ਮਹਾਂਯਾਤਰਾ ਬਾਰੇ ਗੁਰਬਚਨ ਦੀ ਲਿਖੀ ਇਹ ਛੋਟੀ ਜਿਹੀ ਜਾਣ-ਪਛਾਣ ਕਿਤਾਬ ਲਿਖਣ ਦੇ ਮਕਸਦ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਇਸ ਬਾਰੇ ਉਤਸੁਕਤਾ ਪੈਦਾ ਕਰਦੀ ਹੈ। ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਇਸ ਭੂਮਿਕਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ‘ ਏਨਾ ਮੁਡਿਆਂ ਜਲਦੀ ਮਰ ਜਾਣਾ ‘ ਦੀ ਅਗਲੀ ਕੜੀ ਵਜੋਂ ‘ ਮਹਾਂਯਾਤਰਾ ‘ ਦੇ ਮਹਾਂ-ਸੰਸਾਰ ਨੂੰ ਜਾਣਨ ਦੀ ਮੈਨੂੰ ਵੀ ਬੜੀ ਉਤਸੁਕਤਾ ਹੈ। ਵੈਸੇ ‘ਫਿਲਹਾਲ’ ਵਿੱਚ ਕਾਫੀ ਕੁਝ ਪਹਿਲਾਂ ਵੀ ਪੜ੍ਹਿਆ ਹੈ। -ਸੁਖਪਾਲ ਥਿੰਦ
ਸਵੈ ਕਥਨ । ਪੁਸਤਕ ਮਹਾਂਯਾਤਰਾ ਬਾਰੇ । ਗੁਰਬਚਨ
Publish Date:
Updated Date:
Share:
ਅੱਖਰ ਵੱਡੇ ਕਰੋ–+=
ਕਿਤਾਬ ਮਹਾਂਯਾਤਰਾ ਪਿਛਲੇ ਤੀਹ ਸਾਲਾਂ ਚ ਕੀਤੀਆਂ ਮੇਰੀਆਂ ਬਦੇਸ਼ੀ ਲਟੋਰੀਆਂ ਦੀ ਉਪਜ ਹੈ।
ਜੂਨ 1984 ਦੇ ਸ਼ੁਰੂ ਵਿਚ ਮੈਂ ਪਹਿਲੀ ਵੇਰ ਇੰਡੀਆ ਤੋਂ ਬਾਹਰ ਗਿਆ – ਇੰਗਲੈਂਡ। ਉਦੋਂ ਅੰਮਿ੍ਤਸਰ ਚ ਅਪਰੇਸ਼ਨ ਬਲੂ ਸਟਾਰ ਵਾਪਰਿਆ ਸੀ। ਸਾਊਥਾਲ ਤੇ ਹੋਰ ਥਾਵਾਂ ਚ, ਜਿੱਥੇ ਆਪਣੇ ਬੰਦੇ ਵਾਸਾ ਕਰਦੇ ਹਨ, ਇਸ ਘਲੂਘਾਰੇ ਵਰੁੱਧ ਆਕਾਸ਼ੀ ਤਰਜ਼ ਦਾ ਆਕ੍ਰੋਸ਼ ਦੇਖਿਆ, ਜਿਵੇਂ ਉਨਾਂ ਦੀ ਕੁੱਲ ਹਯਾਤੀ ਉਲਟ ਪੁਲਟ ਹੋ ਗਈ ਹੋਵੇ। ਉਨਾਂ ਦੀਆਂ ਜ਼ਿਹਨੀ ਤਾਕੀਆਂ ਵਿਚ ਬਹੁਤ ਕੁਝ ਦੱਬਿਆ ਪਿਆ ਸੀ। ਚੁੱਪ ਦੀ ਭਾਸ਼ਾ ਰਾਹੀਂ ਪਰਾਈ ਧਰਤੀ ਨਾਲ ਜੋ ਸਮਝੋਤਾ ਇਹ ਬੰਦਾ ਕਰੀ ਬੈਠਾ ਸੀ, ਉਹ ਸੰਧੀ ਟੁੱਟ ਗਈ।
ਅਜਿਹੇ ਪ੍ਰਤਿਕਰਮ ਨੂੰ ਵਲਾਇਤੀ ਪੰਜਾਬ ਦੀਆਂ ਖੱਬੀਆਂ ਧਿਰਾਂ ਦੀ ਮਕਾਨਕੀ ਸੋਚ ਨੇ ਸਵੀਕਾਰ ਨਾ ਕੀਤਾ। ਉਹ ਪੰਜਾਬੀ ਬੰਦੇ ਦੇ ਸਭਿਆਚਾਰਕ/ਇਤਹਾਸਕ ਅਵਚੇਤਨ ਨੂੰ ਸਮਝਣ ਤੋਂ ਇਨਕਾਰੀ ਸਨ। ਉਨਾਂ ਨੂੰ ਆਪਣੀ ਪ੍ਰਤਿਬਧਤਾ ਦਾ ਇਜ਼ਹਾਰ ਕਰਨ ਦਾ ਮੌਕਾ ਮਿਲ ਗਿਆ। ਸਾਊਥਾਲ ਅਤੇ ਹੋਰ ਅਜਿਹੀਆਂ ਥਾਵਾਂ ਚ ਤਨਾਤਨੀ ਦਾ ਮਾਹੌਲ ਪੈਦਾ ਹੋ ਗਿਆ। ਇਹ ਦਿ੍ਰਸ਼ਪਟ ਮੇਰੇ ਜ਼ਿਹਨ ਅੰਦਰ ਫਰੀਜ਼ ਹੋ ਗਿਆ।
ਉਦੋਂ ਮੇਰੀ ਤਾਂਘ ਪੰਜਾਬੀ ਭਾਈਬੰਦਾਂ ਤੋਂ ਪਾਰ ਦੇ ਸੰਸਾਰ ਨੂੰ ਦੇਖਣ ਦੀ ਵੀ ਸੀ। ਪੈਰਿਸ ਜਾਣ ਦਾ ਸਬੱਬ ਪੈਦਾ ਹੋਇਆ। ਉੱਥੇ ਦਸ ਦਿਨ ਰਿਹਾ। ਇਕ ਦਹਾਕੇ ਬਾਅਦ ਪੈਰਿਸ ਅਤੇ ਫਰਾਂਸ ਦੇ ਹੋਰ ਸ਼ਹਿਰਾਂ ਚ ਲਟੋਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਅਜੇ ਤੱਕ ਜਾਰੀ ਹੈ।
ਕਿਤਾਬ ਦੇ ਪਹਿਲੇ ਹਿੱਸੇ ਦੇ ਲੇਖ ਪੈਰਿਸ ਦੇ ਅਨੁਭਵਾਂ ਬਾਰੇ ਹਨ।
