ਗ਼ਜ਼ਲ । ਤੇਜਿੰਦਰ ਮਾਰਕੰਡਾ


punjabi writer poet tejinder markanda ghazal punjabi
ਤੇਜਿੰਦਰ ਮਾਰਕੰਡਾ

ਮੇਰੇ ਅਹਿਮ ਨੇ ਮੇਰੇ ਕਾਮ ਨੇ
ਮੇਰੇ ਲੋਭ ਨੇ ਹੰਕਾਰ ਨੇ
ਮੈਨੂੰ ਡੋਬਿਆ ਹੈ ਕਈ ਦਫ਼ਾ
ਇਸੇ ਅਵਗੁਣੀ ਮੰਝਧਾਰ ਨੇ

ਏਹਨੂੰ ਦਿਲ ਕਹੋ ਨਾ ਐ ਦੋਸਤੋ
ਇਹ ਵਿਰਾਟ ਕਬਰਿਸਤਾਨ ਹੈ
ਏਥੇ ਦਫ਼ਨ ਨੇ ਕਈ ਖਾਹਿਸ਼ਾਂ
ਏਥੇ ਸੁਪਨਿਆਂ ਦੇ ਮਜ਼ਾਰ ਨੇ

ਕਦੇ ਤੋੜਿਆ ਕਦੇ ਜੋੜਿਆ
ਕਦੇ ਖੁਦ ਤੋਂ ਮੈਨੂੰ ਵਿਛੋੜਿਆ
ਕਦੇ ਰੰਜਿਸ਼ਾਂ ਕਦੇ ਚਾਹਤਾਂ
ਕਦੇ ਨਫਰਤਾਂ ਕਦੇ ਪਿਆਰ ਨੇ

ਏਹਦਾ ਤਖ਼ਤ ਹੈ ਏਹਦਾ ਤਾਜ਼ ਹੈ
ਹੁਣ ਹਰ ਥਾਂ ਪੈਸੇ ਦਾ ਰਾਜ ਹੈ
ਹਰ ਆਦਮੀ ਨੂੰ ਹੈ ਖਾ ਲਿਆ
ਇਸੇ ਕਲਯੁਗੀ ਅਵਤਾਰ ਨੇ

ਨਿਰਾ ਝੂਠ ਹੈ ਤੇ ਤੂਫ਼ਾਨ ਹੈ
ਜੋ ਹਵਾ ਦਾ ਤਾਜ਼ਾ ਬਿਆਨ ਹੈ
ਅਖੇ ਦੀਵਿਆਂ ਨੂੰ ਨਿਗਲ ਲਿਆ
ਕਿਸੇ ਨੇਰ੍ਹ ਨੇ ਅੰਧਕਾਰ ਨੇ

ਕੋਈ ਪਾਕ ਹੈ ਜਾਂ ਮਲੀਨ ਹੈ
ਕੋਈ ਨੇਕ ਹੈ ਜਾਂ ਕਮੀਨ ਹੈ
ਇੱਕ ਨੂਰ ਦੇ ਸਭ ਦੀਪ ਨੇ
ਇੱਕ ਮੰਚ ਦੇ ਕਿਰਦਾਰ ਨੇ

-ਤੇਜਿੰਦਰ ਮਾਰਕੰਡਾ, ਲੁਧਿਆਣਾ।


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com