Love Letter to Amrita Pritam – ਅੰਮ੍ਰਿਤਾ ਪ੍ਰੀਤਮ ਨਾਂ ਪ੍ਰੇਮਪੱਤਰ

ਅੰਮ੍ਰਿਤਾ ਪ੍ਰੀਤਮ ਦੇ ਨਾਂ ਖੁੱਲ੍ਹਾ ਪ੍ਰੇਮ-ਪੱਤਰ: ਆਪਣੀ ਸਾਰੀ ਉਮਰ ਦੇ ਇਸ਼ਕ ਨੂੰ ਬੇਦਾਵਾ
ਚਿਤਾਵਨੀ: ‘ਅੰਮ੍ਰਿਤਾ ਪ੍ਰੀਤਮ ਦੇ ਪ੍ਰਸ਼ੰਸਕ ਇਹ ਪੋਸਟ ਨਾ ਪੜ੍ਹਨ, ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਪਾਠਕ ਖ਼ੁਦ ਜ਼ਿੰਮੇਵਾਰ ਹੋਣਗੇ।’

ਨੋਟ: ਇਹ ਲੇਖ ਦਾ ਪਹਿਲਾ ਖਰੜਾ ਅੰਮ੍ਰਿਤ ਪ੍ਰੀਤਮ ਦੇ 99ਵੇਂ ਜਨਮਦਿਨ ‘ਤੇ 31 ਅਗਸਤ 2018 ਨੂੰ ਫੇਸਬੁੱਕ ‘ਤੇ ਛਾਪਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ (31 ਅਗਸਤ 2021) ਤੱਕ ਇਸ ਵਿਚ ਕੁਝ ਸੋਧਾਂ ਕੀਤੀਆਂ ਗਈਆਂ ਹਨ, ਭਾਵੇਂ ਕਿ ਇਬਾਰਤ ਦੀ ਮੂਲ ਭਾਵਨਾ ਉਵੇਂ-ਜਿਵੇਂ ਬਰਕਰਾਰ ਹੈ। ਇਨ੍ਹਾਂ ਸਾਲਾਂ ਦੌਰਾਨ ਇਹ ਪੋਸਟ ਸਾਲ ਵਿਚ ਕਈ ਵਾਰ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ‘ਤੇ ਉਸ ਬਾਰੇ ਲਗਾਤਾਰ ਟਿੱਪਣੀਆਂ ਦੇ ਰੂਪ ਵਿਚ ਗੰਭੀਰ ਚਰਚਾ ਹੁੰਦੀ ਰਹੀ। ਸੋ, ਮੂਲ ਇਬਾਰਤ ਦੇ ਅੰਤ ਵਿਚ ਟਿੱਪਣੀਆਂ ਵੀ ਦਰਜ ਕੀਤੀਆਂ ਗਈਆਂ ਹਨ। ਖ਼ਤ ਵੱਲ ਜਾਣ ਤੋਂ ਪਹਿਲਾਂ ਕੁਝ ਗੱਲ ਸਪੱਸ਼ਟ ਕਰਨੀਆਂ ਲਾਜ਼ਮੀ ਹਨ:

