ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚੋਂ ਪ੍ਰੋਫੈਸਰ ਜਗਮੋਹਨ ਸਿੰਘ ਐਸੀ ਸ਼ਖਸ਼ੀਅਤ ਹਨ, ਜੋ ਪੂਰੀ ਤਰ੍ਹਾਂ ਸਰਗਰਮ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਜਗਮੋਹਨ ਸਿੰਘ ਇੱਕ ਸ਼ਖਸ਼ੀਅਤ ਹੀ ਨਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਭਗਤ ਸਿੰਘ ਤੋਂ 3 ਸਾਲ ਛੋਟੀ ਉਨ੍ਹਾਂ ਦੀ ਭੈਣ ਅਮਰ ਕੌਰ ਦੇ ਪੁੱਤਰ ਹਨ। ਭਗਤ ਸਿੰਘ ਖੋਜ ਕਮੇਟੀ ਬਣਾ ਕੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਲੱਭਣਾ, ਫਿਰ ਸਾਂਭਣਾ, ਛਾਪਣਾ ਇਹ ਕੰਮ ਬਹੁਤ ਹੀ ਸਮਰਪਣ ਤੇ ਮਿਹਨਤ ਮੰਗਦਾ ਸੀ ਜੋ ਉਨ੍ਹਾਂ ਨੇ ਕਰ ਦਿਖਾਇਆ। ਸਿਰਫ਼ ਭਗਤ ਸਿੰਘ ਦੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਸਾਂਭਣ ਦਾ ਹੀ ਯਤਨ ਨਹੀਂ ਕੀਤਾ, ਸਗੋਂ ਭਗਤ ਸਿੰਘ ਦੇ ਸਾਥੀਆਂ ਦੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਵੀ ਖੋਜਿਆ ਤੇ ਸਾਂਭਿਆ। ਉਨ੍ਹਾਂ ਲਈ ਸਿਰਫ਼ ਭਗਤ ਸਿੰਘ ਹੀ ਨਹੀਂ ਹਰੇਕ ਦੇਸ਼ ਭਗਤ, ਹਰੇਕ ਸ਼ਹੀਦ ਹੀ ਆਪਣਾ ਹੈ ਤੇ ਉਸ ਹਰੇਕ ਦੇਸ਼ ਭਗਤ ਲਈ ਉਹ ਓਨੀ ਹੀ ਤਨਦੇਹੀ ਨਾਲ ਕੰਮ ਕਰਦੇ ਹਨ ਜਿੰਨਾ ਕਿ ਭਗਤ ਸਿੰਘ ਬਾਰੇ। ਇਹੋ ਜਿਹੀਆਂ ਗੱਲਾਂ ਉਨ੍ਹਾਂ ਦੀ ਸੋਚ ਤੇ ਸ਼ਖਸ਼ੀਅਤ ਨੂੰ ਪੇਸ਼ ਕਰਦੀਆਂ ਹਨ। ਉਹ ਸਿਰਫ਼ ਸ਼ਹੀਦਾਂ ਦੀ ਸੋਚ ਨੂੰ ਸਾਂਭ ਹੀ ਨਹੀਂ ਰਹੇ ਸਗੋਂ ਉਸ ਸੋਚ ’ਤੇ ਨਿਰੰਤਰ ਪਹਿਰਾ ਦੇ ਰਹੇ ਹਨ। ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੈਨੂੰ ਮਾਣ ਹਾਸਿਲ ਹੋਇਆ ਜੋ ਪਾਠਕਾਂ ਲਈ ਪੇਸ਼ ਕਰ ਰਹੀ ਹਾਂ ।

ਅਜੇ ਤੱਕ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਭਗਤ ਸਿੰਘ ਚੇਅਰ ਨਹੀਂ ਸਥਾਪਿਤ ਕੀਤੀ ਗਈ । ਇਸ ਬਾਰੇ ਤੁਸੀਂ ਕੀ ਕਹੋਗੇ ?

Jagmohan Singh Nephew of Shaheed Bhagat Singh
ਸ਼ਹੀਦ ਭਗਤ ਸਿੰਘ ਦੇ ਭਾਣਜੇ
ਜਗਮੋਹਨ ਸਿੰਘ

ਸਰਾਕਾਰਾਂ ਨੂੰ ਭਗਤ ਸਿੰਘ ਤੋਂ ਡਰ ਵੀ ਲੱਗਦਾ ਤੇ ਮਜਬੂਰੀ ਇਹ ਹੈ ਕਿ ਉਨ੍ਹਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਸਾਡੇ ਦਬਾਅ ਪਾਉਣ ’ਤੇ ਪਿਛਲੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨਾ ਮੰਨਿਆ ਸੀ। ਪਰ ਚੇਅਰ ਸਥਾਪਿਤ ਕਰਨ ਨਾਲ ਵੀ ਭਗਤ ਸਿੰਘ ਬਾਰੇ ਜਾਂ ਉਸਦੀ ਵਿਚਾਰਧਾਰਾ ਬਾਰੇ ਕੰਮ ਹੋਣ ਦੀ ਉਮੀਦ ਘੱਟ ਹੈ। ਹੁਣ ਭਗਤ ਹੋਰਾਂ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਦੌਰਾਨ ਸਮਾਗਮ ਕਰਕੇ ਕੱਪੜੇ ਵੰਡਣ ਜਾਂ ਪੱਗਾਂ ਵੰਡਣ ਨਾਲ ਕੁਝ ਨਹੀਂ ਹੋਣਾ। ਹਾਂ ਜੇ ਕੁਝ ਨੌਜਵਾਨਾਂ ’ਚ ਵੰਡਣਾ ਹੀ ਹੈ ਤਾਂ ਪੱਗਾਂ ਤੇ ਕੱਪੜਿਆਂ ਦੀ ਥਾਂ ’ਤੇ ਕਿਤਾਬਾਂ ਵੰਡ ਦੇਣ ਤਾਂ ਇਹ ਵੱਧ ਚੰਗਾ ਹੋਵੇਗਾ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਇੱਕ ਕੇਂਦਰੀ ਯੂਨੀਵਰਸਿਟੀ ਪੰਜਾਬ ਵਿੱਚ ਖੋਲ੍ਹਣ ਦੀ ਮੰਗ ਕੀਤੀ ਹੈ ਤੇ ਉਸਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਬਾਰੇ ਵੀ ਕਿਹਾ ਹੈ। ਉਸ ਵਿੱਚ ਭਗਤ ਸਿੰਘ ਸਬੰਧੀ ਕੋਈ ਕੰਮ ਹੋਏਗਾ ਜਾਂ ਸਿਰਫ਼ ਨਾਮ ਹੀ ਰੱਖਿਆ ਜਾਵੇਗਾ ?

ਉਸ ਮੀਟਿੰਗ ਵਿੱਚ ਮੈਂ ਵੀ ਸ਼ਾਮਿਲ ਸੀ। ਇਹ ਹਵਾ ’ਚ ਹੀ ਗੱਲ ਸੀ। ਸੈਂਟਰ ਤੋਂ ਯੂਨੀਵਰਸਿਟੀ ਦੀ ਮੰਗ ਕੀਤੀ ਹੈ, ਪਰ ਉਹ ਸ਼ਾਇਦ ਡਿਫੈਂਸ ਨਾਲ ਸਬੰਧਿਤ ਮਿਲੇ। ਜੇ ਉਸਦਾ ਨਾਮ ਭਗਤ ਸਿੰਘ ਯੂਨੀਵਰਸਿਟੀ ਰੱਖਿਆ ਵੀ ਗਿਆ ਤਾਂ ਵੀ ਉਸ ਵਿੱਚ ਭਗਤ ਸਿੰਘ ਨਾਲ ਸਬੰਧਿਤ ਕੋਈ ਕੰਮ ਨਹੀਂ ਹੋਵੇਗਾ। ਜੇ ਭਗਤ ਸਿੰਘ ਦੇ ਨਾਂ ’ਤੇ ਕੋਈ ਇੰਸਟੀਚਿਊਟ ਖੋਲ੍ਹਿਆ ਜਾਵੇ ਤਾਂ ਉਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ।
ਹਾਂ ਮੈਂ ਆਪਣੇ ਵਲੋਂ ਇੱਕ ਕੋਸ਼ਿਸ਼ ਕਰ ਰਿਹਾਂ। ਮੈਂ ਆਪਣੀ ਸਾਰੀ ਜਾਇਦਾਦ ‘ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ’ ਨੂੰ ਟਰਾਂਸਫਰ ਕਰ ਰਿਹਾ ਹਾਂ। ਇਸ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੇ ਅਨੁਸਾਰ ਕੰਮ ਹੋਵੇਗਾ। ਜੋ ਨੌਜਵਾਨ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਵਿੱਚ ਲਿਆ ਜਾਵੇਗਾ, ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦੀ ਮਸਲਿਆਂ ਨੂੰ ਹੱਲ ਕਿਵੇਂ ਕਰਨਾ, ਇਹ ਸਾਰੇ ਵਿਚਾਰ ਫ਼ਾਊਂਡੇਸ਼ਨ ਵਿੱਚ ਹੋਣਗੇ। ਆਪਣੀ ਨਿੱਜੀ ਜਾਇਦਾਦ ਨੂੰ ਸਮਾਜਿਕ ਕੰਮਾਂ ਵਿੱਚ ਲਾਇਆ ਜਾਣਾ ਚਾਹੀਦਾ ਹੈ। ਅਸੀਂ ਇਹ ਫ਼ਾਊਂਡੇਸ਼ਨ 24 ਅਗਸਤ 2007 ਨੂੰ ਰਾਜਗੁਰੂ ਦੇ ਜਨਮ ਦਿਵਸ ਮੌਕੇ ਬਣਾਈ ਹੈ।

ਆਈ.ਸੀ.ਐਸ.ਈ. ਦੀ ਛੇਵੀਂ ਜਮਾਤ ਦੀ ਹਿੰਦੀ ਦੀ ਪੁਸਤਕ ਵਿੱਚ ਭਗਤ ਸਿੰਘ ਨੂੰ ਆਤੰਕਵਾਦੀ ਲਿਖਿਆ ਗਿਆ ਹੈ, ਇਸ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰਦੀ ਹੈ?
ਅੰਗਰੇਜ਼ਾਂ ਨੇ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਕੁਝ ਖਾਸ ਕਿਸਮ ਦੀ ਵੋਕੈਬਲਰੀ ਇਸਤੇਮਾਲ ਵਿੱਚ ਲਿਆਂਦੀ । ਰਚਾਨਤਮਿਕ ਕੰਮ ਤੋਂ ਸਰਕਾਰਾਂ ਵੀ ਬੱਚਿਆਂ ਨੂੰ ਦੂਰ ਰੱਖਣਾ ਚਾਹੁੰਦੀਆਂ ਹਨ। ਇਹੋ ਜਿਹੀ ਵੋਕੈਬਲਰੀ ਬੱਚਿਆਂ ਦੇ ਮਨ ’ਚ ਪਾਉਂਦੇ ਹਨ ਤਾਂ ਕਿ ਬੱਚਿਆਂ ਨੂੰ ਅਸਲੀਅਤ ਤੋਂ ਦੂਰ ਰੱਖਿਆ ਜਾ ਸਕੇ।
ਹੁਣ ਤੁਸੀਂ 1857 ਦਾ ਗਦਰ ਹੀ ਲੈ ਲਓ, 150 ਸਾਲ ਬਾਦ ਇਹ ਪਤਾ ਲੱਗਿਆ ਕਿ ਏਡੀ ਵੱਡੀ ਜੰਗ ਅੱਜ ਤੱਕ ਇਤਿਹਾਸ ਵਿੱਚ ਕਦੇ ਨਹੀਂ ਹੋਈ ਜਿਸ ਵਿੱਚ ਪੂਰਾ ਰਾਸ਼ਟਰ ਸ਼ਾਮਿਲ ਹੋਵੇ। ਇਸ ਵਿੱਚ ਹਰੇਕ ਤਬਕੇ ਦੇ ਲੋਕ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ਦੇ ਸ਼ਾਮਿਲ ਹੋਏ। ਇੱਥੋਂ ਤੱਕ ਕਿ ਔਰਤਾਂ ਵੀ ਤਲਵਾਰਾਂ ਲੈ ਕੇ ਇਸ ਵਿੱਚ ਲੜੀਆਂ। ਪਰ ਇਹ ਸਭ ਗੱਲਾਂ ਸਰਕਾਰ ਦਬਾਉਂਦੀ ਰਹੀ। ਮੈਂ ਪੁੱਛਦਾਂ ਕਿ ਕੀ ਏਨੀ ਵੱਡੀ ਬਗਾਵਤ ਕਾਮਯਾਬ ਨਹੀਂ ਹੁੰਦੀ? ਮੈਂ ਕਹਿੰਦਾ ਹਾਂ ਕਿ ਇਹ ਉਸ ਗਦਰ ਦੀ ਹੀ ਜਿੱਤ ਸੀ ਕਿ ਕੰਪਨੀ ਦਾ ਰਾਜ ਖਤਮ ਹੋਇਆ। ਉਸ ਤੋਂ ਬਾਅਦ ਰਾਜ ਵਿਕਟੋਰੀਆ ਦੇ ਹੱਥ ਆਇਆ ਜਿਸਦੀ ਸਮਝ ਲੋਕਾਂ ਨੂੰ ਵੀਹ ਪੱਚੀ ਸਾਲ ਬਾਅਦ ਆਈ ਕਿ ਅੰਗਰੇਜ਼ਾਂ ਦਾ ਰਾਜ ਕੰਪਨੀ ਰਾਜ ਤੋਂ ਚੰਗਾ ਨਹੀਂ ਹੈ। ਇਸੇ ਤਰ੍ਹਾਂ ਹੀ ਭਾਰਤ ਨੇ 1995 ਵਿੱਚ ਜੋ ਵਪਾਰਕ ਸੰਧੀ ਕੀਤੀ ਸੀ ਉਸਦੀ ਸਮਝ ਹੁਣ ਲੋਕਾਂ ਨੂੰ ਆ ਰਹੀ ਹੈ ਕਿ ਇਹ ਸਾਡੇ ਹੱਕ ਵਿੱਚ ਨਹੀਂ ਖ਼ਿਲਾਫ਼ ਹੈ।
ਜੇ ਲੋਕਾਂ ਵਿੱਚ ਅਸਲੀ ਗੱਲ ਜਾਏਗੀ ਤਾਂ ਉਹ ਜਾਗ੍ਰਿਤ ਹੋਣਗੇ। ਇਸੇ ਤਰ੍ਹਾਂ ਹੀ ਇਹ ਗੱਲ ਵੀ ਗੌਰ ਤਲਬ ਹੈ ਕਿ ਭਗਤ ਸਿੰਘ ਹੁਰਾਂ ਨੂੰ ਫ਼ਾਂਸੀ ਕਿਉਂ ਲੱਗੀ ? ਲੋਕ ਸਮਝਦੇ ਹਨ ਕਿ ਸਾਂਡਰਸ ਦਾ ਕਤਲ ਕੀਤਾ ਸੀ ਇਸ ਲਈ ਫ਼ਾਂਸੀ ਲੱਗੀ ਪਰ ਅਸਲ ਗੱਲ ਤਾਂ ਇਹ ਸੀ ਕਿ ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਖਿਲਾਫ਼ ਜੰਗ ਛੇੜੀ ਸੀ, ਇਸ ਲਈ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਸੁਖਦੇਵ ਨੇ ਕੋਈ ਕਤਲ ਨਹੀਂ ਸੀ ਕੀਤਾ ਤੇ ਨਾ ਹੀ ਕਿਸੇ ਐਕਸ਼ਨ ਵਿੱਚ ਹਿੱਸਾ ਲਿਆ ਸੀ ਫਿਰ ਵੀ ਉਸਨੂੰ ਫ਼ਾਂਸੀ ਦਿੱਤੀ ਗਈ ਕਿਉਂਕਿ ਗੱਲ ਤਾਂ ਅਸਲ ਵਿੱਚ ਸਾਮਰਾਜ ਖਿਲਾਫ਼ ਜੰਗ ਛੇੜਨ ਦੀ ਸੀ ।
ਇਸ ਲਈ ਸਰਕਾਰਾਂ ਭਗਤ ਸਿੰਘ ਨੂੰ ਜਿੰਮੇਵਾਰ ਥਾਂ ਨਹੀਂ ਦੇਣਗੀਆਂ, ਜੇ ਸਥਾਨ ਦੇਣਗੀਆਂ ਤਾਂ ਸੱਚਾਈ ਖੋਲ੍ਹਣੀ ਪਵੇਗੀ। ਉਹ ਭਗਤ ਸਿੰਘ ਲਈ ਅੱਤਵਾਦੀ ਸ਼ਬਦ ਇਸਤੇਮਾਲ ਕਰਕੇ ਨੌਜਵਾਨਾਂ ਨੂੰ ਵਰਗਲਾਉਣਾ ਚਾਹੁੰਦੇ ਹਨ।

