ਅੰਮ੍ਰਿਤਾ ਪ੍ਰੀਤਮ: ਤਿੜਕੇ ਘੜੇ ਦਾ ਪਾਣੀ

Amrita Pritam – ਅੰਮ੍ਰਿਤਾ ਪ੍ਰੀਤਮ

ਉਦੋਂ ਅੰਮ੍ਰਿਤਾ ਦਿਮਾਗੀ ਤੌਰ ਉੱਤੇ ਪੂਰੀ ਸੁਚੇਤ ਸੀ, ਪਰ ਸਰੀਰ ਡਿਗੂੰ ਡਿਗੂੰ ਕਰਦਾ ਮਕਾਨ ਸੀ। ਉਹਦੇ ਲਈ ਉੱਠਣਾ, ਬੈਠਣਾ ਵੀ ਮੁਹਾਲ ਸੀ। ਅੰਮ੍ਰਿਤਾ ਨੇ ਆਖਿਆ, ‘‘ਜਸਬੀਰ, ਲੱਗਦਾ ਹੈ, ਇਹ ਸੰਭਵ ਨਹੀਂ। ਮੈਂ ਬਹੁਤ ਥੱਕ ਜਾਂਦੀ ਹਾਂ। ਤੂੰ ਇਸ ਤਰ੍ਹਾਂ ਕਿਉਂ ਨਹੀਂ ਕਰਦਾ, ਕੁਝ ਸੁਆਲ ਕਾਗ਼ਜ਼ ਉੱਤੇ ਲਿਖ ਦੇਹ। ਮੈਂ ਜਦੋਂ ਵੀ ਕੁਝ ਰਾਜੀ ਹੋਈ ਜੁਆਬ ਲਿਖ ਦਿਆਂਗੀ।”ਦਿੱਲੀ ਤੋਂ ਵਾਪਸ ਆ ਕੇ ਮੈਂ ਸੁਆਲ ਭੇਜੇ ਸਨ, ਇਕ ਵਾਰ ਨਹੀਂ, ਦੋ ਵਾਰ ਨਹੀਂ, ਪੂਰੇ ਤਿੰਨ ਵਾਰ। ਅੰਮ੍ਰਿਤਾ ਦੇ ਖਸਤਾ ਹਾਲਤ ਸਰੀਰ ਨੇ ਰਾਜੀ ਨਹੀਂ ਸੀ ਹੋਣਾ, ਇਹ ਮੈਂ ਵੀ ਜਾਣਦਾ ਸਾਂ ਤੇ ਉਹ ਵੀ, ਪਰ ਉਹਨੇ ਬਿਮਾਰੀ ਵਿਚ ਹੀ ਔਖਿਆਂ ਸੌਖਿਆਂ ਜੁਆਬ ਲਿਖੇ ਸਨ।ਚੌਥੀ ਵਾਰ ਦੀ ਸੁਆਲਾਂ ਦੀ ਫਹਰਿਸਤ ਤੋਂ ਪਹਿਲਾਂ ਅੰਮ੍ਰਿਤਾ ਦਾ ਫ਼ੋਨ ਆਇਆ ਸੀ। ਉਹਦਾ ਹਾਸਾ ਛਣਕਿਆ ਸੀ, ‘‘ਜਸਬੀਰ, ਕੀ ਗੱਲ ਪੂਰਾ ਦੀਵਾਨ ਲਿਖਣ ਦਾ ਇਰਾਦਾ ਹੈ।”ਮੈਂ ਅੰਮ੍ਰਿਤਾ ਦੇ ਉਸ ਹਾਸੇ ਵਿਚੋਂ ਦਰਦ ਦੀ ਪੈੜ ਨੱਪ ਲਈ ਸੀ।···ਤੇ ਮੈਂ ਸੁਆਲਾਂ ਦੀ ਚੌਥੀ ਫਹਰਿਸਤ ਅੰਮ੍ਰਿਤਾ ਨੂੰ ਨਹੀਂ ਸਾਂ ਭੇਜ ਸਕਿਆ।ਵਕਤ ਰੇਤ ਵਰਗਾ ਸੀ, ਮੁੱਠਾਂ ਵਿਚ ਫੜਿਆ ਨਹੀਂ ਸੀ ਜਾ ਸਕਿਆ। ਉਂਗਲਾਂ ਦੀਆਂ ਵਿਰਲਾਂ ਵਿਚੋਂ ਕਿਰ ਰਿਹਾ ਸੀ, ਬਸ ਕਿਰ ਰਿਹਾ ਸੀ।ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਵਿਭੂਸ਼ਨ’ ਨਾਲ ਸਨਮਾਨਿਆ ਗਿਆ ਤਾਂ ਮੈਂ ਫ਼ੋਨ ਕੀਤਾ ਸੀ। ਅੰਮ੍ਰਿਤਾ ਪ੍ਰੀਤਮ ਨੇ ਹੈੱਡ-ਸੈੱਟ ਅਕਸਰ ਆਪਣੇ ਕੋਲ ਹੀ ਰੱਖਿਆ ਹੁੰਦਾ ਸੀ। ਮੈਨੂੰ ਲੱਗਾ, ਹੁਣੇ ਮੈਂ ਅੰਮ੍ਰਿਤਾ ਦੀ ਆਵਾਜ਼ ਸੁਣਾਂਗਾ, ‘‘ਹੈਲੋ ਜਸਬੀਰ!”ਪਰ ਫ਼ੋਨ ਦਾ ਜੁਆਬ ਇਮਰੋਜ਼ ਨੇ ਦਿੱਤਾ ਸੀ, ‘‘ਤੂੰ ਆਪਣੀ ਦੀਦੀ ਨਾਲ ਗੱਲ ਨਹੀਂ ਕਰ ਸਕੇਂਗਾ। ਉਹ ਜੀਊਂਦੀ ਹੈ, ਪਰ ਇਸ ਦੁਨੀਆ ਨਾਲੋਂ ਉਹਨੇ ਨਾਤਾ ਤੋੜ ਲਿਆ ਹੈ। ਉਹ ਆਪਣੇ ਅੰਦਰ ਹੀ ਕਿਸੇ ਹੋਰ ਦੁਨੀਆ ਵਿਚ ਬੈਠੀ ਹੋਈ ਹੈ।”

ਮੈਂ ਉਦਾਸ ਹੋ ਗਿਆ ਸਾਂ।

ਅਗਲੇਰੇ ਦਿਨ ਦਲੀਪ ਕੌਰ ਟਿਵਾਣਾ ਨੇ ਦੱਸਿਆ, ‘‘ਸਨਮਾਨ ਵਾਲੇ ਦਿਨ ਮੈਂ ਇਕ ਡੇਢ ਘੰਟਾ ਅੰਮ੍ਰਿਤਾ-ਇਮਰੋਜ਼ ਦੇ ਘਰ ਰਹੀ ਹਾਂ। ਇਮਰੋਜ਼ ਮੈਨੂੰ ਅੰਮ੍ਰਿਤਾ ਦੇ ਕਮਰੇ ਵਿਚ ਲੈ ਗਿਆ ਸੀ ਤੇ ਆਮ ਨਾਲੋਂ ਕੁਝ ਉੱਚੀ ਸੁਰ ਵਿਚ ਉਹਨੂੰ ਮੁਖ਼ਾਤਿਬ ਹੋਇਆ ਸੀ, ‘‘ਵੇਖ ਮਲਿਕਾ! ਦਲੀਪ ਤੈਨੂੰ ਮਿਲਣ ਆਈ ਐ।”ਅੰਮ੍ਰਿਤਾ ਦੀਆਂ ਅੱਖਾਂ ਵਿਚ ਕੋਈ ਪਛਾਣ ਨਹੀਂ ਸੀ ਜਾਗੀ। ਉਹ ਖ਼ਲਾਅ ਵੱਲ ਵੇਖਦੀ ਰਹੀ ਸੀ।ਕੁਝ ਦਿਨ ਪਹਿਲਾਂ ਹੀ ਮੈਂ ਸੁੱਖ ਸਾਂਦ ਪੁੱਛਣ ਲਈ ਫ਼ੋਨ ਕੀਤਾ ਸੀ। ਪਤਾ ਲੱਗਾ, ਅੰਮ੍ਰਿਤਾ ਕੁਝ ਨਹੀਂ ਸੀ ਮੰਗਦੀ, ਕੁਝ ਨਹੀਂ ਸੀ ਆਖਦੀ। ਉਹਦੀ ਲੋੜ ਦਾ ਅੰਦਾਜ਼ ਇਮਰੋਜ਼ ਨੂੰ ਖ਼ੁਦ ਹੀ ਲਾਉਣਾ ਪੈਂਦਾ ਸੀ।ਮੇਰੇ ਕੋਲ ਪਏ ਸੁਆਲਾਂ ਵਾਲੇ ਕਾਗ਼ਜ਼ਾਂ ਨੇ ਹਓਕਾ ਭਰਿਆ ਸੀ।

-0-

ਮੈਂ ਅੰਮ੍ਰਿਤਾ ਨੂੰ ਜਦ ਕਦੀ ਵੀ ਮਿਲਿਆ ਸਾਂ, ਉਹ ਬਿਮਾਰ ਸੀ।ਜਦੋਂ ਅੰਮ੍ਰਿਤਾ ਪ੍ਰੀਤਮ ਦਾ ਸਰੀਰ ਬਿਮਾਰੀਆਂ ਦੀ ਠਾਹਰ ਬਣ ਗਿਆ ਤਾਂ ਅਸੀਂ ਕੁਝ ਦੋਸਤਾਂ ਨੇ ਰਲ ਕੇ ਸੋਚਿਆ, ਅੰਮ੍ਰਿਤਾ ਹੁਰਾਂ ਕੋਲ ਕੁਝ ਦਿਨ ਰਹਿ ਕੇ ਆਈਏ। ਕੀ ਪਤੈ, ਫੇਰ ਆਖ਼ਰੀ ਮੇਲਾ ਹੋਵੇ ਨਾ ਹੋਵੇ।ਸਾਡਾ ਹੌਜ਼ ਖ਼ਾਸ ਦੇ ਕਿਆਮ ਦਾ ਪ੍ਰੋਗਰਾਮ ਨੇਪਰੇ ਨਹੀਂ ਸੀ ਚੜ੍ਹਿਆ। ਅਸੀਂ ਆਪੋ ਆਪਣੇ ਘਰਾਂ ਵਿਚ ਰੁੱਝੇ ਹੋਏ ਸਾਂ।ਇਹ ਗੱਲ ਵੀਹ ਕੁ ਸਾਲ ਪੁਰਾਣੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਬਿਮਾਰੀ ਦੀ ਗਿਣਤੀ ਹੌਲੀ ਹੌਲੀ ਵਧਦੀ ਰਹੀ ਸੀ। ਘੁਣ ਸਰੀਰ ਨੂੰ ਖਾਂਦਾ ਰਿਹਾ ਸੀ। ਉਸ ਘੁਣ ਨੂੰ ਬਰਦਾਸ਼ਤ ਕਰਨ ਦੀ ਪੀੜ ਅੰਮ੍ਰਿਤਾ ਦੇ ਚਿਹਰੇ ਉੱਤੇ ਵੀ ਸਾਫ਼ ਦਿਸਣ ਲੱਗ ਪਈ ਸੀ।ਮੈਂ ਅੰਮ੍ਰਿਤਾ ਪ੍ਰੀਤਮ ਨੂੰ ਆਪਣੀਆਂ ਲੱਤਾਂ ਆਪ ਘੁੱਟਦਿਆਂ ਵੀ ਵੇਖਿਆ ਸੀ ਤੇ ਗੋਡਿਆਂ ਉੱਤੇ ਦਵਾਈ ਦਾ ਲੇਪ ਕਰਦਿਆਂ ਵੀ।ਉਹਦੇ ਪੈਂਡੇ ਦੇ ਰਾਹ ਵਿਚ ਭੱਖੜਾ ਸੀ ਤੇ ਉਹ ਨੰਗੇ ਪੈਰੀਂ ਸੀ। ਨਿੱਕੀਆਂ, ਵੱਡੀਆਂ ਘਟਨਾਵਾਂ ਉਹਨੂੰ ਅਗਲਵਾਂਢੀ ਹੋ ਕੇ ਮਿਲਦੀਆਂ ਰਹੀਆਂ ਸਨ। ਜ਼ਿੰਦਗੀ ਦੇ ਇਹੋ ਜਿਹੇ ਵਰਤਾਰੇ ਦਾ ਸੰਬੰਧ ਉਹਦੀ ਸਿਹਤ ਨਾਲ ਵੀ ਸੀ।ਹਿੰਦੀ ਦੀ ਨਾਵਲਕਾਰਾ ਕ੍ਰਿਸ਼ਨਾ ਸੋਬਤੀ ਨੇ ਇਕ ਸ਼ਬਦ ‘ਜ਼ਿੰਦਗੀਨਾਮਾ’ ਦੀ ਮਲਕੀਅਤ ਦਾ ਮੁਕੱਦਮਾ ਅੰਮ੍ਰਿਤਾ ਪ੍ਰੀਤਮ ਉੱਤੇ ਕੀਤਾ ਹੋਇਆ ਸੀ। ਉਹ ਆਖਦੀ ਸੀ, ਜ਼ਿੰਦਗੀਨਾਮਾ ਉਸਦਾ ਘੜਿਆ ਹੋਇਆ ਸ਼ਬਦ ਸੀ। ਜ਼ਿੰਦਗੀਨਾਮਾ ਉਸਦੇ ਨਾਵਲ ਦਾ ਨਾਂ ਵੀ ਸੀ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਇਕ ਨਾਵਲ ਦਾ ਨਾਂ ‘ਹਰਦੱਤ ਦਾ ਜ਼ਿੰਦਗੀਨਾਮਾ’ ਰੱਖ ਲਿਆ ਤਾਂ ਸ਼ਬਦ ਦੇ ਹੱਕ-ਹਕੂਕ ਦਾ ਮੁਕੱਦਮਾ ਛਿੜ ਪਿਆ।ਸ਼ਬਦ ਤਾਂ ਲੋਕਾਂ ਦੇ ਹੁੰਦੇ ਨੇ, ਭਾਵੇਂ ਕੋਈ ਵੀ ਵਰਤ ਲਵੇ। ਇਸ ਮੁਕੱਦਮੇ ਦੀ ਕਦੀ ਸਮਝ ਨਹੀਂ ਸੀ ਲੱਗੀ।

-0-

12 ਅਗਸਤ 1991 ਦੀ ਤਾਰੀਖ਼ ਵਾਲੀ ਅੰਮ੍ਰਿਤਾ ਦੀ ਇਕ ਚਿੱਠੀ ਮੈਨੂੰ ਮਿਲੀ ‘‘ਮੇਰੀ ਤਬੀਅਤ ਬਹੁਤ ਚੰਗੀ ਨਹੀਂ, ਉਂਜ ਸੰਭਲੀ ਹੋਈ ਹੈ, ਜੇ ਸਟ੍ਰੇਨ ਨਾ ਪਵੇ ਤਾਂ। ਹੁਣ ਤੇਰਾਂ ਸਤੰਬਰ ਨੂੰ ਤਾਰੀਖ਼ ਹੈ, ਮੇਰੇ ‘ਇਤਿਹਾਸਕ ਮੁਕੱਦਮੇ’ ਦੀ। ਅਪਰੈਲ ਦਾ ਮਹੀਨਾ ਵੀ ਪਹਿਲੀ ਤੋਂ ਲੈ ਕੇ ਪੰਦਰਾਂ ਤਕ ਉਸੇ ਦੇ ਲੇਖੇ ਸੀ। ਫੇਰ ਜੁਲਾਈ ਵਿਚ ਤਾਰੀਖ਼ ਲੱਗੀ ਸੀ।‘‘ਅੱਖਰਾਂ ਦੇ ਉਹ ਡੰਗ ਪਤਾ ਨਹੀਂ ਕਦੋਂ ਤਕ ਭੁਗਤਣੇ ਹਨ।”ਮੁਕੱਦਮਾ, ਜੋ ਸਾਲਾਂ ਤੋਂ ਚੱਲ ਰਿਹਾ ਸੀ, ਅੰਮ੍ਰਿਤਾ ਮੋਈ ਤਾਂ ਉਹ ਵੀ ਮੁੱਕ ਗਿਆ।