  1. ਮੇਰਾ ਇਹ ਚਿੰਤਨ ਨਾ ਤਾਂ ਅੰਮ੍ਰਿਤਾ ਦੇ ਨਿੱਜ ਦੇ ਵਿਰੁੱਧ ਹੈ ਅਤੇ ਨਾ ਹੀ ਉਸ ਦੇ ਸਾਹਿਤ ਜਾਂ ਉਸ ਦੇ ਸਾਹਿਤਕ ਕੱਦ ਦੇ ਵਿਰੁੱਧ ਹੈ। ਮੇਰੇ ਸਵਾਲ ਉਸ ਵੱਲੋਂ ਅੰਮ੍ਰਿਤਾ ਪ੍ਰੀਤਮ ਵੱਲੋਂ ਆਪਣੇ ਜੀਵਨ ਦੌਰਾਨ ਅਤੇ ਉਸ ਤੋਂ ਬਾਅਦ ਉਸ ਦੇ ਸ਼ਰਧਾਲੂਆਂ ਵੱਲੋਂ ਉਸ ਦਾ ਸਥਾਪਿਤ ਕੀਤਾ ਗਿਆ ਮਹਾਨ ਦੈਵੀ ਨਾਰੀਵਾਦੀ ਮੂਰਤ ਦੇ ਬਿੰਬ ‘ਤੇ ਕੇਂਦਰਿਤ ਹੈ, ਜਿਸ ਰਾਹੀਂ ਉਸ ਦੀ ਸ਼ਖ਼ਸੀਅਤ ਅਤੇ ਉਸ ਦੇ ਸਾਹਿਤ ਦੇ ਬਣਦੇ ਨਾਲੋਂ ਕਿਤੇ ਵੱਡੇ ਰੁਤਬੇ ਉੱਤੇ ਉਸ ਨੂੰ ਸਥਾਪਿਤ ਕੀਤਾ ਗਿਆ ਹੈ।
  2. ਇਹ ਚਿੰਤਨ ਅੰਮ੍ਰਿਤਾ ਪ੍ਰੀਤਮ ਦੇ ਸਾਹਿਤ ਬਾਰੇ ਨਹੀਂ ਹੈ, ਇਹ ਚਿੰਤਨ ਅੰਮ੍ਰਿਤ ਪ੍ਰੀਤਮ ਦੀ ਉਸ ਪਬਲਿਕ ਇਮੇਜ ਬਾਰੇ ਹੈ ਜੋ ਉਸ ਨੇ ਆਪਣੇ ਜੀਵਨ ਵਿਚ ਆਪ ਆਪਣੇ ਪਾਠਕਾਂ ਅੱਗੇ ਪਰੋਸੀ ਅਤੇ ਉਸ ਨੂੰ ਪੱਕਾ ਕਰਨ ਲਈ ਇਕ ਮਾਹੌਲ ਅਤੇ ਜਮਾਤ ਤਿਆਰ ਕੀਤੀ, ਜੋ ਉਸ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਆਪਣੇ ਆਪ ਉਸਾਰੇ ਬਿੰਬ ਨੂੰ ਬਚਾਈ ਰੱਖਣ ਲਈ ਜੁਟੇ ਹੋਏ ਹਨ।
  3. ਅੰਮ੍ਰਿਤ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ, ਇਹ ਚਿੰਤਨ, ਪ੍ਰਾਪਤ ਲਿਖਤਾਂ, ਜਿਸ ਵਿਚ ਉਸ ਦੀ ਸਵੈ-ਜੀਵਨੀ ਰਸੀਦੀ ਟਿਕਟ, ਉਸ ਦੀਆਂ ਸਵੈ-ਜੀਵਨੀ ਮੂਲਕ ਲਿਖਤਾਂ, ਉਸ ਬਾਰੇ ਹੋਰ ਲੇਖਕਾਂ ਵੱਲੋਂ ਲਿਖੀਆਂ ਗਈਆਂ ਜੀਵਨ-ਮੂਲਕ ਲਿਖਤਾਂ ਅਤੇ ਉਸ ਬਾਰੇ ਚਲਦੀਆਂ ਦੰਦ-ਕਥਾਵਾਂ, ਜੋ ਕੇ ਸਮੇਂ ਦੇ ਨਾਲ-ਨਾਲ ਹੋਰ ਵੀ ਜ਼ਿਆਦਾ ਪ੍ਰੋੜ੍ਹ ਹੋਈਆਂ ਅਤੇ ਜੋ ਅੰਮ੍ਰਿਤਾ ਦੇ ਆਪਣੇ ਹੀ ਦਾਇਰੇ ਵਿਚੋਂ ਛਣ-ਛਣ ਕੇ ਬਾਹਰ ਆਈਆਂ ਹਨ ਅਤੇ ਜਿਨ੍ਹਾਂ ਨੂੰ ਅੰਮ੍ਰਿਤਾ ਦੇ ਬਹੁਤ ਕਰੀਬੀ ਪ੍ਰਸ਼ੰਸਕ ਵੀ ਕਦੇ ਰੱਦ ਨਹੀਂ ਕਰ ਸਕੇ, ਉਨ੍ਹਾਂ ਦੇ ਆਲੋਚਨਾਤਮਕ ਵਿਸ਼ਲੇਸ਼ਣ ਉੱਤੇ ਆਧਾਰਿਤ ਹੈ।
  4. ਇਸ ਚਿੰਤਨ ਦਾ ਮਕਸਦ ਕਿਸੇ ਵੀ ਤਰ੍ਹਾਂ ਅੰਮ੍ਰਿਤਾ ਦੀ ਕਿਰਦਾਰਕੁਸ਼ੀ ਕਰਨਾ ਜਾਂ ਬਤੌਰ ਔਰਤ ਜਾਂ ਬਤੌਰ ਇਨਸਾਨ ਉਸ ਨੂੰ ਘਟਾ ਕੇ ਵੇਖਣਾ ਨਹੀਂ ਹੈ, ਬਲਕਿ ਉਸ ਵੱਲੋਂ ਅਤੇ ਉਸ ਦੇ ਦਾਇਰੇ ਵੱਲੋਂ ਜੋ ਉਸ ਦਾ ਬਿੰਬ ਉਸਾਰਿਆ ਗਿਆ ਹੈ ਅਤੇ ਉਸ ਦਾ ਜੋ ਬਿੰਬ ਉਸ ਦੇ ਜੀਵਨ ਆਧਾਰਿਤ ਸਮੱਗਰੀ ਵਿਚੋਂ ਉਭਰਦਾ ਹੈ, ਵਿਚਾਲੇ ਜੋ ਗੈਪ ਨਜ਼ਰ ਆਉਂਦੇ ਹਨ, ਉਸ ਗੈਪ ਦੀ ਨਿਸ਼ਾਨਦੇਹੀ ਕਰਨਾ ਅਤੇ ਜਿੰਨਾ ਸੰਭਵ ਹੋ ਸਕੇ ਉਸ ਨੂੰ ਭਰਨ ਦੀ ਕੋਸ਼ਿਸ਼ ਕਰਨਾ ਹੈ।
  5. ਚਿੰਤਨ ਰਾਹੀਂ ਉਨ੍ਹਾਂ ਖੱਪਿਆਂ ਨੂੰ ਭਰਦਿਆਂ, ਇਸ ਚਿੰਤਨ ਦਾ ਮਕਸਦ, ਨਵੀਂ ਪੀੜ੍ਹੀ ਦੇ ਪਾਠਕਾਂ ਅੰਦਰ ਇਹ ਜਾਗਰੂਕਤਾ ਪੈਦਾ ਕਰਨਾ ਹੈ ਕਿ ਇਤਿਹਾਸ ਵਿਚ ਜਿਨ੍ਹਾਂ ਸ਼ਖ਼ਸ਼ੀਅਤਾਂ ਦਾ ਦੈਵੀ ਪੱਧਰ ਦਾ ਆਦਰਸ਼ੀਕਰਨ ਸਥਾਪਿਤ ਕੀਤਾ ਗਿਆ ਹੋਵੇ, ਉਸ ਨੂੰ ਇੰਨ-ਬਿੰਨ ਮੰਨ ਕੇ ਆਪਣੇ ਜੀਵਨ ਵਿਚ ਢਾਲਣ ਤੋਂ ਪਹਿਲਾਂ ਉਸ ਨੂੰ ਪੜ੍ਹਚੋਲਵੀਂ ਨਜ਼ਰ ਅਤੇ ਨਜ਼ਰੀਏ ਨਾਲ ਘੋਖਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਅੰਦਰ ਇਹ ਸਮਰੱਥਾ ਪੈਦਾ ਕਰਨੀ ਚਾਹੀਦੀ ਹੈ ਕਿ ਕਿਸੇ ਦੈਵੀ ਹਸਤੀ ਦਾ ਜੋ ਬਿੰਬ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਆਪਣਾ ਆਦਰਸ਼ ਬਣਾ ਕੇ ਆਪਣਾ ਜੀਵਨ ਉਸ ਅਨੁਸਾਰ ਢਾਲਣ ਦੇ ਆਹਰ ਵਿਚ ਲੱਗ ਜਾਂਦੇ ਹਨ, ਉਸ ਤੋਂ ਪਹਿਲਾਂ ਇਹ ਵੀ ਦੇਖ ਲੈਣਾ ਚਾਹੀਦਾ ਕਿ ਉਹ ਕਥਿਤ ਆਦਰਸ਼ ਮਾਡਲ ਤੁਹਾਡੇ ਜੀਵਨ ਦੀਆਂ ਸਥਿਤੀਆਂ ਵਿਚ ਫਿੱਟ ਹੁੰਦਾ ਵੀ ਹੈ ਕਿ ਨਹੀਂ।
  6. ਇਹ ਵੀ ਸਪੱਸ਼ਟ ਕਰ ਦੇਵਾਂ ਕਿ ਮੈਨੂੰ ਅੰਮ੍ਰਿਤਾ ਦੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ, ਉਸ ਦੇ ਸ਼ਰਾਬ ਪੀਣ, ਸਿਗਰੇਟ ਪੀਣ ਜਾਂ ਬਹੁਤ ਸਾਰੇ ਪ੍ਰੇਮ ਸੰਬੰਧ ਬਣਾਉਣ ਜਾਂ ਉਨ੍ਹਾਂ ਬਾਰੇ ਖੁੱਲ੍ਹ ਕੇ ਜ਼ਿਕਰ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ। ਜਿਨ੍ਹਾਂ ਦਾ ਅੰਮ੍ਰਿਤਾ ਪ੍ਰਤੀ ਵਿਰੋਧ ਸਿਰਫ਼ ਇਨ੍ਹਾਂ ਗੱਲਾਂ ਕਰਕੇ ਹੈ, ਉਹ ਚਰਚਾ ਤੋਂ ਦੂਰ ਰਹਿਣ ਤਾਂ ਚੰਗਾ ਹੋਵੇ। ਹੁਣ ਜੇ ਤੁਸੀਂ ਇੱਥੇ ਤੱਕ ਪੜ੍ਹ ਹੀ ਲਿਆ ਹੈ ਤਾਂ ਪੇਸ਼ ਹੈ

ਅੰਮ੍ਰਿਤਾ ਦੇ ਨਾਮ ਖੁੱਲ੍ਹਾ ਖ਼ਤ…

ਜੇ ਤੁਸੀਂ ਮੁਹੱਬਤ ਦੀ ਇਲੀਟ ਦੇਵੀ ਦੇ ਜਨਮਦਿਨ ਦਾ ਜਸ਼ਨ ਮਨਾ ਚੁੱਕੇ ਹੋਵੋ ਤਾਂ ਮੇਰੀ ਗੱਲ ਵੱਲ ਗੌਰ ਕਰ ਲੈਣਾ, ਉਂਝ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਜੇ ਤੁਸੀਂ ਉਸ ਦੇਵੀ ਦੇ ਅਨਿਨ ਉਪਾਸ਼ਕ ਹੋ ਤਾਂ ਇਹ ਪੋਸਟ ਇਸ ਤੋਂ ਅੱਗੇ ਸਿਰਫ਼ ਆਪਣੀ ਜ਼ਿੰਮੇਵਾਰੀ ‘ਤੇ ਪੜ੍ਹਨਾ, ਤੁਹਾਡੇ ਦਿਲ ਨੂੰ ਠੇਸ ਪਹੁੰਚਣ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ।

ਅੰਮ੍ਰਿਤਾ ਪ੍ਰੀਤਮ ਨੇ ਆਪਣੇ ਦੌਰ ਵਿਚ ਬਤੌਰ ਔਰਤ ਆਪਣੀ ਜ਼ਿੰਦਗੀ ਜਿਓਣ ਦੇ ਜੋ ਵੀ ਫ਼ੈਸਲੇ ਲਏ, ਜਿਸ ਨੂੰ ਅਕਸਰ ‘ਮਹਾਨਤਾ’ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ, ਉਹ ਆਪਣੇ ਦੌਰ ਦੇ ਕੁਝ ਸੀਮਿਤ ਸੰਦਰਭਾਂ ਵਿਚ ਗੌਲਣਯੋਗ ਫ਼ੈਸਲੇ ਹੋ ਸਕਦੇ ਹੋਣਗੇ। ਫ਼ਿਰ ਵੀ ਲਾਹੌਰ ਦੇ ਇਲੀਟ ਮਾਹੌਲ ਵਿਚੋਂ ਦਿੱਲੀ ਦੇ ਇਲੀਟ ਮਾਹੌਲ ਵਿਚ ਆ ਕੇ ਇਕ ਮਸ਼ਹੂਰ ਅਤੇ ਆਪਣੇ ਪੈਰਾਂ ‘ਤੇ ਖੜ੍ਹੀ ਔਰਤ ਲਈ ਉਹ ਫ਼ੈਸਲੇ ਲੈਣੇ ਕਿਤੇ ਜ਼ਿਆਦਾ ਆਸਾਨ ਅਤੇ ਸਹੂਲਤ ਵਾਲੇ ਸਨ, ਜਿੰਨੇ ਉਹ ਅੱਜ ਵੀ ਕਿਸੇ ਆਮ ਸਾਧਾਰਨ ਮੱਧ-ਵਰਗੀ ਜਾਂ ਨਿਮਨ-ਵਰਗੀ ਕੁੜੀ ਲਈ ਮੁਸ਼ਕਿਲ ਹੋਣਗੇ।

ਇਸ ਲਈ ਮੇਰਾ ਮੰਨਣਾ ਹੈ ਕਿ ਅੰਮ੍ਰਿਤਾ ਪ੍ਰੀਤਮ ਦਾ ਇਲੀਟ ਨਾਰੀਵਾਦ ਉਸ ਦੇ ਨਾਲ ਹੀ ਚਲਾ ਗਿਆ। ਉਸ ਵਿਚ ਜਾਂ ਔਰਤ ਵੱਲੋਂ ਆਪਣੇ ਫ਼ਾਇਦੇ ਲਏ ਵਰਤ ਲਏ ਜਾਣ ਵਾਲੇ ਕਥਿਤ ਫ਼ਿਊਡਲ ਕਿਸਮ ਦੇ ਉਸ ਦੇ ਨਾਰੀਵਾਦ ਦੀ ਰਹਿੰਦ-ਖੂੰਹਦ ਵਿਚ ਸ਼ਾਇਦ ਅਜਿਹਾ ਕੁਝ ਵੀ ਬਾਕੀ ਨਹੀਂ, ਜੋ ਅਮਲੀ ਰੂਪ ਵਿਚ ਅੱਜ ਦੀਆਂ ਕੁੜੀਆਂ ਦੇ ਕੰਮ ਆਉਣ ਯੋਗ ਹੋਵੇ। ਅੱਜ ਦੀਆਂ ਕੁੜੀਆਂ ਉਸ ਤੋਂ ਕਿਤੇ ਜ਼ਿਆਦਾ ਸਮਰੱਥ, ਮਜ਼ਬੂਤ ਅਤੇ ਸਿਰੜੀ ਫ਼ੈਸਲੇ ਲੈਣ ਦੇ ਯੋਗ ਹਨ, ਭਾਵੇਂ ਉਨ੍ਹਾਂ ਕੋਲ ਉਸ ਵਰਗਾ ਮਾਹੌਲ ਹੋਵੇ ਜਾਂ ਨਾ ਹੋਵੇ, ਇਹ ਗੱਲ ਪੂਰੇ ਦਾਅਵੇ ਨਾਲ ਕਹਿ ਸਕਦਾਂ ਹਾਂ ਕਿ ਜੇ ਉਹ ਆਪਣੀ ਆਈ ‘ਤੇ ਆ ਜਾਣ ਤੋਂ ਉਹ ਅਜਿਹਾ ਕੁਝ ਵੀ ਕਰ ਗ਼ੁਜ਼ਰ ਸਕਦੀਆਂ ਹਨ, ਜੋ ਅੰਮ੍ਰਿਤਾ ਨੇ ਕਦੇ ਸੋਚਿਆ ਵੀ ਨਹੀਂ ਹੋਣਾ।

ਅੰਮ੍ਰਿਤਾ ਦਾ ਸਾਹਿਤ ਉਸ ਦੇ ਨਿੱਜ ਦਾ ਹੀ ਵਿਸਤਾਰ ਸੀ। ਉਸ ਨੇ ਆਪਣੀ ਜੀਵਨ ਜਾਚ ਨੂੰ ਜਸਟੀਫਾਈ ਕਰਨ ਲਈ ਆਪਣੀਆਂ ਲਿਖਤਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਅੰਮ੍ਰਿਤਾ ਨੇ ਆਪ ਹੀ ਆਪਣੇ ਸਾਹਿਤ ਵਿਚ ਵੀ ਅਤੇ ਸਮਾਜ ਵਿਚ ਵੀ ਸਾਹਿਤ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਉਭਾਰਨਾ ਸ਼ੁਰੂ ਕਰ ਦਿੱਤਾ ਸੀ। ਇੱਥੋਂ ਤੱਕ ਕੇ ਅੰਮ੍ਰਿਤਾ ਆਪ ਦੱਸਦੀ ਹੈ ਕਿ ਸੁਨੇਹੜੇ ਉਸ ਨੇ ਸਾਹਿਰ ਲਈ ਲਿਖੀ ਸੀ ਤੇ ਉਸ ਨੂੰ ਅਫ਼ਸੋਸ ਸੀ ਕਿ ਗੁਰਮੁਖੀ ਵਿਚ ਲਿਖਿਆ ਹੋਣ ਕਰਕੇ ਉਹ ਪੜ੍ਹ ਨਹੀਂ ਸਕਿਆ ਸੀ। ਉਪਰੋਂ ਸਿਤਮਜ਼ਰੀਫ਼ੀ ਇਹ ਕਿ ਸਾਹਿਤ ਅਕਾਦਮੀ ਦਾ ਵੱਕਾਰੀ ਪੁਰਸਕਾਰ ਦੇਣ ਵਾਲੀ ਕਮੇਟੀ ਦੀ ਕਨਵੀਨਰ ਹੁੰਦਿਆਂ ਹੋਇਆਂ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਆਪ ਨੂੰ ਹੀ ਇਹ ਪੁਰਸਕਾਰ ਦੇਣ ਲਈ ਆਪਣੀ ਹੀ ਇਸ ਪੁਸਤਕ ‘ਸੁਨੇਹੜੇ’ ਨੂੰ ਚੁਣ ਲਿਆ।

ਇਸ ਤਰ੍ਹਾਂ ਉਹ ਲਗਾਤਾਰ ਸਮਾਜਿਕ ਵਿਚਾਰ ਤੋਂ ਦੂਰ ਹੁੰਦੀ ਗਈ ਤੇ ਨਿੱਜ ਤੱਕ ਸਿਮਟਦੀ ਗਈ। ਇਸ ਵਾਸਤੇ ਉਨ੍ਹਾਂ ਨਾਗਮਣੀ ਦੀ ਵਰਤੋਂ ਕਰਕੇ ਇਕ ਪੂਰਾ ਸਮੂਹ ਤਿਆਰ ਕੀਤਾ, ਜੋ ਉਨ੍ਹਾਂ ਦੇ ਹੁੰਦੇ ਹੋਏ ਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ‘ਦੈਵੀ ਪਛਾਣ’ ਨੂੰ ਬਚਾਈ ਤੇ ਬਣਾਈ ਰੱਖੇ। ਇਹੀ ਹੋ ਰਿਹਾ ਹੈ। ਆਪਣੀ ਵਿਰਾਟ ਸਥਾਪਤੀ ਨੂੰ ਬਚਾਈ ਰੱਖਣ ਲਈ ਉਸ ਨੇ ਸੱਤਾ ਨਾਲ ਵੀ ਸਮਝੌਤਾ ਕਰ ਲਿਆ। ਜਦੋਂ ਪੂਰੇ ਦੇਸ਼ ਵਿਚ ਐਮਰਜੇਂਸੀ ਲਾਈ ਗਈ ਤਾਂ ਜਿੱਥੇ ਹਰ ਭਾਸ਼ਾ ਦੇ ਲੇਖਕ, ਇੱਥੋਂ ਤੱਕ ਕੇ ਇੰਦਰਾ ਗਾਂਧੀ ਦੇ ਕਰੀਬੀ ਰਹੇ ਖ਼ੁਸ਼ਵੰਤ ਸਿੰਘ ਨੇ ਵੀ ਵਿਰੋਧ ਕੀਤਾ, ਅੰਮ੍ਰਿਤਾ ਨੇ ਸਮਰਥਨ ਕੀਤਾ।

ਸੰਨ ਸੰਤਾਲੀ ਦੀ ਵੰਡ ਵੇਲੇ ਉਸ ਨੇ ਵਾਰਸ ਸ਼ਾਹ ਨੂੰ ਆਵਾਜ਼ ਮਾਰੀ। ਉਸ ਦੀ ਇਹੋ ਕਵਿਤਾ ਸਭ ਤੋਂ ਜ਼ਿਆਦਾ ਚਰਚਿਤ ਹੋਈ। ਫਿਰ ਸੰਨ 1984 ਵਿਚ ਵੀ ਦਿੱਲੀ ਅੰਦਰ ਉਸ ਦੇ ਘਰ ਤੋਂ ਕੁਝ ਮੀਟਰ ਦੀ ਦੂਰੀ ਤੇ ਔਰਤਾਂ ਦੀ ਬੇਪੱਤੀ ਹੋਈ, ਪਰ ਉਹ ਚੁੱਪ ਰਹੀ। 1990 ਵਿਚ ਤਾਂ ਉਸ ਨੇ ਇਕ ਇੰਟਰਵਿਯੂ ਵਿਚ ਕਹਿ ਦਿੱਤਾ ਕਿ ਇੰਦਰਾ ਗਾਂਧੀ ਮੇਰੀ ਪਿਛਲੇ ਜਨਮ ਦੀ ਭੈਣ ਹੈ। ਇਸ ਸਭ ਗੱਲਾਂ ਸਨ ਜਿਸ ਨੇ ਆਮ ਪੰਜਾਬੀ ਪਾਠਕਾਂ ਨੂੰ ਠੇਸ ਪਹੁੰਚਾਈ। ਲੇਖਕ ਤੋਂ ਲੋਕਾਂ ਦੀ ਆਵਾਜ਼ ਬਣਨ ਦੀ ਉਮੀਦ ਕੀਤੀ ਜਾਂਦੀ ਹੈ, ਲੇਖਕ ਨੂੰ ਐਂਟੀ-ਪੀਪਲ ਨਹੀਂ ਹੋਣਾ ਚਾਹੀਦਾ।

ਲੋਕ ਉਸ ਦੇ ਨਿੱਜੀ ਜੀਵਨ ਖ਼ਿਲਾਫ਼ ਵੀ ਇਸ ਲਈ ਬੋਲਣ ਲੱਗੇ ਕਿਉਂਕਿ ਅੰਮ੍ਰਿਤਾ ਨੇ ਆਪ ਪੂਰਾ ਇਕ ਸਮੂਹ ਤਿਆਰ ਕਰਕੇ ਇਹ ਕਹਾਉਣਾ ਸ਼ੁਰੂ ਕਰਵਾਇਆ ਕਿ ਅਸਲੀ ਆਜ਼ਾਦ ਨਾਰੀ ਦਾ ਬਿੰਬ ਅੰਮ੍ਰਿਤਾ ਦਾ ਹੀ ਹੈ। ਅੰਮ੍ਰਿਤਾ ਆਪ ਇਲੀਟ ਸੀ, ਉਸ ਦਾ ਇਹ ਬਿੰਬ ਇਲੀਟ ਕਲਾਸ ਵਿਚ ਤਾਂ ਪਰਵਾਨਤ ਸੀ, ਪਰ ਮੱਧ-ਵਰਗ ਅਤੇ ਹੇਠਲੇ ਵਰਗ ਦੀਆਂ ਭਾਵਨਾਵਾਂ ਨੂੰ ਇਹ ਠੇਸ ਵੀ ਪਹੁੰਚਾਉਂਦਾ ਸੀ ਤੇ ਡਿਪਰੈਸ਼ਨ ਵੱਲ ਵੀ ਲੈ ਜਾਂਦਾ ਸੀ ਕਿਉਂਕਿ ਉਨ੍ਹਾਂ ਵਰਗਾਂ ਦੀਆਂ ਕੁੜੀਆਂ ਸਾਧਨ ਸੰਪੰਨ ਨਹੀਂ ਸਨ, ਜਿਸ ਕਰਕੇ ਉਹ ਕੋਸ਼ਿਸ਼ ਕਰਕੇ ਵੀ ਅੰਮ੍ਰਿਤਾ ਦੀ ਨਕਲ ਨਹੀਂ ਕਰ ਸਕਦੀਆਂ ਸਨ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਬਲਿਕ ਫੀਗਰ ਦੀ ਨਿੱਜੀ ਲਾਈਫ਼ ਨੂੰ ਲੋਕ ਫੋਲੋ ਕਰਦੇ ਹਨ, ਇਸ ਲਈ ਲੇਖਕ ਦੀ ਜ਼ਿੰਮੇਵਾਰੀ ਵੱਡੀ ਹੈ। ਉਸ ਤੋਂ ਵੱਡੀ ਜ਼ਿੰਮੇਵਾਰੀ ਆਲੋਚਕ ਦੀ ਹੈ ਜੋ ਲੇਖਕ ਬਾਰੇ ਪਾਠਕਾਂ ਨੂੰ ਸੰਤੁਲਿਤ ਰਾਇ ਦੇਵੇ, ਪਰ ਜ਼ਿਆਦਾਤਰ ਆਲੋਚਕਾਂ ਨੇ ਉਸ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਉਸ ਦੀ ਮਹਿਮਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਜਿਸ ਨੇ ਉਸ ਦੀ ਆਲੋਚਨਾ ਕੀਤੀ ਉਸ ਨੂੰ ਅੰਮ੍ਰਿਤਾ ਤੇ ਉਸ ਦੇ ਟੋਲੇ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਇਹ ਅੰਮ੍ਰਿਤਾ ਨਾਲ ਖਾਰ ਖਾਂਦੇ ਹਨ।

ਮੈਂ ਆਪ 2010ਵੇਂ ਤੱਕ ਅੰਮ੍ਰਿਤਾ ਦਾ ਬਹੁਤ ਭਾਵੁਕ ਪ੍ਰਸ਼ੰਸਕ ਰਿਹਾ ਅਤੇ ਉਸ ਦੀ ਮਹਿਮਾ ਵਿਚ ਇਸੇ ਤਰ੍ਹਾਂ ਦੇ ਬਹੁਤ ਲੇਖ ਲਿਖੇ। ਉਸ ਦਾ ਹੌਜ਼ ਖ਼ਾਸ ਵਾਲਾ ਘਰ ਢਹਿ ਜਾਣ ਵੇਲੇ ਬਹੁਤ ਭਾਵੁਕ ਹੋ ਕੇ ਇਕ ਲੇਖ ਲਿਖਿਆ, ਅੰਮ੍ਰਿਤਾ ਇਮਰੋਜ਼ ਦਾ ਘਰ (ਪੜ੍ਹਨ ਲਈ ਕਲਿੱਕ ਕਰੋ)

ਫਿਰ ਉਸ ਦੇ ਸਾਹਿਤ ਅਤੇ ਸ਼ਖ਼ਸੀਅਤ ਦੇ ਹਰ ਪਹਿਲੂ ਬਾਰੇ ਪੜ੍ਹਿਆ, ਜਾਣਿਆ ਅਤੇ ਸਮਝਿਆ ਅਤੇ ਮਹਿਸੂਸ ਕੀਤਾ ਕਿ ਉਹ ਇਕ ਖ਼ਾਸ ਵਰਗ ਦੀ ਲੇਖਕ ਸੀ, ਜਿਸ ਨੇ ਉਸ ਨੂੰ ਕਾਫ਼ੀ ਉਭਾਰਿਆ, ਪਰ ਉਹ ਆਮ ਪੰਜਾਬੀ ਸਮਾਜ ਅਤੇ ਇਸ ਦੇ ਖਾਸੇ ਨਾਲ ਜੁੜੀ ਹੋਈ ਮਹਿਸੂਸ ਨਹੀਂ ਸੀ ਹੁੰਦੀ, ਜਦਕਿ ਉਸ ਨੇ ਠੇਠ ਪੰਜਾਬੀ ਵਿਚ ਲਿਖਿਆ।

ਜਦੋਂ ਤੱਕ ਅਸੀਂ ਕਿਸੇ ਸ਼ਖ਼ਸੀਅਤ ਪ੍ਰਤੀ ਭਾਵੁਕਤਾ ਤੋਂ ਬਾਹਰ ਆ ਕੇ ਨਿਰਲੇਪ ਅਧਿਐਨ ਨਹੀਂ ਕਰਦੇ ਉਦੋਂ ਤੱਕ ਅਸੀਂ ਉਸ ਸ਼ਖ਼ਸੀਅਤ ਬਾਰੇ ਵਾਜਿਬ ਨਜ਼ਰੀਆ ਨਹੀਂ ਬਣਾ ਸਕਦੇ। ਹਰ ਵੱਡੀ ਹਸਤੀ ਵਿਚ ਗੁਣਾਂ-ਔਗੁਣਾ ਦਾ ਵਿਰੋਧਾਭਾਸ ਹੁੰਦਾ ਹੈ, ਸਾਨੂੰ ਉਹ ਦੋਵਾਂ ਸਮੇਤ ਉਸ ਨੂੰ ਵੇਖਣਾ ਚਾਹੀਦਾ ਹੈ। ਕਿਸੇ ਦੀਆਂ ਕਮੀਆਂ ਨੂੰ ਸਵੀਕਾਰ ਕਰਨਾ ਉਸ ਦੀ ਸ਼ਖ਼ਸੀਅਤ ਨੂੰ ਲੋਕਾਂ ਦੀ ਨਜ਼ਰ ਵਿਚ ਸੰਪੂਰਨਤਾ ਵਿਚ ਵਿਕਸਿਤ ਕਰਨ ਵਿਚ ਸਹਾਈ ਹੁੰਦਾ ਹੈ।