ਇੱਕ ਸਵਾਲ ਸੁਖਦੇਵ ਬਾਰੇ ਵੀ ਪੁੱਛਣਾ ਚਾਹਾਂਗੀ ਕਿ ਕਈ ਚੰਗਾ ਗਿਆਨ ਤੇ ਮਾਰਕਸੀ ਸੂਝ ਰੱਖਣ ਵਾਲੇ ਲੋਕ ਵੀ ਉਸਦੇ ਕਿਰਦਾਰ ਅਤੇ ਵਫ਼ਾਦਰੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਕੀ ਅਜਿਹਾ ਕਰਨਾ ਠੀਕ ਹੈ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਇਹ ਬਿਲਕੁਲ ਗਲਤ ਹੈ। ਸੁਖਦੇਵ ਦੀ ਵਫ਼ਦਾਰੀ ’ਤੇ ਕੋਈ ਸਵਾਲੀਆ ਚਿੰਨ੍ਹ ਲੱਗ ਹੀ ਨਹੀਂ ਸਕਦਾ। ਮੈਂ ਤਾਂ ਸਗੋਂ ਇਹ ਕਹਾਂਗਾ ਕਿ ਜੇ ਭਗਤ ਸਿੰਘ ਅੱਜ ਲੋਕਾਂ ਵਿੱਚ ਭਗਤ ਸਿੰਘ ਕਰਕੇ ਜਾਣਿਆ ਜਾਂਦਾ ਹੈ ਤਾਂ ਉਹ ਸੁਖਦੇਵ ਦੀ ਹੀ ਬਦੌਲਤ ਹੈ। ਭਗਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਬਣਾਉਣ ਵਾਲਾ ਹੀ ਸੁਖਦੇਵ ਹੈ। ਸੁਖਦੇਵ ਦਲ ਦਾ ਆਰਗੇਨਾਈਜ਼ਰ ਸੀ । ਉਸਦਾ ਕੰਮ ਪਾਰਟੀ ਨੂੰ ਤਿਆਰ ਕਰਨਾ ਸੀ ਨਾ ਕਿ ਐਕਸ਼ਨ ਕਰਨਾ। ਜੋ ਲੋਕ ਇਹ ਕਹਿੰਦੇ ਹਨ ਕਿ ਉਸਨੇ ਕਿਸੇ ਐਕਸ਼ਨ ਵਿੱਚ ਹਿੱਸਾ ਕਿਉਂ ਨਹੀਂ ਲਿਆ ਉਹ ਗਲਤ ਹਨ। ਪਾਰਟੀ ’ਚ ਹਰੇਕ ਦੇ ਕੰਮਾਂ ਦੀ ਵੰਡ ਸੀ ਤੇ ਐਕਸ਼ਨ ’ਚ ਹਿੱਸਾ ਲੈਣਾ ਉਸਦਾ ਕੰਮ ਹੀ ਨਹੀਂ ਸੀ। ਉਸਨੇ ਆਪਣਾ ਕਿਰਦਾਰ ਬਾਖ਼ੂਬੀ ਨਿਭਾਇਆ। ਜੇ ਅਸੀਂ ਸੁਖਦੇਵ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸਦੀ ਤਾਂ ਆਪਣੀ ਇਹ ਵਿਡੰਬਨਾ ਹੈ ਕਿ ਬਿਨਾਂ ਕੋਈ ਐਕਸ਼ਨ ਜਾਂ ਕਤਲ ਕੀਤੇ ਹੀ ਉਸਨੂੰ ਫ਼ਾਂਸੀ ਦੀ ਸਜ਼ਾ ਹੋ ਗਈ । ਇਸ ਲਈ ਸੁਖਦੇਵ ਬਾਰੇ ਅਜਿਹੀ ਗੱਲ ਸੋਚੀ ਵੀ ਨਹੀਂ ਜਾ ਸਕਦੀ।

ਭਗਤ ਸਿੰਘ ਦੇ ਜੀਵਨ ਕਾਲ ਦੌਰਾਨ ਹੀ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋ ਚੁੱਕੀ ਸੀ। ਭਗਤ ਸਿੰਘ ਤੇ ਸਾਥੀ ਕਮਿਊਨਿਸਟ ਵਿਚਾਰਧਾਰ ’ਤੇ ਚੱਲਦੇ ਹੋਏ ਵੀ ਪਾਰਟੀ ’ਚ ਕਿਉਂ ਨਹੀਂ ਸ਼ਾਮਿਲ ਹੋਏ?
ਉਸ ਸਮੇਂ ਮੇਰਠ ਸਾਜ਼ਿਸ਼ ਕੇਸ ਤੇ ਕਾਨਪੁਰ ਕੇਸ ਚੱਲਦਿਆਂ ਸਾਰੀ ਪਾਰਟੀ ਫੜੀ ਜਾ ਚੁੱਕੀ ਸੀ । ਉਨੀਂ ਦਿਨੀਂ ਬਾਲਸ਼ਵਿਕ ਸ਼ਬਦ ਰਸ਼ੀਆ ਤੋਂ ਭਾਰਤ ਆਇਆ ਸੀ। ਦੂਜਾ ਜਮੀਨੀ ਪੱਧਰ ’ਤੇ ਪਾਰਟੀ ਵਲੋਂ ਅਜੇ ਤੱਕ ਉਹ ਕੰਮ ਨਹੀਂ ਸੀ ਕੀਤਾ ਜਾ ਸਕਿਆ ਜਿਸਦੀ ਲੋੜ ਸੀ। ਜਦੋਂ ਜਜ਼ਬਾਤੀ ਤੌਰ ’ਤੇ ਲੋਕਾਂ ਨੂੰ ਹਲੂਣਿਆ ਜਾਵੇ ਤੇ ਵਿਚਾਰ ਵੀ ਰੱਖੇ ਜਾਣ। ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ ਜਾਵੇ ਉੱਥੋਂ ਪਾਰਟੀ ਬਣਦੀ ਹੈ। ਜਦੋਂ ਇੱਕ ਮਜ਼ਬੂਤ ਰਾਸ਼ਟਰਵਾਦੀ ਜਜ਼ਬਾ ਇਸਦਾ ਅਧਾਰ ਬਣਦਾ ਹੈ। ਉਸ ਸਮੇਂ ਭਗਤ ਸਿੰਘ ਹੋਰੀਂ ਇੱਕ ਪੂਰਕ ਦੇ ਤੌਰ ’ਤੇ ਕੰਮ ਕਰ ਰਹੇ ਸਨ। ਪਰ ਪਾਰਟੀ ਕੋਲ ਅਧਾਰ ਨਹੀਂ ਸੀ ਤੇ ਭਗਤ ਸਿੰਘ ਹੋਰੀਂ ਜਜ਼ਬਾਤੀ ਹਲੂਣ ਦੇ ਕੇ ਤੇ ਆਪਣੇ ਵਿਚਾਰ ਰੱਖ ਕੇ ਉਹ ਅਧਾਰ ਬਣਾਉਣਾ ਚਾਹੁੰਦੇ ਸਨ। ਮਜ਼ਬੂਤ ਰਾਸ਼ਟਰਵਾਦ ਜਾਂ ਕੌਮਵਾਦ ਦੇ ਅਧਾਰ ’ਤੇ ਹੀ ਜਿੱਤਿਆ ਜਾ ਸਕਦਾ ਹੈ ਜਿਵੇਂ ਕਿ ਵੀਅਤਨਾਮ ਅਤੇ ਚਾਈਨਾ ਦੇ ਲੋਕਾਂ ਨੇ ਕੀਤਾ।

ਅੱਜ ਦੇ ਸੰਦਰਭ ਵਿੱਚ ਕੀ ਭਗਤ ਸਿੰਘ ਦੀ ਵਿਚਾਰਧਾਰ ’ਤੇ ਚੱਲਿਆ ਜਾ ਸਕਦਾ ਹੈ? ਕੀ ਭਾਰਤ ’ਚ ਇਨਕਲਾਬ ਸੰਭਵ ਹੈ? 
ਇਨਕਲਾਬ ਤਾਂ ਸੰਭਵ ਹੈ ਹੀ। ਜਿੱਥੇ 84 ਕਰੋੜ ਲੋਕ ਪ੍ਰਤੀ ਦਿਨ 20 ਰੁਪਏ ਵਿੱਚ ਗੁਜ਼ਾਰਾ ਕਰਦੇ ਹਨ ਉੱਥੇ ਇਨਕਲਾਬ ਤਾਂ ਸੰਭਵ ਹੈ ਹੀ। ਲੋਕਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਅਤੇ ਕੰਮ ਕਰਨ ਦੇ ਕਾਬਿਲ ਹੋਣਾ ਪਏਗਾ।
ਬਾਕੀ ਗੱਲ ਤਾਂ ਵਿਚਾਰਾਂ ਨੂੰ ਜਾਨਣ ਦੀ ਏ। ਭਗਤ ਸਿੰਘ ਹੋਰਾਂ ਕੁਝ ਮੂਲ ਚੀਜ਼ਾਂ ਸਮਝਾਈਆਂ ਹਨ । ਦੁਸ਼ਮਣ ਨੂੰ ਬੰਦੇ ਦੇ ਰੂਪ ਵਿੱਚ ਨਾ ਦੇਖੋ। ਦੁਸ਼ਮਣ ਨੀਤੀਆਂ ਹੁੰਦੀਆਂ ਹਨ ਜੋ ਹੱਕਾਂ ਤੋਂ ਵੰਚਿਤ ਕਰਦੀਆਂ ਹਨ। ਪਾਲਸੀਆਂ ਨੂੰ ਬਦਲਣ ਲਈ ਲੜਨਾ ਚਾਹੀਦਾ ਹੈ। ਭਗਤ ਸਿੰਘ ਨੇ ਕਿਹਾ ਸੀ ਕਿ ਇਹ ਜੰਗ ਨਾ ਸਾਡੇ ਤੋਂ ਸ਼ੁਰੂ ਹੋਈ ਹੈ ਤੇ ਨਾ ਹੀ ਸਾਡੇ ਨਾਲ ਖ਼ਤਮ ਹੋਣੀ ਹੈ। ਇਹ ਤਦ ਤੱਕ ਚੱਲੇਗੀ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ। ਤਦ ਤੱਕ ਲੋਕ ਲੜਦੇ ਰਹਿਣਗੇ। ਜਦ ਲੋਕ ਤਾਕਤਵਰ ਹੋਣਗੇ ਤਦ ਹੀ ਮਸਲਾ ਹੱਲ ਹੋਏਗਾ। ਦੂਜਾ ਨੌਜਵਾਨ ਭਵਿੱਖ ਲਈ ਕੰਮ ਕਰ ਸਕਦਾ ਹੈ। ਉਸ ਵਿੱਚ ਜੋਸ਼ ਤੇ ਹੋਸ਼ ਹੋਣਾ ਚਾਹੀਦਾ ਹੈ। ਉਹ ਇਸ ਲੁੱਟ ਵਿਰੁੱਧ ਲੜ ਸਕਦਾ ਹੈ। ਤੀਜਾ ਜਨ ਕੌਮੀ ਅਧਾਰ ਹੋਣਾ ਚਾਹੀਦਾ ਹੈ। ਆਪਸੀ ਵਖਰੇਵੇਂ ਭੁੱਲ ਕੇ ਲੜਨਾ ਚਾਹੀਦਾ ਹੈ। ਜਿਵੇਂ ਅਮਰੀਕੀ ਸਾਮਰਾਜੀ ਤਾਕਤ ਖਿਲਾਫ਼ ਤਾਂ ਹੀ ਲੜਿਆ ਜਾ ਸਕਦਾ ਹੈ ਜੇ ਜਨ ਕੌਮੀਵਾਦ ਹੋਵੇ।

‘ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ’ ਦੀ ਅੱਜ ਦੇ ਸਮੇਂ ’ਚ ਕੀ ਸਾਰਥਿਕਤਾ ਹੈ?

