ਆਪਣੀ ਬੋਲੀ, ਆਪਣਾ ਮਾਣ

ਪਿੰਡਾਂ ਵਿਚੋਂ ਪਿੰਡ ਸੁਣੀਂਦਾ-ਕੋਠੇ ਖੜਕ ਸਿੰਘ। ਗੁਰਦੇਵ ਚੌਹਾਨ

ਅੱਖਰ ਵੱਡੇ ਕਰੋ+=

ਰਾਮ ਸਰੂਪ ਅਣਖੀ ਦੇ ਨਾਵਲ ‘ਕੋਠੇ ਖੜਕ ਸਿੰਘ’ ਦੀ ਪੜਚੋਲ

ਰਾਮ ਸਰੂਪ ਅਣਖੀ ਮੇਰੇ ਪਸੰਦੀਦਾ ਮਿੱਤਰ ਵਿਚੋਂ ਸੀ। ਪਹਿਲੀ ਵਾਰ ਮੈਂ ਉਸ ਨੂੰ ਸਿਰੀਨਗਰ 1981 ਵਿਚ ਪੰਜਾਬੀ ਕਾਨਫਰੰਸ ਵਿਚ ਮਿਲਿਆ ਸਾਂ ਅਤੇ ਆਖਰੀ ਵਾਰ ਪੰਜਾਬੀ ਟ੍ਰਿਬਿਊਨ ਵਾਲੇ ਮਹਿਰੂਮ ਦਲਬੀਰ ਸਿੰਘ ਦੇ ਮੁੰਡੇ ਦੇ ਵਿਆਹ ਦੀ ਰੀਸੈਪਸ਼ਨ ਸਮੇਂ ਚੰਡੀਗੜ੍ਹ ਵਿਚ। ਵਿਚ ਵਿਚਾਲੇ ਅਸੀਂ ਬਹੁਤ ਵੇਰ ਮਿਲਦੇ ਰਹੇ ਖਾਸ ਕਰਕੇ ਬਹੁਤੀ ਵੇਰ ਜਦ 1984-86 ਵਿਚ ਮੈਂ ਬਠਿੰਡੇ ਛਾਉਣੀ ਵਿਚ ਸਾਂ। ਪਰਿਵਾਰ ਚੰਡੀਗੜ੍ਹ ਹੋਣ ਕਰਕੇ ਮੇਰਾ ਹਫਤਾਵਾਰਾ ਆਉਣਾ ਜਾਣਾ ਬਰਨਾਲੇ ਵਿਚੋਂ ਅਕਸਰ ਹੁੰਦਾ ਰਹਿੰਦਾ। ਮੈਂ ਕਦੇ ਕਦੇ ਉਸ ਦੇ ਘਰ ਥੁਹੜੀ ਦੇਰ ਲਈ ਅਟਕ ਜਾਂਦਾ। ਕਦੇ ਉਹ ਵੀ ਮੇਰੇ ਵੱਲ ਫੇਰਾ ਮਾਰਦਾ। ਯਾਦ ਹੈ ਉਸ ਨੱਬਿਆਂ ਵਿਚ “ਮੈਂ ਤਾਂ ਬੋਲਾਂਗੀ” ਨਾਂ ਦਾ ਕਾਲਮ ਕਿਸੇ ਅਖਬਾਰ (ਜੱਗਬਾਣੀ) ਵਿਚ ਸ਼ੁਰੂ ਕੀਤਾ ਹੋਇਆ ਸੀ ਜਿਸ ਵਿਚ ਉਹ ਲੇਖਕਾਂ ਦੀਆਂ ਬੀਵੀਆਂ ਬਾਰੇ ਲਿਖਦਾ ਹੁੰਦਾ ਸੀ। ਮੇਰੀ ਪਤਨੀ ਬਾਰੇ ਵੀ ਉਸ ਇਸ ਕਾਲਮ ਅਧੀਨ ਲਿਖਿਆ ਸੀ। ਮੇਕੇ ਕੋਲ ਉਸ ਦੀਆਂ ਬਹੁਤ ਯਾਦਾਂ ਹਨ। ਕੁਝ ਕੁ ਮੇਰੇ ਤੀਹ ਸਾਲ ਪਹਿਲਾਂ ਦੇ ਉਸ ਦੇ ਨਾਵਲ ‘ਕੋਠੇ ਖੜਕ ਸਿੰਘ’ ਨਾਮਕ ਨਾਵਲ ਬਾਰੇ ਲਿਖੇ ਲੇਖ ਵਿਚ ਅੰਕਤ ਹਨ। ਪਿੱਛੇ ਜਿਹੇ ਮੈਂ ਇਸ ਨੂੰ ਦੁਬਾਰਾ ਪੜਿਆਂ ਤਾਂ ਮੈਨੂੰ ਇਹ ਆਲੋਚਨਾਤਮਿਕ ਹੋਣ ਦੇ ਬਾਵਜ਼ੂਦ ਵੀ ਰੋਚਕ ਲੱਗਾ। ਆਲੋਚਨਾਤਮਿਕ ਲੇਖ ਵਿਚ ਰੋਚਕਤਾ ਦੀ ਕਾਇਮੀ ਲਈ ਮੈਂ ਇਹ ਲੇਖ ਆਪਣੇ ਮਿੱਤਰ ਪਾਠਕਾਂ ਲਈ ਇੱਥੇ ਪੇਸ਼ ਕਰ ਰਿਹਾ ਹਾਂ ਇਹ ਜਾਣਦਾ ਹੋਇਆ ਕਿ ਸ਼ਾਇਦ ਕਿਤਾਬੀ ਰੂਪ ਵਿਚ ਉਹ ਕਦੇ ਵੀ ਇਹ ਲੇਖ ਨਾ ਪੜ੍ਹ ਸਕਣ। -ਲੇਖਕ

ਜੇਕਰ ਸੋਲਜ਼ਨਿਤਸਿਨ ਆਪਣੀ ਦਾਹੜੀ ਨੂੰ ਥੁਹੜਾ ਜਿਹਾ ਕੁਤਰ ਲਵੇ ਅਤੇ ਸਿਰ ਉੱਤੇ ਮਾਇਆ ਵਾਲੀ ਸੰਗਤਰੀ ਪੱਗ ਬੰਨ ਕੇ ਪਹਿਲੀ ਬੱਸ ਫੜ ਕੇ ਬਰਨਾਲੇ ਆ ਜਾਵੇ ਤਾਂ ਉਹ ਰਾਮ ਸਰੂਪ ਅਣਖੀ ਬਣ ਜਾਵੇਗਾ। ਅਣਖੀ ਨੇ ਆਪਣਾ ਤਖ਼ੱਲਸ ਅਣਖੀ ਕਿਉਂ ਰੱਖਿਆ ਸੀ, ਇਸ ਬਾਰੇ ਮੇਰੀ ਅਣਖੀ ਨਾਲ ਗੱਲ ਨਹੀਂ ਹੋਈ। ਫਿਲਹਾਲ ਸ਼ਬਦ ‘ਅਣਖੀ’ ਮਾਸਟਰ ਰਾਮ ਸਰੂਪ ਦੇ ਫਿਟ ਆ ਗਿਆ ਹੈ, ਜੀਕੂੰ ਰੰਮ ਦੀ ਬੋਤਲ ਤੇ ਵਿਸਕੀ ਦੀ ਬੋਤਮ ਦਾ ਢੱਕਣ ਫਿੱਟ ਆ ਗਿਆ ਹੋਵੇ। 
ਅਣਖੀ ਦੱਸਦਾ ਹੈ ਕਿ ਉਸ ਅਕਸਰ ਠੱਰਾ੍ਹ ਮਾਰਕਾ ਹੀ ਪੀਤੀ ਹੈ ਅਤੇ ਉਹ ਵੀ ਪੇਂਡੂ ਜੱਟਾਂ ਨਾਲ ਵੱਖ-ਵੱਖ ਢਾਣੀਆਂ ਵਿੱਚ। ਘਰ ਦਾ ਕਢਿਆ ਦਾਰੂ ਪੀਂਦੇ, ਘੁੱਟ ਨੂੰ ਸੰਘ ਥੱਲੇ ਖੰਘੂਰੇ ਨਾਲ ਲਘਾਂਦੇ, ਅੰਬ ਦੀ ਫਾੜੀ ਚੂਸਦੇ ਅਤੇ ਆਪਣੀ ਪੱਗ ਦੇ ਲੜ ਨਾਲ ਮੂੰਹ ਪੂੰਝਦੇ ਜੱਟ ਉਸ ਦੀ ਯਾਦ ਵਿਚ ਖੁਣ ਗਏ ਹਨ। ਅਣਖੀ ਉਹਨਾਂ ਵਿਚ ਇੰਜ ਰਚ ਮਿਚ ਜਾਂਦਾ ਜਿਵੇਂ ਖੀਰ ਵਿਚ ਟੇਢੀ ਉਂਗਲ। ਉਹ ਵੀਹ ਤੋਂ ਵੀ ਵੱਧ ਵਰ੍ਹੇ ਆਪਣੇ ਪਿੰਡ ਵਿਚ ਪੜ੍ਹਾਉਂਦਾ ਰਿਹਾ ਹੈ। ਏਨੇ ਵਰ੍ਹੇ ਪੜ੍ਹਿਆ ਲਿਖਿਆ ਬੰਦਾ ਜਦੋਂ ਪਿੰਡ ਵਿਚ ਬਿਤਾਂਦਾ ਹੈ ਤਾਂ ਉਹ ਕਦੇ ਪਿੰਡ ਦਾ ਤੋਂ ਆਪਣਾ ਪਿੱਛਾ ਨਹੀਂ ਛੁੱਡਾ ਸਕਦਾ। ਪਿੰਡ ਸਕਤਾ ਹੋ ਕੇ ਉਸ ਦੇ ਪਿੱਛੇ ਪੈ ਜਾਂਦਾ ਹੈ। ਫਿਰ ਬੰਦਾ ਭਾਵੇਂ ਜੋਗਾ ਸਿੰਘ ਅਤੇ ਅਣਖੀ ਵਾਂਗ ਸ਼ਹਿਰ ਆ ਜਾਵੇ , ਉਸ ਦਾ ਪਿੱਛਾ ਉਸ ਦਾ ਪਿੰਡ ਨਹੀਂ ਛੱਡਦਾ। ਇਹੋ ਗੱਲ ਸਾਡੇ ਅਣਖੀ ਨਾਲ ਹੋਈ ਹੈ। ਉਸ ਦੀ ਮਾਨਸਿਕਤਾ ਵਿਚ ਪਿੰਡ ਹਮੇਸ਼ਾ ਲਈ ਉੱਕਰਿਆ ਗਿਆ ਹੈ- ਮਾਲਵੇ ਦਾ ਪਿੰਡ-ਉਸ ਦਾ ਆਪਣਾ ਪਿੰਡ, ਜਿਸ ਦਾ ਨਾਂਅ ਅਤੇ ਸਥਾਨ ਬਦਲ ਕੇ ਉਸ ‘ ਕੋਠੇ ਖੜਕ ਸਿੰਘ’ ਰੱਖ ਦਿੱਤਾ ਹੈ।


ਆਪਣੇ ਪਿੰਡ ਨੂੰ ਵੀਹ ਕਿਲੋਮੀਟਰ ਚੁੱਕ ਕੇ ਬਰਨਾਲੇ ਕੋਲ ਵਸਾਉਣ ਲਈ ਅਣਖੀ ਨੂੰ ਕਈ ਪਾਪੜ ਵੇਲਣੇ ਪਏ। ਉਹ ਕਈ-ਕਈ ਮਹੀਨੇ ਬਰਨਾਲੇ ਦੇ ਆਸ-ਪਾਸ ਦੇ ਪਿੰਡਾਂ ਵਿਚ ਜਾਂਦਾ ਰਿਹਾ ਇਹ ਵੇਖਣ ਲਈ ਕਿ ਕੋਠੇ ਖੜਕ ਸਿੰਘ ਨੂੰ ਕਿੱਥੇ ਵਸਾਇਆ ਜਾਵੇ। ਫਿਰ ਉਸ ਨੂੰ ਨਹਿਰ ਦੇ ਕੰਢੇ ਖਾਲੀ ਥਾਂ ਤੇ ਜਿੱਥੋਂ ਸੜਕਾਂ ਚਾਰੇ ਪਾਸੇ ਦੁੱਲੇ ਵਾਲਾ, ਢੁਪਾਲੀ, ਧਿੰਗੜ, ਭਾਈ ਰੂਪਾ, ਬੁਰਜ ਗਿੱਲਾਂ ਅਤੇ ਕੈਲੇ ਕੇ ਆਦਿ ਪਿੰਡਾਂ ਨੂੰ ਫੁੱਟਦੀਆਂ ਸਨ , ਕੁਝ ਖ਼ਾਲੀ ਥਾਂ ਮਿਲ ਗਈ। ਲਗਭਗ ਦੋ ਮਹੀਨੇ ਉਹ ਪਟਵਾਰੀ ਵਾਂਗ ਇਹ ਜਗਾਹ ਨੂੰ ਮਨ ਦੀ ਜ਼ਰੀਬ ਨਾਲ ਮਿਣਦਾ ਰਿਹਾ। ਜਦ ਇਸ ਪਿੰਡ ਦੇ ਚਾਰੇ ਖੂੰਜੇ ਉਸ ਦੀ ਕਾਪੀ ਦੀ ਵਹੀ ਵਿਚ ਦਰਜ ਹੋ ਗਏ ਤਾਂ ਉਹ ਬਰਨਾਲੇ ਆ ਕੇ ਸਸਥਾਉਣ ਲੱਗਾ। ਉਸ ਦਾ ਅੱਧਾ ਕੰਮ ਹੋ ਗਿਆ ਸੀ। ਹੁਣ ਤਾਂ ਬਸ ਉਸਾਰੀ ਕਰਨੀ ਬਾਕੀ ਸੀ। “ਨੀਂਹ ਦਾ ਕੰਮ ਬਹੁਤ ਔਖਾ ਹੁੰਦਾ ਹੈ- ਚਿਣਾਈ ਕੋਈ ਮੁਸ਼ਕਿਲ ਨਹੀਂ ਹੁੰਦੀ,” ਉਹ ਆਪਣੇ ਨਾਵਲ ਦੀ ਗੱਲ ਕਰਦਾ ਹੋਇਆ ਇਕ ਹੰਢੇ ਹੋਏ ਮਿਸਤਰੀ ਵਾਂਗ ਕਹਿੰਦਾ ਹੈ।

ਆਪਣੇ ਪਿੰਡ ਦਾ ਉਸ ਸਿਰਫ ਨਾਂਅ ਹੀ ਬਦਲ ਕੇ ‘ਕੋਠੇ ਖੜਕ ਸਿੰਘ ‘ ਰੱਖ ਦਿੱਤਾ ਹੈ ਜਾਂ ਇਸ ਦਾ ਸਿਰਫ ਥਾਂ ਹੀ ਬਦਲਿਆ ਹੈ। ਇਸ ਨਾਵਲ ਦੇ ਸਾਰੇ ਪਿੰਡਾਂ ਦੇ ਨਾਂ ਤਾਂ ਅਸਲੀ ਹਨ ਪਰ ਪਾਤਰਾਂ ਦੇ ਨਾਂ ਉਸ ਕਿੱਧਰੇ-ਕਿੱਧਰੇ ਬਦਲ ਦਿੱਤੇ ਹਨ। ਸਿਰਫ਼ ਸ਼ਿਆਮੋ ਦਾ ਪਾਤਰ ਹੀ ਮਨਘੜਤ ਹੈ। ਇਹ ਪਾਤਰ ਨਾਵਲੀ ਗੋਂਦ ਵਿਚੋਂ ਪਰਗਟ ਹੋ ਗਿਆ। ਇੰਜ ਕੁਝ ਹੋਰ ਪਾਤਰ ਵੀ। ਅਣਖੀ ਜਦ ਵੀ ਮਿਲਦਾ ਹੈ ਆਪਣੇ ਨਾਵਲ ਦੀ ਗੱਲ ਲੈ ਕੇ ਬਹਿ ਜਾਂਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਨਾਵਲ ਦੀ ਗੱਲ ਹੋਵੇ। ਹੁਣ ਜਦ ਉਸ ਦੇ ਨਾਵਲ ਦੀ ਗੱਲ ਕਰਨੀ ਹੈ ਤਾਂ ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰਖਣਾ ਹੋਵੇਗਾ ਕਿ ਇਹ ਨਾਵਲ ਪੰਜਾਬੀ ਦਾ ਪਹਿਲਾ ਅਜੇਹਾ ਨਾਵਲ ਹੈ, ਜਿਸ ਵਿਚ ਕਲਪਨਾ ਦਾ ਖੇਤਰ ਬਹੁਤ ਸੀਮਤ ਹੈ- ਸ਼ਾਇਦ ਕੁਝ ਛੋਟੀਆਂ ਘਟਨਾਵਾਂ ਨੂੰ ਘੜਣ ਅਤੇ ਵਾਰਤਾਲਾਪ ਨੂੰ ਸਿਰਜਣ ਤੀਕ ਹੀ। ਲੇਖਕ ਦਾ ਮਨੋਰਥ ਹੂ-ਬ-ਹੂ ਪੇਸ਼ਕਾਰੀ ਹੈ। ਅਜੇਹੀ ਲਿਖਤ ਵਿਚ ਜ਼ਾਹਰ ਹੈ ਰਲ਼ਾ ਕੁਝ ਅਧਿਕ ਹੋ ਜਾਂਦਾ ਹੈ – ਬਹੁਤ ਕੁਝ ਫਾਲਤੂ ਵੀ ਨਾਵਲ ਵਿਚ ਆ ਕੇ ਬਹਿ ਜਾਂਦਾ ਹੈ, ਜਿਵੇਂ ਆਟੇ ਵਿਚ ਛਾਣ। ਅਜੇਹੀ ਲਿਖਤ ਦਾ ਦੂਜਾ ਵੱਡਾ ਨੁਕਸ ਇਹ ਹੁੰਦਾ ਹੈ ਕਿ ਇਸ ਵਿਚ ਲੇਖਕ ਸਿਰਜਕ ਨਾ ਹੋ ਕੇ ਪੱਤਰ-ਨਵੀਸ ਹੋ ਕੇ ਰਹਿ ਜਾਂਦਾ ਹੈ। ਸੋ ਅਸੀਂ ਵੇਖਦੇ ਹਾਂ ਕਿ ਅਣਖੀ ਜਿੱਥੇ ਬਲਕਾਰ, ਰਾਮਦਾਸ, ਅਜਮੇਰ, ਬਦਰੀ ਨਰਾਇਣ ਵਰਗੇ ਸਮਾਂ-ਬਦਲੂ ਪਾਤਰਾਂ ਨੂੰ ਮਸਾਂ ਵੀਹ ਪੰਝੀ ਸਫ਼ੇ ਦਿੰਦਾ ਹੈ ਉੱਥੇ ਹਰਨਾਮੀ ਦੇ ਇਸ਼ਕੀ ਕਾਰਨਾਮਿਆਂ ਨੂੰ ਡੇਢ ਸੌ ਸਫ਼ੇ ਦੇ ਦਿੰਦਾ ਹੈ। ਇੰਜ ਨਾਵਲ ਦਾ ਪਹਿਲਾ ਸਾਰਾ ਭਾਗ ਹਰਨਾਮੀ ਦੇ ਲੇਖੇ ਲੱਗ ਜਾਂਦਾ ਹੈ। ਪਰ ਕੀ ਹਰਨਾਮੀ ਸੱਚਮੁੱਚ ਹੀ ਨਾਵਲ ਦਾ ਫਾਲਤੂ ਪਾਤਰ ਹੈ? ਵੇਖਣਾ ਇਹ ਹੈ। ਹਰਨਾਮੀ ਦਾ ਪਾਤਰ ਬੇਵਫਾ ਪਤਨੀ ਦੇ ਰੂਪ ਵਿਚ ਅਤੇ ਕਾਮ ਵਾਸ਼ਨਾ ਵਾਲੀ ਇਸਤਰੀ ਦੇ ਰੂਪ ਵਿਚ ਜਿੰਦਾ ਹੈ। ਲੇਖਕ ਭਾਵੇਂ ਨਾਵਲ ਨੁੰ ਨਵੀਂ ਦਿਸ਼ਾ ਵਾਲਾ ਬਨਾਉਣ ਲਈ ਯਤਨਸ਼ੀਲ ਹੈ, ਪਰ ਉਸ ਦਾ ਅੰਦਰਲਾ ਕਿੱਸਾਕਾਰ ਨਾਵਲ ਨੂੰ ਰੋਚਕ ਪਾਤਰਾਂ ਵੱਲ ਵੱਧ ਖਿੱਚ ਲੈਂਦਾ ਹੈ। ਇਸ ਖਿੱਚੋਤਾਣ ਵਿਚ ਨਾਵਲ ਜਿਹੜਾ ਭਾਵੇਂ ਚਾਰ ਭਾਗਾਂ ਵਿਚ ਹੈ, ਨਿਭਾਅ ਪੱਖੋਂ ਅਤੇ ਬਣਤਰ ਪੱਖੋਂ ਦੋ ਭਾਗਾਂ ਵਿਚ ਵੰਡ ਹੋ ਕੇ ਹੀ ਰਹਿ ਜਾਂਦਾ ਹੈ। 

ਪਹਿਲੇ ਭਾਗ ਨੂੰ ਅਸੀਂ ਪ੍ਰਕ੍ਰਿਤੀਵਾਦੀ ਕਹਿ ਸਕਦੇ ਹਾਂ ਅਤੇ ਦੂਜੇ ਭਾਗ ਨੂੰਂ ਸਮਾਜ ਯਥਾਰਥਵਾਦੀ। ਇਸ ਵੰਡ ਨੂੰ ਅਸੀਂ ਰੋਮਾਂਸਵਾਦ ਅਤੇ ਪ੍ਰਗਤੀਵਾਦ ਦਾ ਨਾਂ ਵੀ ਦੇ ਸਕਦੇ ਹਾਂ। ਪਰ ਇਹ ਵੰਡ ਤਾਂ ਵੀ ਮਸ਼ੀਨੀ ਵੰਡ ਹੋ ਕੇ ਰਹਿ ਜਾਵੇਗੀ। ਅਸਲ ਵਿਚ ਵੇਖਿਆ ਜਾਵੇ ਤਾਂ ਕਿਸੇ ਨਾਵਲ ਦੇ ਮੂਲ ਰੂਪ ਵਿਚ ਦੋ ਹੀ ਪਹਿਲੂ ਹੁੰਦੇ ਹਨ: ਵਰਨਣ ਅਤੇ ਬ੍ਰਿਤਾਂਤ। ਜਿੱਥੇ ਵਰਨਣ ਵਿਚ ਯਥਾਰਥ ਨੂੰ ਝਾਕੀਆਂ ਵਿਚ ਪੇਸ਼ ਕੀਤਾ ਹੁੰਦਾ ਹੈ, ਉੱਥੇ ਬ੍ਰਿਤਾਂਤ ਵਿਚ ਯਥਾਰਥ ਸਮੇਂ, ਸਥਾਨ ਅਤੇ ਹਾਲਾਤ ਦੀਆਂ ਕੜੀਆਂ ਵਿਚ ਬੱਝਿਆ ਹੁੰਦਾ ਹੈ। ਪਹਿਲੇ ਵਿਚ ਲੇਖਕ ਦਰਸ਼ਕ ਦੇ ਤੌਰ ‘ਤੇ ਖਲੋਤਾ ਹੁੰਦਾ ਹੈ ਅਤੇ ਦੂਸਰੇ ਵਿਚ ਖਿਡਾਰੀ ਦੇ ਰੂਪ ਵਿਚ। ਪਹਿਲੀ ਵੰਨਗੀ ਦੇ ਗਲਪ ਨੂੰ ਅਲਬਰਤੋ ਈਕੋ ਪੜ੍ਹਣਯੋਗ ਟੈਕਸਟ ਦਾ ਨਾਂ ਵੀ ਦਿੰਦਾ ਹੈ ਅਤੇ ਦੂਜੀ ਨੂੰ ਲਿਖਣਯੋਗ ਟੈਕਸਟ ਦਾ। ਗਲਪੀ ਕ੍ਰਿਤ ਵਿਚ ਇਹ ਦੋਵੇਂ ਰੂਪ ਸ਼ਾਮਿਲ ਹੁੰਦੇ ਹਨ। ਪਰ ਇਹਨਾਂ ਦੀ ਮਿਕਦਾਰ ਵੱਖਰੀ-ਵੱਖਰੀ ਹੁੰਦੀ ਹੈ। ਅਣਖੀ ਦਾ ਨਾਵਲ ਅਧਿਕਤਰ ਪਹਿਲੀ ਵੰਨਗੀ ਨਾਲ ਸਬੰਧ ਰਖਦਾ ਹੈ। ਉਹ ਯਥਾਰਥ ਦੀ ਉਪਰਲੀ ਅਤੇ ਇਸ ਲਈ ਦਿਸਦੀ ਤਹਿ ਦਾ ਲੇਖਕ ਹੈ- ਵਰਨਣ ਦਾ। ਜਿਹੜਾ ਬ੍ਰਿਤਾਂਤ ਉਹ ਰਚਦਾ ਵੀ ਹੈ ਉਹ ਵੀ ਵਰਨਣ ਦੀ ਹੀ ਇਕ ਦਿੱਸ਼ਾ ਹੁੰਦੀ ਹੈ।

ਹੁਣ ਅਸੀਂ ਨਾਵਲ ਦੇ ਕੁਝ ਹੋਰ ਨੇੜੇ ਢੁਕ ਕੇ ਗੱਲ ਕਰਦੇ ਹਾਂ। ਵੱਖ-ਵੱਖ ਤੰਦਾਂ ਦੇ ਰੂਪ ਵਿਚ ਨਾਵਲ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ: ਹਰਨਾਮੀ, ਗਿੰਦਰ ਦੀ ਬਹੂ ਆਪਣੇ ਪੇਕੇ ਪਿੰਡ ਤੋਂ ਹੀ ਸਰੀਰਕ ਭੁੱਖ ਦੇ ਵੱਸ ਹੋ ਕੇ ਜਿੰਦਗੀ ਦੀ ਤੋਰ ਤੁਰਦੀ ਹੈ। ਪਹਿਲਾਂ ਉਹ ਦੁੱਲੇ ਨਾਲ ਇਸ਼ਕ ਫੁਰਮਾਉਂਦੀ ਹੈ ਅਤੇ ਫਿਰ ਸਹੁਰੇ ਆ ਕੇ ਅਰਜਣ ਨਾਲ ਪਿਆਰ ਖੇਡ ਰਚਾਉਂਦੀ ਹੈ ਪਰ ਬਾਅਦ ਵਿਚ ਉਹ ਨਾਜਰ ਤੇ ਡੁੱਲ੍ਹ ਜਾਂਦੀ ਹੈ ਅਤੇ ਅਰਜਣ ਨੂੰ ਨਾਜਰ ਦੇ ਬੰਦਿਆਂ ਰਾਹੀਂ ਮਰਵਾ ਦਿੰਦੀ ਹੈ। ਨਾਜਰ ਨੂੰ ਕੈਦ ਤੋਂ ਛੁੱਡਵਾਉਣ ਲਈ ਉਹ ਸਾਰੀਆਂ ਟੁੰਬਾਂ ਵੇਚ ਦਿੰਦੀ ਹੈ। ਜਿਹਲੋਂ ਛੁੱਟਣ ‘ਤੇ ਹਰਨਾਮੀ ਤੀਵੀਂਬਾਜ਼ ਬੰਦਿਆਂ ਦੇ ਹੱਥ ਚੜ੍ਹ ਜਾਂਦੀ ਹੈ ਅਤੇ ਇਕ ਬੁਢੇ ਪੈਨਸ਼ਨੀਏ ਪਾਸ ਵੇਚ ਦਿੱਤੀ ਜਾਂਦੀ ਹੈ। ਬਅਦ ਵਿਚ ਨਾਜਰ ਉਸ ਨੂੰ ਮੁੜ ਘਰ ਲਿਆ ਵਸਾਉਂਦਾ ਹੈ। ਹੁਣ ਗਿੰਦਰ ਹਰਨਾਮੀ ਦਾ ਪਤੀ , ਜਿਹੜਾ ਦਿਮਾਗੀ ਬਿਮਾਰੀ ( ਹਰਨਾਮੀ ਰਾਹੀਂ) ਕਾਰਣ ਘਰੋਂ ਨਿਕਲ ਗਿਆ ਸੀ , ਨਾਜਰ ਅਤੇ ਹਰਨਾਮੀ ਕੋਲ ਰਹਿੰਦਾ ਹੈ। ਨਾਵਲ ਦੀ ਦੂਜੀ ਕੜੀ ਝੰਡੇ ਉਦਾਲੇ ਘੁੰਮਦੀ ਹੈ। ਉਹ ਅਰਜਣ ਦਾ ਵੱਡਾ ਭਰਾ ਹੈ। ਭਰਾ ਦੇ ਕਤਲ ਹੋਣ ਤੇ ਉਹ ਕੋਈ ਖਾਸ ਪੈਰਵਾਈ ਨਹੀਂ ਕਰਦਾ, ਸਗੋਂ ਅੰਦਰੋਂਂ ਖੁਸ਼ ਹੈ ਕਿ ਅਰਜਣ ਦੀ ਦੱਸ ਘੁਮਾਂ ਪੈਲੀ ਹੁਣ ਉਸ ਦੇ ਹੱਥ ਲੱਗ ਗਈ ਹੈ।

ਝੰਡੇ ਦਾ ਮੁੰਡਾ ਗੁਰਦਿੱਤ ਸਿੰਘ ਜਿਸ ‘ਤੇ ਨਾਵਲ ਦੇ ਅਗਲੇ ਤਿੰਨ ਭਾਗ ਕੇਂਦਰਤ ਹਨ , ਆਪਣੇ ਪਿਓ ਵਾਂਗ ਹੀ ਗਰੀਬ ਕਿਸਾਨਾਂ ਨੂੰ ਕਰਜ਼ਾ ਦੇ ਕੇ ਜ਼ਮੀਨ ਗਹਿਣੇ ਰੱਖਣ ਦੀ ਕਲਾ ਵਿਚ ਮਾਹਰ ਹੈ। ਉਸ ਵਿਚ ਵਾਧਾ ਇਹ ਹੈ ਕਿ ਉਹ ਸਰਕਾਰੀ ਅਤੇ ਹੋਰ ‘ਕੰਮ ਦੇ ਬੰਦਿਆਂ’ ਨਾਲ ਵੀ ਮੇਲ-ਜੋਲ ਰੱਖਦਾ ਹੈ। ਉਸ ਦੇ ਅਗੋਂ ਇਕ ਮੁੰਡਾ ਅਤੇ ਇਕ ਕੁੜੀ ਹਨ। ਮੁੰਡੇ ਦਾ ਨਾਂ ਹਰਿੰਦਰ ਸਿੰਘ ਹੈ ਅਤੇ ਕੁੜੀ ਦਾ ਪੁਸ਼ਪਿੰਦਰ। ਪੁਸ਼ਪਿੰਦਰ ਆਪਣੇ ਹਮ-ਜਮਾਤੀਏ ਨਾਈਆਂ ਦੇ ਮੁੰਡੇ ਨਸੀਬ ਨੂੰ ਪਿਆਰ ਕਰਦੀ ਹੈ, ਜਿਸ ਦਾ ਭੇਦ ਖੁੱਲ੍ਹਣ ‘ਤੇ ਹਰਦਿੱਤ ਸਿੰਘ ਨਸੀਬ ਨੂੰ ਧੋਖੇ ਨਾਲ ਸੁੰਨੀ ਥਾਂ ਤੇ ਲਿਜਾ ਕੇ ਮਾਰ ਦਿੰਦਾ ਹੈ ਅਤੇ ਆਪ ਬਚਿਆ ਰਹਿੰਦਾ ਹੈ। ਕੋਠੇ ਖੜਕ ਸਿੰਘ ਦੇ ਹੀ ਮੁੰਡੇ ਬਲਕਾਰ ਸਿੰਘ ਨੂੰ ਵੀ ਪੁਲਿਸ ਪਾਸ ਫੜਾਉਣ ਦਾ ਹਰਦਿੱਤ ਸਿੰਘ ਦੋਸ਼ੀ ਹੈ। ਅਸਲ ਵਿਚ ਬੀਏ ਪਾਸ ਮੁੰਡਾ ਬਲਕਾਰ ਸਿੰਘ ਨਕਸਲੀ ਬਣ ਜਾਂਦਾ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਖਿਲਾਫ ਗਵਾਹੀ ਦੇਣ ਵਾਲੇ ਚੇਅਰਮੈਨ ਸ਼ਿੰਗਾਰਾ ਸਿੰਘ ਦਾ ਕਤਲ ਕਰ ਦਿੰਦਾ ਹੈ। ਬਲਕਾਰ ਦੇ ਸਾਥੀ ਹਰਦਿੱਤ ਸਿੰਘ ਨੂੰ ਵੀ ਡਰਾ ਕੇ ਪੰਜਾਹ ਹਜ਼ਾਰ ਰੁਪਇਆ ਲੈ ਜਾਂਦੇ ਹਨ। ਸੋ ਹਰਦਿੱਤ ਨੰਬਰਦਾਰ ਪਾਖਰ ਸਿੰਘ ਰਾਹੀਂ ਬਲਕਾਰ ਨੂੰ ਫੜਾ ਦਿੰਦਾ ਹੈ। ਬਾਅਦ ਵਿਚ ਬਲਕਾਰ ਕਥਿਤ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਜਾਂਦਾ ਹੈ ਅਤੇ ਪਾਖਰ ਸਿੰਘ ਨੂੰ ਪਿੰਡ ਦੇ ਲੋਕ ਕੁੱਟ-ਕੁੱਟ ਕੇ ਮਾਰ ਦਿੰਦੇ ਹਨ। ਪੁਸ਼ਪਿੰਦਰ ਬਠਿੰਡੇ ਕਾਲਜ ਵਿਚ ਲੈਕਚਰਾਰ ਲੱਗ ਜਾਂਦੀ ਹੈ ਅਤੇ ਵਿਆਹ ਕਰਾਉਣ ਤੋਂ ਨਾਂਹ ਕਰ ਦਿੰਦੀ ਹੈ। ਹਰਿੰਦਰ ਆਪਣੀ ਭੈਣ ਦੀ ਸਹੇਲੀ ਖੱਤਰੀਆਂ ਦੀ ਕੁੜੀ ਪਦਮਾ ਨਾਲ ਵਿਆਹ ਕਰਾ ਲੈਂਦਾ ਹੈ। ਹਰਦਿੱਤ ਸਿੰਘ ਨੂੰ ਆਪਣੇ ਟੱਬਰ ਕੋਲੋਂ ਅਜੇਹੀ ਆਸ ਨਹੀਂ ਸੀ। ਉਹ ਇਸਨੂੰ ਹੇਠੀ ਸਮਝਦਾ ਹੈ। ਜਦ ਉਸ ਨੂੰ ਪਤਾ ਲਗਦਾ ਹੈ ਕਿ ਹਰਿੰਦਰ ਸਾਂਝੇ ਖਾਤੇ ਵਿਚੋਂ ਬਹੁਤ ਸਾਰੇ ਪੈਸੇ ਆਪਣੇ ਇਨਕਲਾਬੀ ਦੋਸਤਾਂ ਨੂੰ ਮਦਦ ਵਜੋਂ ਦੇਣ ਲਈ ਕਢਾ ਚੁੱਕਾ ਹੈ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਕੁਝ ਹੀ ਦਿਨਾਂ ਵਿਚ ਅੰਦਰੋਂ-ਅੰਦਰ ਖੁਰ ਕੇ ਮਰ ਜਾਂਦਾ ਹੈ।

ਨਾਵਲ ਦੀ ਤੀਜੀ ਮਹੁੱਤਵਪੂਰਣ ਕੜੀ ਮੱਲਣ ਅਤੇ ਚੰਦਕੌਰ ਦੀ ਕਹਾਣੀ ਹੈ। ਉਹ ਆਪਣੀ ਕੁੜੀ ਨੂੰ ਕਿਧਰੇ ਅੱਛੀ ਜਗਾਹ ਵਿਆਹੁਣ ਦੇ ਆਹਰ ਵਿਚ ਹਨ। ਆਖਰ ਇਕ ਥਾਂ ਮੰਗਣੀ ਹੋ ਜਾਂਦੀ ਹੈ ਅਤੇ ਵਿਆਹ ਵੀ ਰਖਿਆ ਜਾਂਦਾ ਹੈ। ਬਹੁਤ ਸਾਰਾ ਪੈਸਾ ਮੱਲਣ ਜ਼ਮੀਨ ਨੂੰ ਝੰਡਾ ਸਿੰਘ ਪਾਸ ਗਹਿਣੇ ਰੱਖ ਕੇ ਲੈ ਲੈਂਦਾ ਹੈ। ਉਪਰੋਂ ਹੁਸ਼ਿਆਰੀ ਨਾਲ ਝੰਡਾ ਸਿੰਘ ਵਿਆਜ਼ ਲੈਣਾ ਵੀ ਲਿਖਾ ਲੈਂਦਾ ਹੈ। ਮੰਦੇ ਭਾਗੀਂ ਮੱਲਣ ਦਾ ਬਿਰਧ ਫੌਜੀ ਪਿਤਾ ਮਰ ਜਾਂਦਾ ਹੈ ਅਤੇ ਸਾਰਾ ਪੈਸਾ ਮੱਲਣ ਪਿਓ ਦੇ ਇਕੱਠ ਉੱਤੇ ਲਾ ਦਿੰਦਾ ਹੈ। ਫ਼ਜ਼ੂਲਖਰਚੀ ਦੇ ਮੁਹਾਜ਼ ਉੱਤੇ ਉਹ ਸ਼ਰੀਕਾਂ ਨੂੰ ਹਰਾ ਦੇਣ ਵਿਚ ਹੀ ਆਪਣੀ ਜਿੱਤ ਸਮਝਦਾ ਹੈ। ਆਖਰ ਜੀਤੋ ਦੇ ਵਿਆਹ ਵੇਲੇ ਹੋਰ ਰਹਿੰਦੀ ਖੂੰਹਦੀ ਜ਼ਮੀਨ ਵੀ ਝੰਡੇ ਕੋਲ ਰਖ ਦਿੱਤੀ ਜਾਂਦੀ ਹੈ। ਬਲਕਾਰ ਇਹਨਾਂ ਦਾ ਹੀ ਮੁੰਡਾ ਹੈ, ਜਿਹੜਾ ਇਨਕਲਾਬੀ ਧੜੇ ਦਾ ਆਗੂ ਬਣ ਜਾਂਦਾ ਹੈ ਅਤੇ ਬਾਅਦ ਵਿਚ ਪੁਲਿਸ ਹਥੋਂ ਮਾਰਿਆ ਜਾਂਦਾ ਹੈ।

ਮੱਲਣ ਅਤੇ ਚੰਦ ਕੌਰ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ? ਉਹਨਾਂ ਦਾ ਘਰ ਢਾਹ ਦਿੱਤਾ ਗਿਆ। ਉਹਨਾਂ ਦੇ ਸਿਰ ਦੇ ਵਾਲ ਪੁੱਟੇ ਗਏ ਪਰ ਬਲਕਾਰ ਬਾਰੇ ਉਹਨਾਂ ਨੇ ਧੁਹ ਨਹੀਂ ਕੱਢੀ। ਚੰਦ ਕੌਰ ਵਿਚ ਗੋਰਕੀ ਦੇ ਸ਼ਾਹਕਾਰ ਨਾਵਲ ‘ਮਾਂ’ ਦਾ ਝਓਲਾ ਮਿਲਦਾ ਹੈ, ਪਰ ਬੜਾ ਕਮਜ਼ੋਰ। ਹੁਣ ਅਸੀਂ ਨਾਵਲ ਨੂੰ ਇਕ ਸਾਹਿਤਕ ਕ੍ਰਿਤ ਵਜੋਂ ਮਾਪ ਅਤੇ ਜਾਂਚ ਸਕਦੇ ਹਾਂ। ਅਸੀਂ ਵੇਖਦੇ ਹਾਂ ਕਿ ਨਾਵਲ ਨੂੰ ਲੇਖਕ ਨੇ ਚਾਰ ਭਾਗਾਂ ਵਿਚ ਵੰਡਿਆ ਹੈ। ਉਸ ਹਰ ਇਕ ਭਾਗ ਵਿਚ ਇਕ ਤੰਦ ਸ਼ੁਰੂ ਕੀਤੀ ਅਤੇ ਮੁਕਾਈ ਹੈ। ਝੰਡਾ ਸਿੰਘ ਦਾ ਪਰਿਵਾਰ ਹੀ ਇਸ ਨਾਵਲ ਨੂੰ ਇਕ ਲੜੀ ਵਿਚ ਪਿਰੋਉਂਦਾ ਹੈ। ਇਹ ਨਾਵਲ ਲੇਖਕ ਨੇ ਇਕ ਨਾਵਲ ਵਜੋਂ ਨਹੀਂ ਵਿਉਂਤਿਆ ਜਾਪਦਾ। ਦੋ ਨਾਵਲਾਂ ਨੂੰ ਇਕ ਕਰਨ ਦਾ ਖਿਆਲ ਤਾਂ ਬਾਅਦ ਦਾ ਹੀ ਫ਼ੁਰਨਾ ਜਾਪਦਾ ਹੈ। ਸੋ ਇਸ ਨਾਵਲ ਵਿਚ ਕੁਝ ਭਰਤੀ ਦਾ ਆ ਜਾਣਾ ਸੁਭਾਵਿਕ ਹੀ ਸੀ। 

ਇਹ ਇਤਫ਼ਾਕ ਦੀ ਗੱਲ ਹੈ ਕਿ ਇਸ ਨਾਵਲ ਦੇ ਹਰ ਭਾਗ ਵਿਚ ਇਕ ਖ਼ੂਨ ਹੁੰਦਾ ਹੈ। ਪਹਿਲੇ ਵਿਚ ਅਰਜਣ ਦਾ ਖੂਨ ਹੁੰਦਾ ਹੈ, ਦੂਜੇ ਵਿਚ ਬਲਕਾਰ ਅਤੇ ਨੰਬਰਦਾਰ ਪਾਖਰ ਸਿੰਘ ਦਾ, ਤੀਜੇ ਵਿਚ ਨਸੀਬ ਦਾ ਅਤੇ ਚੌਥੇ ਭਾਗ ਵਿਚ ਖੁਦ ਹਰਦਿੱਤ ਸਿੰਘ ਦਿਲ ਫਿਹਲ ਹੋ ਜਾਣ ਨਾਲ ਮਰ ਜਾਂਦਾ ਹੈ। ਪਰ ਹਰਦਿੱਤ ਸਿੰਘ ਦੇ ਮਰਨ ਵਿਚ ਵੀ ਅਣਆਈ ਮੌਤ ਵਾਲਾ ਹੀ ਲਹਿਜਾ ਹੈ- ਉਹ ਆਪਣੇ ਪੁੱਤਰ ਅਤੇ ਧੀ ਦੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰਨ ਕਾਰਨ ਹੀ ਮਰਿਆ ਹੈ।

ਇਹ ਪੰਜੇ ਖੂਨ ਜਾਂ ਮੌਤਾਂ ਵੱਖਰੇ-ਵੱਖਰੇ ਕਾਰਨ ਅਤੇ ਵੰਨਗੀਆਂ ਰੱਖਦੀਆਂ ਹਨ। ਅਰਜਨ ਦਾ ਕਤਲ ਮਹਿਜ ਸਰੀਰਕ ਪਿਆਰ ਕਰਕੇ ਹੋਇਆ ਹੈ, ਬਲਕਾਰ ਦਾ ਉਸ ਦੀ ਵਿਧਾਰਧਾਰਾ ਪਿੱਛੇ, ਨੰਬਰਦਾਰ ਪਾਖਰ ਸਿੰਘ ਦਾ ਕਤਲ ਲੋਕ-ਰਾਏ ਅਤੇ ਲੋਕ ਸ਼ਕਤੀ ਦਾ ਪ੍ਰਤੀਕ ਹੈ। ਨਸੀਬ ਸਿੰਘ ਪਿਆਰ ਉੱਤੇ ਜਾਨ ਵਾਰ ਗਿਆ ਹੈ ਅਤੇ ਹਰਦਿੱਤ ਸਿੰਘ ਨੂੰ ਖੁਦ ਉਸ ਦੀਆਂ ਕੀਤੀਆਂ ਅਤੇ ਪੁਰਾਣੀਆਂ ਕਦਰਾਂ ਕੀਮਤਾਂ ਨੇ ਮਾਰ ਦਿੱਤਾ ਹੈ।
ਅਸੀਂ ਮੌਤ ਜਾਂ ਖ਼ੂਨ ਦੀ ਗੱਲ ਕੀਤੀ ਹੈ। ਆਓ ਹੁਣ ਜ਼ਰਾ ਜਿੰਦਗੀ ਦੀ ਗੱਲ ਵੀ ਕਰ ਲਈਏ। ਪਿਆਰ ਜਿੰਦਗੀ ਦਾ ਸਭ ਤੋਂ ਵੱਡਾ ਜ਼ਜ਼ਬਾ ਅਤੇ ਉਦਾਹਰਣ ਹੈ। ਇਹ ਨਾਵਲ ਪਿਆਰ ਦੀਆਂ ਵੀ ਭਰਪੂਰ ਵੰਨਗੀਆਂ ਪੇਸ਼ ਕਰਦਾ ਹੈ। ਹਰਨਾਮੀ ਦਾ ਦੁੱਲੇ, ਅਰਜਣ ਅਤੇ ਨਾਜਰ ਲਈ ਪਿਆਰ ਨਿਰੋਲ ਕਾਮ ਵਾਸ਼ਨਾ ਵਾਲਾ ਸਰੀਰਕ ਖਿੱਚ ਉੱਤੇ ਅਧਾਰਤ ਹੈ। ਹਰਨਾਮੀ ਹਰ ਨਵੇਂ ਆਸ਼ਕ ਉੱਤੇ ਮਰਦੀ ਹੈ ਅਤੇ ਪੁਰਾਣੇ ਨੂੰ ਲੱਤ ਮਾਰ ਜਾਂਦੀ ਹੈ। ਉਹ ਆਪਣੇ ਪਤੀ ਗਿੰਦਰ ਲਈ ਕਦੇ ਵੀ ਸੁਹਿਰਦ ਨਹੀਂ ਰਹੀ। ਹਰਨਾਮੀ ਦੇ ਪਿਆਰ ਵਿਚ ਸੁਰੂ ਤੋਂ ਹੀ ਤਬਾਹੀ ਦਾ ਲਹਿਜਾ ਹੈ। ਪੁਸ਼ਪਿੰਦਰ ਅਤੇ ਨਸੀਬ ਦਾ ਪਿਆਰ ਆਦਰਸ਼ਕ ਪਿਆਰ ਦੀ ਮਿਸਾਲ ਹੈ ਅਤੇ ਦੋਵੇਂ ਹਮ-ਉਮਰ ਅਤੇ ਹਮ-ਜਮਾਤੀ ਹਨ। ਨਸੀਬ ਵਿਚ ਨਿੱਕੀ ਜਾਤ ਦਾ ਹੋਣ ਦਾ ਅਹਿਸਾਸ ਤਾਂ ਹੈ, ਪਰ ਪੁਸ਼ਪਿੰਦਰ ਦੇ ਹੌਸਲੇ ਨਾਲ ਉਹ ਸੰਭਲ ਜਾਂਦਾ ਹੈ ਅਤੇ ਉਸ ਵਿਚ ਆਤਮ-ਵਿਸ਼ਵਾਸ਼ ਆ ਜਾਂਦਾ ਹੈ। ਹਰਿੰਦਰ ਅਤੇ ਪਦਮਾ ਦਾ ਪਿਆਰ ਹੀ ਸਫ਼ਲ ਪਿਆਰ ਵਿਆਹ ਵਿਚ ਬਦਲਦਾ ਹੈ।

‘ਕੋਠੇ ਖੜਕ ਸਿੰਘ’ ਯਥਾਰਥਵਾਦੀ ਸ਼ੈਲੀ ਦਾ ਨਾਵਲ ਹੈ, ਇਸ ਲਈ ਇਸ ਵਿਚ ਸਮੇਂ ਅਤੇ ਸਥਾਨ ਦੀ ਤਬਦੀਲੀ ਨੂੰ ਕਈ ਵੇਰਵਿਆਂ ਰਾਹੀਂ ਵਿਖਾਇਆ ਗਿਆ ਹੈ। ਇਹ ਵੇਰਵੇ ਇਤਨੇ ਢੁਕਵੇਂ ਅਤੇ ਸਹਿਜ ਹਨ ਕਿ ਗਲਪ ਸੱਚ ਦਾ ਭਰਮ ਪੈਦਾ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ। ਇਤਨਾ ਕਿ ਅਸੀਂ ਮੱਲੋ-ਮੱਲੀ ਇਸ ਦੀ ਗਿਰਫ਼ਤ ਵਿਚ ਆ ਜਾਂਦੇ ਹਾਂ। ਲੇਖਕ ਨੇ ਵਕਤ ਦੀ ਤਬਦੀਲੀ ਨੂੰ ਸਾਕਾਰ ਕਰਨ ਲਈ ਕੁਝ ਸੁਚੱਜੀਆਂ ਤਕਨੀਕਾਂ ਵਰਤੀਆਂ ਹਨ। ਮਿਸਾਲ ਵਜੋਂ ਅਸੀਂ ਵੇਖਦੇ ਹਾਂ ਕਿ ਜਿਓਂ-ਜਿਓਂ ਵਕਤ ਬਦਲਦਾ ਹੈ- ਸਮਾਜ ਵਿਚ ਪਹਿਰਵੇ, ਬੋਲੀ, ਚੀਜ਼ਾਂ ਅਤੇ ਬੰਦਿਆਂ ਦੇ ਨਾਵਾਂ, ਖਾਣ ਪੀਣ ਦੇ ਢੰਗਾਂ, ਸੋਚਣ ਦੀ ਸ਼ੈਲੀ, ਦਾਓ ਪੇਚਾਂ, ਘਰਾਂ ਕਿੱਤਿਆਂ, ਗਹਿਣਿਆਂ ਅਤੇ ਰਿਵਾਜਾਂ ਵਿਚ ਵੀ ਤਬਦੀਲੀ ਆ ਜਾਂਦੀ ਹੈ। ਇਸ ਤਬਦੀਲੀ ਨੂੰ ਲੇਖਕ ਨੇ ਗਲਪੀ ਚੁਸਤੀ ਨਾਲ ਬਿਆਨ ਕੀਤਾ ਹੈ। ਨਾਵਲ 1940 ਦੇ ਆਸ ਪਾਸ ਤੁਰਦਾ ਹੈ। ਝੰਡਾ ਸਿੰਘ ਪਹਿਲੀ ਪੀੜ੍ਹੀ ਨਾਲ ਸਬੰਧਤ ਹੈ ਅਤੇ ਇਵੇਂ ਹੀ ਹਰਨਾਮੀ , ਨਾਜਰ, ਪ੍ਰੀਤਮ, ਦੱਲਾ, ਮੱਲਣ, ਘੀਚਰ ਅਤੇ ਹੋਰ। ਇਸ ਪੀੜ੍ਹੀ ਦੇ ਲੋਕ ਸ਼ਰਾਬ ਪਿੱਤਲ ਦੇ ਗਲਾਸਾਂ,ਜਾਂ ਕੌਲੀਆਂ ਵਿਚ ਪੀਂਦੇ ਸਨ। ਵੱਡੇ ਮੂੰਹਾਂ ਵਾਲੀਆਂ ਮੋਟਰਾਂ ਵਿਚ ਸਫ਼ਰ ਕਰਦੇ ਸਨ। ਚਾਦਰੇ ਲਾਉਂਦੇ ਸਨ। ਪੱਗ ਦਾ ਲੜ ਮੂੰਹ ਜਾਂ ਹੱਥ ਪੂਝਣ ਲਈ ਵਰਤਦੇ ਸਨ। ਸ਼ਰਾਬ ਨਾਲ ਅਚਾਰ ਦੀ ਫਾੜੀ ਚੂਸਦੇ ਸਨ। ਫਿਰ ਪੰਜਾਹਵਿਆਂ ਵਿਚ ਦੂਸਰੀ ਪੀੜ੍ਹੀ ਆ ਗਈ। ਗੁਰਦਿੱਤ ਸਿੰਘ ਇਸ ਪੀੜ੍ਹੀ ਦੀ ਨੁਮਾਇੰਦਗੀ ਕਰਦਾ ਹੈ। ਹੁਣ ਰਿਵਾਜ ਬਦਲਣ ਲੱਗੇ। ਅੰਗਰੇਜ਼ ਹਾਕਮਾਂ ਦੀ ਥਾਂ ਕਾਲੀ ਚਮੜੀ ਵਾਲੇ ਆਪਣੇ ਹੀ ਵਿਚੋਂ ਆਏ ਲੋਕਾਂ ਨੇ ਲੈ ਲਈ। ਦਗਾ, ਫ਼ਰੇਬ ਕਰਨ ਵਾਲੇ ਚੌਧਰੀ ਬਣ ਗਏ। ਸ਼ਿਗਾਰਾ ਸਿੰਘ ਵਰਗੇ ਦੇਸ਼-ਧਰੋਹੀ ਚੇਅਰਮੈਨ ਬਣ ਗਏ। ਇਸ ਲਈ ਸਮਾਜ ਵਿਚ ਜਮਾਤੀ ਪਾਟ ਨਜ਼ਰ ਆਉਣ ਲੱਗਾ। ਲੁੱਟ-ਖਸੁੱਟ ਦੇ ਤਰੀਕੇ ਬਦਲਣ ਲੱਗੇ। ਭਾਬਾ ਪਰਾਗਦਾਸ ਦਾ ਡੇਰਾ ਟੂਣਿਆਂ, ਟੋਟਕਿਆਂ ਨਾਲ ਲੁੱਟਦਾ ਸੀ। ਹੁਣ ਲੁੱਟ ਦੇ ਏਜੰਟਾਂ ਵਿਚ ਸ਼ਾਸਨ ਵੀ ਸ਼ਾਮਿਲ ਹੋ ਗਿਆ। ਪੁਲਿਸ, ਪਟਵਾਰੀ, ਤਹਿਸੀਲਦਾਰ, ਐਮ ਐਲ ਏ, ਵਜ਼ੀਰ, ਬੈਂਕਾਂ ਦੇ ਮੈਨੇਜਰ ਨਵੀਆਂ ਚਾਲਾਂ ਅਤੇ ਪੈਂਤਰਿਆਂ ਨਾਲ ਲੋਕਾਂ ਨੂੰ ਲੁੱਟਣ ਲੱਗ ਪਏ। ਪਹਿਲਾਂ ਲੋਕ ਬਿਮਾਰੀ ਮੁਕੱਦਮੇਬਾਜ਼ੀ ਜਾਂ ਹੋਰ ਕਿਸੇ ਅਲਾਮਤ ‘ਤੇ ਕਰਜਾ ਲੈਂਦੇ ਸਨ, ਹੁਣ ਵਿਖਾਵੇ, ਵਿਆਹ ਸ਼ਾਦੀਆਂ ਵਿਚ ਦਹੇਜ ਅਤੇ ਫੋਕੀ ਸ਼ਾਨ ਲਈ ਕਰਜ਼ੇ ਲੈਣ ਲੱਗੇ। ਇਸ ਪੀੜ੍ਹੀ ਦੇ ਬੰਦਿਆਂ ਦੇ ਨਾਵਾਂ ਵਿਚ ਵੀ ਤਬਦੀਲੀ ਆ ਗਈ। ਝੰਡਾ ਸਿੰਘ, ਮੱਲਣ੍ਹ ਆਦਿ ਦੀ ਥਾਂ ਹੁਣ ਹਰਦਿੱਤ ਸਿੰਘ ਆਦਿ ਵਰਗੇ ਨਾਂ ਰੱਖੇ ਜਾਣ ਲੱਗ ਪਏ। ਸ਼ਰਾਬ ਟੇਬਲਾਂ ਉੱਤੇ ਕੱਚ ਦੇ ਗਲਾਸਾਂ ਵਿਚ ਪੀਤੀ ਜਾਣ ਲੱਗੀ। ਜੱਟ ਅਕਸਰ ਕਚਹਿਰੀਆਂ ਅਤੇ ਤਹਿਸੀਲਾਂ ਵਿਚ ਕਰਜ਼ੇ ਜਾਂ ਜ਼ਮੀਨ ਦੇ ਦੱਖਲ ਲਈ ਅਰਜੀਆਂ ਲਿਖਾਣ ਲਈ ਬੈਠੇ ਰਹਿੰਦੇ। ਸਕੂਲ ਆਮ ਖੁੱਲ੍ਹ ਗਏ, ਸੜਕਾਂ ਪੱਕੀਆਂ ਬਨਣ ਲੱਗੀਆਂ। ਤੀਜੀ ਪੀੜ੍ਹੀ ਵਿਚ ਜਿਸ ਦੀ ਨੁਮਾਇੰਦਗੀ ਹਰਿੰਦਰ ਅਤੇ ਪੁਸ਼ਪਿੰਦਰ ਕੌਰ ਕਰਦੇ ਹਨ, ਵਿਚ ਸਮਾਜ ਦੀ ਉਤਲੀ ਤਹਿ ਵਿਚ ਬਹੁਤ ਤਬਦੀਲੀਆਂ ਆ ਗਈਆਂ। ਪਹਿਲਾਂ ਮੁੱਲ ਜਾਂ ਵੱਟੇ ਦੇ ਵਿਆਹ ਹੁੰਦੇ ਸਨ ਅਤੇ ਬਹੁਤ ਸਾਰੇ ਵਿਆਹ ਉਧਾਲੇ ਵਜੋਂ ਹੋਂਦ ਵਿਚ ਆਉਂਦੇ ਸਨ ( ਹਰਨਾਮੀ ਦਾ ਜੇਲ੍ਹ ‘ਚੋਂ ਛੁੱਟਣ ਬਾਅਦ ਬੁਢੇ ਫੌਜੀ ਕੋਲ ਰਹਿਣਾ ਉਧਾਲੇ ਦਾ ਹੀ ਰੂਪ ਸੀ)। ਹੁਣ ਪੁੰਨ ਦੇ ਸਾਕ ਹੋਣ ਲੱਗੇ ਅਤੇ ਵਿਆਹ ਕੁੜੀ ਅਤੇ ਮੁੰਡੇ ਦੇ ਮਾਂ ਬਾਪ ਦੀ ਮਰਜ਼ੀ ਨਾਲ ਹੋਣ ਲੱਗੇ। ਤੀਜੀ ਪੀੜ੍ਹੀ ਜਿਹੜੀ ਨਾਵਲ ਵਿਚ ਸੱਠਵਿਆਂ ਤੋਂ ਸੱਤਰਵਿਆਂ ਤੀਕ ਫੈਲੀ ਹੋਈ ਹੈ , ਵਿਚ ਪਿਆਰ-ਵਿਆਹ ਦੀ ਪ੍ਰਥਾ ਚਾਲੂ ਹੋਈ (ਹਰਿੰਦਰ-ਪਦਮਾ, ਪੁਸ਼ਪਿੰਦਰ-ਨਸੀਬ)। ਹਰਿੰਦਰ ਅਤੇ ਪਦਮਾ ਕੋਰਟ ਮੈਰਜ ਕਰਾਉਂਦੇ ਹਨ। ਸੋ ਅਸੀਂ ਵੇਖਦੇ ਹਾਂ ਕਿ ਨਾਵਲ ਸਮੇਂ ਦੇ ਨਾਲ ਨਾਲ ਰਹਿੰਦਾ ਹੈ। ਇਸ ਦੇ ਵੇਰਵੇ ਸਮੇਂ ਦੀ ਚਾਲ ਪਰਗਟ ਕਰਦੇ ਹਨ।

ਇਸ ਨਾਵਲ ਦੇ ਲੇਖਕ ਨੂੰ ਇਹ ਸਹੂਲਤ ਹੈ ਕਿ ਉਸ ਨੇ ਨਾਵਲ ਦਾ ਘਟਨਾ ਸਥਾਨ ਆਪਣੀ ਜਿੰਦਗੀ ਨਾਲ ਮੇਲ ਖਾਂਦਾ ਹੀ ਚੁਣਿਆ ਹੈ। ਅਣਖੀ ਮਾਲਵੇ ਦੇ ਪਿੰਡਾਂ ਵਿਚ ਹੀ ਪਿਛਲੇ ਚਾਲੀ ਸਾਲਾਂ ਤੋਂ ਰਹਿੰਦਾ ਆ ਰਿਹਾ ਹੈ ਅਤੇ ਇਹੀ ਇਲਾਕਾ ਅਤੇ ਵਕਤ ਨਾਵਲ ਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਅਣਖੀ ਨੇ ਆਪਣਾ ਗਲਪ ਮਾਡਲ 19ਵੀਂ ਸਦੀ ਦੇ ਰੂਸੀ ਨਾਵਲਕਾਰਾਂ ਕੋਲੋਂ ਲਿਆ ਹੈ। ਇਹਨਾਂ ਨਾਵਲਾਂ ਵਾਂਗ ਹੀ ਇਸ ਵਿਚ ਬੇਲੋੜੇ ਵਿਸਥਾਰ ਹਨ ਜਿਹੜੇ ਮਹਿਜ਼ ਪੰਨਿਆਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਨਮਿੱਤ ਹੀ ਹਨ। ਲੇਖਕ ਦੀ ਦ੍ਰਿਸ਼ਟੀ ਵੀ ਉਹੀ 19ਵੀਂ ਸਦੀ ਦੇ ਗਲਪਕਾਰਾਂ ਵਾਲੀ ਹੈ। ਉਹ ਰੱਬ ਦੀ ਤਰ੍ਹਾਂ ਸਭ ਚੀਜਾਂ ਦਾ ਜਾਣੀਜਾਣ ਹੋ ਕੇ ਗੱਲ ਕਰਦਾ ਹੈ। ਬ੍ਰਹਿਮੰਡੀ ਨੀਝ (ਪ੍ਰੈਸਕਟਿਵ) ਦੀ ਤਕਨੀਕ ਦਾ ਇਹ ਦੁਖਾਂਤ ਹੈ ਕਿ ਲੇਖਕ ਨੂੰ ਆਪ-ਹੁੱਦਰੀਆਂ ਕਰਨ ਤੋਂ ਨਹੀਂ ਰੋਕ ਸਕਦੀ। ਅਜੇਹੇ ਨਾਵਲ ਵਿਚ ਲੇਖਕ ਪੈਰ ਪਸਾਰ ਕੇ ਬੈਠਾ ਹੁੰਦਾ ਹੈ ਅਤੇ ਉਹ ਵੀ ਕਿਸੇ ਉੱਚੀ ਥਾਂ। 
ਇਹ ਸ਼ੈਲੀ ਮਾਨਸਿਕ ਤਨਾਵਾਂ, ਦਵੰਧਾਂ, ਅੰਤਰੀਵੀ ਭਾਵਾਂ ਦੀ ਯੋਗ ਵਰਤੋਂ ਨਹੀਂ ਕਰਨ ਦਿੰਦੀ। ਜਦ ਤੀਕ ਕਿਸੇ ਨਾਵਲ ਵਿਚ ਤੋਰ ਕਿਸੇ ਪਾਤਰ ਦੇ ਹੱਥ ਵਿਚ ਨਹੀਂ , ਤਦ ਤੀਕ ਉਹ ਯਥਾਰਤ ਨੂੰ ਉਸਦੀ ਬਹੁ-ਦਿਸ਼ਾਵੀ ਸ਼ਕਲ ਵਿਚ ਨਹੀਂ ਪਕੜ ਸਕੀ ਇਸ ਤੋਂ ਅੱਛਾ ਹੁੰਦਾ ਅਗਰ ਉਹ ਨਾਵਲੀ ਤੋਰ ਇਕ ਤੋਂ ਵੱਧ ਪਾਤਰਾਂ ਦੇ ਹੱਥ ਵਿਚ ਦੇ ਦਿੰਦਾ, ਜਿਸ ਤਰ੍ਹਾਂ ਅਜੋਕੇ ਨਾਵਲਿਸਟ ਕਰਦੇ ਹਨ ਜਿਹਨਾਂ ਦੀ ਭਰਵੀਂ ਮਿਸਾਲ ਹੈਮਿੰਗਵੇ ਵਿਚ ਮਿਲਦੀ ਹੈ। ਉੱਤਮ-ਪੁਰਖ ਵਿਚ ਵੀ ਇਹ ਨਾਵਲ ਹੋਰ ਵੀ ਅੱਛਾ ਲਿਖਿਆ ਜਾ ਸਕਦਾ ਸੀ। ਬਹਰਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਗਲਪੀ-ਤਕਨੀਕ ਦੇ ਮਸਲੇ ਵਿਚ ਅਤੇ ਸਮਾਜਕ ਗੁੰਝਲਾਂ ਦੇ ਨਿਰਵਸਤਰੀਕਰਨ ਵਿਚ ਲੇਖਕ ਪੂਰਨ ਰੂਪ ਵਿਚ ਸਮੇਂ ਦੇ ਹਾਣ ਦਾ ਨਹੀਂ।

ਲੇਖਕ ਅਚੇਤੇ ਹੀ ਇਹ ਸਮਝਦਾ ਪ੍ਰਤੀਤ ਹੁੰਦਾ ਹੈ ਕਿ ਯਥਾਰਥ ਕੋਈ ਪ੍ਰਚਲਤ ਇਤਿਹਾਸ ਵਰਗੀ ਚੀਜ਼ ਹੁੰਦੀ ਹੈ। ਉਹ ਘਟਨਾਵਾਂ ਦੀ ਤਹਿ ਥੱਲੇ ਲੁਕੇ ਹੋਰ ਕਾਰਨਾਂ ਵੱਲ ਨਹੀਂ ਜਾਂਦਾ। ਉਹ ਘਟਨਾਵਾਂ ਨੂੰ ਪੇਸ਼ ਤਾਂ ਕਰਦਾ ਹੈ ਅਤੇ ਇਸ ਨਾਲ ਦ੍ਰਿਸ਼ਟਤ ਹੁੰਦੇ ਯਥਾਰਤ ਨੂੰ ਵੀ, ਪਰ ਉਹ ਇਸ ਯਥਾਰਥ ਨੂੰ ਪੜ੍ਹਣ ਦਾ ਯਤਨ ਨਹੀਂ ਕਰਦਾ। ਉਹ ਇਸ ਨੂੰ ਬਗ਼ੈਰ ਪੜ੍ਹਣ ਤੋਂ ਜਿਵੇਂ ਦਾ ਕਿਵੇਂ ਮੰਨ ਲੈਣ ਦਾ ਦੋਸ਼ੀ ਹੈ। ਸੰਖੇਪ ਵਿਚ ਉਹ ਇਤਿਹਾਸ ਦਾ ਵਿਚਾਰਧਾਰਕ ਬੋਧ ਪੇਸ਼ ਨਹੀਂ ਕਰਦਾ।

ਚੈਕੋਸਲੇਵਾਕੀਆ ਦੀ ਆਜੋਕੀ ਆਲੋਚਨਾ ਪ੍ਰਣਾਲੀ ਦਾ ਮੁੱਖ ਵਕਤਾ, ਮੁਕਾਰੋਵਸਕੀ ਸਾਹਿਤ ਦਾ ਮੰਤਵ ਯਥਾਰਥ ਦਾ ਚੋਣਵਾਂ ਭਾਗ ਫੋਕਸ ਕਰ ਕੇ ਸਾਹਮਣੇ ਲਿਆਉਣਾ ਦੱਸਦਾ ਹੈ। ਉਹ ਇਸ ਨੂੰ ਫੋਰਗਰਾਊਂਡਿੰਗ ਦਾ ਸਿਧਾਂਤ ਕਹਿੰਦਾ ਹੈ। ਇਹ ਸਿਧਾਂਤ ਕੈਮਰੇ ਦੀ ਵਰਤੋਂ ਵਿਚੋਂ ਆਇਆ ਹੈ ਅਤੇ ਕਈ ਇਸ ਨੂੰ ਸਿੱਧਾ ਕੈਮਰੇ ਨਾਲ ਜੋੜਦੇ ਹਨ। ਰੋਲਾਂ ਬਾਰਤ ਦਾ ਕੈਮਰਾ-ਲਸੂਅਡਾ ਅਤੇ ਕੈਮਰਾ-ਐਬਸਕੂਅਰਾ ਦਾ ਸਕੰਲਪ ਵੀ ਕੁਝ ਅਜੇਹਾ ਹੀ ਹੈ। ਇਸ ਨਿਯਮ ਉੱਤੇ ਜਦ ਅਸੀਂ ਅਣਖੀ ਦੇ ਇਸ ਨਾਵਲ ਨੂੰ ਪਰਖਦੇ ਹਾਂ ਤਾਂ ਵੇਖਦੇ ਹਾਂ ਕਿ ਇਸ ਵਿਚ ਲੇਖਕ ਇਹ ਨਿਰਣਾ ਨਹੀਂ ਕਰ ਸਕਿਆ ਕਿ ਉਸ ਨੇ ਸਮਾਜ ਦੇ ਯਥਾਰਥ ਦਾ ਕਿਹੜਾ ਹਿੱਸਾ ਮੂਹਰੇ ਲਿਆਉਣਾ ਹੈ, ਕੈਮਰੇ ਦੀ ਅੱਖ ਦੇ ਸਾਹਮਣੇ ਅਤੇ ਫਰੇਮ ਵਿਚ। ਉਹ ਇਹ ਤਦ ਹੀ ਕਰ ਸਕਦਾ ਸੀ ਜੇਕਰ ਉਸ ਪਾਸ ਯਥਾਰਥ ਨੂੰ ਚਿਤਰਣ ਦੀ ਸਮਰੱਥਾ ਹਾਸਿਲ ਹੁੰਦੀ। ਇਹ ਹੀ ਕਾਰਣ ਹੈ ਕਿ ਲੇਖਕ ਦੀ ਹਮਦਰਦੀ ਦੇ ਬਾਵਜ਼ੂਦ ਬਲਕਾਰ, ਪੁਸ਼ਪਿੰਦਰ, ਹਰਿੰਦਰ ਆਦਿ ਦੇ ਪਾਤਰ ਜੰਮ ਨਹੀਂ ਸਕੇ। ਇਹ ਪਾਤਰ ਕਾਠ ਦੇ ਬਣ ਕੇ ਰਹਿ ਗਏ ਹਨ, ਲਹੂ-ਮਾਸ ਦੇ ਨਹੀਂ। ਕੇਵਲ ਲੇਖਕ ਦੇ ਵਿਚਾਰਾਂ ਦੇ ਹੱਥ-ਠੋਕੇ ਬਣ ਕੇ। ਗੋਰਕੀ ਦਾ ਪਾਤਰ ਪਵੇਲ – ਨਾਵਲ ਵਿਚ ਜੀਉਂਦਾ ਜਾਗਦਾ ਹੈ, ਕੋਠੇ ਖੜਕ ਸਿੰਘ ਦਾ ਬਲਕਾਰ ਪਾਤਰ ਦੇ ਤੌਰ ‘ਤੇ ਕਦੇ ਵੀ ਜਿਊਂਦਾ ਨਹੀਂ ਸੀ। ਇਹੀ ਕਾਰਣ ਹੈ ਕਿ ਉਸ ਨੂੰ ਜੀਣ ਲਈ ਆਪਣੀ ਜਾਨ ਦੀ ਬਲੀ ਦੇਣੀ ਪਈ। ਜੇਕਰ ਅਣਖੀ ਇਹਨਾਂ ਪਾਤਰਾਂ ਨਾਲ ਇਨਸਾਫ ਨਹੀਂ ਸੀ ਕਰ ਸਕਦਾ ਤਾਂ ਫਿਰ ਉਸ ਨੂੰ ਇਹ ਕਰਨ ਦਾ ਝਉਲਾ ਵੀ ਨਹੀਂ ਸੀ ਦੇਣਾ ਚਾਹੀਦਾ। ਦਰਅਸਲ ਅਣਖੀ ਆਪਣੇ ਇਹਨਾਂ ਪਾਤਰਾਂ ‘ਤੇ ਦਿਸ਼ਾਹੀਨਤਾ ਦਾ ਦੋਸ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਇਸੇ ਹਿੱਤ ਵਿਚ ਉਸ ਦਾ ਇਸ ਨਾਵਲ ਵਿਚ ਇਨਕਲਾਬੀ ਲਹਿਰ ਦਾ ਜ਼ਿਕਰ ਹੈ, ਵਹਿਮਾਂ ਭਰਮਾਂ ਵਿਰੁੱਧ ਲਿਖੀਆਂ ਕਿਤਾਬਾਂ, ਪ੍ਰਗਤੀਵਾਦੀ ਰੂਸੀ ਨਾਵਲਾਂ, ਯੂਰਪੀ ਨਾਟਕਾਂ ਅਤੇ ਪੰਜਾਬੀ ਦੇ ਇਕ ਦੋ ਪ੍ਰਗਤੀਵਾਦੀ ਲੇਖਕਾਂ ਅਤੇ ਨਾਟਕ-ਨਿਰਦੇਸ਼ਕਾਂ ਦਾ ਜ਼ਿਕਰ ਹੈ। ਅਣਖੀ ਨੇ ਦਿਸ਼ਾਹੀਨਤਾ ਦਾ ਆਰੋਪ ਤਾਂ ਰੋਕ ਲਿਆ ਹੈ ਪਰ ਇਸ ਦੇ ਫਲਸਰੂਪ ਇਕ ਹੋਰ ਵੱਡਾ ਦੋਸ਼ ਆਪਣੇ ਨਾਵਲ ‘ਤੇ ਮੜ੍ਹ ਹੋਣ ਲੈਣ ਦਿੱਤਾ ਹੈ – ਇਹ ਹੈ ਇਸ ਨਾਵਲ ਨੂੰ ਇੰਨੀ ਵੱਡੀ ਸਕੇਲ ‘ਤੇ ਲਿਖਣ ਦਾ ਦੋਸ਼ ਜਦ ਕਿ ਕਹਿਣ ਵਾਲੀ ਗੱਲ ਨਿੱਕੇ ਨਾਵਲ ਤੋਂ ਵੀ ਨਿੱਕੀ ਕਹੀ ਜਾ ਸਕਦੀ ਹੈ।
‘ਜੰਗ ਅਤੇ ਅਮਨ’ ਵਿਚ 580 ਪਾਤਰ ਹਨ -ਪਰ ਤਾਲਸਤਾਏ ਦੇ ਇਹ ਸਾਰੇ ਪਾਤਰ ਆਪਣੀ ਰੂਹ ਅਤੇ ਹੋਣੀ ਰਖਦੇ ਹਨ। ਤੁਸੀਂ ਇਹਨਾਂ ਨੂੰ ਪਛਾਣ ਸਕਦੇ ਹੋ, ਅਣਖੀ ਦੇ ਕੋਈ 60 ਕੁ ਪਾਤਰਾਂ ਵਿਚੋਂ ਜਿਹੜੇ ਉਸ ਇਸ ਨਾਵਲ ਵਿਚ ਦਿੱਤੇ ਹਨ, ਤੁਸੀਂ ਕੇਵਲ ਉਹਨਾਂ ਨੂੰ ਹੀ ਪਛਾਣ ਸਕਦੇ ਹੋ , ਜਿੰਨ੍ਹਾਂ ਦੀ ਪਛਾਣ ਹਿੱਤ ਅਣਖੀ ਨੇ ਕੋਈ ਜ਼ਾਹਰਾ ਉਪਰਾਲਾ ਨਹੀਂ ਕੀਤਾ। ਇਹ ਪਾਤਰ ਨਾਵਲ ਦੀ ਗੋਂਦ ਵਿਚ ਸ਼ਾਮਿਲ ਨਹੀਂ ਹਨ – ਮਹਿਜ਼ ਇਤਫਾਕਨ ਆ ਗਏ ਹਨ- ਵਿਸਥਾਰ ਵਜੋਂ ਅਤੇ ਵੇਰਵੇ ਪੈਦਾ ਕਰਨ ਦੇ ਵਸੀਲੇ ਵਜੋਂ। ਇਹਨਾਂ ਵਿਚ ਫੌਜੀ ਪੈਨਸ਼ਨੀਏ, ਬੁੱਢੀਆਂ ਮਾਵਾਂ ਅਤੇ ਬਾਪ ਅਤੇ ਲਫੰਡਰ ਕਿਸਮ ਦੇ ਬੰਦੇ ਆਉਂਦੇ ਹਨ। ਇਹਨਾਂ ਦਾ ਕੋਈ ਬੋਲ ਨਹੀਂ ਹੈ, ਫਿਰ ਵੀ ਇਹ ਨਾਵਲ ਨੂੰ ਜਿੰਦਗੀ ਬਖ਼ਸ਼ਦੇ ਹਨ, ਖਿਲਾਅ ਨੂੰ ਆਪਣੀ ਸੰਖੇਪ ਹਾਜ਼ਰੀ ਨਾਲ ਭਰਦੇ ਹਨ। ਕੇਵਲ ਪਰੋਫੈਸਰ ਸੱਜਣ ਸਿੰਘ ਦੀ ਪਾਤਰ-ਉਸਾਰੀ ਹੀ ਠੀਕ ਲੀਹਾਂ ਤੇ ਹੋਈ ਹੈ। ਨਾਵਲ ਦੇ ਅਖੀਰਲੇ ਕੁਝ ਸਫ਼ਿਆਂ ਵਿਚ ਅਣਖੀ ਨੇ ਕੁਝ ਗਲਪਨਿਕ ਚੁਸਤੀ ਵਿਖਾਈ ਹੈ। ਉਸ ਨੇ ਬਦਲਦੇ ਪਿੰਡ ਦਾ ਜ਼ਿਕਰ ਕੀਤਾ ਹੈ। ਪਰਾਗਦਾਸ ਦਾ ਡੇਰਾ ਢੱਠ ਚੁੱਕਾ ਹੈ ( ਇਸ ਦਾ ਭਾਵ ਹੈ ਪਿੰਡ ਵਿਚੋਂ ਵਹਿਮ-ਭਰਮ ਭੂਤ-ਪ੍ਰੇਤ ਖ਼ਤਮ ਹੋ ਚੁੱਕੇ ਹਨ) ਅਤੇ ਹੁਣ ਨੌਜਵਾਨ ਨਾਟ ਮੰਡਲੀ ਡਰਾਮੇ ਖੇਡਦੀ ਹੈ – ਬਲਕਾਰ ਸਿੰਘ ਟਰੱਸਟ ਵਲੋਂ ਅਗਾਹਵਧੂ ਸਾਹਿਤ ਦੀ ਲਾਇਬਰੇਰੀ ਖੁੱਲ੍ਹ ਚੁੱਕੀ ਹੈ ਆਦਿ। ਪਰ ਇਹ ਤਾਂ ਇਕ ਪਹਿਲੂ ਹੈ ਆਉਣ ਵਾਲੀ ਜਾਂ ਆ ਚੁੱਕੀ ਤਬਦੀਲੀ ਦਾ। ਪਰ ਪਿੰਡ ਕੀ ਸਚੀਂ ਮੁੱਚੀਂ ਬਦਲ ਗਿਆ ਹੈ? ਕੀ ਅਜੇ ਵੀ ਪਿੰਡਾਂ ਵਿਚ ਉਹੀ ਸ਼ਰੀਕੇਦਾਰੀ, ਲੱਕ ਤੋੜਵੇਂ ਕਰਜ਼ੇ, ਵਖਾਵਾਕਾਰੀ, ਪੁਲਿਸ ਦੀ ਅਰਾਜਕਤਾ, ਲੁੱਟ-ਖਸੁੱਟ, ਵਹਿਮਪ੍ਰਸਤੀ ਜਿਓਂ ਦੀ ਤਿਓਂ ਨਹੀਂ? ਕੇਵਲ ਚੀਜ਼ਾਂ ਦੀ ਬਾਹਰਲੀ ਦਿੱਖ ਬਦਲ ਗਈ ਹੈ। ਬਾਕੀ ਸਭ ਕੁਝ ਉਵੇਂ ਦਾ ਉਵੇਂ ਹੀ ਹੈ। ਹਾਂ ਬਾਹਰ ਦੀ ਪੋਚਾ-ਪਾਚੀ ਤਬਦੀਲੀ ਦਾ ਝਉਲਾ ਜ਼ਰੂਰ ਦਿੰਦੀ ਹੈ। ਕੋਠੇ ਖੜਕ ਸਿੰਘ ਭਾਵੇਂ ਬਦਲਿਆ ਹੈ ਜਾਂ ਨਹੀਂ, ਪਰ ਇਹ ਨਾਵਲ ਇਕ ਤਾਂਘ ਜ਼ਰੂਰ ਪੈਦਾ ਕਰ ਗਿਆ ਹੈ। ‘ਕੋਠੇ ਖੜਕ ਸਿੰਘ’ ਨੂੰ ਹੁਣ ਬਦਲਣਾ ਹੀ ਹੋਵੇਗਾ! 
ਅਣਖੀ ਨੂੰ ਮੈਂ ਸਭ ਤੋਂ ਪਹਿਲਾਂ ਕਸ਼ਮੀਰ ਦੀ ਵਾਦੀ ਵਿਚ ਸ਼ਿਰੀਨਗਰ ਮਿਲਿਆਂ ਸਾਂ, 1981 ਵਿਚ। ਹਲਵਾਰਵੀ, ਉਹ ਅਤੇ ਮੈਂ ਉੱਥੇ ਇਕ ਸਾਹਿਤਕ ਇਕੱਠ ‘ਤੇ ਗਏ ਸਾਂ। ਜਦ ਉਹ ਸਾਡੇ ਹੋਸਟਲ ਵਿਚ ਆਪਣਾ ਸਾਮਾਨ ਚੁੱਕੀ ਆਇਆ ਤਾਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਸੀ। ਮੋਢੇ ਉੱਤੇ ਕਪੜਿਆਂ ਵਾਲੀ ਅਟੈਚੀ ਚੁੱਕੀ ਹੋਈ, ਭਾਰ ਨਾਲ ਦੱਬੀ ਹੋਈ ਪੱਗ, ਸਾਈਜ਼ ਤੋਂ ਕੁਝ ਕੁ ਵੱਡੇ ਜਾਪਦੇ ਤਸਮੇਦਾਰ ਬੂਟ, ਖੁਰਚੀ ਹੋਈ ਦਾਹੜੀ, ਮੋਟੇ ਠੁੱਲ੍ਹੇ ਬੁੱਲ, ਬਿਆਈਆਂ ਵਾਲੇ ਹੱਥ ਅਤੇ ਅਫੀਮੀ ਅੱਖਾਂ। ਮੈਨੂੰ ਉਹ ਗਰੀਬ ਜੱਟ ਵਾਂਗ ਲੱਗਾ , ਜਿਹੜਾ ਨਾਨਕੀ ਛੱਕ ਚੁੱਕੀ ਕਿਸੇ ਨੇੜੇ ਦੇ ਪਿੰਡ ਜਾ ਰਿਹਾ ਹੋਵੇ ਅੱਜ ਇਸ ਨਾਵਲ ਨੂੰ ਪੜ੍ਹ ਕੇ ਮੈਨੂੰ ਲੱਗਾ ਹੈ ਕਿ ਉਹ ਸੱਚੀਂ-ਮੁੱਚੀਂ ਪੰਜਾਬ ਦੀ ਪੇਂਡੂ ਸੰਸਕ੍ਰਿਤੀ ਦੀ ਨਾਨਕੀ ਛੱਕ ਚੁੱਕੀ ਫਿਰਦਾ ਹੈ – ਨਾਵਲ ਦਰ ਨਾਵਲ ਅਤੇ ਕਹਾਣੀ ਦਰ ਕਹਾਣੀ ਅਤੇ ਪਾਤਰ ਦਰ ਪਾਤਰ । ਦੱਖਣੀ ਭਾਰਤ ਵਿਚ ਆਰ ਕੇ ਨਰਾਇਣ ਨੇ ਇਕ ਕਲਪਿਤ ਕਸਬਾ ਆਪਣੇ ਨਾਵਲਾਂ ਦੀ ਪਿੱਠ-ਭੂਮੀ ਵਜੋਂ ਵਸਾਇਆ ਸੀ ਜਿਸ ਦਾ ਨਾਂ ਹੈ ‘ਮਾਲਗੂਦੀ’। ਅੱਜ ਭਾਰਤ ਦੇ ਹੀ ਉੱਤਰ ਵਿਚ, ਭਾਵ ਪੰਜਾਬ ਵਿਚ ਇਕ ਹੋਰ ਮਾਲਗੂਦੀ ਵੱਸ ਗਈ ਹੈ – ‘ਕੋਠੇ ਖੜਕ ਸਿੰਘ’।
-ਗੁਰਦੇਵ ਚੌਹਾਨ, ਟਰੈਂਟੌਨ, ਓਨਟਾਰੀਉ
(ਲ਼ੋਅ-ਫਰਵਰੀ 1986)

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com