ਸਨਮਾਨਾਂ ਨਾਲ ਸੰਤੁਸ਼ਟ ਹੋਣ ਵਾਲੇ ਜ਼ਿੰਦਗੀ ਵਿਚ ਅੱਗੇ ਨਹੀਂ ਵੱਧਦੇ- ਜੌਹਲ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਦਰਾਂ ਸਾਹਿਤਕਾਰ ਸਨਮਾਨਿਤ 

ਲੁਧਿਆਣਾ । “ਜਿਹੜੇ ਲੋਕ ਸਨਮਾਨ ਪਾ ਕੇ ਸੰਤੁਸ਼ਟ ਹੋ ਜਾਂਦੇ ਹਨ ਜ਼ਿੰਦਗੀ ਵਿਚ ਹੋਰ ਅੱਗੇ ਨਹੀਂ ਵੱਧ ਸਕਦੇ ਅਤੇ ਨਾ ਹੀ ਸਮਾਜ ਨੂੰ ਅੱਗੇ ਤੋਰ ਸਕਦੇ ਹਨ। ਹਰ ਸਾਹਿਤਕਾਰ ਨੂੰ ਪੌੜੀਆਂ ਵਾਂਗੂ ਹਰ ਕਦਮ ਉਪਰ ਵੱਲ ਵਧਦੇ ਜਾਣਾ ਚਾਹੀਦਾ ਹੈ”, ਇਹ ਵਿਚਾਰ ਉੱਘੇ ਅਰਥ-ਸ਼ਾਸਤਰੀ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪ੍ਰਗਟ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਨਮਾਨਤ ਸਾਹਿਤਕਾਰਾਂ ਨੂੰ ਮੁਬਾਰਕ ਦਿੱਤੀ।  ਡਾਕਟਰ ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਨੇ ਅੱਜ ਸਨਮਾਨ ਦੀ ਕੜੀ ਨੂੰ ਮੁੜ ਜੋੜਿਆ ਹੈ। ਸਨਮਾਨ ਮਿਲਣ ਨਾਲ ਸਾਹਿਤਕਾਰਾਂ ਦਾ ਆਤਮ ਵਿਸ਼ਵਾਸ ਮਜਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰਾਂ ਦੀ ਲੜੀ ਕੁਝ ਪੱਛੜ ਗਈ ਸੀ, ਅਸੀਂ ਇਹ ਲੜੀ ਨੂੰ ਮੁੜ ਜੋੜਨ ਲਈ ਹਰੀਸ਼ ਜੈਨ ਅਤੇ ਰਜਿੰਦਰ ਸਿੰਘ ਐਡਵੋਕੇਟ ਦੇ ਧੰਨਵਾਦੀ ਹਾਂ, ਉਥੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰਾਂ ਦੀ ਲੜੀ ਮੁੜ ਜੁੜਨ ਲਈ ਵੀ ਆਸਵੰਦ ਹਾਂ।
 
ਅੱਜ ਪੰਜਾਬੀ ਸਾਹਿਤ ਅਕਾਡਮੀ ਦੇ ਵਿਹੜੇ ਵਿਚ ਲੇਖਕਾਂ ਦੇ ਇੱਕ ਭਰਵੇਂ ਇਕੱਠ ਵਿਚ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਪੰਦਰਾਂ ਉੱਘੇ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ। ਅੱਠ ਸਾਹਿਤਕਾਰਾਂ ਗੁਰਬਖ਼ਸ਼ ਸਿੰਘ ਫ਼ਰੈਂਕ, ਗੁਰਦੇਵ ਸਿੰਘ ਸਿੱਧੂ, ਮੋਹਨਜੀਤ (ਦਿੱਲੀ), ਅਵਤਾਰ ਸਿੰਘ ਬਿਲਿੰਗ, ਐੱਸ. ਤਰਸੇਮ, ਜਸਬੀਰ ਭੁੱਲਰ, ਸ਼ਹਰਯਾਰ ਅਤੇ ਲਾਲ ਸਿੰਘ ਨੂੰ ‘ਸ਼੍ਰੀ ਚਰਨ ਦਾਸ ਜੈਨ ਯਾਦਗਾਰੀ ਪੁਰਸਕਾਰ’ ਅਤੇ ਸੱਤ ਸਾਹਿਤਕਾਰਾਂ ਪ੍ਰੀਤਮ ਸਿੰਘ ਰਾਹੀ (ਸਵ.), ਅਤਰਜੀਤ, ਪ੍ਰਗਟ ਸਿੰਘ ਸਿੱਧੂ, ਸਵਰਨਜੀਤ ਸਵੀ, ਸਤੀਸ਼ ਕੁਮਾਰ ਵਰਮਾ, ਇੰਦਰਜੀਤ ਨੰਦਨ ਅਤੇ ਭਗਵੰਤ ਰਸੂਲਪੁਰੀ ਨੂੰ ‘ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੁਰਸਕਾਰ’ ਪ੍ਰਦਾਨ ਕੀਤੇ ਗਏ।
 
punjabi writers awarded surjit patar inderjit nandan mohanjit, trailochan lochi
ਪੰਜਾਬੀ ਲੇਖਕ ਸਨਮਾਨ ਤੋਂ ਬਾਅਦ ਸਾਂਝੀ ਤਸਵੀਰ ਖਿੱਚਵਾਉਂਦੇ ਹੋਏ
ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਰੀਸ਼ ਜੈਨ ਸ਼ਾਮਲ ਹੋਏ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਸ਼੍ਰੀ ਈਦੂ ਸ਼ਰੀਫ਼ ਹੋਰਾਂ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਅਤੇ ਦੋਸ਼ਾਲਾ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।   
 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਹਰੀਸ਼ ਜੈਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਅਕਾਡਮੀ ਰਾਹੀਂ ਆਪਣੇ ਸਤਿਕਾਰਯੋਗ ਪਿਤਾ ਚਰਨ ਦਾਸ ਜੈਨ ਦੇ ਨਾਂ ’ਤੇ ਪੁਰਸਕਾਰ ਆਰੰਭ ਕਰਵਾ ਕੇ ਸਾਹਿਤਕਾਰਾਂ ਨੂੰ ਸਨਮਾਨਤ ਕਰਨ ਦਾ ਉਪਰਾਲਾ ਕੀਤਾ ਅਤੇ ਵਿਸ਼ੇਸ਼ ਤੌਰ ’ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਦਾ ਜਿਨ੍ਹਾਂ ਦੇ ਉੱਦਮ ਸਦਕਾ ਪੁਰਸਕਾਰ ਮੁੜ ਸ਼ੁਰੂ ਹੋ ਸਕੇ। ਅਕਾਡਮੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਆਏ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਅਤੇ ਜਗਤਾਰ ਦੇ ਅਕਾਲ ਚਲਾਣੇ ਨਾਲ ਸਾਨੂੰ ਬੇਹੱਦ ਦੁੱਖ ਹੋਇਆ ਹੈ, ਪਰ ਅਕਾਡਮੀ ਉਨ੍ਹਾਂ ਬਾਰੇ ਅਭਿਨੰਦਨ ਗ੍ਰੰਥ ਛਾਪਣ ਲਈ ਵਚਨਬੱਧ ਰਹੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ, ਸੁਰਜੀਤ ਸਿੰਘ ਅਤੇ ਜੋਗਿੰਦਰ ਸਿੰਘ ਨਿਰਾਲਾ, ਸਕੱਤਰ ਸੁਰਿੰਦਰ ਕੈਲੇ, ਗੁਲਜ਼ਾਰ ਸਿੰਘ ਪੰਧੇਰ ਅਤੇ ਜਸਵੰਤ ਜ਼ਫ਼ਰ, ਤਰਸੇਮ, ਤ੍ਰੈਲੋਚਨ ਲੋਚੀ, ਰਵਿੰਦਰ ਭੱਠਲ, ਪ੍ਰੇਮ ਸਿੰਘ ਬਜਾਜ, ਸੀ. ਮਾਰਕੰਡਾ, ਖੁਸ਼ਵੰਤ ਬਰਗਾੜੀ, ਗੁਰਚਰਨ ਕੌਰ ਕੋਚਰ, ਸ਼ਰਨਜੀਤ ਕੌਰ ਦੇ ਨਾਲ ਹੀ ਹਰੀਸ਼ ਜੈਨ ਦਾ ਪਰਿਵਾਰ ਵਿਸ਼ੇਸ਼ ਤੌਰ ’ਤੇ ਸਨਮਾਨ ਸਮਾਰੋਹ ਵਿਚ ਸ਼ਾਮਲ ਹੋਇਆ।

Posted

in

,

by

Tags:

Comments

One response to “ਸਨਮਾਨਾਂ ਨਾਲ ਸੰਤੁਸ਼ਟ ਹੋਣ ਵਾਲੇ ਜ਼ਿੰਦਗੀ ਵਿਚ ਅੱਗੇ ਨਹੀਂ ਵੱਧਦੇ- ਜੌਹਲ”

  1. JANMEJA JOHL Avatar

    ਬਾਬਾ ਜੀ ਚੰਗਾ ਮੈਟਰ ਕਦੇ ਲਿਖਿਆ ਨਹੀਂ ਮਿਲਦਾ, ਲਿਖਵਾਉਣਾ ਪੈਂਦਾ ਹੈ। ਕੋਈ ਤੁਹਾਨੂੰ ਅਣਛਪੀ ਰਚਨਾ ਕਿਉਂ ਭੇਜੇ? ਇਹਦੇ ਲਈ ਧਨ ਜਾਂ ਧੰਨਧੰਨ ਵਿਚੋਂ ਇਕ ਜਾਂ ਦੋਵੇਂ ਦੇਣੇ ਪੈ਼ਦੇ ਹਨ, ਹੁਣ ਤੁਹਾਨੂੰ ਉਹੋ ਹੀ ਮਿਲੇਗਾ, ਜਿਸਦੇ ਯੋਗ ਜਾਂ ਕਾਬਲ ਤੁਸੀਂ ਹੋਵੋਗੇ। ਬਾਕੀ ਐਵੇਂ ਮਨ ਦੀਆਂ ਤਸੱਲੀਆਂ ਹਨ ਜਾਂ ਭਰਮ ਹਨ। ਗੁਸਤਾਖੀ ਮੁਆਫ
    ਆਪਦਾ ਹਿੱਤੂ –ਜਨਮੇਜਾ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com