-0-

ਅੰਮ੍ਰਿਤਾ ਹਮੇਸ਼ਾ ਤੋਂ ਸੁਹਣੀ ਸੀ। ਉਹਦਾ ਦਿਲ ਵੀ ਇਹੋ ਕਰਦਾ ਸੀ ਕਿ ਸੁਹਣੀ ਸੁਹਣੀ ਹੀ ਦਿਸੇ। ਉਹ ਗੱਲਾਂ ਕਰਦੀ ਸੀ ਤਾਂ ਇਹ ਕ੍ਰਿਸ਼ਮਾ ਵਾਪਰ ਜਾਂਦਾ ਸੀ। ਉਹ ਹਾਣ-ਪਰਵਾਣ ਹੋ ਜਾਂਦੀ ਸੀ। ਉਹਦੀ ਉਮਰ ਕਿਧਰੇ ਪਰ੍ਹਾਂ ਰਹਿ ਜਾਂਦੀ ਸੀ।

ਬਸ, ਸਿਰਫ਼ ਇਕ ਵਾਰ ਇਸ ਤਰ੍ਹਾਂ ਨਹੀਂ ਸੀ ਹੋ ਸਕਿਆ।

ਮੈਂ ਉਦੋਂ ਮੁੱਦਤ ਬਾਅਦ ਦਿੱਲੀ ਗਿਆ ਸਾਂ। ਅੰਮ੍ਰਿਤਾ ਨੂੰ ਮਿਲੇ ਬਿਨਾਂ ਪਰਤ ਆਉਣਾ ਤਾਂ ਵਾਜਬ ਨਹੀਂ ਸੀ।

ਇਮਰੋਜ਼ ਨੇ ਆਖਿਆ, ‘‘ਜਸਬੀਰ! ਤੂੰ ਅੰਮ੍ਰਿਤਾ ਨੂੰ ਨਾ ਮਿਲ।”

ਮੈਂ ਬਜ਼ਿਦ ਸਾਂ, ਫੇਰ ਪਤਾ ਨਹੀਂ ਮੈਂ ਦੀਦੀ ਨੂੰ ਕਦੋਂ ਮਿਲਾਂ। ਅੱਜ ਤੋਂ ਪਿੱਛੋਂ ਕਦੀ ਮਿਲ ਵੀ ਸਕਣਾ ਸੀ ਕਿ ਨਹੀਂ, ਮੈਨੂੰ ਕੁਝ ਪਤਾ ਨਹੀਂ ਸੀ।

ਇਮਰੋਜ਼ ਅੰਦਰ ਚਲਿਆ ਗਿਆ। ਅੰਮ੍ਰਿਤਾ ਨੇ ਉਹਦੇ ਹੱਥ ਸੁਨੇਹਾ ਭੇਜਿਆ, ‘‘ਜਸਬੀਰ ਨੂੰ ਕਹੋ, ਬਸ ਦੋ ਮਿੰਟ ਲਈ ਆ ਜਾਵੇ।”

ਮੈਂ ਅੰਦਰ ਗਿਆ ਤਾਂ ਮੇਰਾ ਤ੍ਰੌਹ ਨਿਕਲ ਗਿਆ।

ਮੇਰੀ ਨਜ਼ਰ ਸਾਹਵੇਂ ਹੱਡੀਆਂ ਦੀ ਮੁੱਠ ਕੁ ਭਰ ਅੰਮ੍ਰਿਤਾ ਉੱਚੇ ਸਿਰਹਾਣੇ ਉੱਤੇ ਬੈਠੀ ਹੋਈ ਸੀ, ਥੱਕੀ ਥੱਕੀ, ਟੁੱਟੀ ਟੁੱਟੀ। ਹੁਣੇ ਉਹਨੂੰ ਦੋ ਜਣੇ ਚੁੱਕ ਕੇ ਬਾਥਰੂਮ ਲੈ ਕੇ ਗਏ ਸਨ। ਗੁਸਲਖ਼ਾਨੇ ਵਿਚੋਂ ਬਾਹਰ ਆਉਣ ਤਕ ਉਹ ਬਹੁਤ ਹਫ਼ ਗਈ ਸੀ। ਮੁੜ੍ਹਕੋ ਮੁੜ੍ਹਕੀ ਹੋ ਗਈ ਸੀ। ਬਸ ਫੇਰ ਵੀ ਚਾਦਰ ਦੀ ਬੁੱਕਲ ਮਾਰ ਲਈ ਸੀ।

ਮੈਨੂੰ ਵੇਖ ਕੇ ਉਹਦੇ ਕੋਲੋਂ ਮੁਸਕਰਾਇਆ ਨਹੀਂ ਸੀ ਗਿਆ।

ਮੈਨੂੰ ਕਿਸੇ ਨੇ ਅੰਦਰੋਂ ਦੱਸਿਆ, ਮੈਂ ਅੰਮ੍ਰਿਤਾ ਨੂੰ ਆਖ਼ਰੀ ਵਾਰ ਮਿਲ ਰਿਹਾ ਸਾਂ। ਮੇਰਾ ਮਨ ਭਰ ਆਇਆ।

ਮੈਂ ਉਥੇ ਬੈਠ ਨਹੀਂ ਸਾਂ ਸਕਿਆ। ਮੇਰੇ ਕੋਲੋਂ ਕੋਈ ਗੱਲ ਵੀ ਸਾਂਝੀ ਨਹੀਂ ਸੀ ਹੋਈ। ਸੋਚਦਾ ਹਾਂ, ਆਖ਼ਰੀ ਵਾਰ ਤਾਂ ਦੀਦੀ ਨਾਲ ਕੁਝ ਗੱਲਾਂ ਕਰ ਲੈਂਦਾ।

ਮੈਂ ਭਰੀਆਂ ਅੱਖਾਂ ਲੁਕਾ ਕੇ ਬਾਹਰ ਆ ਗਿਆ ਸਾਂ

ਦਿੱਲੀ ਤੋਂ ਵਾਪਸ ਮੁਹਾਲੀ ਪਹੁੰਚ ਕੇ ਵੀ ਮੈਂ ਕਈ ਦਿਨ ਉਦਾਸ ਰਿਹਾ ਸਾਂ।

ਇਕ ਦਿਨ ਮੈਂ ਅੰਮ੍ਰਿਤਾ ਪ੍ਰੀਤਮ ਦੀ ਸਾਂਭ ਕੇ ਰੱਖੀ ਹੋਈ ਇਕ ਪੁਰਾਣੀ ਤਸਵੀਰ ਬਾਹਰ ਕੱਢ ਲਈ। ਉਹ ਤਸਵੀਰ ਮੈਨੂੰ ਇਕ ਵਾਰ ਇਮਰੋਜ਼ ਨੇ ਦਿੱਤੀ ਸੀ।

ਤਸਵੀਰ ਫਰੇਮ ਕਰਵਾ ਕੇ ਮੈਂ ਆਪਣੇ ਲਿਖਣ-ਪੜ੍ਹਨ ਵਾਲੇ ਕਮਰੇ ਵਿਚ ਲਟਕਾ ਲਈ।

ਮੈਂ ਚਾਹੁੰਦਾ ਸਾਂ, ਉਸ ਤਸਵੀਰ ਵਰਗੀ ਅੰਮ੍ਰਿਤਾ ਮੇਰੇ ਚੇਤੇ ਵਿਚ ਰਹੇ।

-0-

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ

Comments

Leave a Reply


Posted

in

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com