ਜਦ ਇੱਕ ਦੇਸ਼ ਦੂਜੇ ਨੂੰ ਲੁੱਟਦਾ ਹੈ ਤਾਂ ‘ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ’ ਦਾ ਨਾਅਰਾ ਹੋਰ ਸਾਰਥਿਕ ਹੋ ਜਾਂਦਾ ਹੈ। ਦੇਸ਼ ਨੂੰ 60 ਸਾਲ ਪਹਿਲਾਂ ਆਪਣੇ ਫ਼ੈਸਲੇ ਆਪ ਕਰਨ ਦਾ ਹੱਕ ਮਿਲਿਆ ਸੀ। ਹੁਣ ਇਹ ਅਧਿਕਾਰ ਅਸੀਂ ਵਿਦੇਸ਼ਾਂ ਨੂੰ ਦੇ ਰਹੇ ਹਾਂ। ਵਿਸ਼ਵ ਬੈਂਕ ਆਪਣੀਆਂ ਸ਼ਰਤਾਂ ’ਤੇ ਸਾਨੂੰ ਕਰਜ਼ਾ ਦਿੰਦਾ ਹੈ। ਸਾਡੀਆਂ ਸੜਕਾਂ ਤਾਂ ਬਣ ਸਕਣਗੀਆਂ ਜੇ ਅਸੀਂ ਉਸਦੀਆਂ ਸ਼ਰਤਾਂ ਪੂਰੀਆਂ ਕਰਾਂਗੇ। ਇਸ ਸਮੇਂ ਭਗਤ ਸਿੰਘ ਦੀ ਦੂਰ ਦਰਿਸ਼ਟਤਾ ਦੀ ਤੇ ਉਸਦੇ ਨਾਅਰੇ ਦੀ ਸਾਰਥਿਕਤਾ ਵੱਧ ਸਾਹਮਣੇ ਆਉਂਦੀ ਹੈ। ਉਸਨੇ ਕਿਹਾ ਸੀ ਕਿ ਜਿਨ੍ਹਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ, ਜਿਨ੍ਹਾਂ ਵਿਗਿਆਨਿਕ ਵਿਚਾਰਾਂ ਦੇ ਅਧਾਰ ’ਤੇ ਮੈਂ ਆਪਣੀ ਜਿੰਦਗੀ ਜੀਅ ਰਿਹਾ ਹਾਂ ਉਹ ਵਿਚਾਰ ਜਗਾਉਂਦਾ ਰਹਾਂਗਾ। 84 ਕਰੋੜ ਲੋਕਾਂ ਦੀ ਭੁੱਖ ਦਾ ਮਸਲਾ ਅੱਜ ਵੀ ਭਗਤ ਸਿੰਘ ਦੇ ਵਿਚਾਰਾਂ ਨੇ ਹੱਲ ਕਰਨਾ ਹੈ।

ਦੇਸ਼ ਦੀ ਅਜ਼ਾਦੀ ਦੇ 60 ਸਾਲ ਬਾਅਦ ਭਗਤ ਸਿੰਘ ਦਾ ਪਾਰਲੀਮੈਂਟ ’ਚ ਬੁੱਤ ਲੱਗਣਾ ਕੀ ਇਹ ਕੰਮ ਬਹੁਤ ਸਮਾਂ ਪਹਿਲਾਂ ਨਹੀਂ ਹੋ ਜਾਣਾ ਚਾਹੀਦਾ ਸੀ ?
ਦਰਅਸਲ ਭਗਤ ਸਿੰਘ ਨੂੰ ਨਿਗਲੈਕਟ ਨਹੀਂ ਕੀਤਾ ਜਾ ਸਕਦਾ । ਹੁਣ ਮਨਮੋਹਨ ਸਿੰਘ ਨੂੰ ਮਜ਼ਬੂਰ ਹੋ ਕੇ ਕਹਿਣਾ ਪੈ ਰਿਹਾ ਕਿ ਇਕੱਲਾ ਭਗਤ ਸਿੰਘ ਨਹੀਂ ਉਸਦੇ ਸਾਥੀਆਂ ਦੀ ਵੀ ਇੱਕ ਖਾਸ ਸਾਖ਼ ਹੈ ਤੇ ਉਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਗੱਲ ਹੋਈ। ਸਰਕਾਰ ਮਜਬੂਰ ਹੋ ਗਈ ਉਸਦਾ ਬੁੱਤ ਲਾਉਣ ਲਈ। ਲੋਕਾਂ ਦਾ ਇਕੱਠੇ ਹੋ ਕੇ ਮੰਗ ਕਰਨਾ ਇੱਕ ਵੱਡੀ ਤਾਕਤ ਹੈ। ਬਾਕੀ ਸਪੀਕਰ ਸੋਮਨਾਥ ਚੈਟਰਜੀ ਹਰ ਗੱਲ ਨੂੰ ਪਹਿਚਾਣਦਾ ਹੈ ਉਹਨੇ ਰੁਕਿਆ ਫ਼ੈਸਲਾ ਅੱਗੇ ਤੋਰਿਆ। ਭਗਤ ਸਿੰਘ ਦੇ ਸੈਕੂਲਰ ਕਰੈਕਟਰ ਦੀ ਆਪਣੀ ਵਿਲੱਖਣਤਾ ਹੈ ਉਹ ਹੈਟ ਵਾਲੀ ਫ਼ੋਟੋ। ਉਹ ਇਨਸਾਨੀਅਤ ਦੇ ਘੇਰੇ ’ਚ ਇਨਸਾਨ ਤੇ ਅਜ਼ਾਦੀ ਦੀ ਗੱਲ ਕਰਦਾ ਹੈ। ਪੱਗ ਬੰਨ੍ਹ ਕੇ ਜਾਂ ਕੜਾ ਪਾ ਕੇ ਬੁੱਤ ਬਣਾਉਣਾ ਉਸਦੀ ਸੋਚ ਨੂੰ ਬੰਦਿਸ਼ ਲਾਉਣਾ ਹੈ।
ਬਾਕੀ ਪਾਕਿਸਤਾਨ ਵਿਚਲੇ ਪੰਜਾਬ ਦੇ ਗਵਰਨਰ ਦਾ ਬਿਆਨ ਕਿ ਸਾਡੇ ਕੋਲ ਇਕ ਹੀ ਸ਼ਹੀਦ ਏ ਜਿਸਨੇ ਸਾਮਰਾਜ ਦੇ ਖ਼ਿਲਾਫ਼ ਜੰਗ ਲੜੀ। ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨੂੰ ਵੀ ਇਸ ਸੱਚਾਈ ਦੀ ਪਹਿਚਾਣ ਹੋਣ ਲੱਗ ਪਈ ਹੈ ਤੇ ਭਾਰਤ ’ਚ ਕਦ ਤੱਕ ਇਸਨੂੰ ਰੋਕਿਆ ਜਾ ਸਕਦਾ ਸੀ।