ਇਸ ਲਈ ਉਸ ਦੇ ਜਨਮ-ਦਿਨ ‘ਤੇ ਮੈਂ ਆਪਣੀ ਪੀੜ੍ਹੀ ਦੇ ਅੰਮ੍ਰਿਤਾ ਪ੍ਰੀਤਮ ਦੇ ਸਭ ਤੋਂ ਜਨੂੰਨੀ ਆਸ਼ਿਕ ਹੋਣ ਦੀ ਆਤਮ-ਗਲਾਨਿ ਤੋਂ ਆਪਣੇ ਆਪ ਨੂੰ ਮੁਕਤ ਕਰਦਾ ਹੋਇਆ, ਉਸ ਦੇ ਬਿਊਟੀ ਪਾਰਲਰੀ ਨਾਇਕਾ ਵਾਲੇ ਹੁਸੀਨ ਗੋਰੇ ਰੰਗੇ ਤੇ ਤਿਲਸਮੀ ਹੇਅਰ-ਕੱਟੀ ਇਸ਼ਕ ਨੂੰ ਆਪਣੇ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਸਾਂਵਲੀਆਂ-ਸਲੋਨੀਆਂ, ਕਾਲੀ-ਕਲੂਟੀਆਂ ਤੇ ਰੱਜ ਕੇ ਸੋਹਣੀਆਂ ਕੁੜੀਆਂ ਦੇ ਪੈਰਾਂ ਦੀ ਮਿੱਟੀ ਤੋਂ ਵਾਰ ਕੇ ਸੁੱਟਦਾ ਹਾਂ, ਜੋ ਅੱਜ ਕੱਲ੍ਹ ਅਕਸਰ ਪਟਰੋਲ ਪੰਪਾ ‘ਤੇ ਤੇਲ ਪਾਉਂਦੀਆਂ, ਸੜਕਾਂ ‘ਤੇ ਈ-ਰਿਕਸ਼ੇ ਚਲਾਉਂਦੀਆਂ, ਦੋਝਣਾਂ ਬਣੀਆਂ ਮੋਟਰ-ਸਾਇਕਲਾਂ ‘ਤੇ ਦੁੱਧ ਦੇ ਡਰੰਮ ਢੋਹਦੀਆਂ, ਡਾਕਖ਼ਾਨਿਆਂ ਤੇ ਪੇਂਡੂ ਬੈਕਾਂ ਦੀਆਂ ਸ਼ੀਸ਼ੇ ਵਾਲੀਆਂ ਬਾਰੀਆਂ ਪਿੱਛੇ ਬੈਠੀਆਂ ਪੈਨਸ਼ਨਾਂ ਭੁਗਤਾਉਂਦੀਆਂ, ਪ੍ਰਵਾਸੀਆਂ ਦੇ ਨੀਲੀਚੋਚੋ ਜਵਾਕਾਂ ਨੂੰ ਆਂਗਵਾੜੀਆਂ ਵਿਚ ਸਾਂਭਦੀਆਂ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਂਦੀਆਂ ਆਪਣੇ ਜ਼ਿੰਦਗੀ ਦੀਆਂ ਕਵਿਤਾਵਾਂ-ਕਹਾਣੀਆਂ ਧਰਤੀ ਦੀ ਹਿੱਕ ਉੱਤੇ ਲਿਖ ਰਹੀਆਂ ਹਨ।

ਇਸ ਦੇ ਨਾਲ ਹੀ ਮੈਂ ਅੰਮ੍ਰਿਤਾ-ਇਮਰੋਜ਼ ਦੇ ਘਰ ਨੂੰ ਮਲਬੇ ਵਿਚ ਤਬਦੀਲ ਕਰਨ ਵੇਲੇ ਅੱਤ-ਭਾਵੁਕਤਾ ਵਿਚ ਲਿਖੇ ਆਪਣੇ ਉਸ ਲੇਖ ਨੂੰ ਵੀ ਰੱਦ ਕਰਦਿਆਂ ਹੋਇਆ ਆਖਦਾ ਹਾਂ ਕਿ ਅੰਮ੍ਰਿਤਾ ਦੇ ਵਾਰਿਸ ਨੇ ਜਿਸ ਭਾਵੁਕਤਾ ਦੀ ਕਸ਼ਮਕਸ਼ ਵਿਚੋਂ ਲੰਘਦਿਆਂ ਇਹ ਫ਼ੈਸਲਾ ਲਿਆ, ਮੈਂ ਉਸ ਵਿਚ ਉਸ ਦੇ ਨਾਲ ਹਾਂ। ਹਾਂ, ਮੈਨੂੰ ਦਰਵੇਸ਼ ਰੂਹ ਇਮਰੋਜ਼ ਦੀਆਂ ਉਨ੍ਹਾਂ ਚਿੱਤਰਕਾਰੀਆਂ ਦੇ ਮਲਿਆਮੇਟ ਹੋ ਜਾਣ ਦਾ ਅਫ਼ਸੋਸ ਜ਼ਰੂਰ ਰਹੇਗਾ, ਜੋ ਉਸ ਨੇ ਆਪਣੀ ਰੂਹ ਦੀ ਸ਼ਿੱਦਤ ਤੱਕ ਅਪੜੀ ਮੁਹੱਬਤ ਨਾਲ ਉਸ ਘਰ ਦੀਆਂ ਕੰਧਾਂ ਉੱਤੇ ਉਕਰੀਆਂ ਸਨ।

ਮੈਂ ਇਸ ਦੇ ਨਾਲ ਹੀ ਆਪਣੇ ਉਨ੍ਹਾਂ ਸਾਰੇ ਸਾਹਿਤਕਾਰਾਂ ਨੂੰ ਇਸ ਸਵੈ-ਪੜਚੋਲ ਦੇ ਹਵਾਲੇ ਕਰਦਾ ਹਾਂ, ਜਿਨ੍ਹਾਂ ਦੇ ਸਾਹਿਤਕ ਕੱਦ ਦੀ ਜਾਣ-ਪਛਾਣ ਇਹ ਦੱਸੇ ਬਿਨਾਂ ਪੂਰੀ ਨਹੀਂ ਹੁੰਦੀ ਕਿ ਉਹ ਅੰਮ੍ਰਿਤਾ-ਪ੍ਰੀਤਮ ਦੀ ਨਾਗਮਣੀ ਵੱਲੋਂ ਪੈਦਾ ਕੀਤੇ ਗਏ ਸਾਹਿਤਕਾਰ ਹਨ। ਜ਼ਰਾ ਆਪਣੇ ਆਪ ਨੂੰ ਪੁੱਛਿਉ ਕਿ ਫ਼ਿਰ ਇਸ ਪਛਾਣ ਤੋਂ ਬਿਨਾਂ ਤੁਹਾਡੇ ਵੱਲੋਂ ਸਿਰਜੇ ਆਪਣੇ ਸਾਹਿਤ ਦਾ ਕੀ ਮੁੱਲ ਹੈ? ਜੇ ਇਸ ਪਛਾਣ ਤੋਂ ਬਿਨਾਂ ਤੁਹਾਨੂੰ ਆਪਣੇ ਸਾਹਿਤ ਦਾ ਕੋਈ ਮੁੱਲ ਨਜ਼ਰ ਨਹੀਂ ਆਉਂਦਾ ਤਾਂ ਤੁਹਾਨੂੰ ਆਪਣੀ ਬੋਲੀ ਦਾ ਸਾਹਿਤਕਾਰ ਮੰਨਣ ਤੋਂ ਮੈਂ ਪੂਰੀ ਬੇਸ਼ਰਮੀ ਨਾਲ ਮੁਨਕਰ ਹੁੰਦਾ ਹਾਂ।

ਤੇ ਹਾਂ ਜਿਹੜੇ ‘ਮੁਹੱਬਤ ਦੀ ਦੇਵੀ’ ਦੇ ਚਹੇਤੇ ਇਸ ਨੂੰ ਮੇਰਾ ਪਿੱਤਰਪੁਰਖੀ, ਨਫ਼ਰਤੀ ਬਿਆਨ ਸਮਝ ਕੇ ਮੈਨੂੰ ਫ਼ਤਵੇ ਜਾਰੀ ਕਰਨਾ ਚਾਹੁੰਦੇ ਹੋਣਗੇ, ਉਨ੍ਹਾਂ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਫਤਵੇ ਜਾਰੀ ਕਰਨ ਲੱਗਿਆ ਯਾਦ ਰੱਖਿਉ ਕਿ ਮੈਂ ਅੰਮ੍ਰਿਤਾ ਨੂੰ ਭਾਵੁਕਤਾ ਵੱਸ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਨੂੰਨੀ ਹੱਦ ਵਾਲਾ ਇਕ ਪਾਸੜ ਇਸ਼ਕ ਕੀਤਾ ਹੈ ਅਤੇ ਜੇ ਮੇਰੀ ਇਸ ਇਬਾਰਤ ਨੂੰ ਤੁਸੀਂ ਮੇਰੀ ਨਫ਼ਰਤ ਮੰਨਣਾ ਹੈ ਤਾਂ ਇਹ ਨਫ਼ਰਤ ਇਸ਼ਕ ਵੱਲ ਵਾਧੂ ਝੁਕੀ ਤਕੜੀ ਦੇ ਪਲੜੇ ਨੂੰ ਬਰਾਬਰ ਕਰਨ ਵਾਲਾ ਪੱਲੜਾ ਹੀ ਹੋਵੇਗੀ। ਉਸ ਤੋਂ ਅਗਲੀ ਗੱਲ ਭਾਰ ਬਰਾਬਰ ਹੋਣ ਤੋਂ ਅੱਗੇ ਹੀ ਤੁਰ ਸਕੇਗੀ।

ਇਕ ਸਵਾਲ

ਅਖ਼ੀਰ ਵਿਚ ਲੇਖਕ ਜਾਂ ਅੰਮ੍ਰਿਤਾ ਦੇ ਪੱਕੇ ਚਾਹੁਣ ਵਾਲਿਆਂ ਨੂੰ ਛੱਡ ਕੇ, ਸਿਰਫ਼ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਪਿਆਰੇ ਆਮ ਸਾਧਾਰਨ ਪਾਠਕੋ, ਜ਼ਰਾ ਦਿਮਾਗ਼ ‘ਤੇ ਜ਼ੋਰ ਪਾ ਕੇ ਦੱਸਣਾ, ਬਿਨਾਂ ਗੂਗਲ ਕੀਤਿਆਂ ਜਾਂ ਬਿਨਾਂ ਕੋਈ ਕਿਤਾਬ ਫ਼ੋਲਿਆਂ, ‘ਅੱਜ ਆਖਾਂ ਵਾਰਸ ਸ਼ਾਹ ਜਾਂ ਪਰਛਾਵਿਆਂ ਨੂੰ ਪਕੜਨ ਵਾਲਿਉ’ (ਜਾਂ ਕੁਝ ਹੋਰ ਦੋ ਚਾਰ) ਤੋਂ ਇਲਾਵਾ ਤੁਹਾਨੂੰ ਅੰਮ੍ਰਿਤਾ ਦੀ ਕਿਹੜੀ ਕਵਿਤਾ, ਸਤਰ ਜਾਂ ਪਾਤਰ ਯਾਦ ਆਉਂਦਾ ਹੈ। ਮੈਂ ਇਕ ਵਾਰ ਫ਼ੇਰ ਦੁਹਰਾਅ ਦਿਆਂ, ਇਹ ਸਵਾਲ ਲੇਖਕਾਂ ਅਤੇ ਅੰਮ੍ਰਿਤਾ ਨੂੰ ਚਾਹੁਣ ਵਾਲਿਆਂ ਲਈ ਨਹੀਂ ਹੈ, ਸਿਰਫ਼ ‘ਤੇ ਸਿਰਫ਼ ਪਾਠਕਾਂ ਲਈ ਹੈ।
ਅਲਵਿਦਾ ਅੰਮ੍ਰਿਤਾ, ਤੇਰੀ ਰੂਹ ਨੂੰ ਸਕੂਨ ਮਿਲੇ!

ਕਦੇ ਤੇਰਾ ਆਪਣਾ
-ਦੀਪ ਜਗਦੀਪ ਸਿੰਘ

ਸਾਲ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਮੂਲ ਪੋਸਟ ‘ਤੇ ਆਈਆਂ ਟਿੱਪਣੀਆਂ ਦੇਖਣ ਲਈ ਕਲਿੱਕ ਕਰੋ

ਸਾਲ 2020 ਵਿਚ ਪ੍ਰਕਾਸ਼ਿਤ ਕੀਤੀ ਗਈ ਮੂਲ ਪੋਸਟ ‘ਤੇ ਆਈਆਂ ਟਿੱਪਣੀਆਂ ਦੇਖਣ ਲਈ ਕਲਿੱਕ ਕਰੋ

ਅੰਮ੍ਰਿਤਾ ਪ੍ਰੀਤਮ ਬਾਰੇ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

2 thoughts on “Love Letter to Amrita Pritam – ਅੰਮ੍ਰਿਤਾ ਪ੍ਰੀਤਮ ਨਾਂ ਪ੍ਰੇਮਪੱਤਰ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: