ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਖ਼ਤ। Half Letter of Amrita | Part-1

ਅੰਮ੍ਰਿਤਾ ਪ੍ਰੀਤਮ: ਤਲਬ, ਮੁਹੱਬਤ ਤੇ ਮਾਰਫ਼ਤ ਦੀ ਜ਼ਮੀਨ

ਯਾਦਵਿੰਦਰ ਸਿੰਘ

ਕਿਸੇ ਸਾਹਿਤਕਾਰ ਦਾ ਨਿੱਜ ਜਦੋਂ ਉਸਦੀ ਲਿਖਤ ਤੋਂ ਵੱਧ ਮਕਬੂਲ ਹੋ ਜਾਵੇ ਤਾਂ ਅਕਸਰ ਉਸਦੀ ਰਚਨਾ ਬਾਰੇ ਹੋਣ ਵਾਲੀ ਗੱਲਬਾਤ ਉਸਦੇ ਜੀਵਨ ਵੇਰਵਿਆਂ ਦੀ ਮੁਥ੍ਹਾਜ ਹੋ ਕੇ ਰਹਿ ਜਾਂਦੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਬਾਰੇ ਹੋਣ ਵਾਲੀ ਚਰਚਾ ਨਾਲ ਵੀ ਕੁਝ ਇਸ ਤਰ੍ਹਾਂ ਹੀ ਵਾਪਰਿਆ। ਸ਼ਖ਼ਸੀ ਅੰਤਰ-ਦਵੰਦਾਂ ਨੂੰ ਅਧਾਰ ਬਣਾ ਕੇ ਕੀਤੀ ਇਹ ਸਮੀਖਿਆ ਅੰਮ੍ਰਿਤਾ ਦੀ ਲਿਖਤ ਨੂੰ ਪ੍ਰਸ਼ੰਸਾ/ਨਿੰਦਾ ਦੇ ਬਣੇ-ਬਣਾਏ ਚੌਖਟਿਆਂ ਵਿਚ ਰੱਖ ਕੇ ਦੇਖਦੀ ਹੈ। ਉਸਦੇ ਪ੍ਰਸ਼ੰਸਕਾਂ ਤੇ ਆਲੋਚਕਾਂ ਦੋਵਾਂ ਦਾ ਬੁਨਿਆਦੀ ਮਾਡਲ ਇਕੋ ਜਿਹਾ ਹੈ। ਦੋਵੇਂ ਧਿਰਾਂ ਆਪੋ-ਆਪਣੇ ਨੈਤਿਕ ਨੁਕਤਾ-ਨਿਗਾਹ ਤੋਂ ਅੰਮ੍ਰਿਤਾ ਦੇ ਸਾਹਿਤ ਬਾਰੇ ਤਬਸਰਾ ਕਰਦੀਆਂ ਹਨ। ਉਸਦੀ ਸਿਰਜਣਾ ਬਾਰੇ ਮਿਲਦੀ ਸਮੀਖਿਆ ਤੇ ਉਸਦਾ ਸ਼ਖ਼ਸੀ ਬਿੰਬ ਇਸ ਕਦਰ ਹਾਵੀ ਹੈ ਕਿ ਇਹਨਾਂ ਵੇਰਵਿਆਂ ਸਾਹਵੇਂ ਉਸਦੀ ਰਚਨਾ ਗੌਣ ਹੋ ਜਾਂਦੀ ਹੈ।

ਇਸਦਾ ਇਕ ਕਾਰਨ ਪੰਜਾਬੀ ਸਾਹਿਤ ਆਲੋਚਨਾ ਦਾ ਟਿੱਪਣੀਮੂਲਕ ਸੁਭਾਅ ਹੈ। ਪੰਜਾਬੀ ਸਾਹਿਤ ਅਧਿਐਨ ਦੀ ਬੁਨਿਆਦ ਨੈਤਿਕਤਾ ਦੀ ਕਸਵੱਟੀ ਤੇ ਟਿਕੀ ਹੈ। ਆਲੋਚਕ ਆਪਣੇ ਅਵਚੇਤਨ ਵਿਚ ਰੂੜ੍ਹ ਹੋਈ ਨੈਤਿਕਤਾ ਨੂੰ ਅਧਾਰ ਬਣਾ ਕੇ ਕਿਸੇ ਸਾਹਿਤਕ ਲਿਖਤ ਜਾਂ ਸਾਹਿਤਕਾਰ ਬਾਰੇ ਟਿੱਪਣੀਆ ਕਰਦਾ ਹੈ ਅਤੇ ਇਹ ਟਿੱਪਣੀਆਂ ਸਾਹਿਤ ਸਮੀਖਿਆ ਦਾ ਦਰਜਾ ਹਾਸਲ ਕਰ ਲੈਂਦੀਆਂ ਹਨ।

ਬੇਸ਼ੱਕ, ਲਿਖਤ ਨੂੰ ਲੇਖਕ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਪਰ ਹਰ ਲਿਖਤ ਦਾ ਬਾਹਰੀ ਸੰਸਾਰ ਨਾਲ ਵੀ ਇਕ ਰਿਸ਼ਤਾ ਬਣਦਾ ਹੈ। ਇਹ ਸੰਸਾਰ ਆਪਣੇ ਆਪ ਵਿਚ ਕਿਸੇ ਖ਼ੁਦਮੁਖ਼ਤਿਆਰ ਅਰਥਾਂ ਦਾ ਧਾਰਨੀ ਨਹੀਂ ਹੁੰਦਾ। ਲੇਖਕ ਦਾ ਨਜ਼ਰੀਆ ਉਸਦੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਅਰਥਾਂ ਦੇ ਘੇਰੇ ਵਿਚ ਲਿਆਉਂਦਾ ਹੈ। ਇਸ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਬਾਹਰੀ ਜਗਤ ਨਾਲ ਆਪਣੀ ਇਸ ਕਸ਼ਮਕਸ਼ ਵਿਚ ਲੇਖਕ ਆਪਣੇ ਸਵੈ ਨੂੰ ਕਿਵੇਂ ਘੜਦਾ ਹੈ। ਦੂਜੇ ਪਾਸੇ ਇਹ ਸਮਝਣਾ ਵੀ ਅਹਿਮ ਹੈ ਕਿ ਲੇਖਕ ਦਾ ਸਵੈ ਬਿੰਬ ਉਸਦੀ ਸਿਰਜਣਾ ਦੇ ਸੰਸਾਰ ਨਾਲ ਕਿਵੇਂ ਜੁੜਿਆ ਹੈ।

ਅੰਮ੍ਰਿਤਾ ਦੇ ਹਵਾਲੇ ਨਾਲ ਇਹ ਮਜ਼ਮੂਨ ਉਨ੍ਹਾਂ ਬੁਨਿਆਦੀ ਸਵਾਲਾਂ ਨੂੰ ਮੁਖ਼ਾਤਬ ਹੈ, ਜਿਹੜੇ ਲੇਖਕ ਤੇ ਉਸਦੀ ਲਿਖਤ ਵਿਚਲੀ ਕਸ਼ਮਕਸ਼ ਦੀ ਜ਼ਮੀਨ ਬਣਦੇ ਹਨ। ਇਸ ਮਜ਼ਮੂਨ ਦਾ ਸਫ਼ਰ ਉਲਟੇ ਰੁਖ਼ ਹੈ। ਇਸ ਵਿਚ ਅੰਮ੍ਰਿਤਾ ਦੇ ਨਿੱਜੀ ਜੀਵਨ ਨੂੰ ਅਧਾਰ ਬਣਾ ਕੇ ਉਸਦੀ ਲਿਖਤ ਬਾਰੇ ਕੋਈ ਟਿੱਪਣੀ ਕਰਨ ਦੀ ਥਾਂ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਮਜ਼ਮੂਨ ਦਾ ਮਕਸਦ ਅੰਮ੍ਰਿਤਾ ਦੇ ਸਵੈ ਅਤੇ ਉਸਦੀ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ। ਇਸ ਲਈ ਗੱਲ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਅੰਮ੍ਰਿਤਾ ਆਪਣੀ ਲਿਖਤ ਦੀ ਬਣਤਰ ਬਾਰੇ ਖ਼ੁਦ ਕੁਝ ਕਹਿੰਦੀ ਹੈ। ਆਪਣੀ ਇਕ ਨਜ਼ਮ ਵਿਚ ਅੰਮ੍ਰਿਤਾ ਆਪਣੀ ਸਵੈ ਅਤੇ ਸਿਰਜਣਾ ਦੀ ਬਣਤਰ ਨੂੰ ਮੁਖ਼ਾਤਬ ਹੁੰਦੀ ਹੈ-

ਮੇਰੇ ਮਹਿਬੂਬ, ਮੇਰੇ ਤਸੱਵਰ
ਮੇਰੀ ਸਾਰੀ ਜ਼ਿੰਦਗੀ ਮੈਨੂੰ ਇੰਝ ਜਾਪਦੀ ਹੈ
ਜਿਵੇਂ ਮੈਂ ਤੇਰੇ ਵੱਲ ਇਕ ਖ਼ਤ ਲਿਖਿਆ ਹੋਵੇ
ਮੇਰੇ ਦਿਲ ਦੀ ਹਰ ਧੜਕਣ ਇਕ ਹਰਫ਼ ਹੈ
ਮੇਰਾ ਹਰ ਸਾਹ ਜਿਵੇਂ ਕੋਈ ਲਗ-ਮਾਤਰ
ਹਰ ਦਿਨ ਜਿਵੇਂ ਇਕ ਫ਼ਿਕਰਾ
ਤੇ ਸਾਰੀ ਜ਼ਿੰਦਗੀ ਇਕ ਖ਼ਤ
ਜੇ ਇਹ ਖ਼ਤ ਤੇਰੇ ਤੱਕ ਪਹੁੰਚ ਜਾਂਦਾ
ਮੈਨੂੰ ਕਿਸੇ ਵੀ ਬੋਲੀ ਦੇ ਲਫ਼ਜ਼ਾਂ ਦੀ ਮੁਹਤਾਜੀ ਨਾ ਹੁੰਦੀ
ਪਰ ਕਿਸੇ ਵੀ ਬੋਲੀ ਨੂੰ ਅੱਜ ਤੱਕ
ਖ਼ਿਆਲਾਂ ਨਾਲ ਇਹੋ ਜਿਹੀ ਮੁਹੱਬਤ ਨਹੀਂ ਹੋਈ
ਕਿ ਇਹ ਸਾਰਾ ਖ਼ਤ ਲਿਖਿਆ ਜਾ ਸਕੇ
ਇਹੋ ਮੁਹਤਾਜੀ ਕਰ-ਕਰ ਕੇ
ਮੈਂ ਜਿੰਨੀਆਂ ਵੀ ਨਜ਼ਮਾਂ ਲਿਖੀਆਂ
ਜਿੰਨੀਆਂ ਵੀ ਕਹਾਣੀਆਂ, ਜਿੰਨੇ ਵੀ ਨਾਵਲ
ਉਹ ਸਾਰੇ ਮੈਨੂੰ ਇਸ ਖ਼ਤ ਦੇ ਕੁਝ ਫ਼ਿਕਰੇ ਜਾਪਦੇ ਹਨ
ਪਰ ਸਾਰਾ ਖ਼ਤ ਨਹੀਂ

ਇਸ ਨਜ਼ਮ ਨੂੰ ਅੰਮ੍ਰਿਤਾ ਦੇ ਆਪਣੀ ਲਿਖਤ ਬਾਰੇ ਦਿੱਤੇ ਇਕਬਾਲੀਆ ਬਿਆਨ ਵੱਜੋਂ ਪੜ੍ਹਿਆ ਜਾ ਸਕਦਾ ਹੈ। ਜਾਂ ਕਹੀਏ ਕਿ ਇਹ ਨਜ਼ਮ ਅੰਮ੍ਰਿਤਾ ਦੀ ਰਚਨਾ ਵਿਚ ਪ੍ਰਵੇਸ਼ ਕਰਨ ਦੀ ਚੋਰ-ਮੋਰ੍ਹੀ ਹੈ। ਇਸ ਨਜ਼ਮ ਵਿਚ ਅੰਮ੍ਰਿਤਾ ਜਿੱਥੇ ਆਪਣੇ ਸਵੈ ਦੀ ਬਣਤਰ ਨੂੰ ਉਲੀਕਦੀ ਹੈ, ਉਥੇ ਬਾਹਰੀ ਜਗਤ ਬਾਰੇ ਆਪਣੇ ਨਜ਼ਰੀਏ ਨੂੰ ਵੀ ਸ਼ਬਦਾਂ ਵਿਚ ਢਾਲਦੀ ਹੈ। ਇਸ ਨਜ਼ਮ ਵਿਚਲੇ ਤਿੰਨ ਨੁਕਤੇ ਅਹਿਮ ਹਨ। ਪਹਿਲਾ ਨੁਕਤਾ ਅੰਮ੍ਰਿਤਾ ਦਾ ਆਪਣੀ ਸਾਰੀ ਰਚਨਾ ਨੂੰ ਆਪਣੇ ਮਹਿਬੂਬ ਵੱਲ ਲਿਖਿਆ ਖ਼ਤ ਕਹਿਣਾ ਹੈ। ਦੂਜਾ ਨੁਕਤਾ ਹੈ ਕਿ ਉਹ ਆਪਣੇ ਮਹਿਬੂਬ ਦੇ ਕਿਸੇ ਸਥੂਲ ਰੂਪ ਨੂੰ ਨਹੀਂ ਚਿਤਵਦੀ। ਮਹਿਬੂਬ ਤਸੱਵਰ ਜਾਂ ਕਲਪਨਾ ਹੈ ਅਤੇ ਅੰਮ੍ਰਿਤਾ ਦੀ ਲਿਖਤ ਇਸ ਤਸੱਵਰ ਤੱਕ ਪਹੁੰਚਣ ਦਾ ਵਸੀਲਾ। ਤੀਜਾ ਨੁਕਤਾ ਹੈ ਕਿ ਤਸੱਵਰ, ਹਕੀਕਤ ਨਹੀਂ ਸਗੋਂ ਖ਼ਿਆਲ ਦੀ ਘਾੜਤ ਹੈ। ਤਸੱਵਰ ਨੂੰ ਚਿਤਵਿਆ ਤਾਂ ਜਾ ਸਕਦਾ ਹੈ, ਪਰ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਖ਼ਤ (ਅੰਮ੍ਰਿਤਾ ਦਾ ਰਚਨਾ ਸੰਸਾਰ) ਅਧੂਰਾ ਹੈ।

ਇਹ ਨਜ਼ਮ ਅੰਮ੍ਰਿਤਾ ਦੇ ਸਵੈ ਅਤੇ ਉਸਦੀ ਸਿਰਜਣਾ ਦੇ ਮਰਮ ਨੂੰ ਸਮਝਣ ਵਿਚ ਸਹਾਈ ਹੋ ਸਕਦੀ ਹੈ। ਇਸ ਨਜ਼ਮ ਵਿਚਲਾ ਅਹਿਮ ਸਵਾਲ ਹੈ ਕਿ ਅੰਮ੍ਰਿਤਾ ਆਪਣੀਆਂ ਲਿਖਤਾਂ ਵਿਚ ਆਪਣੇ ਹੋਣ-ਥੀਣ ਅਤੇ ਆਪਣੀ ਸਿਰਜਣਾ ਦੇ ਅਦਿ ਬਿੰਦੂ ਨੂੰ ਕਿਵੇਂ ਮੁਖ਼ਾਤਬ ਹੁੰਦੀ ਹੈ? ਇਸ ਸਵਾਲ ਨਾਲ ਸਿੱਝਣ ਲਈ ਅੰਮ੍ਰਿਤਾ ਦੀ ਇਸ ਨਜ਼ਮ ਵਿਚ ਦਰਜ ਤਿੰਨ ਨੁਕਤਿਆਂ ਨੂੰ ਉਸਦੀ ਰਚਨਾ ਵਿਚ ਕਈ ਥਾਂ ਵਰਤੇ ਤਿੰਨ ਪ੍ਰਤੀਕਾਂ- ਤਲਬ, ਮੁਹੱਬਤ ਤੇ ਮਾਰਫ਼ਤ ਨਾਲ ਜੋੜ ਕੇ ਦੇਖਣ ਦੀ ਲੋੜ ਹੈ। ਇਹ ਪ੍ਰਤੀਕ ਅੰਮ੍ਰਿਤਾ ਦੇ ਸਵੈ ਦੀ ਘਾੜਤ ਤੇ ਉਸਦੀ ਰਚਨਾ ਦੇ ਤਿੰਨ ਅਹਿਮ ਪੜਾਅ ਹਨ। ਇਹ ਮਜ਼ਮੂਨ ਇਹਨਾਂ ਤਿੰਨਾਂ ਨੁਕਤਿਆਂ ਨੂੰ ਕੇਂਦਰ ਵਿਚ ਰੱਖਦਿਆਂ ਅੰਮ੍ਰਿਤਾ ਦੇ ਸਵੈ ਤੇ ਉਸਦੀ ਸਿਰਜਣਾ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਹੈ। ਅੱਗੇ ਪੜ੍ਹੋ – ਅੰਮ੍ਰਿਤਾ ਦੀ ਤਲਬ – Part-2

*ਲੇਖਕ ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਹਨ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

1 thought on “ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਖ਼ਤ। Half Letter of Amrita | Part-1”

  1. ਵਧੀਆ ਲੇਖ। ਅਗਾਂਹ ਤੋਂ ਅਜਿਹੇ ਲਿੰਕ ਭੇਜਦੇ ਰਿਹਾ ਕਰੋ। ਸ਼ੁਕਰੀਆ।

    Reply

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: