ਸਮੇਂ ਦੀ ਸਰਕਾਰ ਦੇ ਨਾਂ । ਗਗਨਦੀਪ ਸਿੰਘ

ਮੈਂ
ਤੇਰੇ ਆਜ਼ਾਦ ਦੇਸ਼ ਦਾ
ਉਹ ਗੁਲਾਮ ਨਾਗਰਿਕ ਹਾਂ
ਜਿਸ ਦੀ ਆਜ਼ਾਦੀ ਦੀ ਚਾਦਰ
ਤੇਰੇ ਤਿੱਖੇ ਤੇ ਝੂਠੇ ਵਾਦਿਆਂ ਨਾਲ
ਥਾਂ-ਥਾਂ ਤੋਂ ਘਸ ਕੇ ਛਾਨਣੀ ਬਣ ਚੁੱਕੀ ਹੈ,
ਤੇਰੇ ਚੋਣਾਂ ਵੇਲੇ ਕੀਤੇ ਵਾਦਿਆਂ ਦੀ ਪੰਡ ਚੁੱਕ ਕੇ ਤੁਰਦੇ ਦੇ
ਹੁਣ ਮੇਰੇ ਗੋਡਿਆਂ ਦੀ ਚਰਮਰਾਹਟ ਕੁੱਲ ਲੋਕਾਈ ਨੂੰ ਸੁਣਦੀ ਏ
ਤੇ ਮੇਰੀਆਂ ਅੱਖਾਂ ਅੱਜ ਤੱਕ ਤੇਰੇ ਵਿਖਾਏ ਹੋਏ ਖਾਬਾਂ ਦੀ ਤਾਸੀਰ ਦੇ ਧੁੰਦਲੇ ਦ੍ਰਿਸ਼ ਪਛਾਣ ਨਹੀ ਸਕੀਆਂ,
ਹੁਣ ਮੈਂ ਆਪਣੇ ਹਾਲਾਤਾਂ ਵਿੱਚ,
ਜੋ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ,
ਛਟਪਟਾਉਂਦਾ ਨਹੀ ਹਾਂ
ਹੁਣ ਮੈਂ ਸੁਪਨੇ ਵਿੱਚ ਵੀ ਆਪਣੀ ਇਸ ਲੀਰੋ ਲੀਰ ਆਜ਼ਾਦੀ ਨੂੰ ਸਿਊਣ ਦੀ ਕੋਸ਼ਿਸ਼ ਨਹੀਂ ਕਰਦਾ,
ਖਬਰੇ ਕਿਉਂ ਹੁਣ ਮੈਂ ਤੇਰੇ ਜ਼ੁਲਮ ਸਹਿਣ ਦਾ,
ਜ਼ੁਲਮਾਂ ਨੂੰ ਸਹਿਦੇਂ ਹੋਏ ਚੁੱਪ ਰਹਿਣ ਦਾ,
ਤੇ ਚੁੱਪ ਰਹਿੰਦੇ ਹੋਏ ਤੇਰੇ ਨਾਲ ਨਾ ਖਹਿਣ ਦਾ ਆਦੀ ਹੋ ਗਿਆ ਹਾਂ,
ਮੈਂ ਜਾਣਦਾ ਹਾਂ ਕਿ ਹੁਣ ਮੈਂ ਆਪਣੇ ਬਜ਼ੁਰਗਾਂ ਦੇ ਪਦ ਚਿੰਨ੍ਹਾਂ ਤੇ
ਤੁਰਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵਾਂਗਾ
ਤੇ ਮੈਨੂੰ ਮਾਰਣ ਵਾਲੀ ਕੋਈ ਵਿਦੇਸ਼ੀ ਤਾਕਤ ਨਹੀ ਹੋਵੇਗੀ,
ਜਿਸ ਨੂੰ ‘ਸਾਇਮਨ ਕਮਿਸ਼ਨ’ ਜਾਂ ‘ਚਾਰਟਰ ਐਕਟ’ ਪਾਸ ਕਰਨ ਦੀ ਜ਼ਰੂਰਤ ਹੈ,
ਹੁਣ ਤਾਂ ਮੇਰੀ ਆਪਣੀ ‘ਵਾੜ’ ਮੈਨੂੰ ਐਸੇ ਸ਼ਿਕੰਜੇ ਵਿੱਚ ਕੱਸੇਗੀ
ਕਿ ਮੇਰਾ ਅਖੀਰਲਾ ਸਾਹ ਮੇਰੇ ਸੰਘ ਵਿੱਚ ਹੀ ਦਮ ਤੋੜ ਦੇਵੇਗਾ
ਤੇ ਮੇਰਾ ਕਤਲ,                                                   
ਜਿਸ ਨੂੰ ਸ਼ਾਇਦ ਮੇਰੇ ਮੁਰੀਦ ਕੁਰਬਾਨੀ ਕਹਿ ਦੇਣ                
ਤੇਰੀਆਂ ਫਾਇਲਾਂ ਹੇਠ ਇੰਝ ਦੱਬਿਆ ਜਾਵੇਗਾ
ਜਿਵੇਂ ਢਲਦੀ ਹੋਈ ਸ਼ਾਮ ਸੂਰਜ ਨੂੰ ਖਾ ਕੇ
ਦੂਰ
ਦਿਸਹੱਦੇ ਤੱਕ ਹਨੇਰਾ ਫੈਲਾ ਦਿੰਦੀ ਹੈ।

-ਗਗਨਦੀਪ ਸਿੰਘ, ਬਸੀ ਪਠਾਣਾਂ, ਫਤਹਿਗੜ੍ਹ ਸਾਹਿਬ


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com