ਲੁਧਿਆਣਾ-ਜੰਗੇ ਆਜ਼ਾਦੀ ਦੀ ਵਿਦੇਸ਼ਾਂ ਵਿੱਚ ਉਠੀ ਲਹਿਰ ਦੀ ਅਗਵਾਈ ਕਰਨ ਵਾਲੀ ਗਦਰ ਪਾਰਟੀ ਦੇ ਬਾਨੀ ਅਤੇ ਵਿਸ਼ਵ ਪ੍ਰਸਿੱਧ ਚਿੰਤਕ ਲਾਲਾ ਹਰਦਿਆਲ ਐਮ ਏ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਹਿੰਟਸ ਫਾਰ ਸੈਲਫ ਕਲਚਰ‘ ਦਾ ਸ: ਗੁਰਦਿੱਤ ਸਿੰਘ ਕੰਗ ਵੱਲੋਂ ਕੀਤਾ ਪੰਜਾਬੀ ਅਨੁਵਾਦ ‘ਸਵੈ ਵਿਕਾਸ ਦੇ ਗੁਰ‘ ਰਿਲੀਜ਼ ਕੀਤਾ ਗਿਆ। ਪੰਜਾਬੀ ਸਭਿਆਚਾਰ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ 1913 ਵਿੱਚ ਗਦਰ ਪਾਰਟੀ ਲਹਿਰ ਦੀ ਸਥਾਪਨਾ ਕਰਨ ਵਿੱਚ ਲਾਲਾ ਹਰਦਿਆਲ ਦਾ ਸਭ ਤੋਂ ਵੱਡਾ ਯੋਗਦਾਨ ਸੀ ਅਤੇ ਹੁਣ ਆਉਣ ਵਾਲੇ ਸਾਲ 2013 ਨੂੰ ਇਸ ਲਹਿਰ ਦੇ ਸ਼ਤਾਬਦੀ ਵਰ੍ਹੇ ਵਜੋਂ ਮਨਾਉਣਾ ਸਾਡੀ ਸਭ ਦੀ ਜਿੰਮੇਂਵਾਰੀ ਹੈ। ਇਸ ਪੁਸਤਕ ਦਾ ਪੰਜਾਬੀ ਵਿੱਚ ਪ੍ਰਕਾਸ਼ਨ ਸਾਡੇ ਸਭ ਲਈ ਮਜ਼ਬੂਤ ਆਧਾਰ ਬਿੰਦੂ ਬਣੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਨੇ ਪੁਸਤਕ ਰਿਲੀਜ਼ ਕਰਦਿਆਂ ਕਿਹਾ ਹੈ ਕਿ ਪੌਣੀ ਸਦੀ ਪਹਿਲਾਂ ਲਿਖੀ ਇਸ ਮਹਾਨ ਰਚਨਾ ਦਾ ਪੰਜਾਬੀ ਅਨੁਵਾਦ ਸਾਡੇ ਸਭ ਲਈ ਤਸੱਲੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਨਾਗਰਿਕ ਮਨੁੱਖ ਦੀ ਸਿਰਜਣਾ ਦਾ ਸਕੰਲਪ ਉਸਾਰਦੀ ਇਹ ਪੁਸਤਕ ਕਿਸੇ ਦੇਸ਼, ਕਾਲ, ਧਰਮ ਜਾਂ ਕਿੱਤੇ ਦੀਆਂ ਲੋੜਾਂ ਨਹੀਂ ਪੂਰੀਆਂ ਕਰਦੀ ਸਗੋਂ ਸਰਬਕਾਲੀ ਮਨੁੱਖ ਦੇ ਵਿਕਾਸ ਲਈ ਗੁਰ ਸਿਖਾਉਂਦੀ ਹੈ। ਉਨ੍ਹਾਂ ਆਖਿਆ ਕਿ ਲਾਲਾ ਹਰਦਿਆਲ ਕੇਵਲ ਚਿੰਤਕ ਨਹੀਂ ਸਨ ਸਗੋਂ ਜੰਗੇ ਆਜ਼ਾਦੀ ਲਈ ਵਿਗਿਆਨਕ ਵਿਧੀ ਨਾਲ ਮਾਹਲ ਉਸਾਰਨ ਵਾਲੇ ਕਰਮਯੋਗੀ ਵੀ ਸਨ। ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਪੰਜਾਬੀਆਂ ਨੂੰ 1913 ਵਿੱਚ ਲਾਮਬੰਦ ਕਰਕੇ ਗਦਰ ਪਾਰਟੀ ਦੇ ਝੰਡੇ ਹੇਠ ਭਾਰਤ ਲਈ ਰਵਾਨਾ ਕਰਨਾ ਕੋਈ ਨਿੱਕੀ ਗੱਲ ਨਹੀਂ। ਉਨ੍ਹਾਂ ਆਖਿਆ ਕਿ ਇਸ ਪੁਸਤਕ ਦੇ ਅਨੁਵਾਦ ਨਾਲ ਪੰਜਾਬੀ ਮਾਂ ਦੀ ਝੋਲ ਭਰੀ ਹੈ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਹ ਕਿਤਾਬ ਅੱਖਰ–ਅੱਖਰ ਆਪਣੇ ਅੰਦਰ ਸਮੋਣ ਵਾਲੀ ਮਹਾਨ ਰਚਨਾ ਹੈ ਜਿਸ ਨੂੰ ਪੜ੍ਹਨ ਉਪਰੰਤ ਕੋਈ ਵੀ ਵਿਅਕਤੀ ਕਿਸੇ ਵੀ ਗੈਬੀ ਸ਼ਕਤੀ ਨੂੰ ਮੰਨਣ ਦੀ ਥਾਂ ਤਰਕ ਦਾ ਪੱਲਾ ਘੁੱਟ ਕੇ ਫੜ ਲੈਂਦਾ ਹੈ। ਉਨ੍ਹਾਂ ਆਖਿਆ ਕਿ ਲਾਲਾ ਹਰਦਿਆਲ ਦੀ ਲਿਆਕਤ ਹੀ ਇਸ ਗੱਲ ਵਿੱਚ ਹੈ ਕਿ ਪੌਣੀ ਸਦੀ ਬੀਤਣ ਦੇ ਬਾਵਜੂਦ ਇਸ ਦੀ ਆਭਾ ਫਿੱਕੀ ਨਹੀਂ ਪਈ, ਸਗੋਂ ਹੋਰ ਵੀ ਅਰਥਵਾਨ ਬਣ ਗਈ ਹੈ। ਉਨ੍ਹਾਂ ਆਖਿਆ ਕਿ ਪੁਸਤਕਾਂ ਦਾ ਤੋਹਫਾ ਦੇਣ ਦੀ ਰੀਤ ਤੋਰਨੀ ਚਾਹੀਦੀ ਹੈ, ਕਿਉਂ ਕਿ ਕਿਤਾਬਾਂ ਬੋਲਦੀਆਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਨਮਾਨ ਨਿਸ਼ਾਨੀਆਂ ਦੀ ਥਾਂ ਪੁਸਤਕ ਨਿਸ਼ਾਨੀਆਂ ਦੇਣ ਦੀ ਪਿਰਤ ਪਾਈ ਜਾਵੇ।
ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਭਿਆਚਾਰ ਅਕੈਡਮੀ ਦੇ ਸਰਪ੍ਰਸਤ ਅਤੇ ਪ੍ਰਸਿੱਧ ਪੰਜਾਬੀ ਲੇਖਕ ਡਾ: ਸ. ਨ. ਸੇਵਕ ਨੇ ਆਖਿਆ ਕਿ ਸ: ਗੁਰਦਿਤ ਸਿੰਘ ਕੰਗ ਨੇ ਇਸ ਪੁਸਤਕ ਰਾਹੀਂ ਤਰਕਸ਼ੀਲ ਸੋਚ ਪ੍ਰਤੀ ਚੇਤਨਾ ਅਤੇ ਪੰਜਾਬੀ ਵਿੱਚ ਗੰਭੀਰ ਵਿਚਾਰਾਂ ਦੇ ਪ੍ਰਸਾਰ ਪ੍ਰਤੀ ਆਪਣੀ ਪ੍ਰਤੀਬਧਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕਿਤਾਬ ਵਿਗਿਆਨ, ਇਤਿਹਾਸ, ਮਨੋਵਿਗਿਆਨ, ਅਰਥ ਵਿਗਿਆਨ, ਦਰਸ਼ਨ, ਸਮਾਜ ਵਿਗਿਆਨ, ਭਾਸ਼ਾਵਾਂ ਅਤੇ ਜ਼ਿੰਦਗੀ ਦੇ ਵੱਖ–ਵੱਖ ਖੇਤਰਾਂ ਨਾਲ ਦਸਤ ਪੰਜਾ ਲੈਂਦੀ ਹੈ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਧੀਮਾਨ ਨੇ ਇਸ ਪੁਸਤਕ ਦੇ ਅਨੁਵਾਦ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਪੁਸਤਕ ਵਿੱਚ ਸਿਰਜਣਾਤਮਕ ਵਾਰਤਕ ਹੈ। ਉਨ੍ਹਾਂ ਲਾਲਾ ਹਰਦਿਆਲ ਦੇ ਜੀਵਨ ਸਫ਼ਰ ਤੇ ਵੀ ਰੌਸ਼ਨੀ ਪਾਈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸ. ਗੁਰਦਿੱਤ ਸਿੰਘ ਕੰਗ ਦੇ ਸਪੁੱਤਰ ਡਾ. ਮਨਜੀਤ ਸਿੰਘ ਕੰਗ ਨੇ ਆਖਿਆ ਕਿ ਮੈਨੂੰ ਆਪਣੇ ਪਿਤਾ ਜੀ ਦੇ ਲੇਖਕ ਹੋਣ ਤੇ ਮਾਣ ਹੈ ਅਤੇ ਮੈਂ ਉਨ੍ਹਾਂ ਦੀਆਂ ਇਸ ਤੋਂ ਇਲਾਵਾ ਛਪ ਰਹੀਆਂ ਚਾਰ ਪੁਸਤਕਾਂ ਦਾ ਹੁਣੇ ਹੀ ਪਾਠ ਮੁਕੰਮਲ ਕੀਤਾ ਹੈ। ਉਨ੍ਹਾਂ ਆਖਿਆ ਕਿ ਭਾਸ਼ਾ ਅਤੇ ਗਿਆਨ ਦੀ ਸੁਯੋਗ ਵਰਤੋਂ ਕਰਕੇ ਸ: ਗੁਰਦਿੱਤ ਸਿੰਘ ਕੰਗ ਨੇ ਸਾਡੇ ਪਰਿਵਾਰ ਨੂੰ ਇਸ ਪੁਸਤਕ ਦੇ ਅਨੁਵਾਦ ਰਾਹੀਂ ਉਚੇਰਾ ਸਨਮਾਨ ਦਿਵਾਇਆ ਹੈ।
ਪੁਸਤਕ ਬਾਰੇ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਪੁਸਤਕ ਜੀਵਨ ਜਾਚ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਕਾਰਜ ਖੇਤਰ ਵਿੱਚ ਵਿਗਿਆਨਕ ਸੋਚ ਨਾਲ ਜੋੜ ਕੇ, ਤਰਕਸ਼ੀਲ ਰਵੱਈਆ ਅਪਣਾਅ ਕੇ, ਪੜ੍ਹਾਈ ਰਾਹੀਂ ਸਮਾਜ ਦੀਆਂ ਬਾਰੀਕੀਆਂ ਤੋਂ ਜਾਣੂੰ ਹੋ ਕੇ, ਸਰੀਰਕ ਤੇ ਮਾਨਸਿਕ ਸਿਹਤ ਬਰਕਰਾਰ ਰੱਖ ਕੇ ਅਤੇ ਇਖਲਾਕ ਬੁਲੰਦ ਕਰਕੇ ਜੀਵਨ ਜੀਣ ਦੀ ਗੱਲ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਪੁਸਤਕ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਉਹ ਸਮਝਦੇ ਹਨ ਕਿ ਇਸ ਪੁਸਤਕ ਵਿਚ ਜੀਵਨ ਸੁਚੱਜੀ ਰਾਹ ਤੇ ਤੋਰਨ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਲਾਲਾ ਹਰਦਿਆਲ ਜੀ ਦੀ ਇਸ ਪੁਸਤਕ ਤੋਂ ਆਪਣਾ ਜੀਵਨ ਸਾਰਥਿਕ ਬਣਾਉਣ ਦਾ ਲਾਹਾ ਲੈ ਚੁੱਕੇ ਹਨ ਅਤੇ ਸਮਝਦੇ ਹਨ ਕਿ ਇਹ ਪੁਸਤਕ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ ਅਤੇ ਸਾਹਿਤਕ ਸਮਾਗਮਾਂ ਵਿੱਚ ਅਜਿਹੀਆਂ ਪੁਸਤਕਾਂ ਦੇ ਕੇ ਸਨਮਾਨ ਕਰਨ ਦੀ ਰੀਤ ਚਲਾਉਣੀ ਚਾਹੀਦੀ ਹੈ। ਉਨ੍ਹਾਂ ਲਾਲਾ ਜੀ ਦਾ ਫਲਸਫਾ ਅੰਗਰੇਜ਼ੀ ਨਾ ਜਾਨਣ ਵਾਲੇ ਲੋਕਾਂ ਤਕ ਪਹੁੰਚਾਉਣ ਲਈ ਬਾਪੂ ਗੁਰਦਿੱਤ ਸਿੰਘ ਕੰਗ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਲੋਕ ਵੀ ਇਸ ਦਾ ਲਾਹਾ ਲੈ ਸਕਣਗੇ।
ਇਸ ਪੁਸਤਕ ਬਾਰੇ ਡਾ. ਅਮਰਜੀਤ ਸਿੰਘ ਹੇਅਰ, ਡਾ. ਭੁਪਿੰਦਰ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਜਨਰਲ ਸਕੱਤਰ ਪੰਜਾਬੀ ਸਭਿਆਚਾਰ ਅਕੈਡਮੀ ਨੇ ਵੀ ਆਪਣੀਆਂ ਟਿੱਪਣੀਆਂ ਦਿੱਤੀਆਂ। ਇਸ ਮੌਕੇ ਸ: ਗੁਰਦਿੱਤ ਸਿੰਘ ਕੰਗ ਦੀ ਸਪੁੱਤਰੀ ਸਰਦਾਰਨੀ ਸਤਿੰਦਰ ਕੌਰ ਰਿਆੜ ਅਤੇ ਉਨ੍ਹਾਂ ਦੇ ਪਤੀ ਸ: ਕੁਲਦੀਪ ਸਿੰਘ ਰਿਆੜ, ਐਚ ਡੀ ਐਫ ਸੀ ਬੈਂਕ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਇੰਜੀਨੀਅਰ ਪ੍ਰਤਾਪ ਸਿੰਘ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ ਡਾ. ਸਤਵਿੰਦਰ ਕਰ ਮਾਨ, ਡੀਨ, ਹੋਮ ਸਾਇੰਸ ਕਾਲਜ ਡਾ. ਨੀਲਮ ਗਰੇਵਾਲ, ਡਾ: ਵੀਰ ਰਜਿੰਦਰ ਪ੍ਰਸ਼ਾਦ, ਡੀਨ ਬੇਸਿਕ ਸਾਇੰਸਜ ਕਾਲਜ, ਡਾ: ਪੀ ਕੇ ਗੁਪਤਾ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ, ਡਾ. ਰਾਜ ਕੁਮਾਰ ਮਹੇ ਰਜਿਸਟਰਾਰ, ਸ਼੍ਰੀ ਏ ਸੀ ਰਾਣਾ ਕੰਪਟਰੋਲਰ, ਡਾ: ਪ੍ਰਿਤਪਾਲ ਸਿੰਘ ਲੁਬਾਣਾ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ: ਸਤਬੀਰ ਸਿੰਘ ਗੋਸਲ ਤੋਂ ਇਲਾਵਾ ਉੱਘੇ ਲੇਖਕ ਜਨਾਬ ਸਰਦਾਰ ਪੰਛੀ, ਪੁਰਦਮਨ ਸਿੰਘ ਬੇਦੀ ਸੰਪਾਦਕ ਮੀਰ, ਸ਼੍ਰੀਮਤੀ ਇੰਦਰਜੀਤ ਪਾਲ ਭਿੰਡਰ, ਵੈਨਕੂਵਰ ਤੋਂ ਆਏ ਪੰਜਾਬੀ ਲੇਖਕ ਮੋਹਣ ਗਿੱਲ, ਲਾਹਰ ਅਤੇ ਲੁਧਿਆਣਾ ਤੋਂ ਇਕੋ ਵੇਲੇ ਇਕੋ ਵੇਲੇ ਛਪਣ ਵਾਲੇ ਤ੍ਰੈਮਾਸਕ ‘ਸਾਂਝ‘ ਦੀ ਸੰਪਾਦਕ ਡਾ: ਮਨੂ ਸ਼ਰਮਾ ਸੋਹਲ, ਪੰਜਾਬੀ ਕਵੀ ਤਰਲੋਚਨ ਲੋਚੀ, ਮਨਜਿੰਦਰ ਧਨੋਆ, ਡਾ: ਗੁਰਦੇਵ ਸਿੰਘ ਸੰਧੂ, ਡਾ: ਤੇਜ ਪ੍ਰਤਾਪ ਸਿੰਘ ਸੰਧੂ, ਯੂਨੀਵਰਸਿਟੀ ਦੇ ਸਾਬਕਾ ਲੈਂਡਸਕੇਪ ਅਫਸਰ ਸ: ਹਰੀ ਸਿੰਘ ਸੰਧੂ, ਡਾ: ਕੁਲਵਿੰਦਰ ਕੌਰ ਮਿਨਹਾਸ, ਸ਼੍ਰੀ ਪ੍ਰੀਤਮ ਪੰਧੇਰ, ਉੱਘੇ ਲੋਕ ਗਾਇਕ ਕੇ. ਦੀਪ, ਪ੍ਰਸਿੱਧ ਰਾਗੀ ਭਾਈ ਪਿਆਰਾ ਸਿੰਘ, ਭਾਈ ਜਤਿੰਦਰ ਪਾਲ ਸਿੰਘ ਸ਼੍ਰੀਨਗਰ ਵਾਲੇ, ਸ: ਬਲਵੀਰ ਸਿੰਘ ਭਾਟੀਆ ਸਮੇਤ ਅਨੇਕਾਂ ਸਿਰਕੱਢ ਵਿਅਕਤੀ ਹਾਜ਼ਰ ਸਨ।
ਪੰਜਾਬੀ ਸਭਿਆਚਾਰ ਅਕੈਡਮੀ ਦੇ ਮੀਤ ਪ੍ਰਧਾਨ ਡਾ: ਗੁਲਜ਼ਾਰ ਪੰਧੇਰ ਨੇ ਆਏ ਮਹਿਮਾਨਾਂਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਸਤਕ ਦੀ ਭਾਵਨਾ ਤੀਕ ਪਹੁੰਚਣ ਦੀ ਲੋੜ ਹੈ ਤਾਂ ਜੋ ਲਾਲਾ ਹਰਦਿਆਲਦੇ ਸਰਬਕਾਲੀ ਵਿਚਾਰ ਗਲੋਬਲ ਪ੍ਰਸੰਗ ਵਿੱਚ ਸਮਝੇ ਅਤੇ ਜਾਣੇ ਜਾ ਸਕਣ।
ਲਾਲ ਹਰਦਿਆਲ ਦੀ ਕਿਤਾਬ ‘ਹਿੰਟਸ ਫਾਰ ਸੈਲਫ ਕਲਚਰ’ ਦਾ ਪੰਜਾਬੀ ਅਨੁਵਾਦ ਰਿਲੀਜ਼
Publish Date:
Updated Date:
Share:
ਅੱਖਰ ਵੱਡੇ ਕਰੋ–+=
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Leave a Reply