1995 ਵਿਚ ਮੈਂ ਚਾਰ ਮਹੀਨੇ ਤੱਕ ਯੌਰਪ, ਕੈਨੇਡਾ, ਅਮਰੀਕਾ ਘੁੰਮਦਾ ਰਿਹਾ। ਉਸ ਲੰਮੀ ਘੁਮੱਕੜੀ ਤੋਂ ਬਾਅਦ ਕਈ ਵੇਰ (1999. 2003. 2008, 2012) ਅਮਰੀਕਾ/ਕੈਨੇਡਾ ਗਿਆ। ਹਰ ਵੇਰ ਉੱਤਰੀ ਅਮਰੀਕਾ ਦੇ ਪੂਰਵੀ ਤੱਟ (ਨਿਊਯੌਰਕ/ਟਰਾਂਟੋ) ਤੋਂ ਪੱਛਮੀ ਤੱਟ (ਕੈਲਿਫੋਰਨੀਆ/ਵੈਨਕੂਵਰ) ਤੱਕ ਦਾ ਗੇੜਾ ਲਗਾਇਆ। ਅਮਰੀਕਾ ਦੇ ਵਾਸ਼ਿੰਗਟਨ, ਬਾਲਟੀਮੋਰ, ਸ਼ਿਕਾਗੋ, ਮਿਲਵਾਕੀ, ਕੈਲਿਫੋਰਨੀਆ ਅਤੇ ਕੈਨੇਡਾ ਦੇ ਕੈਲਗਰੀ, ਅਡਮੰਟਨ, ਵਿੱਨੀਪੈਗ, ਕੈਮਲੂਪਸ, ਮੋਂਟ੍ਰੀਆਲ, ਆਟਵਾ ਸ਼ਹਿਰਾਂ ਚ ਘੁੰਮਿਆ – ਅਕਸਰ ਗ੍ਰੇਅਹਾਊਂਡ ਕੋਚ ਰਾਹੀਂ, ਕਦੇ ਕਦਾਈਂ ਹਵਾਈ ਜਹਾਜ਼, ਕਾਰ ਜਾਂ ਰੇਲ ਗੱਡੀ ਰਾਹੀਂ। ਇਕ ਵੇਰ ਕੈਲਿਫੋਰਨੀਆ ਤੋਂ ਟਰਾਂਟੋ ਤੱਕ 18-ਪਹੀਏ ਟਰੱਕ ਰਾਹੀਂ ਸਫ਼ਰ ਕੀਤਾ, ਪੂਰੇ ਢਾਈ ਦਿਨ ਟਰੱਕ ਅਮਰੀਕਾ ਦੀਆਂ ਸੜਕਾਂ ਗਾਹੁੰਦਾ ਰਿਹਾ ਤੇ ਮੈਂ ਡਰਾਈਵਰ ਕੈਬਿਨ ਚ ਚਾਲਕ ਨਾਲ ਬੈਠਾ ਬਾਹਰ ਦਾ ਨਜ਼ਾਰਾ ਦੇਖਦਾ ਰਿਹਾ।
ਇਨਾਂ ਲਟੋਰੀਆਂ ਨੂੰ ਮੈਂ ਬਿਨਾਂ ਰੁਕਾਵਟ ਦੇ ਦਿਨ ਵਰਕੀ ਵਿਚ ਦਰਜ ਕਰਦਾ ਰਿਹਾ।
ਵੱਡੀ ਬੇਟੀ ਜਾਪਾਨ ਪੜਣ ਗਈ, ਟੋਕੀਓ ਵਿਚ ਸੈਟਲ ਹੋ ਗਈ। ਮੈਂ ਜਾਪਾਨ ਜਾਣ ਲੱਗਾ। ਓਸਾਕਾ ਵਿਚ ਹਾਇਕੂਕਾਰ ਪਰਮਿੰਦਰ ਸੋਢੀ ਰਹਿੰਦਾ ਸੀ, ਉਹਨੂੰ ਜਾ ਮਿਲਦਾ। ਉਹਦੇ ਨਾਲ ਹੀਰੋਸ਼ੀਮਾ ਗਿਆ। ਟੋਕੀਓ ਤੋਂ ਉੱਡ ਅਮਰੀਕਾ ਦੇ ਲਾੱਸ ਐਂਜਲਸ ਜਾਂ ਸਾਨ ਫ੍ਰਾਂਸਿਸਕੋ ਜਾ ਪੁੱਜਦਾ।
ਛੋਟੀ ਬੇਟੀ ਫਰਾਂਸ ਦੀ ਲਿਓਂ ਯੂਨੀਵਰਸਟੀ ਵਿਚ ਉੱਚ ਵਿਦਿਆ ਪ੍ਰਾਪਤ ਕਰਨ ਗਈ। ਉੱਥੇ ਵਿਆਹ ਕੀਤਾ ਤੇ ਪੈਰਿਸ ਲਾਗੇ ਰਹਿਣ ਲੱਗੀ। ਮੇਰੇ ਲਈ ਪੈਰਿਸ, ਤੇ ਉੱਥੋਂ ਯੌਰਪ ਤੇ ਕੈਨੇਡਾ/ਅਮਰੀਕਾ ਜਾਣਾ, ਆਮ ਜਿਹੀ ਗੱਲ ਹੋ ਗਈ। ਪੈਰਿਸ ਤੋਂ ਹੀ ਇਟਲੀ, ਹੌਲੈਂਡ ਤੇ ਜਰਮਨੀ ਗਿਆ।
ਕੈਨੇਡਾ/ਅਮਰੀਕਾ ਦੀਆਂ ਲਟੋਰੀਆਂ ਦੀ ਮੁਹਾਣ, ਇੰਗਲੈਂਡ ਦੇ ਗੇੜਿਆਂ ਵਾਂਗ, ਜ਼ਿਆਦਾਤਰ ਪੰਜਾਬੀ ਬੰਦੇ ਤੱਕ ਸੀਮਤ ਰਹੀ। ਪੱਛਮੀ ਮੁਲਕਾਂ ਵਿਚ ਪੰਜਾਬੀ ਲੇਖਕ ਚੋਖੀ ਗਿਣਤੀ ਵਿਚ ਵਾਸਾ ਕਰਦੇ ਹਨ। ਉਨਾਂ ਰਾਹੀਂ ਮੈਂ ਹੋਰਾਂ ਨੂੰ ਮਿਲਦਾ। ਉਨਾਂ ਦੇ ਜੀਵਨ ਨੂੰ ਗਹਿਰਾਈ ਨਾਲ ਦੇਖਦਾ/ਸਮਝਦਾ।
ਕਈ ਸੁਆਲ ਪੈਦਾ ਹੋਣ ਲੱਗੇ : ਨਵੇਂ ਆਰਥਿਕ ਪ੍ਰਸੰਗਾਂ ਵਿਚ ਪਰਵਾਸੀ ਪੰਜਾਬੀ ਦੇ ਜੀਵਨ ਵਿਚ ਕਿਸ ਤਰਾਂ ਦੀ ਤਬਦੀਲੀ ਆਉਂਦੀ ਹੈ? ਪ੍ਰਵਾਰਿਕ ਜੀਵਨ ਵਿਚ ਕਿਹੜੇ ਤੱਣਾਅ ਪੈਦਾ ਹੁੰਦੇ ਹਨ? ਇਨਾਂ ਤੱਣਾਵਾਂ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ? ਸੁਲਝਾਇਆ ਜਾਂਦਾ ਵੀ ਹੈ ਜਾਂ ਨਹੀਂ? ਪੰਜਾਬ ਤੋਂ ਏਨੀ ਦੂਰ ਰਹਿ ਕੇ ਪੰਜਾਬੀ ਬੰਦੇ ਨੇ ਆਪਣੀ ਸਭਿਆਚਾਰਕਤਾ ਨੂੰ ਬਚਾਉਣ ਦੇ ਜੋ ਯਤਨ ਕੀਤੇ ਹਨ ਉਸ ਦਾ ਸੁਭਾਅ ਕੀ ਹੈ?
ਪੰਜਾਬੀ ਪਰਵਾਸ ਜ਼ਿਆਦਾਤਰ ਭੋਇੰਮੁਖ ਬੰਦੇ ਤੇ ਕੇਂਦਿ੍ਰ੍ਰਤ ਰਿਹਾ ਹੈ। ਪਿਛਾਂਹ ਪਿੰਡ ਦੀ ਥਿਰਤਾ ਤੋਂ ਪੱਛਮ ਦੀ ਗਤੀਮਾਨ ਆਧੁਨਿਕਤਾ ਵਲ ਦੇ ਸਫ਼ਰ ਨੇ ਪੇਚੀਦਗੀਆਂ ਪੈਦਾ ਕਰਨੀਆਂ ਹੀ ਸਨ। ਮੈਂ ਦੇਖਦਾ ਕਿ ਇਸ ਬੰਦੇ ਲਈ ਪੱਛਮ ਦੀ ਵਿਰਾਟ ਸਮਾਜਿਕਤਾ/ਸਭਿਆਚਾਰਕਤਾ ਨਾਲ ਅੰਤਰ-ਨਾਤੇ ਵਿਚ ਬੱਝਣਾ ਲਗਪਗ ਅਸੰਭਵ ਹੈ।
ਅਜਿਹੇ ਸੁਆਲਾਂ ਦੇ ਹਵਾਲੇ ਨਾਲ ਕਿੰਨਾ ਕੁਝ ਚਿਤ ਚੇਤਨ ਵਿਚ ਉਗਮਦਾ। ਅਨਿਕ ਗੱਲਾਂ ਡਾਇਰੀ ਵਿਚ ਦਰਜ ਹੋਈ ਜਾਂਦੀਆਂ। ਥਿਤ, ਵਾਰ ਤੇ ਸੰਨ ਸਮੇਤ। ਕੱਚੀ ਸਕਿ੍ਰਪਟ ਮੇਰੇ ਜ਼ਿਹਨ ਵਿਚ ਤਿਆਰ ਹੋਈ ਜਾਂਦੀ। ਯਾਦ ਤਰੋਤਾਜ਼ਾ ਰਹਿੰਦੀ। ਬਾਅਦ ਵਿਚ ਲਿਖਣ ਲੱਗਿਆਂ ਦਿੱਕਤ ਨਾ ਆਉਂਦੀ। ਜੂਨ ੧੯੮੪ ਦੌਰਾਨ ਵਾਪਰੀਆਂ ਕਈ ਘਟਨਾਵਾਂ ਨੂੰ ਮੈਂ ਢਾਈ ਦਹਾਕੇ ਬਾਅਦ ਅੰਕਿਆ।
ਗੱਲ ਸਮਝਣ ਵਾਲੀ ਇਹ ਹੈ ਕਿ ਪੰਜਾਬ ਦਾ ਭੋਇੰਮੁਖ ਬੰਦਾ ਸਵੈ-ਅਭਿਮਾਨੀ ਹੁੰਦਾ ਹੈ। ਇਹ ਬਿਰਤੀ ਉਹਦੀ ਇਤਿਹਾਸ ਨਾਲ ਆਢਾ ਲੈਣ ਕਰਕੇ ਪਲਮਦੀ ਰਹੀ ਹੈ। ਸਿੱਖ ਲਹਿਰ ਨੇ ਇਸ ਬਿਰਤੀ ਨੂੰ ਅਪਾਰਤਾ ਦੀ ਪੱਧਰ ਤੱਕ ਤਾਕਤ ਦਿੱਤੀ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਇਹੀ ਬੰਦਾ ਪੱਛਮੀ ਮੁਲਕਾਂ ਚ ਆਰਥਿਕ ਸ਼ਰਣਾਰਥੀ ਬਣ ਕੇ ਗਿਆ ਤਾਂ ਇਹਦੀ ਅੜੀ ਆਪਣਾ ਭਰਪੂਰ ਸੰਸਾਰ ਸਿਰਜਣ ਦੀ ਸੀ। ਉੱਥੇ ਇਹਦੀਆਂ ਰਗ਼ਾਂ ਵਿਚ ਸਵੈ-ਸਿਰਜਤ ਹੋਣ ਦਾ ਲਹੂ ਗਰਦਸ਼ ਕਰ ਰਿਹਾ ਸੀ। ਇਹਦੀ ਭਰਪੂਰ/ਸੁਤੰਤਰ ਰਹਿਣ ਦੀ ਲਿਲਕ ਨੂੰ ਪਸਤ ਨਹੀਂ ਸੀ ਕੀਤਾ ਜਾ ਸਕਦਾ। ਬਦੇਸ਼ ਜਾਣਾ ਹੀ ਆਰਥਿਕ ਸੁਤੰਤਰਤਾ ਲਈ ਤਾਂਘ ਦੀ ਉਪਜ ਸੀ। ਨਿਮਨ ਆਰਥਿਕ ਦਰਜਾ ਪਰਵਾਨ ਨਹੀਂ ਸੀ। ਭਰਪੂਰ ਜਿਉਣ ਦੀ ਉਮੰਗ ਦਾ ਮਤਲਬ ਹੀ ਇਨਸਾਫ਼, ਅਣਖ, ਬਰਾਬਰੀ ਦੀ ਤਲਬ ਸੀ। ਗ਼ਦਰ ਲਹਿਰ ਦਾ ਪੈਦਾ ਹੋਣਾ ਤੇ ਦਹਾਕਿਆਂ ਬਾਅਦ ਅਪ੍ਰੇਸ਼ਨ ਬਲੂ ਸਟਾਰ ਵਿਰੁੱਧ ਅਗੰਮੀ ਤਰਜ਼ ਦਾ ਰੋਹ ਜੋ ਦੇਖਣ ਨੂੰ ਮਿਲਦਾ ਹੈ ਉਹਨੂੰ ਇਸ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ। ਭੋਇੰਮੁਖ ਪੰਜਾਬੀ ਬੰਦਾ ਸਵੈ-ਅਭਿਮਾਨ ਦੀ ਖਾਤਰ ਜਾਨ ਕੁਰਬਾਨ ਕਰ ਸਕਦਾ ਹੈ। ਬਦੇਸ਼ਾਂ ਵਿਚ ਇਸ ਨੇ ਜਾਨ ਮਾਰ ਕੇ ਮਿਹਨਤ ਕੀਤੀ ਕਿ ਭਰਪੂਰ ਜਿਊਣ ਦੀ ਉਮੰਗ ਪੂਰੀ ਹੋ ਸਕੇ।
ਇਸ ਬੰਦੇ ਨੇ ਹਰ ਜਗਾ ਇਸ ਪਾਸੇ ਪੁਲਾਂਘ ਪੁੱਟੀ ਹੈ। ਅਮਰੀਕਾ/ਕੈਨੇਡਾ ਵਿਚ ਕਈ ਖਿੱਤੇ ਅਜਿਹੇ ਹਨ ਜਿੱਥੇ ਇਸ ਬੰਦੇ ਦੀ ਪੂਰੀ ਚੜਤ ਹੈ। ਕੈਲਿਫੋਰਨੀਆ ਦੇ ਯੂਬਾ ਸਿਟੀ, ਕੈਨੇਡਾ ਦੇ ਸਰੀ ਤੇ ਬਰੈਂਪਟਨ ਉਪ-ਨਗਰਾਂ ਉੱਤੇ ਇਹਦਾ ਕਬਜ਼ਾ ਮੁਕੰਮਲ ਹੋਣ ਵਲ ਵਧ ਰਿਹਾ। ਇਹ ਪਿਛਾਂਹ ਬਾਰੇ ਗੱਲ ਤਾਂ ਕਰਦਾ ਹੈ ਪਰ ਪਿਛਾਂਹ ਮੁੜਨ ਲਈ ਤਿਆਰ ਨਹੀਂ। ਇਹਨੇ ਹੁਣ ਪੰਜਾਬ ਤੋਂ ਕੀ ਲੈਣਾਂ?
ਪਰ ਗੱਲ ਐਥੇ ਖਤਮ ਨਹੀਂ ਹੁੰਦੀ। ਇਸ ਬੰਦੇ ਨੇ ਆਰਥਿਕ ਬੁਲੰਦੀ ਤਾਂ ਹਾਸਲ ਕਰ ਲਈ, ਪਰ ਸਮਾਜਿਕ/ਸਭਿਆਚਾਰਕ ਤੌਰ ਤੇ ਸੰਤੁਲਿਤ ਜੀਵਨ ਦੀ ਇਹਦੀ ਜੱਦੋਜਹਿਦ ਜਾਰੀ ਹੈ। ਆਪਣੀ ਬੌਧਿਕ/ਭਾਵੁਕ ਸੀਮਾ ਨੂੰ ਫਤਿਹ ਕਰਨਾ ਅਜੇ ਇਹਦੇ ਲਈ ਬਾਕੀ ਹੈ। ਪੱਛਮੀ ਬੰਦੇ ਨਾਲ ਅੰਤਰ-ਨਾਤੇ ਵਿਚ ਇਹਨੇ ਅਜੇ ਬੱਝਣਾ ਹੈ। ਕੁੱਲ ਮਿਲਾ ਕੇ, ਇਹਦਾ ਸੰਘਰਸ਼ ਜਾਰੀ ਹੈ।
ਇਹਦੀ ਯਾਤਰਾ ਗ਼ੈਰ-ਮਾਮੂਲੀ ਤਰਜ਼ ਦੀ ਹੈ : ਮਹਾਂਯਾਤਰਾ।
ਇਹ ਕਿਤਾਬ ਰਵਾਇਤੀ ਤਰਜ਼ ਦਾ ਸਫ਼ਰਨਾਮਾ ਨਹੀਂ। ਰਵਾਇਤ/ਸਥਾਪਤੀ ਦਾ ਮਤਲਬ ਖੜੋਤ ਹੈ। ਰਚਨਾਕਾਰੀ ਖੜੋਤ ਦੀ ਤੋੜਕ ਹੁੰਦੀ ਹੈ, ਵਰਨਾ ਲਿਖਣਾ ਘਿਸ ਕਾਰਜ ਹੈ। ਮੇਰੀ ਸੋਚ, ਬਣਤ ਤੇ ਸੁਭਾਅ ਸਥਾਪਨਾ ਦੇ ਵਿਰੁੱਧ ਖੜਦੇ ਹਨ। ਮੇਰੀ ਨਸਰ ਦੀ ਪ੍ਰਕਿ੍ਰਤੀ ਵੀ ਅਜਿਹੀ ਹੈ। ਮੈਨੂੰ ਉਸ ਕੁਝ ਦੀ ਤਲਾਸ਼ ਰਹਿੰਦੀ ਹੈ ਜੋ ਅਦਿਸ ਹੈ, ਜੋ ਗਾਹਿਆ ਨਹੀਂ ਗਿਆ। ਇਸ ਨੁਕਤੇ ਤੋਂ ਮੇਰੀ ਕਿਤਾਬ ਏਨਾਂ ਮੁੰਡਿਆਂ ਜਲਦੀ ਮਰ ਜਾਣਾ 2003 ਵਿਚ ਹੋਂਦ ਵਿਚ ਆਈ। ਮਹਾਂਯਾਤਰਾ ਅਜਿਹੇ ਯਤਨ ਦੀ ਦੂਜੀ ਕੜੀ ਹੈ।
ਇਸ ਕਿਤਾਬ ਵਿਚ ਮੌਜੂਦ ਬਹੁਤੇ ਵਿਅਕਤੀ ਅਸਲੀ ਹਨ। ਅਸਲੀ ਹੋਣ ਦੇ ਬਾਵਜੂਦ ਉਹ ਉਸ ਤਰਾਂ ਦੇ ਨਹੀਂ ਜਿਵੇਂ ਉਹ ਹਨ, ਜਾਂ ਜਿਵੇਂ ਉਹ ਆਪਣੇ ਆਪ ਨੂੰ ਸਮਝਦੇ ਹਨ। ਬਿਰਤਾਂਤ ਵਿਚ ਅਜਿਹਾ ਹੁੰਦਾ ਵੀ ਨਹੀਂ। ਕਿਸੇ ਵਿਅਕਤੀ ਨੂੰ ਉਹਦੇ ਹੋਣੇ ਦੇ ਨੈੱਟਵਰਕ ਤੋਂ ਚੁੱਕ ਕੇ ਜਦ ਰਚਨਾਕਾਰ ਬਿਰਤਾਂਤ ਵਿਚ ਬੰਨਦਾ ਹੈ ਤਾਂ ਉਸ ਵਿਅਕਤੀ ਦਾ ਨਵਾਂ ਉਸਾਰ ਨਿਰਮਿਤ ਹੁੰਦਾ ਹੈ। ਇਸ ਉਸਾਰ ਵਿਚ ਬਿਰਤਾਂਤਕਾਰ ਦਾ ਆਪਣਾ ਬਹੁਤ ਕੁਝ ਸ਼ਾਮਿਲ ਹੋ ਚੁੱਕਾ ਹੁੰਦਾ ਹੈ – ਉਹਦਾ ਨਜ਼ਰੀਆ, ਸੋਚ ਤੇ ਵਿਚਾਰਧਾਰਾ।
ਵੈਸੇ, ਭਾਸ਼ਾਕਾਰੀ ਹੁੰਦੀ ਹੀ ਗਲਪ ਹੈ। ਇਹਨੇ ਚਿਹਨਾਂ ਰਾਹੀਂ ਵਜੂਦ ਵਿਚ ਆਉਣਾ ਹੁੰਦਾ ਹੈ। ਵਾਪਰੇ ਸੱਚ+ਤੱਥ ਦਾ ਰਚਨਾਕਾਰੀ ਵਿਚ ਹੂਬਹੂ ਅਨੁਸਰਣ ਕਦੇ ਨਹੀਂ ਹੁੰਦਾ।
ਘੁਮੱਕੜੀ ਲਈ ਮੈਂ ਲਟੋਰੀ ਸ਼ਬਦ ਵਰਤਦਾ ਹਾਂ। ਉਹ ਇਸ ਕਰਕੇ ਕਿ ਘਰੋਂ ਤੁਰਨ ਲੱਗੇ ਮੇਰਾ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ। ਇਹੀ ਪਤਾ ਹੁੰਦਾ ਕਿਸ ਏਅਰਪੋਰਟ ਤੇ ਉਤਰਨਾ ਹੈ। ਜਿਸ ਜਗਾ ਮੈਂ ਪੁੱਜਦਾਂ ਪਤਾ ਨਹੀਂ ਹੁੰਦਾ ਕਿੰਨੇ ਦਿਨ ਰਹਿਣਾ ਹੈ, ਉਥੋਂ ਅਗਾਂਹ ਕਿੱਥੇ ਜਾਣਾ ਹੈ, ਕਦ ਜਾਣਾ ਹੈ। ਅਜਿਹੀ ਗ਼ੈਰ-ਨਿਸ਼ਚਿਤਤਾ ਕਿਸੇ ਲਟੋਰੂ ਦੀ ਹੀ ਹੋ ਸਕਦੀ ਹੈ।
ਇਹ ਲਟੋਰੀਆਂ ਬਦੇਸ਼ਾਂ ਵਿਚ ਵਾਸਾ ਕਰਦੇ ਪੰਜਾਬੀ ਲੇਖਕਾਂ, ਸਨੇਹੀਆਂ, ਮਿਤਰਾਂ ਤੇ ਸਕੇ ਸਬੰਧੀਆਂ ਕਰਕੇ ਸੰਭਵ ਹੋ ਸਕੀਆਂ। ਉਨਾਂ ਦੀ ਗਿਣਤੀ ਅਸੀਮ ਹੈ। ਉਹ ਸਾਰੇ ਇਸ ਕਿਤਾਬ ਵਿਚ ਮੌਜੂਦ ਹਨ। ਉਹ ਮੇਰੇ ਲਈ ਸ਼ਾਨਦਾਰ ਮਨੁੱਖ ਹਨ। ਮੈਂ ਉਨਾਂ ਦਾ ਦਿਲੋਂ ਧੰਨਵਾਦੀ ਹਾਂ, ਭਾਵੇਂ ਧੰਨਵਾਦ ਸ਼ਬਦ ਨਾਕਾਫ਼ੀ ਮਹਿਸੂਸ ਹੋ ਰਿਹਾ ਹੈ।
-ਗੁਰਬਚਨ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Leave a Reply