ਮਿੰਨੀ ਕਹਾਣੀ/ਖ਼ਾਸ ਖ਼ਬਰ: ਸਮਰਜੀਤ ਸਿੰਘ ਸ਼ੱਮੀ

ਅਖ਼ਬਾਰ ਵਿੱਚ ਆਉਂਦੀਆਂ ਖ਼ਬਰਾਂ ਇਨ੍ਹਾਂ ਵਿਚ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਹਨ।
‘ਕਿਉਂ ਬਈ, ਹੈ ਕੋਈ ਖਾਸ ਖ਼ਬਰ ਅੱਜ ਦੀ।’
‘ਆਹੋ, ਮੰਤਰੀ ਦੇ ਦੋਹਤੇ-ਪੋਤੇ ਵੱਲੋਂ ਔਰਤਾਂ ਨਾਲ ਛੇੜਛਾੜ ਅਤੇ ਰਾਹ ਜਾਂਦੇ ਬੇਕਸੂਰ ਬੱਸ ਡਰਾਈਵਰਾਂ ਨਾਲ ਸਾਈਡ ਨਾ ਦੇਣ ਤੇ ਮਾਰ ਕੁੱਟ !’
‘ਉਹ ਯਾਰ, ਇਹ ਤਾਂ ਆਮ ਜਿਹੀ ਗੱਲ ਹੈ, ਕੋਈ ਖਾਸ ਖ਼ਬਰ ਸੁਣਾ …’
‘ਇਹਨੂੰ ਛੱਡ ਯਾਰ ਪਰ੍ਹਾਂ, ਕੀ ਗਿੱਲਾ ਪੀਹਣ ਜਿਹਾ ਲੈ ਕੇ ਬਹਿ ਗਿਐਂ, ਕੋਈ ਹੋਰ ਸੁਣਾ ਜੇ ਹੈ ਤਾਂ’
‘ਅੱਛਾ ਫ਼ਿਰ ਆਹ ਸੁਣ, ਸਰਕਾਰੀ ਨੌਕਰੀਆਂ ਦੇ ਘੋਟਾਲੇ ਅਤੇ ਭ੍ਰਿਸ਼ਟਾਚਾਰੀ ਦੇ ਦੋਸ਼ਾਂ ਕਾਰਨ ਸੁਪਰੀਮ ਕੋਰਟ ਨੇ ਵਜ਼ੀਰਾਂ ਨੂੰ ਭਾਜੜਾਂ ਪਾਈਆਂ, ਇੱਕ ਆਹਲਾ ਅਫ਼ਸਰ ਨੂੰ ਸਜ਼ਾ ਤੇ ਜੁਰਮਾਨਾ।’
‘ਯਾਰ ਏਹਦੇ ਵਿਚ ਕਿਹੜੀ ਗੱਲ ਐ, ਲੈ ਦੇ ਕੇ ਕੱਲ੍ਹ ਨੂੰ ਪਰਨਾਲਾ ਫ਼ੇਰ ਉੱਥੇ ਦਾ ਉੱਥੇ ਹੀ ਆ ਜਾਣਾ ਹੈ।’
‘ਦੇਸ਼ ਦੇ ਪ੍ਰਧਾਨ ਮੰਤਰੀ ਸਰਕਾਰੀ ਦੌਰੇ ਤੇ ਵਿਦੇਸ਼ ਰਵਾਨਾ’
‘ਆਹੋ, ਖੇਡਣ ਦੇ ਦਿਨ ਚਾਰ ਨੀ ਮਾਏਂ, ਇਹੀ ਤਾਂ ਇਨ੍ਹਾਂ ਦੇ ਘੁੰਮਣ ਫ਼ਿਰਨ ਦੇ ਦਿਨ ਨੇ, ਆਪਣੇ ਲੋਕਾਂ ਕੋਲ ਤਾਂ ਹੁਣ ਪੰਜਾਂ ਸਾਲਾਂ ਬਾਅਦ ਹੀ ਗੇੜਾ ਵੱਜੂ, ਉਹ ਵੀ ਤਾਂ ਜੇ ਇਹ ਸਿੱਧੇ ਰਾਜ ਸਭਾ ਨਾ ਪੁੱਜ ਜਾਣ !’
‘ਲੈ ਆਹ ਸੁਣ ਫ਼ੇਰ, ਸਰਕਾਰ ਨੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਇਕ ਹੋਰ ਕਿਸ਼ਤ ਦਿੱਤੀ।’
‘ਚਲੋ ਕੁਸ਼ ਤਾਂ ਦਿੱਤਾ! ਪਰ ਇਹਦਾ ਫ਼ੈਦਾ ਕੀ? ਜਦ ਉਸਤੋਂ ਦੁੱਗਣੀ ਚੌਗੁਣੀ ਤਾਂ ਮਹਿੰਗਾਈ ਵਧ ਜਾਂਣੀ ਐ, ਇਹ ਤਾਂ ਬੰਦੇ ਨੂੰ ਪੁਚਕਾਰ ਪੁਚਕੂਰ ਕੇ ਉਹਦੀ ਛਿੱਲ ਲਾਹੁਣ ਵਾਲੀ ਗੱਲ ਏ, ਹੋਰ ਸੁਣਾ ਕੁਝ …’
‘ਰਾਜਧਾਨੀ ਵਿਚ ਬਲਾਤਕਾਰ … ਤੇ ਗੁੰਡਾਗਰਦੀ’
‘ਆਮ ਗੱਲ ਹੈ, ਹੋਰ …’
‘ਪਟਵਾਰੀ ਰਿਸ਼ਵਤ ਲੈਦਾ ਰੰਗੇ ਹੱਥੀਂ ਕਾਬੂ’
‘ਹੋਰ ..’
‘ਕੀ ਹੋਰ ਯਾਰ ! ਬੱਸ ਆਹੀ ਕੁਸ਼ ਹੈ, ਜਾਂ ਫ਼ਿਰ ਆਹ ਸੁਣ ਲੈ, ਅੱਜ ਇਕ ਹੋਰ ਦਾਜ ਦੀ ਬਲੀ ਚੜ੍ਹੀ, ਜਾਂ ਪੁਲਸ ਵਧੀਕੀਆਂ ਤੋਂ ਲੋਕ ਦੁਖੀ, ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ ਖਸੁੱਟ …’
‘ਬੱਸ!? … ਕੋਈ ਖਾਸ ਖਬਰ ਨੀ ਹੈ ਅੱਜ ਫ਼ਿਰ, ਉਹੀ ਆਮ ਗੱਲਾਂ ਈ ਨੇ ।
ਇਹ ਕਹਿ ਕੇ ਉਨ੍ਹਾਂ ਇਸ ਤਰਾਂ ਸਿਰ ਝਟਕਿਆ ਜਿਵੇਂ ਕਿਸੇ ਵੱਡੇ ਭਾਰ ਦੇ ਹੇਠਾਂ ਆਉਂਦੇ ਆਉਂਦੇ ਬਚੇ ਹੋਣ।


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com