ਅੱਜ ਕੱਲ੍ਹ ਭਗਤ ਸਿੰਘ ਦੇ ਪੋਸਟਰ, ਸਟਿੱਕਰ ਹਰ ਕੋਈ ਕਾਰਾਂ, ਬੱਸਾਂ, ਸਕੂਟਰਾਂ ’ਤੇ ਚਿਪਕਾਈ ਫਿਰਦਾ ਹੈ। ਕਿਤੇ-ਕਿਤੇ ਸਲੋਗਨ ਵੀ ਲਿਖੇ ਹੁੰਦੇ ਹਨ। ਕੀ ਇਹ ਠੀਕ ਹੈ? 

ਦਰਅਸਲ ਯੁਵਾ ਆਪਣੀ ਘਾਟ ਨੂੰ ਮਹਿਸੂਸਦਾ ਹੈ। ਉਹ ਆਪਣੀ ਘਾਟ ਨੂੰ ਪੂਰਾ ਕਰਨ ਲਈ ਕੋਈ ਹੀਰੋ ਲੱਭਦਾ ਹੈ। ਜਿਵੇਂ ਕਈ ਥਾਈਂ ਲਿਖਿਆ ਹੁੰਦਾ ‘ਖੰਘੇ ਸੀ ਤਾਂ ਟੰਗੇ ਸੀ’। ਯੁਵਕ ਆਪਣੀ ਸੋਚ ਮੁਤਾਬਕ ਲਿਖਦੇ ਹਨ। ਅੰਦਰੂਨੀ ਤਾਂਘ ਸ਼ਕਤੀ ਲੱਭਣ ਦੀ ਹੈ। ਇਹ ਇਸਦਾ ਇੱਕ ਪੱਖ ਹੈ। ਦੂਜਾ ਮੈਂ ਕਹਿੰਦਾ ਕਿ ਯੁਵਕ ਆਪਣੀ ਸੋਚ ਮੁਤਾਬਕ ਲਿਖਦੇ ਹਨ। ਅੰਦਰੂਨੀ ਤਾਂਘ ਸ਼ਕਤੀ ਲੱਭਣ ਦੀ ਹੈ। ਇਹ ਇਸਦਾ ਇੱਕ ਪੱਖ ਹੈ। ਦੂਜਾ ਮੈਂ ਕਹਿੰਦਾ ਕਿ ਇਨ੍ਹਾਂ ਨੂੰ ਛਾਤੀ ’ਤੇ ਲਾਓ। ਡਾਇਲੌਗ ’ਚ ਪਾਓ। ਇਸ ਨਾਲ ਵਿਚਾਰ ਹਾਸਿਲ ਕਰੋ। ਤੀਜਾ ਪੱਖ ਹੈ ਜੇ ਇਸਨੂੰ ਕਮਰਸ਼ਲਾਈਜ਼ੇਸ਼ਨ ਲਈ ਇਸਤੇਮਾਲ ਕੀਤਾ ਜਾਵੇ ਤਾਂ ਇਹ ਇਸਦਾ ਦੁਰ-ਉਪਯੋਗ ਹੈ। ਜਿਵੇਂ ਫਿਲਮਾਂ ਕਮਰਸ਼ਿਅਲ ਹਨ ਇਸ ਤਰ੍ਹਾਂ ਨਾ ਕਰੋ। ਯੁਵਕਾਂ ਦਾ ਅਜਿਹਾ ਕਰਨਾ ਵੀ ਇੱਕ ਕਰਾਇਸਿਸ ਨੂੰ ਪੇਸ਼ ਕਰਦਾ ਹੈ।

ਤੁਹਾਡੇ ਕੋਲੋਂ ਇਕ ਨਿੱਜੀ ਸੁਆਲ ਪੁੱਛਣਾ ਚਾਹਾਂਗੀ ਕਿ ਕੀ ਤੁਸੀਂ ਭਗਤ ਸਿੰਘ ਹੋਰਾਂ ਨੂੰ ਦੇਖਿਆ ਹੈ?  

ਨਹੀਂ ਮੇਰਾ ਜਨਮ ਉਨ੍ਹਾਂ ਤੋਂ 13 ਸਾਲ ਬਾਅਦ ਹੋਇਆ।

ਇੱਕ ਸਵਾਲ ਸ਼ਹੀਦੇ ਆਜ਼ਮ ਦੀ ਨਿੱਜੀ ਜਿੰਦਗੀ ਬਾਰੇ ਵੀ ਪੁੱਛਣਾ ਚਾਹੁੰਦੀ ਹਾਂ। ਕੀ ਭਗਤ ਸਿੰਘ ਹੋਰਾਂ ਦੀ ਮੰਗਣੀ ਹੋਈ ਸੀ ਜਾਂ ਫਿਰ ਗੱਲ ਹੀ ਚੱਲੀ ਸੀ? ਤੇ ਉਸ ਲੜਕੀ ਬਾਰੇ ਵੀ ਕੁਝ ਦੱਸੋ?
ਨਹੀਂ ਮੰਗਣੀ ਨਹੀਂ ਸੀ ਹੋਈ। ਜਿਸ ਤਰ੍ਹਾਂ ਆਮ ਮੁੰਡੇ ਕੁੜੀਆਂ ਨੂੰ ਰਿਸ਼ਤੇ ਆਉਂਦੇ ਹਨ, ਸਿਰਫ਼ ਇਸੇ ਤਰ੍ਹਾਂ ਰਿਸ਼ਤਾ ਹੀ ਆਇਆ ਸੀ। ਇਸਤੋਂ ਅੱਗੇ ਕੋਈ ਗੱਲ ਚੱਲਦੀ ਉਹ ਇਸਤੋਂ ਪਹਿਲਾਂ ਹੀ ਘਰ ਛੱਡ ਕੇ ਕਾਨਪੁਰ ਚਲੇ ਗਏ ਸਨ। ਇਸ ਲਈ ਮੰਗਣੀ ਕੋਈ ਨਹੀਂ ਸੀ ਹੋਈ। ਰਹੀ ਗੱਲ ਜਿਸ ਕੁੜੀ ਦਾ ਰਿਸ਼ਤਾ ਆਇਆ ਸੀ ਉਸਦਾ ਕਿਤੇ ਹੋਰ ਵਿਆਹ ਹੋਇਆ ਸੀ ਤੇ ਉਹ ਵਿਧਵਾ ਹੋ ਗਈ ਸੀ। ਤੁਹਾਨੂੰ ਪਤਾ ਹੀ ਹੈ ਕਿ ਇਕ ਜਗੀਰਦਾਰੀ ਸਿਸਟਮ ਵਿੱਚ ਇੱਕ ਵਿਧਵਾ ਦੀ ਕੀ ਹੋਣੀ ਹੁੰਦੀ ਹੈ। ਹਾਂ ਵਿਧਵਾ ਹੋਣ ਤੋਂ ਬਾਅਦ ਜਰੂਰ ਉਸ ਕੁੜੀ ਨੇ ਕਿਹਾ ਸੀ ਕਿ ਜੇ ਵਿਧਵਾ ਹੀ ਹੋਣਾ ਸੀ ਤਾਂ ਫਿਰ ਭਗਤ ਸਿੰਘ ਦੀ ਵਿਧਵਾ ਹੀ ਹੁੰਦੀ…

ਤੁਹਾਨੂੰ ਭਗਤ ਸਿੰਘ ਹੁਰਾਂ ਦੇ ਬੇਬੇ ਜੀ ਨੂੰ ਦੇਖਣ ਜਾਨਣ ਦਾ ਮੌਕਾ ਮਿਲਿਆ। ਆਪ ਉਨ੍ਹਾਂ ਬਾਰੇ ਕੋਈ ਖਾਸ ਗੱਲ ਦੱਸੋ ?

ਬੇਬੇ ਜੀ ਬੜੇ ਹੀ ਸਾਦਾ ਤੇ ਪਿਆਰੇ ਸਨ । ਇੱਕ ਵਾਰ ਦੀ ਗੱਲ ਯਾਦ ਆ ਰਹੀ ਹੈ ਕਿ ਇਕ ਵਾਰ ਉਹ ਜਲੰਧਰ ਰਹਿੰਦੇ ਹੋਏ ਬਿਮਾਰ ਹੋ ਗਏ ਸਨ। ਇਹ ਸੰਨ 1969 ਦੀ ਗੱਲ ਹੈ। ਇੱਕ ਪੱਤਰਕਾਰ ਬੇਬੇ ਜੀ ਨਾਲ ਗੱਲਬਾਤ ਕਰਨ ਆਇਆ। ਉਸਨੇ ਪਹਿਲਾ ਸਵਾਲ ਹੀ ਕੀਤਾ, ‘‘ਅਜ਼ਾਦੀ ਤੋਂ ਪਹਿਲਾਂ ਤੇ ਅਜ਼ਾਦੀ ਤੋਂ ਬਾਅਦ ਦੇ ਭਾਰਤ ’ਚ ਕੀ ਫ਼ਰਕ ਹੈ?’’ ਅਸੀਂ ਬੇਬੇ ਜੀ ਵੱਲ ਦੇਖੀਏ ਕਿ ਇਹ ਹੁਣ ਕੀ ਜਵਾਬ ਦਿੰਦੇ ਹਨ। ਬੇਬੇ ਜੀ ਕਹਿਣ ਲੱਗੇ, ‘‘ਪਹਿਲਾਂ ਸ਼ਰਾਬ ਦੇ ਠੇਕਿਆਂ ’ਤੇ ਪਿਕਟਿੰਗ ਹੁੰਦੀ ਸੀ, ਹੁਣ ਸ਼ਰਾਬ ਹੀ ਸ਼ਰਾਬ ਹੈ। ’’ ਉਨ੍ਹਾਂ ਦੇ ਜਵਾਬ ’ਚ ਡੂੰਘਾ ਤਰਕ ਛੁਪਿਆ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦ ਤੱਕ ਅਜ਼ਾਦੀ ਦਾ ਹੱਕ ਮਜ਼ਦੂਰ ਤੱਕ ਨਹੀਂ ਪਹੁੰਚੇਗਾ ਤਦ ਤੱਕ ਅਵਾਜ਼ ਉੱਠਦੀ ਹੀ ਰਹੇਗੀ।
ਫਿਰ ਜਦ ‘ਖੱਟਕੜ ਕਲਾਂ’ ਅਜਾਇਬ ਘਰ ਬਣਾਇਆ ਗਿਆ ਤਾਂ ਉਨ੍ਹਾਂ ਆਪਣਾ ਸਭ ਤੋਂ ਕੀਮਤੀ ਬਕਸਾ ਇਸ ਅਜਾਇਬ ਘਰ ਲਈ ਦਿੱਤਾ। ਇਸ ਵਿੱਚ ਸੁਖਦੇਵ ਦਾ ਕੁੱਲਾ, ਰਾਜਗੁਰੂ ਦੇ ਮੌਜੇ ਤੇ ਭਗਤ ਸਿੰਘ ਦੀਆਂ ਕੁਝ ਚੀਜਾਂ ਸਨ।
ਜਦ ਭਗਤ ਸਿੰਘ ਹੋਰਾਂ ਦੇ ਬੁੱਤ ਲਾਉਣੇ ਸ਼ੁਰੂ ਕੀਤੇ ਤਾਂ ਲੁਧਿਆਣੇ ਬੁੱਤ ਲੱਗਣਾ ਸੀ ਤਾਂ ਬੇਬੇ ਜੀ ਕਹਿਣ ਲੱਗੇ ‘‘ ਤਿੰਨਾਂ ਦਾ ਇਕੱਠਾ ਬੁੱਤ ਲਾਓ, ਮੇਰੇ ਮੁੰਡੇ ’ਕੱਲੇ ’ਕੱਲੇ ਖੜੇ ਚੰਗੇ ਨਹੀਂ ਲੱਗਦੇ।’’ ਇਸੇ ਤਰ੍ਹਾਂ ਹੀ 1965 ਵਿੱਚ ਖਟਕੜ ਕਲਾਂ ਤੋਂ ਉਨ੍ਹਾਂ ਦਾ ਸੁਨੇਹਾ ਸੀ ਕਿ ਯੁਵਕਾਂ ਨੂੰ ਖੁਦ ਲੋਕਾਂ ਦੇ ਮਸਲੇ ਹੱਲ ਕਰਨ ’ਚ ਹਿੱਸੇਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਤੋਂ ਹੀ ਸਾਨੂੰ ਪਤਾ ਲੱਗਿਆ ਸੀ ਕਿ ਭਗਤ ਸਿੰਘ ਕਿੰਨਾ ਜਿਆਦਾ ਪੜ੍ਹਦੇ ਸਨ। ਬੇਬੇ ਜੀ ਨੇ ਦੱਸਿਆ ਕਿ ਭਗਤ ਸਿੰਘ ਦੇ ਕੋਟ ਦੀਆਂ ਜੇਬਾਂ ਤਾਂ ਫਟੀਆਂ ਹੋ ਸਕਦੀਆਂ ਪਰ ਉਨ੍ਹਾਂ ਵਿੱਚ ਦੋ ਚਾਰ ਕਿਤਾਬਾਂ ਜਰੂਰ ਹੁੰਦੀਆਂ ਸਨ । ਉਨ੍ਹਾਂ ਨੇ ਹੀ ਸਾਨੂੰ ਪੜ੍ਹਨ ਦਾ ਸੁਨੇਹਾ ਦਿੱਤਾ। ਉਨ੍ਹਾਂ ਹੀ ਦੱਸਿਆ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੀ ਫੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ ਤੇ ਕਦੇ ਉਸਨੂੰ ਆਪਣਾ ਮਾਰਗ ਦਰਸ਼ਕ, ਮਿੱਤਰ ਤੇ ਕਦੇ ਫਿਲਾਸਫ਼ਰ ਆਖਿਆ ਕਰਦਾ ਸੀ।

ਸ਼ਹੀਦ ਭਗਤ ਸਿੰਘ ਬਾਰੇ ਕੋਈ ਅਜਿਹੀ ਗੱਲ ਜੋ ਤੁਸੀਂ ਦੱਸਣਾ ਚਾਹੋ ?

ਭਗਤ ਸਿੰਘ ਹੋਰਾਂ ਬਾਰੇ ਇੱਕ ਗੱਲ ਹੈ ਕਿ ਉਹ ਜੋ ਪੜ੍ਹਦੇ ਸਨ ਉਸੇ ਵੇਲੇ ਟੈਸਟ ਵੀ ਕਰਦੇ ਸਨ। ਇਹ ਉਨ੍ਹਾਂ ’ਚ ਇਨਕਲਾਬੀ ਖੂਬੀ ਸੀ। ਜੋ ਪੜ੍ਹਦੇ, ਉਹ ਸਾਂਝਾ ਵੀ ਕਰਦੇ, ਵਿਚਾਰ ਵਟਾਂਦਰਾ ਵੀ ਕਰਦੇ ਤੇ ਉਸਨੂੰ ਟੈਸਟ ਵੀ ਕਰਦੇ। ਜਦੋਂ ਉਨ੍ਹਾਂ ਦੀ ਪਹਿਲੀ ਗ੍ਰਿਫ਼ਤਾਰੀ ਹੋਈ ਤੇ ਉਸਤੋਂ ਬਾਅਦ ਜਮਾਨਤ ਦੌਰਾਨ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਦਾ ਕੰਮ ਖੋਲ੍ਹ ਕੇ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਕਿ ਮੁਜਾਰਿਆਂ ਨੂੰ ਪੈਸੇ ਦਿੱਤੇ ਹੋਏ ਹਨ ਉਨ੍ਹਾਂ ਦਾ ਤੂੰ ਹਿਸਾਬ ਕਿਤਾਬ ਦੇਖ ਲਵੀਂ। ਉਨ੍ਹੀਂ ਦਿਨੀਂ ਉਨ੍ਹਾਂ ਨੇ ਲਿਓ ਟਾਲਸਟਾਏ ਦੀ ਕਿਤਾਬ Resurrection ਪੜ੍ਹੀ ਸੀ । ਉਨ੍ਹਾਂ ਨੇ ਗੁਰ ਕੱਢਿਆ। ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਲਈ ਵੀ ਜਿੰਮੇਵਾਰ ਹਾਂ। ਉਨ੍ਹਾਂ ਨੇ ਲੋਕਾਂ ਕੋਲ ਜਾ ਕੇ ਖੋਜ ਕੀਤੀ ਕਿ ਉਨ੍ਹਾਂ ਨੇ ਪੈਸੇ ਕਿਸ ਕੰਮ ਲਈ ਲਏ ਸਨ ਤੇ ਕਿੱਥੇ ਖਰਚੇ। ਕਿਸੇ ਨੇ ਆਪਣੀ ਬਿਮਾਰੀ ’ਤੇ ਖਰਚੇ ਸੀ, ਕਿਸੇ ਨੇ ਆਪਣੇ ਪਰਿਵਾਰ ਦੀ ਬਿਮਾਰੀ ’ਤੇ ਖਰਚੇ ਸੀ ਤੇ ਕਿਸੇ ਨੇ ਸੰਦਾਂ ਉੱਪਰ ਖਰਚੇ ਤੇ ਕਿਸੇ ਦਾ ਬਲਦ ਬਿਮਾਰ ਪੈ ਗਿਆ ਸੀ ਤੇ ਉਸਦਾ ਇਲਾਜ ਕਰਾਉਣ ਲਈ ਇਹ ਰਕਮ ਖਰਚੀ ਸੀ। ਉਨ੍ਹਾਂ ਪਹਿਲਾਂ ਇਹ ਪੱਕਾ ਕਰ ਲਿਆ ਕਿ ਕਿਸੇ ਨੇ ਵੀ ਫਜ਼ੂਲ ਖਰਚ ਨਹੀਂ ਸੀ ਕੀਤਾ। ਉਨ੍ਹਾਂ ਉਸੇ ਸਮੇਂ ਹਿਸਾਬ ਕਿਤਾਬ ਦੀ ਬਹੀ ’ਤੇ ਲੀਕ ਫੇਰ ਦਿੱਤੀ । ਜਦ ਬੇਬੇ ਨੇ ਹਿਸਾਬ ਬਾਰੇ ਪੁੱਛਿਆ ਤਾਂ ਚੁਟਕੀ ਵਜਾ ਕੇ ਕਹਿਣ ਲੱਗੇ ‘‘ ਬੇਬੇ ਘਰ ਵੰਡ ਦੇ ਗਰੀਬਾਂ ਨੂੰ ਇਹ ਕਿਸੇ ਕੰਮ ਨਹੀਂ ਆਉਣਾ।’’ ਤੇ ਜਦ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੂੰ ਤਰਕ ਤੇ ਫਲਸਫ਼ੇ ਨਾਲ ਸਮਝਾਇਆ ਕਿ ਆਪਣੇ ਸਮਾਜ ਦੇ ਮਸਲੇ ਤਾਂ ਹੀ ਹੱਲ ਹੋਣਗੇ ਜੇ ਅਸੀਂ ਸਮਾਜ ਦੀਆਂ ਸਮੱਸਿਆਵਾਂ ਦੀ ਵੀ ਹਿੱਸੇਦਾਰੀ ਲਈਏ। ਸੋਸ਼ਲ ਵੈੱਲਫੇਅਰ ਸਟੇਟ ਦਾ ਕੋਨਸੈਪਟ ਉਨ੍ਹਾਂ ਨੇ ਇਸ ਤਰ੍ਹਾਂ ਅੱਗੇ ਰੱਖਿਆ।

ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ?

ਅੱਜ ਦੇ ਨੌਜਵਾਨ ਭਗਤ ਸਿੰਘ ਤੋਂ ਇਹੀ ਸਿੱਖਿਆ ਲਵੇ ਕਿ ਉਹ ਆਪਣੇ ਆਪ ਨੂੰ ਇਸ ਕਾਬਿਲ ਬਣਾਏ ਕਿ ਆਪਣੀ ਦਲੀਲ ਤੇ ਵਿਸ਼ਵਾਸ ’ਤੇ ਖੜ੍ਹਾ ਹੋਵੇ। ਸਮਾਜ ਵਿੱਚ ਹਰ ਗੱਲ ਦਲੀਲ ਰਾਹੀਂ ਹੀ ਸਮਝਾਈ ਜਾਵੇ। ਉਹ ਇਸਦੇ ਕਾਬਿਲ ਤਦ ਹੀ ਹੋ ਸਕੇਗਾ ਜੇ ਪੜ੍ਹਾਈ ਤੇ ਅਧਿਐਨ ਕਰੇਗਾ।

-ਇੰਦਰਜੀਤ ਨੰਦਨ

1 thought on “ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: