਕ੍ਰਾਂਤੀਕਾਰੀ ਅੰਦੋਲਨ ਵਰਤਮਾਨ ਸਮੇਂ ਲਈ ਰੋਕ ਦਿੱਤਾ ਜਾਵੇ। ਇਸ ’ਤੇ ਇਨ੍ਹਾਂ ਵਿਚਾਰ ਕੀਤਾ ਅਤੇ ਵਾਜਬ ਸਮਝਿਆ ਕਿ ਮਹਾਤਮਾ ਜੀ ਨੂੰ ਖ਼ਤ ਲਿਖ ਕੇ ਆਪਣਾ ਪੱਖ ਰੱਖਿਆ ਜਾਵੇ। ਇਹ ਖ਼ਤ ਸੁਖਦੇਵ ਨੇ ਲਿਖਿਆ ਤੇ ਇਸ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦਾ ਮੰਤਵ ਇਸ ਦੇਸ਼ ਵਿੱਚ ਸੰਪੂਰਨ ਅਜ਼ਾਦੀ ਦਾ ਮਤਲਬ ਸਿਰਫ਼ ਸਮਾਜਵਾਦੀ ਪ੍ਰਜਾਤੰਤਰ ਦੀ ਸਥਾਪਨਾ ਹੈ।
ਹੁਣ ਆਉਣ ਵਾਲੇ ਕਰਾਚੀ ਇਜਲਾਸ ’ਤੇ ਸਭ ਦੀਆਂ ਨਜ਼ਰਾਂ ਲੱਗ ਚੁੱਕੀਆਂ ਸਨ। ਗਾਂਧੀ ਜੀ ਨੂੰ ਲੱਗ ਰਿਹਾ ਸੀ ਕਿ 5 ਮਾਰਚ ਨੂੰ ਹੋਇਆ ਸਮਝੌਤਾ ਆਉਣ ਵਾਲੇ ਕਰਾਚੀ ਸੈਸ਼ਨ ਵਿੱਚ ਇਸਦੇ ਗੁਣਾਂ ਕਰਕੇ ਰੱਦ ਜਾਂ ਪਾਸ ਕੀਤਾ ਜਾਵੇਗਾ ਨਾ ਕਿ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਫ਼ਾਂਸੀ ਦੇਣ ਦਾ ਉਸ ਸਮਝੌਤੇ ’ਤੇ ਕੋਈ ਅਸਰ ਹੋਏਗਾ। ਇਸ ਲਈ ਗਾਂਧੀ ਜੀ ਨੇ ਵਾਇਸਰਾਏ ਨੂੰ ਆਖਿਆ-
‘ਜੇਕਰ ਇਨ੍ਹਾਂ ਨੌਜਵਾਨਾਂ ਨੂੰ ਫ਼ਾਂਸੀ ’ਤੇ ਲਟਕਾਉਣਾ ਹੀ ਹੈ ਤਾਂ ਕਾਂਗਰਸ ਇਜਲਾਸ ਦੇ ਬਾਅਦ ਅਜਿਹਾ ਕੀਤਾ ਜਾਵੇ, ਇਸਦੀ ਬਜਾਇ ਉਸਤੋਂ ਪਹਿਲਾਂ ਹੀ ਅਜਿਹਾ ਕਰਨਾ ਠੀਕ ਹੋਵੇਗਾ।’ (ਕਾਂਗਰਸ ਦਾ ਇਤਿਹਾਸ ਪੰਨਾ-431, ਲੇਖਕ ਪੱਟਾਭਿ ਸੀਤਾ ਰਮੈਇਆ)
ਇਸ ਤੋਂ ਪਹਿਲਾਂ 2 ਮਾਚਰ 1931 ਨੂੰ ਤਿੰਨਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਲਈ ਸੁਨੇਹਾ ਭੇਜਿਆ ਜਾ ਚੁੱਕਿਆ ਸੀ। 2-3 ਮਾਰਚ ਨੂੰ ਤਿੰਨਾਂ ਦੇ ਪਰਿਵਾਰਾਂ ਦੀ ਮੁਲਾਕਾਤ ਹੋਈ। ਮਾਪਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਆਪ ਤਿੰਨੋਂ ਖੁਸ਼ ਸੀ। ਜੋ ਉੱਚੇ ਮਨੋਬਲ ਦਾ ਆਪ ਨੇ ਦਿਖਾਇਆ ਉਹ ਇੱਕ ਮਿਸਾਲ ਹੈ। ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਹੌਂਸਲਾ ਦੇ ਰਹੇ ਸਨ। ਜਦ ਭਗਤ ਸਿੰਘ ਦੇ ਛੋਟੇ ਭਰਾ ਰੋ ਪਏ ਤਾਂ ਉਸੇ ਦਿਨ ਸ਼ਾਮ ਨੂੰ ਉਸਨੇ ਉਨ੍ਹਾਂ ਨੂੰ ਖਤ ਲਿਖ ਕੇ ਹੌਂਸਲਾ ਦਿੱਤਾ। ਜੀਵਨ ਦਾ ਮੰਤਰ ਦੱਸਿਆ ਕਿ ਹੌਂਸਲੇ ਨਾਲ ਰਹਿਣਾ ਅਤੇ ਮਿਹਨਤ ਕਰਕੇ ਪੜ੍ਹਨਾ।
ਉਨ੍ਹਾਂ ਨੇ ਬਰਤਾਨਵੀ ਰਾਜ ਦੇ ਆਖਰੀ ਸੱਟ ਗਵਰਨਰ ਨੂੰ 20 ਮਾਰਚ ਦਾ ਖ਼ਤ ਲਿਖ ਕੇ ਮਾਰੀ। ਜਿਸ ਵਿੱਚ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਚੱਲ ਰਹੀ ਜੰਗ ਦਾ ਐਲਾਨ ਕੀਤਾ ਤੇ ਆਖਿਆ ਕਿ ਇਹ ਜੰਗ ਜਾਰੀ ਰਹੇਗੀ, ਜਦ ਤੱਕ ਕੁਝ ਤਾਕਤਵਰ ਲੋਕ, ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਅਤੇ ਉਨ੍ਹਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਇਸ ਆਖਰੀ ਸੱਟ ਨਾਲ ਬਰਤਾਨਵੀ ਸਰਕਾਰ ਨੂੰ ਮੂਲੋਂ ਖੋਖਲਾ ਸਾਬਿਤ ਕਰਨਾ ਚਾਹੁੰਦੇ ਸਨ। ਇਸ ਐਲਾਨਨਾਮੇ ਵਿੱਚ ਇਹ ਵੀ ਕਿਹਾ ਗਿਆ ਕਿ ਤੁਹਾਡੀ ਅਦਾਲਤ ਮੁਤਾਬਕ ਅਸੀਂ ਜੰਗੀ ਕੈਦੀ ਹਾਂ ਤੇ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਕਰਦੇ ਹੋਏ ਫ਼ਾਂਸੀ ਦੀ ਥਾਂ ਗੋਲੀ ਨਾਲ ਉਡਾ ਦਿੱਤਾ ਜਾਵੇ। ਇਸੇ ਦੌਰਾਨ ਹੀ ਕੁਝ ਸਾਥੀਆਂ ਵਲੋਂ ਭਗਤ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਪਰ ਭਗਤ ਸਿੰਘ ਨੇ ਇਸ ਗੱਲੋਂ ਇਨਕਾਰ ਕਰ ਦਿੱਤਾ। ਉਸਨੇ ਆਪਣੇ ਵਲੋਂ ਇਕ ਨੋਟ ਲਿਖ ਕੇ ਜਵਾਬ ਦਿੰਦਿਆਂ ਕਿਹਾ-
‘ਮੇਰਾ ਨਾਂ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਉਂਦਿਆਂ ਰਹਿਣ ਦੀ ਸੂਰਤ ਵਿੱਚ ਮੈਂ ਕਦੇ ਨਹੀਂ ਹੋ ਸਕਦਾ।’
ਆਖ਼ਿਰ ਫ਼ਾਂਸੀ ਵਾਲਾ ਦਿਨ ਆ ਗਿਆ। ਲੋਕਾਂ ਦਾ ਵਿਰੋਧ ਤੇ ਗੁੱਸਾ ਦੇਖ ਕੇ ਅੰਗਰੇਜ਼ ਹਕੂਮਤ ਘਬਰਾ ਗਈ ਸੀ। 23 ਮਾਰਚ 1931 ਨੂੰ ਰਾਜਗੁਰੂ, ਭਗਤ ਸਿੰਘ ਤੇ ਸੁਖਦੇਵ ਦੇ ਪਰਿਵਾਰ ਮੁਲਾਕਾਤ ਲਈ ਆਏ ਸਨ, ਪਰ ਬਰਤਾਨਵੀ ਹਕੂਮਤ ਨੇ ਇੱਥੇ ਵੀ ਆਪਣੇ ਜ਼ੁਲਮ ਦੀ ਗਾਥਾ ਨੂੰ ਦੁਹਰਾਇਆ। ਭਗਤ ਸਿੰਘ ਦੇ ਦਾਦਾ ਦਾਦੀ ਤੇ ਸੁਖਦੇਵ ਦੇ ਤਾਇਆ ਜੀ ਨੂੰ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਸਿਰਫ਼ ਕਰੀਬੀ ਰਿਸ਼ਤਾ ਮਾਂ ਬਾਪ ਤੇ ਭੈਣ ਭਰਾ ਨੂੰ ਹੀ ਮਿਲਣ ਦੀ ਆਗਿਆ ਦਿੱਤੀ ਜਾ ਰਹੀ ਸੀ। ਸੁਖਦੇਵ ਦੀ ਮਾਤਾ ਤੇ ਭਗਤ ਸਿੰਘ ਦੀ ਮਾਤਾ ਨੇ ਫੈਸਲਾ ਕੀਤਾ ਕਿ ਜੇ ਸੁਖਦੇਵ ਦੇ ਤਾਇਆ ਜੀ (ਜਿਨ੍ਹਾਂ ਉਸਨੂੰ ਪਾਲ਼ਿਆ ਸੀ) ਅਤੇ ਭਗਤ ਸਿੰਘ ਦੇ ਦਾਦਾ ਦਾਦੀ ਨੂੰ ਮਿਲਣ ਦੀ ਇਜਾਜਤ ਨਹੀਂ ਤਾਂ ਫਿਰ ਉਹ ਵੀ ਮੁਲਾਕਾਤ ਨਹੀਂ ਕਰਨਗੀਆਂ। ਰਾਜਗੁਰੂ ਦੀ ਮਾਂ ਤੇ ਭੈਣ ਉਸਨੂੰ ਮਿਲਣ ਆਈਆਂ ਸਨ, ਪਰ ਰਾਜਗੁਰੂ ਦੀ ਮਾਤਾ ਨੇ ਵੀ ਦੋਨੋਂ ਮਾਵਾਂ ਦਾ ਸਾਥ ਦਿੰਦਿਆਂ ਰਾਜਗੁਰੂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਜਿੱਥੇ ਉਨ੍ਹਾਂ ਦੀ ਆਪਸ ਵਿੱਚ ਗੂੜ੍ਹੀ ਦੋਸਤੀ ਸੀ, ਉੱਥੇ ਉਨ੍ਹਾਂ ਦੇ ਪਰਿਵਾਰਾਂ ’ਚ ਵੀ ਏਨੀ ਨੇੜਤਾ ਤੇ ਸਾਂਝ ਸੀ। ਅੰਦਰ ਜੇ ਪੁੱਤਰ ਅਸੂਲਾਂ ਦੀ ਲੜਾਈ ਲੜ ਰਹੇ ਸਨ ਤਾਂ ਬਾਹਰ ਉਨ੍ਹਾਂ ਦੀਆਂ ਮਾਵਾਂ ਨੇ ਵੀ ਅਸੂਲਾਂ ਦੀ ਲੜਾਈ ਵਿੱਚ ਡੱਟ ਕੇ ਹਿੱਸਾ ਲਿਆ ਤੇ ਆਖ਼ਰੀ ਮੁਲਾਕਾਤ ਅਸੂਲਾਂ ਤੋਂ ਕੁਰਬਾਨ ਕਰ ਦਿੱਤੀ।
ਵੈਸੇ ਤਾਂ ਫ਼ਾਂਸੀ ਲਾਉਣ ਦਾ ਸਮਾਂ ਸਵੇਰ 6-7 ਵਜੇ ਹੁੰਦਾ ਹੈ ਤੇ ਵਿਧਾਨ ਦੇ ਅਨੁਸਾਰ ਸ਼ਾਮ ਨੂੰ ਫਾਂਸੀ ਲਾਉਣ ਦਾ ਹੁਕਮ ਨਹੀਂ ਹੈ, ਪਰ ਅੰਗਰੇਜ਼ੀ ਸਰਕਾਰ ਨੇ ਇਸ ਨਿਯਮ ਨੂੰ ਵੀ ਛਿੱਕੇ ਟੰਗ ਦਿੱਤਾ ਤੇ ਤਿੰਨਾਂ ਨੂੰ 23 ਮਾਰਚ 1931 ਸ਼ਾਮ ਸੱਤ ਵੱਜ ਕੇ ਪੈਂਤੀ ਮਿੰਟ ’ਤੇ ਫਾਂਸੀ ਦੇ ਦਿੱਤੀ ਗਈ। ਤਿੰਨਾਂ ਨੇ ਆਪੋ ਆਪਣੇ ਹੱਥੀਂ ਰੱਸੇ ਗਲਾਂ ’ਚ ਪਾਏ। ਖੁਸ਼ੀ ’ਚ ਇਨ੍ਹਾਂ ਨੇ ਰੱਸੇ ਚੁੰਮੇ । ਏਨੀ ਦਲੇਰੀ ਤੇ ਸੂਰਮਤਾ ਕਿਤੇ ਵੀ ਇਤਿਹਾਸ ’ਚ ਨਹੀਂ ਮਿਲਦੀ। ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਤਿੰਨਾਂ ਨੇ ‘ਇਨਕਲਾਬ ਜਿੰਦਾਬਾਦ’ ਤੇ ‘ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਏ। ਰੱਸੇ ਖਿੱਚ ਹੋ ਜਾਣ ਪਿੱਛੋਂ ਜੇਲ੍ਹ ਦੇ ਅੰਦਰੋਂ ਤੇ ਬਾਹਰੋਂ ਸਾਰਾ ਅਕਾਸ਼ ਭਗਤ ਸਿੰਘ ਜਿੰਦਾਬਾਦ, ਰਾਜਗੁਰੂ ਜਿੰਦਾਬਾਦ ਤੇ ਸੁਖਦੇਵ ਜਿੰਦਾਬਾਦ ਅਤੇ ‘ਇਨਕਲਾਬ ਜਿੰਦਾਬਾਦ’ , ‘ਸਾਮਰਾਜ ਮੁਰਦਾਬਾਦ’ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ….।

Comments

2 responses to “ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਆਖਰੀ 167 ਦਿਨ”

  1. Unknown Avatar

    ਬਹੁਤ ਹੀ ਚੰਗਾ ਲੇਖ ਹੈ ਇਸ ਵਿਚ ਜਿਥੇ ਭਗਤ ਸਿੰਘ ਦੀ ਸ਼ਖਸ਼ੀਅਤ ਬਾਰੇ ਉਘਡ਼ਵੇਂ ਤੱਥ ਹਨ ਉਥੇ ਉਸ ਵਕਤ ਦੇ ਮੌਕਾ ਪ੍ਰਸਤ ਲੀਡਰਾਂ ਦੀਆਂ ਵਾਰਤਾ ਵੀ ਹੈ ਸਹੀ ਮਾਅਨਿਆਂ ਵਿਚ ਇਹੋ ਜਿਹੇ ਹੋਰ ਲੇਖ ਵੀ ਪ੍ਰਕਾਸ਼ਿਤ ਕਰਨੇ ਚਾਹੀਦੇ ਨੇ ਤਾਂ ਜੋ ਅਸੀਂ ਅਪਣੇ ਦੇਸ਼ਭਗਤਾਂ ਦੇ ਨਜ਼ਦੀਕ ਜਾ ਸਕੀਏ

Leave a Reply


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com